ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਆਪਣੇ ਵਾਲ ਖੁਦ ਕੱਟਣ ਦੀ ਗੱਲ ਸਾਂਝੀ ਕੀਤੀ। ਵਧੇ ਹੋਏ ਵਾਲਾਂ ਸਬੰਧੀ ਚੁਟਕਲੇ ਵੀ ਆਮ ਹਨ (ਸੰਕੇਤਕ ਤਸਵੀਰ)
"ਦੋ ਮਹੀਨੇ ਤੋਂ ਦੁਕਾਨ ਬੰਦ ਹੈ। ਪਿਤਾ ਜੀ ਫੁੱਟਪਾਥ 'ਤੇ ਹਜਾਮਤ ਕਰਦੇ ਸਨ, ਉਹ ਵੀ ਘਰੇ ਬੈਠੇ ਹਨ, ਮੈਂ ਵੀ ਵਿਹਲਾ ਹਾਂ।"
"2020 ਤਾਂ ਜਾਨ ਬਚਾਉਣ ਦਾ ਸਾਲ ਹੈ।''
"ਮੈਂ ਤਾਂ ਆਪ ਹੀ ਆਪਣੀ ਗੰਜ ਕੱਢ ਲਈ, ਇਸ ਸਾਲ ਤਾਂ ਸਲੋਨ ਨਹੀਂ ਜਾਵਾਂਗਾ"
ਇਹ ਸ਼ਬਦ ਇੱਕ ਸਲੋਨ ਚਲਾਉਣ ਵਾਲੇ ਨੌਜਵਾਨ, ਇੱਕ ਬਿਊਟੀ ਪਾਰਲਰ ਚਲਾਉਣ ਵਾਲੀ ਔਰਤ ਅਤੇ ਇੱਕ ਗਾਹਕ ਦੇ ਹਨ।
ਕੋਰੋਨਾਵਾਇਰਸ ਕਰਕੇ ਭਾਰਤ ਸਣੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਲੌਕਡਾਊਨ ਨੇ ਕਈ ਜ਼ਿੰਦਗੀਆਂ ਨੂੰ ਬਰਬਾਦੀ ਦੀ ਕਗਾਰ 'ਤੇ ਲਿਆਂਦਾ ਹੈ।
ਤੁਸੀਂ ਸੋਸ਼ਲ ਮੀਡੀਆ 'ਤੇ ਆਪਣੀ ਦਾੜ੍ਹੀ ਅਤੇ ਵਾਲ ਕੱਟਣ ਦੀਆਂ ਵੀਡੀਓ ਦੇਖੀਆਂ ਹੋਣੀਆਂ। ਚੁਟਕਲੇ ਵੀ ਬਣੇ ਕਿ ਵਧੇ ਹੋਏ ਵਾਲਾਂ ਅਤੇ ਦਾੜ੍ਹੀ ਨਾਲ ਆਦਮੀ ਅਤੇ ਔਰਤਾਂ ਕਿਹੋ ਜਿਹੇ ਦਿਖਣਗੇ।
ਇਸ ਮਹਾਂਮਾਰੀ ਦਾ ਤਕਰੀਬਨ ਹਰ ਤਰ੍ਹਾਂ ਦੇ ਕਾਰੋਬਾਰ 'ਤੇ ਅਸਰ ਪਿਆ ਹੈ, ਇਨ੍ਹਾਂ ਵਿੱਚੋਂ ਇੱਕ ਹੈ ਹੇਅਰ ਐਂਡ ਬਿਊਟੀ ਇੰਡਸਟਰੀ।
'ਅਸੀਂ ਤਾਂ ਪਿੱਛੇ ਧੱਕੇ ਗਏ'
ਉੱਤਰਾਖੰਡ ਦਾ ਜੰਮਪਲ ਸਲਮਾਨ ਪੰਜਾਬ ਦੇ ਜ਼ੀਰਕਪੁਰ ਵਿੱਚ ਸਲੋਨ ਚਲਾਉਂਦਾ ਹੈ। ਦੋ ਮਹੀਨੇ ਤੋਂ ਦੁਕਾਨ ਬੰਦ ਹੈ।
"ਸਾਡਾ 7-8 ਲੋਕਾਂ ਦਾ ਪਰਿਵਾਰ ਹੈ। ਪਿਤਾ ਜੀ ਵੀ ਫੁਟਪਾਥ 'ਤੇ ਹਜਾਮਤ ਕਰ ਕੇ ਕੁਝ ਪੈਸੇ ਕਮਾ ਲੈਂਦੇ ਸਨ। ਦੋਹਾਂ ਦਾ ਕੰਮ ਬੰਦ ਹੈ। ਜੋੜੇ ਹੋਏ ਪੈਸੇ ਖ਼ਤਮ ਹੋਏ ਤਾਂ ਰਿਸ਼ਤੇਦਾਰਾਂ ਕੋਲੋਂ ਉਧਾਰ ਮੰਗ ਕੇ ਗੁਜ਼ਾਰਾ ਕਰ ਰਹੇ ਹਾਂ।''
ਢਿੱਲ ਮਿਲਣ ਮਗਰੋਂ ਵੀ ਕੰਮ ਹੁਣ ਪਹਿਲਾਂ ਵਰਗਾ ਨਹੀਂ ਰਹਿ ਜਾਵੇਗਾ। "ਲੌਕਡਾਊਨ ਦੇ 15 ਦਿਨ ਪਹਿਲਾਂ ਤੋਂ ਹੀ ਗਾਹਕ ਆਉਣੇ ਘੱਟ ਗਏ ਸਨ। ਕੋਰੋਨਾਵਾਇਰਸ ਕਾਰਨ ਲੋਕ ਵੀ ਡਰੇ ਹੋਏ ਹਨ।"
ਦੁਕਾਨ ਦਾ 15,000 ਪ੍ਰਤੀ ਮਹੀਨਾ ਕਿਰਾਇਆ ਦੇਣ ਵਾਲਾ ਸਲਮਾਨ ਚਿੰਤਤ ਹੈ ਕਿ "ਮਾਲਕ ਸਰਕਾਰ ਦੀ ਅਪੀਲ ਨੂੰ ਮੰਨਦਿਆਂ ਕਿਰਾਇਆ ਕੁਝ ਸਮਾਂ ਬਾਅਦ ਲੈ ਲਏਗਾ ਪਰ ਮਾਫ਼ ਤਾਂ ਨਹੀਂ ਕਰੇਗਾ।"
ਲੁਧਿਆਣਾ ਵਿੱਚ ਬਿਊਟੀ ਪਾਰਲਰ ਚਲਾਉਣ ਵਾਲੀ ਮੀਨਾ ਆਪਣੇ ਕੰਮ ਦੇ ਨਾਲ-ਨਾਲ ਕੁੜੀਆਂ ਨੂੰ ਇਸ ਕੰਮ ਦੀ ਸਿਖਲਾਈ ਵੀ ਦਿੰਦੀ ਹੈ।
ਮੀਨਾ ਕਹਿੰਦੀ ਹੈ, ''ਪਤੀ ਵੀ ਕੰਮ ਕਰਦਾ ਹੈ ਪਰ ਘਰ ਦੇ ਖਰਚੇ ਉਦੋਂ ਤੱਕ ਪੂਰੇ ਨਹੀਂ ਹੁੰਦੇ ਜਦੋਂ ਤੱਕ ਦੋਵੇਂ ਜੀਅ ਨਾ ਕੰਮ ਕਰੀਏ। ਕੋਰੋਨਾਵਾਇਰਸ ਕਾਰਨ ਅਸੀਂ ਇੱਕ ਸਾਲ ਪਿੱਛੇ ਧੱਕੇ ਗਏ। 2020 ਵਿੱਚ ਤਾਂ ਇੱਕੋ ਉਦੇਸ਼ ਹੈ ਜੀ, ਆਪਣੀ ਜਾਨ ਬਚਾਓ।"
https://www.youtube.com/watch?v=bSFCiVpkLhQ
'ਇੱਕ ਗਲਤੀ ਸਾਰੀ ਇੰਡਸਟਰੀ ਨੂੰ ਭੁਗਤਣੀ ਪਵੇਗੀ'
ਆਲ ਇੰਡੀਆ ਹੇਅਰ ਐਂਡ ਬਿਊਟੀ ਐਸੋਸੀਏਸ਼ਨ (AIHBA) ਦੇ ਪ੍ਰੈਜੀਡੈਂਟ ਸੰਗੀਤਾ ਚੌਧਰੀ ਡਰ ਦੇ ਇਸ ਮਾਹੌਲ ਵਿੱਚ ਕਹਿੰਦੇ ਹਨ, "ਜੇਕਰ ਡਾਕਟਰ ਕਿਸੇ ਦੀ ਚਮੜੀ ਦੇ ਅੰਦਰ ਤੱਕ ਜਾਂਦਾ ਹੈ ਤਾਂ ਅਸੀਂ ਤਾਂ ਚਮੜੀ ਤੱਕ ਜਾਂਦੇ ਹਾਂ। ਇਸ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਕੋਰੋਨਾ ਨਾਲ ਸਾਨੂੰ ਜਿਉਣਾ ਸਿੱਖਣਾ ਪਵੇਗਾ, ਵਾਇਰਸ-ਮੁਕਤ ਦੁਕਾਨਾਂ ਬਣਾਉਣੀਆਂ ਪੈਣਗੀਆਂ।"
ਉਨ੍ਹਾਂ ਦਾ ਅੱਗੇ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਨਿੱਜੀ ਤੌਰ 'ਤੇ ਸਾਵਧਾਨੀ ਵਰਤਣੀ ਪਵੇਗੀ, "ਨਹੀਂ ਤਾਂ ਕਿਸੇ ਇੱਕ ਸ਼ਖਸ ਦੀ ਗਲਤੀ ਨਾਲ ਸਾਰੀ ਇੰਡਸਟਰੀ ਨੂੰ ਹਰਜਾਨਾ ਭੁਗਤਣਾ ਪਵੇਗਾ।"
ਐਸੋਸ਼ੀਏਸ਼ਨ ਵੱਲੋਂ ਇੰਡਸਟਰੀ ਨੂੰ ਰਾਹਤ ਦੇਣ ਵਰਗੀਆਂ ਕਈ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਹੈ ਅਤੇ ਮਹਾਰਾਸ਼ਟਰ ਵਿੱਚ ਇੱਕ ਆਨਲਾਈਨ ਪਟੀਸ਼ਨ ਵੀ ਸਾਈਨ ਕਰਵਾਈ ਜਾ ਰਹੀ ਹੈ।
ਸੰਗੀਤਾ ਚੌਹਾਨ ਮੁਤਾਬਕ ਵੱਖ-ਵੱਖ ਸੂਬਿਆਂ ਵਿੱਚ ਐਸੋਸੀਏਸ਼ਨ ਨਾਲ ਜੁੜੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਵਧਾਨੀਆਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਕੀ ਹਨ ਹਦਾਇਤਾਂ?
ਭਾਰਤੀ ਕੌਸ਼ਲ ਵਿਕਾਸ (ਸਕਿੱਲ ਡਿਵੈਲਪਮੈਂਟ) ਮੰਤਰਾਲੇ ਤਹਿਤ ਆਉਣ ਵਾਲੀ ਬਿਊਟੀ ਐਂਡ ਵੈਲਨੈਸ ਸੈਕਟਰ ਸਕਿੱਲ ਕਾਊਂਸਿਲ (B&WSSC) ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਲੌਕਡਾਊਨ ਦੌਰਾਨ ਜੇਕਰ ਕੰਮ ਕਰਨ ਦੀ ਛੋਟ ਮਿਲਦੀ ਹੈ ਤਾਂ ਸਲੋਨ, ਬਿਊਟੀ, ਸਪਾ ਅਤੇ ਜਿਮਿੰਗ ਵਰਗੇ ਖੇਤਰ, ਜਿੱਥੇ ਸਮਾਜਿਕ ਦੂਰੀ ਬਣਾਉਣਾ ਕਾਫੀ ਮੁਸ਼ਕਿਲ ਹੈ, ਉੱਥੇ ਕੁਝ ਖਾਸ ਗੱਲਾਂ ਦਾ ਖਿਆਲ ਰੱਖਣਾ ਪਵੇਗਾ।
ਹਦਾਇਤਾਂ ਵਿੱਚ ਡਿਸਪੋਜ਼ੇਬਲ ਮਾਸਕ, ਤੌਲੀਏ, ਸ਼ੀਟ ਅਤੇ ਦਸਤਾਨੇ ਦੀ ਵਰਤੋਂ ਕਰਨੀ ਲਾਜਮੀ ਹੋਵੇਗੀ।
ਦੁਕਾਨਾਂ ਤੋਂ ਇਲਾਵਾ...?
ਚੰਡੀਗੜ੍ਹ ਵਿੱਚ ਮੇਕਅਪ ਆਰਟਿਸਟ ਵਜੋਂ ਫ੍ਰੀਲਾਂਸ (ਮਤਲਬ ਆਪਣਾ ਆਜ਼ਾਦ ਕੰਮ) ਕਰ ਰਹੀ ਇਤਿਕਾ ਸੂਦ ਕਹਿੰਦੀ ਹੈ, ''ਇਸ ਖੇਤਰ ਵਿੱਚ ਨੌਕਰੀਆਂ ਓਨੀਆਂ ਨਹੀਂ, ਸਗੋਂ ਡੇਲੀ ਜਾਂ ਫ੍ਰੀਲਾਂਸ ਦਾ ਕੰਮ ਬਹੁਤ ਹੈ। ਹੁਣ ਕੋਈ ਨੌਕਰੀ ਤਾਂ ਹੈ ਨਹੀਂ ਕਿ ਤਨਖਾਹ ਘੱਟ ਜਾਂ ਲੇਟ ਮਿਲੇਗੀ।"
"ਡੈਸਟੀਨੇਸ਼ਨ ਵੈਡਿੰਗ, ਪ੍ਰੀ-ਵੈਡਿੰਗ ਫੋਟੋ ਸ਼ੂਟ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਸੀਜ਼ਨ ਵਿੱਚ ਤਾਂ ਕਮਾਈ ਲੱਖਾਂ ਤੱਕ ਪਹੁੰਚ ਜਾਂਦੀ ਸੀ, ਪਰ ਹੁਣ ਕਮਾਈ ਛੱਡੋ, ਖਰਚਾ ਚੱਲ ਜਾਵੇ ਉਹੀ ਬਹੁਤ ਹੈ।"
ਇਤਿਕਾ ਅੱਗੇ ਕਹਿੰਦੀ ਹੈ ਕਿ ਲੌਕਡਾਊਨ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਤੋਂ ਹੀ ਕੰਮ ਘੱਟ ਗਿਆ ਸੀ ਅਤੇ ਫਿਰ ਸਮਾਂ ਆਇਆ ਜਦੋਂ ਬੁਕਿੰਗ ਕੈਂਸਲ ਹੋ ਗਈਆਂ।
"ਹੁਣ ਜੇਕਰ ਕੋਈ ਕੰਮ ਕਰਵਾਉਣਾ ਵੀ ਚਾਹੇਗਾ ਤਾਂ ਬਾਰਗੇਨਿੰਗ ਜ਼ਿਆਦਾ ਕਰੇਗਾ ਅਤੇ ਸਾਨੂੰ ਵੀ ਮਜਬੂਰੀ ਵਿੱਚ ਪਹਿਲਾਂ ਨਾਲੋਂ ਕਿਤੇ ਘੱਟ ਰੇਟ ਵਿੱਚ ਕੰਮ ਕਰਨਾ ਪਵੇਗਾ।"
ਜਾਵੇਦ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਸਮਾਣਾ ਤੋਂ ਜਾ ਕੇ ਮੁੰਬਈ ਫਿਲਮ ਇੰਡਸਟਰੀ ਵਿੱਚ ਪਿਛਲੇ ਪੰਜ ਸਾਲ ਤੋਂ ਹੇਅਰ ਸਟਾਈਲਿੰਗ ਦਾ ਕੰਮ ਕਰ ਰਹੇ ਹਨ।
ਉਹ ਕਹਿੰਦੇ ਹਨ, "ਮੁੰਬਈ ਵਿਚਲੇ ਫਲੈਟ ਦਾ ਕਿਰਾਇਆ ਵੀ ਸਿਰ ਚੜ੍ਹ ਰਿਹਾ ਹੈ। ਇੱਕੋ ਸਹਾਰਾ ਸੀ, ਕਸਬੇ ਵਿੱਚ ਪਰਿਵਾਰ ਦਾ ਪੁਰਾਣਾ ਸਲੋਨ, ਹੁਣ ਉਹ ਵੀ ਬੰਦ ਹੈ।"
"ਅਚਾਨਕ ਕੰਮ ਠੱਪ ਹੋਣ ਕਰਕੇ ਜਿਨ੍ਹਾਂ ਕਲਾਈਂਟਸ ਕੋਲੋ ਪੈਸੇ ਲੈਣੇ ਸਨ ਉਹ ਵੀ ਰੁਕੇ ਹੋਏ ਹਨ। ਭਵਿੱਖ ਵਿੱਚ ਕੁਝ ਚੰਗੇ ਪ੍ਰੋਜੈਕਟਾਂ ਉੱਤੇ ਗੱਲ ਹੋ ਰਹੀ ਸੀ ਪਰ ਹੁਣ ਕੀ ਹੋਏਗਾ ਪਤਾ ਨਹੀਂ।"
ਫਿਲਮ ਇੰਡਸਟਰੀ ਦੇ ਕਾਮਿਆਂ ਦਾ ਕੀ ਹੈ ਹਾਲ?
ਕੋਰੋਨਾਵਾਇਰਸ ਅਤੇ ਲੌਕਡਾਊਨ ਨੇ ਮੁੰਬਈ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਵਾਲਿਆਂ ਦੀ ਜਿੰਦਗੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ।
ਬੀਬੀਸੀ ਨੂੰ ਸਿਨੇ ਕੌਸਟਿਊਮ, ਮੇਕਅਪ ਆਰਟਿਸਟ ਐਂਡ ਹੇਅਰ ਡਰੇਸਰ ਐਸੋਸੀਏਸ਼ਨ (CCMAA) ਦੇ ਪ੍ਰਧਾਨ ਸ਼ਰਦ ਸ਼ੇਲਾਰ ਨੇ ਦੱਸਿਆ ਕਿ ਇਸ ਐਸੋਸੀਏਸ਼ਨ ਦੇ ਤਹਿਤ ਤਕਰੀਬਨ 6,000 ਲੋਕ ਰਜਿਸਟਰਡ ਹਨ ਜਿਨ੍ਹਾਂ ਦਾ ਕੰਮ ਦੋ ਮਹੀਨੇ ਤੋਂ ਬੰਦ ਹੈ।
ਸ਼ਰਦ ਦਾ ਕਹਿਣਾ ਹੈ, ''ਇਸ ਕੰਮ ਵਿੱਚ ਸੋਸ਼ਲ ਡਿਸਟੈਂਸਿੰਗ ਬਾਰੇ ਸੋਚਣਾ ਵੀ ਹਾਸੋਹੀਣਾ ਹੈ।''
ਸ਼ਰਦ ਅਦਾਕਾਰ ਸਲਾਮਨ ਖਾਨ ਦਾ ਧੰਨਵਾਦ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼ (FWICE) ਨੂੰ ਆਰਥਿਕ ਮਦਦ ਮੁਹੱਈਆ ਕਰਵਾਈ ਅਤੇ ਐਸੋਸੀਏਸ਼ਨ ਦੇ ਵੀ ਤਕਰੀਬਨ 1200 ਲੋਕਾਂ ਦੇ ਖਾਤਿਆਂ ਵਿੱਚ ਪੈਸੇ ਵੀ ਪਹੁੰਚੇ।
ਇਸ ਤੋਂ ਇਲਾਵਾ ਖ਼ਬਰਾਂ ਆਈਆਂ ਕਿ ਯਸ਼ਰਾਜ ਪ੍ਰੋਡਕਸ਼ਨ ਹਾਊਸ, ਅਜੈ ਦੇਵਗਨ ਅਤੇ ਰੋਹਿਤ ਸ਼ੈੱਟੀ ਨੇ ਵੀ ਇਨ੍ਹਾਂ ਵਰਕਰਾਂ ਦੀ ਆਰਥਿਕ ਮਦਦ ਕੀਤੀ ਹੈ।
ਸ਼ਰਦ ਕਹਿੰਦੇ ਹਨ, ''ਸਾਡੇ ਲੋਕ ਸ਼ੂਟਿੰਗ ਦੇ ਸੈਟ 'ਤੇ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਪ੍ਰੋਡਕਸ਼ਨ ਹਾਊਸ ਇਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਬਾਰੇ ਨਹੀਂ ਸੋਚਦੇ। ਕੋਈ ਜਾਏਗਾ ਤਾਂ ਆਪਣੇ ਚੰਗੇ-ਬੁਰੇ ਦਾ ਜਿੰਮੇਵਾਰ ਉਹ ਆਪ ਹੋਵੇਗਾ।''
ਸਰਕਾਰ ਵੱਲੋਂ ਕੀਤੇ ਜਾਂਦੇ ਵਾਅਦਿਆਂ ਬਾਰੇ ਸ਼ਰਦ ਕਹਿੰਦੇ ਹਨ ਕਿ ਐਲਾਨ ਤਾਂ ਬਹੁਤ ਹੁੰਦੇ ਹਨ ਪਰ ਲੋੜਵੰਦਾਂ ਤੱਕ ਮਦਦ ਕਿਵੇਂ ਪਹੁੰਚੇਗੀ ਇਸ ਬਾਰੇ ਕੋਈ ਠੋਸ ਪਲਾਨ ਨਹੀਂ ਹੈ।
ਸ਼ਰਦ ਇਸ ਗੱਲ ਵੱਲ ਵੀ ਧਿਆਨ ਦੁਆਉਂਦੇ ਹਨ ਕਿ ਮੁੰਬਈ ਫਿਲਮ ਇੰਡਸਟਰੀ ਤੋਂ ਇਲਾਵਾ ਦੱਖਣ ਭਾਰਤ ਤੇ ਬੰਗਾਲੀ ਫਿਲਮ ਇੰਡਸਟਰੀ ਵਿੱਚ ਵਿੱਚ ਵੀ ਹਜਾਰਾਂ ਵਰਕਰ ਕੰਮ ਕਰਦੇ ਹਨ ਜਿਨ੍ਹਾਂ ਦੀ ਕਿਸੇ ਵੀ ਐਸੋਸੀਏਸ਼ਨ ਤਹਿਤ ਕੋਈ ਰਜਿਸਟ੍ਰੇਸ਼ਨ ਨਹੀਂ ਹੈ।
ਸੋਸ਼ਲ ਡਿਸਟੈਂਸਿੰਗ ਅਤੇ ਮਨੋਰੰਜਨ ਜਗਤ ਕਿਵੇਂ ਇਕੱਠੇ ਚੱਲਣਗੇ? ਇਸ ਬਾਰੇ ਰੈਪਰ ਅਤੇ ਸੰਗੀਤਕਾਰ ਬਾਦਸ਼ਾਹ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, ''ਹੇਅਰ ਐਂਡ ਮੇਕਅੱਪ ਇੰਡਸਟਰੀ ਉਸੇ ਤਰ੍ਹਾਂ ਚੱਲੇਗੀ, ਪਰ ਹਾਂ ਲਾਈਫ ਸਟਾਈਲ ਵਿੱਚ ਬਦਲਾਅ ਆਏਗਾ। ਮੈਨੂੰ ਵਿਸ਼ਵਾਸ਼ ਹੈ ਕਿ ਮੇਰੀ ਟੀਮ ਵੀ ਉਹ ਸਾਰੀਆਂ ਸਾਵਧਾਨੀਆਂ ਵਰਤੇਗੀ ਜਿਨ੍ਹਾਂ ਦੀ ਲੋੜ ਹੈ।''
'ਵੱਡੇ ਸਲੋਨ ਚੱਲਣਗੇ'
ਸੈਲੀਬ੍ਰਿਟੀ ਹੇਅਰ ਸਟਾਈਲਿਸਟ ਅਤੇ ਕਈ ਵੱਡੇ ਸ਼ਹਿਰਾਂ ਵਿੱਚ ਸਲੋਨ ਚੇਨ ਚਲਾਉਣ ਵਾਲੇ ਆਲਿਮ ਹਾਕਿਮ ਨਾਲ ਵੀ ਅਸੀਂ ਗੱਲ ਕੀਤੀ।
ਉਹ ਕਹਿੰਦੇ ਹਨ, "ਅਸਰ ਤਾਂ ਗਲੀ-ਮੁਹੱਲੇ ਤੋਂ ਲੈ ਕੇ ਲਗਜ਼ਰੀ ਸਲੋਨ ਚਲਾਉਣ ਵਾਲਿਆਂ 'ਤੇ ਵੀ ਪਵੇਗਾ। ਜਿਨ੍ਹਾਂ ਕੋਲ ਪੂੰਜੀ ਹੈ ਉਹੀ ਚੰਗੀ ਤਰ੍ਹਾਂ ਆਪਣਾ ਕੰਮ ਚਲਾ ਸਕਣਗੇ।"
ਕਈ ਵੱਡੇ ਸਲੋਨ ਆਪਣੇ ਕਾਮਿਆਂ ਨੂੰ ਤਨਖਾਹਾਂ ਨਹੀਂ ਦੇ ਪਾ ਰਹੇ। ਆਲਿਮ ਮੁਤਾਬਕ, ''ਮਾਸਕ, ਸ਼ੀਟਾਂ ਅਤੇ ਹੋਰ ਵਨ-ਟਾਈਮ ਯੂਜ਼ ਵਾਲਾ ਸਮਾਨ ਤਾਂ ਸਾਰਿਆਂ ਨੂੰ ਇੱਕੋ ਰੇਟ 'ਤੇ ਮਿਲੇਗਾ, ਇਸ ਲਈ ਕੀਮਤਾਂ ਵੀ ਵਧਣਗੀਆਂ।''
ਭਾਰਤ ਸਰਕਾਰ ਵੱਲੋਂ 20 ਲੱਖ ਕਰੋੜ ਦੇ ਆਰਥਿਕ ਪੈਕੇਜ ਤੋਂ ਉਮੀਦ ਦੇ ਸਵਾਲ 'ਤੇ ਕਹਿੰਦੇ ਹਨ ਕਿ ਸੜਕ 'ਤੇ ਪੈਦਲ ਤੁਰੇ ਜਾਂਦੇ ਮਜ਼ਦੂਰ ਦੀ ਹਾਲਤ ਦੇਖ ਕੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਪੈਕੇਜ ਕਿੰਨਾ ਲਾਭ ਪਹੁੰਚਾਏਗਾ।
ਜ਼ੀਰਕਪੁਰ 'ਚ ਸਲੋਨ ਚਲਾਉਣ ਵਾਲਾ ਸਲਮਾਨ ਵੀ ਪੁੱਛਦਾ ਹੈ, ''ਮੰਨ ਲਵੋ ਕਿ ਕਿਸੇ ਗਾਹਕ ਤੋਂ ਦਾੜ੍ਹੀ ਜਾਂ ਸ਼ੇਵ ਕਰਨ ਦੇ ਅਸੀਂ 50 ਰੁਪਏ ਲੈਂਦੇ, ਇਸ ਗੱਲ ਦੀ ਕੀ ਗਰੰਟੀ ਹੈ ਕਿ ਉਹ ਡਿਸਪੋਜ਼ਬਲ ਸਮਾਨ ਦੀ ਲਾਗਤ ਵੀ ਦੇਵੇਗਾ?''
'ਪੂਰਾ ਸਾਲ ਨਹੀਂ ਜਾਵਾਂਗਾ ਵਾਲ ਕਟਵਾਉਣ'
ਚੰਡੀਗੜ੍ਹ ਦੀ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਨ ਵਾਲੇ ਈਸ਼ਵਰ ਅਗਰਵਾਲ ਦੋ ਮਹੀਨੇ ਪਹਿਲਾਂ ਸਲੋਨ ਗਏ ਸਨ।
ਘਰੋਂ ਹੀ ਕੰਮ ਕਰ ਰਹੇ ਈਸ਼ਵਰ ਨੇ ਦੱਸਿਆ, "ਮੈ ਤਾਂ ਪੂਰਾ ਸਾਲ ਨਹੀਂ ਜਾਵਾਂਗਾ ਵਾਲ ਕਟਵਾਉਣ। ਦਾੜ੍ਹੀ ਮੈਂ ਆਪ ਟਰਿੱਮ ਕਰ ਲੈਂਦਾ ਹਾਂ ਅਤੇ ਸਿਰ ਦੇ ਵਾਲ ਜ਼ੀਰੋ ਨੰਬਰ ਦੀ ਮਸ਼ੀਨ ਲਗਾ ਕੇ ਸਾਫ ਕਰਦਾ ਹਾਂ। ਬਾਅਦ 'ਚ ਦਫਤਰ ਜਾਣਾ ਵੀ ਪਿਆ ਤਾਂ ਟੋਪੀ ਲੈ ਲਵਾਂਗਾ ਪਰ ਸਲੋਨ ਨਹੀਂ ਜਾਵਾਂਗਾ।"
ਲੋਕਾਂ ਕੋਲ ਹੋਰ ਵੀ ਬਦਲ ਹਨ
ਭਾਰਤ ਵਿੱਚ ਕਈ ਸਰਵਿਸ ਕੰਪਨੀਆਂ ਹਨ ਜੋ ਵੱਡੇ ਸ਼ਹਿਰਾਂ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਸੇਵਾਵਾਂ ਦੇ ਰਹੀਆਂ ਹਨ, ਜਿਵੇਂ ਕਵਿਕਰ, ਹਾਊਸ ਜੌਏ ਅਤੇ ਅਰਬਨ ਕਲੈਪ।
ਅਰਬਨ ਕਲੈਪ ਦੇ ਵਾਈਸ ਪ੍ਰੈਜ਼ੀਡੈਂਟ (ਮਾਰਕੀਟਿੰਗ) ਰਾਹੁਲ ਦੇਵਰਾ ਨੇ ਬੀਬੀਸੀ ਨੂੰ ਦੱਸਿਆ ਕਿ ਮਹਾਂਮਾਰੀ ਕਾਰਨ ਇੰਡਸਟਰੀ 'ਚ ਸਭ ਤੋਂ ਵੱਡਾ ਬਦਲਾਅ ਇਹ ਦਿਖੇਗਾ ਕਿ ਸਾਫ-ਸਫਾਈ ਅਤੇ ਸੁਰੱਖਿਆ ਉੱਤੇ ਜਿਆਦਾ ਧਿਆਨ ਕੇਂਦਰਿਤ ਹੋਇਆ ਹੈ।
ਕੁਝ ਕੰਪਨੀਆਂ ਲੋਕਾਂ ਨੂੰ ਘਰੋਂ ਘਰੀਂ ਵੀ ਸਰਵਿਸ ਮੁਹੱਈਆ ਕਰਵਾ ਰਹੀਆਂ ਹਨ
ਕੋਰੋਨਾਵਾਇਰਸ ਸੰਕਟ ਤੋਂ ਪਹਿਲਾਂ ਕੰਪਨੀ ਦੇ ਕੁੱਲ ਵਪਾਰ ਵਿੱਚ ਬਿਊਟੀ, ਵੈਲਨੈਸ ਅਤੇ ਹੇਅਰ ਸੇਵਾਵਾਂ ਦਾ ਯੋਗਦਾਨ 50 ਫੀਸਦ ਹੁੰਦਾ ਸੀ ਜਿਸ 'ਤੇ ਬੁਰਾ ਅਸਰ ਪਿਆ ਹੈ।
''ਲੋਕ ਸਲੋਨ ਜਾਣ ਤੋਂ ਜਿਆਦਾ ਘਰ ਵਿੱਚ ਬੁਲਾ ਕੇ ਸੇਵਾ ਲੈਣ ਦਾ ਬਦਲ ਚੁਨਣਗੇ, ਕਿਉਂਕਿ ਕਿਸੇ ਤਰ੍ਹਾਂ ਦੇ ਇਕੱਠ ਵਾਲੇ ਵਾਤਾਵਰਨ ਦੀ ਥਾਂ ਇੱਥੇ ਇੱਕ ਬੰਦੇ ਨੂੰ ਸਿਰਫ ਇੱਕ ਸ਼ਖਸ ਹੀ ਸੇਵਾ ਦੇ ਰਿਹਾ ਹੈ।''
ਪ੍ਰਨਵ ਸਰਕਾਰ ਤੋਂ ਅਪੀਲ ਕਰਦੇ ਹਨ ਕਿ ਕੋਰੋਨਾਵਾਇਰਸ ਕਾਰਨ ਬਣਾਏ ਗਏ ਸਾਰੇ ਜੋਨਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਉਹ ਤਰਕ ਦਿੰਦੇ ਹਨ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਵੀ ਹੋ ਜਾਵੇਗੀ ਅਤੇ ਘਰੋਂ ਘਰੀਂ ਜਾ ਕੇ ਕੰਮ ਕਰਦੇ ਰਹਿਣ ਨਾਲ ਬਹੁਤ ਸਾਰੇ ਲੋਕਾਂ ਦੀ ਰੋਟੀ ਚਲਦੀ ਰਹੇਗੀ।
ਆਲਿਮ ਹਾਕਿਮ ਵੱਖਰੀ ਰਾਏ ਰੱਖਦੇ ਹਨ, ''ਔਨਲਾਈਨ ਬੁਕਿੰਗ ਜ਼ਰੀਏ ਜੋ ਸ਼ਖਸ ਤੁਹਾਡੇ ਘਰ ਆਇਆ ਹੈ, ਉਹ ਪਹਿਲਾਂ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਇਆ ਅਤੇ ਕਿੰਨੇ ਘਰਾਂ ਤੋਂ ਹੋ ਕੇ ਆਇਆ ਹੈ, ਇਸ ਦੀ ਗਰੰਟੀ ਕੌਣ ਲਵੇਗਾ? ਸਲੋਨ ਵਿੱਚ ਸਾਫ-ਸਫਾਈ ਦੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਣਾ ਆਸਾਨ ਹੈ, ਇੱਥੇ ਸਟਾਫ ਹੈ।"
https://www.youtube.com/watch?v=HbVNJF2Z6kE
ਭਾਰਤ ਵਿੱਚ ਕਿੰਨੀ ਵੱਡੀ ਹੈ ਇੰਡਸਟਰੀ
ਪਿਛਲੇ ਸਾਲ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (FICCI) ਅਤੇ ਲੰਡਨ ਸਥਿਤ ਫਰਮ ਅਰਨਸਟ ਐਂਡ ਯੰਗ (E&Y) ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਸਲੋਨ ਇੰਡਸਟਰੀ 2017-2018 ਵਿੱਚ 3.8 ਬਿਲੀਅਨ ਡਾਲਰ ਮਤਲਬ ਕਰੀਬ 29,000 ਹਜ਼ਾਰ ਕਰੋੜ ਭਾਰਤੀ ਰੁਪਏ ਦੀ ਸੀ।
ਸਿਰਫ ਸਲੋਨ ਇੰਡਸਟਰੀ ਹੀ ਪੂਰੀ ਬਿਊਟੀ ਅਤੇ ਵੈਲਨੇਸ ਮਾਰਕੀਟ ਦੀ 30 ਫੀਸਦ ਹੈ। ਰਿਪੋਰਟ ਮੁਤਾਬਕ ਭਾਰਤ ਵਿੱਚ ਕੁੱਲ 60 ਤੋਂ 70 ਲੱਖ ਸਲੋਨ ਹਨ ਅਤੇ 85 ਫੀਸਦ ਤੋਂ ਵੱਧ ਦੇ ਰੈਵੇਨਿਊ ਵਿੱਚ ਔਰਤਾਂ ਦਾ ਯੋਗਦਾਨ ਹੈ।
ਮਰਦਾਂ ਵਿੱਚ ਵੀ ਆਪਣੀ ਦਿੱਖ ਨੂੰ ਲੈ ਕੇ ਜਾਗਰੂਕਤਾ ਵਧੀ ਹੈ ਤਾਂ ਯੂਨੀਸੈਕਸ ਸਲੋਨ ਵੀ ਤੇਜੀ ਨਾਲ ਵੱਧ ਰਹੇ ਹਨ।
ਇਸ ਇੰਡਸਟਰੀ ਵਿੱਚ ਔਰਤਾਂ ਮੋਹਰੀ ਹਨ, ਚਾਹੇ ਕਮਾਈ ਦੀ ਗੱਲ ਹੋਵੇ ਜਾਂ ਸ਼ਮੂਲੀਅਤ ਦੀ
AIHBA ਦੀ ਮੁਖੀ ਸੰਗੀਤਾ ਚੌਹਾਨ ਇਸ ਸੈਕਟਰ ਨੂੰ ਔਰਤਾਂ ਦੇ ਸ਼ਸ਼ਕਤੀਕਰਨ ਲਈ ਅਹਿਮ ਮੰਨਦੇ ਹਨ। ਉਨ੍ਹਾਂ ਮੁਤਾਬਕ, ''ਇਸ ਖੇਤਰ ਵਿੱਚ ਇੰਜੀਨੀਅਰਾਂ ਜਾਂ ਹੋਰ ਪ੍ਰੋਫੈਸ਼ਨਲ ਲੋਕਾਂ ਵਾਂਗ ਨੌਕਰੀ ਨਹੀ ਲੱਭਣੀ ਪੈਂਦੀ। ਘੱਟ ਨਿਵੇਸ਼ ਨਾਲ ਵਾਧੂ ਮੁਨਾਫਾ ਖੱਟਿਆ ਜਾ ਸਕਦਾ ਹੈ।''
ਨੈਸ਼ਨਲ ਸਕਿੱਲ ਡੇਵਲਪਮੈਂਟ ਕਾਰਪੋਰੇਸ਼ਨ (NSDC) ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਬਿਊਟੀ ਅਤੇ ਵੈਲਨੈਸ ਇੰਡਸਟਰੀ ਸਲਾਨਾ 18.6 ਫੀਸਦ ਦੀ ਰਫਤਾਰ ਨਾਲ ਵਿਕਾਸ ਕਰ ਰਹੀ ਹੈ।
ਰਿਪੋਰਟ ਮੁਤਾਬਕ ਸਾਲ 2017-22 ਤੱਕ ਇਸ ਇੰਡਸਟਰੀ ਵਿੱਚ 1.20 ਕਰੋੜ ਹੁਨਰਮੰਦ ਲੋਕਾਂ ਦੀ ਲੋੜ ਪਵੇਗੀ।
ਰਿਪੋਰਟ ਕਹਿੰਦੀ ਹੈ ਕਿ ਕੁੱਲ ਕਾਮਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ 50 ਫੀਸਦ ਤੋਂ ਵਧ ਹੈ ਅਤੇ ਜਿਵੇਂ-ਜਿਵੇਂ ਇਹ ਇੰਡਸਟਰੀ ਵਿਕਾਸ ਕਰ ਰਹੀ ਹੈ ਔਰਤਾਂ ਲਈ ਮੌਕਿਆਂ ਵਿੱਚ ਵਾਧਾ ਹੋ ਰਿਹਾ ਹੈ।
ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸਮਾਜਿਕ ਸੁਰੱਖਿਆ, ਜੌਬ ਸਿਕਿਊਰਿਟੀ, ਮੈਡੀਕਲ ਸੁਵਿਧਾਵਾਂ ਅਤੇ ਲੰਬੇ ਕੰਮ ਦੇ ਘੰਟਿਆਂ ਵਰਗੀਆਂ ਸਮੱਸਿਆਵਾਂ ਹਾਲੇ ਵੀ ਇਸ ਇੰਡਸਟਰੀ ਵਿੱਚ ਹਨ।
ਪਰ ਇਸ ਵੇਲੇ ਦੀ ਵੱਡੀ ਸਮੱਸਿਆ ਕੋਰੋਨਾਵਾਇਰਸ ਮਹਾਂਮਾਰੀ ਹੈ ਜਿਸ ਨੇ ਇਸ ਸੈਕਟਰ ਦੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਅਤੇ ਭਵਿੱਖ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ।
ਇਹ ਵੀ ਦੇਖੋ
https://www.youtube.com/watch?v=QgaaGHGE88k
https://www.youtube.com/watch?v=47H52Zi4Sag
https://www.youtube.com/watch?v=FOXl0nI5SRk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6e80ae5c-7c90-074e-be83-e8a1a9ca20b6','assetType': 'STY','pageCounter': 'punjabi.india.story.52690937.page','title': 'ਕੋਰੋਨਾਵਾਇਰਸ ਦਾ ਸਲੋਨ ਤੇ ਬਿਊਟੀ ਇੰਡਸਟਰੀ \'ਤੇ ਅਸਰ: \'ਮੈਂ ਤਾਂ ਆਪ ਹੀ ਆਪਣੀ ਗੰਜ ਕੱਢ ਲਈ ਸੀ, ਇਸ ਸਾਲ ਤਾਂ ਸਲੋਨ ਨਹੀਂ ਜਾਂਦਾ\'','author': 'ਦਲੀਪ ਸਿੰਘ','published': '2020-05-17T04:00:11Z','updated': '2020-05-17T04:00:11Z'});s_bbcws('track','pageView');

ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਂਮਾਰੀ ਤੋਂ ਬਚਾ ਸਕਦੀਆਂ- 5 ਅਹਿਮ ਖ਼ਬਰਾਂ
NEXT STORY