ਸ਼ਹਿਰੀ ਵਿਕਾਸ ਮੰਤਰੀ ਅਤੇ ਸ਼ਿਵ ਸੈਨਾ ਦੇ ਵੱਡੇ ਆਗੂ ਏਕਨਾਥ ਸ਼ਿੰਦੇ ਵੱਲੋਂ ਬਾਗੀ ਸੁਰ ਅਪਣਾਏ ਜਾਣ ਤੋਂ ਬਾਅਦ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਮੁਸ਼ਕਲ ਵਿੱਚ ਹੈ।
ਮਹਾਰਾਸ਼ਟਰ ਵਿੱਚ ਸਮੇਂ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਵਾਲੀ ਸਰਕਾਰ ਹੈ।
ਏਕਨਾਥ ਸ਼ਿੰਦੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਬੇਹੱਦ ਕਰੀਬੀਆਂ ਵਿੱਚੋਂ ਇੱਕ ਹਨ। ਸ਼ਿੰਦੇ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 40 ਵਿਧਾਇਕਾਂ ਦੀ ਹਮਾਇਤ ਹੈ।
ਖ਼ਬਰ ਹੈ ਕਿ ਸ਼ਿੰਦੇ 30 ਤੋਂ ਵੱਧ ਵਿਧਾਇਕਾਂ ਨਾਲ ਅਸਾਮ ਪਹੁੰਚ ਗਏ ਹਨ।
ਮਹਾਰਾਸ਼ਟਰ ਸ਼ਿਵ ਸੇਨਾ ਦੇ ਆਗੂ ਏਕਨਾਥ ਸ਼ਿੰਦੇ ਜਿਨ੍ਹਾਂ ਨੂੰ ਮੁੱਖ ਮੰਤਰੀ ਉਧਵ ਠਾਕਰੇ ਦੇ ਲੈਫ਼ਟੀਨੈਂਟ ਕਿਹਾ ਜਾਂਦਾ ਹੈ ਨੇ ਆਪਣੀ ਪਾਰਟੀ ਖਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ ਹੈ।
ਸ਼ਿਵ ਸੇਨਾ ਦੇ ਆਗੂ ਸੰਜੇ ਰਾਊਤ ਨੇ ਵਿਧਾਨ ਸਭਾ ਭੰਗ ਕੀਤੇ ਜਾਣ ਦਾ ਵੀ ਇਸ਼ਾਰਾ ਕੀਤਾ ਹੈ।
ਰਾਊਤ ਨੇ ਆਪਣੇ ਇੱਕ ਟਵੀਟ ਵਿੱਚ ਵਿਧਾਨ ਸਭਾ ਭੰਗ ਕੀਤੇ ਜਾਣ ਦਾ ਸੰਕੇਤ ਦਿੱਤਾ ਹੈ ਅਤੇ ਲਿਖਿਆ, ''''ਘਟਨਾਕ੍ਰਮ ਸੂਬੇ ਵਿੱਚ ਵਿਧਾਨ ਸਭਾ ਭੰਗ ਕੀਤੇ ਜਾਣ ਵੱਲ ਲੈ ਕੇ ਜਾ ਰਿਹਾ ਹੈ।''''
ਸੰਜੇ ਰਾਊਤ ਦਾ ਇਹ ਟਵੀਟ ਬਾਗੀ ਆਗੂ ਏਕਨਾਥ ਸ਼ਿੰਦੇ ਦੇ ਗੁਜਰਾਤ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਕਿਆਮ ਕਰਨ ਤੋਂ ਬਾਅਦ ਅਸਾਮ ਦੀ ਰਾਜਧਾਨੀ ਗੁਹਾਟੀ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ।
- ਏਕਨਾਥ ਸ਼ਿੰਦੇ ਆਪਣੇ 30 ਸਾਥੀ ਵਿਧਾਇਕਾਂ ਨਾਲ ਗੁਹਾਟੀ ਪਹੁੰਚ ਚੁੱਕੇ ਹਨ।
- ਇਸ ਤੋਂ ਪਹਿਲਾਂ ਉਹ ਗੁਜਰਾਤ ਦੇ ਸੂਰਤ ਸ਼ਹਿਰ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਵੀ ਰੁਕੇ ਸਨ।
- ਏਕਨਾਥ ਸ਼ਿੰਦੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਬੇਹੱਦ ਕਰੀਬੀਆਂ ਵਿੱਚੋਂ ਇੱਕ ਸਨ।
- ਮਹਾਰਸ਼ਟਰ ਵਿਧਾਨ ਸਭਾ ਵਿੱਚ ਕੁੱਲ 288 ਸੀਟਾਂ ਹਨ, ਇੱਕ ਸੀਟ ਖਾਲੀ ਹੋਣ ਤੋਂ ਬਾਅਦ ਹੁਣ 187 ਵਿਧਾਇਕ ਹਨ।
- ਬਹੁਮਤ ਦਾ ਅੰਕੜਾ 144 ਹੈ, ਇਸ ਸਮੇਂ ਸ਼ਿਵ ਸੇਨਾ ਕੋਲ 55, ਐਨਸੀਪੀ 53 ਅਤੇ ਕਾਂਗਰਸ ਕੋਲ 44 ਵਿਧਾਇਕ ਹਨ।
- ਸਦਨ ਵਿੱਚ 13 ਆਜ਼ਾਦ ਵਿਧਾਇਕ ਹਨ। ਇਨ੍ਹਾਂ ਵਿੱਚੋਂ 6 ਭਾਜਪਾ, 5 ਸ਼ਿਵ ਸੈਨਾ ਅਤੇ 1-1 ਕਾਂਗਰਸ ਅਤੇ ਐੱਨਸੀਪੀ ਦੇ ਨਾਲ ਹਨ।
ਜ਼ਿਕਰਯੋਗ ਹੈ ਕਿ ਗੁਜਰਾਤ ਅਤੇ ਅਸਾਮ ਵਿੱਚ ਭਾਜਪਾ ਦੀ ਸਰਕਾਰ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਸ਼ਿਵ ਸੇਨਾ ਦੇ ਵਿਧਾਇਕਾਂ ਦਾ ਭਾਜਪਾ ਦੇ ਵਿਧਾਇਕ ਸੁਸ਼ਾਂਤਾ ਬੋਰਗੋਈਆਂ ਨੇ ਅਤੇ ਭਾਜਪਾ ਸਾਂਸਦ ਪਲਬ ਲੋਚਨ ਦਾਸ ਨੇ ਗੁਹਾਟੀ ਹਵਾਈ ਅੱਡੇ ਉੱਪਰ ਸਵਾਗਤ ਕੀਤਾ।
ਉਨ੍ਹਾਂ ਨੇ ਗੁਜਰਾਤ ਦੇ ਸੂਰਤ ਵਿੱਚ ਹੋਟਲ ਵਿੱਚ ਰਹਿੰਦਿਆ ਆਪਣੇ ਨਾਲ ਮੌਜੂਦ 30 ਵਿਧਾਇਕਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਸ਼ਿੰਦੇ ਨੇ ਬੁੱਧਵਾਰ ਸਵੇਰੇ ਟਵੀਟ ਕੀਤਾ, ''''ਅਸੀਂ ਬਾਲਾ ਸਾਹਿਬ ਠਾਕਰੇ ਵਾਲੀ ਸ਼ਿਵ ਸੇਨਾ ਨਹੀਂ ਛੱਡੀ ਹੈ ਅਤੇ ਨਾ ਹੀ ਛੱਡਾਂਗੇ। ਅਸੀਂ ਉਨ੍ਹਾਂ ਦੇ ਹਿੰਦੁਤਵਾ ਦੀ ਪਾਲਣਾ ਕਰ ਰਹੇ ਹਾਂ ਅਤੇ ਇਸ ਨੂੰ ਅੱਗੇ ਵਧਾਵਾਂਗੇ।''''
ਮੁੱਖ ਮੰਤਰੀ ਉੱਧਵ ਠਾਕਰੇ ਐਨਸੀਪੀ ਦੇ ਮੋਢੀ ਸ਼ਰਦ ਪਵਾਰ ਨਾਲ ਮੁਲਾਕਾਤ ਕਰਨਗੇ।
ਇਸ ਮਸਲੇ ਨੂੰ ਵਿਚਾਰਨ ਲਈ ਸੂਬੇ ਦੀ ਕੈਬਨਿਟ ਦੀ ਇੱਕ ਬੈਠਕ ਮੁੱਖ ਮੰਤਰੀ ਦੀ ਰਿਹਾਇਸ਼ ਉੱਪਰ ਵੀ ਸੱਦੀ ਗਈ ਹੈ।
ਮਹਾਰਾਸ਼ਟਰ ਵਿਧਾਨ ਸਭਾ ਵਿੱਚ ਕਿਸਦੇ ਕੋਲ ਕਿੰਨੀਆਂ ਸੀਟਾਂ
ਮਹਾਰਾਸ਼ਟਰ ਵਿਧਾਨ ਸਭਾ ਵਿੱਚ 288 ਸੀਟਾਂ ਹਨ। ਸ਼ਿਵ ਸੈਨਾ ਦੇ ਵਿਧਾਇਕ ਰਮੇਸ਼ ਲਟਕੇ ਦੀ ਮੌਤ ਤੋਂ ਬਾਅਦ ਇਕ ਸੀਟ ਖਾਲੀ ਹੋਈ ਹੈ, ਜਿਸ ਦਾ ਮਤਲਬ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਇਸ ਸਮੇਂ 287 ਵਿਧਾਇਕ ਹਨ।
ਕਿਸੇ ਪਾਰਟੀ ਜਾਂ ਗੱਠਜੋੜ ਦੀ ਸਰਕਾਰ ਦੇ ਸੱਤਾ ਵਿੱਚ ਬਣੇ ਰਹਿਣ ਲਈ 144 ਵਿਧਾਇਕਾਂ ਦੀ ਲੋੜ ਹੁੰਦੀ ਹੈ।
ਇਸ ਸਮੇਂ ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਘਾੜੀ ਗੱਠਜੋੜ ਦੀ ਸਰਕਾਰ ਹੈ, ਜਿਸ ਵਿੱਚ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਸ਼ਾਮਲ ਹਨ।
ਗੱਠਜੋੜ ਸਰਕਾਰ ਨੇ ਵਿਧਾਨ ਸਭਾ ਵਿੱਚ ਭਰੋਸੇ ਦੀ ਵੋਟ ਜਿੱਤ ਕੇ 30 ਨਵੰਬਰ 2019 ਨੂੰ ਸਰਕਾਰ ਬਣਾਈ ਸੀ। 169 ਵਿਧਾਇਕਾਂ ਨੇ ਗਠਜੋੜ ਦੇ ਹੱਕ ਵਿੱਚ ਵੋਟ ਪਾਈ।
ਸ਼ਿਵ ਸੈਨਾ ਕੋਲ ਇਸ ਸਮੇਂ 55, ਐਨਸੀਪੀ ਦੇ 53 ਅਤੇ ਕਾਂਗਰਸ ਦੇ 44 ਵਿਧਾਇਕ ਹਨ।
2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 105 ਸੀਟਾਂ ਜਿੱਤੀਆਂ ਸਨ ਪਰ ਪੰਢਰਪੁਰ ਵਿਧਾਨ ਸਭਾ ਉਪ ਚੋਣ ਵਿੱਚ ਭਾਜਪਾ ਨੇ ਇਹ ਸੀਟ ਜਿੱਤੀ ਸੀ, ਜਿਸ ਤੋਂ ਬਾਅਦ ਭਾਜਪਾ ਦੇ 106 ਵਿਧਾਇਕ ਹਨ।
ਸਦਨ ਵਿੱਚ 13 ਆਜ਼ਾਦ ਵਿਧਾਇਕ ਹਨ। ਇਨ੍ਹਾਂ ਵਿੱਚੋਂ ਤਿੰਨ ਵਿਧਾਇਕ ਸ਼ਿਵ ਸੈਨਾ ਕੋਟੇ ਤੋਂ ਗੱਠਜੋੜ ਸਰਕਾਰ ਵਿੱਚ ਮੰਤਰੀ ਹਨ। ਜਿਸ ਵਿੱਚ ਰਾਜੇਂਦਰ ਪਾਟਿਲ ਯੇਦਰਾਵਕਰ, ਸ਼ੰਕਰ ਰਾਓ ਗਦਾਖ ਅਤੇ ਬੱਚੂ ਕੱਦੂ ਸ਼ਾਮਲ ਹਨ।
13 ਆਜ਼ਾਦ ਵਿਧਾਇਕਾਂ ਵਿੱਚੋਂ 6 ਭਾਜਪਾ ਦੇ ਸਮਰਥਕ ਹਨ, ਜਦਕਿ 5 ਨੇ ਸ਼ਿਵ ਸੈਨਾ ਅਤੇ ਇੱਕ ਨੇ ਕਾਂਗਰਸ ਅਤੇ ਐੱਨਸੀਪੀ ਨੂੰ ਸਮਰਥਨ ਦਿੱਤਾ ਹੋਇਆ ਹੈ।
ਕੌਣ ਹਨ ਏਕਨਾਥ ਸ਼ਿੰਦੇ
ਇੱਕ ਜ਼ਮਾਨੇ ਵਿੱਚ ਮੁੰਬਈ ਦੇ ਨਾਲ ਲੱਗਦੇ ਥਾਣੇ ਵਿੱਚ ਆਟੋ ਰਿਕਸ਼ਾ ਡਰਾਈਵਰ ਰਹੇ ਏਕਨਾਥ ਸ਼ਿੰਦੇ ਇਲਾਕੇ ਵਿੱਚ ਸ਼ਿਵ ਸੈਨਾ ਦੇ ਵੱਡੇ ਆਗੂ ਵਜੋਂ ਉਭਰੇ।
ਉਹ ਮੌਜੂਦਾ ਸ਼ਿਵ ਸੈਨਾ ਐੱਨਸੀਪੀ ਅਤੇ ਕਾਂਗਰਸ ਸਰਕਾਰ ਵਿੱਚ ਉਹ ਪੀਡਬਲਿਊਡੀ ਅਤੇ ਅਰਬਨ ਡਿਵੈਲਪਮੈਂਟ ਮਹਿਕਮਾ ਦੇਖਦੇ ਹਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਚਾਰ ਵਾਰ ਵਿਧਾਇਕ ਰਹੇ ਸ਼ਿੰਦੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਸ਼ਿਵ ਸੈਨਾ ਨਾਲ ਜੁੜ ਗਏ ਸਨ।
1964 ਵਿੱਚ ਪੈਦਾ ਹੋਏ ਸ਼ਿੰਦੇ ਨੇ ਉਸ ਸਮੇਂ ਸ਼ਿਵ ਸੈਨਾ ਦਾ ਹੱਥ ਫੜਿਆ ਜਦੋਂ ਪਾਰਟੀ ਸੂਬੇ ਵਿੱਚ ਹਰਮਨ ਪਿਆਰੀ ਹੋ ਰਹੀ ਸੀ।
1966 ਵਿੱਚ ਬਾਲ ਠਾਕਰੇ ਨੇ ਪਾਰਟੀ ਦੀ ਨੀਂਹ ਰੱਖੀ ਸੀ ਅਤੇ ਬਾਅਦ ਵਿੱਚ ਇਸ ਪਾਰਟੀ ਨੇ ਜ਼ੋਰਾਂ ਸ਼ੋਰਾਂ ਨਾਲ ਹਿੰਦੂਤਵ ਦਾ ਸਮਰਥਨ ਕੀਤਾ।
ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਪੈਦਾ ਹੋਏ ਸ਼ਿੰਦੇ ਦਾ ਰਾਜਨੀਤਿਕ ਇਲਾਕਾ ਹੁਣ ਥਾਣੇ ਹੀ ਹੈ।
ਸ਼ਿੰਦੇ ਨੂੰ ਉਹ ਆਗੂ ਮੰਨਿਆ ਜਾਂਦਾ ਹੈ ਜੋ ਲੋਕਾਂ ਅਤੇ ਪਾਰਟੀ ਦੇ ਸਮਰਥਕਾਂ ਲਈ ਹਮੇਸ਼ਾਂ ਹਾਜ਼ਰ ਰਹਿੰਦੇ ਹਨ।
1997 ਵਿੱਚ ਉਹ ਥਾਂ ਨੇ ਮਿਉਂਸਿਪਲ ਕਾਰਪੋਰੇਸ਼ਨ ਦੇ ਕਾਰਪੋਰੇਟਰ ਬਣੇ। 2004 ਵਿੱਚ ਉਹ ਪਹਿਲੀ ਵਾਰੀ ਵਿਧਾਇਕ ਚੁਣੇ ਗਏ।
ਹੁਣ ਉਨ੍ਹਾਂ ਨੂੰ ਸ਼ਿਵ ਸੈਨਾ ਦੇ ਮੋਢੀ ਆਗੂਆਂ ''ਚ ਗਿਣਿਆ ਜਾਂਦਾ ਹੈ ਅਤੇ 2005 ਵਿੱਚ ਉਹ ਸ਼ਿਵ ਸੈਨਾ ਦੇ ਥਾਣੇ ਜ਼ਿਲ੍ਹੇ ਦੇ ਮੁਖੀ ਬਣੇ। ਉਨ੍ਹਾਂ ਦੇ ਬੇਟੇ ਡਾ ਸ੍ਰੀਕਾਂਤ ਸ਼ਿੰਦੇ ਕਲਿਆਣ ਤੋਂ ਲੋਕ ਸਭਾ ਦੇ ਸਾਂਸਦ ਹਨ।
2014 ਵਿੱਚ ਕੁਝ ਸਮੇਂ ਲਈ ਉਹ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ।
2014 ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਸ਼ਿਵ ਸੈਨਾ ਨੇ ਭਾਜਪਾ ਨਾਲ ਸਰਕਾਰ ਬਣਾਉਣ ਲਈ ਗਠਬੰਧਨ ਕੀਤਾ ਤਾਂ ਉਹ ਪਾਰਟੀ ਵਿੱਚ ਹੋਰ ਵੀ ਵੱਡਾ ਚਿਹਰਾ ਬਣ ਗਏ।
ਉਸ ਤੋਂ ਬਾਅਦ ਉਹ ਤਤਕਾਲੀਨ ਮੁੱਖ ਮੰਤਰੀ ਦੇਵੇਂਦਰ ਫਡਨਵੀਸ (2014-2019) ਦੇ ਵੀ ਕਾਫੀ ਨਜ਼ਦੀਕ ਰਹੇ।
ਇਹੀ ਨਜ਼ਦੀਕੀ ਉਸ ਵੇਲੇ ਚਰਚਾ ਦਾ ਵਿਸ਼ਾ ਬਣੀ ਜਦੋਂ 2016 ਵਿੱਚ ਭਾਜਪਾ ਨੇ ਸ਼ਿਵ ਸੈਨਾ ਦੇ ਖ਼ਿਲਾਫ਼ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਥਾਣੇ ਨੂੰ ਛੱਡ ਕੇ ਸਭ ਜਗ੍ਹਾ ਲੜੀਆਂ।
ਇਹ ਵੀ ਪੜ੍ਹੋ:
https://www.youtube.com/watch?v=iwhUa_AFPHg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਅਫ਼ਗਾਨਿਸਤਾਨ ਵਿੱਚ ਭੂਚਾਲ, ਘੱਟੋ-ਘੱਟ 250 ਮੌਤਾਂ ਅਤੇ ਕਈ ਜ਼ਖਮੀ
NEXT STORY