ਓਡਿਸ਼ਾ ਦੇ ਬਾਲਾਸੋਰ ’ਚ 2 ਜੂਨ ਨੂੰ ਹੋਏ ਰੇਲ ਹਾਦਸੇ ’ਚ 291 ਯਾਤਰੀਆਂ ਦੀ ਮੌਤ ਪਿੱਛੋਂ ਵੀ ਰੇਲਵੇ ’ਚ ਲਾਪ੍ਰਵਾਹੀ ਦੇ ਨਤੀਜੇ ਵਜੋਂ ਰੇਲ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਨਵੀਨਤਮ ਹਾਦਸੇ ’ਚ 26 ਅਗਸਤ ਨੂੰ ਤਮਿਲਨਾਡੂ ਦੇ ਮਦੁਰੈ ਰੇਲਵੇ ਜੰਕਸ਼ਨ ’ਤੇ ਖੜ੍ਹੀ ਇਕ ਸੈਲਾਨੀ ਟ੍ਰੇਨ ਦੇ ਪ੍ਰਾਈਵੇਟ ਕੋਚ ’ਚ ਅੱਗ ਲੱਗਣ ਨਾਲ 9 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖਮੀ ਹੋ ਗਏ।
ਇਹ ਕੋਚ 4 ਧਾਮ ਯਾਤਰਾ ਲਈ ਲਖਨਊ ਤੋਂ ਰਾਮੇਸ਼ਵਰਮ ਤਕ ਬੁੱਕ ਕਰਵਾਈ ਗਈ ਸੀ। ਦੱਸਿਆ ਜਾਂਦਾ ਹੈ ਕਿ ਕੁਝ ਯਾਤਰੀਆਂ ਨੇ ਕੋਚ ਦੇ ਅੰਦਰ ਰੱਖੇ ਨਾਜਾਇਜ਼ ਗੈਸ ਸਿਲੰਡਰ ਨਾਲ ਚਾਹ ਬਣਾਉਣ ਦਾ ਯਤਨ ਕੀਤਾ ਅਤੇ ਸਿਲੰਡਰ ’ਚ ਬਲਾਸਟ ਹੋ ਗਿਆ ਜਿਸ ਨਾਲ ਕੋਚ ’ਚ ਅੱਗ ਲੱਗ ਗਈ। ਵਰਨਣਯੋਗ ਹੈ ਕਿ ਰੇਲਵੇ ਕੋਚਾਂ ’ਚ ਗੈਸ ਸਿਲੰਡਰ ਸਮੇਤ ਕੋਈ ਵੀ ਜਲਣਸ਼ੀਲ ਪਦਾਰਥ ਲਿਜਾਣ ਦੀ ਸਖਤ ਮਨਾਹੀ ਹੈ।
* 26 ਅਗਸਤ ਨੂੰ ਹੀ ਤ੍ਰਿਪੁਰਾ ’ਚ ਅਗਰਤਲਾ ਅਤੇ ਸਬਰੂਮ ਦਰਮਿਆਨ ਇਕ ਲੋਕਲ ਟ੍ਰੇਨ ਇਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚ ਗਈ ਜਦ ਉਹ ਟ੍ਰੈਕ ’ਤੇ ਛੱਡੇ ਗਏ ਇਕ ਭਰੇ ਹੋਏ ਟ੍ਰਾਲਰ ਨਾਲ ਟਕਰਾ ਗਈ ਪਰ ਚਾਲਕ ਕਿਸੇ ਤਰ੍ਹਾਂ ਟ੍ਰੇਨ ਨੂੰ ਪਟੜੀ ਤੋਂ ਉਤਰਨ ਤੋਂ ਰੋਕਣ ’ਚ ਸਫਲ ਹੋ ਗਿਆ।
* 22 ਅਗਸਤ ਨੂੰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਮਥੁਰਾ ਤੋਂ ਹਾਵੜਾ ਜਾ ਰਹੀ ਚੰਬਲ ਐਕਸਪ੍ਰੈੱਸ ਬਿਹਾਰ ਦੇ ਭਭੂਆ ਸਟੇਸ਼ਨ ਦੇ ਨੇੜੇ ਰੈੱਡ ਸਿਗਨਲ ਪਾਰ ਕਰ ਗਈ ਅਤੇ ਇਸ ਦੇ 8 ਡੱਬੇ ਲੂਪ ਲਾਈਨ ’ਚ ਪਹੁੰਚ ਗਏ। ਖੁਸ਼ਕਿਸਮਤੀ ਨਾਲ ਉੱਥੇ ਕੋਈ ਰੇਲਗੱਡੀ ਖੜ੍ਹੀ ਨਾ ਹੋਣ ਕਾਰਨ ਹਾਦਸਾ ਟਲ ਗਿਆ।
* 22 ਅਗਸਤ ਨੂੰ ਹੀ ਉੱਤਰ ਪ੍ਰਦੇਸ਼ ’ਚ ਸੋਨਭਦਰ ਜ਼ਿਲੇ ਦੇ ਕਰਮਾ ਖੇਤਰ ’ਚ ਰਾਬਰਟਸਗੰਜ ਤੋਂ ਚੁਨਾਰ ਵੱਲ ਜਾ ਰਹੀ ਕੋਲੇ ਨਾਲ ਲੱਦੀ ਮਾਲਗੱਡੀ ਦੀ ਕਪਲਿੰਗ ਟੁੱਟ ਜਾਣ ਦੇ ਨਤੀਜੇ ਵਜੋਂ ਇਹ ਦੋ ਹਿੱਸਿਆਂ ’ਚ ਵੰਡੀ ਗਈ।
* 18 ਅਗਸਤ ਨੂੰ 3 ਰੇਲਗੱਡੀਆਂ ਅਗਨੀਕਾਂਡਾਂ ਦਾ ਸ਼ਿਕਾਰ ਹੋਈਆਂ। ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ਦੇ ਸਿੰਧੋਲੀ ਰੇਲਵੇ ਸਟੇਸ਼ਨ ਦੇ ਨੇੜੇ ਉਦੈਪੁਰ-ਖਜੁਰਾਹੋ ਇੰਟਰ ਸਿਟੀ ਐਕਸਪ੍ਰੈੱਸ ਟ੍ਰੇਨ ਦੇ ਇੰਜਣ ’ਚ ਅੱਗ ਲੱਗ ਗਈ।
ਛਿੰਦਵਾੜਾ ਜ਼ਿਲੇ ’ਚ ਪਾਂਡੁਣਾਂ ਰੇਲਵੇ ਸਟੇਸ਼ਨ ’ਤੇ ਨਵੀਂ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਤੇਲੰਗਾਨਾ ਐਕਸਪ੍ਰੈੱਸ ਦੀ ਪੈਂਟ੍ਰੀ ਕਾਰ ’ਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਅਤੇ ਕਰਨਾਟਕ ਦੇ ਬੈਂਗਲੁਰੂ ਸਿਟੀ ਰੇਲਵੇ ਸਟੇਸ਼ਨ ’ਤੇ ਖੜ੍ਹੀ ਉਦਯਾਨ ਐਕਸਪ੍ਰੈੱਸ ਦੇ 2 ਡੱਬਿਆਂ ’ਚ ਅੱਗ ਲੱਗ ਗਈ। ਇਨ੍ਹਾਂ ਸਾਰੇ ਅਗਨੀਕਾਂਡਾਂ ’ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।
* 9 ਅਗਸਤ ਨੂੰ ਪੱਛਮੀ ਬੰਗਾਲ ਦੇ ਰਾਮਪੁਰਾ ਹਾਟ ’ਚ ਹਾਵੜਾ-ਜੈਨਗਰ ਪੈਸੇਂਜਰ ਟ੍ਰੇਨ ਦੇ ਦੋਵੇਂ ਲੋਕੋ ਪਾਇਲਟ ਗੱਡੀ ਨੂੰ ਸਿਗਨਲ ਤੋਂ ਅੱਗੇ 100 ਮੀਟਰ ਤਕ ਕੱਢ ਕੇ ਲੈ ਗਏ, ਜਿਸ ਨਾਲ ਯਾਤਰੀਆਂ ’ਚ ਦਹਿਸ਼ਤ ਫੈਲ ਗਈ। ਟ੍ਰੇਨ ਦੇ ਯਾਤਰੀਆਂ ਦੀ ਸ਼ਿਕਾਇਤ ਹੈ ਕਿ ਦੋਵੇਂ ਲੋਕੋ ਪਾਇਲਟ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ।
* 4 ਅਗਸਤ ਨੂੰ ਪ੍ਰਯਾਗਰਾਜ ਜੰਕਸ਼ਨ ਤੋਂ ਲਖਨਊ ਜਾ ਰਹੀ ਗੰਗਾ ਗੋਮਤੀ ਐਕਸਪ੍ਰੈੱਸ ਲਾਲ ਗੋਪਾਲਗੰਜ ਸਟੇਸ਼ਨ ਦੇ ਨੇੜੇ ਹਾਦਸਾਗ੍ਰਸਤ ਹੋਣ ਤੋਂ ਉਸ ਸਮੇਂ ਵਾਲ-ਵਾਲ ਬਚੀ ਜਦੋਂ ਪਟੜੀ ’ਚ ਆਈ ਦਰਾਰ ਦੇਖ ਕੇ ਉੱਥੋਂ ਲੰਘ ਰਹੇ ਪੱਪੂ ਯਾਦਵ ਨਾਂ ਦੇ ਇਕ ਕਿਸਾਨ ਨੇ ਆਪਣਾ ਲਾਲ ਗਮਛਾ ਲਹਿਰਾ ਕੇ ਟ੍ਰੇਨ ਨੂੰ ਰੁਕਵਾ ਦਿੱਤਾ।
* 1 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ’ਚ ਮੁਰਾਦਾਬਾਦ ਤੋਂ ਬਰੇਲੀ ਵੱਲ ਜਾ ਰਹੀ ਮਾਲਗੱਡੀ ਦਾ ਚਾਲਕ 2 ਸਿਗਨਲਾਂ ਨੂੰ ਓਵਰਸ਼ੂਟ (ਅਣਡਿੱਠ) ਕਰ ਕੇ ਸਿੱਧਾ ਅੱਗੇ ਵਧ ਗਿਆ, ਜਦਕਿ ਉਸ ਦੇ ਅੱਗੇ ਉਸੇ ਲਾਈਨ ’ਤੇ ਪੋਰਬੰਦਰ ਐਕਸਪ੍ਰੈੱਸ ਜਾ ਰਹੀ ਸੀ। ਚੰਗੀ ਗੱਲ ਰਹੀ ਕਿ ਗੇਟਮੈਨ ਨੇ ਲਾਲ ਝੰਡੀ ਦਿਖਾ ਕੇ ਮਾਲਗੱਡੀ ਨੂੰ ਰੁਕਵਾ ਿਦੱਤਾ।
* 31 ਜੁਲਾਈ ਨੂੰ ਭੁਸਾਵਲ ਦੇ ਨੇੜੇ ਰੇਲ ਟ੍ਰੈਕ ’ਚ ਕ੍ਰੈਕ ਆ ਜਾਣ ਕਾਰਨ ਕੁਝ ਹੀ ਸਮੇਂ ’ਚ ਉੱਥੋਂ ਲੰਘਣ ਵਾਲੀ ਸੱਚਖੰਡ ਐਕਸਪ੍ਰੈੱਸ ਨੂੰ ਸਮੇਂ ਸਿਰ ਰੋਕ ਦਿੱਤਾ ਗਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
* 31 ਜੁਲਾਈ ਨੂੰ ਹੀ ਉੱਤਰਾਖੰਡ ’ਚ ਟਨਕਪੁਰ ਰੇਲਵੇ ਸਟੇਸ਼ਨ ਤੋਂ ਤ੍ਰਿਵੇੇਣੀ ਐਕਸਪ੍ਰੈੱਸ ਦਾ ਇੰਜਣ ਬਿਨਾਂ ਡੱਬਿਆਂ ਦੇ ਹੀ ਪਟੜੀ ’ਤੇ ਦੌੜ ਗਿਆ ਤੇ 3 ਕਿਲੋਮੀਟਰ ਅੱਗੇ ਜਾਣ ਪਿੱਛੋਂ ਲੋਕੋ ਪਾਇਲਟ ਨੂੰ ਇੰਜਣ ਦੇ ਨਾਲ ਡੱਬੇ ਨਾ ਹੋਣ ਦਾ ਅਹਿਸਾਸ ਹੋਣ ’ਤੇ ਉਹ ਇੰਜਣ ਨੂੰ ਵਾਪਸ ਸਟੇਸ਼ਨ ’ਤੇ ਲੈ ਕੇ ਆਇਆ।
* 31 ਜੁਲਾਈ ਨੂੰ ਹੀ ਜੰਮੂ ਤਵੀ-ਸਿਆਲਦਾ ਐਕਸਪ੍ਰੈੱਸ ਦੇ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟਾਂ ਨੂੰ ਬਿਹਾਰ ਦੇ ਭਭੂਆ ਰੋਡ ਰੇਲਵੇ ਸਟੇਸ਼ਨ ਦੇ ਨੇੜੇ ਲਾਲ ਸਿਗਨਲ ਜੰਪ ਕਰਨ ’ਤੇ ਮੁਅੱਤਲ ਕੀਤਾ ਗਿਆ।
ਸਵਾਲੀਆ ਨਿਸ਼ਾਨ ਲਾਉਂਦੀਆਂ ਉਕਤ ਦੁਰਘਟਨਾਵਾਂ ਸਪੱਸ਼ਟ ਸਬੂਤ ਹਨ ਕਿ ਭਾਰਤੀ ਰੇਲਾਂ ਕਿਸ ਤਰ੍ਹਾਂ ਵੱਡੀਆਂ ਦੁਰਘਟਨਾਵਾਂ ਦੇ ਜੋਖਮ ’ਚ ਹਨ ਜਿਸ ’ਚ ਰੇਲ ਮੁਲਾਜ਼ਮਾਂ ਅਤੇ ਕਿਸੇ ਹੱਦ ਤਕ ਯਾਤਰੀਆਂ ਦੀ ਲਾਪ੍ਰਵਾਹੀ ਵੀ ਦੇਖੀ ਜਾ ਰਹੀ ਹੈ।
ਇਸ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਪੈਦਾ ਨਾ ਹੋਵੇ, ਇਸ ਲਈ ਭਾਰਤੀ ਰੇਲਾਂ ਦੇ ਕੰਮਕਾਜ, ਰੱਖ-ਰਖਾਅ ਅਤੇ ਸੁਰੱਖਿਆ ਪ੍ਰਬੰਧਾਂ ’ਚ ਤੁਰੰਤ ਬਹੁ-ਪੱਖੀ ਸੁਧਾਰ ਲਿਆਉਣ ਦੀ ਲੋੜ ਹੈ।
- ਵਿਜੇ ਕੁਮਾਰ
ਚੰਦਰਯਾਨ-3 ਬਾਰੇ ‘ਚੰਦ ਆਗੂਆਂ ਦੇ ਬਿਆਨ’, ਪੜ੍ਹੋ ਅਤੇ ਹੱਸੋ!
NEXT STORY