ਏਸ਼ੀਆ ਵਿਚ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੱਚਿਆਂ ਵਿਚ HIV ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ
ਡਾਕਟਰ ਮੁਜ਼ੱਫਰ ਘਾਂਗਰੂ ਪਾਕਿਸਤਾਨ ਦੇ ਲੜਕਾਣਾ ਜ਼ਿਲ੍ਹੇ ਦੇ ਰੱਤੋਡੇਰੋ ਖੇਤਰ ਵਿੱਚ ਗ੍ਰਾਮੀਣ ਹੈਲਥ ਸੈਂਟਰ ਵਿੱਚ ਇੱਕ ਸੱਤ ਸਾਲਾ ਬੱਚੇ ਦੀ ਸਿਹਤ ਜਾਂਚ ਕਰ ਰਹੇ ਸਨ।
ਬੱਚਾ ਬਹੁਤ ਸ਼ਾਂਤ ਸੀ, ਉਹ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਉਸ ਡਾਕਟਰ ਵੱਲ ਦੇਖ ਰਿਹਾ ਸੀ ਜੋ ਉਸਦੇ ਪਿਤਾ ਨਾਲ ਉਸਦੀ ਹਾਲਤ ਬਾਰੇ ਗੱਲ ਕਰ ਰਹੇ ਸਨ।
ਉਸ ਦੀਆਂ ਅੱਖਾਂ ਦੀ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਇੱਕ ਕਾਗਜ਼ 'ਤੇ ਕੁਝ ਲਿਖਿਆ। ਫਿਰ ਉਸਨੇ ਮੁੰਡੇ ਨੂੰ ਆਪਣੀ ਕਮੀਜ਼ ਉਤਾਰਨ ਲਈ ਕਿਹਾ, ਸੈਨੇਟਾਈਜ਼ਰ ਨਾਲ ਆਪਣੇ ਹੱਥ ਸਾਫ ਕੀਤੇ ਅਤੇ ਸਟੈਥੋਸਕੋਪ ਨੂੰ ਬੱਚੇ ਦੀ ਨੰਗੀ ਛਾਤੀ 'ਤੇ ਲਗਾ ਕੇ ਉਸਨੂੰ ਡੂੰਘਾ ਸਾਹ ਲੈਣ ਲਈ ਕਿਹਾ।
ਡਾਕਟਰ ਮੁਜ਼ੱਫਰ ਘਾਂਗਰੂ ਉਸ ਖ਼ੇਤਰ ਦੇ ਸਭ ਤੋਂ ਮਸ਼ਹੂਰ ਬਾਲ ਰੋਗ ਮਾਹਿਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ। ਪਰ ਉਨ੍ਹਾਂ ਨੂੰ ਇਸ ਸਾਲ ਅਪ੍ਰੈਲ ਵਿੱਚ ਰੱਤੋਡੇਰੋ ਵਿੱਚ ਐੱਚਆਈਵੀ ਫੈਲਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੱਥੇ ਇਸਦੀ ਲਪੇਟ ਵਿੱਚ ਜ਼ਿਆਦਾ ਬੱਚੇ ਆਏ ਸਨ।
ਘਾਂਗਰੂ ਨੇ ਦਵਾਈ ਲਿਖੀ ਅਤੇ ਅਗਲੇ ਮਰੀਜ਼ ਨੂੰ ਬੁਲਾਇਆ। ਉਨ੍ਹਾਂ ਦੇ ਕਮਰੇ ਦੇ ਬਾਹਰ ਦਰਜਨ ਦੇ ਲਗਭਗ ਹੋਰ ਮਰੀਜ਼ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।
ਇਨ੍ਹਾਂ ਵਿੱਚ ਕੁਝ ਇੰਨੇ ਛੋਟੇ ਸਨ ਕਿ ਉਹ ਅਜੇ ਕੁਝ ਹਫ਼ਤਿਆਂ ਦੇ ਹੀ ਸਨ। ਪਹਿਲਾਂ ਇਸ ਡਾਕਟਰ ’ਤੇ ਬੱਚਿਆਂ ਵਿੱਚ ਜਾਣ ਬੁੱਝ ਕੇ ਐੱਚਆਈਵੀ ਫੈਲਾਉਣ ਦਾ ਇਲਜ਼ਾਮ ਲਗਾਇਆ ਗਿਆ ਪਰ ਬਾਅਦ ਵਿੱਚ ਉਸਨੂੰ ਕਲੀਨ ਚਿੱਟ ਦਿੱਤੀ ਗਈ। ਹਾਲਾਂਕਿ ਉਹ ਹੁਣ ਡਾਕਟਰੀ ਅਣਗਹਿਲੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜ਼ਮਾਨਤ 'ਤੇ ਰਿਹਾਅ ਹੈ।
ਡਾਕਟਰ ਦਾ ਦਾਅਵਾ ਹੈ, ''ਸਿਹਤ ਅਧਿਕਾਰੀ ਬਹੁਤ ਦਬਾਅ ਵਿੱਚ ਸਨ। ਉਨ੍ਹਾਂ ਨੂੰ ਆਪਣੀ ਅਸਮਰੱਥਾ ਨੂੰ ਢਕਣ ਲਈ ਇੱਕ ਬਲੀ ਦਾ ਬਕਰਾ ਚਾਹੀਦਾ ਸੀ ਅਤੇ ਉਨ੍ਹਾਂ ਨੇ ਮੈਨੂੰ ਬਣਾ ਲਿਆ। ਇਹ ਈਰਖਾ ਵੀ ਸੀ ਕਿਉਂਕਿ ਆਪਣੇ ਕੰਮ ਕਾਰਨ ਮੈਂ ਲੋਕਾਂ ਵਿੱਚ ਹਰਮਨ ਪਿਆਰਾ ਸੀ, ਇਸ ਲਈ ਕੁਝ ਡਾਕਟਰਾਂ ਅਤੇ ਪੱਤਰਕਾਰਾਂ ਨੇ ਇਹ ਸਭ ਕੀਤਾ।''
ਇਹ ਵੀ ਪੜ੍ਹੋ:
ਹਾਲਾਂਕਿ ਉਸਦਾ ਨਿੱਜੀ ਕਲੀਨਿਕ ਅਜੇ ਤੱਕ ਸੀਲ ਹੈ ਜਿੱਥੇ ਉਹ ਰੋਜ਼ਾਨਾ ਦਰਜਨਾਂ ਬੱਚਿਆਂ ਦਾ ਇਲਾਜ ਕਰਦਾ ਸੀ। ਨਾਂਮਾਤਰ ਫੀਸ ਅਤੇ ਜਲਦੀ ਰਾਹਤ ਕਾਰਨ ਰੱਤੋਡੇਰੋ ਦੇ ਨਾਲ ਲੱਗਦੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀ ਉਹ ਪਹਿਲੀ ਪਸੰਦ ਸੀ। ਇਸ ਡਾਕਟਰ 'ਤੇ ਅਜੇ ਕੇਸ ਚੱਲ ਰਿਹਾ ਹੈ।
ਡਾਕਟਰ ਹੀ ਐਚਆਈਵੀ ਪੀੜਤ
ਡਾਕਟਰ ਘਾਂਗਰੂ ਨੇ ਕਿਹਾ, ''ਮੈਂ ਪਿਛਲੇ ਦਸ ਸਾਲਾਂ ਤੋਂ ਇਲਾਜ ਕਰ ਰਿਹਾ ਹਾਂ। ਕਦੇ ਵੀ ਕਿਸੇ ਮਰੀਜ਼ ਨੇ ਇਹ ਸ਼ਿਕਾਇਤ ਨਹੀਂ ਕੀਤੀ ਕਿ ਮੈਂ ਸਰਿੰਜ ਦੀ ਮੁੜ ਵਰਤੋਂ ਕਰਦਾ ਹਾਂ। ਮੈਂ ਕੁਝ ਵੀ ਗ਼ਲਤ ਨਹੀਂ ਕੀਤਾ।''
ਉਸਨੇ ਅੱਗੇ ਕਿਹਾ, ''ਹੇਠਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਚੱਲ ਰਹੀ ਹੈ। ਮੈਨੂੰ ਉਮੀਦ ਹੈ ਕਿ ਕੁਝ ਸੁਣਵਾਈਆਂ ਤੋਂ ਬਾਅਦ ਇਹ ਖ਼ਤਮ ਹੋ ਜਾਵੇਗਾ।''
ਨਜ਼ਰਬੰਦੀ ਦੌਰਾਨ ਡਾਕਟਰ ਨੂੰ ਐੱਚਆਈਵੀ ਪੀੜਤ ਪਾਇਆ ਗਿਆ ਪਰ ਉਹ ਦਾਅਵਾ ਕਰਦਾ ਹੈ ਕਿ ਉਹ ਇਸ ਸਬੰਧੀ ਅਣਜਾਣ ਸੀ।
ਪਾਾਕਿਸਤਾਨ ਵਿਚ ਐਚਆਈਵੀ ਪੀੜਤ ਬੱਚਿਆਂ ਨਾਲ ਅਕਸਰ ਵਿਤਕਰਾ ਕੀਤਾ ਜਾਂਦਾ ਹੈ
ਇਹ ਸਭ ਇਸ ਸਾਲ ਮਈ ਵਿੱਚ ਸ਼ੁਰੂ ਹੋਇਆ ਜਦੋਂ ਰੱਤੋਡੇਰੋ ਦੇ ਦੂਜੇ ਸਥਾਨਕ ਡਾਕਟਰ ਨੇ ਬੱਚਿਆਂ ਵਿੱਚ ਇਸ ਸਬੰਧੀ ਸ਼ੱਕੀ ਲੱਛਣ ਦੇਖੇ, ਜਿਨ੍ਹਾਂ ਨੂੰ ਲੰਬੀ ਬਿਮਾਰੀ ਦੇ ਚੱਲਦਿਆਂ ਉਸਦੇ ਕਲੀਨਿਕ ਵਿੱਚ ਐੱਚਆਈਵੀ ਟੈਸਟ ਕਰਨ ਲਈ ਲਿਆਂਦਾ ਗਿਆ ਸੀ। ਇਹ ਦੇਸ ਵਿੱਚ ਐੱਚਆਈਵੀ ਫੈਲਣ ਦਾ ਸਭ ਤੋਂ ਵੱਡਾ ਮਾਮਲਾ ਸੀ।
ਸਰਕਾਰ ਅਤੇ ਦੂਜੀਆਂ ਸਹਿਯੋਗੀ ਏਜੰਸੀਆਂ ਸੁਚੇਤ ਹੋ ਗਈਆਂ। ਵਿਆਪਕ ਜਾਂਚ ਤੋਂ ਬਾਅਦ 1200 ਤੋਂ ਵੱਧ ਲੋਕਾਂ ਨੂੰ ਐੱਚਆਈਵੀ ਪਾਜ਼ੀਟਿਵ ਪਾਇਆ ਗਿਆ ਜਿਨ੍ਹਾਂ ਵਿੱਚ ਲਗਭਗ ਨੌਂ ਸੌ ਬੱਚੇ ਸਨ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਇਹ ਬਿਮਾਰੀ ਨਹੀਂ ਸੀ।
ਡਾਕਟਰ ਘਾਂਗਰੂ ਦੇ ਕਲੀਨਿਕ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸੁਭਾਣਾ ਖ਼ਾਨ ਦੇ ਪਿੰਡ ਵਿੱਚ 32 ਬੱਚੇ ਐੱਚਆਈਵੀ ਪਾਜ਼ੀਟਿਵ ਸਨ। ਉਨ੍ਹਾਂ ਵਿੱਚੋਂ ਕਿਸੇ ਦੇ ਵੀ ਪਰਿਵਾਰਕ ਮੈਂਬਰ ਨੂੰ ਐੱਚਆਈਵੀ ਨਹੀਂ ਸੀ। ਇਸ ਪਿੰਡ ਦੇ ਬੱਚਿਆਂ ਦੇ ਮਾਪੇ ਬਹੁਤ ਗੁੱਸੇ ਅਤੇ ਦਰਦ ਵਿੱਚ ਸਨ।
ਇਸ ਮਾਮਲੇ ਦਾ ਖੁਲਾਸਾ ਹੋਣ 'ਤੇ ਸਰਕਾਰ ਨੇ ਯੂਨੀਸੈਫ਼ ਦੇ ਸਹਿਯੋਗ ਨਾਲ ਰੱਤੋਡੇਰੋ ਵਿਖੇ ਐੱਚਆਈਵੀ ਇਲਾਜ ਕੇਂਦਰ ਸਥਾਪਿਤ ਕੀਤਾ ਪਰ ਮਾਪਿਆਂ ਲਈ ਅਜੇ ਵੀ ਆਪਣੇ ਬੱਚਿਆਂ ਦੀ ਬਿਮਾਰੀ ਨੂੰ ਸੰਭਾਲਣਾ ਮੁਸ਼ਕਿਲ ਹੈ।
ਇੱਕ ਮਾਂ ਨੇ ਬਹੁਤ ਪਰੇਸ਼ਾਨ ਹੁੰਦਿਆਂ ਦੱਸਿਆ, ''ਮੈਂ ਉਨ੍ਹਾਂ ਨੂੰ ਆਪਣੀ ਬੱਚੀ ਦਾ ਵਜ਼ਨ ਕਰਨ ਅਤੇ ਉਸਨੂੰ ਵਿਟਾਮਿਨ ਦੇਣ ਲਈ ਕਿਹਾ ਪਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਸਿਰਫ਼ ਦਵਾਈਆਂ ਲਿਖ ਸਕਦੇ ਹਨ ਅਤੇ ਮੈਨੂੰ ਇਹ ਆਪਣੇ ਆਪ ਖਰੀਦਣੀਆਂ ਪੈਣਗੀਆਂ।''
ਉਸ ਨੇ ਅੱਗੇ ਕਿਹਾ, ''ਜੇਕਰ ਸਰਕਾਰ ਸਾਨੂੰ ਸਿਰਫ਼ ਸੌ ਰੁਪਏ ਦੀ ਦਵਾਈ ਵੀ ਨਹੀਂ ਦੇ ਸਕਦੀ ਤਾਂ ਅਸੀਂ ਉਸਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ।''
'ਲੋਕ ਸਾਡੇ ਬੱਚਿਆਂ ਤੋਂ ਨਫ਼ਰਤ ਕਰਦੇ ਹਨ'
ਇਸ ਤੋਂ ਪੀੜਤ ਜ਼ਿਆਦਾਤਰ ਬੱਚੇ ਕੁਪੋਸ਼ਣ ਦਾ ਸ਼ਿਕਾਰ ਅਤੇ ਘੱਟ ਵਜ਼ਨ ਵਾਲੇ ਹਨ। ਸਰਕਾਰ ਉਨ੍ਹਾਂ ਨੂੰ ਇਲਾਜ ਕੇਂਦਰ ਵਿੱਚ ਐੱਚਆਈਵੀ ਦੀਆਂ ਮੁਫ਼ਤ ਦਵਾਈਆਂ ਦੇ ਰਹੀ ਹੈ।
ਉਹ ਇਹ ਦਵਾਈਆਂ ਆਲਮੀ ਸਹਾਇਤਾ ਫੰਡ ਦੀ ਮਦਦ ਨਾਲ ਮੁਹੱਈਆ ਕਰਵਾ ਰਹੀ ਹੈ। ਹਾਲਾਂਕਿ ਜ਼ਿਆਦਾਤਰ ਮਾਪਿਆਂ ਦੀ ਆਮਦਨ ਘੱਟ ਹੈ ਅਤੇ ਉਨ੍ਹਾਂ ਨੂੰ ਐੱਚਆਈਵੀ ਲਾਗ ਨਾਲ ਸਬੰਧਿਤ ਹੋਰ ਬਿਮਾਰੀਆਂ ਲਈ ਆਪਣੇ ਪੱਧਰ 'ਤੇ ਦਵਾਈਆਂ ਖਰੀਦਣੀਆਂ ਮੁਸ਼ਕਿਲ ਹਨ।
ਪਰ ਇਹ ਬਹੁਤ ਸ਼ਰਮ ਅਤੇ ਦੁਖ ਵਾਲੀ ਘਟਨਾ ਹੈ ਜਿਸ ਨੇ ਰੱਤੋਡੇਰੋ ਵਿੱਚ ਮਾਪਿਆਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਹੈ। ਉਹ ਮਾਂ ਫਿਰ ਬੋਲੀ, ''ਇਹ ਸਾਡੇ ਬੱਚਿਆਂ ਦੇ ਜੀਵਨ ਦਾ ਸੁਆਲ ਹੈ। ਭਵਿੱਖ ਵਿੱਚ ਉਹ ਇਸ ਨਾਲ ਕਿਵੇਂ ਨਿਪਟਣਗੇ, ਲੋਕ ਇਨ੍ਹਾਂ ਨੂੰ ਨਫ਼ਰਤ ਕਰਦੇ ਹਨ।''
ਇੱਕ ਸਥਾਨਕ ਡਾਕਟਰ ਨੂੰ ਇਲਾਜ ਕਰਵਾਉਣ ਆਏ ਬੱਚੇ ਵਿਚ ਏਡਜ਼ ਦੇ ਲੱਛਣ ਦਿਖੇ ਤਾ ਇਸ ਬਾਰੇ ਪਤਾ ਲੱਗਿਆ
ਉਸਨੇ ਕਿਹਾ ਕਿ ਸਿਰਫ਼ ਬੱਚੇ ਹੀ ਨਹੀਂ ਸਗੋਂ ਮਾਪਿਆਂ ਨੂੰ ਵੀ ਪਿੰਡ ਵਾਲਿਆਂ ਨੇ ਵਿਸਾਰ ਦਿੱਤਾ ਹੈ। ਬੱਚੇ ਐੱਚਆਈਵੀ ਪੀੜਤ ਬੱਚਿਆਂ ਨਾਲ ਖੇਡਦੇ ਨਹੀਂ ਹਨ ਅਤੇ ਉਨ੍ਹਾਂ ਨੂੰ ਸਕੂਲਾਂ ਵਿੱਚ ਜਾਣ 'ਤੇ ਵੀ ਰੋਕਿਆ ਜਾਂਦਾ ਹੈ।
ਇਸ ਸਾਲ ਜੁਲਾਈ ਵਿੱਚ ਜਾਰੀ ਕੀਤੀ ਗਈ ਯੂਐੱਨ ਰਿਪੋਰਟ ਵਿੱਚ ਪਾਕਿਸਤਾਨ ਉਨ੍ਹਾਂ 11 ਦੇਸਾਂ ਵਿੱਚੋਂ ਇੱਕ ਹੈ ਜਿੱਥੇ ਐੱਚਆਈਵੀ ਪੀੜਤ ਸਭ ਤੋਂ ਜ਼ਿਆਦਾ ਹਨ ਅਤੇ ਇਹ ਉਨ੍ਹਾਂ ਪੰਜ ਦੇਸਾਂ ਵਿੱਚ ਸ਼ਾਮਲ ਹੈ ਜਿੱਥੇ ਅੱਧੇ ਤੋਂ ਘੱਟ ਲੋਕਾਂ ਨੂੰ ਆਪਣੇ ਐੱਚਆਈਵੀ ਹੋਣ ਸਬੰਧੀ ਜਾਣਕਾਰੀ ਹੈ।
ਡਾਕਟਰ ਫਾਤਿਮਾ ਮੀਰ ਪਹਿਲੀ ਡਾਕਟਰ ਹੈ ਜੋ ਇਸ ਖੁਲਾਸੇ ਤੋਂ ਬਾਅਦ ਅੱਗੇ ਆਈ। ਉਹ ਕਰਾਚੀ ਵਿੱਚ ਆਗਾ ਖਾਨ ਯੂਨੀਵਰਸਿਟੀ ਹਸਪਤਾਲ ਵਿੱਚ ਬੱਚਿਆਂ ਦੀਆਂ ਲਾਗ ਸਬੰਧੀ ਬਿਮਾਰੀਆਂ ਦੀ ਮਾਹਿਰ ਹੈ।
ਉਨ੍ਹਾਂ ਦੱਸਿਆ, ''ਬਹੁਤ ਸਾਰੀਆਂ ਚੁਣੌਤੀਆਂ ਹਨ, ਇਸਦੀ ਜਾਂਚ ਕਰਨਾ ਚੁਣੌਤੀ ਹੈ। ਜਿੰਨੇ ਮਰੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ, ਉਸ ਲਈ ਸਾਡੇ ਕੋਲ ਪੈਸੇ ਨਹੀਂ ਹਨ। ਇਲਾਜ ਦੀ ਚੁਣੌਤੀ ਹੈ, ਬਾਲਗਾਂ ਦੀ ਤੁਲਨਾ ਵਿੱਚ ਬੱਚਿਆਂ ਦਾ ਇਲਾਜ ਕਰਨਾ ਬਹੁਤ ਮੁਸ਼ਕਿਲ ਹੈ।''
ਡਾਕਟਰ ਫਾਤਿਮਾ ਅੱਗੇ ਦੱਸਦੀ ਹੈ, ''ਦਵਾਈਆਂ ਬਹੁਤ ਮਹਿੰਗੀਆਂ ਹਨ, ਪਾਕਿਸਤਾਨ ਗਲੋਬਲ ਫੰਡ ਜ਼ਰੀਏ ਇਨ੍ਹਾਂ ਨੂੰ ਮੁਫ਼ਤ ਲੈ ਰਿਹਾ ਹੈ।''
ਰੱਤੋਡੇਰੋ ਦੇ ਪ੍ਰਕੋਪ ਨੇ ਪਾਕਿਸਤਾਨ ਵਿੱਚ ਐੱਚਆਈਵੀ ਨੂੰ ਸੁਰਖੀਆਂ ਵਿੱਚ ਲਿਆਂਦਾ ਹੈ। ਸਰਕਾਰੀ ਜਾਂਚ ਰਿਪੋਰਟ ਦੱਸਦੀ ਹੈ ਕਿ ਇਸ ਪ੍ਰਕੋਪ ਲਈ ਸੂਈਆਂ ਦੀ ਮੁੜ ਵਰਤੋਂ ਅਤੇ ਇਸ ਲਾਗ ਨੂੰ ਕੰਟਰੋਲ ਕਰਨ ਦੇ ਮਾੜੇ ਪ੍ਰਬੰਧ ਜ਼ਿੰਮੇਵਾਰ ਹਨ। ਦੇਸ ਦਾ ਮੈਡੀਕਲ ਰਹਿੰਦ-ਖੂਹੰਦ ਪ੍ਰਬੰਧਨ, ਗ਼ੈਰ ਰਜਿਸਟਰਡ ਬਲੱਡ ਬੈਂਕ ਅਤੇ ਜਾਅਲੀ ਡਾਕਟਰਾਂ ਨੇ ਇਸ ਸਮੱਸਿਆ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਲੋਕਾਂ ’ਚ ਡਰ
ਯੂਐੱਨ ਏਡਜ਼ ਦੀ ਕੰਟਰੀ ਡਾਇਰੈਕਟਰ ਮਾਰੀਆ ਇਲੀਨਾ ਬੋਰੋਮਿਓ ਨੇ ਬੀਬੀਸੀ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ ਐੱਚਆਈਵੀ ਲਗਾਤਾਰ ਵਧ ਰਹੀ ਹੈ।
ਦਰਅਸਲ ਇਹ ਦੂਜਾ ਦੇਸ (ਏਸ਼ੀਆ ਵਿੱਚ) ਹੈ ਜਿੱਥੇ ਇਹ ਮਹਾਂਮਾਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 2010 ਤੋਂ 2018 ਵਿੱਚ ਐੱਚਆਈਵੀ ਲਾਗ 57 ਫੀਸਦੀ ਵਧੀ ਹੈ ਅਤੇ 2018 ਦੇ ਅੰਤ ਵਿੱਚ ਸਿਰਫ਼ 10 ਫੀਸਦੀ ਲੋਕਾਂ ਨੂੰ ਹੀ ਜ਼ਰੂਰੀ ਇਲਾਜ ਮਿਲਿਆ ਹੈ।
ਪਰ ਮਾਰੀਆ ਇਲੀਨਾ ਬੋਰੋਮਿਓ ਨੂੰ ਉਮੀਦ ਹੈ ਕਿ ਰੱਤੋਡੇਰੋ ਦਾ ਪ੍ਰਕੋਪ ਪਾਕਿਸਤਾਨ ਦਾ ਇਸ ਬਿਮਾਰੀ ਪ੍ਰਤੀ ਦ੍ਰਿਸ਼ਟੀਕੋਣ ਅਤੇ ਵਿਵਹਾਰ ਬਦਲਣ ਵਿੱਚ ਮਦਦ ਕਰ ਸਕਦਾ ਹੈ।
ਡਾ. ਘੰਗਰੂ ਨੂੰ ਐੱਚਆਈਵੀ ਫੈਲਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ
ਉਨ੍ਹਾਂ ਕਿਹਾ, “ਐੱਚਆਈਵੀ ਏਡਜ਼ ਸਰਕਾਰ ਅਤੇ ਦੂਜੇ ਭਾਈਵਾਲਾਂ ਲਈ ਕੋਈ ਤਰਜੀਹ ਨਹੀਂ ਸੀ, ਜਿਸਦਾ ਅਰਥ ਹੈ ਕਿ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।”
''ਇਸ ਸਬੰਧੀ ਕਿਸੇ ਤਰ੍ਹਾਂ ਦੀ ਵਿਚਾਰ ਚਰਚਾ, ਕੋਈ ਯੋਜਨਾਬੰਦੀ ਅਤੇ ਪ੍ਰੋਗਰਾਮ ਨਹੀਂ ਬਣਾਇਆ ਗਿਆ। ਇੱਥੋਂ ਤੱਕ ਕਿ ਪ੍ਰੋਗਰਾਮ ਲਈ ਬਜਟ ਵੀ ਬਹੁਤ ਹੀ ਘੱਟ ਸੀ।''
ਹਾਲਾਂਕਿ ਯੂਐੱਨ ਏਡਜ਼ ਦੀ ਕੰਟਰੀ ਡਾਇਰੈਕਟ ਦਾ ਮੰਨਣਾ ਹੈ ਕਿ ਰੱਤੋਡੇਰੋ ਪ੍ਰਕੋਪ ਦੇ ਸਾਹਮਣੇ ਆਉਣ ਤੋਂ ਬਾਅਦ ਐੱਚਆਈਵੀ ਲਈ ਜ਼ਿਆਦਾ ਸਰਗਰਮੀ, ਜ਼ਿਆਦਾ ਊਰਜਾ, ਜ਼ਿਆਦਾ ਸਮਾਂ ਅਤੇ ਵਧੀਕ ਸਰੋਤ ਬਣ ਰਹੇ ਹਨ।
ਇਹ ਵੀ ਪੜ੍ਹੋ:
ਇਸ ਲਈ ਇੱਕ ਹੱਲ ਪਹਿਲਾਂ ਹੀ ਤਿਆਰ ਹੈ। ਸਿੰਧ ਦੇ ਸਿਹਤ ਮੰਤਰੀ ਡਾਕਟਰ ਅਜ਼ਰਾ ਪੀਚੂਹੂ ਨੇ ਕਿਹਾ ਕਿ ਸਰਕਾਰ ਹੁਣ ਸਰਕਾਰੀ ਅਤੇ ਨਿੱਜੀ ਸਿਹਤ ਸਹੂਲਤਾਂ ਵਿੱਚ ਇਸ ਲਾਗ ਨੂੰ ਕੰਟਰੋਲ ਕਰਨ ਲਈ ਗੰਭੀਰਤਾ ਨਾਲ ਸਮੀਖਿਆ ਕਰ ਰਹੀ ਹੈ।
''ਅਸੀਂ ਹੁਣ ਅਣਅਧਿਕਾਰਤ ਤੌਰ 'ਤੇ ਚੱਲ ਰਹੇ ਬਲੱਡ ਬੈਂਕਾਂ ਪ੍ਰਤੀ ਬਹੁਤ ਸਖ਼ਤ ਹੋ ਗਏ ਹਾਂ ਜੋ ਕਿ ਲੋੜਵੰਦਾਂ ਲਈ ਖੂਨ ਭੇਜਣ ਤੋਂ ਪਹਿਲਾਂ ਇਸਦੀ ਉਚਿਤ ਜਾਂਚ ਨਹੀਂ ਕਰਦੇ ਹਨ।''
''ਅਸੀਂ ਸਮਾਜ ਵਿੱਚ ਜਾਅਲੀ ਡਾਕਟਰਾਂ 'ਤੇ ਵੀ ਨਜ਼ਰ ਰੱਖ ਰਹੇ ਹਾਂ ਅਤੇ ਆਟੋ- ਲਾਕ ਸਰਿੰਜਾਂ ਬਾਰੇ ਵੀ ਸੋਚ ਰਹੇ ਹਾਂ ਤਾਂ ਕਿ ਇਨ੍ਹਾਂ ਨੂੰ ਮਰੀਜ਼ਾਂ ਲਈ ਵਰਤਣ ਤੋਂ ਬਾਅਦ ਦੁਬਾਰਾ ਨਾ ਵਰਤਿਆ ਜਾ ਸਕੇ। ''
ਆਟੋ-ਲਾਕ ਸਰਿੰਜਾਂ ਖੁਦ ਹੀ ਨਸ਼ਟ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਨਹੀਂ ਵਰਤਿਆ ਜਾ ਸਕਦਾ। ਪਾਕਿਸਤਾਨ ਆਪਣੀ ਸੁਰੱਖਿਅਤ ਟੀਕਾਕਰਨ ਨੀਤੀ ਵੀ ਤਿਆਰ ਕਰ ਰਿਹਾ ਹੈ।
ਸਰਕਾਰ ਅਸੁਰੱਖਿਅਤ ਟੀਕਿਆਂ ਨੂੰ ਐਚਆਈਵੀ ਮਹਾਮਾਰੀ ਫੈਲਣ ਲਈ ਜ਼ਿੰਮੇਵਾਰ ਮੰਨ ਰਹੀ ਹੈ
ਅਗਸਤ ਵਿੱਚ ਸਿਹਤ ਸਬੰਧੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾ ਨੇ ਟਵਿੱਟਰ ਰਾਹੀਂ ਦੱਸਿਆ ਸੀ ਕਿ ਪਾਕਿਸਤਾਨ ਵਿੱਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਪ੍ਰਤੀ ਵਿਅਕਤੀ ਟੀਕੇ ਲਗਾਏ ਜਾਂਦੇ ਹਨ ਅਤੇ ਪਾਕਿਸਤਾਨ ਵਿੱਚ ਲਗਾਏ ਜਾਣ ਵਾਲੇ 95 ਫੀਸਦੀ ਟੀਕੇ ਬੇਲੋੜੇ ਹਨ।
ਉਨ੍ਹਾਂ ਲਿਖਿਆ ਸੀ, ''ਦੇਸ ਵਿੱਚ ਹੈਪੇਟਾਈਟਸ ਸੀ ਅਤੇ ਐੱਚਆਈਵੀ/ਏਡਜ਼ ਵਰਗੀਆਂ ਖੂਨ ਦੀ ਇਨਫੈਕਸ਼ਨ ਨਾਲ ਸਬੰਧਿਤ ਬਿਮਾਰੀਆਂ ਦੇ ਫੈਲਾਅ ਲਈ ਜ਼ਿੰਮੇਵਾਰ ਇਹ ਸਭ ਤੋਂ ਵੱਡਾ ਕਾਰਨ ਹੈ। ਅਸੀਂ ਇਸ ਮੁੱਦੇ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰਨ ਜਾ ਰਹੇ ਹਾਂ।''
ਡਾਕਟਰ ਫਾਤਿਮਾ ਮੀਰ ਵੀ ਇਸ ਨਾਲ ਸਹਿਮਤ ਹਨ।
ਉਨ੍ਹਾਂ ਕਿਹਾ, ''ਇਹ ਸਾਡੇ ਦੇਸ ਦਾ ਸੱਭਿਆਚਾਰ ਹੈ ਕਿ ਜਦੋਂ ਵੀ ਸਾਡੇ ਬੱਚਿਆਂ ਨੂੰ ਕੁਝ ਹੁੰਦਾ ਹੈ ਤਾਂ ਅਸੀਂ ਡਾਕਟਰ ਨੂੰ ਟੀਕਾ ਲਗਾਉਣ ਲਈ ਕਹਿੰਦੇ ਹਾਂ। ਸਾਡੀਆਂ ਅਜਿਹੀਆਂ ਪ੍ਰਥਾਵਾਂ ਸਾਡੇ ਬੱਚਿਆਂ ਨੂੰ ਜੋਖ਼ਮ ਵਿੱਚ ਪਾ ਰਹੀਆਂ ਹਨ।''
ਸਰਕਾਰ ਨੇ ਆਟੋ ਸਰਿੰਜ ਨੀਤੀ ਤਿਆਰ ਕਰ ਲਈ ਹੈ ਅਤੇ ਇਸਨੂੰ ਅਗਲੇ ਕੁਝ ਮਹੀਨਿਆਂ ਵਿੱਚ ਸਮੁੱਚੇ ਦੇਸ ਵਿੱਚ ਲਾਗੂ ਕਰਨ ਦੀ ਉਮੀਦ ਹੈ।
ਪੰਜਾਬ 'ਚ ਸਭ ਵੱਧ ਮਾਮਲੇ
ਪਾਕਿਸਤਾਨ ਵਿੱਚ 2008 ਤੋਂ ਰੱਤੋਡੇਰੋ ਵਿਚ ਐੱਚਆਈਵੀ ਦਾ ਅੱਠਵਾਂ ਪ੍ਰਕੋਪ ਸੀ। ਵੱਡੀ ਗਿਣਤੀ ਵਿੱਚ ਬੱਚਿਆਂ ਦੇ ਐਚਆਈਵੀ ਪੀੜਤ ਹੋਣ ਨਾਲ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।
ਪਰ ਪੰਜਾਬ ਸੂਬਾ ਸਭ ਤੋਂ ਵੱਡਾ ਹੈ ਜਿਸ ਵਿੱਚ ਐੱਚਆਈਵੀ ਦੇ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆਏ ਅਤੇ ਇਸ ਵਿੱਚ ਐੱਚਆਈਵੀ ਪੀੜਤ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਪਰ ਪੰਜਾਬ ਵਿੱਚ ਇਸਨੂੰ ਜ਼ਿਆਦਾਤਰ ਟਰਾਂਸਜੈਂਡਰ, ਸੈਕਸ ਵਰਕਰ, ਸਮਲਿੰਗੀ ਅਤੇ ਮਰਦਾਂ ਨਾਲ ਸੈਕਸ ਕਰਨ ਵਾਲੇ ਮਰਦਾਂ ਤੱਕ ਹੀ ਸੀਮਤ ਮੰਨਿਆ ਜਾਂਦਾ ਹੈ।
ਇਹ ਉਹ ਸੂਬਾ ਹੈ ਜਿੱਥੇ ਐੱਚਆਈਵੀ/ਏਡਜ਼ ਨੂੰ ਬਦਨਾਮੀ ਦਾ ਕਾਰਨ ਮੰਨਿਆ ਜਾਂਦਾ ਹੈ। ਸਰਕਾਰ ਕਈ ਗੈਰ ਸਰਕਾਰੀ ਸੰਗਠਨਾਂ ਦੀ ਮਦਦ ਨਾਲ ਵਧਰੇ ਖ਼ਤਰੇ ਵਾਲੇ ਵਰਗਾਂ ਲਈ ਪ੍ਰੋਗਰਾਮ ਚਲਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਰੀਰਕ ਸਬੰਧ ਬਣਾਉਣ ਵੱਲ ਪ੍ਰੇਰਿਤ ਕੀਤਾ ਜਾ ਸਕੇ।
ਪਾਕਿਸਤਾਨ ਵਿੱਚ ਵਿਆਹ ਤੋਂ ਬਾਹਰ ਸਰੀਰਿਕ ਸਬੰਧ ਅਤੇ ਸਮਲਿੰਗਤਾ ਗੈਰਕਾਨੂੰਨੀ ਹੈ ਇਸ ਲਈ ਇਹ ਗ਼ੈਰ-ਸਰਕਾਰੀ ਸੰਗਠਨ ਖੁੱਲ੍ਹ ਕੇ ਕੰਮ ਨਹੀਂ ਕਰ ਰਹੇ ਅਤੇ ਵੱਡੀ ਗਿਣਤੀ ਲੋਕਾਂ ਤੱਕ ਪਹੁੰਚਣ ਵਿੱਚ ਸਮਰੱਥ ਨਹੀਂ ਹਨ।
ਡਾ. ਮੀਰ ਨੂੰ ਉਮੀਦ ਹੈ ਕਿ ਰੱਤੋਡੇਰੋ ਵਿਚ ਲੋਕਾਂ ਨੂੰ ਜਾਗਰਕੂ ਕੀਤਾ ਜਾਵੇਗਾ ਤਾਂ ਉਹ ਇਸ ਨਾਲ ਜੁੜੀ ਸ਼ਰਮ ਤੋਂ ਬਾਹਰ ਨਿਕਲ ਸਕਣਗੇ
ਜਿਨ੍ਹਾਂ ਲੋਕਾਂ ਵਿਚ ਐਚਆਈਵੀ ਦਾ ਖ਼ਤਰਾ ਹੈ ਉਹ ਇਸ ਬਿਮਾਰੀ ਨਾਲ ਜੁੜੀ ਬਦਨਾਮੀ ਕਾਰਨ ਅਸੁਰੱਖਿਅਤ ਮਹਿਸੂਸ ਕਰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪਾਕਿਸਤਾਨ ਵਿੱਚ ਐੱਚਆਈਵੀ/ਏਡਜ਼ ਨਾਲ ਜੁੜੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ਹੈ।
ਜਿਨ੍ਹਾਂ ਲੋਕਾਂ ਨੂੰ ਆਪਣੇ ਐੱਚਆਈਵੀ ਪੀੜਤ ਹੋਣ ਬਾਰੇ ਪਤਾ ਲੱਗਦਾ ਹੈ, ਉਨ੍ਹਾਂ ਨੂੰ ਸਰਕਾਰ ਕੋਲ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੈ। ਉਨ੍ਹਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਾਇਆ ਜਾਂਦਾ ਹੈ। ਪਰ ਸੰਯੁਕਤ ਰਾਸ਼ਟਰ ਦੀ ਪਾਕਿਸਤਾਨ ਵਿੱਚ ਕੰਟਰੀ ਡਾਇਰੈਕਟਰ ਮਾਰੀਆ ਇਲੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਬਾਰੇ ਪਤਾ ਲੱਗਣ ਦੇ ਡਰ ਕਾਰਨ ਇਲਾਜ ਨਹੀਂ ਕਰਾਉਂਦੇ।
ਡਾ. ਫਾਤਿਮਾ ਮੀਰ ਦਾ ਮੰਨਣਾ ਹੈ ਕਿ ਰੱਤੋਡੇਰੋ ਦੇ ਇਸ ਬਿਮਾਰੀ ਨਾਲ ਪੀੜਤ ਨੌਜਵਾਨ ਇਸ ਸਬੰਧੀ ਪਾਏ ਜਾਣ ਵਾਲੇ ਕਲੰਕ ਦਾ ਅਸਰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, ''ਇਸ ਸਬੰਧੀ ਚੁੱਪ ਰਹਿ ਕੇ ਉਨ੍ਹਾਂ ਦੀ ਬਿਮਾਰੀ ਦੂਰ ਨਹੀਂ ਹੁੰਦੀ। ਉਹ ਮਜ਼ਬੂਤੀ ਨਾਲ ਵਾਪਸ ਆਉਂਦੀ ਹੈ।''
ਡਾਕਟਰ ਫਾਤਿਮਾ ਨੇ ਇਹ ਵੀ ਕਿਹਾ ਕਿ ਰੱਤੋਡੇਰੋ ਦਾ ਪ੍ਰਕੋਪ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਇਸਤੋਂ ਪਹਿਲਾਂ ਸਾਹਮਣੇ ਆਏ ਐੱਚਆਈਵੀ ਦੇ ਮਾਮਲਿਆਂ ਨਾਲ ਸਹੀ ਢੰਗ ਨਾਲ ਨਹੀਂ ਨਿਪਟਿਆ ਗਿਆ।
ਉਨ੍ਹਾਂ ਅੱਗੇ ਕਿਹਾ, ''ਇਸ ਲਈ ਹੁਣ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਪ੍ਰਕੋਪ ਨਾਲ ਸਹੀ ਢੰਗ ਨਾਲ ਨਜਿੱਠਿਆ ਜਾਵੇ ਅਤੇ ਕਾਰਵਾਈ ਕੀਤੀ ਜਾਵੇ, ਜਿਹੜੀ ਕਿ ਟਿਕਾਊ ਹੋਵੇ। ਨਹੀਂ ਤਾਂ ਅਗਲਾ ਪ੍ਰਕੋਪ ਹੋਰ ਵੀ ਵੱਡਾ ਹੋਵੇ ਅਤੇ ਸ਼ਾਇਦ ਬੇਕਾਬੂ ਵੀ ਹੋਵੇ।''
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=E0s9H9FuWBM
https://www.youtube.com/watch?v=Rl583OHG7P8
https://www.youtube.com/watch?v=2VN-LeIfNbA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮੌਜੂਦਾ ਸਰਕਾਰ ਵੇਲੇ ਆਲੋਚਨਾ ਦਾ ਹੌਂਸਲਾ ਨਹੀਂ ਪੈਂਦਾ: ਰਾਹੁਲ ਬਜਾਜ
NEXT STORY