ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਸਬੰਧੀ ਮਾਮਲੇ ਵਿੱਚ ਪੀੜਿਤ ਪਰਿਵਾਰਾਂ ਅਤੇ ਮੋਰਚੇ ਵੱਲੋਂ ਅੱਜ ਜਨਤਕ ਇਕੱਠ ਕੀਤਾ ਜਾ ਰਿਹਾ ਹੈ।
ਇਸ ਦੌਰਾਨ, ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਪੀੜਿਤ ਪਰਿਵਾਰਾਂ ਵੱਲੋਂ ਅੱਗੇ ਦੀ ਕਾਰਵਾਈ ਕਿਵੇਂ ਅਤੇ ਕੀ ਕੀਤੀ ਜਾਵੇ।
14 ਅਕਤੂਬਰ, 2015 ਵਿੱਚ ਬੇਅਦਬੀ ਦੀ ਘਟਨਾ ਦਾ ਵਿਰੋਧ ਕਰ ਰਹੇ ਦੋ ਸਿੱਖ ਪ੍ਰਦਰਸ਼ਨਕਾਰੀਆਂ - ਸਰਾਵਾਂ ਪਿੰਡ ਦੇ ਗੁਰਜੀਤ ਸਿੰਘ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਿਆਮੀਵਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਕਈ ਹੋਰ ਜਖ਼ਮੀ ਹੋ ਗਏ ਸਨ।
ਪਰਿਵਾਰਾਂ ਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਅਤੇ ਗੋਲੀਕਾਂਡ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ।
ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ 8 ਮਹੀਨੇ ਤੋਂ ਲੋਕ ਧਰਨੇ ਉੱਤੇ ਬੈਠੇ ਹਨ।
ਜਾਂਚ ਲਈ ਸਮਾਂ ਵਧਾਉਣ ਦੀ ਸਰਕਾਰ ਦੀ ਮੰਗ
ਅਪ੍ਰੈਲ ਵਿੱਚ, ਸੂਬਾ ਸਰਕਾਰ ਨੇ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਤਰਕਪੂਰਨ ਸਿੱਟੇ ਤੱਕ ਪਹੁੰਚਾਉਣ ਲਈ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਸੀ, ਜਿਸ ਨੂੰ ਪੀੜਤ ਦੇ ਵਾਰਸਾਂ ਅਤੇ ਪ੍ਰਦਰਸ਼ਨਕਾਰੀਆਂ ਨੇ ਸਵੀਕਾਰ ਕਰ ਲਿਆ ਸੀ।
ਫਿਰ 10 ਜੁਲਾਈ ਨੂੰ, ਜਦੋਂ ਤਿੰਨ ਮਹੀਨੇ ਦੀ ਸਮਾਂ ਸੀਮਾ ਖਤਮ ਹੋ ਗਈ, ਤਾਂ ਸੂਬਾ ਸਰਕਾਰ ਦੀ ਤਰਫੋਂ ਵਕੀਲਾਂ ਦੀ ਇੱਕ ਟੀਮ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਬਾਰੇ ਸਪੱਸ਼ਟੀਕਰਨ ਲੈਣ ਲਈ ਹੋਰ ਸਮਾਂ ਮੰਗਿਆ।
ਇਸ ਮਗਰੋਂ ਪ੍ਰਦਰਸ਼ਨਕਾਰੀ ਦੋ ਹਫ਼ਤਿਆਂ ਦਾ ਹੋਰ ਸਮਾਂ ਦੇਣ ਲਈ ਰਾਜ਼ੀ ਹੋ ਗਏ, ਜੋ 25 ਜੁਲਾਈ ਨੂੰ ਖਤਮ ਹੋ ਗਿਆ।
24 ਜੁਲਾਈ ਨੂੰ, ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੋਟਕਪੁਰਾ ਤੋਂ ਵਿਧਾਇਕ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਰਚੇ ਵਿਚ ਪਹੁੰਚ ਕੇ ਆਗੂਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਸੂਬਾ ਸਰਕਾਰ ਦੇ ਵਫ਼ਦ ਵੱਲੋਂ ਜਾਂਚ ਮੁਕੰਮਲ ਕਰਨ ਲਈ ਛੇ ਮਹੀਨੇ ਹੋਰ ਮੰਗੇ ਗਏ ਪਰ ਗੋਲੀਕਾਂਡ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦੁਆਉਣ ਲਈ ਬਣੇ ਇਨਸਾਫ਼ ਮੋਰਚੇ ਨੇ ਪੰਜਾਬ ਸਰਕਾਰ ਨੂੰ ਇਹ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ।
ਹੁਣ ਪਰਿਵਾਰ ਅਤੇ ਮੋਰਚਾ ਅਗਲੇਰੀ ਕਾਰਵਾਈ ਦਾ ਫੈਸਲਾ ਕਰਨ ਲਈ ਜਨਤਕ ਇਕੱਠ ਕਰ ਰਹੇ ਹਨ।
ਕੇਸ ਦੀ ਸਟੇਟਸ ਰਿਪੋਰਟ ਤਲਬ ਕਰਨ ਦੇ ਹੋ ਚੁੱਕੇ ਨੇ ਹੁਕਮ
12 ਜੁਲਾਈ 2022 ਨੂੰ ਫ਼ਰੀਦਕੋਟ ਦੀ ਟ੍ਰਾਇਲ ਕੋਰਟ ਨੇ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਆਦੇਸ਼ ਦਿੱਤੇ ਸਨ ਕਿ 15 ਦਿਨ ਦੇ ਅੰਦਰ ਸਟੇਟਸ ਰਿਪੋਰਟ ਦਾਖਿਲ ਕੀਤੀ ਜਾਵੇ।
ਐਡੀਸ਼ਨਲ ਸੈਸ਼ਨ ਜੱਜ ਰਾਜੀਵ ਕਾਲੜਾ ਨੇ 2015 ਵਿੱਚ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਮਾਰੇ ਗਏ ਦੋ ਪ੍ਰਦਰਸ਼ਨਕਾਰੀ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤੇ ਸਨ।
ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਵੀ ਅਦਾਲਤ ਅੱਗੇ ਪੇਸ਼ ਹੋਏ ਸਨ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਦਾਲਤ ਵੱਲੋਂ ਸਿਹਤ ਕਾਰਨਾਂ ਕਰਕੇ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਹੈ।
ਕੀ ਸੀ ਪੂਰਾ ਮਾਮਲਾ
ਜੂਨ 2015 ਵਿੱਚ ਬਹਿਬਲ ਕਲਾਂ ਦੇ ਨਜ਼ਦੀਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ।
ਅਕਤੂਬਰ 2015 ਵਿੱਚ ਸਰੂਪ ਦੇ ਅੰਗ ਬਰਗਾੜੀ ਵਿਖੇ ਮਿਲਣ ਤੋਂ ਬਾਅਦ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ।
ਫ਼ਰੀਦਕੋਟ ਦੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਚੱਲੀ ਸੀ।
ਇਨ੍ਹਾਂ ਘਟਨਾਵਾਂ ਨੇ ਪੰਜਾਬ, ਇਸ ਦੀ ਸਿਆਸਤ ਅਤੇ ਵਿਧਾਨ ਸਭਾ ਚੋਣਾਂ ''ਤੇ ਵੀ ਡੂੰਘਾ ਅਸਰ ਪਾਇਆ ਸੀ।
''ਚਲੇ ਜਾਓ ਨਹੀਂ ਤਾਂ ਗੋਲੀ ਆਵੇਗੀ''
ਅਕਤੂਬਰ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕ੍ਰਿਸ਼ਨ ਭਗਵਾਨ ਦੇ ਪਿਤਾ ਮਹਿੰਦਰ ਸਿੰਘ ਦੀਆਂ ਅੱਖਾਂ ਵਾਰ -ਵਾਰ ਭਰ ਆਉਂਦੀਆਂ ਹਨ।
ਮਹਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲ ਦੱਸਿਆ ਕਿ ਬੇਅਦਬੀ ਤੋਂ ਬਾਅਦ ਪ੍ਰਦਰਸ਼ਨ ਹੋਇਆ ਅਤੇ ਮੈਂ, ਮੇਰਾ ਬੇਟਾ ਕ੍ਰਿਸ਼ਨ ਭਗਵਾਨ ਲੰਗਰ ਲੈ ਕੇ ਗਏ ਸੀ।
"ਪੁਲਿਸ ਵਾਲਿਆਂ ਨੇ ਵੀ ਪ੍ਰਸ਼ਾਦਾ ਛਕਿਆ। ਥੋੜ੍ਹੇ ਸਮੇਂ ਬਾਅਦ ਚਰਨਜੀਤ ਸ਼ਰਮਾ ਆਇਆ ਉਸ ਨੇ ਇਸ਼ਾਰਾ ਕੀਤਾ ਅਤੇ ਫਿਰ ਲਾਠੀਚਾਰਜ ਸ਼ੁਰੂ ਹੋ ਗਿਆ।''''
''''ਮੇਰੇ ਵੀ ਡਾਂਗਾਂ ਵੱਜੀਆਂ ਅਤੇ ਮੈਂ ਉਥੋਂ ਭੱਜ ਆਇਆ। ਫਿਰ ਗੋਲੀ ਚੱਲੀ ਮੈਂ ਮੁੜ ਕੇ ਦੇਖਿਆ ਤਾਂ ਮੇਰਾ ਬੇਟਾ ਡਿੱਗ ਚੁੱਕਿਆ ਸੀ।"
ਵਾਰ ਵਾਰ ਅੱਖਾਂ ਪੂੰਝਦੇ ਹੋਏ ਮਹਿੰਦਰ ਸਿੰਘ ਅੱਗੇ ਦੱਸਦੇ ਹਨ,"ਕਾਲੇ (ਕ੍ਰਿਸ਼ਨ ਭਗਵਾਨ) ਨੇ ਕਿਹਾ ਕਿ ਬਾਪੂ ਪਾਣੀ ਪਿਆ ਦੇ। ਉਹੀ ਪਾਣੀ ਦਾ ਗਿਲਾਸ ਲੈ ਕੇ ਮੈਂ ਗੁਰਜੀਤ ਕੋਲ ਵੀ ਗਿਆ। ਆਪਣੇ ਬੇਟੇ ਦੀ ਪੱਗ ਉਤਾਰ ਕੇ ਮੈਂ ਆਪਣੇ ਬੇਟੇ ਦੇ ਜ਼ਖ਼ਮਾਂ ਉੱਪਰ ਰੱਖੀ। ਫਿਰ ਆਪਣੀ ਪੱਗ ਵੀ ਉਸ ਦੇ ਦੁਆਲੇ ਲਪੇਟ ਦਿੱਤੀ।"
ਮਹਿੰਦਰ ਸਿੰਘ ਦੱਸਦੇ ਹਨ ਕਿ ਇਸ ਤੋਂ ਬਾਅਦ ਇੱਕ ਪੁਲਿਸ ਵਾਲਾ ਆਇਆ ਤਾਂ ਉਸ ਨੇ ਕਿਹਾ ਕਿ ਬਜ਼ੁਰਗੋ ਭੱਜ ਜਾਓ ਨਹੀਂ ਤਾਂ ਗੋਲੀ ਆਵੇਗੀ।
"ਮੈਂ ਕਿਹਾ ਆਉਣ ਦਿਓ। ਜਦੋਂ ਮੁੰਡੇ ਨੂੰ ਮਾਰ ਦਿੱਤੀ ਤਾਂ ਬਜ਼ੁਰਗ ਕਿਹੜਾ ਪਿੱਛੇ ਰਹਿ ਜਾਣਗੇ।"
ਉਸ ਸਮੇਂ ਕ੍ਰਿਸ਼ਨ ਭਗਵਾਨ ਦੀ ਉਮਰ ਲਗਭਗ 42 ਸਾਲ ਸੀ।
ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਮਹਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਗੁਰਜੀਤ ਦੀ ਮ੍ਰਿਤਕ ਦੇਹ ਅਤੇ ਆਪਣੇ ਬੇਟੇ ਨੂੰ ਟਰਾਲੀ ਵਿਚ ਪਾ ਕੇ ਪਿੰਡ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ।
ਪਿੰਡ ਵਿੱਚ ਕੋਈ ਦਰਵਾਜ਼ਾ ਨਹੀਂ ਸੀ ਖੋਲ੍ਹ ਰਿਹਾ। ਮੇਰਾ ਬੇਟਾ ਤੜਫ ਰਿਹਾ ਸੀ, ਪਾਣੀ ਮੰਗ ਰਿਹਾ ਸੀ। ਇਕ ਔਰਤ ਨੇ ਦਰਵਾਜ਼ਾ ਖੋਲ੍ਹ ਕੇ ਕਿਹਾ ਕਿ ਉਨ੍ਹਾਂ ਦੇ ਘਰ ਗੱਡੀ ਖੜੀ ਹੈ ਜੇਕਰ ਕੋਈ ਚਲ ਸਕਦਾ ਹੈ ਤਾਂ ਹਸਪਤਾਲ ਲੈ ਜਾਓ।
ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਕ੍ਰਿਸ਼ਨ ਭਗਵਾਨ ਦੀ ਮੌਤ ਹੋ ਗਈ।
ਬੇਅਦਬੀ ਦੀ ਜਾਂਚ ਵਾਸਤੇ ਬਣਾਈ ਗਈ ਐੱਸਆਈਟੀ ਦੀ ਜਾਂਚ ਕਿਥੋਂ ਤੱਕ ਪਹੁੰਚੀ ਹੈ?
2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਇਸ ਵੇਲੇ ਵੱਖ-ਵੱਖ ਐੱਸਆਈਟੀ ਵੱਲੋਂ ਕੀਤੀ ਜਾ ਰਹੀ ਹੈ।
ਬਹਿਬਲ ਕਲਾਂ ਵਿਖੇ ਹੋਏ ਗੋਲੀਕਾਂਡ ਦੀ ਜਾਂਚ ਆਈ ਜੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਕਰ ਰਹੀ ਹੈ।
ਕੋਟਕਪੂਰਾ ਵਿਖੇ ਗੋਲੀ ਦੀ ਘਟਨਾ ਲਈ ਏਡੀਜੀਪੀ ਐੱਲ ਕੇ ਯਾਦਵ ਦੀ ਅਗਵਾਈ ਵਿੱਚ ਐੱਸਆਈਟੀ ਬਣੀ ਹੈ।
ਬੁਰਜ ਜਵਾਹਰ ਸਿੰਘ ਅਤੇ ਬਰਗਾੜੀ ਦੀਆਂ ਘਟਨਾਵਾਂ ਦੀ ਜਾਂਚ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਦੀ ਟੀਮ ਨੇ ਕੀਤੀ ਹੈ।
ਇਸ ਤੋਂ ਇਲਾਵਾ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਇੱਕ ਐੱਸਆਈਟੀ ਨੇ ਵੀ ਬੇਅਦਬੀ ਦੀ ਘਟਨਾ ਦੀ ਜਾਂਚ ਕੀਤੀ ਸੀ।
ਆਈਪੀਐੱਸ ਅਰਪਿਤ ਸ਼ੁਕਲਾ ਦੀ ਅਗਵਾਈ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਐੱਸਆਈਟੀ ਬਣਾਈ ਗਈ ਸੀ।
ਇਸ ਐੱਸਆਈਟੀ ਵਿੱਚ ਸਾਬਕਾ ਆਈਜੀ ਅਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਵੀ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੇ ਸਨ ਜਦੋਂਕਿ ਆਈਜੀ ਅਰੁਣਪਾਲ ਸਿੰਘ ਬਹਿਬਲ ਕਲਾਂ ਘਟਨਾ ਦੀ ਜਾਂਚ ਵਿੱਚ ਸ਼ਾਮਿਲ ਸਨ।
ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਨੂੰ ਹਾਈ ਕੋਰਟ ਵੱਲੋਂ ਰੱਦ ਕਰਕੇ ਨਵੀਂ ਐੱਸਆਈਟੀ ਦੇ ਗਠਨ ਦੇ ਹੁਕਮ ਪੰਜਾਬ ਸਰਕਾਰ ਨੂੰ ਦਿੱਤੇ ਗਏ ਸਨ।
ਬੇਅਦਬੀ ਦੇ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਵੀ ਸੌਂਪੀ ਗਈ ਸੀ ਪਰ ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਨਾਲ ਜੁੜੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਕੋਲ ਕਦੇ ਨਹੀਂ ਗਈ।
ਇਸ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਵੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਰਿਪੋਰਟ ਤਤਕਾਲੀ ਸੂਬਾ ਸਰਕਾਰਾਂ ਨੂੰ ਸੌਂਪੀਆਂ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕਾਰਗਿਲ ਜੰਗ: ਉਹ ''ਲਾਪਤਾ'' ਪਾਕਿਸਤਾਨੀ ਫ਼ੌਜੀ ਜੋ ਘਰ ਵਾਪਸ ਨਹੀਂ ਲਿਆਂਦੇ ਜਾ ਸਕੇ
NEXT STORY