ਅਮਨਦੀਪ ਕੌਰ ਸਣੇ ਕਈ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿਸਤਾਨ ਸਰਹੱਦ ਉੱਤੇ ਪਹੁੰਚ ਰਹੇ ਹਨ
"ਬਹੁਤ ਖੁਸ਼ ਹਾਂ ਕਿ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਜਾ ਰਿਹਾ ਹੈ ਹੁਣ ਅਸੀਂ ਗੁਰੂ ਸਾਹਿਬ ਦੀ ਧਰਤੀ ਉੱਤੇ ਜਾ ਕੇ ਉੱਥੇ ਨਤਮਤਸਕ ਹੋਵਾਂਗੇ। ਕਾਫ਼ੀ ਸਮੇਂ ਤੋਂ ਸਾਡਾ ਗੁਰੂ ਸਾਹਿਬ ਤੋਂ ਵਿਛੋੜਾ ਹੋਇਆ ਹੈ, ਸਾਡੀ ਦਿਲੀ ਤਾਂਘ ਸੀ ਕਿ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਹੁਣ ਕਰਤਾਰਪੁਰ ਜਾਣ ਦੀ ਤਾਂਘ ਪੂਰੀ ਹੋਣ ਜਾ ਰਹੀ ਹੈ।"
ਇਹ ਸ਼ਬਦ ਹਨ ਪੰਜਾਬ ਦੇ ਅਜਨਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਦੇ। ਡੇਰਾ ਬਾਬਾ ਨਾਨਕ ਵਿਖੇ ਅਮਨਦੀਪ ਕੌਰ ਨੇ ਪਿੰਡ ਦੀਆਂ ਹੋਰਨਾਂ ਔਰਤਾਂ ਦੇ ਨਾਲ ਭਾਰਤ-ਪਾਕਿਸਤਾਨ ਸਰਹੱਦ ਉੱਤੇ ਲੱਗੀ ਦੂਰਬੀਨ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਦਰਅਸਲ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਹੀ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿਸਤਾਨ ਸਰਹੱਦ ਉੱਤੇ ਪਹੁੰਚ ਰਹੇ ਹਨ।
ਇੱਥੇ ਆਉਣ ਵਾਲੇ ਯਾਤਰੀਆਂ ਦੇ ਚਿਹਰਿਆਂ ਉਤੇ ਲਾਂਘਾ ਖੁੱਲ੍ਹਣ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ। ਔਰਤਾਂ ਦੇ ਇਸ ਗੁਰੱਪ ਵਿਚ ਸ਼ਾਮਲ ਗੁਰਜੀਤ ਕੌਰ ਦਾ ਕਹਿਣਾ ਸੀ ਕਿ ਉਸ ਦੀ ਖੁਸ਼ੀ ਦਾ ਹੁਣ ਕੋਈ ਠਿਕਾਣਾ ਨਹੀਂ ਹੈ। ਹਾਲਾਂਕਿ ਉਨ੍ਹਾਂ ਪਾਕਿਸਤਾਨ ਵਲੋਂ ਯਾਤਰਾ ਲਈ ਰੱਖੀ ਗਈ 20 ਡਾਲਰ ਦੀ ਫੀਸ ਉੱਤੇ ਨਾਖੁਸ਼ੀ ਪ੍ਰਗਟਾਈ।
ਡੇਰਾ ਬਾਬਾ ਨਾਨਕ ਦੇ ਨਾਲ ਲੱਗਦਾ ਪਿੰਡ ਪਖੱਕੇ ਟਾਹਲੀ ਸਾਹਿਬ ਦਾ 80 ਸਾਲਾ ਨਿਰਮਲ ਸਿੰਘ ਵੀ ਲਾਂਘਾ ਖੁਲ੍ਹਣ ਤੋਂ ਖੁਸ਼ ਹੈ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ ਨਾਰੋਵਾਲ ਵਿਖੇ ਹੋਇਆ ਸੀ ਇਸ ਕਰਕੇ ਉਨ੍ਹਾਂ ਨੂੰ ਉਹ ਘਰ ਦੇਖਣ ਦੀ ਤਾਂਘ ਹੈ ਜਿੱਥੇ ਆਨੰਦ ਕਾਰਜ ਦੀ ਰਸਮ ਹੋਈ ਸੀ।
ਇਹ ਵੀ ਪੜ੍ਹੋ:
ਨਿਰਮਲ ਸਿੰਘ ਨੇ ਕਿਹਾ, "ਇੱਕ ਵਾਰ ਮੈਂ ਵੀਜ਼ਾ ਲੈ ਕੇ ਪਾਕਿਸਤਾਨ ਜਾ ਕੇ ਵੀ ਆਇਆ ਸੀ ਪਰ ਉਸ ਵੇਲੇ ਸਿਰਫ਼ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।"
https://www.youtube.com/watch?v=-67EyzPXCT4
ਉਨ੍ਹਾਂ ਅੱਗੇ ਕਿਹਾ, "ਕਰਤਾਰਪੁਰ ਵਿੱਚ ਅੰਬਾਂ ਦੇ ਬਾਗ ਬਹੁਤ ਹੁੰਦੇ ਸਨ। ਅਸੀਂ ਉੱਥੇ ਮੇਲੇ ਦੇਖਣ ਵੀ ਜਾਂਦੇ ਸੀ ਇਸ ਕਰਕੇ ਲਾਂਘਾ ਖੁੱਲ੍ਹਣ ਦੀ ਖ਼ਬਰ ਨੇ ਸਾਡੀਆਂ ਯਾਦਾਂ ਫ਼ਿਰ ਤੋਂ ਤਾਜ਼ਾ ਕਰ ਦਿੱਤੀਆਂ ਹਨ। ਮੇਰੀ ਇੱਛਾ ਹੈ ਕਿ ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਵਾਂ ਪਰ ਉਮਰ ਜ਼ਿਆਦਾ ਹੋਣ ਕਰਕੇ ਇਕੱਲਾ ਜਾਣਾ ਮੁਸ਼ਕਿਲ ਹੈ।"
ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਕੋਈ ਲੈ ਕੇ ਜਾਵੇਗਾ ਤਾਂ ਉਹ ਜ਼ਰੂਰ ਬਾਬੇ ਨਾਨਕ ਦੀ ਨਗਰੀ ਦੇ ਦਰਸ਼ਨ ਕਰਾਗਾ।
ਕਿੱਥੇ ਹੈ ਕਰਤਾਰਪੁਰ
9 ਨਵੰਬਰ ਤੋਂ ਬਾਅਦ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਦਾ ਪਿੰਡ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦਾ ਪਿੰਡ ਕਰਤਾਰੁਪਰ ਆਪਸ ਵਿੱਚ ਜੁੜ ਜਾਣਗੇ।
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ ਜੋ ਕਿ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਪੈਂਦਾ ਹੈ
ਗੁਰਦੁਆਰਾ ਕਰਤਾਰਪੁਰ ਸਾਹਿਬ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਨਜ਼ਦੀਕ ਕੌਮਾਂਤਰੀ ਸਰਹੱਦ ਤੋਂ ਲਗਭਗ 4.5 ਕਿਲੋਮੀਟਰ ਦੂਰ ਸਥਿਤ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਪੈਂਦਾ ਹੈ।
ਹੁਣ ਤੱਕ ਯਾਤਰੀ ਡੇਰਾ ਬਾਬਾ ਨਾਨਕ ਵਿਖੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਦੂਰਬੀਨ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਰਹੇ ਹਨ।
ਕਿਵੇਂ ਕੀਤੀ ਜਾ ਸਕਦੀ ਹੈ ਯਾਤਰਾ
- ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੇ ਪੋਰਟਲ https://prakashpurb550.mha.gov.in/ ਉੱਤੇ ਰਜਿਸਟਰ ਕਰਨਾ ਹੋਵੇਗਾ।
- ਯਾਤਰਾ ਤੋਂ ਚਾਰ ਦਿਨ ਪਹਿਲਾਂ ਯਾਤਰੀਆਂ ਨੂੰ ਯਾਤਰਾ ਦੀ ਸੂਚਨਾ ਮਿਲੇਗੀ।
- ਯਾਤਰਾ ਬਿਨਾ ਵੀਜੇ ਦੀ ਹੋਵੇਗੀ ਪਰ ਇਸ ਦੇ ਲਈ ਇਸ ਆਨ ਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਿਟ ਲੈਣਾ ਜ਼ਰੂਰੀ ਹੋਵੇਗਾ।
- ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ। ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਈ-ਮੇਲ ਆਈ.ਡੀ ਜ਼ਰੂਰੀ ਨਹੀਂ ਹੈ।
- ਹਾਲਾਂਕਿ ਜੇ ਆਨਲਾਈਨ ਵੇਰਵੇ ਜਮ੍ਹਾਂ ਕਰਦੇ ਸਮੇਂ ਈ-ਮੇਲ ਆਈ.ਡੀ ਮੁਹੱਈਆ ਕਰੋਗੇ ਤਾਂ ਇਲੈਕਟਰਾਨਿਕ ਟਰੈਵਲ ਆਥੋਰਾਈਜੇਸ਼ਨ (ਈਟੀਏ) ਨੂੰ ਈ-ਮੇਲ ਵਿੱਚ ਅਟੈਚਮੈਂਟ ਦੇ ਤੌਰ 'ਤੇ ਹਾਸਿਲ ਕੀਤਾ ਜਾ ਸਕਦਾ ਹੈ।
- ਬਦਲ ਦੇ ਤੌਰ 'ਤੇ ਮੋਬਾਇਲ ਸੰਦੇਸ਼ ਵਿਚ ਦਿੱਤੇ ਲਿੰਕ ਤੋਂ ਈਟੀਏ ਡਾਊਨਲੋਡ ਕੀਤਾ ਜਾ ਸਕਦਾ ਹੈ।
- ਭਾਰਤ ਵਲੋਂ ਇਹ ਯਾਤਰਾ ਮੁਫ਼ਤ ਹੈ ਪਰ ਪਾਕਿਸਤਨ ਵਲੋਂ ਪ੍ਰਤੀ ਯਾਤਰੀ 20 ਡਾਲਰ ਦੀ ਫ਼ੀਸ ਲਈ ਜਾਵੇਗੀ ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਹੋਵੇਗੀ।
ਡੇਰਾ ਬਾਬਾ ਨਾਨਕ ਵਿੱਚ ਕੀ ਹੋਵੇਗਾ
ਤੈਅ ਤਾਰੀਖ ਨੂੰ ਯਾਤਰੀ ਡੇਰਾ ਬਾਬਾ ਨਾਨਕ ਵਿਖੇ ਪਹੁੰਚਣਗੇ ਜਿੱਥੇ ਉਹ ਗੁਰੂ ਨਾਨਕ ਦੇਵ ਮਾਰਗ, ਜੋ ਕਿ ਕਰਤਾਰਪੁਰ ਲਾਂਘੇ ਦਾ ਹਿੱਸਾ ਹੈ, ਰਾਹੀਂ ਯਾਤਰੀ ਟਰਮੀਨਲ ਉੱਤੇ ਪਹੁੰਚਣਗੇ। ਕਰਤਾਰਪੁਰ ਤੋਂ ਯਾਤਰੀ ਟਰਮੀਨਲ ਦੀ ਦੂਰੀ 3.6 ਕਿਲੋਮੀਟਰ ਹੈ ਜਿਸ ਲਈ ਚਾਰ ਲੇਨ ਮਾਰਗ ਬਣਾਇਆ ਗਿਆ ਹੈ।
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ
ਟਰਮੀਨਲ ਵਿਚ ਉਹਨਾਂ ਹੀ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਕੋਲ ਯਾਤਰਾ ਪਰਮਿਟ ਹੋਵੇਗਾ। ਭਾਵ ਆਮ ਲੋਕਾਂ ਨੂੰ ਗੇਟ ਉੱਤੇ ਹੀ ਰੁਕਣਾ ਹੋਵੇਗਾ।
ਕਾਗਜ਼ੀ ਕਾਰਵਾਈ ਤੋਂ ਬਾਅਦ ਯਾਤਰੀ ਟਰਮੀਨਲ ਵਿਚ ਜਾਣਗੇ ਜਿਥੇ ਉਹਨਾਂ ਦੀ ਸੁਰੱਖਿਆ ਦੀ ਚੈਕਿੰਗ ਦੇ ਨਾਲ ਇਮੀਗਰੇਸ਼ਨ ਹੋਵੇਗਾ। ਇਸ ਤੋਂ ਬਾਅਦ ਯਾਤਰੀ ਟਰਮੀਨਲ ਦੇ ਅੰਦਰ ਹੀ ਰਸਤੇ ਰਾਹੀਂ ਜ਼ੀਰੋ ਲਾਈਨ ਰਾਹੀਂ ਭਾਰਤ ਵਿਚ ਦਾਖ਼ਲ ਹੋਣਗੇ।
ਕਿਵੇਂ ਪਹੁੰਚਿਆ ਜਾ ਸਕਦਾ ਹੈ ਡੇਰਾ ਬਾਬਾ ਨਾਨਕ
ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦਾ ਹੈ। ਇਸ ਦੇ ਨਾਲ ਲੱਗਦਾ ਸ਼ਹਿਰ ਬਟਾਲਾ ਹੈ ਜਿਸ ਦੀ ਦੂਰੀ ਮਹਿਜ਼ 24 ਕਿਲੋਮੀਟਰ ਹੈ ਜਿਸ ਨੂੰ ਜ਼ਿਲ੍ਹਾ ਰੋਡ ਰਾਹੀਂ ਤੈਅ ਕੀਤਾ ਸਕਦਾ ਹੈ।
ਜੇਕਰ ਤੁਸੀਂ ਹਵਾਈ ਮਾਰਗ ਰਾਹੀਂ ਡੇਰਾ ਬਾਬਾ ਨਾਨਕ ਆਉਣਾ ਚਾਹੁੰਦੇ ਹੋ ਤਾਂ ਨੇੜਲਾ ਹਵਾਈ ਅੱਡਾ ਅੰਮ੍ਰਿਤਸਰ ਹੈ। ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਦੀ ਦੂਰੀ ਸਿਰਫ਼ 45 ਕਿਲੋਮੀਟਰ ਹੈ। ਇੱਥੇ NH354B ਦੁਆਰਾ ਪਹੁੰਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰੇਲ ਅਤੇ ਬੱਸਾਂ ਰਾਹੀਂ ਵੀ ਇਹ ਸ਼ਹਿਰ ਜੁੜਿਆ ਹੋਇਆ ਹੈ।
80 ਸਾਲਾ ਨਿਰਮਲ ਸਿੰਘ ਪਹਿਲਾਂ ਵੀ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ
ਕਰਤਾਰਪੁਰ ਦੀ ਯਾਤਰਾ ਉੱਤੇ ਜਾਣ ਵਾਲੇ ਯਾਤਰੀਆਂ ਨੂੰ ਕਰਤਾਰਪੁਰ ਵਿਖੇ ਰਾਤ ਗੁਜ਼ਾਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਸ ਲਈ ਉਹਨਾਂ ਨੂੰ ਸ਼ਾਮ ਨੂੰ ਵਾਪਸ ਆਉਣਾ ਹੋਵੇਗਾ।
ਜੇਕਰ ਕੋਈ ਯਾਤਰੀ ਡੇਰਾ ਬਾਬਾ ਨਾਨਕ ਵਿਖੇ ਰੁਕਣਾ ਚਾਹੁੰਦਾ ਹੈ ਤਾਂ ਉਸ ਲਈ ਇੱਥੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਵਿਵਸਥਾ ਕੀਤੀ ਗਈ ਹੈ।
ਹਿਦਾਇਤਾਂ
ਯਾਤਰੀਆਂ ਨੂੰ ਸਿਰਫ਼ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ, ਬਾਹਰ ਕਿਸੇ ਹੋਰ ਜਗ੍ਹਾ ਦੀ ਨਹੀਂ।
ਇਹ ਵੀ ਪੜ੍ਹੋ:
ਯਾਤਰੀ ਆਪਣੇ ਨਾਲ ਵੱਧ ਤੋਂ ਵੱਧ 11000 ਰੁਪਏ ਭਾਰਤੀ ਕਰੰਸੀ ਲੈ ਕੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੱਤ ਕਿੱਲੋ ਤੱਕ ਦੇ ਭਾਰ ਦਾ ਇੱਕ ਬੈਗ ਸਮੇਤ ਪੀਣ ਵਾਲਾ ਪਾਣੀ ਆਪਣੇ ਨਾਲ ਲੈ ਕੇ ਜਾ ਸਕਦੇ ਹਨ।
ਯਾਤਰਾ ਦੌਰਾਨ ਉੱਚੀ ਅਵਾਜ਼ ਵਿੱਚ ਸੰਗੀਤ ਵਜਾਉਣਾ ਅਤੇ ਦੂਜਿਆਂ ਦੀ ਤਸਵੀਰ ਲੈਣ ਦੀ ਵੀ ਮਨਾਹੀ ਹੈ।
ਇਹ ਵੀਡੀਓ ਜ਼ਰੂਰ ਦੇਖੋ
https://www.youtube.com/watch?v=xQkMKxiwyh0
https://www.youtube.com/watch?v=JriiiNG3rLs
https://www.youtube.com/watch?v=NIXU5CLDYW4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)

ਮੈਕਸੀਕੋ: ਡ੍ਰਗ ਮਾਫੀਆ ਦੇ ਹਮਲੇ ਵਿੱਚ 9 ਅਮਰੀਕੀਆਂ ਦੀ ਮੌਤ - 5 ਅਹਿਮ ਖ਼ਬਰਾਂ
NEXT STORY