ਅਰਵਿੰਦ ਕੇਜਰੀਵਾਲ ਦਾ ਆਟੋ ਵਾਲੇ ਦੇ ਘਰ ਰੋਟੀ ਖਾਣਾ, ਚਰਨਜੀਤ ਚੰਨੀ ਦਾ ਕਿਸੇ ਵਿਆਹ 'ਤੇ ਪਹੁੰਚ ਕੇ ਸ਼ਗਨ ਦੇਣਾ, ਤੇ ਸੁਖਬੀਰ ਸਿੰਘ ਬਾਦਲ ਦਾ ਹਲਵਾਈ ਦੀ ਦੁਕਾਨ 'ਤੇ ਜਲੇਬੀ ਤਲਣਾ।
ਸਿਆਸੀ ਆਗੂਆਂ ਦੇ ਅਜਿਹੇ ਨਜ਼ਾਰੇ ਤੁਹਾਨੂੰ ਜੇ ਨਜ਼ਰ ਆ ਜਾਣ ਤਾਂ ਇਹ ਇਸ਼ਾਰਾ ਹੁੰਦਾ ਹੈ ਕਿ ਚੋਣਾਂ ਨੇੜੇ ਹਨ।
ਹਾਲ ਹੀ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਕਿਸਾਨਾਂ ਨਾਲ ਖੇਤਾਂ ਗੱਲਬਾਤ ਕਰਨ ਲਈ ਪਹੁੰਚ ਗਏ।
ਪੰਜਾਬ ਵਿੱਚ ਚੋਣਾਂ ਦੀ ਤਰੀਖ 14 ਫਰਵਰੀ ਤੈਅ ਕਰ ਦਿੱਤੀ ਗਈ ਹੈ। ਤਰੀਖ ਦੇ ਐਲਾਨ ਤੋਂ ਪਹਿਲਾਂ ਹੀ ਬੀਤੇ ਕੁਝ ਮਹੀਨਿਆਂ ਤੋਂ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ।
ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਚੋਣ ਕਮਿਸ਼ਨ ਨੇ ਇਸ ਦੇ ਮੱਦੇਨਜ਼ਰ ਚੋਣ ਪ੍ਰਚਾਰ ਲਈ ਕਈ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਇਨ੍ਹਾਂ ਪਾਬੰਦੀਆਂ ਤਹਿਤ ਰੈਲੀਆਂ, ਇਕੱਠ, ਨੁੱਕੜ ਸਭਾਵਾਂ ਕਰਨ ਤੋਂ ਵਰਜਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਵਰਚੂਅਲ, ਡਿਜੀਟਲ ਅਤੇ ਆਨਲਾਈਨ ਪ੍ਰਚਾਰ ਦੇ ਹੋਰ ਸਾਧਨਾਂ ਦੀ ਵਰਤੋਂ ਕਰਨ ਲਈ ਸੁਝਾਅ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਡੋਰ-ਟੂ-ਡੋਰ ਕੰਪੈਨ ਕਰਨ ਲਈ ਵੀ 5 ਤੋਂ ਵੱਧ ਬੰਦਿਆਂ 'ਤੇ ਪਾਬੰਦੀ ਲਗਾਈ ਗਈ ਹੈ।
ਚੋਣ ਮੁਹਿੰਮ ਦੇ ਪ੍ਰਚਾਰ ਅਤੇ ਚੋਣ ਕਮਿਸ਼ਨ ਦੀਆਂ ਪਾਬੰਦੀਆਂ ਵਿਚਾਲੇ ਸਿਆਸੀ ਦਲਾਂ ਨੇ ਆਪੋ-ਆਪਣੇ ਢੰਗ ਨਾਲ ਕੁਝ ਰਾਹ ਅਖ਼ਤਿਆਰ ਕੀਤੇ ਹਨ।
ਵੱਖ-ਵੱਖ ਪਾਰਟੀਆਂ ਦੇ ਕਈ ਸਿਆਸਤਦਾਨ ਆਮ ਲੋਕਾਂ ਨਾਲ ਮਿਲ ਰਹੇ ਹਨ।
ਇਸ ਰਾਹੀਂ ਮੀਡੀਆ ਦਾ ਧਿਆਨ ਵੀ ਇਨ੍ਹਾਂ ਆਗੂਆਂ ਵੱਲ ਚਲਾ ਜਾਂਦਾ ਹੈ ਤੇ ਉਹ ਸੁਰਖ਼ੀਆਂ ਵਿੱਚ ਆ ਜਾਂਦੇ ਹਨ।
ਲੀਡਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹ ਦਿਖਾਇਆ ਜਾਵੇ ਕਿ ਉਹ ਆਮ ਲੋਕਾਂ ਵਾਂਗ ਹੀ ਹਨ, ਉਨ੍ਹਾਂ ਵਿੱਚੋਂ ਹੀ ਨਿਕਲੇ ਹਨ ਤੇ ਉਨ੍ਹਾਂ ਦੇ ਦੁਖ-ਦਰਦ ਸਮਝਦੇ ਹਨ।
ਕਈ ਵਾਰ ਇਨ੍ਹਾਂ ਆਗੂਆਂ ਦੀ ਕੋਸ਼ਿਸ਼ ਅਜਿਹਾ ਕਰ ਕੇ ਸਮਾਜ ਦੇ ਕਿਸੇ ਖਾਸ ਵਰਗ ਨੂੰ ਲੁਭਾਉਣ ਦੀ ਵੀ ਹੁੰਦੀ ਹੈ। ਪੰਜਾਬ ਵਿੱਚ ਚੋਣਾਂ ਦੀ ਰੁੱਤ ਵਿੱਚ ਰੋਜ਼ਾਨਾ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ।
ਸਿਆਸਤਦਾਨਾਂ ਵੱਲੋਂ ਖੁਦ ਦਾ ਅਜਿਹਾ ਅਕਸ ਪੇਸ਼ ਕਰਨ ਦਾ ਲੋਕਾਂ 'ਤੇ ਕੀ ਅਸਰ ਪੈਂਦਾ ਹੈ ਤੇ ਵੋਟਾਂ ਦੇ ਨਤੀਜੇ ਇਸ ਨਾਲ ਕਿੰਨੇ ਪ੍ਰਭਾਵਿਤ ਹੁੰਦੇ ਹਨ, ਇਸ ਬਾਰੇ ਅਸੀਂ ਸਿਆਸੀ ਮਾਹਿਰਾਂ ਤੋਂ ਜਾਣਾਂਗੇ।
ਪਹਿਲਾਂ ਤੁਹਾਨੂੰ ਬੀਤੇ ਵਕਤ ਵਿੱਚ ਲੀਡਰਾਂ ਦੀਆਂ ਅਜਿਹੀਆਂ ਚਾਰਾਜੋਈਆਂ ਬਾਰੇ ਚੇਤੇ ਕਰਾਵਾਉਂਦੇ ਹਾਂ।
ਆਟੋ ਵਾਲਿਆਂ ਨਾਲ ਮੁਲਾਕਾਤ
ਪਿਛਲੇ ਸਾਲ ਨਵੰਬਰ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਰਿਕਸ਼ਾ ਚਾਲਕਾਂ ਨਾਲ ਇੱਕ ਸਭਾ ਰੱਖੀ। ਇਸ ਸਭਾ ਵਿੱਚ ਉਨ੍ਹਾਂ ਨੇ ਆਟੋ ਚਾਲਕਾਂ ਲਈ ਕਈ ਐਲਾਨ ਕੀਤੇ।
ਗੱਲ ਸਭਾ ਉੱਤੇ ਹੀ ਨਹੀਂ ਮੁੱਕੀ ਅਰਵਿੰਦ ਕੇਜਰੀਵਾਲ ਇੱਕ ਆਟੋਵਾਲੇ ਦੇ ਘਰ ਉਸ ਸਭਾ ਤੋਂ ਬਾਅਦ ਭਗਵੰਤ ਮਾਨ ਨਾਲ ਪਹੁੰਚੇ। ਉੱਥੇ ਆਟੋ ਵਾਲੇ ਦੇ ਘਰ ਬੈਠ ਕੇ ਉਨ੍ਹਾਂ ਨੇ ਖਾਣਾ ਖਾਧਾ।
ਖਾਣਾ ਰਾਤ ਦਾ ਸੀ ਪਰ ਚਰਨਜੀਤ ਸਿੰਘ ਚੰਨੀ ਨੇ ਉਸੇ ਸ਼ਾਮ ਨੂੰ ਹੀ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਰਿਕਸ਼ੇ ਵਾਲਿਆਂ ਨਾਲ ਬੈਠ ਕੇ ਚਾਹ ਪੀਤੀ ਅਤੇ ਉਨ੍ਹਾਂ ਦੇ ਚਲਾਨ ਮੁਆਫ਼ ਕਰਨ ਦਾ ਵਾਅਦਾ ਕੀਤਾ।
ਚਰਨਜੀਤ ਚੰਨੀ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਮੌਜੂਦ ਸਨ।
ਉਨ੍ਹਾਂ ਨੇ ਰਿਕਸ਼ਾ ਅਤੇ ਆਟੋ ਰਿਕਸ਼ਾ ਵਾਲਿਆਂ ਨੂੰ ਸੰਬੋਧਨ ਕਰਦਿਆਂ, "ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਮੇਰੇ ਪਿਤਾ ਜੀ ਦਾ ਟੈਂਟ ਦਾ ਕੰਮ ਸੀ ਤੇ ਮੈਂ ਵੀ ਬੜਾ ਰਿਕਸ਼ਾ ਚਲਾਇਆ।"
ਇਸ ਤੋਂ ਇਲਾਵਾ ਚੰਨੀ ਆਪਣੇ ਆਪ ਨੂੰ ਲਗਭਗ ਹਰੇਕ ਕੰਮ ਕਰਨ ਦੇ ਸਮਰੱਥ ਦੱਸਦੇ ਰਹੇ ਹਨ, ਜਿਵੇਂ ਸਟੇਜ ਤੋਂ ਉਨ੍ਹਾਂ ਨੂੰ ਇਹ ਕਹੇ ਜਾਂਦਿਆਂ ਸੁਣਿਆ ਗਿਆ, "ਕਿ ਮੈਂ ਧਾਰਾਂ ਵੀ ਕੱਢ ਲੈਂਦਾ ਹਾਂ, ਮੰਜਾਂ ਵੀ ਉਣ ਲੈਂਦਾ ਹਾਂ।"
ਅਜਿਹੀਆਂ ਕਈ ਗੱਲਾਂ ਬੋਲੀਆਂ ਤੇ ਉਸ ਤੋਂ ਬਾਅਦ ਉਹ ਕਾਫੀ ਟਰੋਲ ਵੀ ਹੋਏ।
ਹਾਲਾਂਕਿ, ਟਰੋਲ ਹੋਣ ਬਾਅਦ ਮੁੱਖ ਮੰਤਰੀ ਚੰਨੀ ਨੇ ਆਪਣੇ ਟਰੋਲ ਦਾ ਜਵਾਬ ਦਿੰਦਿਆਂ ਵੀ ਕਿਹਾ ਕਿ ਫਿਰ ਵਿਰੋਧੀ ਆਖਦੇ ਹਨ ਕਿ ਚੰਨੀ ਸਭ ਕੁਝ ਕਰ ਲੈਂਦਾ ਹਾਂ ਤਾਂ "ਮੈਂ ਦੱਸਦਿਆਂ ਕਿ ਮੈਂ ਬੱਸ ਵੀ ਚਲਾ ਲੈਂਦਾ ਹਾਂ" ਅਤੇ ਉਨ੍ਹਾਂ ਬੱਸ ਚਲਾ ਕੇ ਵੀ ਦਿਖਾਈ।
ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੂੰ ਭੰਗੜੇ ਪਾਉਂਦਿਆਂ ਅਤੇ ਖੇਡਦਿਆਂ ਵੀ ਦੇਖਿਆ ਗਿਆ।
ਅਰਵਿੰਦ ਕੇਜਰੀਵਾਲ ਵੀ ਆਪਣੀਆਂ ਮੰਗਾਂ ਲਈ ਧਰਨੇ 'ਤੇ ਟੰਕੀ 'ਤੇ ਚੜ੍ਹੇ ਟੀਚਰਾਂ ਨੂੰ ਵੀ ਮਿਲਣ ਪਹੁੰਚੇ ਸੀ।
ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਤਾਂ ਚਰਨਜੀਤ ਚੰਨੀ ਦੇ ਹਲਕੇ ਵਿੱਚ ਸਕੂਲਾਂ ਦੀ ਨਿਰੀਖਣ ਕਰਨ ਵੀ ਪਹੁੰਚ ਗਏ ਸੀ ਤੇ ਕਿਹਾ ਸੀ। ਉਨ੍ਹਾਂ ਲੋਕਾਂ ਨਾਲ ਗੱਲ ਵੀ ਕੀਤੀ ਸੀ ਤੇ ਸਟਾਫ ਨੂੰ ਵੀ ਮਿਲੇ ਸੀ।
ਉਨ੍ਹਾਂ ਉਸ ਵੇਲੇ ਕਿਹਾ ਸੀ ਕਿ ਦਿੱਲੀ ਦੇ ਸਕੂਲ ਤਾਂ ਪੰਜਾਬ ਦੇ ਸਕੂਲਾਂ ਤੋਂ ਕਾਫੀ ਬਿਹਤਰ ਹਨ।
ਉਨ੍ਹਾਂ ਨੇ ਦਿੱਲੀ ਤੇ ਪੰਜਾਬ ਦੇ ਸਕੂਲਾਂ ਦਾ ਮੁਕਾਬਲਾ ਕਰਵਾਉਣ ਦਾ ਕਰਵਾਉਣ ਦਾ ਸੱਦਾ ਦਿੱਤਾ ਸੀ।
ਇਸ ਦਾ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਸਖ਼ਤ ਨੋਟਿਸ ਲਿਆ ਸੀ ਤੇ ਕਿਹਾ ਸੀ ਕਿ ਉਨ੍ਹਾਂ ਕੋਈ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਸਕੂਲਾਂ ਦਾ ਨਿਰੀਖਣ ਕਰਨ।
ਕੁਝ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਗੈਸਟ ਟੀਚਰਾਂ ਵਿਚਾਲੇ ਪਹੁੰਚੇ ਸਨ ਤੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆ ਕੇ ਤਾਂ ਵੱਡੇ ਦਾਅਵੇ ਕਰਦੇ ਹਨ ਪਰ ਦਿੱਲੀ ਦੇ ਟੀਚਰ ਉਨ੍ਹਾਂ ਤੋਂ ਪ੍ਰੇਸ਼ਾਨ ਹਨ।
ਯਾਨਿ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਆਮ ਲੋਕਾਂ ਨਾਲ ਮਿਲਣ ਦੀ ਹੋੜ ਵਿੱਚ ਇੱਕ ਦੂਜੇ ਦੇ ਇਲਾਕੇ ਵਿੱਚ ਵੀ ਪਹੁੰਚਿਆ ਜਾ ਰਿਹਾ ਹੈ।
ਆਮ ਲੋਕਾਂ ਨਾਲ ਖਾਣਾ
ਇਸ ਤੋਂ ਇਲਾਵਾ ਚੰਨੀ ਨੂੰ ਕਈ ਵਾਰ ਕਿਸਾਨਾਂ ਅਤੇ ਹੋਰ ਆਮ ਲੋਕਾਂ ਨੇ ਘਰ ਜਾ ਕੇ ਖਾਣਾ ਖਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ।
ਕੇਜਰੀਵਾਲ ਵੀ ਇੱਕ ਆਟੋ ਵਾਲੇ ਦੇ ਸੱਦੇ 'ਤੇ ਉਸ ਨਾਲ ਉਸ ਦੇ ਹੀ ਆਟੋ ਵਿੱਚ ਖਾਣਾ ਲਈ ਉਸ ਦੇ ਘਰ ਪਹੁੰਚੇ ਸਨ।
ਸੁਖਬੀਰ ਨੇ ਤਲੀਆਂ ਸਨ ਜਲੇਬੀਆਂ
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਨਵਾਂਸ਼ਹਿਰ ਦੀ ਮਾਰਕਿਟ ਵਿੱਚ ਰੁਕ ਕੇ ਆਮ ਲੋਕਾਂ ਨਾਲ ਮਿਲੇ ਅਤੇ ਜਲੇਬੀਆਂ ਕੱਢੀਆਂ।
ਇਸ ਦੇ ਨਾਲ ਉਨ੍ਹਾਂ ਨੇ ਇਸ ਮੌਕੇ ਸਟ੍ਰੀਟ ਫੂਡ ਗੋਲਗੱਪੇ ਵੀ ਖਾਧੇ ਸੀ। ਇਸ ਤੋਂ ਇਲਾਵਾ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਜੁੱਤੀਆਂ ਖਰੀਦਣ ਵੀ ਪਹੁੰਚੇ ਸਨ।
ਉਂਝ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਪੂਰੇ ਸਿਆਸੀ ਸਫ਼ਰ ਵਿੱਚ ਸੰਗਤ ਦਰਸ਼ਨ ਵਰਗੀਆਂ ਅਜਿਹੀਆਂ ਕੋਸ਼ਿਸ਼ਾਂ ਕਰਦੇ ਵੇਖੇ ਗਏ ਹਨ।
ਲੀਡਰ ਅਜਿਹਾ ਕਿਉਂ ਕਰਦੇ ਹਨ ਅਤੇ ਇਸ ਪਿੱਛੇ ਕੀ ਕਾਰਨ ਹੁੰਦੇ ਹਨ ਇਸ ਦਾ ਜਵਾਬ ਜਾਣਨ ਲਈ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲ ਕੀਤੀ।
ਉਨ੍ਹਾਂ ਨੇ ਕਿਹਾ,"ਚੋਣ ਪ੍ਰਚਾਰ ਦੌਰਾਨ ਇਹ ਲੋਕਾਂ ਵਿੱਚ ਧਾਰਨਾ ਬਣਾਉਣ ਦਾ ਇੱਕ ਹਿੱਸਾ ਹੈ। ਇਹ ਮਹਿਜ਼ ਇਕ ਡਰਾਮਾ ਹੁੰਦਾ ਹੈ ਜਿਸ ਦਾ ਕਈ ਵਾਰ ਅਸਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।"
ਉਹ ਅੱਗੇ ਆਖਦੇ ਹਨ, "ਚੋਣਾਂ ਜਿੱਤਣ ਤੋਂ ਬਾਅਦ ਇਹ ਨੇਤਾ ਕਦੇ ਉਸ ਦਲਿਤ ਵਿਅਕਤੀ,ਉਸ ਦੁਕਾਨਦਾਰ ਦੀ ਦੁਕਾਨ 'ਤੇ ਨਜ਼ਰ ਨਹੀਂ ਆਉਂਦੇ। ਚੋਣਾਂ ਜਿੱਤਣ ਤੋਂ ਬਾਅਦ ਇਹ ਸਭ ਭੁੱਲ ਜਾਂਦੇ ਹਨ।"
ਚੋਣਾਂ ਤੋਂ ਪਹਿਲਾਂ ਨੇਤਾ ਅਕਸਰ ਢਾਬਿਆਂ, ਦੁਕਾਨਾਂ ਅਤੇ ਹੋਰ ਜਗ੍ਹਾ 'ਤੇ ਜਾਂਦੇ ਹਨ। ਸੋਸ਼ਲ ਮੀਡੀਆ ਤੇ ਲੋਕਾਂ ਨਾਲ ਉਨ੍ਹਾਂ ਦੀਆਂ ਸੈਲਫੀਆਂ ਅਤੇ ਖਾਣਾ ਖਾਣ ਦੀਆਂ ਤਸਵੀਰਾਂ ਵੀ ਅਕਸਰ ਵਾਇਰਲ ਹੁੰਦੀਆਂ ਹਨ।
ਇਸ ਬਾਰੇ ਜਗਤਾਰ ਸਿੰਘ ਆਖਦੇ ਹਨ ਕਿ ਇਹ ਵੀ ਲੋਕਾਂ ਵਿੱਚ ਆਪਣੀ ਇੱਕ ਆਮ ਇਨਸਾਨ ਹੋਣ ਦੀ ਧਾਰਨਾ ਬਣਾਉਣ ਦਾ ਹਿੱਸਾ ਹੈ।
"ਇਸ ਸਾਰੇ ਡਰਾਮੇ ਵਿੱਚ ਲੋਕਾਂ ਪ੍ਰਤੀ ਨੇਤਾਵਾਂ ਦੀ ਵਚਨਬੱਧਤਾ ਕਿਤੇ ਗੁੰਮ ਨਜ਼ਰ ਆਉਂਦੀ ਹੈ। ਇਹ ਲੋਕ ਜੇ ਚੋਣਾਂ ਜਿੱਤਣ ਤੋਂ ਬਾਅਦ ਕਿਸੇ ਨੇਤਾ ਕੋਲ ਚਲੇ ਜਾਣ ਤਾਂ ਉਨ੍ਹਾਂ ਦੇ ਸੁਰੱਖਿਆ ਕਰਮੀ ਸ਼ਾਇਦ ਇਨ੍ਹਾਂ ਨੂੰ ਮਿਲਣ ਵੀ ਨਾ ਦੇਣ।"
ਪੰਜਾਬ ਵਿੱਚ ਆਗੂਆਂ ਅਤੇ ਆਮ ਜਨਤਾ ਵਿਚਕਾਰ ਵਧੀਆਂ ਦੂਰੀਆਂ ਬਾਰੇ ਜਗਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰ ਤੋਂ ਬਾਅਦ ਅਜਿਹੇ ਹਾਲਾਤ ਬਣੇ ਹਨ।
ਉਸ ਤੋਂ ਪਹਿਲਾਂ ਨੇਤਾ ਆਮ ਲੋਕਾਂ ਵਿੱਚ ਵਿਚਰਦੇ ਸਨ। ਮੁੱਖ ਮੰਤਰੀ ਲੋਕਾਂ ਅਤੇ ਪੱਤਰਕਾਰਾਂ ਨਾਲ ਅਕਸਰ ਹੀ ਮਿਲਦੇ ਅਤੇ ਗੱਲਬਾਤ ਕਰਦੇ ਰਹਿੰਦੇ ਸਨ।
ਉਹ ਆਖਦੇ ਹਨ ਕਿ ਸਮੇਂ ਦੇ ਨਾਲ ਸੋਸ਼ਲ ਮੀਡੀਆ ਅਤੇ ਜ਼ਿਆਦਾ ਚੈਨਲ ਆਉਣ ਕਾਰਨ ਇਹ 'ਡਰਾਮੇ' ਦਾ ਰੁਝਾਨ ਵਧਿਆ ਹੈ। ਪਿਛਲੇ ਸਮਿਆਂ ਵਿੱਚ ਅਜਿਹੇ ਮਾਧਿਅਮ ਨਾ ਹੋਣ ਕਰਕੇ ਅਜਿਹਾ ਨਹੀਂ ਸੀ।
ਪੰਜਾਬ ਦੇ ਪੁਰਾਣੇ ਨੇਤਾਵਾਂ ਬਾਰੇ ਗੱਲ ਕਰਦਿਆਂ ਨੂੰ ਨੇ ਦੱਸਿਆ ਕਿ ਪੁਰਾਣੇ ਨੇਤਾਵਾਂ ਵਿੱਚ ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਰਾਜਿੰਦਰ ਕੌਰ ਭੱਠਲ ਤੱਕ ਲੋਕਾਂ ਦੀ ਪਹੁੰਚ ਸੀ।
ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਆਮ ਲੋਕਾਂ ਵਿੱਚ ਵਿਚਰਦੇ ਹਨ ਉਸ ਬਾਰੇ ਪੁੱਛਣ ਤੇ ਜਗਤਾਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਅੱਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਨਾ ਮਿਲਣ ਵਾਲਾ ਅਕਸ ਤੋੜਨ ਦੀ ਚੁਣੌਤੀ ਹੈ।
ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਆਪਣੇ ਆਪ ਨੂੰ ਆਮ ਲੋਕਾਂ ਦਾ ਨੇਤਾ ਆਖਦੇ ਹਨ, ਵਿਰੁੱਧ ਵੀ ਆਪਣੇ ਆਪ ਨੂੰ ਪੰਜਾਬ ਦੇ ਆਮ ਲੋਕਾਂ ਦਾ ਨੇਤਾ ਸਾਬਿਤ ਕਰਨ ਦੀ ਇੱਕ ਕੋਸ਼ਿਸ਼ ਹੈ।
ਰਾਜਨੀਤਕ ਆਗੂਆਂ ਦਾ ਆਮ ਲੋਕਾਂ ਵਾਂਗੂੰ ਵਿਚਰਨ ਦੀ ਕੋਸ਼ਿਸ਼ ਦਾ ਲੋਕਾਂ ਉਪਰ ਕੀ ਅਸਰ ਹੁੰਦਾ ਹੈ ਇਸ ਬਾਰੇ ਪ੍ਰੋਫੈਸਰ ਰੌਣਕੀ ਰਾਮ ਜੋ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਨ, ਆਖਦੇ ਹਨ ਕਿ ਇਸ ਦਾ ਕੁਝ ਹੱਦ ਤਕ ਲੋਕਾਂ ਉਪਰ ਅਸਰ ਹੋ ਸਕਦਾ ਹੈ।
ਉਨ੍ਹਾਂ ਕਿਹਾ, "ਰਾਜਨੀਤਕ ਨੇਤਾਵਾਂ ਦੀਆਂ ਅਜਿਹੀਆਂ ਤਸਵੀਰਾਂ ਦਾ ਉਨ੍ਹਾਂ ਦੇ ਹਮਾਇਤੀ ਸਮਰਥਨ ਕਰਦੇ ਹਨ ਅਤੇ ਵਿਰੋਧੀ ਇਸ ਨੂੰ ਕਈ ਵਾਰ ਮਹਿਜ਼ ਦਿਖਾਵਾ ਵੀ ਕਹਿ ਦਿੰਦੇ ਹਨ।"
ਉਹ ਇਹ ਵੀ ਆਖਦੇ ਹਨ ਕਿ ਕਿਸੇ ਪਾਰਟੀ, ਨੇਤਾ ਨੂੰ ਵੋਟ ਪਾਉਣ ਪਿੱਛੇ ਲੋਕਾਂ ਦੇ ਹੋਰ ਵੀ ਕਈ ਕਾਰਨ ਹੁੰਦੇ ਹਨ।
"ਲੋਕ ਇਹ ਸੋਚ ਕੇ ਵੀ ਵੋਟ ਪਾਉਂਦੇ ਹਨ ਕਿ ਕੀ ਇਹ ਪਾਰਟੀ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ? ਉਸ ਪਾਰਟੀ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਕੰਮ ਨੂੰ ਵੀ ਲੋਕ ਧਿਆਨ ਵਿੱਚ ਰੱਖਦੇ ਹਨ।"
ਪ੍ਰੋ. ਰੌਣਕੀ ਰਾਮ ਮੁਤਾਬਕ ਆਮ ਇਨਸਾਨ ਹੋਣ ਵਿੱਚ ਅਤੇ ਆਮ ਇਨਸਾਨ ਬਣਨ ਦੀ ਕੋਸ਼ਿਸ਼ ਕਰਨ ਵਿੱਚ ਫਰਕ ਹੁੰਦਾ ਹੈ ਅਤੇ ਲੋਕ ਵੋਟ ਪਾਉਣ ਤੋਂ ਪਹਿਲਾਂ ਇਹ ਵੀ ਸੋਚਦੇ ਹਨ ਕਿ ਇਹ ਉਮੀਦਵਾਰ ਉਨ੍ਹਾਂ ਦੇ ਕੰਮ ਕਰਵਾ ਸਕੇਗਾ ਜਾਂ ਨਹੀਂ।
ਪ੍ਰੋ. ਰੌਣਕੀ ਰਾਮ ਮੁਤਾਬਕ, "ਸੋਸ਼ਲ ਮੀਡੀਆ ਦੇ ਯੁੱਗ ਵਿਚ ਲੋਕ ਹੋਣ ਸਿਆਣੇ ਹੋ ਗਏ ਹਨ। ਜੇਕਰ ਦਿੱਲੀ ਤੋਂ ਆ ਕੇ ਕੋਈ ਨੇਤਾ ਔਰਤਾਂ ਲਈ ਐਲਾਨ ਕਰਦਾ ਹੈ ਤਾਂ ਹੁਣ ਉਹ ਜਾਣਦੇ ਹਨ ਕਿ ਦਿੱਲੀ ਵਿੱਚ ਔਰਤਾਂ ਲਈ ਅਜਿਹੀ ਸਹੂਲਤ ਹੈ ਜਾਂ ਨਹੀਂ।"
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bad1f0ac-5865-423c-adb1-02bc8a110490','assetType': 'STY','pageCounter': 'punjabi.india.story.59999335.page','title': 'ਪੰਜਾਬ ਚੋਣਾਂ:','author': 'ਸੁਮਨਦੀਪ ਕੌਰ ਅਤੇ ਅਰਸ਼ਦੀਪ ਕੌਰ ','published': '2022-01-14T14:54:22Z','updated': '2022-01-14T14:54:22Z'});s_bbcws('track','pageView');
ਮਹਾਰਾਜਾ ਦਲੀਪ ਸਿੰਘ ਦੀ ਧੀ ਬਾਰੇ ਬ੍ਰਿਟੇਨ ਵਿੱਚ ਬੱਚਿਆਂ ਨੂੰ ਇਸ ਮੰਤਵ ਨਾਲ ਦੱਸਿਆ ਜਾ ਰਿਹਾ ਹੈ
NEXT STORY