ਘਰ ਕੀ ਹੈ? 19 ਸਾਲਾ ਸੌਮਿਆ ਫਾਤਿਮਾ ਲਈ ਇਹ ਇੱਕ ਪੀਲੇ ਰੰਗ ਦਾ ਘਰ ਹੈ, ਜੋ ਉੱਤਰ ਪ੍ਰਦੇਸ਼ ਦੇ ਸ਼ਹਿਰ ਪ੍ਰਯਾਗਰਾਜ (ਪਹਿਲਾਂ ਇਲਾਹਾਬਾਦ) ਦੀਆਂ ਘੁੰਮਾਓਦਾਰ ਗਲੀਆਂ ਵਿੱਚ ਘਿਰਿਆ ਹੋਇਆ ਹੈ, ਜਿੱਥੇ ਉਹ ਆਪਣੇ ਚਾਰ ਭੈਣਾਂ-ਭਰਾਵਾਂ ਅਤੇ ਮਾਪਿਆਂ ਨਾਲ ਰਹਿੰਦੀ ਸੀ।
ਇਸ ਦੋ ਮੰਜ਼ਿਲਾ ਇਮਾਰਤ ਵਿੱਚ ਹਰ ਪਾਸੇ ਯਾਦਾਂ ਸਨ, ਸੌਮਿਆ ਕਹਿੰਦੇ ਹਨ: ਧੁੱਪ ਵਾਲੀ ਬਾਲਕੋਨੀ ਵਿੱਚ ਆਪਣੀਆਂ ਭੈਣਾਂ ਨਾਲ ਪੌਟਰੀ ਕਰਨੀ ਅਤੇ ਲੀਚੀਆਂ ਖਾਣੀਆਂ ਅਤੇ; ਆਪਣੇ ਪਿਤਾ ਦੀ ਲਾਇਬ੍ਰੇਰੀ ਤੋਂ ਕਿਤਾਬਾਂ ਚੋਰੀ ਕਰਨਾ; ਫਿਰ ਜਦੋਂ ਉਸ ਨੂੰ ਇਸ ਲਈ ਝਿੜਕਿਆ ਜਾਂਦਾ ਤਾਂ ਰੋਣ ਲਈ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲੈਣਾ।
ਫਾਤਿਮਾ ਕਹਿੰਦੇ ਹਨ ਕਿ ਘਰ ਇੱਕ ਅਜਿਹੀ ਜਗ੍ਹਾ ਸੀ, ਜਿੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਆਜ਼ਾਦ ਅਤੇ ਸੁਰੱਖਿਅਤ ਮਹਿਸੂਸ ਕੀਤਾ, ਇਸ ਦੀ ਲੱਕੜ, ਇੱਟਾਂ ਅਤੇ ਪੱਥਰ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਪਿਆਰਾ ਬਸੇਰਾ ਬਣਾਉਂਦੇ ਸਨ।
ਪਰ ਐਤਵਾਰ ਨੂੰ ਉਨ੍ਹਾਂ ਦੀ ਇਹ ਘਰ ਵਾਲੀ ਭਾਵਨਾ ਚਕਨਾਚੂਰ ਹੋ ਗਈ ਕਿਉਂਕਿ ਸਥਾਨਕ ਅਧਿਕਾਰੀਆਂ ਨੇ "ਬਿਨਾਂ ਕਿਸੇ ਚਿਤਾਵਨੀ ਦੇ" ਘਰ ਨੂੰ ਧੂੜ ਅਤੇ ਮਲਬੇ ਵਿੱਚ ਤਬਦੀਲ ਕਰ ਦਿੱਤਾ।
ਘਰ ਗੈਰ-ਕਾਨੂੰਨੀ ਤੌਰ ''ਤੇ ਬਣਾਇਆ ਗਿਆ ਸੀ - ਅਧਿਕਾਰੀ
ਅਧਿਕਾਰੀਆਂ ਦਾ ਇਲਜਾਮ ਸੀ ਕਿ ਇਹ ਘਰ ਗੈਰ-ਕਾਨੂੰਨੀ ਤੌਰ ''ਤੇ ਬਣਾਇਆ ਗਿਆ ਸੀ, ਪਰ ਫਾਤਿਮਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।
ਘਰ ਢਾਹੇ ਜਾਣ ਨੇ ਸੱਤਾਧਾਰੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਲੋਚਕਾਂ ਵਿੱਚ ਗੁੱਸਾ ਭੜਕਾ ਦਿੱਤਾ ਹੈ, ਜੋ ਕਹਿੰਦੇ ਹਨ ਕਿ ਇਹ ਭਾਰਤ ਵਿੱਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਨੂੰ ਨਿਸ਼ਾਨ ਕਰਨ ਵਾਲੀਆਂ ਕਾਰਵਾਈਆਂ ਦੀ ਇੱਕ ਲੜੀ ਵਿੱਚ ਨਵਾਂ ਅਧਿਆਏ ਹੈ।
2014 ਵਿੱਚ ਭਾਰਤ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਇਹ ਪਾਰਟੀ 2017 ਤੋਂ ਉੱਤਰ ਪ੍ਰਦੇਸ਼ ਵਿੱਚ ਵੀ ਸ਼ਾਸਨ ਕਰ ਰਹੀ ਹੈ, ਉਦੋਂ ਤੋਂ ਮੁਸਲਮਾਨਾਂ ਵਿਰੁੱਧ ਹਮਲੇ ਅਤੇ ਨਫ਼ਰਤ ਵਾਲੇ ਭਾਸ਼ਣਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
''ਘਰ ਹੁਣ ਇੱਕ ਯਾਦ ਬਣ ਗਿਆ ਹੈ''
ਫਾਤਿਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਸਾਮਾਨ ਬਚਾਉਣ ਦਾ ਵੀ ਮੌਕਾ ਨਹੀਂ ਮਿਲਿਆ।
ਉਹ ਦੱਸਦੇ ਹਨ ਕਿ ਆਪਣੇ ਘਰ ਦੇ ਮਲਬੇ ਦੇ ਢੇਰ ''ਤੇ ਉਨ੍ਹਾਂ ਨੇ ਇੱਕ ਕਾਰਡ ਵੇਖਿਆ, ਜੋ ਉਨ੍ਹਾਂ ਨੇ ਆਪ ਡਰਾਇੰਗ ਕਰਕੇ ਆਪਣੇ ਭਰਾ ਲਈ ਬਣਾਇਆ ਸੀ।
ਹੁਣ ਉਹ ਕਾਰਡ ਢਾਹੀਆਂ ਸਲੈਬਾਂ ਅਤੇ ਕੰਕਰੀਟ ਦੇ ਟੁਕੜਿਆਂ ''ਤੇ ਪਿਆ ਸੀ ਤੇ ਅਜੇ ਵੀ ਉੱਥੇ ਹੀ ਪਿਆ ਹੈ, ਜਿੱਥੇ ਉਨ੍ਹਾਂ ਦਾ ਘਰ ਖੜ੍ਹਾ ਸੀ।
ਉਹ ਪਹਿਲੀ ਵਾਰ ਇੰਨਾਂ ਕਮਜ਼ੋਰ ਮਹਿਸੂਸ ਕਰ ਰਹੇ ਹਨ।
ਉਹ ਉਦਾਸ ਹੋ ਕੇ ਕਹਿੰਦੇ ਹਨ, "ਘਰ ਹੁਣ ਇੱਕ ਯਾਦ ਬਣ ਗਿਆ ਹੈ। ਉੱਥੇ ਕੁਝ ਨਹੀਂ ਬਚਿਆ।"
ਫਾਤਿਮਾ ਦੇ ਪਿਤਾ, ਜਾਵੇਦ ਮੁਹੰਮਦ ਇੱਕ ਸਥਾਨਕ ਸਿਆਸਤਦਾਨ ਹਨ, ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਰ ਨੂੰ ਢਾਹ ਦਿੱਤਾ ਗਿਆ ਸੀ।
ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀ ਅਤੇ ਪ੍ਰਦਰਸ਼ਨ
ਉੱਤਰ ਪ੍ਰਦੇਸ਼ ਪੁਲਿਸ ਨੇ ਉਨ੍ਹਾਂ ''ਤੇ ਮੁਸਲਮਾਨਾਂ ਦੁਆਰਾ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਉਣ ਦਾ ਇਲਜਾਮ ਲਗਾਇਆ ਹੈ, ਇਹ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ।
ਪ੍ਰਦਰਸ਼ਨਕਾਰੀ ਪਿਛਲੇ ਮਹੀਨੇ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀ ਕਰਨ ਵਾਲੀ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ।
ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਜਾਵੇਦ ਮੁਹੰਮਦ ਉੱਤਰ ਪ੍ਰਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ 300 ਤੋਂ ਵੱਧ ਵਿਅਕਤੀਆਂ ਵਿੱਚ ਸ਼ਾਮਲ ਸਨ।
ਇਹ ਵੀ ਪੜ੍ਹੋ:
ਉਨ੍ਹਾਂ ਦੀ ਇੱਕ ਧੀ ਆਫ਼ਰੀਨ ਫਾਤਿਮਾ ਪ੍ਰਮੁੱਖ ਮੁਸਲਿਮ ਕਾਰਕੁਨ ਹਨ, ਜਿਨ੍ਹਾਂ ਨੇ ਵਿਵਾਦਪੂਰਨ ਨਾਗਰਿਕਤਾ ਕਾਨੂੰਨ ਅਤੇ ਭਾਰਤੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਹਿਜਾਬ ਪਹਿਨਣ ''ਤੇ ਪਾਬੰਦੀ ਦੇ ਵਿਰੁੱਧ ਪਹਿਲਾਂ ਦੇ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ।
ਉਨ੍ਹਾਂ ਦੇ ਘਰ ਨੂੰ ਢਾਹੇ ਜਾਣ ਦੀ ਵਿਰੋਧੀ ਆਗੂਆਂ ਦੁਆਰਾ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਨੇ ਹਿੰਦੂ ਕੱਟੜਪੰਥੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ''ਤੇ ਉਚਿਤ ਪ੍ਰਕਿਰਿਆ ਨੂੰ ਬਾਈਪਾਸ ਕਰਨ ਦਾ ਦੋਸ਼ ਲਗਾਇਆ ਹੈ।
ਉੱਤਰ ਪ੍ਰਦੇਸ਼ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪੱਥਰਬਾਜੀ ਦੇ ਦੋਸ਼ ਵਿੱਚ ਮੁਸਲਮਾਨਾਂ ਦੇ ਦੋ ਹੋਰ ਘਰਾਂ ਨੂੰ ਇਸ ਹਫ਼ਤੇ ਦੇ ਅੰਤ ਵਿੱਚ ਢਾਹ ਕਰ ਦਿੱਤਾ ਗਿਆ ਸੀ।
ਇਹ ਮਾਮਲਾ, ਧਾਰਮਿਕ ਹਿੰਸਾ ਦੇ ਬਾਅਦ ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਭਾਜਪਾ ਸ਼ਾਸਿਤ ਸੂਬਿਆਂ ਦੁਆਰਾ ਮੁਸਲਮਾਨਾਂ ਦੀ ਮਲਕੀਅਤ ਵਾਲੇ ਘਰਾਂ ਨੂੰ ਢਾਹੇ ਜਾਣ ਦੀ ਲੜੀ ਵਿੱਚੋਂ ਇੱਕ ਸੀ।
ਅਧਿਕਾਰੀਆਂ ਨੇ ਇਸ ਦਾ ਕਾਰਨ ਨਾਜਾਇਜ਼ ਉਸਾਰੀ ਨੂੰ ਦੱਸਿਆ ਹੈ, ਪਰ ਕਾਨੂੰਨੀ ਮਾਹਿਰਾਂ ਨੇ ਇਸ ''ਤੇ ਸਵਾਲ ਚੁੱਕੇ ਹਨ।
ਰਾਜਨੀਤਿਕ ਵਿਗਿਆਨੀ ਅਸੀਮ ਅਲੀ ਨੇ ਬੀਬੀਸੀ ਨੂੰ ਦੱਸਿਆ, "ਘਰ ਨੂੰ ਢਾਹੁਣ ਦੀ ਕਾਰਵਾਈ ਖਾਸ ਤੌਰ ''ਤੇ ਬੇਰਹਿਮੀ ਭਰਿਆ ਕਾਰਜ ਹੈ ਕਿਉਂਕਿ ਘਰ ਸੁਰੱਖਿਆ ਦਾ ਪ੍ਰਤੀਕ ਹੁੰਦੇ ਹਨ - ਆਪਣਾ ਘਰ ਬਣਾਉਣ ਵਿੱਚ ਜੀਵਨ ਭਰ ਦੀ ਕਮਾਈ ਲੱਗ ਜਾਂਦੀ ਹੈ।''''
ਉਨ੍ਹਾਂ ਅੱਗੇ ਕਿਹਾ, "ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਬੁਲਡੋਜ਼ਰਾਂ ਦੀ ਵਰਤੋਂ ਕਰਕੇ, ਸੂਬਾ ਉਨ੍ਹਾਂ ਨੂੰ ਇਹ ਸੰਕੇਤ ਦੇ ਰਿਹਾ ਹੈ ਕਿ ਉਹ ਸਹੀ ਢੰਗ ਨਾਲ ਰਹਿਣ ਜਾਂ ਫਿਰ ਉਨ੍ਹਾਂ ਨੂੰ ਸਜ਼ਾ ਦੇਣ ਲਈ ਵਾਧੂ-ਸੰਵਿਧਾਨਕ ਤਰੀਕੇ ਆਸਾਨੀ ਨਾਲ ਲਾਗੂ ਕੀਤੇ ਜਾ ਸਕਦੇ ਹਨ। ਸੰਵਿਧਾਨ ਜਾਂ ਨਿਆਂਪਾਲਿਕਾ ਉਨ੍ਹਾਂ ਨੂੰ ਨਹੀਂ ਬਚਾਏਗੀ।"
ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਜਾਵੇਦ ਮੁਹੰਮਦ ਹਿੰਸਾ ਦੇ "ਮੁੱਖ ਸਾਜ਼ਿਸ਼ਕਰਤਾਵਾਂ" ਵਿੱਚੋਂ ਇੱਕ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਗ੍ਰਿਫ਼ਤਾਰੀ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਆਫ਼ਰੀਨ ਫਾਤਿਮਾ ਵੀ "ਬਦਨਾਮ ਗਤੀਵਿਧੀਆਂ ਵਿੱਚ ਸ਼ਾਮਲ" ਸਨ ਅਤੇ ਉਹ ਅਤੇ ਉਨ੍ਹਾਂ ਦੇ ਪਿਤਾ "ਮਿਲ ਕੇ ਪ੍ਰਚਾਰ" ਕਰਦੇ ਸਨ। ਆਫ਼ਰੀਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਸੌਮਿਆ ਫਾਤਿਮਾ ਅਤੇ ਉਨ੍ਹਾਂ ਦੇ ਭਰਾ ਮੁਹੰਮਦ ਉਮਾਮ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਨਾ ਤਾਂ ਉਨ੍ਹਾਂ ਦੇ ਪਿਤਾ ਅਤੇ ਨਾ ਹੀ ਭੈਣ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਸਨ।
ਪਰਿਵਾਰ ਨੇ ਮਕਾਨ ਢਾਹੁਣ ਦੇ ਪ੍ਰਸ਼ਾਸਨ ਦੇ ਤਰਕ ''ਤੇ ਚੁੱਕੇ ਸਵਾਲ
ਫਾਤਿਮਾ ਮਜ਼ਾਕ ਵਿੱਚ ਕਹਿੰਦੇ ਹਨ, ਜਾਵੇਦ ਮੁਹੰਮਦ ਵਿੱਚ ਬਹੁਤ ਸਾਰੇ ਪਰੇਸ਼ਾਨ ਕਰਨ ਵਾਲੇ ਗੁਣ ਸਨ - ਉਹ "ਜਨੂੰਨੀ ਰੂਪ'' ਨਾਲ ਫੇਸਬੁੱਕ ਦੀ ਵਰਤੋਂ ਕਰਦੇ ਸਨ", "ਘਰ ਵਿੱਚ ਅਜੀਬ ਥਾਵਾਂ" ''ਤੇ ਸਿੰਕ ਬਣਵਾਉਂਦੇ ਅਤੇ ਆਪਣੇ ਬੱਚਿਆਂ ਦੀਆਂ ਟਰਾਫੀਆਂ ਨੂੰ ਸਾਫ਼-ਸੁਥਰੇ ਢੰਗ ਨਾਲ ਵਿਵਸਥਿਤ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਸਨ।
ਫਾਤਿਮਾ ਕਹਿੰਦੇ ਹਨ, "ਅੱਬਾ []]ਪਿਤਾ] ਹਰ ਕਿਸੇ ਦੀ ਮਦਦ ਕਰਦੇ ਸਨ। ਅਧਿਕਾਰੀਆਂ ਤੋਂ ਲੈ ਕੇ ਗੁਆਂਢੀਆਂ ਤੱਕ ਅਤੇ ਇੱਥੋਂ ਤੱਕ ਕਿ ਅਜਨਬੀਆਂ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਸਨ।"
ਉਹ ਕਹਿੰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਧੀ ਹੋਣ ''ਤੇ "ਬਹੁਤ ਮਾਣ'''' ਹੈ।
ਭੈਣ-ਭਰਾ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਅਕਸਰ ਇਸ ਗੱਲ ਨੂੰ ਲੈ ਕੇ ਮਜ਼ਾਕ ਹੁੰਦਾ ਸੀ ਕਿ ਉਨ੍ਹਾਂ ਨੂੰ ਆਪਣੀ ਭੈਣ ਅਤੇ ਪਿਤਾ ਦੇ "ਬੜਬੋਲੇਪਣ" ਲਈ "ਸਜ਼ਾ" ਦਿੱਤੀ ਜਾ ਸਕਦੀ ਹੈ।
ਫਾਤਿਮਾ ਕਹਿੰਦੇ ਹਨ, "ਮੇਰੇ ਭਰਾ ਕਦੇ-ਕਦੇ ਉਸ ਨੂੰ []]ਆਫ਼ਰੀਨ] ਨੂੰ ਇੰਨਾ ਬੋਲਣ ਦੇ ਵਿਰੁੱਧ ਚਿਤਾਵਨੀ ਦਿੰਦੇ ਸਨ। ਪਰ ਸਾਡੇ ਵਿੱਚੋਂ ਕਿਸੇ ਨੇ ਇਹ ਨਹੀਂ ਸੋਚਿਆ ਕਿ ਸਾਨੂੰ ਇਸ ਤਰ੍ਹਾਂ ਦਾ ਭੁਗਤਾਨ ਕਰਨਾ ਪਏਗਾ।"
ਜਾਵੇਦ ਮੁਹੰਮਦ ਦੇ ਪਰਿਵਾਰ ਨੇ ਉਨ੍ਹਾਂ ਦਾ ਮਕਾਨ ਢਾਹੁਣ ਦੇ ਪ੍ਰਸ਼ਾਸਨ ਦੇ ਤਰਕ ''ਤੇ ਸਵਾਲ ਚੁੱਕੇ ਹਨ।
ਜਾਵੇਦ ਮੁਹੰਮਦ ਦੇ ਗੁਆਂਢੀਆਂ ''ਤੇ ਵੀ ਇਸ ਢਾਹ-ਢੁਆਈ ਦਾ ਅਸਰ ਦੇਖਣ ਨੂੰ ਮਿਲਿਆ ਹੈ।
''ਘਰ ਮਾਂ ਦੇ ਨਾਂ, ਨੋਟਿਸ ਪਿਤਾ ਦੇ ਨਾਂ''
ਪ੍ਰਯਾਗਰਾਜ ਵਿਕਾਸ ਅਥਾਰਟੀ ਨੇ ਕਿਹਾ ਹੈ ਕਿ ਉਨ੍ਹਾਂ ਨੇ 10 ਮਈ ਨੂੰ ਜਾਵੇਦ ਮੁਹੰਮਦ ਨੂੰ ਗੈਰ-ਕਾਨੂੰਨੀ ਨਿਰਮਾਣ ਲਈ ਨੋਟਿਸ ਭੇਜਿਆ ਸੀ, ਜਿਸ ਵਿੱਚ ਉਨ੍ਹਾਂ ਨੂੰ 24 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
ਪਰ ਉਨ੍ਹਾਂ ਦੇ ਪੁੱਤਰ ਉਮਾਮ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਘਰ ਨੂੰ ਢਾਹੁਣ ਤੋਂ ਪਹਿਲਾਂ, ਰਾਤ ਤੱਕ ਪਰਿਵਾਰ ਨੂੰ ਕੋਈ ਨੋਟਿਸ ਨਹੀਂ ਮਿਲਿਆ ਸੀ।
ਉਹ ਕਹਿੰਦੇ ਹਨ, "ਇਸ ਤੋਂ ਇਲਾਵਾ, ਜ਼ਮੀਨ ਮੇਰੀ ਮਾਂ ਦੇ ਨਾਂ ''ਤੇ ਹੈ - ਇਹ ਸਾਡੇ ਦਾਦਾ ਜੀ ਵੱਲੋਂ ਤੋਹਫ਼ੇ ਵਜੋਂ ਦਿੱਤੀ ਗਈ ਸੀ। ਸਾਡੇ ਸਾਰੇ ਪਾਣੀ ਦੇ ਬਿੱਲ ਅਤੇ ਟੈਕਸ ਰਿਕਾਰਡ ਮੇਰੀ ਮਾਂ ਦੇ ਨਾਂ ''ਤੇ ਆਉਂਦੇ ਹਨ, ਪਰ ਨੋਟਿਸ ਮੇਰੇ ਪਿਤਾ ਦੇ ਨਾਂ ''ਤੇ ਦਿੱਤਾ ਗਿਆ।"
ਬੀਬੀਸੀ ਨੇ ਪ੍ਰਯਾਗਰਾਜ ਵਿਕਾਸ ਅਥਾਰਟੀ ਦੇ ਦੋ ਅਧਿਕਾਰੀਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਗੋਵਿੰਦ ਮਾਥੁਰ ਨੇ ਬੀਬੀਸੀ ਨੂੰ ਦੱਸਿਆ ਕਿ ਅਧਿਕਾਰੀਆਂ ਦੀਆਂ ਕਾਰਵਾਈਆਂ "ਬੇਹੱਦ ਅਨਿਆਂਪੂਰਨ" ਸਨ।
ਉਹ ਕਹਿੰਦੇ ਹਨ, "ਜੇਕਰ ਉਸਾਰੀ ਵਿੱਚ ਕੁਝ ਗਲਤੀ ਸੀ, ਜੋ ਮਨਜ਼ੂਰ ਯੋਜਨਾ ਤੋਂ ਬਾਹਰ ਸੀ, ਤਾਂ ਅਧਿਕਾਰੀ ਸੂਬੇ ਦੇ ਮਿਊਂਸਿਪਲ ਕਾਨੂੰਨਾਂ ਤਹਿਤ ਜੁਰਮਾਨਾ ਲਾ ਸਕਦੇ ਸਨ।"
"ਘੱਟ ਤੋਂ ਘੱਟ, ਉਹ ਪਰਿਵਾਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇ ਸਕਦੇ ਸਨ।"
ਅਲੀ ਦਾ ਕਹਿਣਾ ਹੈ ਕਿ ਮਕਾਨ ਢਾਹੁਣ ਦਾ ਮਕਸਦ ਮੁਸਲਮਾਨਾਂ ਵਿੱਚ ਡਰ ਪੈਦਾ ਕਰਨਾ ਹੈ।
ਉਹ ਕਹਿੰਦੇ ਹਨ, "ਸੂਬੇ ਦੀ ਸਾਰੀ ਮੁਸਲਿਮ ਸਿਵਲ ਸੁਸਾਇਟੀ ਲਈ ਸੰਦੇਸ਼ ਹੈ ਕਿ ਉਹ ਆਪਣੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਲਈ ਦਬਾਅ ਪਾਉਣਾ ਬੰਦ ਕਰਨ।"
ਇਲਾਕੇ ''ਚ ਪਸਰਿਆ ਸੰਨਾਟਾ
ਜਾਵੇਦ ਮੁਹੰਮਦ ਦੇ ਗੁਆਂਢੀਆਂ ''ਤੇ ਇਸ ਢਾਹ-ਢੁਆਈ ਦਾ ਅਸਰ ਦੇਖਣ ਨੂੰ ਮਿਲਿਆ ਹੈ।
ਕਰੇਲੀ, ਜਿੱਥੇ ਘਰ ਸਥਿਤ ਸੀ, ਆਮ ਤੌਰ ''ਤੇ ਇੱਕ ਹਲਚਲ ਵਾਲਾ ਇਲਾਕਾ ਹੈ। ਇਹ ਜ਼ਿਆਦਾਤਰ ਮੁਸਲਮਾਨਾਂ ਦੀ ਆਬਾਦੀ ਵਾਲਾ ਹੈ, ਪਰ ਇੱਥੇ ਕੁਝ ਹਿੰਦੂ ਪਰਿਵਾਰ ਵੀ ਰਹਿੰਦੇ ਹਨ।
ਇੱਕ ਆਮ ਦਿਨ ਵਿੱਚ ਇਨ੍ਹਾਂ ਭੀੜ-ਭੜੱਕੇ ਵਾਲੀਆਂ ਸੜਕਾਂ ''ਤੇ ਰੌਲਾ-ਰੱਪਾ, ਜੀਵੰਤ ਦ੍ਰਿਸ਼ ਅਤੇ ਆਵਾਜ਼ਾਂ ਦਾ ਮਿਸ਼ਰਣ ਹੁੰਦਾ ਹੈ - ਤੰਬਾਕੂ ਵਿਕਰੇਤਾ, ਦਰਵਾਜ਼ਿਆਂ ਦੇ ਸਾਹਮਣੇ ਘੁੰਮ ਦੀਆਂ ਗਾਵਾਂ ਅਤੇ ਮੋਟਰਸਾਈਕਲਾਂ ਦੀ ਭੀੜ, ਘੁੰਮਦੇ ਲੋਕ ਅਤੇ ਵਧੀਆ ਕਾਰੋਬਾਰ ਕਰਨ ਵਾਲੀਆਂ ਦੁਕਾਨਾਂ।
ਪਰ ਮਕਾਨ ਢਾਹੇ ਜਾਣ ਤੋਂ ਇੱਕ ਦਿਨ ਬਾਅਦ ਇੱਥੇ ਸੰਨਾਟਾ ਪਸਰਿਆ ਹੋਇਆ ਸੀ ਅਤੇ ਡਰ ਦੀ ਸਪੱਸ਼ਟ ਭਾਵਨਾ ਮੌਜੂਦ ਸੀ।
ਕਈ ਵਸਨੀਕਾਂ ਨੇ ਇਹ ਕਹਿੰਦੇ ਹੋਏ ਬੋਲਣ ਤੋਂ ਇਨਕਾਰ ਕਰ ਦਿੱਤਾ ਕਿ ਜੇ ਉਹ ਆਪਣੇ ਮਨ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਬਦਲੇ ਦਾ ਡਰ ਹੈ।
ਬਹੁਤ ਸਾਰੇ ਬਾਹਰ ਨਿਕਲਣ ਤੋਂ ਡਰਦੇ ਸਨ, ਅਜਨਬੀਆਂ ਨੂੰ ਦੇਖ ਕੇ ਉਹ ਖੁਸਰ-ਫੁਸਰ ਕਰਨ ਲੱਗਦੇ ਹਨ।
ਇੱਕ ਗੁਆਂਢੀ ਜੋ ਆਪਣਾ ਨਾਮ ਨਹੀਂ ਦੱਸਣਾ ਚਾਹੁੰਦਾ ਸੀ, ਨੂੰ ਯਾਦ ਹੈ ਕਿ ਮੁਹੰਮਦ ਆਪਣੇ ਘਰ ''ਤੇ ਕਿੰਨਾ ਮਾਣ ਮਹਿਸੂਸ ਕਰਦੇ ਸਨ, ਉਹ ਲਗਾਤਾਰ ਇਸ ਨੂੰ ਸੰਵਾਰ ਰਹੇ ਸਨ।
ਇੱਕ ਹੋਰ ਵਿਅਕਤੀ, ਜਿਸ ਨੇ ਵੀ ਆਪਣੀ ਪਛਾਣ ਨਹੀਂ ਦੱਸੀ, ਨੇ ਕਿਹਾ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਕਥਿਤ ਗੈਰ-ਕਾਨੂੰਨੀ ਉਸਾਰੀ ਲਈ ਮੁਸਲਮਾਨਾਂ ਦੇ ਘਰਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ।
ਉਹ ਕਹਿੰਦਾ ਹੈ "ਜੇ ਕੋਈ ਸਰਵੇਖਣ ਕਰਦਾ ਹੈ ਤਾਂ ਸ਼ਹਿਰ ਵਿੱਚ ਸੈਂਕੜੇ ਸੰਪਤੀਆਂ ਕੋਲ ਸਹੀ ਦਸਤਾਵੇਜ਼ ਨਹੀਂ ਹੋਣਗੇ। ਤੁਸੀਂ ਉਨ੍ਹਾਂ ਸਾਰੀਆਂ ਨੂੰ ਤੋੜ ਕੇ ਇੱਧਰ-ਉੱਧਰ ਨਹੀਂ ਜਾ ਸਕਦੇ। ਫਿਰ ਇਹ ਸ਼ਹਿਰ ਇੱਕ ਭੂਤਵਾੜੇ ਵਾਂਗ ਦਿਖਾਈ ਦੇਵੇਗਾ।"
ਫਾਤਿਮਾ ਦੇ ਪਰਿਵਾਰ ਲਈ, ਅਨਿਆਂ ਦੀ ਭਾਵਨਾ ਨਾਲ ਦਰਦ ਕਈ ਗੁਣਾ ਵਧ ਗਿਆ ਹੈ। ਉਹ ਅਤੇ ਉਨ੍ਹਾਂ ਦਾ ਭਰਾ ਕਹਿੰਦੇ ਹਨ ਕਿ ਕੁਝ ਹਫ਼ਤੇ ਪਹਿਲਾਂ, ਉਨ੍ਹਾਂ ਨੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ, "ਜਦੋਂ ਘਰ ਖੁਸ਼ੀਆਂ ਨਾਲ ਭਰਿਆ ਹੋਇਆ ਸੀ"।
ਫਾਤਿਮਾ ਕਹਿੰਦੇ ਹਨ "ਤੁਸੀਂ ਸਿਰਫ਼ ਇੱਕ ਘਰ ਨਹੀਂ ਤੋੜਿਆ, ਤੁਸੀਂ ਇੱਕ ਪਰਿਵਾਰ ਨੂੰ ਤੋੜਿਆ ਹੈ ਅਤੇ ਸਾਡਾ ਇੱਕ ਹਿੱਸਾ ਮਲਬੇ ਵਿੱਚ ਦੱਬ ਗਿਆ ਹੈ।"
ਪ੍ਰਯਾਗਰਾਜ ਤੋਂ ਵਿਵੇਕ ਸਿੰਘ ਦੀ ਐਡੀਸ਼ਨਲ ਰਿਪੋਰਟਿੰਗ
ਇਹ ਵੀ ਪੜ੍ਹੋ:
https://www.youtube.com/watch?v=_F6Y0-B2wsE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਸਿੱਧੂ ਮੂਸੇਵਾਲਾ ਕਤਲ ਕਾਂਡ: ਹੁਣ ਤੱਕ ਕੀ-ਕੀ ਹੋਇਆ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ
NEXT STORY