10 ਫਰਵਰੀ 1949 ਨੂੰ ਦਿੱਲੀ ਦੇ ਲਾਲ ਕਿਲ੍ਹੇ ਕੋਲ ਆਵਾਜਾਈ ਰੋਕ ਦਿੱਤੀ ਗਈ ਸੀ। ਸੁਰੱਖਿਆ ਬਲ ਵੱਡੀ ਗਿਣਤੀ 'ਚ ਤਾਇਨਾਤ ਸੀ।
ਮਹਾਤਮਾ ਗਾਂਧੀ ਦੇ ਕਤਲ 'ਤੇ ਅਦਾਲਤ ਦਾ ਫ਼ੈਸਲਾ ਆਉਣ ਵਾਲਾ ਸੀ। ਲਾਲ ਕਿਲ੍ਹੇ ਅੰਦਰ ਹੀ ਵਿਸ਼ੇਸ਼ ਅਦਾਲਤ ਬਣਾਈ ਗਈ ਸੀ।
ਠੀਕ 11.20 ਵਜੇ ਨਾਥੂਰਾਮ ਗੋਡਸੇ ਦੇ ਨਾਲ 8 ਹੋਰ ਮੁਲਜ਼ਮ ਕੋਰਟ ਰੂਮ ਵਿੱਚ ਲਿਆਂਦੇ ਗਏ। ਕੇਵਲ ਸਾਵਰਕਰ ਦੇ ਚਿਹਰੇ 'ਤੇ ਗੰਭੀਰਤਾ ਸੀ ਜਦਕਿ ਨਾਥੂਰਾਮ ਗੋਡਸੇ, ਨਾਰਾਇਣ ਆਪਟੇ ਅਤੇ ਵਿਸ਼ਣੂ ਕਰਕਰੇ ਮੁਸਕਰਾਉਂਦੇ ਹੋਏ ਆਏ।
ਬਲੈਕ ਸੂਟ ਵਿੱਚ ਜੱਜ ਆਤਮ ਚਰਨ ਕੋਰਟ ਰੂਮ ਵਿੱਚ ਸਵੇਰੇ 11.30 ਵਜੇ ਪਹੁੰਚੇ।
ਜੱਜ ਨੇ ਬੈਠਦਿਆਂ ਹੀ ਨਾਥੂਰਾਮ ਗੋਡਸੇ ਦਾ ਨਾਮ ਪੁਕਾਰਿਆ, ਜਿਸ 'ਤੇ ਗੋਡਸੇ ਖੜ੍ਹੇ ਹੋ ਗਏ। ਫਿਰ ਵਾਰੀ-ਵਾਰੀ ਸਾਰਿਆਂ ਦਾ ਨਾਮ ਬੋਲਿਆ ਗਿਆ।
ਜੱਜ ਆਤਮ ਚਰਨ ਨੇ ਗਾਂਧੀ ਦੇ ਕਤਲ ਵਿੱਚ ਨਾਥੂਰਾਮ ਗੋਡਸੇ ਅਤੇ ਨਾਰਾਇਣ ਆਪਟੇ ਨੂੰ ਫਾਂਸੀ ਦੀ ਸਜ਼ਾ ਸੁਣਾਈ। ਵਿਸ਼ਣੂ ਕਰਕਰੇ,ਮਦਨ ਲਾਲ ਪਾਹਵਾ, ਸ਼ੰਕਰ ਕਿਸਟਿਆ, ਗੋਪਾਲ ਗੋਡਸੇ ਅਤੇ ਦੱਤਾਤ੍ਰੇਆ ਪਰਚੁਰੇ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਜੱਜ ਨੇ ਸਾਵਰਕਰ ਨੂੰ ਬੇਗੁਨਾਹ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ।
ਫ਼ੈਸਲਾ ਸੁਣਨ ਤੋਂ ਬਾਅਦ ਕਟਹਿਰੇ ਤੋਂ ਨਿਕਲਦਿਆਂ ਹੋਇਆਂ ਗੋਡਸੇ ਸਣੇ ਸਾਰਿਆਂ ਨੇ 'ਹਿੰਦੂ ਧਰਮ ਜੈ, ਤੋੜ ਦੇ ਰਹਿਣਗੇ ਪਾਕਿਸਤਾਨ ਅਤੇ ਹਿੰਦੀ ਹਿੰਦੂ ਹਿੰਦੁਸਤਾਨ' ਦੇ ਨਾਅਰੇ ਲਗਾਏ।
ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਗੋਡਸੇ ਕੋਰਟ ਰੂਮ ਵਿੱਚ ਨਾਅਰੇ ਲਗਾ ਰਹੇ ਸਨ।
ਇਹ ਵੀ ਪੜ੍ਹੋ:
ਗੋਡੇਸੇ ਦਾ 93 ਪੰਨਿਆਂ ਦਾ ਬਿਆਨ
ਲਾਲ ਕਿਲ੍ਹੇ 'ਚ ਸੁਣਵਾਈ ਦੌਰਾਨ 8 ਨਵੰਬਰ 1948 ਨੂੰ ਗਵਾਹੀ ਪੂਰੀ ਹੋਣ ਤੋਂ ਬਾਅਦ ਕੋਰਟ ਨੇ ਨਾਥੂਰਾਮ ਗੋਡਸੇ ਕੋਲੋਂ ਪੁੱਛਿਆ ਕਿ ਉਹ ਕੁਝ ਕਹਿਣਾ ਚਾਹੁੰਦੇ ਹਨ?
ਇਸ 'ਤੇ ਗੋਡਸੇ ਨੇ ਕਿਹਾ ਕਿ ਉਹ 93 ਪੰਨਿਆਂ ਦਾ ਆਪਣਾ ਬਿਆਨ ਪੜ੍ਹਨਾ ਚਾਹੁੰਦੇ ਹਨ।
ਗੋਡਸੇ ਨੇ 10.15 ਵਜੇ ਤੋਂ ਬਿਆਨ ਪੜ੍ਹਨਾ ਸ਼ੁਰੂ ਕੀਤਾ। ਬਿਆਨ ਪੜ੍ਹਨ ਤੋਂ ਪਹਿਲਾਂ ਉਨ੍ਹਾਂ ਨੇ ਦੱਸਿਆ ਕਿ ਲਿਖਤੀ ਬਿਆਨ 6 ਹਿੱਸਿਆਂ ਵਿੱਚ ਹੈ।
- ਗੋਡਸੇ ਨੇ ਕਿਹਾ ਕਿ ਪਹਿਲੇ ਹਿੱਸੇ ਵਿੱਚ ਸਾਜ਼ਿਸ਼ ਅਤੇ ਉਸ ਨਾਲ ਜੁੜੀਆਂ ਚੀਜ਼ਾਂ
- ਦੂਜੇ ਹਿੱਸੇ ਵਿੱਚ ਗਾਂਧੀ ਦੀ ਸ਼ੁਰੂਆਤੀ ਸਿਆਸਤ
- ਤੀਜਾ ਹਿੱਸਾ ਗਾਂਧੀ ਦੀ ਸਿਆਸਤ ਦੇ ਆਖ਼ਰੀ ਗੇੜ
- ਚੌਥਾ ਹਿੱਸਾ ਗਾਂਧੀ ਜੀ ਅਤੇ ਭਾਰਤ ਦੀ ਸੁਤੰਤਰਤਾ ਦੀ ਲੜਾਈ
- ਪੰਜਵਾਂ ਹਿੱਸਾ ਆਜ਼ਾਦੀ ਦੇ ਸੁਪਨਿਆਂ ਦਾ ਬਿਖਰਨਾ
- ਆਖ਼ਰੀ ਤੇ ਛੇਵਾਂ ਹਿੱਸਾ 'ਰਾਸ਼ਟਰ ਵਿਰੋਧੀ ਤੁਸ਼ਟੀਕਰਨ' ਦੀ ਨੀਤੀ
ਗੋਡਸੇ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬਿਆਨ ਨੂੰ ਕੋਈ ਬਿਨਾਂ ਸੰਦਰਭ ਦੇ ਨਾ ਛਾਪੇ। 45 ਮਿੰਟ ਪੜ੍ਹਨ ਦੇ ਬਾਅਦ ਗੋਡਸੇ ਕੋਰਟ ਰੂਮ ਵਿੱਚ ਹੀ ਚੱਕਰ ਖਾ ਕੇ ਡਿੱਗ ਗਏ।
ਕੁਝ ਦੇਰ ਬਾਅਦ ਉਨ੍ਹਾਂ ਨੇ ਮੁੜ ਤੋਂ ਲਿਖਤੀ ਬਿਆਨ ਪੜ੍ਹਨਾ ਸ਼ੁਰੂ ਕੀਤਾ ਅਤੇ ਪੂਰਾ ਪੜ੍ਹਨ ਵਿੱਚ 5 ਘੰਟੇ ਦਾ ਸਮਾਂ ਲੱਗਾ। ਇਸ ਦੌਰਾਨ ਉਹ ਵਾਰ-ਵਾਰ ਪਾਣੀ ਪੀਂਦੇ ਰਹੇ। ਗੋਡਸੇ ਨੇ ਆਪਣੇ ਬਿਆਨ ਦਾ ਅੰਤ 'ਅਖੰਡ ਭਾਰਤ ਅਮਰ ਰਹੇ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਨਾਲ ਕੀਤਾ।
ਗੋਡਸੇ ਨੇ ਇਸ ਬਿਆਨ ਨੂੰ ਚੀਫ਼ ਪ੍ਰੋਸੀਕਿਊਟਰ ਨੇ ਕੋਰਟ ਦੇ ਰਿਕਾਰਡ ਤੋਂ ਹਟਾਉਣ ਦੀ ਅਪੀਲ ਕੀਤੀ ਅਤੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਮਹੱਤਵਹੀਣ ਹੈ। ਇਸ 'ਤੇ ਗੋਡਸੇ ਨੇ ਕੋਰਟ ਵਿੱਚ ਕਿਹਾ ਕਿ ਭਾਰਤ ਦੀ ਵਰਤਮਾਨ ਸਰਕਾਰ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿਉਂਕਿ ਇਹ ਸਰਕਾਰ 'ਮੁਸਲਿਮ ਪ੍ਰਸਤ' ਹੈ।
ਹਾਲਾਂਕਿ ਜੱਜ ਆਤਮ ਚਰਨ ਨੇ ਗੋਡਸੇ ਦੇ ਬਿਆਨ ਨੂੰ ਰਿਕਾਰਡ ਤੋਂ ਹਟਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਦਾਲਤਾਂ ਵਿੱਚ ਲਿਖਤੀ ਬਿਆਨ ਸਵੀਕਾਰ ਕੀਤੇ ਜਾਂਦੇ ਹਨ। ਉਸ ਦਿਨ ਵੀ ਕੋਰਟ ਰੂਮ ਨੱਕੋ-ਨੱਕ ਭਰਿਆ ਸੀ।
ਹਾਂ, ਗਾਂਧੀ ਨੂੰ ਗੋਲੀ ਮੈਂ ਮਾਰੀ- ਗੋਡਸੇ
9 ਨਵੰਬਰ 1948 ਨੂੰ ਜੱਜ ਆਤਮ ਚਰਨ ਨੇ ਨਾਥੂਰਾਮ ਤੋਂ 28 ਸਵਾਲ ਪੁੱਛੇ। ਇੱਕ ਸਵਾਲ ਦੇ ਜਵਾਬ ਵਿੱਚ ਗੋਡਸੇ ਨੇ ਕਿਹਾ ਸੀ, "ਹਾਂ, ਗਾਂਧੀ ਜੀ ਨੂੰ ਗੋਲੀ ਮੈਂ ਮਾਰੀ ਸੀ।ਗੋਲੀ ਮਾਰਨ ਤੋਂ ਬਾਅਦ ਇੱਕ ਆਦਮੀ ਨੇ ਮੈਨੂੰ ਪਿੱਛਿਓਂ ਸਿਰ 'ਤੇ ਮਾਰਿਆ ਅਤੇ ਖ਼ੂਨ ਨਿਕਲਣ ਲੱਗਾ।"
"ਮੈਂ ਉਸ ਨੂੰ ਕਿਹਾ ਕਿ ਜੋ ਮੈਂ ਪਲਾਨ ਕੀਤਾ ਸੀ, ਉਹੀ ਕੀਤਾ ਅਤੇ ਮੈਨੂੰ ਕੋਈ ਪਛਤਾਵਾ ਨਹੀਂ ਹੈ। ਉਸ ਨੇ ਮੇਰੇ ਹੱਥੋਂ ਪਿਸਤੌਲ ਖੋਹ ਲਈ। ਪਿਸਤੌਲ ਆਟੋਮੈਟਿਕ ਸੀ ਅਤੇ ਡਰ ਸੀ ਕਿ ਗ਼ਲਤੀ ਨਾਲ ਕਿਸੇ ਹੋਰ 'ਤੇ ਨਾ ਚੱਲ ਜਾਵੇ। ਉਸ ਆਦਮੀ ਨੇ ਮੇਰੇ ਉੱਪਰ ਪਿਸਤੌਲ ਲਗਾ ਦਿੱਤੀ ਅਤੇ ਕਿਹਾ ਕਿ ਤੈਨੂੰ ਗੋਲੀ ਮਾਰ ਦਿਆਂ। ਮੈਂ ਉਸ ਨੂੰ ਕਿਹਾ ਕਿ ਮੈਨੂੰ ਗੋਲੀ ਮਾਰ ਦਿਓ। ਮੈਂ ਮਰਨ ਲਈ ਤਿਆਰ ਹਾਂ।"
ਮਹਾਤਮਾ ਗਾਂਧੀ ਦੇ ਪੜਪੋਤੇ ਅਤੇ ਗਾਂਧੀ ਕਤਲਕਾਂਡ 'ਤੇ ਇੱਕ ਪ੍ਰਮਾਣਿਕ ਕਿਤਾਬ (ਲੈੱਟਅਸ ਕਿਲ ਗਾਂਧੀ) ਲਿਖਣ ਵਾਲੇ ਤੁਸ਼ਾਰ ਗਾਂਧੀ ਕਹਿੰਦੇ ਹਨ, "ਇਹ ਗੋਡਸੇ ਦਾ ਕੋਰਟ ਰੂਮ ਡਰਾਮਾ ਸੀ। ਉਸ ਨੇ ਸੋਚਿਆ ਸੀ ਕਿ ਉਹ ਬਾਪੂ ਦਾ ਕਤਲ ਕਰਕੇ ਹੀਰੋ ਬਣ ਜਾਵੇਗਾ ਅਤੇ ਉਸ ਦੀ ਕਰਨੀ ਨਾਲ ਹਿੰਦੂ ਸਹਿਮਤ ਹੋ ਜਾਣਗੇ। ਜਦੋਂ ਅਜਿਹਾ ਹੁੰਦਾ ਹੋਇਆ ਨਾ ਦਿਖਿਆ ਤਾਂ ਉਸ ਨੇ ਕੋਰਟ ਰੂਮ ਵਿੱਚ ਨਾਟਕੀ ਅਦਾਜ਼ ਸ਼ੁਰੂ ਕਰਨ ਦੀ ਕੋਸ਼ਿਸ਼।"
30 ਜਨਵਰੀ 1948
ਇੱਕ ਬਹੁਤ ਹੀ ਮਨਹੂਸ ਦਿਨ। ਨਾਥੂਰਾਮ ਗੋਡਸੇ, ਨਾਰਾਇਣ ਆਪਟੇ ਅਤੇ ਵਿਸ਼ਣੂ ਕਰਕਰੇ ਦਿੱਲੀ ਰੇਲਵੇ ਸਟੇਸ਼ਨ ਦੇ ਰੈਸਟੋਰੈਂਟ ਤੋਂ ਨਾਸ਼ਤਾ ਕਰਕੇ ਬਿੜਲਾ ਮੰਦਿਰ ਲਈ ਨਿਕਲ ਗਏ।
ਗੋਡਸੇ ਨੇ ਬਿੜਲਾ ਮੰਦਿਰ ਦੇ ਪਿਛਲੇ ਜੰਗਲ ਵਿੱਚ ਤਿੰਨ ਜਾਂ ਚਾਰ ਰਾਊਂਡ ਫਾਇਰ ਕਰਕੇ ਪਿਸਤੌਲ ਨੂੰ ਪਰਖਿਆ। ਦਿਨ ਦੇ 11.30 ਵਜੇ ਗੋਡਸੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਨਿਕਲ ਗਏ ਅਤੇ ਕਰਕਰੇ ਮਦਰਾਸ ਹੋਟਲ। ਦੁਪਹਿਰ ਬਾਅਦ ਦੋ ਵਜੇ ਕਰਕਰੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚੇ। ਉੱਥੇ ਗੋਡਸੇ ਅਤੇ ਆਪਟੇ ਮਿਲੇ।
https://www.youtube.com/watch?v=Eqw4HkUgfs4
ਸ਼ਾਮ ਦੇ 4.30 ਵਜੇ ਰੇਲਵੇ ਸਟੇਸ਼ਨ ਤੋਂ ਟਾਂਗੇ ਰਾਹੀਂ ਤਿੰਨੇ ਬਿੜਲਾ ਮੰਦਿਰ ਵੱਲ ਨਿਕਲ ਗਏ। ਗੋਡਸੇ ਨੇ ਬਿੜਲਾ ਮੰਦਿਰ ਦੇ ਪਿੱਛੇ ਲੱਗੀ ਸ਼ਿਵਾਜੀ ਦੀ ਮੂਰਤੀ ਦੇ ਦਰਸ਼ਨ ਕੀਤੇ।
ਆਪਟੇ ਅਤੇ ਕਰਕਰੇ ਉਥੋਂ ਕਰੀਬ ਚਾਰ ਕਿਲੋਮੀਟਰ ਦੂਰ ਬਿੜਲਾ ਭਵਨ ਚਲੇ ਗਏ, ਬਿੜਲਾ ਭਵਨ ਅਲਬੁਰਕਕ ਰੋਡ 'ਤੇ ਸੀ, ਜਿਸ ਨੂੰ ਅੱਜ ਤੀਸ ਜਨਵਰੀ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਬਿੜਲਾ ਭਵਨ ਜਿਸ ਨੂੰ ਹੁਣ 'ਗਾਂਧੀ ਸਮਿਤੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਗੋਡਸੇ ਨੇ ਪ੍ਰਾਰਥਨਾ ਸਥਲ ਵੱਲ ਵਧ ਰਹੇ ਮਹਾਤਮਾ ਗਾਂਧੀ ਨੂੰ ਸ਼ਾਮ ਦੇ 5.10 ਵਜੇ ਗੋਲੀ ਮਾਰ ਦਿੱਤੀ। ਗੋਡਸੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਆਪਟੇ ਅਤੇ ਕਰਕਰੇ ਦਿੱਲੀ ਤੋਂ ਭੱਜ ਗਏ।
https://www.youtube.com/watch?v=xPu6nM6J1fk
17 ਸਾਲ ਬਾਅਦ ਜਾਂਚ ਕਮਿਸ਼ਨ ਦਾ ਗਠਨ
ਗਾਂਧੀ ਦੇ ਕਤਲ ਦੇ 17 ਸਾਲ ਬਾਅਦ ਜਾਂਚ ਕਮਿਸ਼ਨ ਕਿਉਂ ਗਠਿਤ ਕੀਤਾ ਗਿਆ, ਇਹ ਇੱਕ ਜ਼ਰੂਰੀ ਸਵਾਲ ਹੈ, ਜਿਸ ਦਾ ਜਵਾਬ ਬਹੁਤ ਮੁਸ਼ਕਿਲ ਨਹੀਂ ਹੈ।
ਗਾਂਧੀ ਦਾ ਕਤਲ ਕੋਈ ਅਚਾਨਕ ਨਹੀਂ ਹੋਇਆ ਸੀ। ਅਸੀਂ ਕਹਿ ਸਕਦੇ ਹਾਂ ਕਿ ਆਜ਼ਾਦ ਭਾਰਤ ਵਿੱਚ ਪੁਲਿਸ ਦੀ ਲਾਪਰਵਾਹੀ ਦੀ ਕਹਾਣੀ ਗਾਂਧੀ ਦੇ ਕਤਲ ਤੋਂ ਹੀ ਸ਼ੁਰੂ ਹੁੰਦੀ ਹੈ।
ਗਾਂਧੀ ਦੇ ਕਤਲ ਦੇ 17 ਸਾਲ ਬਾਅਦ 22 ਮਾਰਚ 1965 ਨੂੰ ਇਸ ਦੀ ਜਾਂਚ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਗਿਆ।
ਇਸ ਜਾਂਚ ਕਮਿਸ਼ਨ ਦੀ ਕਮਾਨ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਜੀਵਨ ਲਾਲ ਕਪੂਰ ਕਮਿਸ਼ਨ ਦੀ ਜਾਂਚ ਦੇ ਨਾਮ ਜਾਣਿਆ ਜਾਂਦਾ ਹੈ।
12 ਅਕਤੂਬਰ 1964 ਨੂੰ ਨਾਥੂਰਾਮ ਗੋਡਸੇ ਦੇ ਛੋਟੇ ਭਰਾ ਗੋਪਾਲ ਗੋਡਸੇ ਤੋਂ ਇਲਾਵਾ ਵਿਸ਼ਣੂ ਕਰਕਰੇ ਅਤੇ ਮਦਨਲਾਲ ਪਾਹਵਾ ਆਜਿਵਨ ਕੈਦ ਦੀ ਸਜ਼ਾ ਕੱਟ ਕੇ ਰਿਹਾ ਹੋਏ।
ਜਦੋਂ ਗੋਪਾਲ ਗੋਡਸੇ ਅਤੇ ਵਿਸ਼ਣੂ ਕਰਕਰੇ ਪੂਣੇ ਪਹੁੰਚੇ ਤਾਂ ਉਨ੍ਹਾਂ ਦੇ ਦੋਸਤਾਂ ਨੇ ਕਿਸੇ ਹੀਰੋ ਵਾਂਗ ਉਨ੍ਹਾਂ ਦਾ ਸਵਾਗਤ ਕਰਨ ਦਾ ਫ਼ੈਸਲਾ ਕੀਤਾ।
ਇਸ ਲਈ ਇੱਕ ਪ੍ਰੋਗਰਾਮ ਉਲੀਕਣ ਦੀ ਯੋਜਨਾ ਬਣੀ, ਜਿਸ ਵਿੱਚ ਇਨ੍ਹਾਂ ਕਾਰਨਾਮੇ ਯਾਨਿ ਗਾਂਧੀ ਦੇ ਕਤਲ ਵਿੱਚ ਇਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਅਤੇ ਉਸ ਦਾ ਜਸ਼ਨ ਮਨਾਉਣ ਦਾ ਫ਼ੈਸਲਾ ਲਿਆ ਗਿਆ।
https://www.youtube.com/watch?v=Fg4PTgLE8fE&t=274s
ਕਤਲ ਦੀ ਸਾਜ਼ਿਸ਼ ਦਾ ਪਹਿਲਾਂ ਹੀ ਕਰ ਦਿੱਤਾ ਸੀ ਖੁਲਾਸਾ
12 ਨਵੰਬਰ 1964 ਨੂੰ ਸੱਤਿਆਵਿਨਾਇਕ ਪੂਜਾ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਆਉਣ ਲਈ ਮਰਾਠੀ ਵਿੱਚ ਲੋਕਾਂ ਨੂੰ ਸੱਦਾ ਭੇਜਿਆ ਗਿਆ।
ਜਿਸ 'ਤੇ ਲਿਖਿਆ ਸੀ ਕਿ ਦੇਸ਼ਭਗਤਾਂ ਦੀ ਰਿਹਾਈ ਦੀ ਖੁਸ਼ੀ ਵਿੱਚ ਪੂਜਾ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਤੁਸੀਂ ਸਾਰੇ ਆ ਕੇ ਇਨ੍ਹਾਂ ਨੂੰ ਵਧਾਈ ਦਿਓ।
ਇਸ ਵਿੱਚ ਕਰੀਬ 200 ਲੋਕ ਸ਼ਰੀਕ ਹੋਏ ਸਨ। ਇਸ ਪ੍ਰੋਗਰਾਮ ਵਿੱਚ ਨਾਥੂਰਾਮ ਗੋਡਸੇ ਨੂੰ ਵੀ ਦੇਸ਼ਭਗਤ ਕਿਹਾ ਗਿਆ।
ਸਭ ਤੋਂ ਹੈਰਾਨ ਕਰਨ ਵਾਲਾ ਰਿਹਾ ਲੋਕਮਾਨਿਆ ਬਾਲਗੰਗਾਧਰ ਤਿਲਕ ਨੇ ਦੋਹਤੇ ਜੀਵੀ ਕੇਤਕਰ ਦਾ ਬਿਆਨ।
ਜੀਵੀ ਕੇਤਕਰ ਉਨ੍ਹਾਂ ਦੋ ਮੈਗਜ਼ੀਨਾਂ, ਕੇਸਰੀ ਅਤੇ ਤਰੁਣ ਭਾਰਤ ਦੇ ਸੰਪਾਦਕ ਰਹੇ ਸਨ, ਜਿਨ੍ਹਾਂ ਨੂੰ ਤਿਲਕ ਨੇ ਸ਼ੁਰੂ ਕੀਤਾ ਸੀ। ਕੇਤਕਰ ਹਿੰਦੂ ਮਹਾਂਸਭਾ ਦੇ ਵਿਚਾਰਕ ਵਜੋਂ ਜਾਣੇ ਜਾਂਦੇ ਸਨ।
ਕੇਤਕਰ ਹੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਨ। ਪੂਜਾ ਤੋਂ ਬਾਅਦ ਗੋਪਾਲ ਗੋਡਸੇ ਅਤੇ ਕਰਕਰੇ ਨੇ ਜੇਲ੍ਹ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਅਤੇ ਇਸੇ ਦੌਰਾਨ ਕੇਤਕਰ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਗਾਂਧੀ ਦੇ ਕਤਲ ਦੀ ਯੋਜਨਾ ਦਾ ਪਤਾ ਸੀ ਅਤੇ ਖ਼ੁਦ ਨਾਥੂਰਾਮ ਗੋਡਸੇ ਨੇ ਹੀ ਦੱਸਿਆ ਸੀ।
ਤਿਲਕ ਨੇ ਨਾਤੀ ਜੀਵੀ ਕੇਤਕਰ ਨੇ ਕਿਹਾ, "ਕੁਝ ਹਫ਼ਤੇ ਪਹਿਲਾਂ ਹੀ ਗੋਡਸੇ ਨੇ ਆਪਣੀ ਇਰਾਦਾ ਸ਼ਿਵਾਜੀ ਮੰਦਿਰ ਵਿੱਚ ਪ੍ਰਬੰਧਤ ਇੱਕ ਸਭਾ ਵਿੱਚ ਜ਼ਾਹਿਰ ਕਰ ਦਿੱਤਾ ਸੀ। ਗੋਡਸੇ ਨੇ ਕਿਹਾ ਸੀ ਕਿ ਗਾਂਧੀ ਕਹਿੰਦੇ ਹਨ ਕਿ ਉਹ 125 ਤੱਕ ਜ਼ਿੰਦਾ ਰਹਿਣਗੇ ਪਰ ਉਨ੍ਹਾਂ 125 ਸਾਲ ਤੱਕ ਜੀਣ ਕੌਣ ਦੇਵੇਗਾ?"
"ਉਦੋਂ ਸਾਡੇ ਨਾਲ ਬਾਲੁਕਾਕਾ ਕਨੈਕਟਰ ਵੀ ਸਨ ਅਤੇ ਗੋਡਸੇ ਦੇ ਭਾਸ਼ਣ ਦੇ ਹਿੱਸੇ ਨੂੰ ਸੁਣ ਕੇ ਪਰੇਸ਼ਾਨ ਹੋ ਗਏ ਸਨ। ਅਸੀਂ ਕਨੈਕਟਰ ਨੂੰ ਭਰੋਸਾ ਦਿਵਾਇਆ ਸੀ ਕਿ ਨਾਥਿਆ, (ਨਾਥੂਰਾਮ) ਨੂੰ ਸਮਝਾਵਾਂਗੇ ਅਤੇ ਅਜਿਹਾ ਕਰਨ ਤੋਂ ਰੋਕਾਗੇ। ਮੈਂ ਨਾਥੂਰਾਮ ਨੂੰ ਪੁੱਛਿਆ ਸੀ ਕਿ ਕੀ ਉਹ ਗਾਂਧੀ ਨੂੰ ਮਾਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਕਿਹਾ ਸੀ ਹਾਂ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਗਾਂਧੀ ਦੇਸ ਵਿੱਚ ਹੋਰ ਸਮੱਸਿਆਵਾਂ ਦਾ ਕਾਰਨ ਬਣੇ।"
ਕੇਤਕਰ ਦਾ ਇਹ ਬਿਆਨ ਪ੍ਰੈੱਸ ਵਿੱਚ ਅੱਗ ਵਾਂਗ ਫੈਲ ਗਿਆ।
ਅਖ਼ਬਾਰ 'ਇੰਡੀਅਨ ਐਕਸਪ੍ਰੈੱਸ' ਨੇ ਜੀਵੀ ਕੇਤਕਰ ਦਾ ਇੰਟਰਵਿਊ ਕਰ ਕੇ ਵਿਸਥਾਰ ਨਾਲ ਰਿਪੋਰਟ ਛਾਪੀ। ਰਿਪੋਰਟ ਵਿੱਚ ਉਹ ਤਸਵੀਰ ਵੀ ਛਾਪੀ ਜਿਸ ਵਿੱਚ ਨਾਥੂਰਾਮ ਗੋਡਸੇ ਦੀ ਤਸਵੀਰ ਨੂੰ ਹਾਰ ਪਹਿਨਾ ਕੇ ਸ਼ਰਧਾਂਜਲੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੇਸ਼ਭਗਤ ਕਿਹਾ ਗਿਆ ਸੀ।
ਇਹ ਵੀ ਪੜ੍ਹੋ:
ਜੀਵੀ ਕੇਤਕਰ ਨੇ ਇੰਡੀਅਨ ਐਕਸਪ੍ਰੈੱਸ ਨੂੰ 14 ਨਵੰਬਰ 1964 ਨੂੰ ਕਿਹਾ ਸੀ, "ਤਿੰਨ ਮਹੀਨੇ ਪਹਿਲਾਂ ਹੀ ਨਾਥੂਰਾਮ ਗੋਡਸੇ ਨੇ ਗਾਂਧੀ ਦੇ ਕਤਲ ਦੀ ਯੋਜਨਾ ਮੈਨੂੰ ਦੱਸੀ ਸੀ। ਜਦੋਂ ਮਦਨ ਲਾਲਾ ਪਾਹਵਾ ਨੇ 20 ਜਨਵਰੀ 1948 ਨੂੰ ਗਾਂਧੀ ਜੀ ਦੀ ਪ੍ਰਾਰਥਨਾ ਸਭਾ ਵਿੱਚ ਬੰਬ ਸੁੱਟਿਆ। ਮੈਨੂੰ ਪਤਾ ਸੀ ਕਿ ਗਾਂਧੀ ਦਾ ਕਤਲ ਹੋਣ ਵਾਲਾ ਹੈ। ਮੈਨੂੰ ਗੋਪਾਲ ਗੋਡਸੇ ਨੇ ਇਸ ਬਾਰੇ ਕਿਸੇ ਨੂੰ ਦੱਸਣ ਤੋਂ ਮਨ੍ਹਾਂ ਕੀਤਾ ਸੀ।"
ਇਸ ਤੋਂ ਬਾਅਦ ਕੇਤਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੋਪਾਲ ਗੋਡਸੇ ਨੂੰ ਵੀ ਫਿਰ ਤੋਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਗਾਂਧੀ ਦੀ ਕਤਲ ਦੇ ਜਾਂਚ ਲਈ ਕਪੂਰ ਕਮਿਸ਼ਨ ਦਾ ਗਠਨ ਕੀਤਾ ਗਿਆ।
ਕਿਹਾ ਗਿਆ ਸੀ ਕਿ ਗਾਂਧੀ ਦਾ ਕਤਲ ਯੋਜਨਾਬੱਧ ਅਤੇ ਸਾਜ਼ਿਸ਼ ਨਾਲ ਕੀਤਾ ਗਿਆ ਹੈ, ਇਸ ਲਈ ਇਸ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ ਅਤੇ ਪਤਾ ਕਰਨਾ ਚਾਹੀਦਾ ਹੈ ਕਿ ਇਸ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਿਲ ਸਨ।
ਗਾਂਧੀ ਦੀ ਕਤਲ ਦੇ ਤਤਕਾਲੀ ਕਾਰਨ
13 ਜਨਵਰੀ, 1948 ਨੂੰ ਦਿਨ ਵਿੱਚ ਕਰੀਬ 12 ਵਜੇ ਮਹਾਤਮਾ ਗਾਂਧੀ ਦੋ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠ ਗਏ। ਪਹਿਲੀ ਮੰਗ ਸੀ ਕਿ ਪਾਕਿਸਤਾਨ ਨੂੰ ਭਾਰਤ 55 ਕਰੋੜ ਰੁਪਏ ਦੇਵੇ ਅਤੇ ਦਿੱਲੀ ਵਿੱਚ ਮੁਸਲਮਾਨਾਂ ਉੱਤੇ ਹੋਣ ਵਾਲੇ ਹਮਲੇ ਰੁਕਣ।
ਗਾਂਧੀ ਦੀ ਭੁੱਖ ਹੜਤਾਲ ਦੇ ਤੀਜੇ ਦਿਨ ਯਾਨਿ 15 ਜਨਵਰੀ ਨੂੰ ਭਾਰਤ ਸਰਕਾਰ ਨੇ ਐਲਾਨ ਕੀਤੀ ਕਿ ਉਹ ਪਾਕਿਸਤਾਨ ਨੂੰ ਤਤਕਾਲ 55 ਕਰੋੜ ਰੁਪਏ ਦੇਵੇਗੀ।
ਇਸ ਐਲਾਨ ਨਾਲ ਗਾਂਧੀ ਖ਼ਿਲਾਫ਼ ਹਿੰਦੂ ਸੰਗਠਨ ਬਹੁਤ ਨਾਰਾਜ਼ ਹੋ ਗਏ। ਖ਼ਾਸ ਤੌਰ 'ਤੇ ਹਿੰਦੂ ਮਹਾਂਸਭਾ। ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਅਤੇ ਉਨ੍ਹਾਂ ਨੇ ਪ੍ਰਾਰਥਨਾ ਤੋਂ ਬਾਅਦ ਭਾਸ਼ਣ ਵਿੱਚ ਕਿਹਾ, "ਮੁਸਲਮਾਨਾਂ ਨੂੰ ਉਨ੍ਹਾਂ ਦੇ ਘਰੋਂ ਬੇਦਖ਼ਲ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਹਿੰਦੂ ਸ਼ਰਨਾਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਸੀ, ਜਿਸ ਕਾਰਨ ਮੁਸਲਮਾਨ ਆਪਣਾ ਘਰ-ਬਾਰ ਛੱਡਣ 'ਤੇ ਮਜਬੂਰ ਹੋਣ।"
ਹਾਲਾਂਕਿ ਤੁਸ਼ਾਰ ਗਾਂਧੀ ਦਾ ਕਹਿਣਾ ਹੈ ਕਿ ਬਾਪੂ ਦੀ ਭੁੱਖ ਹੜਤਾਲ ਦਾ ਮੁੱਖ ਮਕਸਦ ਪਾਕਿਸਤਾਨ ਨੂੰ 55 ਕਰੋੜ ਰੁਪਏ ਦਿਵਾਉਣਾ ਨਹੀਂ ਸੀ ਬਲਕਿ ਸੰਪ੍ਰਦਾਇਕ ਹਿੰਸਾ ਨੂੰ ਰੋਕਣਾ ਅਤੇ ਸੰਪ੍ਰਦਾਇਕ ਸਦਭਾਵਨਾ ਕਾਇਮ ਕਰਨਾ ਸੀ।
ਉਹ ਕਹਿੰਦੇ ਹਨ, "ਜ਼ਾਹਿਰ ਹੈ, ਬਾਪੂ ਪਾਕਿਸਤਾਨ ਨੂੰ 55 ਕਰੋੜ ਰੁਪਏ ਦੇਣ ਦੀ ਮੰਗ ਵੀ ਕਰ ਰਹੇ ਸਨ ਪਰ ਉਨ੍ਹਾਂ ਦਾ ਟੀਚਾ ਵੀ ਇਹੀ ਸੀ ਕਿ ਸੰਪ੍ਰਦਾਇਕ ਸਦਭਾਵਨਾ ਕਾਇਮ ਹੋਵੇ।"
ਕੀ ਨਹਿਰੂ ਅਤੇ ਪਟੇਲ ਪਾਕਿਸਤਾਨ ਨੂੰ 55 ਕਰੋੜ ਰੁਪਏ ਨਹੀਂ ਦੇਣਾ ਚਾਹੁੰਦੇ ਸਨ? ਇਸ ਦੇ ਜਵਾਬ ਵਿੱਚ ਤੁਸ਼ਾਰ ਗਾਂਧੀ ਕਹਿੰਦੇ ਹਨ,"ਕੈਬਨਿਟ ਦਾ ਫ਼ੈਸਲਾ ਸੀ ਕਿ ਜਦੋਂ ਤੱਕ ਦੋਵਾਂ ਦੇਸਾਂ ਵਿਚਾਲੇ ਵੰਡ ਦਾ ਮਸਲਾ ਸੁਲਝ ਨਹੀਂ ਜਾਂਦਾ ਹੈ ਉਦੋਂ ਤੱਕ ਭਾਰਤ-ਪਾਕਿਸਤਾਨ ਨੂੰ 55 ਕਰੋੜ ਰੁਪਏ ਨਹੀਂ ਦੇਣਗੇ। ਹਾਲਾਂਕਿ ਵੰਡ ਤੋਂ ਬਾਅਦ ਦੋਵਾਂ ਦੇਸਾਂ ਵਿੱਚ ਸੰਧੀ ਹੋਈ ਸੀ ਕਿ ਭਾਰਤ ਪਾਕਿਸਤਾਨ ਨੂੰ ਬਿਨਾ ਸ਼ਰਤ ਦੇ 75 ਕਰੋੜ ਰੁਪਏ ਦੇਵੇਗਾ।"
"ਇਨ੍ਹਾਂ ਵਿੱਚੋਂ ਪਾਕਿਸਤਾਨ ਨੂੰ 20 ਕਰੋੜ ਰੁਪਏ ਮਿਲ ਗਏ ਸਨ ਅਤੇ ਬਾਕੀ 55 ਕਰੋੜ ਬਕਾਇਆ ਸੀ। ਪਾਕਿਸਤਾਨ ਨੇ ਇਹ ਪੈਸੇ ਮੰਗਣਾ ਸ਼ੁਰੂ ਕਰ ਦਿੱਤਾ ਸੀ ਅਤੇ ਭਾਰਤ ਵਾਅਦਾਖ਼ਿਲਾਫ਼ੀ ਨਹੀਂ ਕਰ ਸਕਦਾ ਸੀ। ਬਾਪੂ ਨੇ ਕਿਹਾ ਕਿ ਜੋ ਵਾਅਦਾ ਕੀਤਾ ਹੈ ਉਸ ਤੋਂ ਮੁਕਰਿਆ ਨਹੀਂ ਜਾ ਸਕਦਾ। ਜੇ ਅਜਿਹਾ ਹੁੰਦਾ ਤਾਂ ਦੁਵੱਲੀ ਸੰਧੀ ਦਾ ਉਲੰਘਣ ਹੁੰਦਾ ਹੈ।"
ਸਰਕਾਰ ਨੇ ਗਾਂਧੀ ਦੀ ਭੁੱਖ ਹੜਤਾਲ ਦੇ ਦੋ ਦਿਨ ਬਾਅਦ ਹੀ ਪਾਕਿਸਤਾਨ ਨੂੰ 55 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਅਤੇ ਇਸ ਫ਼ੈਸਲੇ ਨਾਲ ਹੀ ਗਾਂਧੀ ਉਗਰ ਹਿੰਦੂਆਂ ਦੀ ਨਜ਼ਰ ਵਿੱਚ ਵਿਲੇਨ ਬਣ ਚੁੱਕੇ ਸਨ।
ਸਰਦਾਰ ਪਟੇਲ ਵੀ ਗਾਂਧੀ ਨਾਲ ਸਹਿਮਤ ਨਹੀਂ ਸਨ ਕਿ ਪਾਕਿਸਤਾਨ ਨੂੰ 55 ਕਰੋੜ ਰੁਪਏ ਦਿੱਤੇ ਜਾਣਗੇ। ਕਪੂਰ ਕਮਿਸ਼ਨ ਦਾ ਜਾਂਚ ਵਿੱਚ ਸਰਦਾਰ ਪਟੇਲ ਦੀ ਬੇਟੀ ਮਣੀਬੇਨ ਪਟੇਲ ਗਵਾਹ ਨੰਬਰ 79 ਵਜੋਂ ਪੇਸ਼ ਹੋਈ ਸੀ।
ਸਰਕਾਰ ਨੇ ਗਾਂਧੀ ਦੀ ਭੁੱਖ ਹੜਤਾਲ ਦੇ ਦੋ ਦਿਨ ਬਾਅਦ ਹੀ ਪਾਕਿਸਤਾਨ ਨੂੰ 55 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਅਤੇ ਇਸ ਫ਼ੈਸਲੇ ਦੇ ਨਾਲ ਹੀ ਗਾਂਧੀ ਉਗਰ ਹਿੰਦੂਆਂ ਦੀ ਨਜ਼ਰ ਵਿੱਚ ਵਿਲਨ ਬਣ ਚੁੱਕੇ ਸਨ। ਸਰਦਾਰ ਪਟੇਲ ਵੀ ਗਾਂਧੀ ਨਾਲ ਸਹਿਮਤ ਨਹੀਂ ਸਨ ਕਿ ਪਾਕਿਤਸਾਨ ਨੂੰ 55 ਕਰੋੜ ਰੁਪਏ ਦਿੱਤੇ ਜਾਣ। ਕਪੂਰ ਕਮਿਸ਼ਨ ਦੀ ਜਾਂਚ ਵਿੱਚ ਸਰਦਾਰ ਪਟੇਲ ਦੀ ਬੇਟੀ ਮਣੀਬੇਨ ਪਟੇਲ ਗਵਾਹ ਨੰਬਰ 79 ਦੇ ਤੌਰ 'ਤੇ ਪੇਸ਼ ਹੋਈ ਸੀ।
ਮਣੀਬੇਨ ਨੇ ਕਪੂਰ ਕਮਿਸ਼ਨ ਨੂੰ ਕਿਹਾ ਸੀ, ''ਮੈਨੂੰ ਯਾਦ ਹੈ ਕਿ ਮੇਰੇ ਪਿਤਾ ਪਾਕਿਸਤਾਨ ਨੂੰ 55 ਕਰੋੜ ਰੁਪਏ ਦੇਣ ਨੂੰ ਲੈ ਕੇ ਮਹਾਤਮਾ ਗਾਂਧੀ ਨਾਲ ਸਹਿਮਤ ਨਹੀਂ ਸਨ। ਮੇਰੇ ਪਿਤਾ ਦਾ ਮੰਨਣਾ ਸੀ ਕਿ ਜੇਕਰ ਪਾਕਿਸਤਾਨ ਨੂੰ ਇਹ ਰਕਮ ਦਿੱਤੀ ਜਾਂਦੀ ਹੈ ਤਾਂ ਲੋਕ ਇਸਤੋਂ ਨਾਰਾਜ਼ ਹੋਣਗੇ ਅਤੇ ਪਾਕਿਸਤਾਨ ਨਾਲ ਵੀ ਸਾਡੀ ਸਮਝ ਇਹ ਹੈ ਕਿ ਸਾਰੇ ਮੁੱਦਿਆਂ ਦੇ ਹੱਲ ਦੇ ਬਾਅਦ ਹੀ ਇਹ ਰਕਮ ਦਿੱਤੀ ਜਾਵੇ।''
ਮਣੀਬੇਨ ਪਟੇਲ ਨੇ ਕਿਹਾ ਹੈ, ''ਮੇਰੇ ਪਿਤਾ ਦਾ ਕਹਿਣਾ ਸੀ ਕਿ ਪਾਕਿਸਤਾਨ ਨੂੰ ਇਹ ਰਕਮ ਮਿਲੇਗੀ ਤਾਂ ਭਾਰਤ ਵਿੱਚ ਲੋਕ ਇਸਦੀ ਗਲਤ ਵਿਆਖਿਆ ਕਰਨਗੇ ਅਤੇ ਪਾਕਿਸਤਾਨ ਇਸ ਪੈਸੇ ਦੀ ਵਰਤੋਂ ਸਾਡੇ ਖ਼ਿਲਾਫ਼ ਕਰ ਸਕਦਾ ਹੈ। ਅਜਿਹੇ ਵਿੱਚ ਸਾਡੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਆਹਤ ਹੋਣਗੀਆਂ। ਮੇਰੇ ਪਿਤਾ ਨੇ ਮਹਾਤਮਾ ਗਾਂਧੀ ਨੂੰ ਇਹ ਵੀ ਕਿਹਾ ਸੀ ਕਿ ਇਸ ਭੁੱਖ ਹੜਤਾਲ ਨੂੰ ਲੋਕ ਠੀਕ ਨਹੀਂ ਮੰਨਣਗੇ ਅਤੇ ਇਸਨੂੰ ਪਾਕਿਸਤਾਨ ਨੂੰ 55 ਕਰੋੜ ਰੁਪਏ ਦਿਵਾਉਣ ਲਈ ਸਰਕਾਰ 'ਤੇ ਦਬਾਅ ਬਣਾਉਣ ਦੇ ਹਥਿਆਰ ਦੇ ਤੌਰ 'ਤੇ ਦੇਖਣਗੇ।''
ਤੁਸ਼ਾਰ ਗਾਂਧੀ ਕਹਿੰਦੇ ਹਨ ਕਿ ਨਹਿਰੂ ਅਤੇ ਪਟੇਲ 55 ਕਰੋੜ ਦੇਣ 'ਤੇ ਸਹਿਮਤ ਨਹੀਂ ਸਨ ਕਿਉਂਕਿ ਉਨ੍ਹਾਂ ਲਈ ਰਾਜ ਭਾਵਨਾ ਮਾਅਨੇ ਰੱਖਦੀ ਸੀ।
ਤੁਸ਼ਾਰ ਕਹਿੰਦੇ ਹਨ, ''ਬਾਪੂ ਸਹੀ ਕੀ ਹੈ ਅਤੇ ਗਲਤ ਕੀ ਹੈ, ਇਸੀ ਆਧਾਰ 'ਤੇ ਫੈਸਲਾ ਕਰਦੇ ਸਨ। ਉਨ੍ਹਾਂ ਲਈ ਮਾਨਵਤਾ ਸਭ ਤੋਂ ਉੱਪਰ ਸੀ। ਉਹ ਵਾਅਦਾਖ਼ਿਲਾਫ਼ੀ ਨਹੀਂ ਕਰ ਸਕਦੇ ਸਨ। ਜਨਭਾਵਨਾ ਦੇ ਦਬਾਅ ਵਿੱਚ ਉਹ ਗਲਤ ਫ਼ੈਸਲੇ ਦਾ ਸਮਰਥਨ ਨਹੀਂ ਕਰ ਸਕਦੇ ਸਨ। ਬਾਪੂ ਨੇ ਉਹੀ ਕਰਨ ਨੂੰ ਕਿਹਾ ਜਿਸਦਾ ਵਾਅਦਾ ਭਾਰਤ ਨੇ ਕੀਤਾ ਸੀ। ਨਹਿਰੂ ਅਤੇ ਪਟੇਲ ਚੋਣ ਰਾਜਨੀਤੀ ਵਿੱਚ ਆ ਚੁੱਕੇ ਸਨ, ਪਰ ਬਾਪੂ ਆਜ਼ਾਦੀ ਦੇ ਬਾਅਦ ਵੀ ਆਪਣੇ ਸਿਧਾਂਤਾਂ 'ਤੇ ਹੀ ਚੱਲ ਰਹੇ ਸਨ। ਬਾਪੂ ਨੂੰ ਨਾ ਜਨ ਭਾਵਨਾ ਤੋਂ ਡਰ ਲੱਗਦਾ ਸੀ ਅਤੇ ਨਾ ਹੀ ਮੌਤ ਤੋਂ।''
ਮਹਾਤਮਾ ਗਾਂਧੀ ਜਦੋਂ ਭੁੱਖ ਹੜਤਾਲ 'ਤੇ ਸਨ ਤਾਂ ਬਿੜਲਾ ਭਵਨ ਵਿੱਚ ਉਨ੍ਹਾਂ ਦੇ ਖ਼ਿਲਾਫ਼ ਲੋਕ ਪ੍ਰਦਰਸ਼ਨ ਵੀ ਕਰ ਰਹੇ ਸਨ। ਲੋਕ ਨਾਰਾਜ਼ ਸਨ ਕਿ ਉਹ ਸਰਕਾਰ ਨੂੰ 55 ਕਰੋੜ ਰੁਪਏ ਦੇਣ 'ਤੇ ਮਜਬੂਰ ਕਰ ਰਹੇ ਹਨ ਅਤੇ ਦਿੱਲੀ ਵਿੱਚ ਮੁਸਲਮਾਨਾਂ ਦੇ ਘਰ ਹਿੰਦੂ ਸ਼ਰਨਾਰਥੀਆਂ ਨੂੰ ਨਹੀਂ ਦੇ ਰਹੇ ਹਨ।
ਦਿੱਲੀ ਵਿੱਚ ਸੰਪਰਦਾਇਕ ਤਣਾਅ ਕਾਰਨ ਮੁਸਲਮਾਨ ਆਪਣਾ ਘਰ ਬਾਰ ਛੱਡ ਕੇ ਬਾਹਰ ਨਿਕਲ ਗਏ ਸਨ। ਉਨ੍ਹਾਂ ਨੂੰ ਪੁਰਾਣੇ ਕਿਲੇ ਅਤੇ ਹੁਮਾਯੂੰ ਦੇ ਕਿਲੇ ਵਿੱਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ:
ਹਿੰਦੂ ਸ਼ਰਨਾਰਥੀ ਮੁਸਲਮਾਨਾਂ ਦੇ ਘਰਾਂ 'ਤੇ ਕਬਜ਼ਾ ਚਾਹੁੰਦੇ ਸਨ ਜਦੋਂ ਕਿ ਗਾਂਧੀ ਇਸਦੇ ਖ਼ਿਲਾਫ਼ ਭੁੱਖ ਹੜਤਾਲ 'ਤੇ ਬੈਠ ਗਏ ਸਨ। ਗਾਂਧੀ ਦੀ ਇਸ ਭੁੱਖ ਹੜਤਾਲ ਖ਼ਿਲਾਫ਼ ਹਿੰਦੂ ਸ਼ਰਨਾਰਥੀ ਗੁੱਸੇ ਵਿੱਚ ਨਾਅਰੇ ਲਗਾ ਰਹੇ ਸਨ- 'ਗਾਂਧੀ ਮਰਤਾ ਹੈ, ਤੋ ਮਰਨੇ ਦੋ'।
ਮਹਾਤਮਾ ਗਾਂਧੀ ਦੇ ਜੀਵਨ ਭਰ ਸਕੱਤਰ ਰਹੇ ਪਿਆਰੇਲਾਲ ਨੇ ਆਪਣੀ ਕਿਤਾਬ 'ਮਹਾਤਮਾ ਗਾਂਧੀ ਦਿ ਲਾਸਟ ਫੇਜ਼' ਵਿੱਚ ਲਿਖਿਆ ਹੈ, ''ਇਸ ਭੁੱਖ ਹੜਤਾਲ ਨਾਲ ਦਿੱਲੀ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਦੁਸ਼ਮਣੀ ਘੱਟ ਕਰਨ ਵਿੱਚ ਬਹੁਤ ਮਦਦ ਮਿਲੀ।''
18 ਜਨਵਰੀ 1948 ਨੂੰ ਇੱਕ ਸ਼ਾਂਤੀ ਕਮੇਟੀ ਬਣੀ। ਮਹਾਤਮਾ ਗਾਂਧੀ ਨੂੰ ਭਰੋਸਾ ਦਿੱਤਾ ਗਿਆ ਕਿ ..ਮਹਿਰੌਲੀ ਵਿੱਚ ਸੂਫ਼ੀ ਸੰਤ ਕੁਤੁਬਉਦੀਨ ਬਖ਼ਤਿਆਰ ਕਾਕੀ ਦਾ ਉਰਸ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ।
ਮੁਸਲਮਾਨ ਦਿੱਲੀ ਦੇ ਆਪਣੇ ਘਰਾਂ ਵਿੱਚ ਜਾ ਸਕਣਗੇ। ਮਸਜਿਦਾਂ ਨੂੰ ਹਿੰਦੂਆਂ ਅਤੇ ਸਿੱਖਾਂ ਦੇ ਕਬਜ਼ੇ ਤੋਂ ਖਾਲੀ ਕਰਾਇਆ ਜਾਵੇਗਾ। ਮੁਸਲਮਾਨ ਇਲਾਕਿਆਂ ਨੂੰ ਗੈਰਕਾਨੂੰਨੀ ਕਬਜ਼ਿਆਂ ਤੋਂ ਛੁਡਾਇਆ ਜਾਵੇਗਾ, ਡਰ ਨਾਲ ਜੋ ਮੁਸਲਮਾਨ ਆਪਣਾ ਘਰ ਛੱਡ ਕੇ ਭੱਜੇ ਹਨ, ਉਨ੍ਹਾਂ ਨੂੰ ਵਾਪਸ ਆਉਣ 'ਤੇ ਹਿੰਦੂ ਇਤਰਾਜ਼ ਨਹੀਂ ਜਤਾਉਣਗੇ।
ਇਨ੍ਹਾਂ ਭਰੋਸਿਆਂ ਦੇ ਬਾਅਦ ਮਹਾਤਮਾ ਗਾਂਧੀ ਨੇ 18 ਜਨਵਰੀ ਨੂੰ ਦੁਪਹਿਰ 12.45 ਵਜੇ ਮੌਲਾਨਾ ਆਜ਼ਾਦ ਦੇ ਹੱਥੋਂ ਸੰਤਰੇ ਦਾ ਜੂਸ ਪੀ ਕੇ ਭੁੱਖ ਹੜਤਾਲ ਖ਼ਤਮ ਕੀਤੀ।
ਇਸਦੇ ਬਾਅਦ ਹਿੰਦੂ ਮਹਾਸਭਾ ਦੇ ਮੰਚ ਹੇਠ ਇੱਕ ਬੈਠਕ ਹੋਈ। ਇਸ ਬੈਠਕ ਵਿੱਚ ਭਾਰਤ ਸਰਕਾਰ ਨੂੰ ਪਾਕਿਸਤਾਨ ਨੂੰ 55 ਕਰੋੜ ਰੁਪਏ ਦੇਣ 'ਤੇ ਮਜਬੂਰ ਕਰਨ ਅਤੇ ਹਿੰਦੂ ਸ਼ਰਣਾਰਥੀਆਂ ਨੂੰ ਮੁਸਲਮਾਨਾਂ ਦੇ ਘਰਾਂ ਵਿੱਚ ਨਾ ਰਹਿਣ ਦੇਣ ਦੀ ਤਿੱਖੀ ਆਲੋਚਨਾ ਕੀਤੀ।
ਇਸ ਬੈਠਕ ਵਿੱਚ ਮਹਾਤਮਾ ਗਾਂਧੀ ਦੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦਾ ਵੀ ਵਰਤੋਂ ਕੀਤੀ ਗਈ। ਉਨ੍ਹਾਂ ਨੂੰ ਤਾਨਾਸ਼ਾਹ ਕਿਹਾ ਗਿਆ ਅਤੇ ਉਨ੍ਹਾਂ ਦੀ ਤੁਲਨਾ ਹਿਟਲਰ ਨਾਲ ਕੀਤੀ ਗਈ। 19 ਜਨਵਰੀ ਨੂੰ ਹਿੰਦੂ ਮਹਾਸਭਾ ਦੇ ਸਕੱਤਰ ਆਸ਼ੂਤੋਸ਼ ਲਾਹਿੜੀ ਨੇ ਹਿੰਦੂਆਂ ਨੂੰ ਸੰਬੋਧਿਤ ਕਰਦੇ ਹੋਏ ਇੱਕ ਪਰਚਾ ਕੱਢਿਆ।
ਪੁਲਿਸ ਦੀ ਰਿਪੋਰਟ ਦੱਸਦੀ ਹੈ ਕਿ ਮੁਸਲਮਾਨਾਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਲੈ ਕੇ ਮਹਾਤਮਾ ਗਾਂਧੀ ਦੀ ਭੁੱਖ ਹੜਤਾਲ ਤੋਂ ਸਿੱਖ ਵੀ ਨਾਰਾਜ਼ ਸਨ।
ਸਿੱਖਾਂ ਨੂੰ ਵੀ ਲੱਗ ਰਿਹਾ ਸੀ ਕਿ ਗਾਂਧੀ ਨੇ ਹਿੰਦੂਆਂ ਅਤੇ ਸਿੱਖਾਂ ਲਈ ਕੁਝ ਨਹੀਂ ਕੀਤਾ। ਪੁਲਿਸ ਦੀ ਰਿਪੋਰਟ ਅਨੁਸਾਰ ਦੂਜੇ ਪਾਸੇ ਮੁਸਲਮਾਨਾਂ ਨੇ 19 ਅਤੇ 23 ਜਨਵਰੀ ਨੂੰ ਦੋ ਪ੍ਰਸਤਾਵ ਪਾਸ ਕਰਕੇ ਕਿਹਾ ਕਿ ਗਾਂਧੀ ਨੇ ਉਨ੍ਹਾਂ ਦੀ ਨਿਰਸਵਾਰਥ ਸੇਵਾ ਕੀਤੀ ਹੈ।
ਗਾਂਧੀ ਦੀ ਹੱਤਿਆ ਦੇ ਪਿਛੋਕੜ ਵਿੱਚ ਇਹ ਘਟਨਾਵਾਂ ਤਤਕਾਲੀ ਕਾਰਨ ਰਹੀਆਂ। 17 ਤੋਂ 19 ਜਨਵਰੀ ਵਿਚਕਾਰ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਹੱਤਿਆ ਕਰਨ ਵਾਲੇ ਦਿੱਲੀ ਟਰੇਨ ਅਤੇ ਫਲਾਇਟ ਵਿੱਚ ਆ ਚੁੱਕੇ ਸਨ।
ਇਹ ਦਿੱਲੀ ਦੇ ਹੋਟਲਾਂ ਅਤੇ ਹਿੰਦੂ ਮਹਾਸਭਾ ਭਵਨ ਵਿੱਚ ਰਹਿ ਰਹੇ ਸਨ। 18 ਜਨਵਰੀ 1948 ਨੂੰ ਕੁਝ ਸਾਜ਼ਿਸ਼ਕਰਤਾ ਸ਼ਾਮ ਨੂੰ ਪੰਜ ਵਜੇ ਬਿੜਲਾ ਭਵਨ ਵਿੱਚ ਮਹਾਤਮਾ ਗਾਂਧੀ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ। ਇਹ ਭੀੜ ਹੋਰ ਥਾਂ ਦਾ ਮੁਆਇਨਾ ਕਰਨ ਗਈ ਸੀ।
19 ਜਨਵਰੀ ਨੂੰ ਹਿੰਦੂ ਮਹਾਸਭਾ ਭਵਨ ਵਿੱਚ ਇਨ੍ਹਾਂ ਦੀ ਬੈਠਕ ਹੋਈ ਅਤੇ ਮਹਾਤਮਾ ਗਾਂਧੀ ਦੀ ਹੱਤਿਆ ਦਾ ਪੂਰਾ ਖਾਕਾ ਤਿਆਰ ਕੀਤਾ ਗਿਆ।
19 ਜਨਵਰੀ ਨੂੰ ਕੁੱਲ ਸੱਤ ਵਿੱਚੋਂ ਤਿੰਨ ਸਾਜ਼ਿਸ਼ਕਰਤਾ ਨਾਥੂਰਾਮ ਵਿਨਾਇਕ ਗੋਡਸੇ, ਵਿਸ਼ਣੂ ਕਰਕਰੇ ਅਤੇ ਨਾਰਾਇਣ ਆਪਟੇ ਬਿੜਲਾ ਹਾਊਸ ਗਏ ਅਤੇ ਪ੍ਰਾਰਥਨਾ ਸਭਾ ਦੀ ਥਾਂ ਦਾ ਮੁਆਇਨਾ ਕੀਤਾ।
ਉਸੇ ਦਿਨ ਸ਼ਾਮ ਨੂੰ ਚਾਰ ਵਜੇ ਉਹ ਫਿਰ ਤੋਂ ਪ੍ਰਾਰਥਨਾ ਸਭਾ ਦੇ ਗਰਾਊਂਡ 'ਤੇ ਗਏ ਅਤੇ ਰਾਤ ਨੂੰ ਦਸ ਵਜੇ ਪੰਜੋਂ ਹਿੰਦੂ ਮਹਾਸਭਾ ਭਵਨ ਵਿੱਚ ਮਿਲੇ।
20 ਜਨਵਰੀ ਨੂੰ ਨਾਥੂਰਾਮ ਗੋਡਸੇ ਦੀ ਤਬੀਅਤ ਖਰਾਬ ਹੋ ਗਈ, ਪਰ ਚਾਰ ਵਿਅਕਤੀ ਫਿਰ ਤੋਂ ਬਿੜਲਾ ਭਵਨ ਗਏ ਅਤੇ ਉੱਥੋਂ ਦੀਆਂ ਗਤੀਵਿਧੀਆਂ ਨੂੰ ਸਮਝਿਆ।
ਬਿੜਲਾ ਭਵਨ ਤੋਂ ਇਹ ਚਾਰੋ ਹਿੰਦੂ ਮਹਾਸਭਾ ਭਵਨ ਵਿੱਚ ਦਿਨ ਵਿੱਚ 10.30 ਵਜੇ ਪਰਤੇ। ਇਸਦੇ ਬਾਅਦ ਹਿੰਦੂ ਮਹਾਸਭਾ ਭਵਨ ਦੇ ਪਿੱਛੇ ਜੰਗਲ ਵਿੱਚ ਇਨ੍ਹਾਂ ਨੇ ਆਪਣੀ ਰਿਵਾਲਵਰ ਦੀ ਜਾਂਚ ਕੀਤੀ।
ਰਿਵਾਲਵਰ ਦੀ ਜਾਂਚ ਤੋਂ ਬਾਅਦ ਫਾਇਨਲ ਯੋਜਨਾ ਸੈੱਟ ਕਰਨ ਲਈ ਇਹ ਸਾਰੇ ਦਿੱਲੀ ਦੇ ਕਨਾਟ ਪਲੇਸ ਦੇ ਮਰੀਨਾ ਹੋਟਲ ਵਿੱਚ ਮਿਲੇ। ਸ਼ਾਮ ਨੂੰ ਪੌਣੇ ਪੰਜ ਵਜੇ ਇਹ ਬਿੜਲਾ ਭਵਨ ਪਹੁੰਚੇ। ਬਿੜਲਾ ਭਵਨ ਦੀ ਕੰਧ ਦੇ ਪਿੱਛੋਂ ਮਦਨਲਾਲ ਪਾਹਵਾ ਨੇ ਪ੍ਰਾਰਥਨਾ ਸਭਾ ਵਿੱਚ ਬੰਬ ਸੁੱਟਿਆ।
ਮਦਨਲਾਲ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਹੈਂਡ ਗਰਨੇਡ ਵੀ ਬਰਾਮਦ ਹੋਇਆ। ਤਿੰਨ ਹੋਰ ਪ੍ਰਾਰਥਨਾ ਸਭਾ ਵਿੱਚ ਸਨ ਅਤੇ ਇਹ ਭੀੜ ਦਾ ਫਾਇਦਾ ਉਠਾ ਕੇ ਭੱਜ ਗਏ।
ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਕਹਿੰਦੇ ਹਨ ਕਿ ਬਾਪੂ ਨੂੰ ਮਾਰਨ ਦੀ ਅਸਲੀ ਸਾਜ਼ਿਸ਼ ਦੀ ਮਿਤੀ 20 ਜਨਵਰੀ ਹੀ ਸੀ, ਪਰ ਉਸ ਦਿਨ ਉਹ ਨਾਕਾਮ ਰਹੇ ਅਤੇ ਦਸ ਦਿਨ ਬਾਅਦ ਗਾਂਧੀ ਜੀ ਦੇ ਜੀਵਨ ਦਾ ਅੰਤਿਮ ਦਿਨ ਆ ਗਿਆ।
ਹੱਤਿਆਕਾਂਡ ਦੀ ਗਹਿਰੀ ਪੜਤਾਲ ਕਰ ਚੁੱਕੇ ਤੁਸ਼ਾਰ ਗਾਂਧੀ ਨੇ ਬੀਬੀਸੀ ਨੂੰ ਦੱਸਿਆ, ''ਇਨ੍ਹਾਂ ਦੀ ਯੋਜਨਾ ਸੀ ਕਿ ਧਮਾਕੇ ਦੇ ਬਾਅਦ ਭਗਦੜ ਮੱਚ ਜਾਵੇਗੀ ਅਤੇ ਦਿਗੰਬਰ ਬੜਗੇ ਗਾਂਧੀ ਜੀ ਨੂੰ ਗੋਲੀ ਮਾਰ ਦੇਵੇਗਾ, ਪਰ ਮਦਨਲਾਲ ਪਾਹਵਾ ਨੇ ਧਮਾਕਾ ਕੀਤਾ ਤਾਂ ਬਾਪੂ ਨੇ ਸਭ ਨੂੰ ਸਮਝਾ ਕੇ ਬੈਠਾ ਦਿੱਤਾ ਅਤੇ ਭਗਦੜ ਨਾ ਮੱਚਣ ਦਿੱਤੀ।
ਅਜਿਹੇ ਵਿੱਚ ਦਿਗੰਬਰ ਬੜਗੇ ਨੂੰ ਗੋਲੀ ਮਾਰਨ ਦਾ ਮੌਕਾ ਨਹੀਂ ਮਿਲਿਆ ਅਤੇ ਉਥੋਂ ਭੱਜਣਾ ਪਿਆ। ਉਸ ਦਿਨ ਗੋਲੀ ਮਾਰਨ ਦੀ ਜ਼ਿੰਮੇਵਾਰੀ ਬੜਗੇ ਨੂੰ ਮਿਲੀ ਸੀ। ਜੇਕਰ 20 ਜਨਵਰੀ ਨੂੰ ਉਹ ਕਾਮਯਾਬ ਹੁੰਦੇ ਤਾਂ ਹਤਿਆਰਾ ਗੋਡਸੇ ਨਹੀਂ ਬਲਕਿ ਦਿਗੰਬਰ ਬੜਗੇ ਹੁੰਦਾ।''
ਹੱਤਿਆ ਦੇ ਦੋ ਮੁੱਖ ਦੋਸ਼ੀ ਨਾਥੂਰਾਮ ਗੋਡਸੇ ਅਤੇ ਨਾਰਾਇਣ ਆਪਟੇ ਉਸੀ ਦਿਨ ਦਿੱਲੀ ਦੇ ਮੁੱਖ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਇਲਾਹਾਬਾਦ, ਕਾਨਪੁਰ ਹੁੰਦੇ ਹੋਏ ਬੰਬੇ ਭੱਜ ਗਏ।
ਇਹ 23 ਜਨਵਰੀ ਦੀ ਸ਼ਾਮ ਨੂੰ ਬੰਬੇ ਪਹੁੰਚੇ। ਤੀਜੇ ਨਾਥੂਰਾਮ ਗੋਡਸੇ ਦੇ ਭਾਈ ਗੋਪਾਲ ਗੋਡਸੇ ਉਸ ਰਾਤ ਦਿੱਲੀ ਦੇ ਫਰੰਟੀਅਰ ਹਿੰਦੂ ਹੋਟਲ ਵਿੱਚ ਰੁਕੇ ਅਤੇ 21 ਜਨਵਰੀ ਦੀ ਸਵੇਰ ਨੂੰ ਫਰੰਟੀਅਰ ਮੇਲ ਤੋਂ ਬੰਬੇ ਲਈ ਨਿਕਲ ਗਏ।
ਚੌਥੇ ਵਿਸ਼ਣੂ ਕਰਕਰੇ 23 ਜਨਵਰੀ ਦੀ ਦੁਪਹਿਰ ਤੱਕ ਦਿੱਲੀ ਵਿੱਚ ਹੀ ਰਹੇ ਅਤੇ ਦੁਪਹਿਰ ਬਾਅਦ ਉਹ ਵੀ ਟਰੇਨ ਅਤੇ ਬਸ ਬਦਲਦੇ ਹੋਏ 26 ਜਨਵਰੀ ਦੀ ਸਵੇਰ ਨੂੰ ਕਲਿਆਣ ਪਹੁੰਚੇ।
ਦਿਗੰਬਰ ਬੜਗੇ ਅਤੇ ਸ਼ੰਕਰ ਕਿਸਟਿਆ 20 ਜਨਵਰੀ ਨੂੰ ਬੰਬੇ ਐਕਸਪ੍ਰੈੱਸ ਤੋਂ ਕਲਿਆਣ ਲਈ ਨਿਕਲੇ ਸਨ ਅਤੇ 22 ਜਨਵਰੀ ਦੀ ਸਵੇਰ ਨੂੰ ਪਹੁੰਚ ਗਏ ਸਨ। ਉਸੀ ਦਿਨ ਇਹ ਪੁਣੇ ਲਈ ਚੱਲ ਪਏ ਸਨ। ਇਸ ਤਰ੍ਹਾਂ ਹੱਤਿਆ ਵਿੱਚ ਸ਼ਾਮਲ ਵਿਅਕਤੀ ਦਿੱਲੀ ਤੋਂ ਭੱਜ ਗਏ ਅਤੇ ਕਿਸੇ ਦਾ ਵੀ ਪਤਾ ਨਹੀਂ ਲੱਗਿਆ।
ਪੁਲਿਸ ਦੀ ਇਤਿਹਾਸਕ ਲਾਪਰਵਾਹੀ
20 ਜਨਵਰੀ ਨੂੰ ਬੰਬ ਸੁੱਟਣ ਦੀ ਖ਼ਬਰ ਅਗਲੇ ਦਿਨ ਅਖ਼ਬਾਰਾਂ ਵਿੱਚ ਛਪੀ। 'ਟਾਈਮਜ਼ ਆਫ ਇੰਡੀਆ,' 'ਦਿ ਸਟੇਟਸਮੈਨ', 'ਬੰਬੇ ਕਰਾਨੀਕਲ' ਵਿੱਚ ਇਹ ਖ਼ਬਰ ਬੈਨਰ ਸਿਰਲੇਖ ਨਾਲ ਛਪੀ। ਉਦੋਂ 'ਟਾਈਮਜ਼ ਆਫ ਇੰਡੀਆ' ਨੂੰ ਇੱਕ ਪੁਲਿਸ ਇੰਸਪੈਕਟਰ ਨੇ ਕਿਹਾ ਸੀ, 'ਬੰਬ ਸ਼ਕਤੀਸ਼ਾਲੀ ਸੀ ਅਤੇ ਇਸ ਨਾਲ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ। ਹੈਂਡ ਗਰਨੇਡ ਮਹਾਤਮਾ ਗਾਂਧੀ ਨੂੰ ਮਾਰਨ ਲਈ ਸੀ।''
'ਬੰਬੇ ਕਰਾਨੀਕਲ' ਵਿੱਚ ਰਿਪੋਰਟ ਛਪੀ ਕਿ ਮਦਨਲਾਲ ਪਾਹਵਾ ਨੇ ਬੰਬ ਸੁੱਟਣ ਦਾ ਗੁਨਾਹ ਕਬੂਲ ਲਿਆ ਹੈ ਅਤੇ ਕਿਹਾ ਕਿ ਉਹ ਮਹਾਤਮਾ ਗਾਂਧੀ ਦੇ ਸ਼ਾਂਤੀ ਅਭਿਆਨ ਤੋਂ ਖ਼ਫ਼ਾ ਹੈ, ਇਸ ਲਈ ਹਮਲਾ ਕੀਤਾ।
ਮਦਨਲਾਲ ਪਾਹਵਾ ਤੋਂ ਪਹਿਲਾਂ ਬਿੜਲਾ ਭਵਨ ਵਿੱਚ ਹੀ ਪੁੱਛਗਿੱਛ ਹੋਈ। ਉਸਦੇ ਬਾਅਦ ਸੰਸਦ ਮਾਰਗ ਪੁਲਿਸ ਸਟੇਸ਼ਨ ਲਿਆਂਦਾ ਗਿਆ। ਪਾਹਵਾ ਤੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਅਤੇ ਉਸਨੇ ਬਿਆਨ ਦਿੱਤੇ।
ਪਾਹਵਾ ਦੇ ਬਿਆਨ ਨੂੰ ਲੈ ਕੇ ਬਹੁਤ ਵਿਵਾਦ ਵੀ ਹੋਇਆ। ਪਾਹਵਾ ਨੇ ਕਰਕਰੇ ਦਾ ਨਾਂ ਲਿਆ ਸੀ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਉਹ ਅਤੇ ਉਸਦੇ ਬਾਕੀ ਸਾਥੀ ਦਿੱਲੀ ਵਿੱਚ ਕਿੱਥੇ ਰੁਕੇ ਸਨ। ਮਰੀਨਾ ਹੋਟਲ ਅਤੇ ਹਿੰਦੂ ਮਹਾਸਭਾ ਭਵਨ 'ਤੇ ਛਾਪੇ ਮਾਰੇ ਗਏ।
ਇਸ ਦੌਰਾਨ ਪਤਾ ਲੱਗਿਆ ਕਿ ਗੋਡਸੇ ਅਤੇ ਆਪਟੇ ਨਾਂ ਬਦਲ ਕੇ ਐੱਸ ਅਤੇ ਐੱਮ. ਦੇਸ਼ਪਾਂਡੇ ਨਾਂ ਨਾਲ ਰੁਕੇ ਸਨ।
ਇਸ ਛਾਪੇ ਵਿੱਚ ਹਿੰਦੂ ਮਹਾਸਭਾ ਦੇ ਕੁਝ ਦਸਤਾਵੇਜ਼ ਵੀ ਬਰਾਮਦ ਹੋਏ। 21 ਜਨਵਰੀ ਨੂੰ 15 ਦਿਨ ਦੇ ਰਿਮਾਂਡ 'ਤੇ ਪਾਹਵਾ ਨੂੰ ਲਿਆ ਗਿਆ। ਸੰਸਦ ਮਾਰਗ ਪੁਲਿਸ ਥਾਣੇ ਤੋਂ ਪਾਹਵਾ ਨੂੰ ਸਿਵਲ ਲਾਈਨਜ਼ ਲਿਆਂਦਾ ਗਿਆ ਅਤੇ 24 ਜਨਵਰੀ ਤੱਕ ਪੁੱਛਗਿੱਛ ਚੱਲੀ।
ਆਪਣੇ ਬਿਆਨ ਵਿੱਚ ਪਾਹਵਾ ਨੇ 'ਹਿੰਦੂ ਰਾਸ਼ਟਰ' ਅਖ਼ਬਾਰ ਦੇ ਮਾਲਕ ਦਾ ਨਾਂ ਲਿਆ, ਪਰ ਮੋਹਰੀ ਅਖ਼ਬਾਰ ਦੇ ਸੰਪਾਦਕ ਦਾ ਨਾਂ ਨਹੀਂ ਲਿਆ ਜਿਸਦੇ ਸੰਪਾਦਕ ਨਾਥੂਰਾਮ ਗੋਡਸੇ ਸਨ। ਮਾਲਕ ਸਨ ਨਾਰਾਇਣ ਆਪਟੇ।
23 ਜਨਵਰੀ ਨੂੰ ਮਰੀਨਾ ਹੋਟਲ ਦੇ ਇੱਕ ਕਰਮਚਾਰੀ ਕਾਲੀਰਾਮ ਨੇ ਦਿੱਲੀ ਪੁਲਿਸ ਨੂੰ ਕੁਝ ਕੱਪੜੇ ਸੌਂਪੇ, ਪਰ ਪੁਲਿਸ ਇਨ੍ਹਾਂ ਦੀ ਜਾਂਚ ਵਿੱਚ ਵਰਤੋਂ ਕਰਨ ਵਿੱਚ ਨਾਕਾਮ ਰਹੀ। 25 ਜਨਵਰੀ ਨੂੰ ਪਾਹਵਾ ਨੂੰ ਬੰਬੇ ਪੁਲਿਸ ਬੰਬੇ ਲੈ ਗਈ ਅਤੇ 29 ਜਨਵਰੀ ਤੱਕ ਪੁੱਛਗਿੱਛ ਹੁੰਦੀ ਰਹੀ, ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ।
27 ਜਨਵਰੀ ਨੂੰ ਗੋਡਸੇ ਅਤੇ ਆਪਟੇ ਬੰਬੇ ਤੋਂ ਦਿੱਲੀ ਲਈ ਚੱਲੇ। ਦੋਵੇਂ ਟਰੇਨ ਤੋਂ ਗਵਾਲੀਅਰ ਆਏ ਅਤੇ ਰਾਤ ਨੂੰ ਡਾ. ਦੱਤਾਤ੍ਰੇਅ ਪਰਚੁਰੇ ਦੇ ਘਰ ਰੁਕੇ। ਅਗਲੇ ਦਿਨ ਇੱਥੋਂ ਹੀ ਇਟਲੀ ਵਿੱਚ ਬਣੀ ਕਾਲੇ ਰੰਗ ਦੀ ਆਟੋਮੈਟਿਕ ਬੈਰੇਟਾ ਮਾਊਜ਼ਰ ਖਰੀਦੀ।
29 ਜਨਵਰੀ ਦੀ ਸੁਬ੍ਹਾ ਦਿੱਲੀ ਆ ਗਏ। ਦੋਵੇਂ ਦਿੱਲੀ ਦੇ ਮੁੱਖ ਰੇਲਵੇ ਸਟੇਸ਼ਨ 'ਤੇ ਰੇਲਵੇ ਦੇ ਹੀ ਇੱਕ ਕਮਰੇ ਵਿੱਚ ਰੁਕੇ। ਇੱਥੇ ਇਨ੍ਹਾਂ ਦੀ ਮੁਲਾਕਾਤ ਕਰਕਰੇ ਨਾਲ ਹੋਈ।
30 ਜਨਵਰੀ ਨੂੰ ਇਨ੍ਹਾਂ ਨੇ ਬਿੜਲਾ ਭਵਨ ਦੇ ਪਿੱਛੇ ਜੰਗਲ ਵਿੱਚ ਪਿਸਟਲ ਸ਼ੂਟਿੰਗ ਦੀ ਪ੍ਰੈਕਟਿਸ ਕੀਤੀ ਅਤੇ ਸ਼ਾਮ ਨੂੰ ਪੰਜ ਵਜੇ ਬਾਪੂ ਨੂੰ ਗੋਲੀ ਮਾਰ ਦਿੱਤੀ। ਨਾਥੂਰਾਮ ਨੂੰ ਉੱਥੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਆਪਟੇ ਅਤੇ ਕਰਕਰੇ ਇੱਕ ਵਾਰ ਫਿਰ ਤੋਂ ਦਿੱਲੀ ਤੋਂ ਭੱਜਣ ਵਿੱਚ ਕਾਮਯਾਬ ਰਹੇ। ਆਪਟੇ ਅਤੇ ਕਰਕਰੇ 14 ਫਰਵਰੀ ਨੂੰ ਗ੍ਰਿਫ਼ਤਾਰ ਹੋਏ।
ਗ੍ਰਹਿ ਮੰਤਰੀ ਪਟੇਲ 'ਤੇ ਲੱਗੇ ਇਲਜ਼ਾਮ
ਜੱਜ ਆਤਮ ਚਰਣ ਨੇ ਫ਼ੈਸਲੇ ਦੇ ਬਾਅਦ ਕਿਹਾ ਸੀ ਕਿ ਪੁਲਿਸ ਨੇ 1948 ਵਿੱਚ 20 ਤੋਂ 30 ਜਨਵਰੀ ਵਿਚਕਾਰ ਖ਼ੂਬ ਲਾਪਰਵਾਹੀ ਕੀਤੀ। ਮਦਨਲਾਲ ਪਾਹਵਾ ਦੀ ਗ੍ਰਿਫ਼ਤਾਰੀ ਦੇ ਬਾਅਦ ਦਿੱਲੀ ਪੁਲਿਸ ਕੋਲ ਗਾਂਧੀ ਜੀ ਦੀ ਹੱਤਿਆ ਦੀ ਸਾਜ਼ਿਸ਼ ਨੂੰ ਲੈ ਕੇ ਢੁਕਵੀਂ ਜਾਣਕਾਰੀ ਸੀ।
ਜੱਜ ਆਤਮਾਚਰਣ ਨੇ ਕਿਹਾ ਸੀ, ''ਮਦਨਲਾਲ ਪਾਹਵਾ ਨੇ ਸਾਜ਼ਿਸ਼ ਨੂੰ ਲੈ ਕੇ ਬਹੁਤ ਕੁਝ ਦੱਸ ਦਿੱਤਾ ਸੀ। ਰਈਆ ਕਾਲਜ ਦੇ ਪ੍ਰੋਫੈਸਰ ਜੀਸੀ ਜੈਨ ਨੇ ਬੰਬੇ ਪ੍ਰੈਜੀਡੈਂਸੀ ਦੇ ਗ੍ਰਹਿ ਮੰਤਰੀ ਮੋਰਾਰਜੀ ਦੇਸਾਈ ਨੂੰ ਸਾਜ਼ਿਸ਼ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਵੀ ਬੰਬੇ ਪੁਲਿਸ ਨੂੰ ਸਾਰੀ ਸੂਚਨਾ ਦੇ ਦਿੱਤੀ ਸੀ, ਪਰ ਪੁਲਿਸ ਬੁਰੀ ਤਰ੍ਹਾਂ ਨਾਲ ਨਾਕਾਮ ਰਹੀ। ਜੇਕਰ ਪੁਲਿਸ ਠੀਕ ਨਾਲ ਕੰਮ ਕਰਦੀ ਤਾਂ ਸ਼ਾਇਦ ਗਾਂਧੀ ਜੀ ਦੀ ਹੱਤਿਆ ਨਾ ਹੋਈ ਹੁੰਦੀ।''
ਇਸਦੇ ਬਾਵਜੂਦ ਕਿਸੇ ਪੁਲਿਸ ਵਾਲੇ ਖ਼ਿਲਾਫ਼ ਕਾਰਵਾਈ ਨਹੀਂ ਹੋਈ। ਤੁਸ਼ਾਰ ਗਾਂਧੀ ਨੇ ਲਿਖਿਆ ਹੈ ਕਿ ਮਹਾਤਮਾ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਚੀਫ ਇਨਵੈਸਟੀਗੇਸ਼ਨ ਅਫ਼ਸਰ ਜਮਸ਼ੇਦ ਦੋਰਾਬੁ ਨਾਗਰਵਾਲਾ ਨੇ ਰਿਟਾਇਰ ਹੋਣ ਦੇ ਬਾਅਦ ਕਿਹਾ ਸੀ, ''ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਬਿਨਾਂ ਸਾਵਰਕਰ ਦੀ ਮਦਦ ਅਤੇ ਸ਼ਮੂਲੀਅਤ ਦੇ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਕਦੇ ਸਫਲ ਨਹੀਂ ਹੁੰਦੀ।'' (ਲੈੱਟਸ ਕਿਲ ਗਾਂਧੀ, ਪੇਜ-691)
ਸਰਦਾਰ ਪਟੇਲ ਦੇਸ਼ ਦੇ ਗ੍ਰਹਿ ਮੰਤਰੀ ਸਨ, ਇਸ ਲਈ ਉਨ੍ਹਾਂ 'ਤੇ ਖ਼ੂਬ ਸਵਾਲ ਉੱਠੇ। ਮੌਲਾਨਾ ਆਜ਼ਾਦ ਨੇ ਲਿਖਿਆ, ''ਜੈ ਪ੍ਰਕਾਸ਼ ਨਾਰਾਇਣ ਨੇ ਕਿਹਾ ਸੀ ਕਿ ਸਰਦਾਰ ਪਟੇਲ ਗ੍ਰਹਿ ਮੰਤਰੀ ਦੇ ਤੌਰ 'ਤੇ ਗਾਂਧੀ ਦੀ ਹੱਤਿਆ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਹਨ।'' (ਇੰਡੀਆ ਵਿਨਜ਼ ਫ੍ਰੀਡਮ, ਪੇਜ-223)
ਸਰਦਾਰ ਪਟੇਲ ਦੀ ਬੇਟੀ ਮਣੀਬੇਨ ਪਟੇਲ ਨੇ ਗਵਾਹ ਦੇ ਤੌਰ 'ਤੇ ਕਪੂਰ ਕਮਿਸ਼ਨ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਦੇ ਪਿਤਾ ਨੂੰ ਮੁਸਲਿਮ ਵਿਰੋਧੀ ਦੇ ਤੌਰ 'ਤੇ ਦੇਖਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ ਕਿਉਂਕਿ ਮਾਰਨ ਦੀ ਧਮਕੀ ਉਨ੍ਹਾਂ ਦੇ ਘਰ ਤੱਕ ਆਈ ਸੀ।
ਮਣੀਬੇਨ ਪਟੇਲ ਨੇ ਵੀ ਸਵੀਕਾਰ ਕੀਤਾ ਹੈ ਕਿ ਜੈ ਪ੍ਰਕਾਸ਼ ਨਾਰਾਇਣ ਨੇ ਜਨਤਕ ਰੂਪ ਨਾਲ ਉਸਦੇ ਪਿਤਾ ਨੂੰ ਗਾਂਧੀ ਦੀ ਹੱਤਿਆ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਮਣੀਬੇਨ ਨੇ ਕਿਹਾ ਹੈ, ''ਜਿਸ ਬੈਠਕ ਵਿੱਚ ਉਸਦੇ ਪਿਤਾ ਨੂੰ ਜੈ ਪ੍ਰਕਾਸ਼ ਨਾਰਾਇਣ ਨੇ ਗਾਂਧੀ ਦੀ ਹੱਤਿਆ ਲਈ ਜ਼ਿੰਮੇਵਾਰ ਦੱਸਿਆ ਸੀ, ਉਸ ਵਿੱਚ ਮੌਲਾਨਾ ਆਜ਼ਾਦ ਵੀ ਸਨ, ਪਰ ਉਨ੍ਹਾਂ ਨੇ ਕੋਈ ਇਤਰਾਜ਼ ਨਹੀਂ ਜਤਾਇਆ। ਇਸ ਨਾਲ ਮੇਰੇ ਪਿਤਾ ਨੂੰ ਬਹੁਤ ਦੁੱਖ ਪਹੁੰਚਿਆ।''
ਮਣੀਬੇਨ ਪਟੇਲ ਨੇ ਕਪੂਰ ਕਮਿਸ਼ਨ ਨੂੰ ਕਿਹਾ ਸੀ, ''ਮੇਰੇ ਪਿਤਾ ਪਾਕਿਸਤਾਨ ਨੂੰ 55 ਕਰੋੜ ਰੁਪਏ ਦੇਣ ਤੋਂ ਬਹੁਤ ਦੁਖੀ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਰਕਮ ਦੇਣ ਦੀ ਵਜ੍ਹਾ ਨਾਲ ਹੀ ਬਾਪੂ ਦੀ ਹੱਤਿਆ ਹੋਈ। ਇੱਥੋਂ ਤੱਕ ਕਿ ਨਹਿਰੂ ਵੀ ਪੈਸੇ ਦੇਣ ਦੇ ਪੱਖ ਵਿੱਚ ਨਹੀਂ ਸਨ। ਇਸੀ ਦੌਰਾਨ ਸਰਦਾਰ ਪਟੇਲ ਨੇ ਨਹਿਰੂ ਨੂੰ ਕਿਹਾ ਕਿ ਕੈਬਨਿਟ ਤੋਂ ਛੁੱਟੀ ਦੇ ਦਿਓ ਕਿਉਂਕਿ ਮੌਲਾਨਾ ਵੀ ਮੈਨੂੰ ਨਹੀਂ ਚਾਹੁੰਦੇ ਹਨ।''
ਗਾਂਧੀ ਦੀ ਹੱਤਿਆ ਦੇ ਬਾਅਦ ਨਹਿਰੂ ਨੇ ਪਟੇਲ ਨੂੰ ਇੱਕ ਚਿੱਠੀ ਲਿਖੀ, ਉਸ ਚਿੱਠੀ ਬਾਰੇ ਮਣੀਬੇਨ ਨੇ ਦੱਸਿਆ ਕਿ ਉਸ ਵਿੱਚ ਨਹਿਰੂ ਨੇ ਲਿਖਿਆ, ''ਅਤੀਤ ਨੂੰ ਭੁੱਲ ਕੇ ਸਾਨੂੰ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ।'' ਨਹਿਰੂ ਦੀ ਗੱਲ ਸਰਦਾਰ ਨੇ ਵੀ ਮੰਨ ਲਈ, ਪਰ ਜੈ ਪ੍ਰਕਾਸ਼ ਨਾਰਾਇਣ ਨੇ ਸਰਦਾਰ 'ਤੇ ਹਮਲਾ ਕਰਨਾ ਜਾਰੀ ਰੱਖਿਆ। ਪੰਜ ਮਾਰਚ 1948 ਨੂੰ ਸਰਦਾਰ ਨੂੰ ਹਾਰਟ ਅਟੈਕ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਮਰ ਜਾਣਾ ਚਾਹੀਦਾ ਹੈ ਅਤੇ ਗਾਂਧੀ ਜੀ ਕੋਲ ਜਾਣਾ ਚਾਹੀਦਾ ਹੈ। ਉਹ ਇਕੱਲੇ ਚਲੇ ਗਏ ਹਨ।''
ਗਾਂਧੀ ਦੀ ਹੱਤਿਆ ਦੇ ਇੱਕ ਹਫ਼ਤੇ ਬਾਅਦ ਯਾਨੀ 6 ਫਰਵਰੀ, 1948 ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਅਤੇ ਸਰਦਾਰ ਪਟੇਲ ਤੋਂ ਸੰਸਦ ਮੈਂਬਰਾਂ ਨੇ ਕਈ ਤਿੱਖੇ ਸੁਆਲ ਪੁੱਛੇ।
'ਤੇਜ਼' ਅਖ਼ਬਾਰ ਦੇ ਸੰਸਥਾਪਕ ਸਾਂਸਦ ਦੇਸ਼ਬੰਧੂ ਗੁਪਤਾ ਨੇ ਸਰਦਾਰ ਪਟੇਲ ਤੋਂ ਸੰਸਦ ਵਿੱਚ ਪੁੱਛਿਆ ''ਮਦਨਲਾਲ ਪਾਹਵਾ ਨੇ ਗ੍ਰਿਫ਼ਤਾਰੀ ਦੇ ਬਾਅਦ ਆਪਣਾ ਗੁਨਾਹ ਵੀ ਕਬੂਲ ਲਿਆ ਸੀ ਅਤੇ ਅੱਗੇ ਦੀ ਯੋਜਨਾ ਬਾਰੇ ਵੀ ਦੱਸਿਆ ਸੀ। ਕੌਣ-ਕੌਣ ਇਸ ਵਿੱਚ ਸ਼ਾਮਲ ਹੈ, ਇਹ ਵੀ ਦੱਸਿਆ ਸੀ। ਅਜਿਹੇ ਵਿੱਚ ਕੀ ਦਿੱਲੀ ਸੀਆਈਡੀ ਬੰਬੇ ਤੋਂ ਇਨ੍ਹਾਂ ਦੀਆਂ ਤਸਵੀਰਾਂ ਨਹੀਂ ਪ੍ਰਾਪਤ ਕਰ ਸਕਦੀ ਸੀ? ਫੋਟੋ ਮਿਲਣ ਦੇ ਬਾਅਦ ਪ੍ਰਾਰਥਨਾ ਸਭਾ ਵਿੱਚ ਵੰਡ ਦਿੱਤੀ ਜਾਂਦੀ ਅਤੇ ਲੋਕ ਸੁਚੇਤ ਰਹਿੰਦੇ। ਕੀ ਇਸ ਵਿੱਚ ਘੋਰ ਲਾਪਰਵਾਹੀ ਨਹੀਂ ਹੋਈ ਹੈ?''
ਇਸ ਸੁਆਲ ਦੇ ਜਵਾਬ ਵਿੱਚ ਪਟੇਲ ਨੇ ਕਿਹਾ, ''ਦਿੱਲੀ ਪੁਲਿਸ ਨੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਸਾਰੇ ਅਲੱਗ-ਅਲੱਗ ਟਿਕਾਣਿਆਂ 'ਤੇ ਸਨ। ਇਨ੍ਹਾਂ ਦੀਆਂ ਤਸਵੀਰਾਂ ਵੀ ਨਹੀਂ ਮਿਲ ਸਕੀਆਂ ਸਨ।'' ਮਹਾਤਮਾ ਗਾਂਧੀ ਦੇ ਜੀਵਨ ਭਰ ਸਕੱਤਰ ਰਹੇ ਪਿਆਰੇ ਲਾਲ ਜਾਂਚ ਵਿੱਚ ਗਵਾਹ ਨੰਬਰ 54 ਸਨ।
ਉਨ੍ਹਾਂ ਨੇ ਕਿਹਾ ਸੀ ਕਿ ਵੰਡ ਦੇ ਬਾਅਦ ਪਟੇਲ ਦੇ ਗਾਂਧੀ ਨਾਲ ਮਤਭੇਦ ਸਨ, ਪਰ ਗਾਂਧੀ ਨੂੰ ਲੈ ਕੇ ਉਨ੍ਹਾਂ ਦੇ ਮਨ ਵਿੱਚ ਇੱਜ਼ਤ ਘੱਟ ਨਹੀਂ ਹੋਈ ਸੀ।
ਪਿਆਰੇਲਾਲ ਨੇ ਕਿਹਾ ਸੀ, ''ਪਟੇਲ ਕਹਿੰਦੇ ਸਨ ਮੁਸਲਮਾਨ ਇੱਥੇ ਰਹਿ ਸਕਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਵੀ ਮਿਲੇਗੀ, ਪਰ ਉਨ੍ਹਾਂ ਦੀ ਵਫ਼ਾਦਾਰੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡੀ ਨਹੀਂ ਰਹਿ ਸਕਦੀ।''
ਮਣੀਬੇਨ ਪਟੇਲ ਨੇ ਕਿਹਾ ਹੈ ਕਿ ਉਸਦੇ ਪਿਤਾ ਸਰਦਾਰ ਪਟੇਲ ਬਾਪੂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ ਕਿਉਂਕਿ ਪਹਿਲਾਂ ਵੀ ਹਮਲੇ ਹੋ ਚੁੱਕੇ ਸਨ। ਮਣੀਬੇਨ ਨੇ ਕਿਹਾ ਹੈ, ''ਮੇਰੇ ਪਿਤਾ ਨੇ ਮਹਾਤਮਾ ਗਾਂਧੀ ਨੂੰ ਜਾ ਕੇ ਕਿਹਾ ਸੀ ਕਿ ਪ੍ਰਾਰਥਨਾ ਸਭਾ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ, ਉਸਦੇ ਬਾਅਦ ਹੀ ਅੰਦਰ ਆਉਣ ਦਿੱਤਾ ਜਾਵੇ, ਪਰ ਗਾਂਧੀ ਇਸ ਲਈ ਤਿਆਰ ਨਹੀਂ ਹੋਏ ਸਨ।''
ਗਾਂਧੀ ਦੀ ਹੱਤਿਆ ਅਤੇ ਆਰਐੱਸਐੱਸ
ਆਰਐੱਸਐੱਸ ਗਾਂਧੀ ਦੀ ਹੱਤਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ ਹੈ। ਇੱਥੋਂ ਤੱਕ ਕਿ ਰਾਹੁਲ ਗਾਂਧੀ ਦੇ ਖ਼ਿਲਾਫ਼ ਮਾਣਹਾਨੀ ਦਾ ਇੱਕ ਕੇਸ ਦਾਇਰ ਕੀਤਾ ਗਿਆ ਹੈ, ਪਰ ਇਹ ਮਾਮਲਾ ਇੰਨਾ ਸਿੱਧਾ-ਸਾਧਾ ਨਹੀਂ ਹੈ।
ਪਟੇਲ ਨੇ ਗਾਂਧੀ ਦੀ ਹੱਤਿਆ ਦੇ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ 'ਤੇ ਰੋਕ ਲਗਾਉਂਦੇ ਹੋਏ ਕਿਹਾ ਸੀ, ''ਗਾਂਧੀ ਦੀ ਹੱਤਿਆ ਲਈ ਉਹ ਸੰਪਰਦਾਇਕ ਜ਼ਹਿਰ ਜ਼ਿੰਮੇਵਾਰ ਹੈ ਜਿਸਨੂੰ ਦੇਸ਼ ਭਰ ਵਿੱਚ ਫੈਲਾਇਆ ਗਿਆ।''
ਨਵਜੀਵਨ ਪ੍ਰਕਾਸ਼ਨ ਅਹਿਮਦਾਬਾਦ ਤੋਂ ਪ੍ਰਕਾਸ਼ਿਤ ਗਾਂਧੀ ਦੇ ਨਿੱਜੀ ਸਕੱਤਰ ਰਹੇ ਪਿਆਰੇਲਾਲ ਨੇ ਲਿਖਿਆ ਹੈ, ''ਆਰਐੱਸਐੱਸ ਦੇ ਮੈਂਬਰਾਂ ਨੂੰ ਕੁਝ ਸਥਾਨਾਂ 'ਤੇ ਪਹਿਲਾਂ ਤੋਂ ਨਿਰਦੇਸ਼ ਸੀ ਕਿ ਉਹ ਸ਼ੁਕਰਵਾਰ ਨੂੰ ਚੰਗੀ ਖ਼ਬਰ ਲਈ ਰੇਡਿਓ ਚਲਾ ਕੇ ਰੱਖਣ। ਇਸਦੇ ਨਾਲ ਹੀ ਕਈ ਥਾਵਾਂ 'ਤੇ ਆਰਐੱਸਐੱਸ ਦੇ ਮੈਂਬਰਾਂ ਨੇ ਮਠਿਆਈ ਵੀ ਵੰਡੀ ਸੀ।'' (ਗਾਂਧੀ ਦਿ ਲਾਸਟ ਫੇਜ਼, ਪੇਜ-70)
ਗਾਂਧੀ ਦੀ ਹੱਤਿਆ ਦੇ ਦੋ ਦਹਾਕੇ ਬਾਅਦ ਆਰਐੱਸਐੱਸ ਦੇ ਮੁੱਖ ਪੱਤਰ 'ਆਰਗੇਨਾਈਜ਼ਰ' ਨੇ 11 ਜਨਵਰੀ 1970 ਦੇ ਸੰਪਾਦਕੀ ਵਿੱਚ ਲਿਖਿਆ ਸੀ, ''ਨਹਿਰੂ ਦੇ ਪਾਕਿਸਤਾਨ ਸਮਰਥਕ ਹੋਣ ਅਤੇ ਗਾਂਧੀ ਜੀ ਦੇ ਭੁੱਖ ਹੜਤਾਲ 'ਤੇ ਜਾਣ ਨਾਲ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਸੀ। ਅਜਿਹੇ ਵਿੱਚ ਨਾਥੂਰਾਮ ਗੋਡਸੇ ਲੋਕਾਂ ਦੀ ਪ੍ਰਤੀਨਿਧਤਾ ਕਰ ਰਿਹਾ ਸੀ। ਗਾਂਧੀ ਦੀ ਹੱਤਿਆ ਜਨਤਾ ਦੇ ਗੁੱਸੇ ਦਾ ਪ੍ਰਗਟਾਵਾ ਸੀ।''
ਕਪੂਰ ਕਮਿਸ਼ਨ ਦੀ ਰਿਪੋਰਟ ਵਿੱਚ ਸਮਾਜਵਾਦੀ ਨੇਤਾ ਜੈ ਪ੍ਰਕਾਸ਼ ਨਾਰਾਇਣ, ਰਾਮਮਨੋਹਰ ਲੋਹੀਆ ਅਤੇ ਕਮਲਾਦੇਵੀ ਚਟੋਪਾਧਿਆਏ ਦੀ ਪ੍ਰੈੱਸ ਕਾਨਫਰੰਸ ਵਿੱਚ ਉਸ ਬਿਆਨ ਦਾ ਜ਼ਿਕਰ ਹੈ ਜਿਸ ਵਿੱਚ ਇਨ੍ਹਾਂ ਨੇ ਕਿਹਾ ਸੀ ਕਿ 'ਗਾਂਧੀ ਦੀ ਹੱਤਿਆ ਲਈ ਕੋਈ ਇੱਕ ਵਿਅਕਤੀ ਜ਼ਿੰਮੇਵਾਰ ਨਹੀਂ ਹੈ, ਬਲਕਿ ਇਸਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਅਤੇ ਸੰਗਠਨ ਹੈ।
ਇਸ ਸੰਗਠਨ ਵਿੱਚ ਇਨ੍ਹਾਂ ਨੇ ਆਰਐੱਸਐੱਸ, ਹਿੰਦੂ ਮਹਾਸਭਾ ਅਤੇ ਮੁਸਲਿਮ ਲੀਗ ਦਾ ਨਾਂ ਲਿਆ ਸੀ। ਗਾਂਧੀ ਦੀ ਹੱਤਿਆ ਦੇ ਬਾਅਦ ਆਰਐੱਸਐੱਸ 'ਤੇ ਪਾਬੰਦੀ ਵੀ ਲੱਗੀ। ਆਰਐੱਸਐੱਸ 'ਤੇ ਇਹ ਪਾਬੰਦੀ ਫਰਵਰੀ 1948 ਤੋਂ ਜੁਲਾਈ 1949 ਤੱਕ ਰਹੀ ਸੀ।
ਨਾਥੂਰਾਮ ਗੋਡਸੇ ਦੇ ਭਰਾ ਗੋਪਾਲ ਗੋਡਸੇ ਨੇ 28 ਫਰਵਰੀ, 1994 ਨੂੰ 'ਫਰੰਟਲਾਇਨ' ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਸੀ, ''ਅਸੀਂ ਸਾਰੇ ਭਰਾ ਆਰਐੱਸਐੱਸ ਵਿੱਚ ਸੀ। ਨੱਥੂਰਮਾ, ਦੱਤਾਤ੍ਰੇਅ, ਮੈਂ ਖ਼ੁਦ ਅਤੇ ਗੋਵਿੰਦ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਪਣੇ ਘਰ ਵਿੱਚ ਨਹੀਂ ਆਰਐੱਸਐੱਸ ਵਿੱਚ ਪਲੇ-ਵਧੇ ਹਾਂ। ਆਰਐੱਸਐੱਸ ਸਾਡੇ ਲਈ ਪਰਿਵਾਰ ਸੀ। ਨਾਥੂਰਾਮ ਆਰਐੱਸਐੱਸ ਵਿੱਚ ਬੌਧਿਕ ਕਾਰਜਵਾਹਕ ਬਣ ਗਏ ਸਨ। ਨਾਥੂਰਾਮ ਨੇ ਆਪਣੇ ਬਿਆਨ ਵਿੱਚ ਆਰਐੱਸਐੱਸ ਛੱਡਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਇਹ ਬਿਆਨ ਇਸ ਲਈ ਦਿੱਤਾ ਸੀ ਕਿਉਂਕਿ ਗੋਲਵਲਕਰ ਅਤੇ ਆਰਐੱਸਐੱਸ ਗਾਂਧੀ ਦੀ ਹੱਤਿਆ ਦੇ ਬਾਅਦ ਮੁਸ਼ਕਿਲ ਵਿੱਚ ਫਸ ਜਾਂਦੇ, ਪਰ ਨਾਥੂਰਾਮ ਨੇ ਆਰਐੱਸਐੱਸ ਨਹੀਂ ਛੱਡਿਆ ਸੀ।''
ਇੱਕ ਇੰਟਰਵਿਊ ਵਿੱਚ ਗੋਪਾਲ ਗੋਡਸੇ ਤੋਂ ਪੁੱਛਿਆ ਗਿਆ ਕਿ ਅਡਵਾਨੀ ਨੇ ਨਾਥੂਰਾਮ ਦੇ ਆਰਐੱਸਐੱਸ ਨਾਲ ਸਬੰਧ ਨੂੰ ਖਾਰਜ ਕੀਤਾ ਹੈ ਤਾਂ ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, ''ਉਹ ਕਾਇਰਤਾ ਭਰਪੂਰ ਗੱਲ ਕਰ ਰਹੇ ਹਨ। ਤੁਸੀਂ ਇਹ ਕਹਿ ਸਕਦੇ ਹੋ ਕਿ ਆਰਐੱਸਐੱਸ ਨੇ ਕੋਈ ਪ੍ਰਸਤਾਵ ਪਾਸ ਨਹੀਂ ਕੀਤਾ ਸੀ ਕਿ 'ਜਾਓ ਅਤੇ ਗਾਂਧੀ ਦੀ ਹੱਤਿਆ ਕਰ ਦਿਓ', ਪਰ ਤੁਸੀਂ ਨਾਥੂਰਾਮ ਦੇ ਆਰਐੱਸਐੱਸ ਨਾਲ ਸਬੰਧਾਂ ਨੂੰ ਰੱਦ ਨਹੀਂ ਕਰ ਸਕਦੇ। ਹਿੰਦੂ ਮਹਾਸਭਾ ਨੇ ਅਜਿਹਾ ਨਹੀਂ ਕਿਹਾ। ਨਾਥੂਰਾਮ ਨੇ ਬੌਧਿਕ ਕਾਰਜਵਾਹਕ ਰਹਿੰਦੇ ਹੋਏ 1944 ਵਿੱਚ ਹਿੰਦੂ ਮਹਾਸਭਾ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।''
ਨਾਥੂਰਾਮ ਗੋਡਸੇ ਕਿਸੇ ਜ਼ਮਾਨੇ ਵਿੱਚ ਆਰਐੱਸਐੱਸ ਦੇ ਮੈਂਬਰ ਰਹੇ ਸਨ, ਪਰ ਬਾਅਦ ਵਿੱਚ ਉਹ ਹਿੰਦੂ ਮਹਾਸਭਾ ਵਿੱਚ ਆ ਗਏ ਸਨ। ਹਾਲਾਂਕਿ 2016 ਵਿੱਚ 8 ਦਸੰਬਰ ਨੂੰ 'ਇਕਨੌਮਿਕ ਟਾਈਮਜ਼' ਨੂੰ ਦਿੱਤੀ ਇੰਟਰਵਿਊ ਵਿੱਚ ਗੋਡਸੇ ਦੇ ਪਰਿਵਾਰ ਵਾਲਿਆਂ ਨੇ ਜੋ ਕਿਹਾ ਉਹ ਕਾਫ਼ੀ ਅਹਿਮ ਹੈ।
ਨਾਥੂਰਾਮ ਗੋਡਸੇ ਅਤੇ ਵਿਨਾਇਕ ਦਾਮੋਦਰ ਸਾਵਰਕਰ ਦੇ ਵੰਸ਼ਜ਼ ਸਤਿਯਾਕੀ ਗੋਡਸੇ ਨੇ 'ਇਕਨੌਮਿਕਸ ਟਾਈਮਜ਼' ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਸੀ, ''ਨਾਥੂਰਾਮ ਜਦੋਂ ਸਾਂਗਲੀ ਵਿੱਚ ਸਨ, ਉਦੋਂ ਉਨ੍ਹਾਂ ਨੇ 1932 ਵਿੱਚ ਆਰਐੱਸਐੱਸ ਜੁਆਇਨ ਕੀਤਾ ਸੀ। ਉਹ ਜਦੋਂ ਤੱਕ ਜ਼ਿੰਦਾ ਰਹੇ, ਉਦੋਂ ਤੱਕ ਸੰਘ ਦੇ ਬੌਧਿਕ ਕਾਰਜਵਾਹਕ ਰਹੇ। ਉਨ੍ਹਾਂ ਨੇ ਨਾ ਤਾਂ ਕਿਸੇ ਸੰਗਠਨ ਨੂੰ ਛੱਡਿਆ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੱਢਿਆ ਗਿਆ ਸੀ।''
ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਉਹ 125 ਸਾਲ ਤੱਕ ਜ਼ਿੰਦਾ ਰਹਿਣਾ ਚਾਹੁੰਦੇ ਹਨ। ਹੱਤਿਆ ਤੋਂ ਲਗਭਗ ਛੇ ਸਾਲ ਪਹਿਲਾਂ ਯਾਨੀ 72 ਸਾਲ ਦੀ ਉਮਰ ਵਿੱਚ ਬਾਪੂ ਨੇ ਆਪਣੀ ਇਹ ਤਮੰਨਾ ਜ਼ਾਹਿਰ ਕੀਤੀ ਸੀ। ਉਨ੍ਹਾਂ ਦਾ ਜੀਵਨ ਅਚਾਨਕ ਖ਼ਤਮ ਕਰ ਦਿੱਤਾ 37 ਸਾਲ ਦੇ ਮਰਾਠੀ ਬ੍ਰਾਹਮਣ ਨਾਥੂਰਾਮ ਗੋਡਸੇ ਨੇ, ਜਦੋਂ ਗਾਂਧੀ ਦੀ ਹੱਤਿਆ ਹੋਈ ਤਾਂ ਉਹ 78 ਸਾਲ ਦੇ ਸਨ।
ਇਹ ਵੀ ਦੇਖੋ
https://youtu.be/xWw19z7Edrs
https://www.youtube.com/watch?v=TDF192VlcLY
https://www.youtube.com/watch?v=Eto6v4X19mg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Brexit: ਯੂਰਪੀਅਨ ਪਾਰਲੀਮੈਂਟ ਵੱਲੋਂ ਬ੍ਰੈਗਜ਼ਿਟ ਨੂੰ ਹਰੀ ਝੰਡੀ ਵੇਲੇ ਜਦੋਂ ਭਾਵੁਕ ਹੋਏ ਲੀਡਰ
NEXT STORY