ਸਾਲ 2014 ਤੋਂ ਹੁਣ ਤੱਕ ਇੰਗਲਿਸ਼ ਚੈਨਲ ਦੇ ਇੱਕੋ ਹਾਦਸੇ ਵਿੱਚ ਪਹਿਲੀ ਵਾਰ ਇੰਨੀਆਂ ਮੌਤਾਂ ਹੋਈਆਂ ਹਨ।
ਫਰਾਂਸ ਰਾਹੀ ਯੂਕੇ ਜਾ ਰਹੇ ਪਰਵਾਸੀ ਸ਼ਰਨਾਰਥੀਆਂ ਦੀ ਕਿਸ਼ਤੀ ਇੰਗਲਿਸ਼ ਚੈਨਲ ਵਿੱਚ ਡੁੱਬਣ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲਾਂ ਇਹ ਅੰਕੜਾ 31 ਦੱਸਿਆ ਗਿਆ ਸੀ ਪਰ ਬਾਅਦ ਵਿੱਚ ਫਰਾਂਸ ਦੇ ਅਧਿਕਾਰੀਆਂ ਵੱਲੋਂ ਇਹ ਗਿਣਤੀ ਘਟਾ ਕੇ 27 ਦੱਸੀ ਗਈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਰਨ ਵਾਲੇ ਲੋਕਾਂ ਵਿੱਚ 5 ਔਰਤਾਂ ਅਤੇ ਇੱਕ ਬੱਚੀ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 2 ਲੋਕਾਂ ਦੀ ਜਾਨ ਬਚਾਈ ਜਾ ਸਕੀ ਹੈ ਅਤੇ ਇੱਕ ਵਿਅਕਤੀ ਲਾਪਤਾ ਸੀ।
ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਬੈਲਜੀਅਮ ਦੀ ਸਰਹੱਦ ਦੇ ਨੇੜੇ ਫੜੇ ਗਏ ਇਨ੍ਹਾਂ ਚਾਰ ਲੋਕਾਂ ਦਾ ਇਸ ਕ੍ਰਾਸਿੰਗ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ।
ਇਹ ਹਾਦਸਾ ਬੁੱਧਵਾਰ, 24 ਨਵੰਬਰ ਨੂੰ ਵਾਪਰਿਆ। ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ ਨੇ ਫਰਾਂਸ ਦੇ ਸਮੁੰਦਰੀ ਤੱਟ 'ਤੇ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਅਤੇ ਮਦਦ ਲਈ ਅਲਾਰਮ ਵਜਾਇਆ।
ਜਿਸ ਤੋਂ ਬਾਅਦ ਫਰਾਂਸ ਅਤੇ ਯੂਕੇ ਦੁਆਰਾ ਲੋਕਾਂ ਦੀ ਜਾਨ ਬਚਾਉਣ ਲਈ ਸਮੁੰਦਰੀ ਅਤੇ ਹਵਾਈ ਰਸਤਿਆਂ ਰਾਹੀਂ ਰਾਹਤ ਕਾਰਜ ਸ਼ੁਰੂ ਹੋ ਗਏ।
ਦਿ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ, ਸਾਲ 2014 ਤੋਂ ਇਸ ਚੈਨਲ ਨੂੰ ਪਾਰ ਕਰਨ ਵਾਲੇ ਲੋਕਾਂ ਦਾ ਡੇਟਾ ਇਕੱਠਾ ਕਰ ਰਹੀ ਹੈ।
ਸੰਸਥਾ ਦੇ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਇੱਥੇ ਇੱਕੋ ਹਾਦਸੇ ਵਿੱਚ ਇੰਨੀ ਵੱਡੀ ਸੰਖਿਆ ਵਿੱਚ ਲੋਕਾਂ ਦੀ ਮੌਤ ਹੋਈ ਹੈ।
ਕਿਉਂ ਅਤੇ ਕਿੰਨੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਯੂਕੇ ਜਾਂਦੇ ਹਨ
ਫਰਾਂਸ ਦੇ ਰਾਸ਼ਟਰਪਤੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਸਾਲ ਦੀ ਸ਼ੁਰੂਆਤ 'ਚ 1,552 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 44 ਅਜਿਹੇ ਨੈਟਵਰਕਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ।
ਪਰ ਇਸਦੇ ਬਾਵਜੂਦ ਵੀ ਇਸ ਸਾਲ 47,000 ਲੋਕਾਂ ਨੇ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ 7,800 ਪਰਵਾਸੀਆਂ ਨੂੰ ਬਚਾਇਆ ਗਿਆ।
ਕੈਲਿਸ ਹਾਰਬਰ 'ਤੇ ਰਾਹਤ ਕਾਰਜਾਂ ਵਿੱਚ ਲੱਗੀਆਂ ਆਪਾਤਕਾਲੀਨ ਸੇਵਾਵਾਂ।
ਬੀਬੀਸੀ ਨਿਊਜ਼ ਨਾਈਟਜ਼ ਪਾਲਿਸੀ ਐਡੀਟਰ, ਲੇਵਿਸ ਗੁਡਾਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦਿਨ ਵਿੱਚ ਹੁਣ ਤੱਕ ਲਗਭਗ 25 ਕਿਸ਼ਤੀਆਂ ਨੇ ਇਹ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਹੀ ਕੁਝ ਲੋਕ ਛੋਟੀਆਂ ਕਿਸ਼ਤੀਆਂ ਰਾਹੀਂ ਯੂਕੇ ਪਹੁੰਚੇ ਹਨ, ਜਿਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੇਖਿਆ ਗਿਆ।
ਸਾਲ 2019 ਵਿੱਚ ਲਗਭਗ 677,000 ਪਰਵਾਸੀ ਲੋਕ ਯੂਕੇ ਪਹੁੰਚੇ ਸਨ। ਇਨ੍ਹਾਂ ਵਿੱਚੋਂ ਬਹੁਤੇ ਲੋਕ ਰੁਜ਼ਗਾਰ ਅਤੇ ਸਿੱਖਿਆ ਦੇ ਉਦੇਸ਼ਾਂ ਨਾਲ ਇੱਥੇ ਗਏ ਸਨ।
ਇਨ੍ਹਾਂ ਵਿੱਚ 49,000 ਨੇ ਯੂਕੇ ਵਿੱਚ ਸ਼ਰਨ ਲੈਣ ਲਈ ਵੀ ਅਰਜ਼ੀਆਂ ਦਿੱਤੀਆਂ ਸਨ।
ਸਾਲ 2020 ਵਿੱਚ ਬੀਬੀਸੀ ਡਾਟ ਕਾਮ 'ਤੇ ਛਪੀ ਇੱਕ ਰਿਪੋਰਟ ਮੁਤਾਬਕ ਪਿਛਲੇ 20 ਸਾਲਾਂ ਦੌਰਾਨ ਮਨੁੱਖੀ ਤਸਕਰੀ ਕਰਨ ਵਾਲੇ ਸਮੂਹਾਂ ਨੇ ਇੱਕ ਪੂਰਾ ਉਦਯੋਗ ਸਥਾਪਿਤ ਕਰ ਲਿਆ ਹੈ ਅਤੇ ਉਹ ਏਸ਼ੀਆ ਤੇ ਅਫ਼ਰੀਕਾ ਤੋਂ ਲੋਕਾਂ ਨੂੰ ਯੂਰਪ ਪਹੁੰਚਾਉਂਦੇ ਹਨ।
ਸ਼ਰਨਾਰਥੀਆਂ ਲਈ ਯੂਕੇ ਵਿੱਚ ਸ਼ਰਨ ਲੈਣਾ ਬਹੁਤ ਔਖਾ ਹੁੰਦਾ ਹੈ। ਪਹਿਲਾਂ ਇਸ ਕੰਮ ਲਈ ਮਨੁੱਖੀ ਤਸਕਰ ਟਰੱਕਾਂ ਦਾ ਇਸਤੇਮਾਲ ਕਰਦੇ ਸਨ ਪਰ ਸੁਰੱਖਿਆ ਹੋਰ ਸਖ਼ਤ ਹੋਣ ਕਾਰਨ ਫਿਰ ਉਨ੍ਹਾਂ ਨੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ।
ਕੈਲਿਸ ਦਾ ਖ਼ਤਰਨਾਕ ਰੂਟ
ਕੈਲਿਸ ਫਰਾਂਸ ਦਾ ਇੱਕ ਅਜਿਹਾ ਇਲਾਕਾ ਹੈ, ਜਿੱਥੇ ਗੈਰ ਕਾਨੂੰਨੀ ਪਰਵਾਸੀ ਲੁਕ ਜਾਂਦੇ ਹਨ। ਇਹ ਜੰਗਲੀ ਇਲਾਕਾ ਹੈ, ਪਰਵਾਸੀਆਂ ਦੇ ਇਨ੍ਹਾਂ ਕੈਪਾਂ ਨੂੰ ''ਦਾ ਜੰਗਲ'' ਕਿਹਾ ਜਾਂਦਾ ਹੈ।
ਇੱਥੋਂ ਰਾਤ ਨੂੰ ਯੂਰੋ ਟਨਲ ਰਾਹੀ ਗੱਡੀਆਂ, ਰੇਲ ਗੱਡੀਆਂ, ਜਾਂ ਛੋਟੀਆਂ ਛੋਟੀਆਂ ਕਿਸ਼ਤੀਆਂ ਰਾਹੀ ਇਹ ਲੋਕ ਇੰਗਲਿਸ਼ ਚੈਨਲ ਰਾਹੀ ਯੂਕੇ ਵਿਚ ਦਾਖਲ ਹੁੰਦੇ ਹਨ।
ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਵਾਲੇ ਬਹੁਤ ਸਾਰੇ ਗੈਂਗ ਸਰਗਰਮ ਹਨ, ਜੋ ਇਨ੍ਹਾਂ ਦੀ ਜਾਨ ਜੋਖ਼ਮ ਵਿਚ ਪਾਕੇ ਛੋਟੀਆਂ ਛੋਟੀਆਂ ਕਿਸ਼ਤੀਆਂ ਰਾਹੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਹਾਦਸੇ ਵਾਪਰ ਜਾਂਦੇ ਹਨ।
ਭਾਵੇਂ ਕਿ ਫਰਾਂਸ ਅਤੇ ਯੂਕੇ ਨੇ ਇਸ ਗੈਰ ਕਾਨੂੰਨੀ ਪਰਵਾਸ ਕਰਵਾਉਣ ਵਾਲੀਆਂ ਗੈਂਗਜ਼ ਨਾਲ ਨਜਿੱਠਣ ਲਈ ਸਮਝੌਤਾ ਵੀ ਕੀਤਾ ਹੈ, ਪਰ ਇਹ ਸੰਕਟ ਖ਼ਤਮ ਨਹੀਂ ਹੋ ਸਕਿਆ ਹੈ।
ਇਸੇ ਤਰ੍ਹਾਂ ਦੇ ਰੁਝਾਨ ਦਾ ਨਤੀਜਾ ਤਾਜ਼ਾ ਹਾਦਸਾ ਦੱਸਿਆ ਜਾ ਰਿਹਾ ਹੈ। ਇਸੇ ਬਾਰੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਹ ਇੰਗਲਿਸ਼ ਚੈਨਲ ਨੂੰ ਕਬਰਾਂ ਵਿਚ ਨਹੀਂ ਬਦਲਣ ਦੇਣਾ ਚਾਹੁੰਦੇ।
ਯੂਕੇ ਤੇ ਫਰਾਂਸ ਦੇ ਅਧਿਕਾਰੀਆਂ ਨੇ ਕੀ ਕਿਹਾ
ਇਸ ਘਟਨਾ 'ਤੇ ਫਰਾਂਸ ਅਤੇ ਯੂਕੇ, ਦੋਵੇਂ ਦੇਸ਼ਾਂ ਵਲੋਂ ਦੁੱਖ ਪ੍ਰਗਟਾਇਆ ਗਿਆ ਹੈ।
ਯੂਕੇ ਦੇ ਪ੍ਰਧਾਨ ਮੰਤਰੀ ਨੇ ਇੱਕ ਐਮਰਜੈਂਸੀ ਬੈਠਕ ਤੋਂ ਬਾਅਦ ਕਿਹਾ ਕਿ ਸ਼ਰਨਾਰਥੀਆਂ ਨੂੰ ਇਸ ਤਰੀਕੇ ਨਾਲ ਲਿਆਉਣ ਵਾਲੇ ਅਪਰਾਧੀਆਂ ਨੂੰ ਰੋਕਣ ਲਈ ਵਧੇਰੇ ਕੋਸ਼ਿਸ਼ਾਂ ਦੀ ਲੋੜ ਹੈ।
ਯੂਕੇ ਦੇ ਪ੍ਰਧਾਨ ਮੰਤਰੀ ਨੇ ਇਸ ਹਾਦਸੇ ਵਿੱਚ ਹੋਈਆਂ ਮੌਤਾਂ ਨੂੰ ''ਤਬਾਹੀ'' ਵਰਗਾ ਕਿਹਾ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਕਿ ਉਹ ਇਸ ਚੈਨਲ ਨੂੰ ਇੱਕ ਕਬਰਿਸਤਾਨ ਨਹੀਂ ਬਣਨ ਦੇਣਗੇ ਅਤੇ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣਗੇ।
ਬੁੱਧਵਾਰ ਸ਼ਾਮ ਨੂੰ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕ੍ਰਾਸਿੰਗ ਨੂੰ ਰੋਕਣ ਅਤੇ ਲੋਕਾਂ ਦੇ ਜੀਵਨ ਨੂੰ ਖਤਰੇ 'ਚ ਪਾਉਣ ਵਾਲੇ ਸਮੂਹਾਂ 'ਤੇ ਕਾਬੂ ਪਾਉਣ ਦੀ ਗੱਲ 'ਤੇ ਸਹਿਮਤੀ ਪ੍ਰਗਟਾਈ।
ਯੂਕੇ ਨੇ ਪਹਿਲਾਂ ਹੀ ਫਰਾਂਸ ਨੂੰ 2021-22 ਦੌਰਾਨ 62.7 ਮਿਲੀਅਨ ਯੂਰੋ ਦੇਣ ਦਾ ਵਾਅਦਾ ਕੀਤਾ ਹੈ ਤਾਂ ਜੋ ਉਹ ਆਪਣੇ ਸਮੁੰਦਰੀ ਤੱਟ ਨੇੜੇ ਪੁਲਿਸ ਦੀ ਗਸ਼ਤ ਵਧਾ ਸਕਣ, ਹਵਾਈ ਨਿਗਰਾਨੀ ਰੱਖ ਸਕਣ ਅਤੇ ਬੰਦਰਗਾਹਾਂ 'ਤੇ ਸੁਰੱਖਿਆ ਸੰਬੰਧੀ ਨਿਰਮਾਣ ਕਰ ਸਕਣ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '221441c4-b4cf-4a05-86d2-4ec9df46d89a','assetType': 'STY','pageCounter': 'punjabi.international.story.59412248.page','title': 'ਗੈਰ ਕਾਨੂੰਨੀ ਪਰਵਾਸ: ਯੂਕੇ ਜਾਣ ਦਾ ਉਹ ਰਾਹ ਜੋ ਸੈਂਕੜੇ ਲੋਕਾਂ ਲਈ ਬਣ ਰਿਹਾ ਹੈ ਕਬਰਗਾਹ','published': '2021-11-25T07:22:08Z','updated': '2021-11-25T07:22:08Z'});s_bbcws('track','pageView');

ਪੰਜਾਬ ਤੇ ਅਸਾਮ ਵਿੱਚ ਘੜੀ ਦਾ ਵਕਤ ਵੱਖਰਾ-ਵੱਖਰਾ ਕਿਉਂ ਹੋਣਾ ਚਾਹੀਦਾ
NEXT STORY