ਜਲ੍ਹਿਆਂਵਾਲਾ ਬਾਗ਼ ਕਤਲੇਆਮ ਤੋਂ ਛੇ ਸਾਲ ਪਹਿਲਾਂ ਰਾਜਸਥਾਨ-ਗੁਜਰਾਤ ਸਰਹੱਦ ਦੀ ਮਾਨਗੜ੍ਹ ਪਹਾੜੀ 'ਤੇ ਵਾਪਰੇ ਕਤਲੇਆਮ ਤੋਂ ਬਹੁਤ ਹੀ ਘੱਟ ਲੋਕ ਜਾਣੂ ਹਨ।
ਜਲ੍ਹਿਆਂਵਾਲਾ ਬਾਗ਼ 'ਚ ਇੱਕ ਹਜ਼ਾਰ ਤੋਂ ਵੱਧ ਲੋਕ ਬ੍ਰਿਟਿਸ਼ ਹਕੂਮਤ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ। ਪਰ ਮਾਨਗੜ੍ਹ ਕਤਲੇਆਮ 'ਚ 1500 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਜਾਂਦਾ ਹੈ।
ਮਾਨਗੜ੍ਹ ਪਹਾੜੀ 'ਤੇ ਇੱਕਠੇ ਹੋਏ ਹਜ਼ਾਰਾਂ ਹੀ ਲੋਕਾਂ 'ਤੇ ਅੰਗ੍ਰੇਜ਼ੀ ਅਤੇ ਦੇਸੀ ਰਿਆਸਤਾਂ ਦੀ ਫੌਜ ਨੇ ਪੂਰੀ ਤਿਆਰੀ ਨਾਲ ਗੋਲੀਆਂ ਚਲਾਈਆਂ ਸਨ।
ਇਹ ਵੀ ਪੜ੍ਹੋ:
ਸਾਹਿਤਕਾਰ, ਇਤਿਹਾਸਕਾਰਾਂ ਅਤੇ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਕਾਂਡ ਜਲ੍ਹਿਆਂਵਾਲਾ ਬਾਗ਼ ਤੋਂ ਵੀ ਵੱਡਾ ਕਤਲੇਆਮ ਰਿਹਾ ਸੀ। ਪਰ ਇਤਿਹਾਸ ਦੇ ਪੰਨ੍ਹਿਆਂ 'ਤੇ ਇਸ ਦੀ ਛਾਪ ਬਹੁਤ ਹੀ ਧੁੰਦਲੀ ਹੈ।
ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਲਗਭਗ 550 ਕਿਮੀ. ਦੂਰ ਕਬਾਇਲੀ ਬਾਂਸਵਾੜਾ ਦੇ ਜ਼ਿਲ੍ਹਾ ਹੈੱਡਕੁਆਟਰ ਤੋਂ ਤਕਰੀਬਨ 80 ਕਿਲੋਮੀਟਰ ਦੀ ਦੂਰੀ 'ਤੇ ਮਾਨਗੜ੍ਹ ਸਥਿਤ ਹੈ।
ਆਨੰਦਪੁਰੀ ਪੰਚਾਇਤ ਸੰਮਤੀ ਹੈੱਡਕੁਆਟਰ ਤੋਂ ਅਗਾਂਹ ਵੱਲ ਜਾਂਦਿਆਂ ਲਗਭਗ ਚਾਰ ਕਿਲੋਮੀਟਰ ਦੀ ਦੂਰੀ ਤੋਂ ਹੀ ਇੱਕ ਪਹਾੜ ਸਾਫ ਵਿਖਾਈ ਦਿੰਦਾ ਹੈ।
108 ਸਾਲ ਪਹਿਲਾਂ ਇਹ ਪਹਾੜ ਇੱਕ ਦਰਦਨਾਕ ਕਤਲੇਆਮ ਦਾ ਗਵਾਹ ਰਿਹਾ ਹੈ ਅਤੇ ਉਸ ਸਮੇਂ ਦੀ ਕਹਾਣੀ ਵੀ ਇਸ ਦੇ ਅੰਦਰ ਹੀ ਸਮਾਈ ਹੋਈ ਹੈ। ਹੁਣ ਲੋਕ ਇਸ ਨੂੰ ਮਾਨਗੜ੍ਹ ਧਾਮ ਦੇ ਨਾਂਅ ਨਾਲ ਬੁਲਾਉਂਦੇ ਹਨ। ਇਸ ਦਾ ਤਕਰੀਬਨ 80% ਹਿੱਸਾ ਰਾਜਸਥਾਨ ਅਤੇ 20% ਹਿੱਸਾ ਗੁਜਰਾਤ ਦੀ ਹਦੂਦ ਅੰਦਰ ਆਉਂਦਾ ਹੈ।
ਮਾਨਗੜ੍ਹ ਪਹਾੜੀ ਚਾਰੇ ਪਾਸਿਆਂ ਤੋਂ ਜੰਗਲੀ ਖੇਤਰ ਨਾਲ ਘਿਰੀ ਹੋਈ ਹੈ। ਪਹਾੜੀ ਦੀ ਉਚਾਈ ਲਗਭਗ 800 ਮੀਟਰ ਮੰਨੀ ਜਾਂਦੀ ਹੈ।
ਪਛਾਣ ਦੇ ਨਾਂਅ 'ਤੇ ਘਟਨਾ ਤੋਂ ਕਰੀਬ 80 ਸਾਲ ਬਾਅਦ ਵੀ ਇੱਥੇ ਕੁਝ ਵੀ ਨਹੀਂ ਸੀ।
ਪਿਛਲੇ ਦੋ ਦਹਾਕਿਆਂ ਤੋਂ ਹੀ ਸ਼ਹੀਦਾਂ ਦੀ ਯਾਦਗਾਰ, ਅਜਾਇਬ ਘਰ ਅਤੇ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਕਹਿ ਸਕਦੇ ਹਾਂ ਕਿ ਮਾਨਗੜ੍ਹ ਦੇ ਇਤਿਹਾਸ ਨੂੰ ਮਾਨਤਾ ਮਿਲਣੀ ਸ਼ੁਰੂ ਹੋ ਗਈ ਹੈ।
ਪਰ 108 ਸਾਲ ਪਹਿਲਾਂ ਇਸ ਪਹਾੜ 'ਤੇ ਕੀ ਸਥਿਤੀ ਰਹੀ ਹੋਵੇਗੀ ਇਸ ਦਾ ਅੰਦਾਜ਼ਾ ਇੱਥੇ ਆ ਕੇ ਹੀ ਲੱਗ ਜਾਂਦਾ ਹੈ।
ਇਸ ਕਤਲੇਆਮ ਨੂੰ ਸਵੀਕਾਰ ਕਰਨ 'ਚ ਸਰਕਾਰ ਨੂੰ ਵੀ ਕਾਫ਼ੀ ਸਮਾਂ ਲੱਗ ਗਿਆ ।
ਇਸ ਘਟਨਾ ਤੋਂ ਲਗਭਗ ਅੱਠ ਦਹਾਕਿਆਂ ਬਾਅਦ ਰਾਜਸਥਾਨ ਸਰਕਾਰ ਨੇ 27 ਮਈ, 1999 ਨੂੰ ਸ਼ਹੀਦੀ ਯਾਦਗਾਰ ਬਣਾਇਆ ਅਤੇ ਇਸ ਤੋਂ ਬਾਅਦ ਹੀ ਮਾਨਗੜ੍ਹ ਨੂੰ ਇੱਕ ਪਛਾਣ ਮਿਲੀ।
ਪਰ ਇਤਿਹਾਸ ਦੇ ਪੰਨ੍ਹਿਆਂ 'ਤੇ ਇਸ ਦਰਦਨਾਕ ਕਤਲੇਆਮ ਨੂੰ ਉਹ ਥਾਂ ਕਦੇ ਵੀ ਨਹੀਂ ਮਿਲੀ, ਜੋ ਮਿਲਣੀ ਚਾਹੀਦੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਬਾਂਸਵਾੜਾ ਦੇ ਵਿਧਾਇਕ ਅਤੇ ਸਾਬਕਾ ਕਬਾਇਲੀ ਵਿਕਾਸ ਮੰਤਰੀ ਮਹਿੰਦਰਜੀਤ ਸਿੰਘ ਮਾਲਵੀਆ ਦਾ ਕਹਿਣਾ ਹੈ, "ਜਦੋਂ ਮੈਂ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਸੀ, ਉਸ ਸਮੇਂ ਮੈਂ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਕੇ ਦਿੱਲੀ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਤੋਂ ਇਸ ਦੇ ਇਤਿਹਾਸ ਨੂੰ ਕੱਢਵਾਇਆ ਸੀ। ਹੁਣ ਖੁਸ਼ੀ ਵਾਲੀ ਗੱਲ ਇਹ ਹੈ ਕਿ ਲੋਕ ਇਸ ਘਟਨਾ ਬਾਰੇ ਹੌਲੀ-ਹੌਲੀ ਜਾਣ ਰਹੇ ਹਨ।"
ਜਦੋਂ ਅਸੀਂ ਮਾਨਗੜ੍ਹ ਪਹਾੜ 'ਤੇ ਪਹੁੰਚੇ ਤਾਂ ਅਸੀਂ ਵੇਖਿਆ ਕਿ ਇੱਥੇ ਇੱਕ ਧੂਨੀ ਹੈ, ਗੋਵਿੰਦ ਗੁਰੂ ਦੀ ਮੂਰਤੀ ਅਤੇ ਮਾਨਗੜ੍ਹ ਨਾਲ ਸੰਬੰਧਤ ਜਾਣਕਾਰੀ ਪੱਥਰਾਂ 'ਤੇ ਉਲੀਕੀ ਹੋਈ ਹੈ।
ਡੂੰਗਰਪੁਰ ਜ਼ਿਲ੍ਹੇ ਦੇ ਬਾਂਸੀਆ (ਵੇੜਸਾ) ਪਿੰਡ ਦੇ ਬੰਜਾਰਾ ਪਰਿਵਾਰ 'ਚ ਜਨਮੇ ਗੋਵਿੰਦ ਗੁਰੂ ਨੇ 1880 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਅੰਦੋਲਨ ਵਿਢਿਆ ਸੀ।
ਉਸ ਸਮੇਂ ਸਥਾਨਕ ਲੋਕ ਬ੍ਰਿਟਿਸ਼ ਸ਼ਾਸਨ ਅਤੇ ਦੇਸੀ ਰਿਆਸਤਾਂ ਵੱਲੋਂ ਲਗਾਏ ਗਏ ਟੈਕਸ, ਬੇਗਾਰੀ ਪ੍ਰਥਾ ਸਮੇਤ ਹੋਰ ਕਈ ਤਰ੍ਹਾਂ ਦੇ ਤਸ਼ੱਦਦ ਨੂੰ ਬਰਦਾਸ਼ਤ ਕਰ ਰਹੇ ਸਨ।
ਇਤਿਹਾਸਕਾਰ ਅਤੇ ਸੇਵਾਮੁਕਤ ਪ੍ਰੋਫੈਸਰ ਬੀ ਕੇ ਸ਼ਰਮਾ ਦਾ ਕਹਿਣਾ ਹੈ, "ਜ਼ਬਰਦਸਤੀ ਟੈਕਸ ਲਗਾਏ ਜਾ ਰਹੇ ਸਨ। ਲੋਕਾਂ ਦੇ ਨਾਲ ਅਛੂਤਾਂ ਵਰਗਾ ਸਲੂਕ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਗੋਵਿੰਦ ਗੁਰੂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਨੇ ਇੱਕ ਨਵੀਂ ਚੇਤਨਾ ਦਾ ਪ੍ਰਸਾਰ ਕੀਤਾ।"
ਗੋਵਿੰਦ ਗੁਰੂ ਨੇ ਲੋਕਾਂ ਨੂੰ ਸਮਝਾਇਆ ਕਿ ਧੂਨੀ 'ਚ ਪੂਜਾ ਕਰੋ, ਸ਼ਰਾਬ-ਮਾਸ ਨਾ ਖਾਓ, ਸਾਫ-ਸੁਥਰੇ ਰਹੋ।
ਉਨ੍ਹਾਂ ਦੇ ਅੰਦੋਲਨ ਤੋਂ ਬਾਅਦ ਚੋਰੀ ਦੀਆਂ ਵਾਰਦਾਤਾਂ ਵੀ ਬੰਦ ਹੋ ਗਈਆਂ ਸਨ ਅਤੇ ਸ਼ਰਾਬ ਦੀ ਵਿਕਰੀ ਕਾਰਨ ਇੱਕਠਾ ਹੋਣ ਵਾਲਾ ਮਾਲੀਆ ਵੀ ਘੱਟ ਗਿਆ ਸੀ।
ਇਹ ਵੀ ਪੜ੍ਹੋ:-
'ਧੂਨੀ ਤਪੇ ਤੀਰ' ਦੇ ਲੇਖਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਹਰੀਰਾਮ ਮੀਨਾ ਦਾ ਕਹਿਣਾ ਹੈ ਕਿ "ਸਾਲ 1903 'ਚ ਗੋਵਿੰਦ ਗੁਰੂ ਨੇ ਸੰਪ ਸਭਾ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦੀ ਮੁਹਿੰਮ ਨੂੰ ਭਗਤ ਅੰਦੋਲਨ ਵੀ ਕਿਹਾ ਜਾਂਦਾ ਹੈ।"
"ਜਨ ਜਾਗ੍ਰਿਤੀ ਦੀ ਇਹ ਲਹਿਰ ਵੱਧਦੀ ਹੀ ਗਈ ਅਤੇ ਦੇਸੀ ਰਿਆਸਤਾਂ ਦੀਆਂ ਅੱਖਾਂ 'ਚ ਰੜਕਨ ਲੱਗੀ। ਉਨ੍ਹਾਂ ਨੂੰ ਲੱਗਾ ਕਿ ਗੋਵਿੰਦ ਗੁਰੂ ਦੀ ਅਗਵਾਈ 'ਚ ਆਦਿਵਾਸੀ ਵੱਖਰੇ ਰਾਜ ਦੀ ਮੰਗ ਕਰ ਰਹੇ ਹਨ।"
ਇਤਿਹਾਸਕਾਰ ਅਤੇ ਸੇਵਾਮੁਕਤ ਪ੍ਰੋਫੈਸਰ ਵੀ ਕੇ ਵਸ਼ਿਸ਼ਠ ਦਾ ਮੰਨਣਾ ਹੈ ਕਿ ਭੀਲ ਰਾਜ ਸਥਾਪਤ ਕਰਨਾ ਚਾਹੁੰਦੇ ਸਨ।
ਇਸ ਦੌਰਾਨ ਰਿਆਸਤਾਂ ਨੇ ਬ੍ਰਿਟਿਸ਼ ਹਕੂਮਤ ਨੂੰ ਕਿਹਾ ਕਿ ਇਹ ਆਦਿਵਾਸੀ ਆਪਣਾ ਰਾਜ ਸਥਾਪਤ ਕਰਨਾ ਚਾਹੁੰਦੇ ਹਨ। ਇਸੇ ਕਾਰਨ ਹੀ ਸ਼ਰਾਬ ਦੀ ਵਿਕਰੀ ਬਹੁਤ ਘੱਟ ਹੋ ਗਈ ਹੈ।
ਹਾਲਾਂਕਿ ਗੋਵਿੰਦ ਗੁਰੂ ਨੇ ਹੀ ਸੰਪ ਸਭਾ ਦੀ ਸਥਾਪਨਾ ਕੀਤੀ ਸੀ, ਇਸ ਗੱਲ ਤੋਂ ਪ੍ਰੋ.ਵਸ਼ਿਸ਼ਠ ਸਹਿਤਮ ਨਹੀਂ ਹਨ।
ਗੋਵਿੰਦ ਗੁਰੂ ਦੇ ਅੰਦੋਲਨ ਦਾ ਪ੍ਰਭਾਵ ਹੌਲੀ-ਹੌਲੀ ਇੰਨ੍ਹਾਂ ਵੱਧ ਗਿਆ ਸੀ ਕਿ ਦੇਸੀ ਰਿਆਸਤਾਂ ਨੇ ਇਸ ਦੀ ਸ਼ਿਕਾਇਤ ਬ੍ਰਿਟਿਸ਼ ਹਕੂਮਤ ਅੱਗੇ ਕਰਨੀ ਸ਼ੁਰੂ ਕਰ ਦਿੱਤੀ ਸੀ।
ਇੱਥੋਂ ਹੀ ਸਥਿਤੀ 'ਚ ਬਦਲਾਵ ਆਉਣ ਲੱਗਾ ਅਤੇ ਕੁਝ ਸਾਲਾਂ ਬਾਅਦ 17 ਨਵੰਬਰ, 1913 ਨੂੰ ਮਾਨਗੜ੍ਹ ਦੀ ਪਹਾੜੀ 'ਤੇ ਵੱਡੇ ਪੱਧਰ 'ਤੇ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ।
ਗੋਵਿੰਦ ਗੁਰੂ ਵੱਲੋਂ ਸ਼ੁਰੂ ਕੀਤਾ ਗਿਆ ਜਨ ਜਾਗ੍ਰਿਤੀ ਅੰਦੋਲਨ ਹੁਣ ਸਿਖਰਾਂ 'ਤੇ ਸੀ। ਮਾਨਗੜ੍ਹ 'ਤੇ ਯੱਗ ਕਰਨ ਲਈ ਕਈ ਦਿਨਾਂ ਤੋਂ ਲੋਕਾਂ ਦੀ ਆਵਾਜਾਈ ਲੱਗੀ ਹੋਈ ਸੀ।
ਰਾਸ਼ਟਰੀ ਪੁਰਾਲੇਖ ਵਿਭਾਗ ਤੋਂ ਪ੍ਰਾਪਤ ਤਤਕਾਲੀ ਪੱਤਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਬ੍ਰਿਟਿਸ਼ ਹਕੂਮਤ ਨੇ 13 ਅਤੇ 15 ਨਵੰਬਰ ਨੂੰ ਗੋਵਿੰਦ ਗੁਰੂ ਨੂੰ ਮਨਾਗੜ੍ਹ ਪਹਾੜੀ ਖਾਲੀ ਕਰਨ ਲਈ ਕਿਹਾ ਸੀ।
ਹਾਲਾਂਕਿ ਗੋਵਿੰਦ ਗੁਰੂ ਨੇ ਇੱਥੇ ਯੱਗ ਲਈ ਹੀ ਲੋਕਾਂ ਦੇ ਇੱਕਠੇ ਹੋਣ ਦੀ ਗੱਲ ਕਹੀ ਸੀ।
ਪ੍ਰੋਫੈਸਰ ਅਰੁਣ ਵਘੇਲਾ ਦੱਸਦੇ ਹਨ, "ਗੁਜਰਾਤ ਦੇ ਕੁੰਡਾ, ਬਾਂਸਵਾੜਾ ਦੇ ਭੁਖੀਆ ਮੌਜੂਦਾ ਆਨੰਦਪੁਰੀ ਅਤੇ ਮੋਰਚੇ ਵਾਲੀ ਘਾਟੀ ਵੱਲੋਂ ਮਾਨਗੜ੍ਹ ਨੂੰ ਫੌਜ ਨੇ ਘੇਰਾ ਪਾ ਲਿਆ ਸੀ।"
"ਇਸ ਮੁਹਿੰਮ 'ਚ ਬ੍ਰਿਟਿਸ਼ ਫੌਜ ਦੇ ਨਾਲ ਹੀ ਬਾਂਸਵਾੜਾ, ਡੰਗਰਪੁਰ, ਬਰੋੜਾ, ਜੋਗਰਬਾਰਿਆ, ਗਾਇਕਵਾੜਾ ਰਿਆਸਤਾਂ ਦੀਆਂ ਫੌਜਾਂ ਅਤੇ ਮੇਵਾੜ ਭੀਲ ਕੋਰ ਦੀ ਕੰਪਨੀ ਵੀ ਸ਼ਾਮਲ ਸੀ।"
ਫੌਜ ਨੇ ਪਹਿਲਾਂ ਪਹਾੜੀ ਦਾ ਨਕਸ਼ਾ ਤਿਆਰ ਕੀਤਾ ਸੀ ਅਤੇ ਫਿਰ ਖੱਚਰਾਂ 'ਤੇ ਮਸ਼ੀਨਗੰਨਾਂ ਅਤੇ ਤੋਪਾਂ ਮਾਨਗੜ੍ਹ ਪਹਾਵੀ 'ਤੇ ਪਹੁੰਚਾਈਆਂ ਸਨ।
ਮੇਜਰ ਹੈਮਿਲਟਨ ਅਤੇ ਉਨ੍ਹਾਂ ਦੇ ਤਿੰਨ ਅਧਿਕਾਰੀਆਂ ਨੇ ਸਵੇਰੇ 6:30 ਵਜੇ ਹਥਿਆਰਬੰਦ ਫੌਜ ਦੇ ਨਾਲ ਮਾਨਗੜ੍ਹ ਪਹਾੜੀ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ ਸੀ।
ਸਵੇਰ ਦੇ 8:10 ਵਜੇ ਗੋਲੀਬਾਰੀ ਸ਼ੁਰੂ ਹੋਈ ਅਤੇ 10 ਵਜੇ ਤੱਕ ਚੱਲਦੀ ਰਹੀ ਸੀ।
ਮਾਨਗੜ੍ਹ 'ਤੇ ਗੁਜਰਾਤ ਸਰਹੱਦ 'ਚ ਪੈਂਦੇ ਕੁੰਡਾ ਪਿੰਡ ਦੇ ਵਸਨੀਕ ਪਾਰਗੀ ਮੰਦਰ 'ਚ ਪੂਜਾ ਪਾਠ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ, "ਗੋਲੀਬਾਰੀ ਉਸ ਸਮੇਂ ਰੋਕੀ ਗਈ ਸੀ ਜਦੋਂ ਇੱਕ ਅੰਗ੍ਰੇਜ਼ ਅਧਿਕਾਰੀ ਨੇ ਵੇਖਿਆ ਸੀ ਕਿ ਇੱਕ ਮ੍ਰਿਤਕ ਔਰਤ ਦਾ ਬੱਚਾ ਉਸ ਦਾ ਦੁੱਧ ਚੁੰਘ ਰਿਹਾ ਸੀ।"
ਨੈਸ਼ਨਲ ਆਰਕਾਈਵਜ਼ ਤੋਂ ਹਾਸਲ ਹੋਏ ਤਤਕਾਲੀ ਬ੍ਰਿਟਿਸ਼ ਪੱਤਰਾਂ ਤੋਂ ਪਤਾ ਚੱਲਦਾ ਹੈ ਕਿ ਮੁਹਿੰਮ 'ਚ ਸੱਤਵੀਂ ਜਾਟ ਰੈਜੀਮੈਂਟ, ਨੌਵੀਂ ਰਾਜਪੂਤ ਰੈਜੀਮੈਂਟ, 104 ਵੇਲਸਰੇਜ਼ ਰਾਈਫਲ ਰੈਜੀਮੈਂਟ, ਮਹੂ, ਬੜੌਦਾ, ਅਹਿਮਦਾਬਾਦ ਛਾਉਣੀਆਂ 'ਚੋਂ ਇੱਕ-ਇੱਕ ਕੰਪਨੀ ਪਹੁੰਚੀ ਸੀ।
ਮੇਵਾੜ ਭੀਲ ਕੋਰ ਤੋਂ ਕੈਪਟਨ ਜੇ ਪੀ ਸਟੈਕਲੀਨ ਦੀ ਅਗਵਾਈ 'ਚ ਦੋ ਕੰਪਨੀਆਂ ਨੇ ਸ਼ਮੂਲੀਅਤ ਕੀਤੀ ਸੀ।
ਸਾਬਕਾ ਆਈਪੀਐਸ ਹਰੀਰਾਮ ਮੀਨਾ ਦੱਸਦੇ ਹਨ, "ਇੱਕ ਕੰਪਨੀ 'ਚ ਲਗਭਗ 120 ਜਵਾਨ ਹੁੰਦੇ ਹਨ ਅਤੇ 100 ਹਥਿਆਰਬੰਦ ਹੁੰਦੇ ਹਨ।
ਇੰਨ੍ਹੀ ਹੀ ਫੌਜ ਮੇਵਾੜ, ਡੂੰਗਰਪੁਰ, ਪ੍ਰਤਾਪਗੜ੍ਹ, ਬਾਂਸਵਾੜਾ, ਕੁਸ਼ਲਗੜ੍ਹ ਦੇਸੀ ਰਿਆਸਤਾਂ ਤੋਂ ਵੀ ਸ਼ਾਮਿਲ ਹੋਈ ਸੀ। ਡੇਢ ਹਜ਼ਾਰ ਸ਼ਹੀਦਾਂ ਦੇ ਬਰਾਬਰ ਫੌਜੀ ਵੀ ਸਨ।"
ਉਹ ਅੱਗੇ ਕਹਿੰਦੇ ਹਨ, "ਮੇਰੀ ਖੋਜ ਮੁਤਾਬਕ ਮਾਨਗੜ੍ਹ 'ਚ ਤਕਰੀਬਨ 1500 ਲੋਕ ਮਾਰੇ ਗਏ ਸਨ। 700 ਲੋਕਾਂ ਦੀ ਮੌਤ ਤਾਂ ਗੋਲੀਬਾਰੀ ਦੌਰਾਨ ਹੀ ਹੋ ਗਈ ਸੀ ਅਤੇ ਇੰਨ੍ਹੇ ਹੀ ਲੋਕਾਂ ਨੇ ਪਹਾੜੀ ਤੋਂ ਡਿੱਗ ਕੇ ਅਤੇ ਇਲਾਜ ਦੀ ਘਾਟ ਕਰਕੇ ਆਪਣੀਆਂ ਜਾਨਾਂ ਗਵਾ ਬੈਠੇ ਸਨ।"
ਬੀ ਕੇ ਸ਼ਰਮਾ ਵੀ ਮੰਨਦੇ ਹਨ ਕਿ 1500 ਆਦਿਵਾਸੀ ਇਸ ਕਤਲੇਆਮ 'ਚ ਮਾਰੇ ਗਏ ਸਨ। ਮਾਨਗੜ੍ਹ 'ਤੇ ਲਿਖੀਆਂ ਗਈਆਂ ਕਿਤਾਬਾਂ ਅਤੇ ਅਜਾਇਬਘਰ 'ਚ ਉਪਲਬਧ ਜਾਣਾਕਰੀ 'ਚ ਵੀ 1500 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ।
ਮਾਨਗੜ੍ਹ ਕਤਲੇਆਮ ਵਿੱਚ ਗਏ ਲੋਕਾਂ ਦੀ ਯਾਦ ਵਿੱਚ ਬਣਾਈ ਗਈ ਯਾਦਗਾਰ
ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਅਧਿਕਾਰੀਆਂ ਨੇ ਸਰਕਾਰ ਨੂੰ ਮ੍ਰਿਤਕਾਂ ਦੀ ਸਹੀ ਗਿਣਤੀ ਨਹੀਂ ਦੱਸੀ। ਉਨ੍ਹਾਂ ਸਿਰਫ ਇੰਨ੍ਹਾਂ ਕਿਹਾ, "ਮਾਨਗੜ੍ਹ ਪਹਾੜੀ ਨੂੰ ਖਾਲੀ ਕਰਾ ਲਿਆ ਗਿਆ ਹੈ । ਅੱਠ ਲੋਕ ਜ਼ਖਮੀ ਹੋਏ ਹਨ ਅਤੇ 900 ਲੋਕਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ।"
ਇਸ ਘਟਨਾ ਤੋਂ ਬਾਅਦ ਗੋਵਿੰਦ ਗੁਰੂ ਅਤੇ ਉਨ੍ਹਾਂ ਦੇ ਚੇਲੇ ਪੁੰਜਾ ਪਾਰਗੀ ਨੂੰ ਸਜ਼ਾ ਦਿੱਤੀ ਗਈ ਸੀ। ਬਾਅਦ 'ਚ ਗੋਵਿੰਦ ਗੁਰੂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਅਤੇ ਫਿਰ ਬਾਂਸਵਾੜਾ, ਸੰਤਰਾਮਪੁਰ ਅਤੇ ਮਾਨਗੜ੍ਹ ਨਾ ਜਾਣ ਦੀ ਪਾਬੰਦੀ ਲਗਾ ਕੇ ਰਿਹਾਅ ਕਰ ਦਿੱਤਾ ਗਿਆ ਸੀ।
ਇਸ ਤਰ੍ਹਾਂ ਨਾਲ ਆਦਿਵਾਸੀਆਂ ਦੇ ਅੰਦੋਲਨ ਨੂੰ ਕਤਲੇਆਮ 'ਚ ਬਦਲ ਕੇ ਪੂਰੀ ਤਰ੍ਹਾਂ ਨਾਲ ਕੁਚਲ ਦਿੱਤਾ ਗਿਆ ਸੀ।
ਸਾਲ 1921 'ਚ ਗੋਵਿੰਦ ਗੁਰੂ ਅਕਾਲ ਚਲਾਣਾ ਕਰ ਗਏ ਸਨ। ਪਰ ਉਨ੍ਹਾਂ ਦੀ ਯਾਦ 'ਚ ਅੱਜ ਵੀ ਕਈ ਧੂਨੀਆਂ ਮੌਜੂਦ ਹਨ ਅਤੇ ਲੋਕ ਉਨ੍ਹਾਂ ਦੀ ਪੂਜਾ ਵੀ ਕਰਦੇ ਹਨ।
17 ਨਵੰਬਰ ਨੂੰ ਮਾਨਗੜ੍ਹ 'ਚ ਹੋਏ ਕਤਲੇਆਮ ਤੋਂ ਬਾਅਦ ਲਗਭਗ 80 ਦੇ ਦਹਾਕੇ ਤੱਕ ਇੱਥੇ ਜਾਣ 'ਤੇ ਪਾਬੰਦੀ ਰਹੀ ਸੀ।
ਇਤਿਹਾਸਕਾਰ ਅਰੁਣ ਵਾਘੇਲਾ ਦਾ ਕਹਿਣਾ ਹੈ, "ਇਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਡਰ ਬੈਠ ਗਿਆ ਸੀ। ਇਸ ਲਈ ਹੀ ਨਜ਼ਦੀਕ ਦੇ ਪਿੰਡਾਂ ਦੇ ਲੋਕ ਵੀ ਆਪਣੇ ਘਰਾਂ ਨੂੰ ਛੱਡ ਦੂਜੀਆਂ ਥਾਵਾਂ ਵੱਲ ਚਲੇ ਗਏ ਸਨ।"
ਭਗਵਾ ਰੰਗ ਦੇ ਕੱਪੜੇ ਪਾ ਕੇ ਬੈਠੇ ਮਾਨਗੜ੍ਹ ਦੇ ਮਹੰਤ ਰਾਮਚੰਦਰ ਗਿਰੀ ਦਾ ਕਹਿਣਾ ਹੈ, "ਮਾਨਗੜ੍ਹ ਕਤਲੇਆਮ 'ਚ ਅੰਗ੍ਰੇਜ਼ਾ ਨੇ ਜੋ ਗੋਲੀਆਂ ਚਲਾਈਆਂ ਸਨ, ਉਸ 'ਚ ਮੇਰੇ ਦਾਦਾ ਹਾਲਾ ਅਤੇ ਦਾਦੀ ਆਮਰੀ ਵੀ ਮਾਰੇ ਗਏ ਸਨ।"
"ਉਹ ਬਾਵਰੀ ਦੇ ਵਸਨੀਕ ਸਨ। ਇੱਥੇ 1500 ਤੋਂ ਵੀ ਵੱਧ ਲੋਕ ਸ਼ਹੀਦ ਹੋਏ ਸਨ। ਕਿਸੇ ਨੇ ਵੀ ਉਨ੍ਹਾਂ ਦੀਆਂ ਲਾਸ਼ਾਂ ਨਾ ਚੁੱਕੀਆਂ ਅਤੇ ਉਹ ਇੱਥੇ ਹੀ ਪਈਆਂ-ਪਈਆਂ ਸੜ੍ਹ ਗਈਆਂ ਸਨ।"
ਪਿਛਲ ਕੁਝ ਸਾਲਾਂ ਤੋਂ ਇੱਥੇ 17 ਨਵੰਬਰ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ। ਕਤਲੇਆਮ 'ਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ। ਪੂਜਾ-ਪਾਠ ਅਤੇ ਹਵਨ ਕੀਤਾ ਜਾਂਦਾ ਹੈ ਅਤੇ ਗੋਵਿੰਦ ਗੁਰੂ ਦੇ ਭਜਨ ਗਾਏ ਜਾਂਦੇ ਹਨ।
ਅਰੁਣ ਵਘੇਲਾ ਦੱਸਦੇ ਹਨ, "ਇਸ ਘਟਨਾ ਤੋਂ ਬਾਅਦ ਜਦੋਂ ਵੀ ਕਦੇ ਆਦਿਵਾਸੀ ਇੱਕਠਾ ਹੁੰਦੇ ਤਾਂ ਉਨ੍ਹਾਂ ਨੂੰ 'ਮਾਨਗੜ੍ਹ ਵਰਗਾ ਹਾਲ ਹੋਵੇਗਾ' ਕਹਿ ਕੇ ਡਰਾ ਦਿੱਤਾ ਜਾਂਦਾ ਸੀ। ਗੁਜਰਾਤ ਦੇ ਦਾਹੋਦ ਦੇ ਵਿਰਾਟ ਖੇੜੀ 'ਚ 1938 'ਚ ਇੱਕਠੇ ਹੋਏ ਆਦਿਵਾਸੀਆਂ ਨੂੰ ਮਾਨਗੜ੍ਹ ਯਾਦ ਕਰਾ ਕੇ ਖਿੰਡਾ ਦਿੱਤਾ ਗਿਆ ਸੀ।"
ਬਾਂਸਵਾੜਾ ਦੇ ਵਿਧਾਇਕ ਮਹਿੰਦਰ ਸਿੰਘ ਮਾਲਵੀਆ ਦਾ ਕਹਿਣਾ ਹੈ, "ਗੋਵਿੰਦ ਗੁਰੂ ਦੀ ਮੌਤ ਜਾਲੋਦ ਨਜ਼ਦੀਕ ਹੋਈ ਸੀ। ਉੱਥੇ ਉਨ੍ਹਾਂ ਦਾ ਆਸ਼ਰਮ ਅਤੇ ਸਮਾਧੀ ਮੌਜੂਦ ਹੈ। ਇਹ ਮਾਨਤਾ ਹੈ ਕਿ ਸਾਡੇ ਖੇਤਰ ਦਾ ਆਦਿਵਾਸੀ ਜਦੋਂ ਤੱਕ ਉਨ੍ਹਾਂ ਦੀ ਸਮਾਧੀ 'ਤੇ ਛੱਲੀਆਂ ਨਹੀਂ ਚੜਾਉਂਦਾ ਹੈ ਉਦੋਂ ਤੱਕ ਉਹ ਖਾਂਦਾ ਨਹੀਂ ਹੈ।"
ਗੁਜਰਾਤ ਯੂਨੀਵਰਸਿਟੀ 'ਚ ਇਤਿਹਾਸ ਦੇ ਪ੍ਰੋਫੈਸਰ ਅਰੁਣ ਵਘੇਲਾ ਦੱਸਦੇ ਹਨ, "ਮਾਨਗੜ੍ਹ ਪਹਾੜੀ ਦੇ ਗੁਜਰਾਤ 'ਚ ਪੈਂਦੇ ਹਿੱਸੇ 'ਚ ਯਾਦਗਾਰ ਜੰਗਲ ਬਣਿਆ ਹੋਇਆ ਹੈ। ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ। ਇੱਥੇ ਮਾਨਗੜ੍ਹ 'ਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ 1507 ਦੱਸੀ ਗਈ ਹੈ।"
ਇਤਿਹਾਸਕਾਰ ਮਾਨਗੜ੍ਹ ਦੀ ਘਟਨਾ ਨੂੰ ਇੱਕ ਵੱਡੀ ਘਟਨਾ ਦਾ ਦਰਜਾ ਦਿੰਦੇ ਹਨ। ਪਰ ਇਤਿਹਾਸ 'ਚ ਇਸ ਸਬੰਧ ਵਿੱਚ ਜਾਣਕਰੀ ਘਾਟ ਪਿੱਛੇ ਉਹ ਆਪੋ ਆਪਣੇ ਤਰਕ ਪੇਸ਼ ਕਰਦੇ ਹਨ।
ਬਾਂਸਵਾੜਾ ਦੇ ਵਿਧਾਇਕ ਮਹਿਮਦਰਜੀਤ ਸਿੰਘ ਮਾਲਵੀਆ ਦਾ ਕਹਿਣਾ ਹੈ ਕਿ ਜਦੋਂ ਹਾਲ ਹੀ 'ਚ ਇੱਥੇ ਖੁਦਾਈ ਕੀਤੀ ਗਈ ਸੀ ਤਾਂ ਬ੍ਰਿਟਿਸ਼ ਹਕੂਮਤ ਦੀਆਂ ਥ੍ਰੀ ਨਾਟ ਥ੍ਰੀ ਗੋਲੀਆਂ ਬਰਾਮਦ ਹੋਈਆਂ ਸਨ।
ਜਿੰਨ੍ਹਾਂ ਨੂੰ ਉਦੈਪੁਰ ਅਜਾਇਬਘਰ 'ਚ ਰੱਖਿਆ ਗਿਆ ਸੀ। ਇੰਨ੍ਹਾਂ ਵੱਡਾ ਕਤਲੇਆਮ ਹੋਇਆ, ਪਰ ਭਾਰਤ ਅਤੇ ਰਾਜਸਥਾਨ ਦੇ ਇਤਿਹਾਸ ਦੇ ਪੰਨ੍ਹਿਆਂ 'ਚ ਇਸ ਨੂੰ ਜਗ੍ਹਾ ਹੀ ਨਾ ਮਿਲੀ। ਪਰ ਹੁਣ ਹੌਲੀ-ਹੌਲੀ ਲੋਕ ਮਾਨਗੜ੍ਹ ਕਤਲੇਆਮ ਬਾਰੇ ਜਾਣ ਰਹੇ ਹਨ।
ਇਹ ਵੀ ਪੜ੍ਹੋ:
https://www.youtube.com/watch?v=g9iIdFIz9kw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f4cee175-6ba0-43f8-a49a-c008cab8079d','assetType': 'STY','pageCounter': 'punjabi.india.story.56618739.page','title': 'ਰਾਜਸਥਾਨ ਦਾ \'ਜਲ੍ਹਿਆਂਵਾਲਾ ਬਾਗ਼\', ਜਿੱਥੇ ਮਾਨਗੜ੍ਹ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ','author': 'ਮੋਹਰ ਸਿੰਘ ਮੀਨਾ','published': '2021-04-03T06:08:01Z','updated': '2021-04-03T06:08:01Z'});s_bbcws('track','pageView');

ਸਿੱਖਸ ਫ਼ਾਰ ਜਸਟਿਸ ਵੱਲੋਂ ਯੂਐੱਨ ''ਚ ਮੋਦੀ ਅਤੇ ਸ਼ਾਹ ਖ਼ਿਲਾਫ਼ ਕੀਤੀ ਸ਼ਿਕਾਇਤ ਦਾ ਭਾਰਤ ਦੇਵੇਗਾ ਜਵਾਬ -...
NEXT STORY