ਸਾਡੇ ਧਰਮ-ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਬ੍ਰਹਮਾ ਦਾ ਕੰਮ ਸ੍ਰਿਸ਼ਟੀ ਦੀ ਰਚਨਾ ਕਰਨਾ ਹੈ, ਉਸੇ ਤਰ੍ਹਾਂ ਹੀ ਗੁਰੂ ਦਾ ਕੰਮ ਵੀ ਚੇਲੇ ਦਾ ਨਿਰਮਾਣ ਕਰਨਾ, ਗਿਆਨ ਰੂਪੀ ਦਾਨ ਦੇ ਕੇ ਚੇਲੇ ਦਾ ਪਾਲਣ-ਪੋਸ਼ਣ ਕਰਨਾ, ਉਸ ਦਾ ਚਰਿੱਤਰ ਨਿਰਮਾਣ ਕਰਨਾ ਤੇ ਚੇਲੇ ਦੀਆਂ ਬੁਰਾਈਆਂ ਨੂੰ ਖਤਮ ਕਰਨਾ ਹੈ ਪਰ ਸਾਡੇ ਅੱਜ ਦੇ ਚੰਦ ਅਧਿਆਪਕ-ਅਧਿਆਪਕਾਵਾਂ ਤਾਂ ਖੁਦ ਹੀ ਆਦਰਸ਼ਾਂ ਤੋਂ ਭਟਕ ਗਏ ਹਨ, ਜੋ ਹਾਲ ਹੀ ਦੀਆਂ ਹੇਠਾਂ ਲਿਖੀਆਂ ਚੰਦ ਘਟਨਾਵਾਂ ਤੋਂ ਸਪੱਸ਼ਟ ਹੈ :
* 3 ਮਈ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਮੁਹੱਲਾ ਰਾਮਗੜ੍ਹੀਆ, ਹਰਿਆਣਾ ਦੀ ਚੌਥੀ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਉਸ ਦੇ ਅਧਿਆਪਕ ਨੇ ਬੁਰੀ ਤਰ੍ਹਾਂ ਕੁੱਟਿਆ।
* 4 ਮਈ ਨੂੰ ਸਰਕਾਰੀ ਹਾਈ ਸਕੂਲ ਪਿੰਡ ਜਰਟੌਲੀ (ਲੁਧਿਆਣਾ) ਦੇ 58 ਸਾਲਾ ਅਧਿਆਪਕ ਬੰਤ ਸਿੰਘ ਵਿਰੁੱਧ ਇਕ 10 ਸਾਲਾ ਵਿਦਿਆਰਥਣ ਨਾਲ ਅਭੱਦਰ ਵਤੀਰਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਉਕਤ ਕੁੜੀ ਨੇ ਇਨਫੈਕਸ਼ਨ ਕਾਰਨ ਆਪਣੇ ਗੁਪਤ ਅੰਗ 'ਚ ਦਰਦ ਦੀ ਸ਼ਿਕਾਇਤ ਕੀਤੀ। ਇਹ ਅਧਿਆਪਕ ਕੁੜੀਆਂ ਦੇ ਪਖਾਨੇ 'ਚ ਜਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ।
* 6 ਮਈ ਨੂੰ ਸੰਗਰੂਰ ਜ਼ਿਲੇ ਦੇ ਪਿੰਡ ਮਾਨਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਇਕ ਅਧਿਆਪਕਾ ਨੇ ਪੰਜ ਸਾਲਾ ਬੱਚੇ ਹਰਨੂਰ ਸਿੰਘ ਨੂੰ ਡੰਡੇ ਨਾਲ ਬੇਰਹਿਮੀ ਨਾਲ ਕੁੱਟਿਆ, ਜਿਸ ਨਾਲ ਉਸ ਦੇ ਸਰੀਰ 'ਤੇ ਜ਼ਖ਼ਮ ਹੋ ਗਏ।
* 6 ਮਈ ਨੂੰ ਹੀ ਗਾਜ਼ੀਆਬਾਦ ਦੇ ਮੁਰਾਦ ਨਗਰ ਦੀ ਪਠਾਨਾਂ ਕਾਲੋਨੀ 'ਚ ਸਥਿਤ ਇਕ ਸਕੂਲ 'ਚ ਮਾਸਿਕ ਇਮਤਿਹਾਨ 'ਚ ਘੱਟ ਨੰਬਰ ਆਉਣ 'ਤੇ ਅਧਿਆਪਕਾ ਨੇ ਅਰਮਾਨ ਖਾਨ ਨਾਮੀ ਵਿਦਿਆਰਥੀ ਨੂੰ ਕੁੱਟਿਆ ਤੇ ਇਕ ਸੋਟੀ ਉਸ ਦੇ ਮੂੰਹ 'ਤੇ ਵੀ ਮਾਰ ਦਿੱਤੀ, ਜੋ ਉਸ ਦੀ ਅੱਖ ਦੇ ਹੇਠਾਂ ਲੱਗੀ ਪਰ ਖੁਸ਼ਕਿਸਮਤੀ ਨਾਲ ਉਹ ਅੰਨ੍ਹਾ ਹੋਣ ਤੋਂ ਬਚ ਗਿਆ।
* 11 ਮਈ ਨੂੰ ਕੇਂਦਰੀ ਵਿਸ਼ਵ ਵਿਦਿਆਲਿਆ ਸ਼ਾਹਪੁਰ (ਹਿਮਾਚਲ) 'ਚ ਮੁੰਡਿਆਂ ਦੇ ਹੋਸਟਲ 'ਚ ਵਾਰਡਨ ਨੂੰ ਆਈ. ਟੀ. ਦੇ ਦੋ ਵਿਦਿਆਰਥੀਆਂ ਦੇ ਯੌਨ ਸ਼ੋਸ਼ਣ ਦੇ ਦੋਸ਼ ਹੇਠ ਅਹੁਦੇ ਤੋਂ ਹਟਾ ਕੇ ਉਸ ਵਿਰੁੱਧ ਜਾਂਚ ਦਾ ਹੁਕਮ ਦਿੱਤਾ ਗਿਆ।
* 12 ਮਈ ਨੂੰ ਹਰਿਆਣਾ 'ਚ ਜੀਂਦ ਦੇ ਲਿਸਵਾਨਾ 'ਚ ਸਥਿਤ ਸਰਕਾਰੀ ਸਕੂਲ ਦੀਆਂ 7ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਇਕ ਅਧਿਆਪਕਾ ਨੇ ਹੋਮਵਰਕ ਨਾ ਕਰਕੇ ਆਉਣ 'ਤੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਨ੍ਹਾਂ ਤੋਂ 1000 ਬੈਠਕਾਂ ਕਢਵਾਈਆਂ, ਜਿਸ ਕਾਰਨ ਉਹ ਬੇਹੋਸ਼ ਹੋ ਗਈਆਂ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ।
* 12 ਮਈ ਨੂੰ ਹੀ ਹਰਿਆਣਾ 'ਚ ਸੁਭਾਸ਼ ਕਾਲੋਨੀ, ਅੰਬਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਸੋਸ਼ਲ ਸਾਇੰਸ ਦੇ ਅਧਿਆਪਕ ਰਜਿੰਦਰ ਕੁਮਾਰ ਨੂੰ ਸਕੂਲ 'ਚ ਛੁੱਟੀ ਹੋ ਜਾਣ ਤੋਂ ਬਾਅਦ ਕੋਚਿੰਗ ਦੇ ਨਾਂ 'ਤੇ 6ਵੀਂ ਤੋਂ 8ਵੀਂ ਜਮਾਤ ਤਕ ਦੀਆਂ ਨਾਬਾਲਗ ਵਿਦਿਆਰਥਣਾਂ ਨੂੰ ਰੋਕ ਕੇ ਉਨ੍ਹਾਂ ਦੇ ਯੌਨ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 14 ਮਈ ਨੂੰ ਯੂ. ਪੀ. 'ਚ ਗਾਜ਼ੀਪੁਰ ਦੇ ਟਿਸੌਰਾ ਪਿੰਡ 'ਚ ਸਥਿਤ ਸੈਕੰਡਰੀ ਸਕੂਲ ਤੋਂ ਟਰਾਂਸਫਰ ਸਰਟੀਫਿਕੇਟ ਲੈਣ ਪਹੁੰਚੇ 8ਵੀਂ ਜਮਾਤ ਦੇ ਵਿਦਿਆਰਥੀ ਅਨੁਰਾਗ ਤੋਂ ਮੁੱਖ ਅਧਿਆਪਕ ਨੇ ਕਥਿਤ ਤੌਰ 'ਤੇ 500 ਰੁਪਏ ਮੰਗੇ ਅਤੇ ਨਾ ਦੇਣ 'ਤੇ ਸਕੂਲ ਦਾ ਬੈਂਚ ਤੋੜਨ ਦਾ ਦੋਸ਼ ਲਾਉਂਦਿਆਂ ਉਸ ਨੂੰ ਕੁੱਟ ਦਿੱਤਾ।
* 18 ਮਈ ਨੂੰ ਗੁਰੂਹਰਸਹਾਏ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਭੱਟੀ ਤੇ 4 ਹੋਰ ਧਰਮਪਾਲ ਸਿੰਘ ਐੱਸ. ਐੱਸ. ਮਾਸਟਰ, ਹਰਪਾਲ ਕੌਰ ਪੰਜਾਬੀ ਮਿਸਟ੍ਰੈੱਸ, ਨਿਸ਼ਾ ਬਾਲਾ ਕਲਰਕ ਅਤੇ ਕੁਲਦੀਪ ਸਿੰਘ ਚੌਕੀਦਾਰ ਨੂੰ ਸਕੂਲ 'ਚ ਹੀ 'ਗਲਤ ਹਰਕਤਾਂ' ਕਰਨ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ।
* 20 ਮਈ ਨੂੰ ਹਰਿਆਣਾ ਦੇ ਮੇਵਾਤ 'ਚ ਪੈਂਦੇ ਆਕੇੜਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਮਾਮੂਲੀ ਗੱਲ 'ਤੇ ਇਕ ਅਧਿਆਪਕ ਨੇ ਇਕ ਵਿਦਿਆਰਥੀ ਨੂੰ ਕਮਰੇ 'ਚ ਬੰਦ ਕਰਕੇ ਜਾਨਵਰਾਂ ਵਾਂਗ ਬੇਰਹਿਮੀ ਨਾਲ ਕੁੱਟਿਆ, ਜਿਸ ਨਾਲ ਉਹ ਬੇਹੋਸ਼ ਹੋ ਗਿਆ।
* 21 ਮਈ ਨੂੰ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਦਿਆਰਥੀਆਂ ਨੂੰ ਠੀਕ ਤਰ੍ਹਾਂ ਨਾ ਪੜ੍ਹਾਉਣ, ਗਾਲ੍ਹਾਂ ਕੱਢਣ ਤੇ ਕੁੱਟਣ ਦੇ ਦੋਸ਼ ਹੇਠ ਲਾਜਪਤ ਨਗਰ ਦਿੱਲੀ ਦੇ ਸ਼ਹੀਦ ਹੇਮੂ ਕਾਲਾਣੀ ਸਰਵੋਦਿਆ ਸਕੂਲ ਦੇ ਤਿੰਨ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਅਤੇ ਤਿੰਨ ਹੋਰਨਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ।
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਅਧਿਆਪਨ ਕਿੱਤੇ ਨਾਲ ਜੁੜੇ ਚੰਦ ਲੋਕ ਆਦਰਸ਼ਾਂ ਤੋਂ ਕਿਸ ਤਰ੍ਹਾਂ ਭਟਕ ਗਏ ਹਨ। ਪਹਿਲਾਂ ਵੀ ਅਧਿਆਪਕ ਸਜ਼ਾ ਦਿੰਦੇ ਸਨ ਪਰ ਉਹ ਅੱਜ ਵਾਂਗ ਅਣਮਨੁੱਖੀ ਅਤੇ ਅਨੈਤਿਕ ਨਾ ਹੋ ਕੇ ਕੰਨ ਪੁੱਟਣ, ਮੁਰਗਾ ਬਣਾਉਣ, ਹਲਕੀ ਜਿਹੀ ਚਪੇੜ ਮਾਰਨ ਜਾਂ ਬੈਂਚ 'ਤੇ ਕੁਝ ਦੇਰ ਖੜ੍ਹੇ ਕਰਨ ਤਕ ਹੀ ਸੀਮਤ ਸਨ, ਜਦਕਿ ਅੱਜ ਅਧਿਆਪਕ ਅਣਮਨੁੱਖਤਾ ਦੀਆਂ ਸਾਰੀਆਂ ਹੱਦਾਂ ਟੱਪ ਰਹੇ ਹਨ।
ਅਧਿਆਪਕ ਵਰਗ ਆਪਣੇ ਬੱਚਿਆਂ ਨੂੰ ਦੂਜਿਆਂ ਦੇ ਬੱਚਿਆਂ ਦੀ ਥਾਂ ਰੱਖ ਕੇ ਦੇਖੇ ਅਤੇ ਖੁਦ ਨੂੰ ਪੁੱਛੇ ਕਿ ਜੇ ਕੋਈ ਹੋਰ ਅਧਿਆਪਕ-ਅਧਿਆਪਕਾ ਉਨ੍ਹਾਂ ਦੇ ਬੱਚਿਆਂ ਨਾਲ ਅਜਿਹਾ ਵਤੀਰਾ ਕਰੇ ਤਾਂ ਉਨ੍ਹਾਂ ਨੂੰ ਕਿਹੋ ਜਿਹਾ ਲੱਗੇਗਾ।
ਇਸ ਲਈ ਅੱਜ ਲੋੜ ਹੈ ਕਿ ਅਧਿਆਪਕ ਵਰਗ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਉਸੇ ਤਰ੍ਹਾਂ ਨਿਭਾਏ, ਜਿਸ ਤਰ੍ਹਾਂ ਪਹਿਲਾਂ ਨਿਭਾਉਂਦਾ ਰਿਹਾ ਹੈ, ਤਾਂ ਹੀ ਅਧਿਆਪਕ ਪਹਿਲਾਂ ਵਾਂਗ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸਨਮਾਨ ਦੇ ਪਾਤਰ ਬਣ ਸਕਣਗੇ।
—ਵਿਜੇ ਕੁਮਾਰ
ਨਾਬਾਲਗ ਕਰੇਗਾ ਵਾਹਨ ਹਾਦਸਾ ਤਾਂ ਫਸਣਗੇ ਉਸ ਦੇ ਪਿਤਾ ਵੀ
NEXT STORY