ਹਾਲ 'ਚ ਹੀ ਮੈਂ ਸਾਬਕਾ ਮਿਸ ਏਸ਼ੀਆ ਪੈਸੀਫਿਕ ਅਤੇ ਅਭਿਨੇਤਰੀ ਦਿਆ ਮਿਰਜ਼ਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵੇਖੀਆਂ। ਉਨ੍ਹਾਂ ਨੇ ਮੁੰਬਈ ਦੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਰਚਾਇਆ ਹੈ।
ਇਹ ਵਿਆਹ ਮੀਡੀਆ 'ਚ ਕਾਫ਼ੀ ਚਰਚਾ 'ਚ ਰਿਹਾ ਹੈ। ਇਸ ਦਾ ਕਾਰਨ ਸਿਰਫ ਇਹ ਨਹੀਂ ਸੀ ਕਿ ਇਹ ਇੱਕ ਸੇਲੇਬ੍ਰਿਟੀ ਦਾ ਵਿਆਹ ਸੀ ਬਲਕਿ ਇਸ ਦੇ ਹੋਰ ਕਈ ਕਾਰਨ ਵੀ ਹਨ, ਜੋ ਕਿ ਕਿਸੇ ਹੱਦ ਤੱਕ ਜਾਇਜ਼ ਵੀ ਹਨ।
ਇਸ ਵਿਆਹ ਦੀਆਂ ਰਸਮਾਂ ਇੱਕ ਮਹਿਲਾ ਪੁਜਾਰੀ ਵੱਲੋਂ ਕਰਵਾਈਆਂ ਗਈਆਂ ਸਨ। ਵਿਆਹ ਮੁਕੰਮਲ ਹੋਣ ਤੋਂ ਬਾਅਦ ਨਾ ਹੀ ਲਾੜੀ ਦੀ ਵਿਦਾਈ ਹੋਈ ਅਤੇ ਨਾ ਹੀ ਧੀ ਦੇ ਪਿਤਾ ਵੱਲੋਂ ਕੰਨ੍ਹਿਆ ਦਾਨ ਕੀਤਾ ਗਿਆ।
ਇਹ ਵੀ ਪੜ੍ਹੋ
ਦਿਆ ਮਿਰਜ਼ਾ ਨੇ ਇਸ ਸਬੰਧ 'ਚ ਕਿਹਾ ਕਿ , "ਸਹੀ ਚੋਣ ਨਾਲ ਹੀ ਬਦਲਾਅ ਦੀ ਅਸਲ ਸ਼ੁਰੂਆਤ ਸ਼ੁਰੂ ਹੁੰਦੀ ਹੈ।"
ਪਰ ਨਿੱਜੀ ਤੌਰ 'ਤੇ ਮੈਨੂੰ ਇਸ ਵਿਆਹ ਦੀ ਜੋ ਤਸਵੀਰ ਸਭ ਤੋਂ ਵਧੀਆ ਲੱਗੀ, ਉਹ ਸੀ ਜਦੋਂ ਵੈਭਵ ਦੀ ਧੀ ਸਮਾਇਰਾ ਦੀਆ ਮਿਰਜ਼ਾ ਦਾ ਹੱਥ ਫੜ੍ਹ ਕੇ ਉਸ ਨੂੰ ਵਿਆਹ ਦੇ ਮੰਡਪ 'ਚ ਲੈ ਕੇ ਆ ਰਹੀ ਸੀ। ਉਸ ਨੇ ਆਪਣੇ ਹੱਥ 'ਚ ਇੱਕ ਕਾਰਡ ਵੀ ਫੜ੍ਹਿਆ ਹੋਇਆ ਸੀ, ਜਿਸ 'ਤੇ ਲਿਖਿਆ ਹੋਇਆ ਸੀ 'ਪਾਪਾ ਕੀ ਬਿਟਿਆ'।
ਵਿਆਹ ਤੋਂ ਬਾਅਦ ਦੀਆਂ ਫੋਟੋਆਂ 'ਚ ਸਮਾਇਰਾ ਵਿਆਹ ਦਾ ਜਸ਼ਨ ਮਨਾਉਂਦੀ ਵੀ ਵਿਖਾਈ ਦਿੱਤੀ। ਉਹ ਲਾੜਾ-ਲਾੜੀ 'ਤੇ ਫੁੱਲਾਂ ਦੀ ਵਰਖਾ ਕਰ ਰਹੀ ਸੀ ਅਤੇ ਆਪਣੇ ਪਿਤਾ ਦੇ ਦੂਜੇ ਵਿਆਹ 'ਚ ਪੂਰੇ ਮਨੋਂ ਸ਼ਰੀਕ ਸੀ।
ਪਿਤਾ ਦੇ ਵਿਆਹ 'ਚ ਧੀ ਦੇ ਸ਼ਾਮਲ ਹੋਣ ਦੀ ਅਹਿਮੀਅਤ ਨੂੰ ਵੈਭਵ ਦੀ ਪਹਿਲੀ ਪਤਨੀ ਸੁਨੈਨਾ ਰੇਖੀ ਨੇ ਵੀ ਦੁਹਰਾਇਆ।
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਨਵ-ਵਿਆਹੇ ਜੋੜੇ ਨੂੰ ਵਿਆਹ ਦੀ ਵਿਦਾਈ ਪੇਸ਼ ਕਰਦਿਆਂ ਇੱਕ ਵੀਡੀਓ ਪੋਸਟ ਕੀਤਾ। ਸੁਨੈਨਾ ਨੇ ਆਪਣੀ ਵੀਡੀਓ 'ਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੀ ਧੀ ਨੂੰ (ਦਿਆ ਮਿਰਜ਼ਾ ਦੇ ਰੂਪ 'ਚ) ਮੁੰਬਈ 'ਚ ਇੱਕ ਨਵਾਂ ਪਰਿਵਾਰ ਮਿਲ ਗਿਆ ਹੈ ਅਤੇ ਉਹ ਆਪਣੇ ਪਿਤਾ ਦੇ ਵਿਆਹ ਦੇ ਜਸ਼ਨ 'ਚ ਸ਼ਾਮਲ ਵੀ ਹੋਈ ਹੈ।
ਦੀਆ ਮਿਰਜ਼ਾ ਦੇ ਮਾਤਾ-ਪਿਤਾ ਦਾ ਵੀ ਤਲਾਕ ਹੋਇਆ ਸੀ ਅਤੇ ਉਹ ਆਪਣੇ ਮਿਸ ਇੰਡੀਆ ਬਣਨ ਦੇ ਦਿਨਾਂ ਤੋਂ ਹੀ ਆਪਣੀ ਜ਼ਿੰਦਗੀ 'ਤੇ ਆਪਣੇ ਮਤਰੇਏ ਪਿਤਾ ਦੇ ਵਧੀਆ ਪ੍ਰਭਾਵ ਬਾਰੇ ਖੁੱਲ੍ਹ ਕੇ ਚਰਚਾ ਕਰਦੀ ਰਹੀ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਮੈਨੂੰ ਇੰਨ੍ਹਾਂ ਸਭ ਗੱਲਾਂ 'ਚ ਇੰਨੀ ਦਿਲਚਸਪੀ ਕਿਉਂ ਹੈ?
ਇਸ ਦਾ ਕਾਰਨ ਇਹ ਹੈ ਕਿ ਮੈਂ ਵੀ ਇੱਕ ਬੱਚੀ ਦੀ ਤਲਾਕਸ਼ੁਦਾ ਮਾਂ ਹਾਂ ਅਤੇ ਇੱਕਲੀ ਹੀ ਉਸ ਦਾ ਪਾਲਣ ਪੋਸ਼ਣ ਕਰ ਰਹੀ ਹਾਂ। ਦਰਅਸਲ ਦੀਆ ਮਿਰਜ਼ਾ ਦੇ ਦੂਜੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣੇ ਆਪਣੇ ਤਲਾਕ ਦੀ ਵਰ੍ਹੇਗੰਢ ਮਨਾ ਰਹੀ ਸੀ, ਇਸ ਲਈ ਹੀ ਇਹ ਮੇਰੀ ਚਰਚਾ ਦਾ ਵਿਸ਼ਾ ਬਣਿਆ।
ਵੈਸੇ ਤਾਂ ਮੇਰੇ ਤਲਾਕ ਦੇ ਅਧਿਕਾਰਕ ਦਸਤਾਵੇਜ਼ਾਂ 'ਤੇ ਕਾਨੂੰਨੀ ਤੌਰ 'ਤੇ ਮੋਹਰ ਲੱਗਿਆ ਤਿੰਨ ਸਾਲ ਹੋ ਚੁੱਕੇ ਹਨ ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਰਿਸ਼ਤੇ 'ਚ ਪੈਦਾ ਹੋਏ ਤਣਾਅ ਨੂੰ ਵੀ ਝੱਲ ਚੁੱਕੇ ਸੀ।
“ਕੋਈ ਵੀ ਰਿਸ਼ਤਾ ਕਿੰਨ੍ਹਾ ਵੀ ਮਾੜਾ ਕਿਉਂ ਨਾ ਹੋਵੇ, ਪਰ ਉਸ ਤੋਂ ਵੱਖ ਹੋਣਾ ਸੌਖਾ ਨਹੀਂ ਹੁੰਦਾ ਹੈ”
ਤਲਾਕ ਦਾ ਜਸ਼ਨ ਮਨਾਉਣ ਦਾ ਕਾਰਨ
ਜਿਵੇਂ ਹੀ ਆਪਣੇ ਤਲਾਕ ਦੀ ਵਰ੍ਹੇਗੰਢ ਮਨਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਤਾਂ ਇੱਕ ਵਾਰ ਫਿਰ ਮੈਨੂੰ ਉਨ੍ਹਾਂ ਹੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜੋ ਕਿ ਪਹਿਲਾਂ ਕਈ ਵਾਰ ਮੇਰੇ ਅੱਗੇ ਆ ਚੁੱਕੇ ਸਨ।
ਤਲਾਕ 'ਚ ਜਸ਼ਨ ਮਨਾਉਣ ਵਾਲੀ ਗੱਲ ਕੀ ਹੈ? ਕੀ ਤੁਸੀਂ ਦੂਜੀਆਂ ਮਹਿਲਾਵਾਂ ਨੂੰ ਵੀ ਤਲਾਕ ਲੈਣ ਦੀ ਸਲਾਹ ਦੇਵੋਗੇ? ਕੀ ਮਾਤਾ-ਪਿਤਾ ਵਿਚਾਲੇ ਤਲਾਕ ਦੀ ਸਥਿਤੀ ਬੱਚਿਆਂ ਲਈ ਕਈ ਔਕੜਾਂ ਪੈਦਾ ਨਹੀਂ ਕਰਦੀ? ਮੈਂ ਇੰਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤਰਤੀਬਵਾਰ ਦੇਣਾ ਚਾਹੁੰਦੀ ਹਾਂ।
ਮੈਂ ਆਪਣੀ ਜ਼ਿੰਦਗੀ ਦੀ ਉਸ ਭਿਆਨਕ ਪ੍ਰਾਪਤੀ ਤੋਂ ਪਹਿਲਾਂ ਅਤੇ ਬਾਅਦ ਦੀ ਜ਼ਿੰਦਗੀ ਦਾ ਜਸ਼ਨ ਮਨਾਉਂਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਲੋਕ ਨਾਖੁਸ਼ ਰਹਿਣ ਲਈ ਵਿਆਹ ਕਰਦੇ ਹੋਣਗੇ ਅਤੇ ਨਾ ਹੀ ਉਨ੍ਹਾਂ ਦੇ ਵਿਆਹ ਕਰਵਾਉਣ ਦਾ ਮਕਸਦ ਭਵਿੱਖ 'ਚ ਤਲਾਕ ਲੈਣਾ ਹੋਵੇਗਾ। ਖ਼ਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੇ ਬੱਚੇ ਵੀ ਹੋਣ।
ਉਸ ਮੌਕੇ ਭਾਵੇਂ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਇੱਕਠਿਆਂ ਬਤੀਤ ਕਰਨ ਦੀ ਨਾ ਸੋਚੀ ਹੋਵੇ ਪਰ ਆਉਣ ਵਾਲੇ ਕੁਝ ਸਾਲ ਤਾਂ ਉਹ ਇੱਕ ਦੂਜੇ ਨਾਲ ਰਹਿਣ ਬਾਰੇ ਸੋਚਦੇ ਤਾਂ ਜ਼ਰੂਰ ਹੋਣਗੇ। ਪਰ ਜ਼ਿੰਦਗੀ ਉਸੇ ਰਸਤੇ 'ਤੇ ਹੀ ਚੱਲੇ, ਜਿਸ ਦੀ ਤੁਹਾਨੂੰ ਉਮੀਦ ਹੋਵੇ, ਇਹ ਜ਼ਰੂਰੀ ਤਾਂ ਨਹੀਂ ਹੈ ਨਾ।
ਮੇਰੀ ਵਿਆਹੁਤਾ ਜ਼ਿੰਦਗੀ ਤਕਰੀਬਨ ਦੋ ਦਹਾਕਿਆਂ ਤੱਕ ਚੱਲੀ। 13 ਸਾਲ ਦਾ ਸਮਾਂ ਅਜਿਹਾ ਵਿਆਹ ਬੰਧਨ ਸੀ, ਜਿਸ ਤੋਂ ਦੂਜੇ ਸਵਾਲ ਦਾ ਜਵਾਬ ਮਿਲ ਸਕਦਾ ਹੈ। ਨਿਸ਼ਚਤ ਤੌਰ 'ਤੇ ਤਲਾਕ ਲੈਣਾ ਸੌਖਾ ਨਹੀਂ ਸੀ।
ਮੇਰੇ ਲਈ ਤਾਂ ਨਿੱਜੀ ਤੌਰ 'ਤੇ ਹੋਰ ਵੀ ਮੁਸ਼ਕਲ ਭਰਿਆ ਸੀ ਕਿਉਂਕਿ ਕੁਝ ਸਾਲ ਪਹਿਲਾਂ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਅਤੇ ਮੇਰੀ ਧੀ ਕੋਲ ਕੋਈ ਹੋਰ ਭਾਵਨਾਤਮਕ ਸਹਾਰਾ ਨਹੀਂ ਸੀ। ਉਸ ਕੋਲ ਸਮਾਜਿਕ ਜਾਂ ਵਿੱਤੀ ਮਦਦ ਲਈ ਵੀ ਕੋਈ ਅਧਾਰ ਨਹੀਂ ਸੀ।
ਕੋਈ ਵੀ ਰਿਸ਼ਤਾ ਕਿੰਨ੍ਹਾ ਵੀ ਮਾੜਾ ਕਿਉਂ ਨਾ ਹੋਵੇ, ਪਰ ਉਸ ਤੋਂ ਵੱਖ ਹੋਣਾ ਸੌਖਾ ਨਹੀਂ ਹੁੰਦਾ ਹੈ। ਸਬੰਧਾਂ 'ਚ ਕਿੰਨਾ ਵੀ ਪਾੜਾ ਆ ਜਾਵੇ, ਤੁਹਾਡੇ ਨਾਲ ਬਦਸਲੂਕੀ ਹੋ ਰਹੀ ਹੋਵੇ, ਤਸ਼ੱਦਦ ਢਾਇਆ ਜਾਵੇ, ਪਿਆਰ-ਮੁਹੱਬਤ ਦਾ ਨਾਮੋ ਨਿਸ਼ਾਨ ਵੀ ਨਾ ਹੋਵੇ ਜਾਂ ਫਿਰ ਰਿਸ਼ਤੇ ਦਾ ਆਗਾਜ਼ ਪਿਆਰ ਨਾਲ ਹੋਇਆ ਹੋਵੇ ਅਤੇ ਆਪਸੀ ਸਬੰਧ ਵੀ ਦੋਸਤਾਨਾ ਹੋਣ, ਜੋ ਕਿ ਸਮੇਂ ਦੇ ਨਾਲ-ਨਾਲ ਵਿਗੜ ਜਾਣ… ਅਜਿਹੀਆਂ ਸਾਰੀਆਂ ਸਥਿਤੀਆਂ 'ਚ ਉਸ ਰਿਸ਼ਤੇ ਤੋਂ ਬਾਹਰ ਹੋਣਾ ਦੁਖਦਾਈ ਜ਼ਰੂਰ ਹੁੰਦਾ ਹੈ।
ਇਹ ਵੀ ਪੜ੍ਹੋ
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
“ਮਾਤਾ-ਪਿਤਾ ਦੇ ਵੱਖ ਹੋਣ ਨਾਲ ਬੱਚਿਆਂ 'ਤੇ ਵੀ ਉਸ ਦਾ ਅਸਰ ਪੈਂਦਾ ਹੈ। ਬੱਚਿਆਂ ਲਈ ਇਹ ਸਮਾਂ ਮੁਸ਼ਕਲ ਭਰਿਆ ਹੁੰਦਾ ਹੈ।”
ਬੇਹੱਦ ਨਿੱਜੀ ਤਜਰਬਾ
ਮੈਂ ਕਿਸੇ ਨੂੰ ਵੀ ਤਲਾਕ ਲੈਣ ਦੀ ਸਲਾਹ ਨਹੀਂ ਦਿੰਦੀ ਹਾਂ। ਕਿਸੇ ਨੂੰ ਅਜਿਹਾ ਕਦਮ ਚੁੱਕਣਾ ਵੀ ਨਹੀਂ ਚਾਹੀਦਾ ਹੈ। ਵਿਆਹ ਹੋਵੇ ਜਾਂ ਫਿਰ ਤਲਾਕ- ਦੋਵੇਂ ਹੀ ਬੇਹੱਦ ਨਿੱਜੀ ਤਜਰਬੇ ਹੁੰਦੇ ਹਨ। ਅਜਿਹੇ 'ਚ ਫ਼ੈਸਲਾ ਵੀ ਉਸ ਵਿਅਕਤੀ ਦਾ ਹੀ ਹੋਣਾ ਚਾਹੀਦਾ ਹੈ, ਜੋ ਇਸ ਸਥਿਤੀ ਨੂੰ ਹਡਾਂ ਰਿਹਾ ਹੋਵੇ।
ਪਰ ਮੈਂ ਹਰ ਮਰਦ ਅਤੇ ਮਹਿਲਾ ਨੂੰ ਇਹੀ ਸਲਾਹ ਦੇਣਾ ਚਾਹੁੰਦੀ ਹਾਂ ਕਿ ਸਬੰਧਾਂ 'ਚ ਆਏ ਪਾੜੇ ਨੂੰ ਆਰ ਜਾਂ ਪਾਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਆਪ ਨੂੰ ਇਸ ਬੰਧਨ ਤੋਂ ਮੁਕਤ ਕਰ ਲੈਣਾ ਚਾਹੀਦਾ ਹੈ। ਮੈਂ ਇਹ ਵੀ ਸਲਾਹ ਦੇਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡਾ ਕੋਈ ਜਾਣਕਾਰ ਇਸ ਸਥਿਤੀ 'ਚੋਂ ਲੰਘ ਰਿਹਾ ਹੋਵੇ ਤਾਂ ਉਸ ਦੀ ਹਰ ਸੰਭਵ ਮਦਦ ਕਰੋ।
ਮਾਤਾ-ਪਿਤਾ ਦੇ ਵੱਖ ਹੋਣ ਨਾਲ ਬੱਚਿਆਂ 'ਤੇ ਵੀ ਉਸ ਦਾ ਅਸਰ ਪੈਂਦਾ ਹੈ। ਬੱਚਿਆਂ ਲਈ ਇਹ ਸਮਾਂ ਮੁਸ਼ਕਲ ਭਰਿਆ ਹੁੰਦਾ ਹੈ। ਕਿਸੇ ਲਈ ਵੀ ਇਕੱਲਿਆਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਨਾ ਸੌਖਾ ਨਹੀਂ ਹੁੰਦਾ ਹੈ।
ਸਾਡੇ ਸਮਾਜ ਦੀ ਸੋਚ ਅਨੁਸਾਰ ਤਾਂ ਇਕੱਲੀਆਂ, ਤਲਾਕਸ਼ੁਦਾ ਔਰਤਾਂ ਲਈ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਵਧੇਰੇ ਮੁਸ਼ਕਲ ਹੈ।
ਇੰਝ ਵੀ ਹੋ ਸਕਦਾ ਹੈ ਕਿ ਬੱਚਿਆਂ ਨੂੰ ਸਮਾਜ ਵੱਲੋਂ ਜੋ ਤਾਨੇ-ਮਹਿਣੇ ਸਹਿਣੇ ਪੈਣ ਉਨ੍ਹਾਂ ਦਾ ਮੂਲ ਕਾਰਨ ਉਹ ਤੁਹਾਨੂੰ ਹੀ ਸਮਝਣ ਲੱਗ ਪੈਣ। ਹੋ ਸਕਦਾ ਹੈ ਕਿ ਘਰ ਤੋੜਣ ਦੀ ਤੋਮਤ ਵੀ ਤੁਹਾਡੇ ਹੀ ਮੱਥੇ ਮੜੀ ਜਾਵੇ।
ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਜੇਕਰ ਮਾਤਾ-ਪਿਤਾ ਵਿਚਾਲੇ ਸਬੰਧ ਸਹੀ ਨਾ ਹੋਣ ਤਾਂ ਬੱਚਿਆਂ ਲਈ ਕਿਸੇ ਇੱਕ ਨਾਲ ਹੀ ਰਹਿਣਾ ਬਿਹਤਰ ਹੋਵੇਗਾ ਕਿਉਂਕਿ ਨਿੱਤ ਦੇ ਝਗੜਿਆਂ ਕਾਰਨ ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਪ੍ਰਭਾਵਿਤ ਹੁੰਦਾ ਹੈ।
“ਜਦੋਂ ਤੁਹਾਡੇ 'ਤੇ ਤਲਾਕਸ਼ੁਦਾ ਹੋਣ ਦਾ ਠੱਪਾ ਲੱਗ ਜਾਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਸੌਖੀ ਨਹੀਂ ਰਹਿੰਦੀ ਹੈ”
ਜ਼ਿੰਦਗੀ 'ਚ ਆਉਣ ਵਾਲੀਆਂ ਤਬਦੀਲੀਆਂ
ਮੈਂ ਤੁਹਾਨੂੰ ਆਪਣੇ ਨਿੱਜੀ ਸਫ਼ਰ ਬਾਰੇ ਮੁੜ ਤੋਂ ਦੱਸਦੀ ਹਾਂ। ਤਲਾਕ ਸਿਰਫ਼ ਤਾਂ ਸਿਰਫ਼ ਜਜ਼ਬਾਤੀ ਵੱਖਰੇਵਾਂ ਹੀ ਨਹੀਂ ਹੁੰਦਾ ਬਲਕਿ ਇਹ ਕਿਸੇ ਵੀ ਮਹਿਲਾ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਆਮ ਤੌਰ 'ਤੇ ਤਲਾਕ ਤੋਂ ਬਾਅਦ ਦੀ ਜ਼ਿੰਦਗੀ ਇੱਕਲਿਆਂ ਬਤੀਤ ਕਰਨ ਦਾ ਜ਼ੋਖਮ ਵੀ ਬਣਿਆ ਰਹਿੰਦਾ ਹੈ। ਮੈਨੂੰ ਵੀ ਅਜਿਹੇ ਕਈ ਖਿਆਲਾਂ ਦਾ ਸਾਹਮਣਾ ਕਰਨਾ ਪਿਆ। ਇਹ ਅਜਿਹਾ ਮਾਮਲਾ ਸੀ ਜਿਸ ਨੇ ਮੇਰੀ ਸਿਹਤ ਨੂੰ ਵੀ ਪ੍ਰਭਾਵਿਤ ਕੀਤਾ।
ਪਰ ਮੈਨੂੰ ਇਸ ਗੱਲ 'ਤੇ ਮਾਣ ਵੀ ਹੈ ਕਿ ਆਪਣੀ ਜ਼ਿੰਦਗੀ ਦਾ ਅਹਿਮ ਫ਼ੈਸਲਾ ਮੈਂ ਖੁਦ ਹੀ ਲਿਆ ਅਤੇ ਉਸ ਦੇ ਨਤੀਜੇ ਸਰੂਪ ਆਈਆਂ ਮੁਸ਼ਕਲਾਂ ਨਾਲ ਵੀ ਮੈਂ ਖੁਦ ਹੀ ਨਜਿੱਠਿਆ।
ਮੈਂ ਸ਼ੁਰੂ 'ਚ ਹੀ ਇਸ ਗੱਲ ਨੂੰ ਸਮਝ ਲਿਆ ਸੀ ਕਿ ਜਦੋਂ ਤੁਹਾਡੇ 'ਤੇ ਤਲਾਕਸ਼ੁਦਾ ਹੋਣ ਦਾ ਠੱਪਾ ਲੱਗ ਜਾਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਸੌਖੀ ਨਹੀਂ ਰਹਿੰਦੀ ਹੈ। ਇੱਕ ਮੁਸ਼ਕਲ ਵਿਆਹੁਤਾ ਜ਼ਿੰਦਗੀ ਤੋਂ ਮੁਕਤ ਹੋਣ ਦੀ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ।
ਮੈਂ ਪੜ੍ਹੀ-ਲਿਖੀ ਹਾਂ ਅਤੇ ਆਪਣੇ ਪੈਰਾਂ 'ਤੇ ਖੜ੍ਹੀ ਵੀ ਹਾਂ, ਸਵੈ-ਨਿਰਭਰ ਹਾਂ ਅਤੇ ਭਾਰਤ ਦੇ ਇੱਕ ਵੱਡੇ ਸ਼ਹਿਰ 'ਚ ਰਹਿੰਦੀ ਹਾਂ। ਇਹ ਮੇਰੀ ਖੁਸ਼ਕਿਸਮਤੀ ਹੀ ਹੈ ਕਿ ਮੇਰੇ ਕੋਲ ਇਹ ਸਭ ਹੈ। ਪਰ ਫਿਰ ਵੀ ਮੈਨੂੰ ਸਮਾਜ ਦੇ ਉਨ੍ਹਾਂ ਸਾਰੇ ਤਾਨਿਆਂ ਦਾ ਸ਼ਿਕਾਰ ਹੋਣਾ ਪਿਆ।
ਚਰਿੱਤਰਹੀਣ, ਠੰਡੀ ਔਰਤ ਵਰਗੇ ਜੁਮਲੇ ਮੇਰੇ 'ਤੇ ਕੱਸੇ ਗਏ। ਉਸ ਨੂੰ ਸੈਕਸ ਦੀ ਆਦਤ ਜ਼ਿਆਦਾ ਹੀ ਹੋਵੇਗੀ। ਉਸ ਦੇ ਦੂਜੇ ਮਰਦਾਂ ਨਾਲ ਸਬੰਧ ਹੋਣਗੇ। ਉਹ ਇੱਕ ਬੇਟਾ ਤਾਂ ਪੈਦਾ ਕਰ ਨਾ ਸਕੀ। ਉਹ ਕਿੰਨੀ ਬੁਰੀ ਮਾਂ ਹੈ ਕਿ ਬੱਚਿਆਂ ਨੂੰ ਪਿਤਾ ਤੋਂ ਹੀ ਵੱਖ ਕਰ ਦਿੱਤਾ…..।
ਇਲਜ਼ਾਮਾਂ ਦੇ ਇਸ ਸਿਲਸਿਲੇ ਦਾ ਕੋਈ ਅੰਤ ਨਹੀਂ ਹੈ। ਦੂਜੀਆਂ ਤਲਾਕਸ਼ੁਦਾ ਔਰਤਾਂ ਦੀ ਤਰ੍ਹਾਂ ਮੈਨੂੰ ਵੀ ਕਈ ਗੱਲਾਂ ਸੁਣਨੀਆਂ ਪਈਆਂ ਸਨ। ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਆਪਣੀ ਸਹੇਲੀ ਨੂੰ ਕਿਹਾ ਸੀ ਕਿ ਭਾਰਤ 'ਚ ਤਲਾਕਸ਼ੁਦਾ ਹੋਣ ਨਾਲੋਂ ਵਿਧਵਾ ਹੋਣਾ ਵਧੇਰੇ ਬਿਹਤਰ ਹੈ।
ਤਾਲਮੇਲ ਦੀ ਸਮੱਸਿਆ
ਸਮਾਜ ਤੁਹਾਨੂੰ ਜਿਨਸੀ ਨਿਰਾਸ਼ਾ ਵੱਜੋਂ ਹੀ ਵੇਖੇਗਾ। ਲੋਕ ਤੁਹਾਡੇ ਬਾਰੇ ਇਹ ਹੀ ਸੋਚਣਗੇ ਕਿ ਤੁਸੀਂ ਜਿਨਸੀ ਸਬੰਧ ਬਣਾਉਣ ਲਈ ਬਹੁਤ ਹੀ ਉਤਸੁਕ ਹੋ। ਹੋ ਸਕਦਾ ਹੈ ਕਿ ਉਹ ਤੁਹਾਡੇ 'ਤੇ ਵਿਆਹ ਵਰਗੇ ਪਵਿੱਤਰ ਬੰਧਨ ਅਤੇ ਕਿਸੇ ਪਰਿਵਾਰ ਨੂੰ ਤੋੜਣ ਦਾ ਇਲਜ਼ਾਮ ਵੀ ਲਗਾਉਣ।
ਇਹ ਤਾਂ ਕੌੜਾ ਸੱਚ ਹੈ ਕਿ ਤਲਾਕ ਤੋਂ ਬਾਅਦ ਸਾਰੇ ਇਲਜ਼ਾਮ ਔਰਤ ਦੇ ਮੱਥੇ ਹੀ ਮੜੇ ਜਾਂਦੇ ਹਨ।
ਜੇਕਰ ਮੁੜ ਵਿਆਹ ਹੋ ਵੀ ਜਾਵੇ ਤਾਂ ਮਿਲੇ-ਜੁਲੇ ਪਰਿਵਾਰਾਂ 'ਚ ਤਾਲਮੇਲ ਸਥਪਿਤ ਕਰਨਾ ਇੱਕ ਵੱਡੀ ਮੁਸ਼ਕਲ ਰਹਿੰਦੀ ਹੈ। ਤੁਸੀਂ ਬਾਲੀਵੁੱਡ ਫ਼ਿਲਮਾਂ 'ਚ ਮੁੜ ਵਿਆਹ ਤੋਂ ਬਾਅਦ ਦੀ ਖੂਬਸੂਰਤ ਦੁਨੀਆ ਪਾਉਣ ਦੇ ਸੁਪਨੇ ਨਾ ਹੀ ਵੇਖੋ।
ਅਸਲ ਜ਼ਿੰਦਗੀ 'ਚ ਅਜਿਹਾ ਕੁਝ ਨਹੀਂ ਹੁੰਦਾ ਹੈ। ਉਹ ਕੋਈ ਕਿਸਮਤ ਵਾਲਾ ਹੀ ਹੁੰਦਾ ਹੋਵੇਗਾ, ਜਿਸ ਨੂੰ ਤਲਾਕ ਤੋਂ ਬਾਅਦ ਦੂਜੇ ਵਿਆਹ 'ਚ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ।
ਇਹ ਸੱਚ ਹੈ ਕਿ ਤਲਾਕ ਤੋਂ ਬਾਅਦ ਦੀ ਜ਼ਿੰਦਗੀ 'ਚ ਬਹੁਤ ਕੁੱਝ ਦਾਅ 'ਤੇ ਲੱਗਿਆ ਹੁੰਦਾ ਹੈ। ਤਲਾਕ ਦਾ ਫ਼ੈਸਲਾ ਬਹੁਤ ਹੀ ਮੁਸ਼ਕਲ ਭਰਿਆ ਹੁੰਦਾ ਹੈ ਅਤੇ ਇਸ ਦੀ ਭਾਰੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ ਪਰ ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ, ਕੀ ਮੈਂ ਤਲਾਕਸ਼ੁਦਾ ਹੋਣ 'ਤੇ ਸ਼ਰਮਿੰਦਾ ਹਾਂ ?
ਨਹੀਂ ਅਜਿਹਾ ਬਿਲਕੁਲ ਵੀ ਨਹੀਂ ਹੈ। ਮੈਂ ਇੱਕ ਰਿਸ਼ਤੇ ਪ੍ਰਤੀ ਵਚਨਬੱਧ ਸੀ। ਪਰ ਜਦੋਂ ਇਹ ਰਿਸ਼ਤਾ ਜਿਆਦਾ ਸਮਾਂ ਨਾ ਚੱਲ ਸਕਿਆ ਤਾਂ ਮੈਂ ਇਸ ਰਿਸ਼ਤੇ ਤੋਂ ਕਾਨੂੰਨੀ ਅਤੇ ਸਤਿਕਾਰਯੋਗ ਤਰੀਕੇ ਨਾਲ ਮੁਕਤ ਹੋ ਗਈ।
ਸ਼ਰਮ ਮਹਿਸੂਸ ਹੋਣਾ
ਕੀ ਮੇਰੀ ਧੀ ਨੂੰ ਮੇਰੇ ਤਲਾਕਸ਼ੁਦਾ ਹੋਣ 'ਤੇ ਸ਼ਰਮ ਮਹਿਸੂਸ ਹੁੰਦੀ ਹੈ?
ਹੋ ਸਕਦਾ ਹੈ ਕਿ ਸ਼ੁਰੂ 'ਚ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਹੋਵੇ। ਉਹ ਆਪਣੇ ਦੋਸਤਾਂ ਨੂੰ ਆਪਣੀ ਮਾਂ ਦੇ ਤਲਾਕਸ਼ੁਦਾ ਹੋਣ ਬਾਰੇ ਦੱਸਣ ਤੋਂ ਝਿਜਕਦੀ ਵੀ ਰਹੀ ਹੋਵੇਗੀ। ਆਖ਼ਰਕਾਰ ਉਹ ਉਸ ਸਮੇਂ ਸਿਰਫ ਅੱਠ ਸਾਲਾਂ ਦੀ ਹੀ ਸੀ। ਪਰ ਇਸ ਦੌਰਾਨ ਮੈਂ ਆਪਣੀ ਧੀ ਨਾਲ ਲਗਾਤਾਰ ਗੱਲਬਾਤ ਕਰਦੀ ਰਹੀ।
ਮੈਂ ਜਦੋਂ ਵੀ ਅਦਾਲਤ 'ਚ ਜਾਂਦੀ ਸੀ ਤਾਂ ਮੈਂ ਆਪਣੀ ਧੀ ਨੂੰ ਇਸ ਸਬੰਧੀ ਸਭ ਕੁਝ ਦੱਸਦੀ ਸੀ ਕਿ ਮੈਂ ਕਿਉਂ ਕੋਰਟ ਜਾਂਦੀ ਹਾਂ, ਪਤੀ ਨਾਲ ਕਾਨੂੰਨੀ ਤੌਰ 'ਤੇ ਵੱਖ ਹੋਣ ਦਾ ਤਰੀਕਾ ਕੀ ਹੈ।
ਮੇਰੇ ਮਾਮਲੇ 'ਚ ਤਲਾਕ ਆਪਸੀ ਸਹਿਮਤੀ ਨਾਲ ਹੋਇਆ ਸੀ, ਇਸ ਲਈ ਤਲਾਕ ਲੈਣ ਦੀ ਪ੍ਰਕ੍ਰਿਆ ਦੌਰਾਨ ਜਿਸ ਕਾਨੂੰਨੀ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ, ਮੈਂ ਉਸ ਤੋਂ ਬਚ ਗਈ ਸੀ।
ਪਰ ਮੈਂ ਦਿੱਲੀ ਦੀਆਂ ਜ਼ਿਲ੍ਹਾ ਪਰਿਵਾਰਕ ਅਦਾਲਤਾਂ 'ਚ ਅਜਿਹੇ ਕਈ ਮਾਮਲੇ ਵੀ ਵੇਖੇ ਹਨ, ਜਿਸ 'ਚ ਸਮਾਜ ਦੀਆਂ ਹਰ ਵਰਗ ਦੀਆਂ ਔਰਤਾਂ ਆਪਣੀ ਲੜਾਈ ਲੜਨ ਲਈ ਆਉਂਦੀਆਂ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਵੀ ਬਹੁਤ ਘੱਟ ਮਦਦ ਮਿਲਦੀ ਹੈ।
“ਮੈਂ ਜਦੋਂ ਵੀ ਅਦਾਲਤ 'ਚ ਜਾਂਦੀ ਸੀ ਤਾਂ ਮੈਂ ਆਪਣੀ ਧੀ ਨੂੰ ਇਸ ਸਬੰਧੀ ਸਭ ਕੁੱਝ ਦੱਸਦੀ ਸੀ”
ਨਵੀਂ ਭੱਜ ਦੌੜ- ਨਵੀਂ ਜ਼ਿੰਦਗੀ
ਅਜਿਹੀਆਂ ਕਈ ਔਰਤਾਂ ਸਨ ਜੋ ਕਿ ਇਕੱਲਿਆਂ ਹੀ ਬੱਚਿਆਂ ਦੀ ਸੁਪਰਦਗੀ, ਗੁਜਾਰਾ ਭੱਤਾ ਜਾਂ ਫਿਰ ਆਪਣੀ ਸਿਰ 'ਤੇ ਇੱਕ ਛੱਤ ਦਾ ਪ੍ਰਬੰਧ ਕਰਨ ਅਤੇ ਕਈ ਵਾਰ ਬੱਚਿਆਂ ਦੇ ਸਕੂਲ ਦੀ ਫੀਸ ਭਰਨ ਲਈ ਕਾਨੂੰਨੀ ਸੰਘਰਸ਼ ਕਰ ਰਹੀਆਂ ਹੁੰਦੀਆਂ ਸਨ।
ਉਨ੍ਹਾਂ ਦਾ ਇਹ ਸੰਘਰਸ਼ ਵੇਖਣਾ ਬਹੁਤ ਹੀ ਦੁੱਖਦਾਈ ਹੁੰਦਾ ਸੀ। ਉਨ੍ਹਾਂ ਔਰਤਾਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਮੇਰੇ ਅੰਦਰ ਦੋ ਹੋਰ ਜਜ਼ਬਾਤਾਂ ਨੇ ਜਨਮ ਲਿਆ ਸੀ- ਡਰ ਅਤੇ ਸ਼ਰਮਿੰਦਗੀ।
ਮੇਰੀ ਮਾਂ ਸ਼ੁਰੂ-ਸ਼ੁਰੂ 'ਚ ਆਪਣੇ ਪਰਿਵਾਰ ਵਾਲਿਆਂ, ਰਿਸ਼ਤੇਦਾਰਾਂ ਜਾਂ ਫਿਰ ਜਾਣਕਾਰਾਂ ਨੂੰ ਨਹੀਂ ਦੱਸਣਾ ਚਾਹੁੰਦੀ ਸੀ ਕਿ ਉਨ੍ਹਾਂ ਦੀ ਧੀ ਤਲਾਕ ਲੈ ਰਹੀ ਹੈ।
ਮੈਂ ਮੰਨਦੀ ਹਾਂ ਕਿ ਮੇਰੇ ਲਈ ਵੀ ਇਹ ਬਿਲਕੁਲ ਨਵੀਂ ਗੱਲ ਸੀ। ਕੋਵਿਡ-19 ਦੇ ਦੌਰਾਨ ਹਮੇਸ਼ਾ ਹੀ ਮੈਨੂੰ ਡਰ ਲੱਗਿਆ ਰਹਿੰਦਾ ਸੀ ਕਿ ਜੇਕਰ ਕਿਤੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਧੀ ਦਾ ਕੀ ਹੋਵੇਗਾ ?
ਇਹ ਤਾਂ ਤੈਅ ਹੈ ਕਿ ਆਪਣੇ ਪਤੀ ਤੋਂ ਵੱਖ ਹੋਣ ਵਾਲੀਆਂ ਮਹਿਲਾਵਾਂ ਪ੍ਰਤੀ ਸਾਡੇ ਸਮਾਜ 'ਚ ਸੰਵੇਦਨਾਸ਼ੀਲਤਾ ਦੀ ਘਾਟ ਹੈ। ਲੋਕਾਂ ਵੱਲੋਂ ਬੇਤੁਕੇ ਸਵਲ ਕੀਤੇ ਜਾਂਦੇ ਹਨ। ਜਨਮਦਿਨ ਅਤੇ ਵਰ੍ਹੇਗੰਢ ਮੌਕੇ ਇਕ ਖਾਲੀਪਨ ਹਮੇਸ਼ਾ ਹੀ ਪਰੇਸ਼ਾਨ ਕਰਦਾ ਹੈ।
ਕੁਝ ਗੁਆ ਦੇਣ ਦਾ ਅਹਿਸਾਸ ਹੁੰਦਾ ਹੈ। ਪਰ ਫਿਰ ਵੀ ਮੈਨੂੰ ਨਾ ਹੀ ਤਲਾਕ ਲੈਣ ਦਾ ਅਫ਼ਸੋਸ ਹੈ ਅਤੇ ਨਾ ਹੀ ਖੁਦ ਦੇ ਇਕੱਲੇ ਹੋਣ 'ਤੇ ਕੋਈ ਸ਼ਰਮਿੰਦਗੀ ਹੈ। ਹਾਲ 'ਚ ਹੀ ਮੈਂ ਆਪਣਾ ਪਾਸਪੋਰਟ ਮੁੜ ਜਾਰੀ ਕਰਵਾਉਣ ਲਈ ਗਈ ਸੀ।
ਪੁਲਿਸ ਤਸਦੀਕ ਦੌਰਾਨ ਮੈਨੂੰ ਕਈ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਿੰਨ੍ਹਾਂ ਨਾਲ ਮੈਂ ਸਹਿਜ ਨਹੀਂ ਸੀ। ਉਦਾਹਰਣ ਦੇ ਤੌਰ 'ਤੇ ਘਰ ਦਾ ਕਿਰਾਇਆ ਕੌਣ ਦਿੰਦਾ ਹੈ ਅਤੇ ਕਿਉਂ ? ਮੈਂ ਆਪਣਾ ਨਾਂਅ ਕਿਉਂ ਨਹੀਂ ਬਦਲ ਰਹੀ ?.....ਅਤੇ ਹੋਰ ਕਈ ਅਜਿਹੇ ਸਵਾਲ।
ਜਦੋਂ ਤੱਕ ਸਾਡੇ ਆਸ-ਪਾਸ ਦਾ ਸਮਾਜ ਨਹੀਂ ਬਦਲੇਗਾ, ਉਦੋਂ ਤੱਕ ਲੋਕ ਤਲਾਕ ਨੂੰ ਆਮ ਨਜ਼ਰੀਏ ਤੋਂ ਨਹੀਂ ਵੇਖਣਗੇ।
ਇਸ ਲਈ ਮੈਨੂੰ ਲੱਗਦਾ ਹੈ ਕਿ ਉਦੋਂ ਤੱਕ ਮੇਰੇ ਵਰਗੀਆਂ ਦੂਜੀਆਂ ਮਹਿਲਾਵਾਂ ਨੂੰ ਆਪਣੀ ਚਮੜੀ ਮੋਟੀ ਕਰਨੀ ਪਵੇਗੀ ਤਾਂ ਜੋ ਸਾਡੇ 'ਤੇ ਕਿਸੇ ਦੇ ਵੀ ਪੁੱਠੇ ਸਿੱਧੇ ਸਵਾਲਾਂ ਦਾ ਅਸਰ ਨਾ ਹੋਵੇ ਅਤੇ ਨਾਲ ਹੀ ਸਾਨੂੰ ਸ਼ਰਮਿੰਦਾ ਮਹਿਸੂਸ ਕਰਵਾਉਣ ਵਾਲੀਆਂ ਨਜ਼ਰਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਲੋੜ ਹੋਵੇਗੀ।
ਹਾਂ, ਹੋ ਸਕਦਾ ਹੈ ਕਿ ਇਸ ਦੌਰਾਨ ਤੁਹਾਡਾ ਇਕੱਲਾਪਨ ਤੁਹਾਡੇ 'ਤੇ ਭਾਰੂ ਹੋ ਜਾਵੇ, ਕਿਉਂਕਿ ਤਲਾਕ ਤੋਂ ਬਾਅਦ ਵਧੇਰੇ ਮਹਿਲਾਵਾਂ ਨੂੰ ਆਪਣੀ ਰਹਿੰਦੀ ਜ਼ਿੰਦਗੀ ਇੱਕਲਿਆਂ ਹੀ ਬਿਤਾਉਣੀ ਪੈਂਦੀ ਹੈ। ਪਰ ਆਪਣੇ ਫ਼ੈਸਲੇ ਖੁਦ ਲੈਣ ਦੀ ਖੁਸ਼ੀ ਵੀ ਵੱਖਰੀ ਹੀ ਹੁੰਦੀ ਹੈ। ਫਿਰ ਇਸ ਲਈ ਜੇਕਰ ਕੋਈ ਕੀਮਤ ਵੀ ਅਦਾ ਕਰਨੀ ਪਾਵੇ ਤਾਂ ਕੋਈ ਸ਼ਿਕਵਾ ਨਹੀਂ ਹੈ।
ਇਹ ਵੀ ਪੜ੍ਹੋ:
https://www.youtube.com/watch?v=p-jiEO9VHKI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd6a85090-cafd-4961-908e-20b931d89c91','assetType': 'STY','pageCounter': 'punjabi.india.story.56239625.page','title': '\'ਤਲਾਕਸ਼ੁਦਾ ਹੋਣ \'ਤੇ ਕਿਸ ਗੱਲ ਦੀ ਸ਼ਰਮ, ਇਹ ਜ਼ਿੰਦਗੀ ਦਾ ਅੰਤ ਤਾਂ ਨਹੀਂ ਹੈ’- ਬਲੌਗ','author': 'ਪੂਜਾ ਪ੍ਰਿਯਵੰਦਾ','published': '2021-03-02T09:55:18Z','updated': '2021-03-02T09:55:18Z'});s_bbcws('track','pageView');

ਕਿਸਾਨ ਅੰਦੋਲਨ : ਝੂਠੇ ਕੇਸ ਬਣਾਉਣ ਵਾਲਿਆਂ ਖ਼ਿਲਾਫ਼ ਦਰਜ ਕਰਵਾਏ ਜਾਣਗੇ ਮੁਕੱਦਮੇ -ਸਿਰਸਾ
NEXT STORY