ਝੋਨੇ ਦੀ ਖਰੀਦ-ਵੇਚ, ਭੰਡਾਰਨ ਅਤੇ ਪ੍ਰੋਸੈਸਿੰਗ 'ਤੇ 16 ਨਵੰਬਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਪਾਬੰਦੀ ਲਗਾ ਦਿੱਤੀ ਗਈ ਹੈ
"ਸਾਡੀ ਝੋਨੇ ਦੀ ਫਸਲ ਮੰਡੀ ਵਿੱਚ ਪਈ ਨੂੰ ਅੱਜ 22 ਦਿਨ ਹੋ ਗਏ ਹਨ। ਜੇ ਪਿੰਡ ਵਾਲੀ ਮੰਡੀ ਵਿੱਚ ਖਰੀਦ ਬੰਦ ਹੋ ਗਈ ਤਾਂ ਮੁੱਖ ਮੰਡੀ ਵਿੱਚ ਉਸ ਨੂੰ ਲੈ ਕੇ ਜਾਣਾ ਔਖਾ ਹੋ ਜਾਏਗਾ। ਦੁੱਗਣੀ ਮਿਹਨਤ ਤੇ ਖਰਚਾ ਪੈ ਜਾਏਗਾ। ਜੋ ਫਸਲ ਪਹਿਲਾਂ ਮੰਡੀ ਵਿੱਚ ਢੋਹੀ, ਉਸ ਨੂੰ ਮੁੱਖ ਮੰਡੀ ਵਿੱਚ ਲਿਜਾਣ ਲਈ ਲੋਡਿੰਗ ਦਾ ਖਰਚਾ, ਟਰਾਂਸਪੋਰਟ ਦਾ ਖਰਚਾ ਪਏਗਾ।"
ਇਹ ਚਿੰਤਾ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਮਾਈਸਰਖਾਨਾ ਪਿੰਡ ਦੇ ਕਿਸਾਨ ਪ੍ਰਿਤਪਾਲ ਸਿੰਘ ਨੇ ਜਤਾਈ।
ਉਨ੍ਹਾਂ ਕਿਹਾ ਕਿ ਪਹਿਲਾਂ ਫਸਲ ਵਿੱਚ ਨਮੀ ਵੱਧ ਹੋਣ ਦਾ ਹਵਾਲਾ ਦੇ ਕੇ ਫਸਲ ਚੁੱਕੀ ਨਹੀਂ ਗਈ ਜਦੋਂਕਿ ਉਨ੍ਹਾਂ ਤੋਂ ਵੱਧ ਨਮੀ ਵਾਲੀਆਂ ਕੁਝ ਢੇਰੀਆਂ ਚੁੱਕੀਆਂ ਗਈਆਂ ਹਨ। ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਪਿੰਡ ਵਾਲੀ ਮੰਡੀ ਵਿੱਚ ਬੋਲੀ ਨਾ ਲੱਗੀ ਤਾਂ ਉਨ੍ਹਾਂ ਨੂੰ ਪੰਜ-ਸੱਤ ਕਿਲੋਮੀਟਰ ਦੂਰ ਸਬ-ਡਵਿਜ਼ਨ ਮੌੜ ਮੰਡੀ ਸਥਿਤ ਮੁੱਖ ਮੰਡੀ ਵਿੱਚ ਫਸਲ ਢੋਣੀ ਪਏਗੀ।
ਇਹ ਵੀ ਪੜ੍ਹੋ:
ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੰਨਾਂ ਦੇ ਕਿਸਾਨ ਗੁਰਨਾਮ ਸਿੰਘ ਨੇ ਕਿਹਾ, "ਅਸੀਂ ਦੋ ਭਰਾ ਇਕੱਠੇ ਖੇਤੀ ਕਰਦੇ ਹਾਂ। ਬਾਰਦਾਨਾ ਨਾ ਪਹੁੰਚਣ ਕਰਕੇ ਦੋਹਾਂ ਦੇ ਕਰੀਬ 1500-1600 ਗੱਟੇ ਝੋਨਾ ਹਾਲੇ ਖਰੀਦਿਆ ਨਹੀਂ ਗਿਆ।"
"15 ਦਿਨਾਂ ਤੋਂ ਅਸੀਂ ਪਿੰਡ ਦੀ ਮੰਡੀ ਵਿੱਚ ਫਸਲ ਦੀ ਰਾਖੀ ਕਰਦੇ ਰਹੇ ਅਤੇ ਵਿਕਣ ਦੀ ਉਡੀਕ ਕਰਦੇ ਰਹੇ ਪਰ ਹੁਣ ਪਿੰਡ ਦੀਆਂ ਮੰਡੀਆਂ ਵਿੱਚ ਖਰੀਦ ਬੰਦ ਕਰਨ ਦੀ ਗੱਲ ਚਿੰਤਾ ਵਧਾ ਰਹੀ ਹੈ ਕਿਉਂਕਿ ਜੇ ਇੱਥੇ ਖਰੀਦ ਨਾ ਹੋਈ ਤਾਂ ਸਾਨੂੰ ਬਰਨਾਲਾ ਸ਼ਹਿਰ ਸਥਿਤ ਮੁੱਖ ਮੰਡੀ ਵਿੱਚ ਫਸਲ ਲੈ ਕੇ ਜਾਣੀ ਪਏਗੀ, ਜੋ ਕਿ ਛੰਨਾ ਤੋਂ ਕਰੀਬ ਦਸ ਕਿਲੋਮੀਟਰ ਦੂਰ ਹੈ। ਖੁਦ ਕੋਲ ਟਰਾਂਸਪੋਰਟ ਸਾਧਨ ਨਾ ਹੋਣ ਕਾਰਨ ਲੋਡਿੰਗ, ਢੋਹਾ-ਢੁਹਾਈ ਅਤੇ ਟਰਾਂਸਪੋਰਟ ਦਾ ਖਰਚਾ ਝੱਲਣਾ ਪਵੇਗਾ। "
ਗੁਰਨਾਮ ਸਿੰਘ ਨੇ ਕਿਹਾ ਕਿ 15 ਦਿਨਾਂ ਤੋਂ ਪਿੰਡ ਦੀ ਮੰਡੀ ਵਿੱਚ ਫਸਲ ਦੀ ਰਾਖੀ ਕਰਦੇ ਰਹੇ ਅਤੇ ਵਿਕਣ ਦੀ ਉਡੀਕ ਕਰਦੇ ਰਹੇ
ਇਹ ਚਿੰਤਾ ਮਾਲਵਾ ਖੇਤਰ ਦੇ ਕਈ ਕਿਸਾਨਾਂ ਦੀ ਹੈ, ਜਿੰਨ੍ਹਾਂ ਦੀ ਝੋਨੇ ਦੀ ਫਸਲ ਹਾਲੇ ਖਰੀਦੀ ਨਹੀਂ ਗਈ। ਪੰਜਾਬ ਮੰਡੀ ਬੋਰਡ ਨੇ ਝੋਨੇ ਦੀ ਖਰੀਦ ਲਈ ਬਣਾਏ ਸਬ-ਯਾਰਡ ਅਤੇ ਛੋਟੇ ਖਰੀਦ ਕੇਂਦਰ ਬੰਦ ਕਰ ਦਿੱਤੇ ਹਨ। ਸਬ-ਯਾਰਡ ਅਤੇ ਖਰੀਦ ਕੇਂਦਰ ਕਿਸਾਨਾਂ ਦੀ ਸਹੂਲੀਅਤ ਲਈ ਪਿੰਡਾਂ ਵਿੱਚ ਜਾਂ ਪਿੰਡਾਂ ਦੇ ਨੇੜੇ ਫਸਲ ਦੀ ਖਰੀਦ ਲਈ ਬਣਾਏ ਛੋਟੇ ਖਰੀਦ ਕੇਂਦਰ ਹੁੰਦੇ ਹਨ।
ਇਨ੍ਹਾਂ 'ਤੇ ਝੋਨੇ ਦੀ ਖਰੀਦ-ਵੇਚ, ਭੰਡਾਰਨ ਅਤੇ ਪ੍ਰੋਸੈਸਿੰਗ 'ਤੇ 16 ਨਵੰਬਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ ਸਬ ਡਵੀਜ਼ਨਲ ਪੱਧਰ ਜਾਂ ਮਾਰਕਿਟ ਕਮੇਟੀ ਪੱਧਰ ਦੇ ਮੁੱਖ ਯਾਰਡਾਂ 'ਤੇ 30 ਨਵੰਬਰ ਤੱਕ ਝੋਨੇ ਦੀ ਖਰੀਦ ਹੋਏਗੀ।
ਸੂਬੇ ਅੰਦਰ ਝੋਨੇ ਦੀ ਫਸਲ ਲਈ ਕੁੱਲ ਕਿੰਨੇ ਖਰੀਦ ਕੇਂਦਰ ਸੀ ਅਤੇ ਕਿੰਨੇ ਬੰਦ ਕੀਤੇ ਗਏ ਹਨ?
ਮੰਡੀ ਬੋਰਡ ਦੇ ਪਬਲਿਕ ਇਨਫਰਮੇਸ਼ਨ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ 17 ਨਵੰਬਰ ਤੋਂ ਸਬ-ਯਾਰਡ ਬੰਦ ਹਨ। ਉਹਨਾਂ ਦੱਸਿਆ ਪੰਜਾਬ ਅੰਦਰ 154 ਮਾਰਕਿਟ ਕਮੇਟੀਆਂ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਛੱਡ ਕੇ ਹਰ ਮਾਰਕਿਟ ਕਮੇਟੀ ਵਿੱਚ ਇੱਕ ਪ੍ਰਿੰਸੀਪਲ ਯਾਰਡ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇਸ ਹਿਸਾਬ ਨਾਲ ਸੂਬੇ ਅੰਦਰ ਕੁੱਲ 152 ਮੁੱਖ (ਪ੍ਰਿੰਸੀਪਲ) ਯਾਰਡ, 283 ਸਬ-ਯਾਰਡ ਅਤੇ 1436 ਖਰੀਦ ਕੇਂਦਰ ਹਨ, ਜੋ ਕਿ ਹਰ ਸਾਲ ਹੁੰਦੇ ਹੀ ਹਨ। ਇਸ ਤੋਂ ਇਲਾਵਾ ਇਸ ਸਾਲ 2434 ਆਰਜੀ ਮੰਡੀਆਂ ਵੀ ਬਣਾਈਆਂ ਗਈਆਂ ਸੀ, ਜਿਨ੍ਹਾਂ ਵਿੱਚ ਖੁੱਲ੍ਹੀਆਂ ਥਾਵਾਂ, ਕੋਈ ਰਾਈਸ ਅਤੇ ਰੂੰ ਮਿੱਲਾਂ ਸ਼ਾਮਲ ਸੀ।
ਕੁੱਲ ਮਿਲਾ ਕਿ ਝੋਨੇ ਦੀ ਖਰੀਦ ਲਈ 4305 ਖਰੀਦ ਕੇਂਦਰ ਸੀ, ਜਿਨ੍ਹਾਂ ਵਿੱਚੋਂ 152 ਮੁੱਖ (ਪ੍ਰਿੰਸੀਪਲ) ਯਾਰਡ 30 ਨਵੰਬਰ ਤੱਕ ਚਲਦੇ ਰਹਿਣਗੇ ਅਤੇ ਬਾਕੀਆਂ ਵਿੱਚ ਖਰੀਦ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਹੈ।
ਸਬ-ਯਾਰਡ ਬੰਦ ਕਰਨ ਦਾ ਕੀ ਅਸਰ ਹੋਵੇਗਾ?
ਕਿਸਾਨਾਂ ਨੂੰ ਫਸਲ ਵੇਚਣ ਲਈ ਜ਼ਿਆਦਾ ਦੂਰ ਨਾ ਜਾਣਾ ਪਏ, ਉਨ੍ਹਾਂ ਦੀ ਖੱਜਲ-ਖੁਆਰੀ ਘਟਾਉਣ ਅਤੇ ਟਰਾਂਸਪੋਰਟ ਦਾ ਖਰਚ ਬਚਾਉਣ ਲਈ ਪਿੰਡਾਂ ਵਿੱਚ ਖਰੀਦ ਕੇਂਦਰ ਬਣਾਏ ਜਾਂਦੇ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਕਿਸਾਨਾਂ ਨੇ ਹਾਲੇ ਝੋਨੇ ਦੀ ਫਸਲ ਵੇਚਣੀ ਹੈ, ਉਨ੍ਹਾਂ ਨੂੰ ਦੂਰ ਸਥਿਤ ਮੁੱਖ-ਯਾਰਡਾਂ ਤੱਕ ਫਸਲ ਲਿਜਾਉਣ ਵਿੱਚ ਪਰੇਸ਼ਾਨੀ ਆਏਗੀ।
ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ, "ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਕਈ ਛੋਟੇ ਕਿਸਾਨਾਂ ਦੀ ਫਸਲ ਹਾਲੇ ਵਿਕਣੀ ਬਾਕੀ ਹੈ, ਤੈਅ ਸਮੇਂ ਤੋਂ ਪਹਿਲਾਂ ਛੋਟੀਆਂ ਮੰਡੀਆਂ ਬੰਦ ਕਰ ਦੇਣ ਦੀ ਮੈਂ ਨਿਖੇਧੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਕੁੱਲ ਫ਼ਸਲ ਦਾ 7 ਫੀਸਦੀ ਹਿੱਸਾ ਹਾਲੇ ਵਿਕਣਾ ਬਾਕੀ ਹੈ।"
ਇਹ ਵੀ ਪੜ੍ਹੋ:
ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ, "ਮਾਝੇ, ਦੁਆਬੇ ਸਮੇਤ ਮਾਲਵੇ ਦੇ ਵਧੇਰੇ ਜ਼ਿਲ੍ਹਿਆਂ ਦੀਆਂ ਮੰਡੀਆਂ ਖਾਲੀ ਹੋ ਚੁੱਕੀਆਂ ਹਨ ਪਰ ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ ਹਾਲੇ ਸਬ-ਯਾਰਡਾਂ ਦੀ ਲੋੜ ਸੀ।"
ਉਹਨਾਂ ਦੱਸਿਆ ਕਿ ਇੱਥੇ ਬੀਜੀ ਜਾਂਦੀ ਝੋਨੇ ਦੀ ਕਿਸਮ ਜਿਸ ਦਾ ਝਾੜ ਪਛੇਤਾ ਹੈ, ਉਹ ਹਾਲੇ ਜਾਂ ਤਾਂ ਖੇਤਾਂ ਵਿੱਚ ਹੈ ਅਤੇ ਜਾਂ ਇਨ੍ਹਾਂ ਸਬ-ਯਾਰਡਾਂ ਵਿੱਚ। ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਜੇ ਪੰਜ-ਸੱਤ ਦਿਨ ਹੋਰ ਇਹ ਮੰਡੀਆਂ ਚਲਦੀਆਂ ਰਹਿੰਦੀਆਂ ਤਾਂ ਇਨ੍ਹਾਂ ਕਿਸਾਨਾਂ ਨੂੰ ਪਰੇਸ਼ਾਨੀ ਨਾ ਆਉਂਦੀ।
ਪੰਜਾਬ ਅੰਦਰ 154 ਮਾਰਕਿਟ ਕਮੇਟੀਆਂ ਹਨ, ਜਿਨ੍ਹਾਂ 'ਚੋਂ ਦੋ ਨੂੰ ਛੱਡ ਕੇ ਹਰ ਮਾਰਕਿਟ ਕਮੇਟੀ 'ਚ ਇੱਕ ਪ੍ਰਿੰਸੀਪਲ ਯਾਰਡ ਹੈ
ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਕਹਿੰਦੇ ਹਨ ਕਿ ਇਸ ਵਾਰ ਲੌਕਡਾਊਨ ਦੇ ਬਾਵਜੂਦ ਵਧੇਰੇ ਝਾੜ ਦਾ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਪਰ ਪੈਦਾਵਾਰ ਵੱਧ ਹੋਣ ਦੀ ਸ਼ਾਬਾਸ਼ੀ ਦੀ ਬਜਾਏ ਕਿਸਾਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ।
ਉਹਨਾਂ ਕਿਹਾ, "ਜੋ ਛੋਟੇ ਕਿਸਾਨ ਦੂਰ ਦੀਆਂ ਮੰਡੀਆਂ ਤੱਕ ਫਸਲ ਲਿਜਾਉਣ ਵਿੱਚ ਆਰਥਿਕ ਪੱਖੋਂ ਅਸਮਰਥ ਹੋਣਗੇ, ਉਹ ਨੇੜਲੇ ਵਪਾਰੀਆਂ ਨੂੰ ਘੱਟ ਭਾਅ 'ਤੇ ਫਸਲ ਵੇਚਣ ਲਈ ਮਜਬੂਰ ਹੋ ਜਾਣਗੇ ਅਤੇ ਇਹੀ ਮਾਨਸਿਕਤਾ ਪੈਦਾ ਕਰਨ ਦੀ ਕੋਸ਼ਿਸ਼ ਇਸ ਕਦਮ ਨਾਲ ਹੋ ਰਹੀ ਹੈ।"
ਮੰਡੀ ਬੋਰਡ ਦਾ ਕੀ ਕਹਿਣਾ ਹੈ ?
ਪੰਜਾਬ ਮੰਡੀ ਬੋਰਡ ਦੇ ਸਟੇਟ ਪਬਲਿਕ ਇਨਫਰਮੇਸ਼ਨ ਅਫਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਨਾਲੋਂ 27 ਫੀਸਦੀ ਵੱਧ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਸ ਵਾਰ ਦੇ ਝਾੜ ਦਾ 90 ਫੀਸਦੀ ਖਰੀਦਿਆ ਜਾ ਚੁੱਕਿਆ ਹੈ ਅਤੇ 10 ਫੀਸਦੀ ਖਰੀਦ ਬਾਕੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਹੀ ਫਸਲ ਦੀ ਆਮਦ ਮੁਤਾਬਕ, ਮੰਡੀਆਂ ਬੰਦ ਹੁੰਦੀਆਂ ਰਹਿੰਦੀਆਂ ਹਨ ਕਿਉਂਕਿ ਫਸਲ ਦੀ ਆਮਦ ਤੋਂ ਬਿਨਾਂ ਮੰਡੀਆਂ ਚਲਾਉਣ ਨਾਲ ਸਿਰਫ਼ ਆਰਥਿਕ ਬੋਝ ਹੀ ਪੈਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਵਪਾਰੀ ਬਾਹਰੀ ਸੂਬਿਆਂ ਤੋਂ ਸਸਤੇ ਭਾਅ 'ਤੇ ਝੋਨਾ ਖਰੀਦ ਕੇ ਪੰਜਾਬ ਵਿੱਚ ਵੱਧ ਐਮਐੱਸਪੀ 'ਤੇ ਵੇਚ ਕੇ ਵਿਚਲਾ ਮੁਨਾਫਾ ਕਮਾਉਂਦੇ ਹਨ।
"ਅਜਿਹੇ ਲੋਕਾਂ 'ਤੇ ਠੱਲ ਪਾਉਣ ਲਈ ਵੀ ਸਬ-ਯਾਰਡ ਬੰਦ ਕਰ ਦਿੱਤੇ ਗਏ ਹਨ, ਕਿਉਂਕਿ ਕਈ ਥਾਵਾਂ 'ਤੇ ਪੰਜਾਬ ਮੰਡੀ ਬੋਰਡ ਨੇ ਰਾਈਸ ਸ਼ੈਲਰਾਂ ਨੂੰ ਵੀ ਸਬ-ਯਾਰਡ ਨੋਟੀਫਾਈ ਕੀਤਾ ਸੀ। ਅਜਿਹੇ ਸ਼ੈੱਲਰਾਂ 'ਤੇ ਘੁਟਾਲਾ ਨਾ ਹੋਵੇ ਇਹ ਨਿਗਰਾਨੀ ਰੱਖਣੀ ਔਖੀ ਹੋ ਜਾਂਦੀ ਹੈ।"
ਹੁਣ ਤੱਕ ਦੀ ਖਰੀਦੀ ਗਈ ਫਸਲ ਪੰਜਾਬ ਦੇ ਕਿਸਾਨਾਂ ਦੀ ਹੀ ਹੈ, ਇਹ ਯਕੀਨੀ ਕਰਨ ਲਈ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਸੀ। ਯਾਨਿ ਕਿ ਸ਼ੈਲਰਾਂ ਵਿੱਚ ਪਿਆ ਝੋਨਾ, ਕਿਹੜੀ ਮੰਡੀ ਤੋਂ ਖਰੀਦਿਆ ਗਿਆ, ਕਿਸ ਏਜੰਸੀ ਜ਼ਰੀਏ ਖਰੀਦਿਆ ਗਿਆ ਅਤੇ ਮੰਡੀ ਵਿੱਚ ਆਏ ਝੋਨੇ ਦੀ ਤੁਲਨਾ ਵਿੱਚ ਸ਼ੈੱਲਰ ਵਿੱਚ ਪਿਆ ਝੋਨਾ ਕਿੰਨਾ ਹੈ, ਇਹ ਸਭ ਪੜਤਾਲਿਆ ਗਿਆ ਹੈ।
ਖੇਤੀ ਮਾਮਲਿਆਂ ਦੇ ਮਾਹਿਰ ਦੀ ਰਾਇ
ਖੇਤੀ ਮਾਮਲਿਆਂ ਦੇ ਮਾਹਿਰ ਡਾ. ਰਣਜੀਤ ਸਿੰਘ ਘੁੰਮਣ ਨੇ ਕਿਹਾ, "ਜਦੋਂ ਝੋਨੇ ਦੀ 90 ਫੀਸਦੀ ਖਰੀਦ ਹੋ ਚੁੱਕੀ ਹੈ, ਅਜਿਹੇ ਵਿੱਚ ਸਬ-ਯਾਰਡ ਚਾਲੂ ਰੱਖਣ ਨਾਲ ਮੰਡੀ ਬੋਰਡ ਨੂੰ ਲਗਦਾ ਹੋਏਗਾ ਕਿ ਬੇਲੋੜਾ ਆਰਥਿਕ ਬੋਝ ਪੈ ਰਿਹਾ ਹੈ ਕਿਉਂਕਿ ਸਬ-ਯਾਰਡ ਜਾਰੀ ਰੱਖਣ ਲਈ ਵੀ ਸਰੋਤਾਂ ਦੀ ਲੋੜ ਰਹਿੰਦੀ ਹੈ। ਇਸੇ ਲਈ ਹੀ ਸਬ-ਯਾਰਡ ਬੰਦ ਕੀਤੇ ਹੋ ਸਕਦੇ ਹਨ।"
"ਇਸ ਸਟੇਜ 'ਤੇ ਜਦੋਂ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਹੈ, ਮੈਨੂੰ ਨਹੀਂ ਲਗਦਾ ਕਿ ਸਬ-ਯਾਰਡ ਬੰਦ ਹੋਣ ਨਾਲ ਝੋਨੇ ਦੀ ਖਰੀਦ 'ਤੇ ਕੋਈ ਬਹੁਤਾ ਵੱਡਾ ਅਸਰ ਹੋਏਗਾ।"
ਸਾਰੀ ਧਿਰਾਂ ਦੇ ਆਪੋ-ਆਪਣੇ ਤਰਕ ਹਨ ਪਰ ਫਿਲਹਾਲ ਜਿੰਨ੍ਹਾਂ ਕਿਸਾਨਾਂ ਦਾ ਝੋਨਾ ਹਾਲੇ ਨਹੀਂ ਵਿਕਿਆ ਉਹ ਜ਼ਰੂਰ ਚਿੰਤਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ:
https://www.youtube.com/watch?v=RBIxQwxBvds
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '1540713a-65a7-47e9-8663-41a4e4585a6e','assetType': 'STY','pageCounter': 'punjabi.india.story.54990703.page','title': 'ਖੇਤੀ ਕਾਨੂੰਨ: \'15 ਦਿਨਾਂ ਤੱਕ ਪਿੰਡ ਦੀ ਮੰਡੀ \'ਚ ਫਸਲ ਦੀ ਰਾਖੀ ਕਰਦੇ ਰਹੇ, ਹੁਣ ਖਰੀਦ ਬੰਦ ਹੋਣ ਦੀ ਗੱਲ ਨਾਲ ਚਿੰਤਾ ਹੈ\'','author': 'ਨਵਦੀਪ ਕੌਰ ਗਰੇਵਾਲ','published': '2020-11-18T15:23:58Z','updated': '2020-11-18T15:23:58Z'});s_bbcws('track','pageView');

ਮੋਹਿਤਾ ਸ਼ਰਮਾ: ਪਤੀ ਦਾ ਸੁਪਨਾ ਪੂਰਾ ਕਰਨ ਪਹੁੰਚੀ ਕੇਬੀਸੀ ਤੇ ਬਣ ਗਈ ਕਰੋੜਪਤੀ
NEXT STORY