ਹਸਪਤਾਲਾਂ ’ਚ ਜਿਥੇ ਬੀਮਾਰ ਲੋਕ ਨਵਾਂ ਜੀਵਨ ਪਾਉਣ ਲਈ ਜਾਂਦੇ ਹਨ, ਉਥੇ ਹੀ ਸਮੇਂ-ਸਮੇਂ ’ਤੇ ਹੋਣ ਵਾਲੇ ਅਗਨੀ ਕਾਂਡਾਂ ਨਾਲ ਉਹ ਲੋਕ ਬੇਮੌਤ ਮਰ ਰਹੇ ਹਨ। ਇਕ ਰਿਪੋਰਟ ਅਨੁਸਾਰ ਅਗਸਤ 2020 ਤੋਂ ਅਪ੍ਰੈਲ 2022 ਦਰਮਿਆਨ ਦੇਸ਼ ਦੇ ਹਸਪਤਾਲਾਂ ’ਚ ਅੱਗ ਲੱਗਣ ਦੀਆਂ 29 ਵੱਡੀਆਂ ਘਟਨਾਵਾਂ ’ਚ 122 ਲੋਕਾਂ ਦੀ ਮੌਤ ਹੋਈ।
ਇਸ ਸਾਲ ਹਸਪਤਾਲਾਂ ’ਚ ਅਗਨੀਕਾਂਡਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 16 ਅਕਤੂਬਰ ਨੂੰ ਸਵੇਰ ਸਮੇਂ ਪੀ. ਜੀ. ਆਈ. ਚੰਡੀਗੜ੍ਹ ਦੇ ‘ਐਡਵਾਂਸ ਆਈ ਸੈਂਟਰ’ ਦੇ ਬੇਸਮੈਂਟ ’ਚ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਵੀ ਪੀ. ਜੀ. ਆਈ. ਦੇ ‘ਨਹਿਰੂ ਹਸਪਤਾਲ’ ’ਚ ਭਿਆਨਕ ਅੱਗ ਲੱਗੀ ਸੀ।
* 12 ਅਕਤੂਬਰ ਨੂੰ ਇੰਦੌਰ (ਮੱਧ ਪ੍ਰਦੇਸ਼) ਦੇ ਸੀ. ਐੱਚ. ਐੱਲ. ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਰਾਤ ਸਮੇਂ ਅੱਗ ਲੱਗ ਜਾਣ ਨਾਲ ਸਾਰੇ ਹਸਪਤਾਲ ’ਚ ਧੂੰਆਂ ਭਰ ਗਿਆ ਅਤੇ ਆਈ. ਸੀ. ਯੂ. ’ਚ ਦਾਖਲ 5 ਰੋਗੀ ਵਾਲ-ਵਾਲ ਬਚੇ।
* 23 ਅਗਸਤ ਨੂੰ ਹਿਸਾਰ ਦੇ ਇਕ ਹਸਪਤਾਲ ’ਚ ਅੱਗ ਲੱਗਣ ਨਾਲ ਇਕ ਮਰੀਜ਼ ਦੀ ਝੁਲਸ ਕੇ ਦਰਦਨਾਕ ਮੌਤ ਹੋ ਗਈ।
* 7 ਅਗਸਤ ਨੂੰ ਦਿੱਲੀ ਦੇ ਏਮਜ਼ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ।
* 30 ਜੁਲਾਈ ਨੂੰ ਅਹਿਮਦਾਬਾਦ (ਗੁਜਰਾਤ) ਦੇ ਇਕ ਹਸਪਤਾਲ ’ਚ ਤੜਕੇ ਅੱਗ ਲੱਗ ਜਾਣ ਨਾਲ ਉੱਥੇ ਵੱਖ-ਵੱਖ ਵਾਰਡਾਂ ’ਚ ਇਲਾਜ ਅਧੀਨ 106 ਰੋਗੀਆਂ ਨੂੰ ਕਾਹਲੀ-ਕਾਹਲੀ ’ਚ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
* 12 ਜੁਲਾਈ ਨੂੰ ਕੋਟਾ (ਰਾਜਸਥਾਨ) ਦੇ ਮੈਡੀਕਲ ਕਾਲਜ ’ਚ ਇਕ ਰੋਗੀ ਨੂੰ ਲਗਾਏ ਆਕਸੀਜਨ ਮਾਸਕ ’ਚ ਭੜਕੀ ਚੰਗਿਆੜੀ ਨਾਲ ਅੱਗ ਲੱਗ ਜਾਣ ਕਾਰਨ ਮਾਸਕ ਮਰੀਜ਼ ਦੀ ਧੌਣ ’ਤੇ ਹੀ ਚਿਪਕ ਜਾਣ ਕਾਰਨ ਉਸ ਦੀ ਮੌਤ ਹੋ ਗਈ।
* 9 ਜੂਨ ਨੂੰ ਦਿੱਲੀ ਦੇ ਇਕ ਜੱਚਾ-ਬੱਚਾ ਹਸਪਤਾਲ ’ਚ ਅੱਗ ਲੱਗ ਗਈ ਪਰ ਸਮਾਂ ਰਹਿੰਦੇ ਪਹੁੰਚੀ ਫਾਇਰ ਬ੍ਰਿਗੇਡ ਦਲ ਨੇ ਉੱਥੋਂ 20 ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ।
* 16 ਮਾਰਚ ਨੂੰ ਬਨਾਸਕਾਂਠਾ (ਗੁਜਰਾਤ) ਜ਼ਿਲੇ ਦੇ ਸ਼ਿਹੋਰੀ ਸ਼ਹਿਰ ਦੇ ਇਕ ਹਸਪਤਾਲ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਜਦਕਿ 2 ਹੋਰ ਬੱਚੇ ਬੁਰੀ ਤਰ੍ਹਾਂ ਝੁਲਸ ਗਏ।
* 28 ਜਨਵਰੀ ਰਾਤ ਨੂੰ ਧਨਬਾਦ (ਝਾਰਖੰਡ) ਦੇ ਹਜ਼ਾਰਾ ਹਸਪਤਾਲ ’ਚ ਲੱਗੀ ਭਿਆਨਕ ਅੱਗ ਕਾਰਨ ਡਾਕਟਰ ਜੋੜੇ ਸਮੇਤ 6 ਲੋਕਾਂ ਦੀ ਮੌਤ ਹੋ ਗਈ।
* 1 ਜਨਵਰੀ ਨੂੰ ਦਿੱਲੀ ’ਚ ਗ੍ਰੇਟਰ ਕੈਲਾਸ਼ ਇਲਾਕੇ ਦੇ ਇਕ ਨਰਸਿੰਗ ਹੋਮ ’ਚ ਅੱਗ ਲੱਗਣ ਨਾਲ 2 ਲੋਕਾਂ ਦੀ ਸੜ ਕੇ ਮੌਤ ਹੋ ਗਈ।
* 1 ਜਨਵਰੀ ਨੂੰ ਹੀ ਅਹਿਮਦਾਬਾਦ (ਗੁਜਰਾਤ) ’ਚ ਅੱਖਾਂ ਦੇ ਇਕ ਹਸਪਤਾਲ ’ਚ ਅੱਗ ਲੱਗ ਜਾਣ ਨਾਲ ਹਸਪਤਾਲ ਦੇ 2 ਕਰਮਚਾਰੀਆਂ ਦੀ ਮੌਤ ਹੋ ਗਈ।
ਹਸਪਤਾਲਾਂ ’ਚ ਇਲਾਜ ਅਧੀਨ ਵਧੇਰੇ ਰੋਗੀਆਂ ਦੇ ਚੱਲਣ-ਫਿਰਨ ’ਚ ਅਸਮਰੱਥ ਹੋਣ ਕਾਰਨ ਅੱਗ ਲੱਗਣ ਵਰਗੀ ਸਥਿਤੀ ’ਚ ਉਨ੍ਹਾਂ ਲਈ ਜਾਨ ਬਚਾਉਣਾ ਔਖਾ ਹੁੰਦਾ ਹੈ, ਇਸ ਲਈ ਉੱਥੇ ਬਚਾਅ ਦੇ ਸਮੁੱਚੇ ਪ੍ਰਬੰਧ ਹੋਣੇ ਜ਼ਰੂਰੀ ਹਨ।
ਇਸ ਦੇ ਬਾਵਜੂਦ ਹਸਪਤਾਲਾਂ ’ਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਸੁਰੱਖਿਆ ਆਡਿਟ ਨਾ ਕਰਵਾਏ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਦੇਸ਼ ’ਚ ਵੱਡੀ ਗਿਣਤੀ ’ਚ ਹਸਪਤਾਲ ਬਿਨਾਂ ਫਾਇਰ ਲਾਇਸੈਂਸ ਦੇ ਹੀ ਚੱਲ ਰਹੇ ਹਨ। ਇਕੱਲੇ ਮੱਧ ਪ੍ਰਦੇਸ਼ ਦੇ ਭੋਪਾਲ ’ਚ ਹੀ 190 ਹਸਪਤਾਲ ਅਜਿਹੇ ਹਨ ਜਿੱਥੇ ਅੱਗ ਨਾਲ ਨਜਿੱਠਣ ਦੇ ਤਸੱਲੀਬਖਸ਼ ਪ੍ਰਬੰਧ ਨਹੀਂ ਪਾਏ ਗਏ।
ਇਸੇ ਤਰ੍ਹਾਂ ‘ਕੈਗ’ ਨੇ ਇਸ ਸਾਲ ਅਪ੍ਰੈਲ ’ਚ ਇਕ ਰਿਪੋਰਟ ’ਚ ਦੱਸਿਆ ਸੀ ਕਿ ਹਿਮਾਚਲ ਪ੍ਰਦੇਸ਼ ਦੇ 99 ਪ੍ਰਮੁੱਖ ਹਸਪਤਾਲਾਂ ’ਚੋਂ ਕਿਸੇ ਨੇ ਵੀ ਫਾਇਰ ਬ੍ਰਿਗੇਡ ਵਿਭਾਗ ਤੋਂ ਇਤਰਾਜ਼ਹੀਣਤਾ ਪ੍ਰਮਾਣ ਪੱਤਰ (ਨੋ ਆਬਜੈਕਸ਼ਨ ਸਰਟੀਫਿਕੇਟ) ਪ੍ਰਾਪਤ ਨਹੀਂ ਕੀਤਾ।
ਕੇਂਦਰ ਸਰਕਾਰ ਨੇ 30 ਨਵੰਬਰ, 2020 ਨੂੰ ਜਾਰੀ ਹੁਕਮ ਅਧੀਨ ਦੇਸ਼ ਭਰ ਦੇ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਨੂੰ ਅੱਗ ਤੋਂ ਸੁਰੱਖਿਆ ਦੇ ਉਪਾਵਾਂ ਦੀ ਪਾਲਣਾ ਕਰਨ ਲਈ ਕਿਹਾ ਸੀ ਅਤੇ ਸੁਪਰੀਮ ਕੋਰਟ ਵੀ ਸਾਰੇ ਸੂਬਿਆਂ ਦੇ ਹਸਪਤਾਲਾਂ ’ਚ ਫਾਇਰ ਸਿਕਿਓਰਿਟੀ ਆਡਿਟ ਕਰਾਉਣ ਅਤੇ ਫਾਇਰ ਡਿਪਾਰਟਮੈਂਟ ਤੋਂ ਐੱਨ. ਓ. ਸੀ. ਲੈਣ ਦਾ ਵੀ ਹੁਕਮ ਜਾਰੀ ਕਰ ਚੁੱਕੀ ਹੈ ਪਰ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਇਸ ਲਈ ਡਿਊਟੀ ਸਮੇਂ ਹਸਪਤਾਲ ਦੇ ਸਬੰਧਤ ਕਰਮਚਾਰੀਆਂ ਦੇ ਸੁਚੇਤ ਰਹਿਣ, ਕਿਸੇ ਵੀ ਖਰਾਬੀ ਲਈ ਉਨ੍ਹਾਂ ’ਤੇ ਜ਼ਿੰਮੇਵਾਰੀ ਤੈਅ ਕਰਨ, ਬਿਜਲੀ ਆਦਿ ਦੇ ਯੰਤਰਾਂ ਦੀ ਨਿਯਮਿਤ ਜਾਂਚ ਯਕੀਨੀ ਕਰਨ ਤੋਂ ਇਲਾਵਾ ਅਜਿਹੀਆਂ ਮੌਤਾਂ ਲਈ ਜ਼ਿੰਮੇਵਾਰ ਸਟਾਫ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ, ਨਹੀਂ ਤਾਂ ਹਸਪਤਾਲਾਂ ’ਚ ਲੋਕ ਬੇਮੌਤ ਮਰਦੇ ਹੀ ਰਹਿਣਗੇ।
- ਵਿਜੇ ਕੁਮਾਰ
ਰਾਮਲੀਲਾਵਾਂ ’ਚ ਦਿਖਾਈ ਦੇ ਰਹੀਆਂ ਧਾਰਮਿਕ ਸਦਭਾਵ ਦੀਆਂ ਝਲਕੀਆਂ
NEXT STORY