ਉੱਤਰਾਖੰਡ ਦੇ ਜ਼ਿਲ੍ਹੇ ਪੌੜੀ ਗੜਵਾਲ ਵਿੱਚ ਮੌਜੂਦ ਵੰਤਰਾ ਰਿਜ਼ੌਰਟ ਵਿੱਚ ਰਿਸੈਪਸਨਿਸਟ ਦਾ ਕਤਲ ਇਸ ਵੇਲੇ ਕਾਫੀ ਸੁਰਖ਼ੀਆਂ ਵਿੱਚ ਹੈ।
ਪੁਲਿਸ ਦਾ ਕਹਿਣਾ ਹੈ ਕਿ ਲਗਭਗ 19 ਸਾਲਾ ਕੁੜੀ ਦਾ ਕਤਲ ਰਿਜ਼ੌਰਟ ਸੰਚਾਲਕ ਅਤੇ ਭਾਜਪਾ ਨੇਤਾ ਅਤੇ ਸਾਬਕਾ ਰਾਜ ਮੰਤਰੀ ਵਿਨੋਦ ਆਰੀਆ ਦੇ ਬੇਟੇ ਪੁਲਕਿਤ ਆਰੀਆ, ਰਿਜ਼ੌਰਟ ਮੈਨੇਜਰ ਸੌਰਭ ਭਾਸਕਰ ਅਤੇ ਇੱਕ ਹੋਰ ਕਰਮਚਾਰੀ ਅੰਕਿਤ ਨੇ ਕੀਤਾ ਹੈ।
ਪੁਲਕਿਤ ਦਾ ਭਰਾ ਅੰਕਿਤ ਵੀ ਉਤਰਾਖੰਡ ਵਿੱਚ ਹੋਰ ਪਿੱਛੜੇ ਵਰਗ ਕਮਿਸ਼ਨ ਦਾ ਮੀਤ ਪ੍ਰਧਾਨ ਹੈ, ਹਾਲਾਂਕਿ, ਉਨ੍ਹਾਂ ਨੂੰ ਹੁਣ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਪੁਲਿਸ ਦੇ ਮੁਤਾਬਕ ਲੜਕੀ ਨੂੰ ''ਅਨੈਤਿਕ ਕੰਮ'' ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਜਦੋਂ ਉਸ ਨੇ ਇਸ ਬਾਰੇ ਦੂਜਿਆਂ ਨਾਲ ਗੱਲ ਕਰਨ ਦੀ ਧਮਕੀ ਦਿੱਤੀ ਤਾਂ ਉਸ ਦੀ ਹੱਤਿਆ ਕਰ ਦਿੱਤੀ ਗਈ।
ਸ਼ਨਿਚਰਵਾਰ ਨੂੰ ਉਸ ਦੀ ਲਾਸ਼ ਰਿਸ਼ੀਕੇਸ਼-ਹਰਿਦੁਆਰ ਮਾਰਗ ''ਤੇ ਚੀਲਾ ਸ਼ਕਤੀ ਨਹਿਰ ਦੇ ਪਾਵਰ ਹਾਊਸ ਕੋਲੋਂ ਬਰਾਮਦ ਕੀਤੀ ਗਈ ਹੈ।
ਲੜਕੀ ਉਤਰਾਖੰਡ ਦੇ ਹੀ ਜਨਪਦ ਪੌੜੀ ਗੜ੍ਹਵਾਲ ਦੇ ਡੋਮ ਸ਼੍ਰੀਕੋਟ ਦੀ ਰਹਿਣ ਵਾਲੀ ਸੀ। ਉਹ ਰਿਸ਼ੀਕੇਸ਼ ਵਿੱਚ ਲਕਸ਼ਮਣ ਝੂਲਾ ਥਾਣੇ ਦੇ ਖੇਤਰ ਅਤੇ ਚੀਲਾ ਦੇ ਵਿਚਕਾਰ ਮੌਜੂਦ ਵੰਤਰਾ ਰਿਜ਼ੌਰਟ ਵਿੱਚ ਰਿਸੈਪਸ਼ਨਿਸਟ ਦੀ ਨੌਕਰੀ ਕਰ ਰਹੀ ਸੀ।
ਇਸ ਬਾਰੇ ਵਿੱਚ ਉਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ, ''''ਵੰਤਰਾ ਰਿਜ਼ੌਰਟ ਲਕਸ਼ਮਣ ਝੂਲਾ ਥਾਣਾ ਖੇਤਰ ਅਤੇ ਚੀਲਾ ਦੇ ਵਿਚਕਾਰ ਸਥਿਤ ਹੈ। ਇਹ ਰਾਜਸਵ ਪੁਲਿਸ ਦਾ ਖੇਤਰ ਪੈਂਦਾ ਹੈ। 22 ਸਤੰਬਰ ਨੂੰ ਜਾਣਕਾਰੀ ਰੈਗੂਲਰ ਪੁਲਿਸ ਨੂੰ ਮਿਲੀ ਅਤੇ 24 ਘੰਟੇ ਦੇ ਅੰਦਰ ਇਸ ਹੱਤਿਆਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।''''
- ਉਤਰਾਖੰਡ ਦੇ ਇੱਕ ਰਿਜ਼ੌਰਟ ਵਿੱਚ ਇੱਕ ਲੜਕੀ ਦੇ ਕਤਲ ਦਾ ਮਾਮਲਾ।
- 20 ਤਰੀਕ ਨੂੰ ਲੜਕੀ ਦੇ ਲਾਪਤਾ ਹੋਣ ਦੀ ਖ਼ਬਰ ਪਰਿਵਾਰ ਨੂੰ ਮਿਲੀ। 24 ਤਰੀਕ ਨੂੰ ਸਵੇਰੇ ਚੀਲਾ ਨਹਿਰ ਤੋਂ ਲੜਕੀ ਦੀ ਲਾਸ਼ ਮਿਲੀ।
- ਹੱਤਿਆ ਦਾ ਦੋਸ਼ ਰਿਜ਼ੌਰਟ ਸੰਚਾਲਕ ਪੁਲਕਿਤ ਆਰੀਆ ਅਤੇ ਦੋ ਹੋਰ ਲੋਕਾਂ ''ਤੇ ਹੈ।
- ਪੁਲਕਿਤ ਭਾਜਪਾ ਨੇਤਾ ਅਤੇ ਸਾਬਕਾ ਰਾਜ ਮੰਤਰੀ ਵਿਨੋਦ ਆਰੀਆ ਦਾ ਬੇਟਾ ਹੈ। ਰਾਜ ਸਰਕਾਰ ਨੇ ਬਣਾਈ ਐੱਸਆਈਟੀ ਅਤੇ ਦਿੱਤੇ ਜਲਦੀ ਜਾਂਚ ਦੇ ਆਦੇਸ਼।
- ਉਤਰਾਖੰਡ ਦੇ ਜਨਪਦ ਪੌੜੀ ਗੜ੍ਹਵਾਲ ਦੇ ਧਮਕੇਸ਼ਵਰ ਬਲਾਕ ਵਿੱਚ ਮੌਜੂਦ ਵੰਤਰਾ ਰਿਜ਼ੌਰਟ ਵਿੱਚ ਰਿਸੈਪਸ਼ਨਿਸ਼ਟ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਖੂਬ ਚਰਚਾ ਹੋ ਰਹੀ ਹੈ।
ਕੀ ਹੈ ਪਰਿਵਾਰ ਦਾ ਇਲਜ਼ਾਮ?
ਮ੍ਰਿਤਕ ਲੜਕੀ ਦੇ ਪਿਤਾ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਬੇਟੀ ਵੰਤਰਾ ਰਿਜ਼ੌਰਟ ਤੋਂ ਗਾਇਬ ਹੈ।
ਉਨ੍ਹਾਂ ਨੇ ਮੀਡੀਆ ਨੂੰ ਕਿਹਾ, ''''ਮੇਰੀ ਬੇਟੀ 28 ਅਗਸਤ ਨੂੰ ਵੰਤਰਾ ਰਿਜ਼ੌਰਟ ਵਿੱਚ ਰਿਸੈਪਸ਼ਨਿਸ਼ਟ ਦੀ ਨੌਕਰੀ ਕਰਨ ਲਈ ਆਈ ਸੀ। ਮੈਨੂੰ 19 ਸਤੰਬਰ ਨੂੰ ਪਤਾ ਲੱਗਿਆ ਕਿ ਮੇਰੀ ਬੇਟੀ ਲਾਪਤਾ ਹੈ। ਮੈਨੂੰ ਇਹ ਜਾਣਕਾਰੀ ਹੋਟਲ ਦੇ ਮਾਲਕ ਨੇ ਦਿੱਤੀ। ਨਾਲ ਹੀ ਕੁਝ ਹੋਰ ਲੜਕਿਆਂ ਨੇ ਵੀ ਮੈਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਬਾਅਦ ਸ਼ਾਮ ਨੂੰ ਹੀ ਮੈਂ ਇੱਥੇ ਆ ਗਿਆ।''''
ਉਹ ਦੱਸਦੇ ਹਨ, ''''ਅਸੀਂ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਰਿਪੋਰਟ ਰਾਜਸਵ ਪੁਲਿਸ ਨੂੰ ਦਿੱਤੀ, ਪਰ ਉਨ੍ਹਾਂ ਨੇ ਸਾਡੀ ਰਿਪੋਰਟ ਨਹੀਂ ਲਿਖੀ। ਸਾਨੂੰ ਉਹ ਹੋਟਲ ਮਾਲਕ ਦੇ ਪੱਖ ਵਿੱਚ ਲੱਗੇ।''''
ਧਮਕੇਸ਼ਵਰ ਤਹਿਸੀਲ ਦਾ ਚਾਰਜ ਦੇਖ ਰਹੇ ਐੱਸਡੀਐੱਮ ਕੋਟਦੁਆਰ ਪ੍ਰਮੋਦ ਕੁਮਾਰ ਨੇ ਮੀਡੀਆ ਨੂੰ ਕਿਹਾ, ''''ਮਾਮਲੇ ਨਾਲ ਸਬੰਧਿਤ ਸਾਰੇ ਮੋਬਾਇਲ ਨੰਬਰ ਸਰਵੀਲਾਂਸ ''ਤੇ ਪਾਉਣ ਲਈ ਥਾਣੇ ਭੇਜੇ ਗਏ ਸਨ।''''
ਉਨ੍ਹਾਂ ਨੇ ਕਿਹਾ,''''ਉਨ੍ਹਾਂ ਦੀ ਕਾਲ ਡਿਟੇਲਜ਼ ਕੱਢਣ ਲਈ ਪੁਲਿਸ ਜ਼ਰੀਏ ਐੱਸਓਜੀ ਨਾਲ ਵੀ ਗੱਲ ਹੋ ਗਈ ਸੀ। ਜਿਵੇਂ ਹੀ ਮਾਮਲਾ ਗੰਭੀਰ ਹੋਇਆ ਤੁਰੰਤ ਡੀਐੱਮ ਨਾਲ ਗੱਲ ਕਰਕੇ ਇਸ ਮਾਮਲੇ ਨੂੰ ਰੈਗੂਲਰ ਪੁਲਿਸ ਨੂੰ ਟਰਾਂਸਫਰ ਕਰ ਦਿੱਤਾ।''''
-
ਮ੍ਰਿਤਕ ਲੜਕੀ ਦੇ ਪਰਿਵਾਰ ਵਿੱਚ ਉਸ ਦੇ ਪਿਤਾ, ਭਰਾ ਅਤੇ ਮਾਂ ਹਨ।
ਸਥਾਨਕ ਪੱਤਰਕਾਰ ਜਿਤੇਂਦਰ ਜੋਸ਼ੀ ਕਹਿੰਦੇ ਹਨ, ''''ਲੜਕੀ ਨੇ ਹਾਲ ਹੀ ਵਿੱਚ ਸ਼੍ਰੀਕੋਟਾ ਤੋਂ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਹੁਣ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੀ ਸੀ। ਉਸ ਦੀ ਮਾਂ ਆਂਗਨਵਾੜੀ ਵਿੱਚ ਕੰਮ ਕਰਦੀ ਹੈ ਅਤੇ ਉਸ ਦਾ ਭਰਾ ਇੱਕ ਨਿੱਜੀ ਕੰਪਨੀ ਵਿੱਚ ਛੋਟੀ-ਮੋਟੀ ਨੌਕਰੀ ਕਰਦਾ ਹੈ।''''
ਪਿਤਾ ਦੇ ਬਾਰੇ ਉਹ ਦੱਸਦੇ ਹਨ ਕਿ ਉਹ ਪਹਿਲਾਂ ਇੱਕ ਐੱਨਜੀਓ ਚਲਾਉਂਦੇ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਜਗ੍ਹਾ ਛੋਟੀ-ਮੋਟੀ ਨੌਕਰੀ ਕੀਤੀ, ਪਰ ਕੋਵਿਡ ਤੋਂ ਬਾਅਦ ਤੋਂ ਉਹ ਵਿਹਲੇ ਸਨ। ਪਰਿਵਾਰ ਦੀ ਆਰਥਿਕ ਸਥਿਤੀ ਬਿਹਤਰ ਨਹੀਂ ਹੈ, ਇਸੇ ਕਰਕੇ ਲੜਕੀ ਨੌਕਰੀ ਕਰ ਰਹੀ ਸੀ।
ਪੁਲਿਸ ਨੇ ਕੀ ਕਿਹਾ?
ਪੌੜੀ ਦੇ ਐਡੀਸ਼ਨਲ ਸੁਪਰਿਟੈਂਡੈਂਟ ਆਫ ਪੁਲਿਸ (ਏਐੱਸਪੀ) ਸ਼ੇਖਰ ਸੁਯਾਲ ਨੇ ਬੀਬੀਸੀ ਨੂੰ ਕਿਹਾ, ''''ਵੰਤਰਾ ਰਿਜ਼ੌਰਟ ਵਿੱਚ ਕੰਮ ਕਰਨ ਵਾਲੀ ਲੜਕੀ ਅਚਾਨਕ ਲਾਪਤਾ ਹੋ ਗਈ ਸੀ। ਇਸ ਬਾਰੇ 20 ਸਤੰਬਰ ਨੂੰ ਪਿਤਾ ਦੇ ਬਿਆਨਾਂ ''ਤੇ ਰਾਜਸਵ ਪੁਲਿਸ ਨੇ ਲੜਕੀ ਦੀ ਗੁੰਮਸ਼ੁਦਗੀ ਦਰਜ ਕੀਤੀ ਸੀ। ਜ਼ਿਲ੍ਹਾ ਅਧਿਕਾਰੀ ਪੌੜੀ ਦੇ ਨਿਰਦੇਸ਼ ਅਨੁਸਾਰ 22 ਸਤੰਬਰ ਨੂੰ ਇਹ ਮਾਮਲਾ ਰੈਗੂਲਰ ਪੁਲਿਸ ਨੂੰ ਟਰਾਂਸਫਰ ਕੀਤਾ ਗਿਆ।''''
ਏਐੱਸਪੀ ਨੇ ਕਿਹਾ, ''''ਪੁਲਿਸ ਨੂੰ ਕੇਸ ਟਰਾਂਸਫਰ ਹੋਣ ਦੇ ਬਾਅਦ ਅਸੀਂ ਆਲ੍ਹਾ ਅਧਿਕਾਰੀਆਂ ਦੇ ਨਿਰਦੇਸ਼ ''ਤੇ ਤੇਜ਼ੀ ਨਾਲ ਕੰਮ ਕੀਤਾ। ਮੋਬਾਇਲ ਟਰੇਸਿੰਗ, ਸੀਸੀਟੀਵੀ ਦੀ ਕਵਰੇਜ ਸਰਵੇਲਾਂਸ ''ਤੇ ਲਏ ਗਏ। 23 ਸਤੰਬਰ ਦੀ ਸ਼ਾਮ ਨੂੰ ਹੀ ਪੁਸ਼ਟੀ ਹੋ ਗਈ ਸੀ ਕਿ ਰਿਜ਼ੌਰਟ ਤੋਂ ਬਾਹਰ ਜਾਣ ਵਾਲਿਆਂ ਵਿੱਚ ਪੁਲਕਿਤ, ਸੌਰਭ ਅਤੇ ਅੰਕਿਤ ਦੇ ਨਾਲ ਇਹ ਲੜਕੀ ਸੀ ਜਦੋਂਕਿ ਲੜਕੀ ਨੂੰ ਛੱਡ ਕੇ ਤਿੰਨੇਂ ਵਿਅਕਤੀ ਵਾਪਸ ਆ ਗਏ ਸਨ।''''
ਏਐੱਸਪੀ ਨੇ ਕਿਹਾ, ''''ਜਦੋਂ ਸਖ਼ਤੀ ਨਾਲ ਪੁਲਕਿਤ, ਅੰਕਿਤ ਅਤੇ ਸੌਰਭ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਖ਼ੁਦ ਮੰਨਿਆ ਕਿ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਹੱਥਾਪਾਈ ਹੋਈ ਅਤੇ ਉਨ੍ਹਾਂ ਨੇ ਲੜਕੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਸ਼ੁਰੂ ਵਿੱਚ ਮੁਲਜ਼ਮਾਂ ਨੇ ਪੁਲਿਸ ਨੂੰ ਗੁੰਮਰਾਹ ਕੀਤਾ, ਬਾਅਦ ਵਿੱਚ ਖ਼ੁਦ ਹੀ ਮੁਦਈ ਬਣ ਗਏ ਸਨ।''''
ਇੱਕ ਸਵਾਲ ਦੇ ਜਵਾਬ ਵਿੱਚ ਏਐੱਸਪੀ ਨੇ ਕਿਹਾ, ''''ਮੁਲਜ਼ਮ ਲੜਕੀ ''ਤੇ ਸੰਭਾਵਿਤ ਤੌਰ ''ਤੇ ਕੋਈ ਅਨੈਤਿਕ ਕੰਮ ਲਈ ਦਬਾਅ ਪਾ ਰਹੇ ਸਨ, ਪਰ ਉਹ ਇਹ ਸਭ ਕਰਨ ਨੂੰ ਤਿਆਰ ਨਹੀਂ ਸੀ। ਇਸੇ ਗੱਲ ਨੂੰ ਲੈ ਕੇ ਪੁਲਕਿਤ, ਸੌਰਭ ਅਤੇ ਅੰਕਿਤ ਨਾਲ ਕਹਾਸੁਣੀ ਹੋਈ ਅਤੇ ਲੜਕੀ ਦੀ ਹੱਤਿਆ ਕਰ ਦਿੱਤੀ ਗਈ।''''
ਲੜਕੀ ਨੂੰ ਲੈ ਕੇ ਹਮਦਰਦੀ
ਲੜਕੀ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਖੇਤਰ ਵਿੱਚ ਲੋਕਾਂ ਦੀ ਹਮਦਰਦੀ ਦੇਖੀ ਜਾ ਸਕਦੀ ਹੈ।
ਇਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਨਾਰਾਜ਼ਗੀ ਹੈ। ਸ਼ਨਿਚਰਵਾਰ ਨੂੰ ਗੁੱਸੇ ਵਿੱਚ ਆਏ ਲੋਕਾਂ ਨੇ ਰਿਜ਼ੌਰਟ ਵਿੱਚ ਅੱਗ ਲਾ ਦਿੱਤੀ।
ਬਲਾਕ ਮੁਖੀ ਦਿਯੂਲੀ ਰੁਚੀ ਕੁਕਰੇਤੀ ਕਹਿੰਦੀ ਹੈ, ''''ਖੇਤਰ ਵਿੱਚ ਜੋ ਘਟਨਾ ਹੋਈ, ਉਹ ਸ਼ਰਮਨਾਕ ਹੈ। ਮੇਰਾ ਮੰਨਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਵਿੱਚ ਕਾਫ਼ੀ ਦੇਰੀ ਹੋਈ ਹੈ, ਜਦੋਂਕਿ ਪਹਿਲਾਂ ਹੀ ਲੋਕਾਂ ਨੂੰ ਇਹ ਸ਼ੱਕ ਹੋ ਗਿਆ ਸੀ ਕਿ ਘਟਨਾ ਕਿਸ ਕਾਰਨ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।''''
ਉੱਥੇ ਹੀ ਖੇਤਰੀ ਜ਼ਿਲ੍ਹਾ ਪੰਚਾਇਤ ਮੈਂਬਰ ਕ੍ਰਾਂਤੀ ਕਪੂਰਵਾਣ ਵੀ ਗੁੱਸੇ ਵਿੱਚ ਨਜ਼ਰ ਆਉਂਦੇ ਹਨ। ਉਹ ਕਹਿੰਦੇ ਹਨ ਕਿ ਘਟਨਾ ਦੇ ਬਾਅਦ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਨੇਤਾ ਇੱਥੇ ਨਹੀਂ ਸੀ।
ਇਸ ਮਾਮਲੇ ''ਤੇ ਉਤਰਾਖੰਡ ਵਿਧਾਨ ਸਭਾ ਦੀ ਸਪੀਕਰ ਰਿਤੂ ਖੰਡੂੜੀ ਨੇ ਅਫ਼ਸੋਸ ਪ੍ਰਗਟਾਇਆ ਹੈ।
ਉਨ੍ਹਾਂ ਨੇ ਕਿਹਾ, ''''ਘਟਨਾ ਬਹੁਤ ਦੁਖਦਾਈ ਹੈ। ਉਤਰਾਖੰਡ ਨੇ ਇੱਕ ਨੌਜਵਾਨ ਬੇਟੀ ਗੁਆਈ ਹੈ। ਇਸ ਮਾਮਲੇ ਨੂੰ ਲੈ ਕੇ ਪੌੜੀ ਦੇ ਤਮਾਮ ਆਲ੍ਹਾ ਅਧਿਕਾਰੀਆਂ ਨਾਲ ਮੇਰੀ ਗੱਲ ਚੱਲ ਰਹੀ ਹੈ। ਸਾਰੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਫਾਸਟ ਟਰੈਕ ''ਤੇ ਹੋਣੀ ਚਾਹੀਦੀ ਹੈ। ਉਤਰਾਖੰਡ ਦਾ ਸਮਾਜ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਉਤਰਾਖੰਡ ਦੇ ਇਹ ਸੰਸਕਾਰ ਵੀ ਨਹੀਂ ਹਨ।''''
ਮੁੱਖ ਮੰਤਰੀ ਨੇ ਕੀ ਕਿਹਾ
ਪ੍ਰਦੇਸ਼ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਸ਼ਲ ਮੀਡੀਆ ''ਤੇ ਜਾਣਕਾਰੀ ਦਿੱਤੀ ਹੈ ਕਿ ਉਤਰਾਖੰਡ ਵਿੱਚ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੁਲਜ਼ਮ ਪੁਲਕਿਤ ਆਰੀਆ ਦੇ ਪਿਤਾ ਵਿਨੋਦ ਆਰੀਆ ਅਤੇ ਭਰਾ ਅੰਕਿਤ ਆਰੀਆ ਨੂੰ ਤੁਰੰਤ ਪ੍ਰਭਾਵ ਤੋਂ ਪਾਰਟੀ ਤੋਂ ਕੱਢ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ, ''''ਜੋ ਵੀ ਇਸ ਵਿੱਚ ਸ਼ਾਮਲ ਹੈ, ਉਨ੍ਹਾਂ ਦੇ ਖਿਲਾਫ਼ ਅਸੀਂ ਕਾਰਵਾਈ ਕਰ ਰਹੇ ਹਾਂ। ਅਪਰਾਧੀਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।''''
''''ਇਹ ਰਿਜ਼ੌਰਟ ਸਰਕਾਰੀ ਅਤੇ ਜੰਗਲ ਦੀ ਜ਼ਮੀਨ ''ਤੇ ਬਣਿਆ ਸੀ, ਇਸ ਲਈ ਉਸ ਨੂੰ ਢਾਹੁਣ ਦੀ ਕਾਰਵਾਈ ਚੱਲ ਰਹੀ ਹੈ। ਨਾਲ ਹੀ ਫੋਰੈਂਸਿਕ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸਬੂਤ ਸੁਰੱਖਿਅਤ ਰਹਿਣ, ਇਸ ਲਈ ਕੁਝ ਕਮਰਿਆਂ ਨੂੰ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਹੈ।''''
''''ਜਾਂਚ ਲਈ ਡਿਪਟੀ ਇੰਸਪੈਕਟਰ ਜਨਰਲ ਰੇਣੂਕਾ ਦੇਵੀ ਦੀ ਅਗਵਾਈ ਵਿੱਚ ਸਪੈਸ਼ਲ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਕੋਈ ਪਹਿਲੂ ਜਾਂਚ ਵਿੱਚ ਨਾ ਰਹੇ। ਸਰਕਾਰ ਇਸ ਨੂੰ ਫਾਸਟ ਟਰੈਕ ''ਤੇ ਲੈ ਜਾਵੇ, ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।''''
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਰੌਜਰ ਫੈਡਰਰ: 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੇ ਹੰਝੂਆਂ ਨਾਲ ਟੈਨਿਸ ਨੂੰ ਅਲਵਿਦਾ ਕਹਿੰਦੇ ਹੋਏ ਇਹ...
NEXT STORY