ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਬੀਸੀਸੀਆਈ ਦੇ ਆਗਲੇ ਸਕੱਤਰ ਹੋਣਗੇ।
ਸੌਰਵ ਗਾਂਗੁਲੀ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ 'ਦਾਦਾ' ਅਤੇ 'ਪ੍ਰਿੰਸ ਆਫ ਕੋਲਕਾਤਾ' ਕਹਿੰਦੇ ਹਨ, ਭਾਰਤ 'ਚ ਕ੍ਰਿਕਟ ਦੀ ਪ੍ਰਸ਼ਾਸਨਿਕ ਸੰਸਥਾ, ਭਾਰਤ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਹੋਣਗੇ।
ਗਾਂਗੁਲੀ ਦੇ ਨਾਮ ਦੀਆਂ ਕਿਆਸਰਾਈਆਂ ਪਹਿਲਾਂ ਤੋਂ ਹੀ ਸਨ। ਉਨ੍ਹਾਂ ਦਾ ਨਾਮ ਸਾਬਕਾ ਬੀਸੀਸੀਆਈ ਮੁਖੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਅੱਗੇ ਲਿਆਂਦਾ ਸੀ।
ਪਰ ਐੱਨ ਸ੍ਰੀਨਿਵਾਸਨ ਸਮੂਹ ਨੇ ਬ੍ਰਜੇਸ਼ ਪਟੇਲ ਨੂੰ ਵੀ ਇਸ ਦੌੜ 'ਚ ਪੇਸ਼ ਕੀਤਾ। ਸ੍ਰੀਨਿਵਾਸਨ ਨੇ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਅਤੇ ਉਸੇ ਦਿਨ ਸੌਰਵ ਗਾਂਗੁਲੀ ਵੀ ਅਮਿਤ ਸ਼ਾਹ ਨਾਲ ਮਿਲੇ ਸਨ।
ਗਾਂਗੁਲੀ ਦੇ ਸੰਨਿਆਸ ਤੋਂ ਬਾਅਦ ਉਨ੍ਹਾਂ ਸਿਆਸਤ 'ਚ ਜਾਣ ਦੀਆਂ ਅਟਕਲਾਂ ਸਨ, ਪਰ ਉਹ ਉਸ ਤੋਂ ਦੂਰ ਰਹੇ।
2014 ਲੋਕ ਸਭਾ ਚੋਣਾਂ ਸਮੇਂ ਭਾਜਪਾ ਨੇ ਉਨ੍ਹਾਂ ਨੂੰ ਆਪਣੀ ਪਸੰਦੀਦਾ ਸੀਟ ਤੋਂ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ ਪਰ ਗਾਂਗੁਲੀ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ।
ਇਹ ਵੀ ਪੜ੍ਹੋ-
ਕਿਆਸਰਾਈਆਂ ਉਦੋਂ ਵੀ ਆਈਆਂ ਜਦੋਂ ਗਾਂਗੁਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮਿਲੇ।
ਖ਼ਬਰਾਂ ਇਹ ਵੀ ਸਨ ਕਿ ਤ੍ਰਿਣਮੂਲ ਕਾਂਗਰਸ ਨੂੰ ਰਾਜ ਸਭਾ ਭੇਜਣਾ ਚਾਹੁੰਦੀ ਹੈ। ਸਚਿਨ ਤੇਂਦੁਲਕਰ ਪਹਿਲਾਂ ਹੀ ਰਾਜ ਸਭਾ ਜਾ ਚੁੱਕੇ ਸਨ। ਗਾਂਗੁਲੀ ਨੂੰ ਵੀ ਉਸੇ ਸੋਚ ਦੇ ਤਹਿਤ ਉੱਚ ਸਦਨ 'ਚ ਭੇਜਣ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਗੱਲ ਨਹੀਂ ਬਣੀ।
ਸਾਲ 2021 ਵਿੱਚ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਭਾਜਪਾ ਚਾਹੁੰਦੀ ਹੈ ਕਿ ਗਾਂਗੁਲੀ ਉਸ ਦੌਰਾਨ ਉਨ੍ਹਾਂ ਲਈ ਪ੍ਰਚਾਰ ਕਰਨ। ਉਹ ਰਸਮੀ ਤੌਰ 'ਤੇ ਭਾਜਪਾ ਵਿੱਚ ਜਾਣਗੇ ਜਾਂ ਨਹੀਂ, ਇਹ ਸਾਫ਼ ਨਹੀਂ ਹੈ।
ਇਹ ਵੀ ਸਾਫ਼ ਨਹੀਂ ਹੈ ਕਿ ਉਹ ਪਾਰਟੀ ਦਾ ਪ੍ਰਚਾਰ ਕਰਨ ਲਈ ਰਾਜ਼ੀ ਹੋਣਗੇ ਜਾਂ ਨਹੀਂ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ, ਉਨ੍ਹਾਂ ਨੂੰ ਕੋਈ ਅਜਿਹੀਆਂ ਗੱਲਾਂ ਨਹੀਂ ਕਹਿੰਦਾ।
ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਬੀਸੀਸੀਆਈ ਦੇ ਅਗਲੇ ਸਕੱਤਰ ਹੋਣਗੇ। ਉਹ ਇਸ ਤੋਂ ਪਹਿਲਾਂ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ।
ਉੱਥੇ ਹੀ ਅਨੁਰਾਗ ਠਾਕੁਰ ਦੇ ਭਰਾ ਅਰੁਣ ਧੂਮਲ ਬੀਸੀਸੀਆਈ ਦੇ ਖਜ਼ਾਨਚੀ ਹੋਣਗੇ। ਖ਼ਬਰਾਂ ਇਹ ਵੀ ਹਨ ਕਿ ਬ੍ਰਜੇਸ਼ ਪਟੇਲ ਨੂੰ ਆਈਪੀਐਲ ਗਵਰਨਿੰਗ ਕਾਊਂਸਿਲ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ।
ਬੀਸੀਸੀਆਈ ਦਾ ਢਾਂਚਾ
ਬੀਬੀਸੀਆਈ ਕਾਊਂਸਿਲ 'ਚ 9 ਮੈਂਬਰ ਹੁੰਦੇ ਹਨ। ਪ੍ਰਧਾਨ, ਉੱਪ ਪ੍ਰਧਾਨ, ਸਕੱਤਰ, ਖਜ਼ਾਨਚੀ, ਜੁਆਇੰਟ ਸਕੱਤਰ, ਕ੍ਰਿਕਟਰਸ ਐਸੋਸੀਏਸ਼ਨ ਦਾ ਪੁਰਸ਼ ਪ੍ਰਤੀਨਿਧੀ, ਮਹਿਲਾ ਪ੍ਰਤੀਨਿਧੀ, ਆਈਪੀਐਲ ਗਵਰਨਿੰਗ ਕਾਊਂਸਿਲ ਦਾ ਪ੍ਰਤੀਨਿਧੀ ਅਤੇ ਕੇਂਦਰ ਸਰਕਾਰ ਦਾ ਪ੍ਰਤੀਨਿਧੀ।
ਐੱਨ ਸ੍ਰੀਨਿਵਾਸਨ ਸਮੂਹ ਨੇ ਬ੍ਰਜੇਸ਼ ਪਟੇਲ ਨੂੰ ਵੀ ਇਸ ਦੌੜ 'ਚ ਪੇਸ਼ ਕੀਤਾ।
ਨਵੇਂ ਅਹੁਦੇਦਾਰਾਂ ਦੇ ਨਾਲ ਬੀਸੀਸੀਆਈ ਦੀ ਕਮੇਟੀ ਆਫ ਐਡਮਿਨਸਟ੍ਰੇਟਰਸ ਯਾਨਿ ਸੀਓਏ ਦੇ 33 ਮਹੀਨਿਆਂ ਦਾ ਕਾਰਜਕਾਲ ਖ਼ਤਮ ਹੋ ਜਾਵੇਗਾ। ਸੀਓਏ ਦਾ ਗਠਨ ਸੁਪਰੀਮ ਕੋਰਟ ਦੇ ਆਦੇਸ਼ ਨਾਲ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਕੀਤਾ ਗਿਆ ਸੀ।
18 ਜੁਲਾਈ 2016 ਨੂੰ ਸੁਪਰੀਮ ਕੋਰਟ ਨੇ ਜਸਟਿਸ ਆਰਐੱਸ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਸਵੀਕਾਰ ਕਰ ਲਈਆਂ ਸਨ। ਲੋਢਾ ਕਮੇਟੀ ਨੇ ਬੀਸੀਸੀਆਈ 'ਚ ਬੁਨਿਆਦੀ ਬਦਲਾਅ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਸਨ।
ਉਨ੍ਹਾਂ ਸਿਫ਼ਾਰਿਸ਼ਾਂ ਦੇ ਆਧਾਰ 'ਤੇ ਬੀਸੀਸੀਆਈ ਨੂੰ ਇੱਕ ਨਵਾਂ ਸੰਵਿਧਾਨ ਮਿਲਿਆ ਜਿਸ ਵਿੱਚ ਮੈਂਬਰਾਂ ਦੀ ਕਾਬਲੀਅਤ ਬਾਰੇ ਸਖ਼ਤ ਨਿਯਮ ਰੱਖੇ ਗਏ ਹਨ।
ਨਵੇਂ ਨਿਰਦੇਸ਼ਾਂ ਮੁਤਾਬਕ, 70 ਤੋਂ ਵੱਧ ਉਮਰ ਵਾਲਿਆਂ, ਮੰਤਰੀਆਂ ਜਾਂ ਸਰਕਾਰੀ ਸੇਵਕਾਂ, ਦੂਜੀਆਂ ਖੇਡ ਸੰਸਥਾਵਾਂ ਨਾਲ ਜੁੜੇ ਲੋਕਾਂ ਅਤੇ ਬੋਰਡ ਮੈਂਬਰਾਂ ਵਜੋਂ ਪਹਿਲਾਂ ਹੀ 9 ਸਾਲ ਪੂਰੇ ਕਰ ਚੁੱਕੇ ਅਹੁਦੇਦਾਰਾਂ ਨੂੰ ਬੋਰਡ ਮੈਂਬਰ ਬਣਾਏ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਯਾਨਿ ਸਾਬਕਾ ਪ੍ਰਧਾਨ ਸ਼੍ਰੀਨਿਵਾਸਨ ਅਤੇ ਸਾਬਕਾ ਸਕੱਤਰ ਨਿਰੰਜਨ ਸ਼ਾਹ ਅਯੋਗ ਹੋ ਗਏ ਹਨ। ਦੋਵਾਂ ਦੀ ਉਮਰ 70 ਤੋਂ ਵਧੇਰੇ ਹੈ ਅਤੇ ਉਹ ਬੋਰਡ ਵਿੱਚ 9 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਹਨ।
ਨਿਰੰਜਨ ਸਿੰਘ, ਐੱਨ ਸ੍ਰੀਨਿਵਾਸਨ ਅਤੇ ਸੌਰਵ ਗਾਂਗੁਲੀ
ਅਤੀਤ ਵਿੱਚ ਬੀਸੀਸੀਆਈ ਪ੍ਰਧਾਨ ਰਹੇ 78 ਸਾਲਾ ਐਨਸੀਪੀ ਨੇਤਾ ਸ਼ਰਦ ਪਵਾਰ ਵੀ ਅਯੋਗ ਹੋ ਗਏ ਹਨ। ਅਨੁਰਾਗ ਠਾਕੁਰ ਜਿਨ੍ਹਾਂ ਨੂੰ ਬੀਸੀਸੀਆਈ ਨੇ ਸਾਲ 2017 ਵਿੱਚ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਸੀ, ਉਹ ਹੁਣ ਕੇਂਦਰ ਸਰਕਾਰ 'ਚ ਮੰਤਰੀ ਹਨ ਤਾਂ ਉਹ ਵੀ ਕ੍ਰਿਕਟ ਪ੍ਰਸ਼ਾਸਨ ਵਿੱਚ ਨਹੀਂ ਆ ਸਕਦੇ ਸਨ।
ਹਾਲਾਂਕਿ ਨਵੇਂ ਸੰਵਿਧਾਨ 'ਚ ਧੀਆਂ-ਪੁੱਤਾਂ ਦੇ ਬੀਸੀਸੀਆਈ ਬੋਰਡ ਦੀਆਂ ਚੋਣਾਂ 'ਚ ਉਤਰਨ 'ਤੇ ਪਾਬੰਦੀ ਨਹੀਂ ਲਗਾਈ ਗਈ ਸੀ ਤਾਂ ਆਪਣੇ ਧੀਆਂ-ਪੁੱਤਰਾਂ ਰਾਹੀਂ ਪੁਰਾਣੇ ਲੋਕ ਵੀ ਆਪਣੀ ਸ਼ਕਤੀ ਬਰਕਰਾਰ ਰੱਖ ਸਕਦੇ ਹਨ।
ਤਾਂ ਇਸ ਦੇ ਨਾਲ ਭਾਰਤੀ ਕ੍ਰਿਕਟ ਪ੍ਰਸ਼ਾਸਨ ਦੇ ਪੁਰਾਣੇ ਸੰਚਾਲਕ ਨਵੀਂ ਸ਼ਕਲ ਵਿੱਚ ਵਾਪਸ ਆਏ ਹਨ।
ਇਹ ਵੀ ਪੜ੍ਹੋ-
ਕ੍ਰਿਕਟ ਵਿੱਚ ਪਰਿਵਾਰਵਾਦ ਦਾ ਮੌਜੂਦਾ ਰੂਪ
ਆਈਸੀਸੀ ਅਤੇ ਬੀਸੀਸੀਆਈ ਦੇ ਪ੍ਰਧਾਨ ਰਹੇ ਐੱਨ ਸ਼੍ਰੀਨਿਵਾਸਨ ਦੀ ਧੀ ਰੂਪਾ ਗੁਰੂਨਾਥ ਤਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਦੀ ਨਵੀਂ ਪ੍ਰਧਾਨ ਹੈ।
ਨਿਰੰਜਨ ਸ਼ਾਹ ਦੇ ਬੇਟੇ ਜੈਦੇਵ ਸੌਰਾਸ਼ਟਰ ਕ੍ਰਿਕਟ ਐਸੋਸਈਏਸ਼ਨ ਦੇ ਪ੍ਰਧਾਨ ਹਨ।
ਭਾਜਪਾ ਨੇਤਾ ਅਤੇ ਸਾਬਕਾ ਬੀਸੀਸੀਆਈ ਪ੍ਰਧਾਨ ਅਨੁਰਾਗ ਠਾਕੁਰ ਦੇ ਭਰਾ ਅਰੁਣ ਧੂਮਲ ਹੁਣ ਬੀਸੀਸੀਆਈ ਦੇ ਖਜ਼ਾਨਚੀ ਬਣਨ ਵਾਲੇ ਹਨ।
ਦੇਸ ਦੇ ਗ੍ਰਹਿ ਮੰਤਰੀ ਅਤੇ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਬੀਸੀਸੀਆਈ ਦੇ ਅਗਲੇ ਸਕੱਤਰ ਹੋਣਗੇ।
ਜੀਸੀਏ ਦੇ ਨਵੇਂ ਉੱਪ ਪ੍ਰਧਾਨ ਧਨਰਾਜ ਵੀ ਰਾਜ ਸਭਾ ਸੰਸਦ ਮੈਂਬਰ ਅਤੇ ਜੀਸੀਏ ਦਾ ਸਾਬਕਾ ਉਪ ਪ੍ਰਧਾਨ ਪਰੀਮਲ ਨਾਥਵਾਨੀ ਦੇ ਬੇਟੇ ਹਨ।
ਬੀਸੀਸੀਆਈ ਦੇ ਉਪ ਪ੍ਰਧਾਨ ਰਹੇ ਚਿਰਾਊ ਅਮਿਨ ਦੇ ਬੇਟੇ ਪ੍ਰਣਵ ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਹਨ। ਉੱਥੇ ਹੀ ਮਰਹੂਮ ਜੈਵੰਤ ਲੇਲੇ ਦੇ ਪੁੱਤਰ ਅਜੀਤ ਸਕੱਤਕ ਅਹੁਦਾ ਸੰਭਾਲ ਰਹੇ ਹਨ।
ਵਿਦਰਭ ਕ੍ਰਿਕਟ ਐਸੋਸੀਏਸ਼ਨ (ਵੀਸੀਏ) ਵਿੱਚ ਉਪ ਪ੍ਰਧਾਨ ਦੀ ਕੁਰਸੀ 5 ਸਾਲ ਤੋਂ ਸਾਬਕਾ ਬੀਸੀਸੀਆਈ ਮੁਖਈ ਸ਼ਸ਼ਾਂਕ ਮਨੋਹਰ ਦੇ ਬੇਟੇ ਅਦਵੈਤ ਕੋਲ ਹੈ।
ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਮੁਖਈ ਯਦੁਪਤੀ ਸਿੰਘਾਨੀਆ ਹਨ, ਉਨ੍ਹਾਂ ਤੋਂ ਪਹਿਲਾਂ ਲਗਭਗ ਦੋ ਦਹਾਕਿਆਂ ਤੱਕ ਉਨ੍ਹਾਂ ਦੇ ਪਤੀ ਹਰੀ ਇਸ ਅਹੁਦੇ 'ਤੇ ਸਨ।
ਛੱਤੀਸਗੜ੍ਹ ਕ੍ਰਿਕਟ ਸੰਘ ਦੀ ਕੁਰਸੀ ਵੀ ਸਾਬਰਾ ਪ੍ਰਧਾਨ ਬਲਦੇਵ ਸਿੰਘ ਭਾਟੀਆ ਦੇ ਪ੍ਰਭਤੇਜ ਕੋਲ ਹੈ।
ਰਾਜਸਥਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਦਾ ਨਾਮ ਵੈਭਵ ਗਹਿਲੋਤ ਹੈ ਜੋ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਦੇ ਬੇਟੇ ਹਨ।
ਬੀਸੀਸੀਆਈ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਰਾਜਕੁਮਾਰ ਸਿੰਘ ਨੂੰ ਐਸੋਸੀਏਸ਼ਨ ਦੇ ਪ੍ਰਤੀਨਿਧੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਉਹ ਦੂਜੀ ਵਾਰ ਕਾਂਗਰਸ ਵਿਧਾਇਕ ਹਨ ਅਤੇ ਮਣੀਪੁਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨ।
ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਕੋਈ ਵੀ ਸਰਕਾਰੀ ਅਹੁਦੇਦਾਰ ਅਹੁਦਾ ਹਾਸਿਲ ਨਹੀਂ ਕਰ ਸਕਦਾ।
ਪਰ ਦਿਲਚਸਪ ਗੱਲ ਇਹ ਹੈ ਕਿ ਸੁਪਰੀਮ ਕੋਰਟ ਵੱਲੋਂ ਨਿਯੁਕਤ ਸੀਓਏ ਨੇ ਹੀ ਐੱਸੀਏ ਦਾ ਸੰਵਿਧਾਨ ਮਨਜ਼ੂਰ ਕੀਤਾ ਹੈ ਅਤੇ ਐੱਸੀਏ ਨੇ ਹੀ ਰਾਜ ਕੁਮਾਰ ਨੂੰ ਬੀਸੀਸੀਆਈ ਐਜੀਐੱਮ ਵਿੱਚ ਆਪਣਾ ਪ੍ਰਤੀਨਿਧੀ ਚੁਣਿਆ ਹੈ।
ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਹਨ। ਬੀਸੀਸੀਆਈ ਨੇ ਉਨ੍ਹਾਂ ਨੂੰ ਫਿਕਸਿੰਗ 'ਚ ਨਾਮ ਆਉਣ ਤੋਂ ਬਾਅਦ ਬੈਨ ਕਰ ਦਿੱਤਾ ਸੀ। ਹਾਈ ਕੋਰਟ ਨੇ ਬਾਅਦ ਵਿੱਚ ਇਸ ਪਾਬੰਦੀ ਨੂੰ ਹਟਾ ਲਿਆ ਸੀ।
ਨਾਗਾਲੈਂਡ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਕੇਚਨਗੁਲੀ ਰਿਓ ਮੁੱਖ ਮੰਤਰੀ ਨੇਫਿਓ ਰਿਓ ਦੇ ਪੁੱਤਰ ਹਨ।
ਓਡੀਸ਼ਾ ਕ੍ਰਿਕਟ ਐਸੋਸੀਏਸ਼ ਦੇ ਸਾਬਕਾ ਸਕੱਤਕ ਆਸ਼ਿਰਵਾਦ ਬਹੇਰਾ ਦੀ ਕੁਰਸੀ ਹੁਣ ਉਨ੍ਹਾਂ ਦੇ ਪੁੱਤਰ ਨੂੰ ਮਿਲ ਗਈ ਹੈ।
ਵਿਜੇ ਪਾਟਿਲ ਹੁਣ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਹਨ। ਉਹ ਬਿਹਾਰ ਦੇ ਸਾਬਕਾ ਰਾਜਪਾਲ ਡੀਵਾਈ ਪਾਟਿਲ ਦੇ ਬੇਟੇ ਹਨ। 10-15 ਦਿਨ ਪਹਿਲਾਂ ਹੋਈਆਂ ਚੋਣਾਂ 'ਚ ਕਾਂਗਰਸ ਨੇਤਾ ਸ਼ਾਹ ਆਲਮ ਐੱਸੀਏ ਦੇ ਨਵੇਂ ਮੈਂਬਰ ਚੁਣੇ ਗਏ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=SX6DdrrZmOI
https://www.youtube.com/watch?v=UNmAfNq8CbQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮੁਰਸ਼ਿਦਾਬਾਦ ਦੇ ਸਨਸਨੀਖੇਜ਼ ਟ੍ਰਿਪਲ ਮਰਡਰ ਦਾ ਆਰਐੱਸਐੱਸ ਐਂਗਲ: ਗਰਾਊਂਡ ਰਿਪੋਰਟ
NEXT STORY