3 ਦਸਬੰਰ ਤੋਂ ਵੱਧੀਆਂ ਕੀਮਤਾਂ ਲਾਗੂ ਹੋ ਜਾਣਗੀਆਂ (ਸੰਕੇਤਕ ਤਸਵੀਰ)
ਭਾਰਤ 'ਚ ਹੁਣ ਉਪਭੋਗਤਾਵਾਂ ਨੂੰ ਮੋਬਾਈਲ ਡਾਟਾ ਲਈ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ, ਕਿਉਂਕਿ ਵੋਡਾਫੋਨ-ਆਈਡੀਆ ਅਤੇ ਏਅਰਟੈਲ ਕੰਪਨੀਆਂ ਨੇ ਰੇਟ ਵਧਾ ਦਿੱਤੇ ਹਨ ਤੇ ਰਿਲਾਇੰਸ ਜੀਓ ਨੇ ਵੀ ਤਿਆਰੀ ਕੱਸ ਲਈ ਹੈ।
3 ਦਸਬੰਰ ਤੋਂ ਵੱਧੀਆਂ ਕੀਮਤਾਂ ਲਾਗੂ ਹੋ ਜਾਣਗੀਆਂ ਅਤੇ ਇਹ ਵਾਧਾ 40 ਫੀਸਦ ਤੋਂ ਵੀ ਵੱਧ ਹੈ।
ਵੋਡਾਫੋਨ-ਆਈਡੀਆ ਅਤੇ ਏਅਰਟੈਲ ਕੰਪਨੀਆਂ ਨੇ ਐਤਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਰਿਲਾਇੰਸ ਜੀਉ 6 ਦਸਬੰਰ ਤੋਂ 'ਆਲ ਇਨ ਵਨ ਪਲਾਨ' ਤਹਿਤ ਕੀਮਤਾਂ 'ਚ ਕਰੀਬ 40 ਫੀਸਦ ਦਾ ਵਾਧਾ ਕਰਨ ਜਾ ਰਹੀ ਹੈ।
ਰਿਲਾਇੰਸ ਜੀਉ ਨੇ ਆਪਣੇ ਬਿਆਨ 'ਚ ਕਿਹਾ ਹੈ, "ਭਾਵੇਂ ਕੀਮਤਾਂ 'ਚ ਕਰੀਬ 40 ਫੀਸਦ ਦਾ ਵਾਧਾ ਹੋਵੇਗਾ, ਪਰ ਉਪਭੋਗਤਾਵਾਂ ਨੂੰ 300 ਫੀਸਦ ਜ਼ਿਆਦਾ ਸੁਵਿਧਾਵਾਂ ਵੀ ਮਿਲਣਗੀਆਂ।"
ਇਹ ਵੀ ਪੜ੍ਹੋ-
ਮੋਬਾਈਲ ਕੰਪਨੀਆਂ ਇਹ ਵਾਧਾ 40 ਫੀਸਦ ਤੋਂ ਵੀ ਵੱਧ ਹੈ (ਸੰਕੇਤਕ ਤਸਵੀਰ)
ਵੋਡਾਫੋਨ-ਆਈਡੀਆ ਪ੍ਰੀਪੇਡ ਦੇ ਪਲਾਨ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ :
ਵੋਡਾਫੋਨ-ਆਈਡੀਆ ਪ੍ਰੀਪੇਡ |
---|
ਪਲਾਨ (ਦਿਨ) | ਪੁਰਾਣੀ ਕੀਮਤ (ਰੁਪਏ) | ਨਵੀਂ ਕੀਮਤ (ਰੁਪਏ) |
28 | 179 | 299 |
84 | 569 | 699 |
365 | 1699 | 2399 |
ਏਅਰਟੈਲ ਪ੍ਰੀਪੇਡ ਦੇ ਪਲਾਨ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
ਏਅਰਟੈਲ ਪ੍ਰੀਪੇਡ |
---|
ਪਲਾਨ (ਦਿਨ) | ਪੁਰਾਣੀ ਕੀਮਤ (ਰੁਪਏ) | ਨਵੀਂ ਕੀਮਤ (ਰੁਪਏ) |
28 | 129 | 148 |
84 | 448 | 598 |
365 | 1699 | 2398 |
ਕੰਪਨੀਆਂ ਕੀਮਤਾਂ ਕਿਉਂ ਵਧਾ ਰਹੀਆਂ ਹਨ?
ਤਿੰਨ ਸਾਲ ਪਹਿਲਾਂ ਟੈਲੀਕਾਮ ਬਜ਼ਾਰ ਵਿਚ ਉਤਰੀ ਰਿਲਾਇੰਸ ਜੀਓ ਕੰਪਨੀ ਕਾਰਨ ਏਅਰਟੈਲ ਅਤੇ ਵੋਡਾਫੋਨ ਨੂੰ ਕਾਫ਼ੀ ਨੁਕਸਾਨ ਹੋਇਆ ਹੈ।
ਰਿਲਾਇੰਸ ਜੀਓ ਵਲੋਂ ਮੋਬਾਈਲ ਡਾਟਾ ਦੀਆਂ ਬੇਹੱਦ ਘੱਟ ਕੀਮਤਾਂ ਕਾਰਨ ਟੈਲੀਕਾਮ ਬਜ਼ਾਰ ਵਿਚ ਹੋਰਨਾਂ 'ਤੇ ਵੀ ਕੀਮਤਾਂ ਘਟਾਉਣ ਦਾ ਦਬਾਅ ਵਧਿਆ ਸੀ।
ਹਾਲਾਂਕਿ ਸਭ ਤੋਂ ਮੁੱਖ ਕਾਰਨ 'ਐਡਜਸਟਡ ਗ੍ਰੌਸ ਰੈਵੇਨਿਊ' (ਏਜੀਆਰ) ਦੀ ਲੜਾਈ ਹੈ।
ਆਮ ਲੋਕਾਂ ਦੀ ਭਾਸ਼ਾ ਵਿਚ ਇਸਦਾ ਮਤਲਬ ਹੈ ਕਿ ਟੈਲੀਕਾਮ ਕੰਪਨੀਆਂ ਦੁਆਰਾ ਪ੍ਰਾਪਤ ਆਮਦਨਾਂ ਦਾ ਕੁਝ ਹਿੱਸਾ ਸਰਕਾਰ ਦੇ ਟੈਲੀਕਾਮ ਵਿਭਾਗ ਨੂੰ ਦੇਣਾ ਪਏਗਾ।
ਟੈਲੀਕਾਮ ਕੰਪਨੀਆਂ ਤੇ ਸਰਕਾਰ ਵਿਚਾਲੇ ਏਜੀਆਰ ਦੀ ਪਰਿਭਾਸ਼ਾ ਨੂੰ ਲੈ ਕੇ ਵਿਵਾਦ ਹੈ।
ਕੰਪਨੀਆਂ ਚਾਹੁੰਦੀਆਂ ਹਨ ਕਿ ਟੈਲੀਕਾਮ ਰੈਵਨਿਊ ਵਿਚ ਸਿਰਫ਼ ਟੈਲੀਕਾਮ ਅਪਰੇਸ਼ਨਾਂ ਤੋਂ ਹੋਈ ਆਮਦਨ ਸ਼ਾਮਿਲ ਕੀਤੀ ਜਾਵੇ ਪਰ ਸਰਕਾਰ ਇਸ ਦੀ ਪਰਿਭਾਸ਼ਾ ਦੇ ਘੇਰੇ ਵਿਚ ਹੋਰ ਵੀ ਕਈ ਚੀਜ਼ਾਂ ਸ਼ਾਮਿਲ ਕਰਨਾ ਚਾਹੁੰਦੀ ਹੈ।
ਇਸ ਵਿਚ ਗੈਰ-ਟੈਲੀਕਾਮ ਮਾਲੀਆ ਜਿਵੇਂ ਕਿ ਵਿਕਰੀ ਅਤੇ ਜਮ੍ਹਾਂ ਰਕਮ 'ਤੇ ਪ੍ਰਾਪਤ ਕੀਤੀ ਵਿਆਜ।
ਪਰ ਸੁਪਰੀਮ ਕੋਰਟ ਨੇ ਸਰਕਾਰ ਦੇ ਹੱਕ ਵਿਚ ਫੈਸਲਾ ਦਿੱਤਾ। ਇਸ ਦਾ ਮਤਲਬ ਹੈ ਕਿ ਟੈਲੀਕਾਮ ਕੰਪਨੀਆਂ ਨੂੰ ਹੁਣ 12.5 ਮਿਲੀਅਨ ਡਾਲਰ ਹੋਰ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ-
ਮਾਹਿਰਾਂ ਦੀ ਰਾਇ
ਬੀਬੀਸੀ ਪੱਤਰਕਾਰ ਨਵੀਨ ਨੇਗੀ ਨੇ ਤਕਨੀਕੀ ਮਾਮਲਿਆਂ ਦੇ ਜਾਣਕਾਰ ਪ੍ਰਸਾਂਤੋ ਕੇ ਰਾਏ ਤੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਖ਼ਿਰ ਟੈਲੀਕਾਮ ਕੰਪਨੀਆਂ ਨੂੰ ਕੀਮਤਾਂ 'ਚ ਇਨ੍ਹਾਂ ਵਾਧਾ ਕਿਉਂ ਕਰਨਾ ਪਿਆ।
"ਟੈਲੀਕਾਮ ਸੈਕਟਰ ਦੀ ਇਹ ਸਥਿਤੀ ਟਲ ਨਹੀਂ ਸਕਦੀ ਸੀ। ਖਰਚ ਦੇ ਹਿਸਾਬ ਨਾਲ ਕੰਪਨੀਆਂ ਦਾ ਬਾਜ਼ਾਰ 'ਚ ਬਚ ਪਾਉਣਾ ਬਹੁਤ ਹੀ ਮੁਸ਼ਕਿਲ ਸੀ। ਇਹ ਘਾਟਾ ਕਈ ਬਿਲੀਅਨ ਡਾਲਰ ਹੋ ਗਿਆ। ਭਾਰਤ 'ਚ 10 ਟੈਲੀਕਾਮ ਕੰਪਨੀਆਂ 'ਚੋਂ ਮਹਿਜ਼ 3 ਹੀ ਬਚੀਆਂ ਹਨ। ਵੋਡਾਫੋਨ ਹੱਟ ਜਾਵੇ, ਤਾਂ ਜੀਓ ਸਣੇ ਮਹਿਜ਼ ਦੋ ਹੀ ਕੰਪਨੀਆਂ ਰਹਿ ਜਾਣਗੀਆਂ।"
ਟੈਲੀਕਾਮ ਕੰਪਨੀਆਂ ਤੇ ਸਰਕਾਰ ਵਿਚਾਲੇ ਏਜੀਆਰ ਦੀ ਪਰਿਭਾਸ਼ਾ ਨੂੰ ਲੈ ਕੇ ਵਿਵਾਦ ਹੈ (ਸੰਕੇਤਕ ਤਸਵੀਰ)
ਉਹਨਾਂ ਅੱਗੇ ਕਿਹਾ, "ਜੀਓ ਨੇ ਕਸਟਮਰ ਐਕਟੀਵੇਸ਼ਨ ਯਾਨਿ ਉਪਭੋਗਤਾ ਜਟਾਉਣ 'ਚ ਕਾਫ਼ੀ ਖਰਚਾ ਕੀਤਾ। ਟੈਲੀਕਾਮ ਇਕ ਮਹਿੰਗਾ ਕਾਰੋਬਾਰ ਹੈ। ਉਪਭੋਗਤਾ ਦਾ ਔਸਤ ਬਿਲ 100-120 ਰੁਪਏ ਤੱਕ ਰਹਿ ਗਿਆ ਜੋ ਦੁਨੀਆਂ 'ਚ ਸਭ ਤੋਂ ਘੱਟ ਸੀ। ਹਾਲਾਂਕਿ ਬਿਲ ਦੀ ਇਹ ਔਸਤ 200-300 ਰੁਪਏ ਹੋਣੀ ਚਾਹਿਦੀ ਸੀ।"
ਸਵਾਲ ਉੱਠਿਆ ਕੀ ਕਿ ਬਾਕੀ ਕੰਪਨੀਆਂ ਇਸ ਨੁਕਸਾਨ ਨੂੰ ਪਹਿਲਾਂ ਅੰਦਾਜ਼ਾ ਨਹੀਂ ਲਗਾ ਸਕੀਆਂ, ਇਸ 'ਤੇ ਪ੍ਰਸਾਂਤੋ ਦਾ ਕਹਿਣਾ ਹੈ, "ਬਾਜ਼ਾਰ ਦੀ ਸਥਿਤੀ ਨੂੰ ਕੰਪਨੀਆਂ ਜ਼ਰੂਰ ਸਮਝ ਰਹੀਆਂ ਸਨ ਪਰ ਜੀਓ ਨਾਲ ਮੁਕਾਬਲਾ ਔਖਾ ਹੋ ਗਿਆ। ਜੀਓ ਨਵਾਂ ਆਪਰੇਟਰ ਸੀ ਜਿਸ ਨੇ ਪੂਰੀ ਨਵੀਂ ਤਕਨੀਕ ਲਗਾਈ। ਜਦਕਿ ਬਾਕੀ ਕੰਪਨੀਆਂ ਪੁਰਾਣੀਆਂ ਤਕਨੀਕਾਂ ਨੂੰ ਹੀ ਅਪਗ੍ਰੇਡ ਕਰਨ 'ਚ ਲੱਗੀਆ ਰਹੀਆਂ।"
"ਜੇਬ੍ਹ ਤੇ ਵਾਧੂ ਬੋਝ ਨਾ ਪਵੇ ਇਸ ਲਈ ਉਪਭੋਗਤਾਵਾਂ ਨੂੰ ਡਾਟਾ ਨੂੰ ਲੈ ਕੇ ਵਿਵਸਥਿਤ ਹੋਣਾ ਚਾਹੀਦਾ। 4ਜੀ ਤੋਂ ਥੋੜ੍ਹਾ ਪਰਹੇਜ਼ ਕਰਨਾ ਚਾਹੀਦਾ ਹੈ। ਫ੍ਰੀ ਵਾਈ-ਫਾਈ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।"
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=1xznOP55alU
https://www.youtube.com/watch?v=ptleDzf_Zwk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਭੋਪਾਲ ਗੈਸ ਤਰਾਸਦੀ ਦੇ 35 ਸਾਲਾਂ ਬਾਅਦ ਕਿਹੋ-ਜਿਹੀ ਹੈ ਜ਼ਿੰਦਗੀ- ਤਸਵੀਰਾਂ
NEXT STORY