ਤਿੰਨ ਦਹਾਕਿਆਂ ਤੋਂ ਅੱਤਵਾਦ ਗ੍ਰਸਤ ਕਸ਼ਮੀਰ ਵਿਚ 5 ਅਗਸਤ, 2019 ਨੂੰ ਬਦਲਾਅ ਦੀ ਸ਼ੁਰੂਆਤ ਹੋਈ ਜਦੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀਆਂ ਧਾਰਾਵਾਂ 370 ਅਤੇ 35-ਏ ਰੱਦ ਕਰ ਕੇ ਉਥੇ ਅੱਤਵਾਦ ਦੇ ਸਫਾਏ ਦੇ ਲਈ ਸੁਰੱਖਿਆ ਬਲਾਂ ਦੀ ਮੁਹਿੰਮ ਤੇਜ਼ ਕਰਨ ਦੇ ਕਦਮ ਚੁੱਕੇ ਗਏ।
ਇਨ੍ਹਾਂ ਨਾਲ ਘਾਟੀ ’ਚ ਅੱਤਵਾਦੀਆਂ ਵਲੋਂ ਕੀਤੀਆਂ ਜਾਣ ਵਾਲੀਆਂ ਭਾਰਤ ਵਿਰੋਧੀ ਸਰਗਰਮੀਆਂ ’ਚ ਕਮੀ ਆਈ ਅਤੇ ਸੁਰੱਖਿਆ ਬਲਾਂ ਨੇ ਇਸ ਸਾਲ 1 ਜਨਵਰੀ ਤੋਂ ਸਤੰਬਰ ਅੰਤ ਤਕ ਲਗਭਗ 182 ਅੱਤਵਾਦੀ ਮਾਰ-ਮੁਕਾਏ।
ਸ਼੍ਰੀਨਗਰ ਦਾ ਲਾਲ ਚੌਕ, ਜਿਥੇ ਅੱਤਵਾਦੀਆਂ ਦੇ ਡਰ ਤੋਂ ਰਾਸ਼ਟਰੀ ਝੰਡਾ ਲਹਿਰਾਉਣ ਦੇ ਬਾਰੇ ’ਚ ਕੋਈ ਸੋਚ ਵੀ ਨਹੀਂ ਸਕਦਾ ਸੀ, ਇਸ ਸਾਲ 15 ਅਗਸਤ ਨੂੰ ਘਾਟੀ ਦੇ ਸਾਰੇ ਹਿੱਸਿਆਂ ’ਚ ਲੋਕਾਂ ਨੇ ਤਿਰੰਗੇ ਲਹਿਰਾਏ।
ਪ੍ਰਸ਼ਾਸਨ ’ਚ ਦਾਖਲ ਹੋਏ ਗਲਤ ਤੱਤਾਂ ਦਾ ਸਫਾਇਆ ਕਰਨ ਦੇ ਲਈ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ 2 ਦਰਜਨ ਤੋਂ ਵੱਧ ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ ਅਤੇ ਸਖਤੀ ਸ਼ੁਰੂ ਹੁੰਦੇ ਹੀ ਪੱਥਰਬਾਜ਼ ਵੀ ਗਾਇਬ ਹੋ ਗਏ।
ਇਹੀ ਨਹੀਂ, ਤਿੰਨ ਦਹਾਕੇ ਪਹਿਲਾਂ ਅੱਤਵਾਦੀਆਂ ਦੀਆਂ ਧਮਕੀਆਂ ਦੇ ਕਾਰਨ ਆਪਣੀ ਜ਼ੱਦੀ ਜ਼ਮੀਨ ਅਤੇ ਘਰ-ਬਾਰ ਛੱਡ ਕੇ ਦੇਸ਼ ਦੇ ਦੂਸਰੇ ਹਿੱਸਿਆਂ ’ਚ ਚਲੇ ਗਏ ਕਸ਼ਮੀਰੀ ਹਿਜਰਤਕਾਰੀਆਂ (ਪੰਡਿਤਾਂ) ਨੂੰ ਵਾਪਸ ਲਿਆ ਕੇ ਉਨ੍ਹਾਂ ਦੀ ਕਬਜ਼ਾ ਕੀਤੀ ਜਾਇਦਾਦ ਵਾਪਸ ਦਿਵਾਉਣ ਦੀ ਦਿਸ਼ਾ ’ਚ ਵੀ ਕੁਝ ਪਹਿਲ ਹੋਈ।
ਸਥਿਤੀ ਆਮ ਹੁੰਦੀ ਦੇਖ ਠੱਪ ਪਿਆ ਸੈਰ-ਸਪਾਟਾ ਉਦਯੋਗ ਵੀ ਜ਼ਿੰਦਾ ਹੋਣ ਲੱਗਾ ਅਤੇ ਘਾਟੀ ’ਚ ਸੈਲਾਨੀਆਂ ਦੀ ਆਮਦ ਇਕ ਵਾਰ ਫਿਰ ਸ਼ੁਰੂ ਹੋਣ ਲੱਗੀ ਸੀ ਪਰ ਅੱਤਵਾਦੀਆਂ ਨੂੰ ਕਸ਼ਮੀਰ ਘਾਟੀ ’ਚ ਹਾਲਾਤ ਦੇ ਆਮ ਵਰਗਾ ਹੋਣਾ ਰਾਸ ਨਾ ਆਉਣ ਦੇ ਕਾਰਨ ਉਨ੍ਹਾਂ ਨੇ ਫਿਰ ਹਿੰਸਕ ਘਟਨਾਵਾਂ ਵਧਾ ਦਿੱਤੀਆਂ ਅਤੇ ਖਾਸ ਕਰਕੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 28 ਫਰਵਰੀ ਨੂੰ ਸ਼੍ਰੀਨਗਰ ’ਚ ਕ੍ਰਿਸ਼ਨਾ ਢਾਬਾ ਦੇ ਮਾਲਕ ਦੇ ਬੇਟੇ ਆਕਾਸ਼ ਮੇਹਰਾ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ।
* 2 ਜੂਨ ਨੂੰ ਤਰਾਲ ’ਚ ਭਾਜਪਾ ਨੇਤਾ ਰਾਕੇਸ਼ ਪੰਡਿਤਾ ਦੀ ਹੱਤਿਆ ਕੀਤੀ ਗਈ।
* 17 ਸਤੰਬਰ ਨੂੰ ਕੁਲਗਾਮ ਇਲਾਕੇ ’ਚ ਅੱਤਵਾਦੀਆਂ ਨੇ ਬੰਟੂ ਸ਼ਰਮਾ ਨਾਮਕ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ।
* 18 ਸਤੰਬਰ ਨੂੰ ਕੁਲਗਾਮ ਦੇ ਨੇਹਾਮਾ ਇਲਾਕੇ ’ਚ ਅੱਤਵਾਦੀਆਂ ਨੇ ਬਿਹਾਰ ਦੇ ਰਹਿਣ ਵਾਲੇ ਸ਼ੰਕਰ ਕੁਮਾਰ ਚੌਧਰੀ ਨੂੰ ਮਾਰ ਦਿੱਤਾ।
* 2 ਅਕਤੂਬਰ ਨੂੰ ਅੱਤਵਾਦੀਆਂ ਨੇ ਅਨੰਤਨਾਗ ਸਥਿਤ ਕਸ਼ਮੀਰੀ ਪੰਡਿਤਾਂ ਦੀ ਆਸਥਾ ਦੇ ਕੇਂਦਰ ‘ਬਰਘਸ਼ੇਖਾ ਭਵਾਨੀ ਮੰਦਿਰ’ ’ਚ ਭਾਰੀ ਭੰਨ-ਤੋੜ ਕੀਤੀ।
* 5 ਅਕਤੂਬਰ ਨੂੰ ਅੱਤਵਾਦੀਆਂ ਨੇ ਸਿਰਫ 1 ਘੰਟੇ ਦੇ ਅੰਦਰ ਪਹਿਲਾਂ ਸ਼੍ਰੀਨਗਰ ’ਚ ਪ੍ਰਮੁੱਖ ਕਸ਼ਮੀਰੀ ਪੰਡਿਤ ਅਤੇ ਇਕ ਪ੍ਰਸਿੱਧ ਮੈਡੀਕਲ ਸਟੋਰ ਦੇ ਮਾਲਕ ਮਾਖਨ ਲਾਲ ਬਿੰਦਰੂ ਅਤੇ ਫਿਰ ਲਾਲ ਬਾਜ਼ਾਰ ਇਲਾਕੇ ’ਚ ਰੇਹੜੀ ਲਗਾਉਣ ਵਾਲੇ ਬਿਹਾਰ ਦੇ ਵੀਰੇਂਦਰ ਪਾਸਵਾਨ ਦੀ ਹੱਤਿਆ ਕਰ ਦਿੱਤੀ।
* ਅਤੇ ਹੁਣ 7 ਅਕਤੂਬਰ ਨੂੰ ਸ਼੍ਰੀਨਗਰ ’ਚ ਅੱਤਵਾਦੀਆਂ ਨੇ ਲੜਕਿਆਂ ਦੇ ਇਕ ਹਾਇਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਕਸ਼ਮੀਰੀ ਪੰਡਿਤ ਅਧਿਆਪਕ ਦੀਪਕ ਚੰਦ ਦੀ ਹੱਤਿਆ ਕਰ ਦਿੱਤੀ।
ਅੱਤਵਾਦੀਆਂ ਨੇ ਪਹਿਲਾਂ ਸਾਰੇ ਲੋਕਾਂ ਨੂੰ ਬਾਹਰ ਬੁਲਾਇਆ ਅਤੇ ਉਨ੍ਹਾਂ ਦੇ ਨਾਂ ਪੁੱਛ ਕੇ ਇਕ ਵਿਸ਼ੇਸ਼ ਵਰਗ ਦੇ ਲੋਕਾਂ ਨੂੰ ਵੱਖਰਾ ਕਰਨ ਤੋਂ ਬਾਅਦ ਉਕਤ ਦੋਵਾਂ ਅਧਿਆਪਕਾਂ ਨੂੰ ਗੋਲੀ ਮਾਰੀ।
ਇਹ ਘਟਨਾਵਾਂ ਅਜਿਹੇ ਸਮੇਂ ’ਚ ਹੋਈਆਂ ਹਨ ਜਦੋਂ ਹਾਲ ਹੀ ’ਚ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਅਤੇ ਕਈ ਕੇਂਦਰੀ ਨੇਤਾਵਾਂ ਨੇ ਘਾਟੀ ਦਾ ਦੌਰਾ ਕੀਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸੇ ਮਹੀਨੇ ਕਸ਼ਮੀਰ ਜਾਣ ਵਾਲੇ ਹਨ।
ਲੱਗਦਾ ਹੈ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਅੱਤਵਾਦੀ ਘਟਨਾਵਾਂ ’ਚ ਢਿੱਲ ਆ ਜਾਣ ਦੇ ਕਾਰਨ ਸਾਡੇ ਸੁਰੱਖਿਆ ਬਲਾਂ ਦੀ ਚੌਕਸੀ ’ਚ ਵੀ ਕੁਝ ਢਿੱਲ ਆਈ ਹੋਵੇ। ਸੂਬੇ ’ਚ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੇ ਮੌਜੂਦ ਹੋਣ ਦੇ ਬਾਵਜੂਦ ਘੱਟਗਿਣਤੀਆਂ ਅਤੇ ਹੋਰਨਾਂ ਲੋਕਾਂ ’ਤੇ ਹਮਲੇ ਸਾਡੀ ਖੁਫੀਆ ਪ੍ਰਣਾਲੀ ’ਚ ਕੁਝ ਢਿੱਲ ਦਾ ਸੰਕੇਤ ਵੀ ਦਿੰਦੇ ਹਨ।
ਜੰਮੂ-ਕਸ਼ਮੀਰ ਦੇ ਪੁਲਸ ਮਹਾਨਿਰਦੇਸ਼ਕ ਦਿਲਬਾਗ ਸਿੰਘ ਨੇ ਉਕਤ ਘਟਨਾਵਾਂ ’ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ‘‘ਇਹ ਕਾਰਾ ਕਸ਼ਮੀਰ ਘਾਟੀ ’ਚ ਫਿਰਕੂ ਸਦਭਾਵਨਾ ਅਤੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਦਾ ਇਕ ਯਤਨ ਹੈ। ਇਹ ਸ਼ਾਂਤੀ ਦੀ ਦਿਸ਼ਾ ’ਚ ਵਧ ਰਹੇ ਕਦਮਾਂ ਨੂੰ ਰੋਕਣ ਦਾ ਯਤਨ ਅਤੇ ਕਸ਼ਮੀਰੀ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।’’
ਅੱਤਵਾਦੀਆਂ ਨੇ ਇਨ੍ਹਾਂ ਘਟਨਾਵਾਂ ਤੋਂ ਸਿੱਧ ਕਰ ਦਿੱਤਾ ਹੈ ਕਿ ਅਜੇ ਉਹ ਖਤਮ ਨਹੀਂ ਹੋਏ ਹਨ ਅਤੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ’ਚ ਡਰ ਪੈਦਾ ਕਰਨ ਦੇ ਲਈ ਉਨ੍ਹਾਂ ਦੀਆਂ ਹੱਤਿਆਵਾਂ ਕਰ ਕੇ ਉਨ੍ਹਾਂ ਦੀ ਹਿਜਰਤ ਨੂੰ ਵਧਾਉਣ ਦੀ ਸਾਜ਼ਿਸ਼ ਰਚ ਰਹੇ ਹਨ।
ਇਸ ਦਰਮਿਆਨ ਦੋ ਅਧਿਆਪਕਾਂ ਦੀ ਹੱਤਿਆ ਦੇ ਬਾਅਦ ਸ਼੍ਰੀਨਗਰ ਦੇ ਘੱਟਗਿਣਤੀ ਲੋਕਾਂ ਦੇ ਇਲਾਕੇ ’ਚ 45 ਸਾਲ ’ਚ ਪਹਿਲੀ ਵਾਰ ਦਿਨ-ਰਾਤ ਚੌਕਸੀ ਦੇ ਲਈ ਵੱਡੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਘੱਟਗਿਣਤੀਆਂ ’ਤੇ ਹਮਲਿਆਂ ਨੂੰ ਦੇਖਦੇ ਹੋਏ ਘਾਟੀ ਤੋਂ ਇਕ ਵਾਰ ਫਿਰ ਘੱਟਗਿਣਤੀਆਂ ਦੀ ਹਿਜਰਤ ਦਾ ਖਤਰਾ ਪੈਦਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਨੈਕਾਂ ਨੇਤਾ ਉਮਰ ਅਬਦੁੱਲਾ ਨੇ ਵੀ ਸਵ. ਮਾਖਨ ਲਾਲ ਬਿੰਦਰੂ ਦੇ ਬੇਟੇ ਸਿਧਾਰਥ ਬਿੰਦਰੂ ਨੂੰ ਹਮਦਰਦੀ ਸੰਦੇਸ਼ ’ਚ ਕਿਹਾ ਹੈ ਕਿ, ‘‘ਤੁਸੀਂ ਲੋਕ ਇਥੋਂ ਨਾ ਜਾਇਓ ਅਤੇ ਆਪਣਾ ਕੰਮ ਜਾਰੀ ਰੱਖਿਓ। ਇਸ ਘਟਨਾ ਦੀ ਨਿੰਦਾ ਕਰਨ ਦੇ ਲਈ ਸ਼ਬਦ ਕਾਫੀ ਨਹੀਂ ਹਨ।’’
ਇਸ ਲਈ ਅੱਤਵਾਦੀਆਂ ’ਤੇ ਨੱਥ ਕੱਸਣ ਲਈ ਸੁਰੱਖਿਆ ਬਲਾਂ ਅਤੇ ਖੁਫੀਆ ਪ੍ਰਣਾਲੀ ਨੂੰ ਹੋਰ ਚੁਸਤ ਬਣਾਉਣ ਅਤੇ ਅੱਤਵਾਦੀਆਂ ਦੇ ਉਨ੍ਹਾਂ ‘ਓਵਰਗਰਾਊਂਡ’ ਅਤੇ ‘ਅੰਡਰਗਰਾਊਂਡ’ ਵਰਕਰਾਂ ਨੂੰ ਲੱਭ ਕੇ ਉਨ੍ਹਾਂ ਦਾ ਸਫਾਇਆ ਕਰਨ ਦੀ ਲੋੜ ਹੈ।
–ਵਿਜੇ ਕੁਮਾਰ
ਭਾਜਪਾ ਤੇ ਕਿਸਾਨ : ਖੂਨ-ਖਰਾਬਾ ਘਟੀਆਪਨ ਦਾ ਸੂਚਕ
NEXT STORY