ਜਦੋਂ ਕੋਈ ਵਿਅਕਤੀ ਲਗਾਤਾਰ ਸੰਕਟਾਂ ਵਿਚ ਘਿਰਿਆ ਰਹੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉਸ 'ਤੇ 'ਸਾੜ੍ਹਸਤੀ' ਦਾ ਪ੍ਰਕੋਪ ਹੈ ਜਾਂ 'ਸ਼ਨੀ ਮਹਾਰਾਜ' ਉਸ ਤੋਂ ਨਾਰਾਜ਼ ਹੋ ਗਏ ਹਨ। ਅੱਜਕਲ ਦੇਸ਼ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ,ਉਨ੍ਹਾਂ ਨੂੰ ਦੇਖਦਿਆਂ ਵੀ ਕਈ ਲੋਕ ਇਹੋ ਕਹਿ ਰਹੇ ਹਨ ਕਿ ਸ਼ਨੀ ਦੇਵ ਇਸ ਸਮੇਂ ਭਾਰਤ ਨੂੰ ਟੇਢੀ ਨਜ਼ਰ ਨਾਲ ਦੇਖ ਰਹੇ ਹਨ।
ਇਸ ਸਮੇਂ ਵੱਖ-ਵੱਖ ਘਟਨਾਵਾਂ ਦੇ ਪ੍ਰਭਾਵ ਕਾਰਨ ਲੋਕਾਂ ਦਾ ਜਿਊਣਾ ਦੁਭਰ ਹੋ ਰਿਹਾ ਹੈ—ਕਸ਼ਮੀਰ ਵਾਦੀ 'ਚ ਇਤਿਹਾਸਕ ਬੰਦ, ਗੁਆਂਢੀ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹਮਲਿਆਂ ਤੋਂ ਇਲਾਵਾ ਸਰਹੱਦ ਪਾਰੋਂ ਜਾਰੀ ਅੱਤਵਾਦ, ਨੋਟਬੰਦੀ ਕਾਰਨ ਆਰਥਿਕ ਉਥਲ-ਪੁਥਲ ਵਧਣ ਅਤੇ ਇਸੇ ਮੁੱਦੇ 'ਤੇ ਲੋਕ ਸਭਾ ਤੇ ਰਾਜ ਸਭਾ ਲਗਾਤਾਰ ਠੱਪ ਰਹਿਣ ਤੋਂ ਇਲਾਵਾ ਕਾਨਪੁਰ ਰੇਲ ਹਾਦਸੇ ਨਾਲ ਰੇਲ ਯਾਤਰਾ ਵਿਚ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
100 ਤੋਂ ਜ਼ਿਆਦਾ ਦਿਨਾਂ ਤੋਂ ਅਸ਼ਾਂਤ ਕਸ਼ਮੀਰ ਵਾਦੀ : 8 ਜੁਲਾਈ 2016 ਨੂੰ ਕਸ਼ਮੀਰ ਵਾਦੀ ਵਿਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਪਾਕਿ ਸਮਰਥਕ ਵੱਖਵਾਦੀਆਂ ਦੀ ਸ਼ਹਿ 'ਤੇ ਜਾਰੀ ਅੰਦੋਲਨ 'ਚ ਲਗਭਗ 100 ਵਿਅਕਤੀਆਂ ਦੀ ਮੌਤ ਹੋ ਗਈ ਤੇ 100 ਦਿਨ ਜਾਰੀ ਰਹਿਣ ਤੋਂ ਬਾਅਦ ਵੀ ਅੰਦੋਲਨ ਰੁਕਿਆ ਨਹੀਂ ਹੈ । ਅਜੇ ਵੀ ਉਥੇ ਜਨਜੀਵਨ ਠੱਪ ਹੈ ਤੇ 10 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਸੂਬੇ ਨੂੰ ਹੋ ਚੁੱਕਾ ਹੈ।
ਬੰਗਲਾਦੇਸ਼ ਵਿਚ ਹਿੰਦੂਆਂ ਦੇ ਮਕਾਨਾਂ ਅਤੇ ਧਾਰਮਿਕ ਸਥਾਨਾਂ 'ਤੇ ਹਮਲੇ : 30 ਅਕਤੂਬਰ 2016 ਨੂੰ ਬੰਗਲਾਦੇਸ਼ ਵਿਚ 10 ਹਜ਼ਾਰ ਤੋਂ ਜ਼ਿਆਦਾ ਕੱਟੜਪੰਥੀਆਂ ਨੇ ਹਿੰਦੂਆਂ ਦੇ ਮਕਾਨਾਂ ਨੂੰ ਸਾੜਨ ਤੋਂ ਇਲਾਵਾ 17 ਹਿੰਦੂ ਮੰਦਰਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਕਈ ਦੇਵਤਿਆਂ ਦੀਆਂ ਮੂਰਤੀਆਂ ਨੂੰ ਖੰਡਿਤ ਕਰ ਦਿੱਤਾ। ਬੰਗਲਾਦੇਸ਼ ਨੂੰ ਮਿੱਤਰ ਦੇਸ਼ ਮੰਨਿਆ ਜਾਂਦਾ ਹੈ, ਜਿਸ ਨੂੰ ਆਜ਼ਾਦ ਕਰਵਾਉਣ ਵਿਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ।
ਨੋਟਬੰਦੀ ਨਾਲ ਮਚੀ ਤਰਥੱਲੀ ਅਜੇ ਵੀ ਜਾਰੀ : 8 ਨਵੰਬਰ ਨੂੰ ਦੇਸ਼ ਵਿਚੋਂ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 500 ਤੇ 1000 ਰੁਪਏ ਵਾਲੇ ਨੋਟ ਰੱਦ ਕੀਤੇ ਜਾਣ ਤੋਂ 22 ਦਿਨਾਂ ਬਾਅਦ ਵੀ ਲੋਕਾਂ ਵਿਚ ਤਰਥੱਲੀ ਮਚੀ ਹੋਈ ਹੈ। ਹੁਣ ਤੱਕ 70 ਤੋਂ ਜ਼ਿਆਦਾ ਖਾਤਾਧਾਰਕਾਂ ਤੇ 11 ਦੇ ਲਗਭਗ ਬੈਂਕ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਪਹਿਲੀ ਦਸੰਬਰ ਨੂੰ ਤਨਖਾਹ ਵਾਲੇ ਦਿਨ ਲੋਕਾਂ ਨੂੰ ਤਨਖਾਹ ਦੇ ਲਾਲੇ ਪਏ ਰਹੇ। ਇੰਨਾ ਹੀ ਨਹੀਂ, ਜਾਅਲਸਾਜ਼ਾਂ ਨੇ 2000 ਰੁਪਏ ਵਾਲੇ ਨਕਲੀ ਨੋਟ ਬਾਜ਼ਾਰ ਵਿਚ ਪਹੁੰਚਾ ਵੀ ਦਿੱਤੇ ਹਨ।
ਲੋਕ ਸਭਾ ਤੇ ਰਾਜ ਸਭਾ 11ਵੇਂ ਦਿਨ ਵੀ ਠੱਪ : ਨੋਟਬੰਦੀ 'ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਗੰਭੀਰ ਟਕਰਾਅ ਕਾਰਨ 16 ਨਵੰਬਰ ਤੋਂ ਸ਼ੁਰੂ ਸੰਸਦ ਦਾ ਸਰਦ ਰੁੱਤ ਸੈਸ਼ਨ 11ਵੇਂ ਦਿਨ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ ਅਤੇ ਲੋਕ ਸਭਾ ਤੇ ਰਾਜ ਸਭਾ ਠੱਪ ਰਹੀਆਂ।
ਜੰਮੂ 'ਚ ਸਰਹੱਦ 'ਤੇ ਲਗਾਤਾਰ ਹਮਲੇ ਜਾਰੀ : ਇਕ ਪਾਸੇ ਨੋਟਬੰਦੀ ਨੇ ਦੇਸ਼ ਦੀ ਅਰਥਵਿਵਸਥਾ 'ਚ ਉਥਲ-ਪੁਥਲ ਮਚਾਈ ਹੋਈ ਹੈ ਤਾਂ ਦੂਜੇ ਪਾਸੇ ਜੰਮੂ ਖੇਤਰ 'ਚ ਸਰਹੱਦਾਂ 'ਤੇ ਪਾਕਿ ਫੌਜ ਅਤੇ ਉਸ ਦੇ ਪਾਲੇ ਅੱਤਵਾਦੀਆਂ ਦੇ ਹਮਲੇ ਲਗਾਤਾਰ ਜਾਰੀ ਹਨ :
11 ਸਤੰਬਰ ਨੂੰ ਪੁੰਛ 'ਚ ਫੌਜ ਤੇ ਪੁਲਸ ਦੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਇਕ ਨਾਗਰਿਕ ਤੇ 5 ਜਵਾਨਾਂ ਦੀ ਮੌਤ ਹੋ ਗਈ, 18 ਸਤੰਬਰ ਨੂੰ ਉੜੀ ਵਿਚ ਫੌਜੀ ਹੈੱਡਕੁਆਰਟਰ 'ਤੇ ਹਮਲੇ ਵਿਚ 20 ਜਵਾਨ ਸ਼ਹੀਦ ਹੋਏ ਅਤੇ 29 ਨਵੰਬਰ ਨੂੰ ਜੰਮੂ ਖੇਤਰ ਵਿਚ ਪੈਂਦੇ ਨਗਰੋਟਾ ਅਤੇ ਰਾਮਗੜ੍ਹ ਵਿਚ ਫੌਜੀ ਟਿਕਾਣਿਆਂ 'ਤੇ ਹੋਏ ਅੱਤਵਾਦੀ ਹਮਲਿਆਂ ਅਤੇ ਪਾਕਿ ਫੌਜ ਵਲੋਂ 'ਕਵਰ ਫਾਇਰ' ਨਾਲ ਮੇਜਰ ਗੋਸਾਵੀ ਕੁਣਾਲ ਅਤੇ ਮੇਜਰ ਅਕਸ਼ੈ ਗਿਰੀਸ਼ ਕੁਮਾਰ ਸਮੇਤ 7 ਜਵਾਨ ਸ਼ਹੀਦ ਹੋ ਗਏ।
ਉਲਫਾ ਦੇ ਹਮਲੇ ਵਿਚ 3 ਜਵਾਨ ਸ਼ਹੀਦ : 19 ਨਵੰਬਰ ਨੂੰ ਪੂਰਬੀ ਆਸਾਮ ਵਿਚ ਫੌਜ ਦੇ ਕਾਫਿਲੇ 'ਤੇ ਪਾਬੰਦੀਸ਼ੁਦਾ ਸੰਗਠਨ ਉਲਫਾ ਅਤੇ ਐੱਮ. ਐੱਸ. ਐੱਸ. ਐੱਲ. ਖਾਪਲਾਂਗ ਦੇ ਹਮਲੇ ਵਿਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ।
ਭਿਆਨਕ ਰੇਲ ਹਾਦਸੇ ਵਿਚ ਮੌਤਾਂ : 20 ਨਵੰਬਰ ਨੂੰ ਕਾਨਪੁਰ ਨੇੜੇ ਭਾਰਤ ਦੇ ਹੁਣ ਤੱਕ ਦੇ ਤੀਜੇ ਸਭ ਤੋਂ ਵੱਡੇ ਰੇਲ ਹਾਦਸੇ ਵਿਚ 146 ਮੁਸਾਫਿਰਾਂ ਦੀ ਮੌਤ ਹੋ ਗਈ ਅਤੇ 400 ਦੇ ਲਗਭਗ ਮੁਸਾਫਿਰ ਜ਼ਖਮੀ ਹੋ ਗਏ।
ਹਾਈ ਸਕਿਓਰਿਟੀ ਨਾਭਾ ਜੇਲ 'ਚੋਂ 6 ਗੈਂਗਸਟਰ ਫਰਾਰ : 27 ਨਵੰਬਰ ਨੂੰ ਉੱਚ ਸੁਰੱਖਿਆ ਵਾਲੀ ਮੰਨੀ ਜਾਂਦੀ ਨਾਭਾ ਜੇਲ 'ਚੋਂ ਕੇ. ਐੱਲ. ਐੱਫ. ਦਾ ਚੀਫ ਹਰਮਿੰਦਰ ਸਿੰਘ ਮਿੰਟੂ, ਮੈਂਬਰ ਕਸ਼ਮੀਰ ਸਿੰਘ ਅਤੇ ਉਨ੍ਹਾਂ ਦੇ 4 ਗੈਂਗਸਟਰ ਸਾਥੀ ਭੱਜ ਨਿਕਲੇ।
ਸੋਨੇ 'ਤੇ ਪਾਬੰਦੀ : ਨੋਟਬੰਦੀ ਤੋਂ ਬਾਅਦ ਹੁਣ ਇਕ ਦਸੰਬਰ ਨੂੰ ਕੇਂਦਰ ਸਰਕਾਰ ਨੇ ਵਿਆਹੁਤਾ ਔਰਤਾਂ ਕੋਲ 500 ਗ੍ਰਾਮ, ਅਣਵਿਆਹੀਆਂ ਕੁੜੀਆਂ ਕੋਲ 250 ਗ੍ਰਾਮ ਅਤੇ ਮਰਦਾਂ ਕੋਲ 100 ਗ੍ਰਾਮ ਤੋਂ ਜ਼ਿਆਦਾ ਸੋਨਾ ਮਿਲਣ 'ਤੇ ਸਰਕਾਰ ਨੇ ਆਪਣੇ ਨਿਯਮਾਂ ਮੁਤਾਬਕ ਟੈਕਸ ਵਸੂਲਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਔਰਤਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ।
ਧੁੰਦ ਦਾ ਕਹਿਰ : ਦੇਸ਼ ਦੇ ਕਈ ਹਿੱਸਿਆਂ ਵਿਚ ਧੁੰਦ ਦਾ ਕਹਿਰ ਜਾਰੀ ਹੈ। ਪਹਿਲੀ ਦਸੰਬਰ ਨੂੰ ਯਮੁਨਾ ਐਕਸਪ੍ਰੈੱਸ ਵੇਅ 'ਤੇ ਦਰਜਨਾਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ, ਜਿਸ ਦੇ ਸਿੱਟੇ ਵਜੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਦਰਜਨ ਦੇ ਲਗਭਗ ਲੋਕ ਜ਼ਖ਼ਮੀ ਹੋ ਗਏ।
ਸੰਖੇਪ 'ਚ ਦੇਸ਼ ਇਸ ਸਮੇਂ ਕੁਝ ਅਜਿਹੇ ਹਾਲਾਤ ਨਾਲ ਜੂਝ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਨਾਰਾਜ਼ਗੀ, ਅਸੁਰੱਖਿਅਤ ਅਤੇ ਵੱਖ-ਵੱਖ ਥੁੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਸ਼ਨੀ ਦੇਵ ਨਾਰਾਜ਼ ਹਨ ਜਾਂ ਨਹੀਂ, ਇਹ ਵੱਖਰੀ ਗੱਲ ਹੈ, ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ ਆਪਣੀ ਵਿਵਸਥਾ ਚੁਸਤ-ਦਰੁਸਤ ਕਰਨ ਅਤੇ ਹਰੇਕ ਸਮੱਸਿਆ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਦੀ ਲੋੜ ਹੈ, ਚਾਹੇ ਉਹ ਘਰੇਲੂ ਹੋਵੇ ਜਾਂ ਬਾਹਰਲੀ।
—ਵਿਜੇ ਕੁਮਾਰ
ਦਿੱਲੀ ਹਾਈਕੋਰਟ ਦਾ ਸ਼ਲਾਘਾਯੋਗ ਫੈਸਲਾ 'ਬਾਪ ਦਾ ਘਰ ਤੁਹਾਡਾ ਨਹੀਂ'
NEXT STORY