ਬੀਤੇ ਸਾਲ ਇਕ ਅਧਿਐਨ ’ਚ ਦੱਸਿਆ ਗਿਆ ਸੀ ਕਿ ਭਾਰਤ ’ਚ ਆਤਮਹੱਤਿਆਵਾਂ ਦੀ ਸਭ ਤੋਂ ਵੱਧ ਦਰ 15 ਤੋਂ 29 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਹੈ। ਸਾਲ 2022 ’ਚ ਹੋਣ ਵਾਲੀਆਂ ਖੁਦਕੁਸ਼ੀਆਂ ’ਚ 7.6 ਫੀਸਦੀ ਵਿਦਿਆਰਥੀ ਸਨ ਅਤੇ ਉਸ ਸਾਲ 13000 ਤੋਂ ਵੱਧ ਵਿਦਿਆਰਥੀਆਂ ਨੇ ਆਤਮਹੱਤਿਆ ਕੀਤੀ ਸੀ।
ਵਿਦਿਆਰਥੀ-ਵਿਦਿਆਰਥਣਾਂ ਵਲੋਂ ਪੇਪਰਾਂ ’ਚ ਮਨਚਾਹੇ ਨਤੀਜੇ ਅਤੇ ਨੰਬਰ ਨਾ ਆਉਣ ਦੀ ਨਿਰਾਸ਼ਾ ’ਚ ਆਤਮਹੱਤਿਆਵਾਂ ਦਾ ਗਲਤ ਰੁਝਾਨ ਲਗਾਤਾਰ ਜਾਰੀ ਹੈ ਜੋ ਇਸੇ ਸਾਲ ਕੁਝ ਪੇਪਰਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਆਤਮਹੱਤਿਆਵਾਂ ਦੀਆਂ ਹੇਠਾਂ ਦਿੱਤੀਆਂ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
* 12 ਅਪ੍ਰੈਲ, 2024 ਨੂੰ ਮੁੰਬਈ ਦੇ ਕਾਂਦੀਵਾਲੀ ’ਚ ਅਜੇ ਜਾਂਗਿੜ ਨਾਂ ਦੇ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਨੇ ਪੇਪਰਾਂ ’ਚ ਘੱਟ ਨੰਬਰ ਆਉਣ ਦੇ ਕਾਰਨ ਤਣਾਅਗ੍ਰਸਤ ਹੋ ਕੇ ਆਪਣੇ ਘਰ ’ਚ ਫਾਹਾ ਲਾ ਕੇ ਜਾਨ ਦੇ ਦਿੱਤੀ।
* 8 ਮਈ ਨੂੰ ਝਾਰਖੰਡ ਦੇ ਗਿਰਿਡੀਹ ’ਚ ਕਾਰਮੇਲ ਸਕੂਲ ਦੀ ਵਿਦਿਆਰਥਣ ਸ਼ਾਂਭਵੀ ਕੁਮਾਰੀ ਨੇ ਆਈ. ਸੀ. ਐੱਸ. ਈ. ਦੀ 10ਵੀਂ ਜਮਾਤ ਦੇ ਪੇਪਰਾਂ ’ਚ ਘਟ ਨੰਬਰ ਆਉਣ ਦੇ ਨਤੀਜੇ ਵਜੋਂ ਤਣਾਅਗ੍ਰਸਤ ਹੋਣ ਕਾਰਨ ਫਾਹੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ।
* 9 ਮਈ ਨੂੰ ਉੱਤਰ ਪ੍ਰਦੇਸ਼ ਦੇ ਫਤੇਹਪੁਰ ’ਚ 10ਵੀਂ ਜਮਾਤ ਦੇ ਪੇਪਰਾਂ ’ਚ ਸਾਕਸ਼ੀ ਨਾਂ ਦੀ ਵਿਦਿਆਰਥਣ ਨੂੰ ਹਾਲਾਂਕਿ 95.3 ਅੰਕ ਪ੍ਰਾਪਤ ਕਰਨ ’ਤੇ ਸਕੂਲ ਨੇ ਸਨਮਾਨਿਤ ਕੀਤਾ ਸੀ ਪਰ ਉਹ ਸਕੂਲ ’ਚ ਸਿਰਫ 3 ਅੰਕਾਂ ਦੇ ਫਰਕ ਨਾਲ ਟਾਪਰ ਬਣਨ ਤੋਂ ਵਾਂਝੀ ਰਹਿ ਜਾਣ ਦੇ ਕਾਰਨ ਗੁੰਮਸੁਮ ਰਹਿੰਦੀ ਸੀ ਅਤੇ ਇਸੇ ਕਾਰਨ ਉਸ ਨੇ ਆਤਮਹੱਤਿਆ ਕਰ ਲਈ।
* 14 ਮਈ ਨੂੰ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ’ਚ ਸੀ. ਬੀ. ਐੱਸ. ਈ. ਦੀ 12ਵੀਂ ਜਮਾਤ ਦੇ ਪੇਪਰ ’ਚ 2 ਵਿਸ਼ਿਆਂ ’ਚ ਫੇਲ ਹੋਣ ’ਤੇ ਅਰਜੁਨ ਸਕਸੈਨਾ ਨਾਂ ਦੇ 16 ਸਾਲਾ ਵਿਦਿਆਰਥੀ ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ।
* 14 ਮਈ ਨੂੰ ਹੀ ਉੱਤਰ ਪ੍ਰਦੇਸ਼ ’ਚ ਚੰਦੌਲੀ ਦੇ ਚੱਕੀਆਂ ਕੋਤਵਾਲੀ ਇਲਾਕੇ ’ਚ ਸੀ. ਬੀ. ਐੱਸ. ਈ. ਦੀ 10ਵੀਂ ਜਮਾਤ ਦੀ ਵਿਦਿਆਰਥਣ ਹੀਨਾ ਆਪਣੀ ਉਮੀਦ ਦੇ ਉਲਟ ਸਿਰਫ 70 ਫੀਸਦੀ ਅੰਕ ਲੈ ਕੇ ਇੰਨੀ ਨਿਰਾਸ਼ ਹੋਈ ਕਿ ਆਪਣੇ ਕਮਰੇ ’ਚ ਜਾ ਕੇ ਆਤਮਹੱਤਿਆ ਕਰ ਲਈ।
* 14 ਮਈ ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਨੰਗਲੀ ’ਚ ਸੀ. ਬੀ. ਐੱਸ. ਈ. ਦੀ 12ਵੀਂ ਜਮਾਤ ਦੇ ਪੇਪਰਾਂ ’ਚ ਘੱਟ ਨੰਬਰ ਆਉਣ ’ਤੇ ਇਕ ਪਿਓ-ਪੁੱਤ ’ਚ ਹੋਈ ਬਹਿਸ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਦੋਵਾਂ ਨੇ ਇਕ-ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਨੌਜਵਾਨ ਦੇ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਬੇਟਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
* 14 ਮਈ ਨੂੰ ਹੀ ਸੀ. ਬੀ. ਐੱਸ.ਈ. ਦੀ 12ਵੀਂ ਜਮਾਤ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ’ਚ ‘ਲਕਸ਼ੈ’ ਨਾਂ ਦੇ ਇਕ ਵਿਦਿਆਰਥੀ ਨੇ 4 ਵਿਸ਼ਿਆਂ ’ਚ ਫੇਲ ਹੋ ਜਾਣ ’ਤੇ ਨਿਰਾਸ਼ ਹੋ ਕੇ ਦਰੱਖਤ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਜਦ ਕਿ ਬੜੌਤ ਦੀ ‘ਪੱਟੀ ਚੌਧਰਾਨ’ ਦੇ ਰਹਿਣ ਵਾਲੇ ‘ਆਯੂਸ਼ ਤਾਲਿਆਨ’ ਨਾਂ ਦੇ ਵਿਦਿਆਰਥੀ ਨੇ ਘੱਟ ਨੰਬਰ ਆਉਣ ’ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦੇ ਦਿੱਤੀ।
* 14 ਮਈ ਨੂੰ ਹੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ‘ਓਜਸਵੀ’ ਨਾਂ ਦੇ ਇਕ ਵਿਦਿਆਰਥੀ ਨੂੰ ਸੀ. ਬੀ. ਐੱਸ. ਈ. ਦੀ 12ਵੀਂ ਦੇ ਪੇਪਰਾਂ ’ਚ ਘੱਟ ਨੰਬਰ ਆਉਣ ’ਤੇ ਇੰਨਾ ਦੁੱਖ ਹੋਇਆ ਕਿ ਸੌਣ ਦੇ ਬਹਾਨੇ ਆਪਣੇ ਕਮਰੇ ’ਚ ਚਲਾ ਗਿਆ। ਰਾਤ ਨੂੰ ਜਦ ਪਰਿਵਾਰ ਦੇ ਸਾਰੇ ਲੋਕ ਸੌਂ ਗਏ ਤਾਂ ਉਸ ਨੇ ਸੂਸਾਈਡ ਨੋਟ ਲਿਖ ਕੇ ਆਤਮਹੱਤਿਆ ਕਰ ਲਈ।
* 14 ਮਈ ਨੂੰ ਹੀ ਪੰਜਾਬ ’ਚ ਨੰਗਲ ਸਬ ਡਵੀਜ਼ਨ ਦੇ ਪਿੰਡ ਸੰਗਤਪੁਰ ’ਚ ਇਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਪੇਪਰਾਂ ’ਚ ਘੱਟ ਨੰਬਰ ਆਉਣ ’ਤੇ ਨਿਰਾਸ਼ ਹੋ ਕੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਹ ਤਾਂ ਸਿਰਫ ਕੁਝ ਉਦਾਹਰਣਾਂ ਹਨ ਜਦ ਕਿ ਇਨ੍ਹਾਂ ਤੋਂ ਇਲਾਵਾ ਵੀ ਹੋਰ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਦੇ ਨਤੀਜੇ ਵਜੋਂ ਪਰਿਵਾਰ ਉੱਜੜ ਗਏ ਹੋਣਗੇ। ਇਸ ਸਾਲ ਤੇਲੰਗਾਨਾ ਅਤੇ ਮੱਧ ਪ੍ਰਦੇਸ਼ ’ਚ ਅਪ੍ਰੈਲ ’ਚ ਐਲਾਨੇ ਇੰਟਰਮੀਡੀਏਟ ਅਤੇ 10ਵੀਂ ਜਮਾਤ ਦੇ ਬੋਰਡ ਦੇ ਪੇਪਰਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ 11 ਵਿਦਿਆਰਥੀਆਂ ਨੇ ਆਪਣੀ ਜਾਨ ਦੇ ਦਿੱਤੀ ਸੀ।
ਕੁਦਰਤੀ ਤੌਰ ’ਤੇ ਅੱਜ ਦੇ ਮੁਕਾਬਲੇਬਾਜ਼ੀ ਦੇ ਯੁੱਗ ’ਚ ਉਮੀਦਾਂ ਦੇ ਵੱਧ ਜਾਣ ਅਤੇ ਆਪਣਾ ਟੀਚਾ ਪੂਰਾ ਨਾ ਕਰ ਪਾਉਣ ਦੀ ਨਿਰਾਸ਼ਾ ’ਚ ਵਿਦਿਆਰਥੀ ਇਸ ਤਰ੍ਹਾਂ ਦੇ ਕਦਮ ਚੁੱਕ ਰਹੇ ਹਨ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਦੇ ਨਾਲ-ਨਾਲ ਕਾਊਂਸਲਿੰਗ ਰਾਹੀਂ ਜਾਂ ਖੁਦ ਪ੍ਰੇਰਨਾ ਦੇ ਕੇ ਉਨ੍ਹਾਂ ਦੇ ਮਨ ’ਚ ਇਸ ਤਰ੍ਹਾਂ ਦੀਆਂ ਗੱਲਾਂ ’ਤੇ ਨਿਰਾਸ਼ ਨਾ ਹੋਣ ਅਤੇ ਅੱਗੇ ਹੋਰ ਜ਼ਿਆਦਾ ਪੱਕੇ ਇਰਾਦੇ ਨਾਲ ਮਿਹਨਤ ਕਰਨ ਲਈ ਉਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ।
ਲੋੜ ਇਸ ਗੱਲ ਦੀ ਵੀ ਹੈ ਕਿ ਮਾਤਾ-ਪਿਤਾ ਬੱਚਿਆਂ ’ਤੇ ਆਪਣੀ ਪਸੰਦ ਦੇ ਵਿਸ਼ੇ ਨਾ ਥੋਪਣ ਸਗੋਂ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੇ ਵਿਸ਼ੇ ਲੈ ਕੇ ਪੜ੍ਹਾਈ ਕਰਨ ਦੇਣ।
ਬੱਚਿਆਂ ਨੂੰ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਛੋਟੀਆਂ-ਛੋਟੀਆਂ ਨਾਕਾਮੀਆਂ ਤੋਂ ਨਿਰਾਸ਼ ਹੋਣ ਦੀ ਬਜਾਏ ਉਨ੍ਹਾਂ ਦਾ ਮਜ਼ਬੂਤੀ ਨਾਲ ਸਾਹਮਣਾ ਕਰਨ ’ਚ ਹੀ ਜੀਵਨ ਦੀ ਸਾਰਥਕਤਾ ਹੈ ਕਿਉਂਕਿ ਇਕ ਵਾਰ ਚਲੇ ਜਾਣ ਤੋਂ ਬਾਅਦ ਇਹ ਜ਼ਿੰਦਗੀ ਨਾ ਮਿਲੇਗੀ ਦੁਬਾਰਾ। ਉਹ ਤਾਂ ਚਲੇ ਜਾਣਗੇ ਅਤੇ ਪਿੱਛੇ ਰੋਂਦੇ ਰਹਿਣਗੇ ਬਦ ਨਸੀਬ ਮਾਤਾ-ਪਿਤਾ।
–ਵਿਜੇ ਕੁਮਾਰ
ਸਕੂਲਾਂ, ਹਸਪਤਾਲਾਂ, ਹਵਾਈ ਅੱਡਿਆਂ, ਜੇਲਾਂ ਨੂੰ ਧਮਕੀਆਂ ਭੇਜਣ ਦਾ ਸਿਲਸਿਲਾ ਜਾਰੀ
NEXT STORY