ਰਾਜਕੋਟ ਜ਼ਿਲ੍ਹੇ ਵਿੱਚ ਉਪਲੇਟਾ ਤਹਿਸੀਲ ਦਾ ਪਾਨੇਲੀ ਮੋਟੀ ਪਿੰਡ ਵਿੱਚ ਉਹ ਘਰ ਜਿਸ ਨੂੰ ਜਿਨਾਹ ਦੇ ਪਰਿਵਾਰ ਦਾ ਦੱਸਿਆ ਜਾਂਦਾ ਹੈ
ਮਹਾਤਮਾ ਗਾਂਧੀ ਨੂੰ ਭਾਰਤ ਦਾ ਰਾਸ਼ਟਰ ਪਿਤਾ ਕਿਹਾ ਜਾਂਦਾ ਹੈ ਅਤੇ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਹਨ।
ਮਹਾਤਮਾ ਗਾਂਧੀ ਗੁਜਰਾਤੀ ਅਤੇ ਮੁਹੰਮਦ ਅਲੀ ਜਿਨਾਹ ਦੇ ਮਾਤਾ-ਪਿਤਾ ਵੀ ਗੁਜਰਾਤੀ ਹਨ।
ਮਹਾਤਮਾ ਗਾਂਧੀ ਦਾ ਜਨਮ ਸਥਾਨ ਗੁਜਰਾਤ ਦੇ ਕਾਠੀਆਵਾੜ ਜ਼ਿਲ੍ਹੇ ’ਚ ਪੋਰਬੰਦਰ ਹੈ ਅਤੇ ਜਿਨਾਹ ਦੇ ਮਾਤਾ-ਪਿਤਾ ਦਾ ਘਰ ਵੀ ਕਾਠੀਆਵਾੜ ਜ਼ਿਲ੍ਹੇ ’ਚ ਰਾਜਕੋਟ ਜ਼ਿਲ੍ਹੇ ਦਾ ਪਿੰਡ ਪਾਨੇਲੀ ਮੋਟੀ ਹੈ।
ਦੋਵਾਂ ਵਿਚਾਲੇ ਦੂਰੀ ਲਗਭਗ 95 ਕਿਲੋਮੀਟਰ ਹੈ। ਮੋਹਨ ਦਾਸ ਕਰਮਚੰਦ ਗਾਂਧੀ ਦਾ ਵਿਆਹ ਉਨ੍ਹਾਂ ਦੇ ਮਾਪਿਆਂ ਨੇ ਵਿਦੇਸ਼ ਜਾਣ ਤੋਂ ਪਹਿਲਾਂ 13 ਸਾਲ ਦੀ ਉਮਰ ਵਿੱਚ ਕਰ ਦਿੱਤਾ ਸੀ ਅਤੇ ਜਿਨਾਹ ਦੇ ਮਾਪਿਆਂ ਨੇ ਵੀ ਆਪਣੇ ਪੁੱਤਰ ਦਾ ਵਿਆਹ 16 ਸਾਲ ਦੀ ਉਮਰ ਵਿਚ ਇੰਗਲੈਂਡ ਜਾਣ ਤੋਂ ਪਹਿਲਾਂ ਪਿੰਡ ਪਾਨੇਲੀ ਮੋਟੀ ਦੀ ਇੱਕ 11 ਸਾਲਾ ਕੁੜੀ ਨਾਲ ਕਰ ਦਿੱਤਾ ਸੀ।
ਦੱਸਿਆ ਜਾਂਦਾ ਹੈ ਕਿ ਦੋਵਾਂ ਦੇ ਹੀ ਮਾਪਿਆਂ ਨੂੰ ਡਰ ਸੀ ਕਿ ਕਿਤੇ ਉਹ ਵਿਦੇਸ਼ ’ਚ ਹੀ ਵਿਆਹ ਨਾ ਕਰ ਲੈਣ, ਇਸ ਲਈ ਉਨ੍ਹਾਂ ਨੇ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ।
ਪੋਰਬੰਦਰ ’ਚ ਗਾਂਧੀ ਦੇ ਘਰ ਨੂੰ ਮੌਜੂਦਾ ਸਮੇਂ ਇੱਕ ਅਜਾਇਬ ਘਰ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪਰ ਜਿਨਾਹ ਦੇ ਦਾਦਾ ਅਤੇ ਉਨ੍ਹਾਂ ਦੇ ਪਿਤਾ ਦੇ ਘਰ ਦਾ ਕੀ ਬਣਿਆ?
ਇਸ ਰਿਪੋਰਟ ’ਚ ਜਿਨਾਹ ਦੇ ਜੱਦੀ ਘਰ ਅਤੇ ਉਨ੍ਹਾਂ ਦੇ ਪਿਤਾ ਦੇ ਕਰਾਚੀ ਪਹੁੰਚਣ ਦੀ ਕਹਾਣੀ ਬਾਰੇ ਪੜ੍ਹੋ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਪੜਤਾਲ ਕਿ ਕੀ ਜਿਨਾਹ ਦੇ ਪਿਤਾ ਦਾ ਪਰਿਵਾਰ ਹਿੰਦੂ ਤੋਂ ਮੁਸਲਮਾਨ ਹੋ ਗਿਆ ਸੀ?
ਜਿਨਾਹ ਦੇ ਪੁਰਖਿਆਂ ਦਾ ਘਰ
ਇਸ ਤਸਵੀਰ ’ਚ ਤੁਸੀਂ ਜੋ ਦੋ ਮੰਜ਼ਿਲਾ ਘਰ ਦੇਖ ਰਹੇ ਹੋ, ਉਹ ਜਿਨਾਹ ਦਾ ਜੱਦੀ ਘਰ ਦੱਸਿਆ ਜਾਂਦਾ ਹੈ
ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਪਣੀ ਕਿਤਾਬ ''ਜਿਨਾਹ ਇੰਡੀਆ ਪਾਰਟੀਸ਼ਨ ਇੰਡੀਪੈਂਡੈਂਸ'' ਵਿੱਚ ਲਿਖਿਆ ਹੈ ਕਿ ਜਿਨਾਹ ਦੇ ਦਾਦਾ ਪੁੰਜਾਭਾਈ ਠੱਕਰ ਹਮੇਸ਼ਾ ਆਪਣੇ ਤਿੰਨ ਪੁੱਤਰਾਂ ਵਲਜੀਭਾਈ, ਨੱਥੂਭਾਈ, ਜੇਨਾਭਾਈ ਅਤੇ ਇੱਕ ਧੀ ਮਾਨਬਾਈ ਨਾਲ ਪਾਨੇਲੀ ਪਿੰਡ ਵਿੱਚ ਰਹੇ।
“ਇਹ ਪਰਿਵਾਰ ਖੋਜਾ ਮੁਸਲਮਾਨ ਸੀ। ਖੋਜਾ ਵੋਹਰਾ ਮੁਸਲਮਾਨਾਂ ਦੀ ਤਰ੍ਹਾਂ ਅਮਨ ਪਸੰਦ ਵਪਾਰੀ ਹੁੰਦੇ ਹਨ। ਇਹ ਦੂਜੇ ਸੱਭਿਆਚਾਰ ਅਤੇ ਭਾਸ਼ਾ ਨੂੰ ਬਹੁਤ ਹੀ ਜਲਦੀ ਅਪਣਾ ਲੈਂਦੇ ਹਨ। ਪੁੰਜਾਭਾਈ ਹੈਂਡਲੂਮ ਦਾ ਕੰਮ ਕਰਕੇ ਪਰਿਵਾਰ ਦੀ ਰੋਜ਼ੀ–ਰੋਟੀ ਦਾ ਬੰਦੋਬਸਤ ਕਰਦੇ ਸਨ।
ਪਰ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਜੇਨਾਭਾਈ ਨੇ ਪਾਨੇਲੀ ਛੱਡਣ ਦਾ ਜੋਖਮ ਚੁੱਕਿਆ ਅਤੇ ਨਜ਼ਦੀਕ ਦੇ ਗੋਂਡਲ ਵਿਖੇ ਚਲੇ ਗਏ। ਇਹ ਪਾਨੇਲੀ ਪਿੰਡ ਛੱਡਣ ਦਾ ਪਹਿਲਾ ਕਦਮ ਸੀ।‘’
ਫਿਲਹਾਲ ਪਿੰਡ ਛੱਡਣ ਦੀ ਗੱਲ ਇੱਥੇ ਹੀ ਰੋਕਦੇ ਹਾਂ ਅਤੇ ਪਿੰਡ ਬਾਰੇ ਗੱਲ ਕਰਦੇ ਹਾਂ। ਪਾਨੇਲੀ ਮੋਟੀ ਪਿੰਡ ਰਾਜਕੋਟ ਜ਼ਿਲ੍ਹੇ ਦੀ ਤੁਪਲੇਟਾ ਤਹਿਸੀਲ ’ਚ ਪੈਂਦਾ ਹੈ।
ਇਹ ਯੂਪੀ-ਬਿਹਾਰ ਦੇ ਪਿੰਡਾਂ ਨਾਲੋਂ ਬਿਲਕੁਲ ਵੱਖਰਾ ਹੈ। ਇਸ ਪਿੰਡ ’ਚ ਸ਼ਹਿਰਾਂ ਦੀ ਤਰ੍ਹਾਂ ਦੁਕਾਨਾਂ ਹਨ, ਬੈਂਕ ਹਨ ਅਤੇ ਪਿੰਡ ਦੇ ਅੰਦਰ ਵੱਡੇ-ਵੱਡੇ ਟਰੱਕ ਆਰਾਮ ਨਾਲ ਆ ਜਾ ਸਕਦੇ ਹਨ। ਪਾਨੇਲੀ ਮੋਟੀ ਦੇ ਉਪ ਸਰਪੰਚ ਜਤਨਿਭਾਈ ਅਨੁਸਾਰ ਪਿੰਡ ਦੀ ਆਬਾਦੀ 13 ਹਜ਼ਾਰ ਹੈ ਅਤੇ ਇੱਥੇ ਅੱਜ ਵੀ 5-6 ਘਰ ਖੋਜਾ ਮੁਸਲਿਮ ਪਰਿਵਾਰਾਂ ਦੇ ਹਨ।
ਇਸ ਪਿੰਡ ਦੀ ਪਛਾਣ ਜਿਨਾਹ ਦੇ ਪਿੰਡ ਵਜੋਂ ਹੁੰਦੀ ਹੈ। ਤੁਹਾਨੂੰ ਪਿੰਡ ਦਾ ਬੱਚਾ ਵੀ ਉਸ ਘਰ ਤੱਕ ਪਹੁੰਚਾ ਦੇਵੇਗਾ, ਜਿਸ ਨੂੰ ਮੁਹੰਮਦ ਅਲੀ ਜਿਨਾਹ ਦੇ ਪਰਿਵਾਰ ਦਾ ਦੱਸਿਆ ਜਾਂਦਾ ਹੈ।
ਖਾਸ ਗੱਲਾਂ
- ਜਿਨਾਹ ਦੇ ਪੁਰਖੇ ਗੁਜਰਾਤ ’ਚ ਰਾਜਕੋਟ ਜ਼ਿਲ੍ਹੇ ਦੇ ਪਾਨੇਲੀ ਮੋਟੀ ਪਿੰਡ ਦੇ ਵਸਨੀਕ ਸਨ
- ਜਿਨਾਹ ਦੇ ਪਿਤਾ ਜੇਨਾਭਾਈ ਠੱਕਰ ਵਪਾਰ ਦੇ ਸਿਲਸਿਲੇ ’ਚ ਅਣਵੰਡੇ ਭਾਰਤ ਦੇ ਕਰਾਚੀ ਸ਼ਹਿਰ ਵਿਖੇ ਗਏ ਹੋਏ ਸਨ
- ਜੇਨਾਭਾਈ ਠੱਕਰ ਦੀ ਪਤਨੀ ਮਿਠੀਬਾਈ ਨੇ ਕਰਾਚੀ ’ਚ ਹੀ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਕਿ ਮੁਹੰਮਦ ਅਲੀ ਜਿਨਾਹ ਬਣੇ
- ਮੁਹੰਮਦ ਅਲੀ ਜੇਨਾਭਾਈ ਨੇ ਲੰਡਨ ਜਾਣ ਤੋਂ ਬਾਅਦ ਆਪਣਾ ਨਾਮ ਬਦਲ ਕੇ ਮੁਹੰਮਦ ਅਲੀ ਜਿਨਾਹ ਰੱਖ ਲਿਆ ਸੀ
- 16 ਸਾਲ ਦੀ ਉਮਰ ’ਚ ਹੀ ਮਿਠੀਭਾਈ ਨੇ ਪੁੱਤਰ ਦਾ ਵਿਆਹ ਪਾਨੇਲੀ ਮੋਟੀ ਪਿੰਡ ਦੀ 11 ਸਾਲਾ ਐਮੀਬਾਈ ਨਾਲ ਕਰਵਾ ਦਿੱਤਾ ਸੀ
- ਹਾਲਾਂਕਿ ਵਿਆਹ ਤੋਂ ਬਾਅਦ ਵੀ ਐਮੀਬਾਈ ਨੂੰ ਜਿਨਾਹ ਵੇਖ ਨਹੀਂ ਸਕੇ ਸਨ
ਇਹ ਘਰ ਤਕਰੀਬਨ 110 ਸਾਲ ਪੁਰਾਣਾ ਹੈ ਅਤੇ ਇਸ ਦੀਆਂ ਦੋ ਮੰਜ਼ਿਲਾਂ ਹਨ। ਇੱਕ ਰਸੋਈ ਘਰ ਦੇ ਨਾਲ ਦੋ ਕਮਰੇ ਹੇਠਾਂ ਹਨ ਅਤੇ ਦੂਜੇ ਰਸੋਈ ਘਰ ਦੇ ਨਾਲ ਦੋ ਕਮਰੇ ਉੱਪਰ ਹਨ।
ਗੁਜਰਾਤ ’ਚ ਅਜਿਹੇ ਘਰ ਬਹੁਤ ਮਿਲਦੇ ਹਨ। ਜਦੋਂ ਅਸੀਂ ਘਰ ਦੇ ਮੁੱਖ ਦਰਵਾਜ਼ੇ ਨੂੰ ਖੜਕਾਇਆ ਤਾਂ ਅੰਦਰੋਂ ਇੱਕ ਵਿਅਕਤੀ ਨੇ ਬਿਨ੍ਹਾਂ ਦਰਵਾਜ਼ਾਂ ਖੋਲ੍ਹਿਆਂ ਹੀ ਪੁੱਛਿਆ ਕਿ ਕੌਣ ਹੈ?
ਜਦੋਂ ਅਸੀਂ ਆਪਣੀ ਪਛਾਣ ਦੱਸੀ ਤਾਂ ਉਨ੍ਹਾਂ ਨੇ ਬਹੁਤ ਹੀ ਬੇਮਨ ਨਾਲ ਦਰਵਾਜ਼ਾ ਖੋਲ੍ਹਿਆ। ਅੰਦਰ ਜਾਣ ’ਤੇ ਉਨ੍ਹਾਂ ਨੇ ਸਾਨੂੰ ਬੈਠਣ ਲਈ ਵੀ ਨਹੀਂ ਕਿਹਾ।
ਅਸੀਂ ਉਨ੍ਹਾਂ ਤੋਂ ਉਨ੍ਹਾਂ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਨੇ ਅਣਚਾਹੇ ਢੰਗ ਨਾਲ ਆਪਣਾ ਅਧੂਰਾ ਨਾਮ ਪ੍ਰਵੀਨ ਦੱਸਿਆ। ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੂਰਾ ਨਾਮ ਪ੍ਰਵੀਨ ਭਾਈ ਪੋਪਟ ਦੱਸਿਆ। ਪ੍ਰਵੀਨ ਭਾਈ ਪਟੇਲ ਜਾਤੀ ਨਾਲ ਸਬੰਧ ਰੱਖਦੇ ਹਨ।
ਜਦੋਂ ਉਨ੍ਹਾ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਨ੍ਹਾਂ ਦੀ 70 ਸਾਲਾ ਮਾਂ ਨੰਦੂ ਬੇਨ ਵੀ ਉੱਥੇ ਹੀ ਸਨ। ਪ੍ਰਵੀਨ ਭਾਈ ਇਸ ਗੱਲ ਤੋਂ ਬਹੁਤ ਨਾਰਾਜ਼ ਰਹਿੰਦੇ ਹਨ ਕਿ ਉਨ੍ਹਾਂ ਦੇ ਘਰ ਕੋਈ ਵੀ ਕਿਸੇ ਵੀ ਸਮੇਂ ਆ ਕੇ ਪੁੱਛ-ਪੜਤਾਲ ਕਰਨ ਲੱਗ ਜਾਦਾ ਹੈ।
ਪ੍ਰਵੀਨ ਭਾਈ ਨੇ ਦੱਸਿਆ, “ਜਦੋਂ ਤੁਸੀਂ ਦਰਵਾਜ਼ਾ ਖੜਕਾਇਆ ਤਾਂ ਮੈਂ ਉਸ ਸਮੇਂ ਸੌਂ ਰਿਹਾ ਸੀ। ਹੁਣ ਮੈਂ ਖੇਤਾਂ ’ਚ ਕੰਮ ਕਰਨ ਲਈ ਜਾਣਾ ਹੈ। ਮੇਰੇ ਸੌਣ ਦਾ ਸਮਾਂ ਵੀ ਖਰਾਬ ਹੋਇਆ ਅਤੇ ਖੇਤ ਵੱਲ ਜਾਣ ਨੂੰ ਵੀ ਦੇਰੀ ਹੋ ਜਾਵੇਗੀ। ਇਹ ਸਿਰਫ਼ ਅੱਜ ਦੀ ਹੀ ਗੱਲ ਨਹੀਂ ਹੈ। ਅਜਿਹਾ ਹੁੰਦਾ ਹੀ ਰਹਿੰਦਾ ਹੈ। ਕਦੇ ਪੱਤਰਕਾਰ, ਕਦੇ ਜ਼ਿਲ੍ਹਾ ਅਧਿਕਾਰੀ, ਕਦੇ ਨੇਤਾ ਅਤੇ ਕਦੇ ਕੋਈ ਹੋਰ। ਸੱਚ ਕਹਾਂ ਤਾਂ ਮੈਂ ਇਸ ਘਰ ਤੋਂ ਪ੍ਰੇਸ਼ਾਨ ਹੋ ਗਿਆ ਹਾਂ। 2005 ’ਚ ਵਿਦੇਸ਼ੀ ਮੀਡੀਆ ਵੀ ਇਸ ਘਰ ਨੂੰ ਵੇਖਣ ਲਈ ਆਇਆ ਸੀ।”
ਅਡਵਾਨੀ ਦੀ ਪਾਕਿਸਤਾਨ ਫੇਰੀ ਦੌਰਾਨ ਪਾਨੇਲੀ ਮੋਟੀ ਹੋਰ ਸੁਰਖੀਆਂ ’ਚ ਆਇਆ
2005 ਵਿੱਚ ਭਾਜਪਾ ਦੇ ਤਤਕਾਲੀ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਪਾਕਿਸਤਾਨ ਗਏ ਸਨ। ਅਡਵਾਨੀ ਨੇ ਕਰਾਚੀ ਵਿੱਚ ਜਿਨਾਹ ਦੀ ਕਬਰ ’ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਜਿਨਾਹ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਡਵਾਨੀ ਨੇ ਉਨ੍ਹਾਂ ਨੂੰ ਧਰਮ ਨਿਰਪੱਖ ਅਤੇ ਹਿੰਦੂ-ਮੁਸਲਿਮ ਏਕਤਾ ਦਾ ਦੂਤ ਕਿਹਾ ਸੀ ।
ਜਿਨਾਹ ਦੀ ਪ੍ਰਸ਼ੰਸਾ ਕਰਦੇ ਹੋਏ ਅਡਵਾਨੀ ਨੇ ਉੱਥੋਂ ਦੇ ਰਜਿਸਟਰ ''ਤੇ ਲਿਖਿਆ ਸੀ, ''''ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਇਤਿਹਾਸ ''ਚ ਅਮਿੱਟ ਛਾਪ ਛੱਡੀ ਹੈ। ਪਰ ਇਤਿਹਾਸ ਰਚਣ ਵਾਲੇ ਬਹੁਤ ਘੱਟ ਲੋਕ ਹਨ। ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਉਨ੍ਹਾਂ ਕੁਝ ਲੋਕਾਂ ''ਚੋਂ ਇੱਕ ਹਨ।‘’
ਅਡਵਾਨੀ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ''ਚ ਕਾਫੀ ਵਿਵਾਦ ਹੋਇਆ ਸੀ। ਭਾਜਪਾ ਨੇ ਅਡਵਾਨੀ ਦੇ ਬਿਆਨ ਤੋਂ ਦੂਰੀ ਬਣਾ ਲਈ ਸੀ ।
ਕਿਹਾ ਜਾਂਦਾ ਹੈ ਕਿ ਇਸ ਬਿਆਨ ਤੋਂ ਬਾਅਦ ਭਾਜਪਾ ‘ਚ ਅਡਵਾਨੀ ਦਾ ਮੁਕਾਮ ਛੋਟਾ ਹੁੰਦਾ ਗਿਆ। ਅਡਵਾਨੀ ਦੇ ਇਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਪਾਨੇਲੀ ਮੋਟੀ ਪਿੰਡ ਤੱਕ ਵੀ ਪਹੁੰਚ ਗਿਆ ਸੀ।
ਪ੍ਰਵੀਨ ਭਾਈ ਦੇ ਵੱਡੇ ਭਰਾ ਚਮਨ ਭਾਈ ਪੋਕੀਆ ਦਾ ਕਹਿਣਾ ਹੈ, “ਅਡਵਾਨੀ ਦੇ ਪਾਕਿਸਤਾਨ ਦੌਰੇ ਤੋਂ ਅਸੀਂ ਸਭ ਤੋਂ ਵੱਧ ਪ੍ਰੇਸ਼ਾਨ ਹੋਏ ਸੀ। ਹਰ ਕੋਈ ਇਸ ਘਰ ‘ਚ ਆ ਕੇ ਜਿਨਾਹ ਨੂੰ ਲੱਭ ਰਿਹਾ ਸੀ। ਸੱਚ ਕਹਾਂ ਤਾਂ ਹੁਣ ਅਸੀਂ ਇਸ ਘਰ ਨੂੰ ਵੇਚਣਾ ਚਾਹੁੰਦੇ ਹਾਂ। ਜੇਕਰ ਕੋਈ ਖਰੀਦਦਾਰ ਹੋਵੇ ਤਾਂ ਸਾਨੂੰ ਦੱਸਣਾ, ਅਸੀਂ ਉਸ ਨੂੰ ਵੇਚ ਦੇਵਾਂਗੇ। ਉਹ ਭਾਵੇਂ ਇਸ ਨੂੰ ਜਿਨਾਹ ਨਾਲ ਸਬੰਧਤ ਅਜਾਇਬ ਘਰ ਬਣਾ ਲਵੇ।”
-
ਜਿਨਾਹ ਦੇ ਪੁਰਖਿਆਂ ਦੇ ਘਰ ਵਿੱਚ ਹੁਣ ਪ੍ਰਵੀਣ ਭਾਈ ਪੋਪਟ ਰਹਿੰਦੇ ਹਨ
ਪ੍ਰਵੀਨ ਦੀ ਮਾਂ ਨੰਦੂ ਬੇਨ ਦੱਸਦੇ ਹਨ ਕਿ ਇਸ ਘਰ ’ਚ ਕੁਝ ਵੀ ਨਹੀਂ ਬਦਲਿਆ ਹੈ।
ਉਹ ਯਾਦ ਕਰਦਿਆਂ ਦੱਸਦੇ ਹਨ, “ਮੇਰੀ ਜ਼ਿੰਦਗੀ ਤਾਂ ਇਸ ਘਰ ’ਚ ਬੀਤ ਗਈ ਹੈ। ਹੁਣ ਤਾਂ ਮੇਰਾ ਆਖਰੀ ਸਮਾਂ ਹੈ। ਮੇਰੇ ਪੁੱਤਰ ਇਸ ਘਰ ਦਾ ਜਿਨਾਹ ਦਾ ਘਰ ਹੋਣ ’ਤੇ ਪਰੇਸ਼ਾਨ ਹੁੰਦੇ ਹਨ, ਪਰ ਮੈਨੂੰ ਕਦੇ ਕੋਈ ਦਿੱਕਤ ਨਹੀਂ ਹੈ। ਜਦੋਂ ਮੈਂ ਇਸ ਘਰ ’ਚ ਵਿਆਹੀ ਆਈ ਸੀ ਤਾਂ ਉਦੋਂ ਵੀ ਇਹ ਅਜਿਹਾ ਹੀ ਸੀ। ਬਸ ਜਦੋਂ ਬਿਜਲੀ ਆਈ ਤਾਂ ਤਾਰਾਂ ਅਤੇ ਬਲਬ ਲੱਗੇ। ਕਈ ਥਾਵਾਂ ’ਤੇ ਪਲੱਸਤਰ ਵੀ ਕਰਵਾਇਆ ਗਿਆ ਹੈ। ਬਾਕੀ ਪੂਰਾ ਢਾਂਚਾ ਪਹਿਲਾਂ ਵਾਲਾ ਹੀ ਹੈ।”
50 ਸਾਲਾ ਪ੍ਰਵੀਨ ਭਾਈ ਪੋਕੀਆ ਦਾ ਕਹਿਣਾ ਹੈ, “ਜਦੋਂ ਮੈਂ ਸਕੂਲ ’ਚ ਪੜ੍ਹਦਾ ਸੀ ਉਦੋਂ ਵੀ ਲੋਕ ਕਿਹਾ ਕਰਦੇ ਸਨ ਕਿ ਮੇਰਾ ਘਰ ਜਿਨਾਹ ਦਾ ਘਰ ਹੈ। ਮੇਰੇ ਦਾਦਾ ਜੀ ਵੀ ਦੱਸਿਆ ਕਰਦੇ ਸਨ ਕਿ ਇਹ ਘਰ ਮੁਹੰਮਦ ਅਲੀ ਜਿਨਾਹ ਦੇ ਪਿਤਾ ਦਾ ਸੀ। ਪਿੰਡ ’ਚ ਮੇਰੀ ਪਛਾਣ ਇਸ ਗੱਲ ਤੋਂ ਵੀ ਹੈ ਕਿ ਇਸ ਘਰ ’ਚ ਜਿਨਾਹ ਦੇ ਦਾਦਾ ਜੀ ਅਤੇ ਪਿਤਾ ਜੀ ਰਹਿੰਦੇ ਰਹੇ ਹਨ। ਪਹਿਲਾਂ ਤਾਂ ਚੰਗਾ ਲੱਗਦਾ ਸੀ ਪਰ ਹੁਣ ਕਈ ਵਾਰ ਪ੍ਰੇਸ਼ਾਨੀ ਹੋ ਜਾਂਦੀ ਹੈ। ਮੈਂ ਤੁਹਾਡੇ ਜ਼ਰੀਏ ਕਹਿ ਰਿਹਾ ਹਾਂ ਕਿ ਮੈਂ ਇਹ ਘਰ ਵੇਚਣਾ ਚਾਹੁੰਦਾ ਹਾਂ।”
ਪ੍ਰਵੀਣ ਭਾਈ ਦੀ ਮਾਂ ਨੰਦੂ ਬੇਨ
ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ?
ਪਾਨੇਲੀ ਮੋਟੀ ਪਿੰਡ ਦੇ ਵਸਨੀਕ 70 ਸਾਲਾ ਕਿਰਨ ਭੀਮਾ ਜਿਆਨੀ ਜਿਨਾਹ ਦੀ ਪਛਾਣ ਨਾਲ ਜੁੜੀ ਜਾਣਕਾਰੀ ਫਟਾਫਟ ਦੇ ਦਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ “ਇਹ ਲੋਹਾਨਾ ਠੱਕਰ ਜਾਤੀ ਦੇ ਸਨ। ਇੰਨ੍ਹਾਂ ਲੋਕਾਂ ਨੇ ਬਾਅਦ ’ਚ ਇਸਲਾਮ ਕਬੂਲ ਕਰ ਲਿਆ ਸੀ। ਮੇਰੇ ਦਾਦਾ ਜੀ ਦੱਸਿਆ ਕਰਦੇ ਸਨ ਕਿ ਪੁੰਜਾਭਾਈ ਨੇ ਮੱਛੀ ਦਾ ਕਾਰੋਬਾਰ ਸ਼ੂਰੂ ਕੀਤਾ ਸੀ। ਇਸ ਲਈ ਲੋਹਾਨਾ-ਠੱਕਰ ਜਾਤੀ ਦੇ ਲੋਕਾਂ ਨੇ ਉਨ੍ਹਾਂ ਦਾ ਬਾਈਕਾਟ ਕਰ ਦਿੱਤਾ ਸੀ। ਬਾਇਕਾਟ ਕੀਤੇ ਜਾਣ ਤੋਂ ਬਾਅਦ ਇਸ ਪਰਿਵਾਰ ਨੇ ਇਸਲਾਮ ਧਰਮ ਕਬੂਲ ਕਰ ਲਿਆ ਸੀ। ਇਹ ਪਰਿਵਾਰ ਖੋਜਾ ਮੁਸਲਮਾਨ ਬਣ ਗਿਆ ਸੀ। ਮੇਰਾ ਘਰ ਵੀ ਨੇੜੇ ਹੀ ਹੈ। ਮੇਰਾ ਪਿੰਡ ਤਾਂ ਬਹੁਤ ਹੀ ਮਸ਼ਹੂਰ ਹੈ। ਹਰਸ਼ਦ ਮਹਿਤਾ ਵੀ ਇਸੇ ਪਿੰਡ ਦੇ ਹੀ ਸਨ।”
ਪਾਨੇਲੀ ਦੇ ਉਪ ਸਰਪੰਚ ਜਤਿਭਾਈ ਦਾ ਕਹਿਣਾ ਹੈ, “ਜਿਨਾਹ ਦੇ ਕਾਰਨ ਸਾਡੇ ਪਿੰਡ ਦਾ ਨਾਮ ਵੀ ਹੈ ਅਤੇ ਭਾਰਤ ਦੀ ਵੰਡ ਕਰਵਾਉਣ ਕਰਕੇ ਬਦਨਾਮ ਵੀ ਹੈ। ਜਿਨਾਹ ਭਾਰਤ ਦੇ ਆਜ਼ਾਦੀ ਸੰਗਰਾਮ ’ਚ ਸ਼ਾਮਲ ਸਨ, ਇਸ ’ਤੇ ਮਾਣ ਹੈ, ਪਰ ਉਨ੍ਹਾ ਨੇ ਪਾਕਿਸਤਾਨ ਬਣਾਇਆ, ਇਸ ਲਈ ਮੈਨੂੰ ਵੀ ਥੋੜ੍ਹਾ ਬਹੁਤ ਬੁਰਾ ਲੱਗਦਾ ਹੈ।”
ਚਿਮਨਭਾਈ ਪਟੇਲ ਇੰਸਟੀਚਿਊਟ ਦੇ ਡਾਇਰੈਕਟਰ ਡਾ. ਹਰੀ ਦੇਸਾਈ
ਚਿਮਨਭਾਈ ਪਟੇਲ ਇੰਸਟੀਚਿਊਟ ਦੇ ਡਾਇਰੈਕਟਰ ਡਾ. ਹਰੀ ਦੇਸਾਈ ਨੂੰ ਆਧੁਨਿਕ ਭਾਰਤ ਦੇ ਸਮਾਜਿਕ ਅਤੇ ਰਾਜਨੀਤਿਕ ਇਤਿਹਾਸ ਦੇ ਮਾਹਰ ਵੱਜੋਂ ਜਾਣਿਆ ਜਾਂਦਾ ਹੈ।
ਜਿਨਾਹ ਦੇ ਪਰਿਵਾਰ ਬਾਰੇ ਉਨ੍ਹਾ ਦਾ ਕਹਿਣਾ ਹੈ, “ਪੁੰਜਾਭਾਈ ਠੱਕਰ ਦੇ ਪੁੱਤਰ ਜੇਨਾਭਾਈ ਠੱਕਰ ਸਨ। ਜੇਨਾਭਾਈ ਦਾ ਪੁੱਤਰ ਮੈਮਦ ਯਾਨੀ ਕਿ ਮੁਹੰਮਦ ਅਲੀ ਜਿਨਾਹ ਸਨ। ਇਹ ਹਿੰਦੂ ਪਰਿਵਾਰ ਸੀ। ਪੁੰਜਾਭਾਈ ਮਛਲੀ ਦਾ ਵਪਾਰ ਕਰਦੇ ਸਨ। ਲੋਹਾਨਾ ਜਾਤੀ ਰੂੜ੍ਹੀਵਾਦੀ ਵਿਚਾਰਾਂ ਵਾਲੀ ਸੀ। ਅਜਿਹੇ ’ਚ ਮੱਛੀ ਦੇ ਵਪਾਰ ਨੂੰ ਲੈ ਕੇ ਕਾਫ਼ੀ ਵਿਰੋਧ ਹੋਇਆ। ਇਸ ਵਿਰੋਧ ਤੋਂ ਬਾਅਦ ਪੁੰਜਾਭਾਈ ਨੇ ਇਸਲਾਮ ਕਬੂਲ ਕਰ ਲਿਆ।”
ਡਾ. ਹਰੀ ਦੇਸਾਈ ਦਾ ਕਹਿਣਾ ਹੈ, “ਬਾਅਦ ’ਚ ਪੁੰਜਾਭਾਈ ਮੁੜ ਹਿੰਦੂ ਬਣਨਾ ਚਾਹੁੰਦੇ ਸਨ, ਪਰ ਲੋਕਾਂ ਨੇ ਉਨ੍ਹਾਂ ਨੂੰ ਸਵੀਕਾਰ ਨਾ ਕੀਤਾ। ਜੇਨਾਭਾਈ ਕਾਰੋਬਾਰ ਦੇ ਸਬੰਧ ’ਚ ਕਰਾਚੀ ਗਏ। ਮੁਹੰਮਦ ਅਲੀ ਜੇਨਾਭਾਈ ਨੇ ਬਾਅਦ ’ਚ ਆਪਣੇ ਨਾਮ ਅੰਗ੍ਰੇਜ਼ੀਕਰਨ ਕਰਦਿਆਂ ਆਪਣਾ ਨਾਮ ਜਿਨਾਹ ਰੱਖ ਲਿਆ ਸੀ।”
“ਜਿਨਾਹ ਲੰਡਨ ਪੜ੍ਹਾਈ ਕਰਨ ਲਈ ਨਹੀਂ ਬਲਕਿ ਕਾਰੋਬਾਰ ਲਈ ਗਏ ਸਨ। ਪਰ ਬਾਅਦ ’ਚ ਉਨ੍ਹਾਂ ਨੇ ਉੱਥੇ ਬੈਰਿਸਟਰੀ ਦੀ ਪੜ੍ਹਾਈ ਸ਼ੁਰੂ ਕੀਤੀ । ਉਨ੍ਹਾਂ ਦਾ ਜਿਸ ਕੁੜ੍ਹੀ ਨਾਲ ਵਿਆਹ ਹੋਇਆ ਸੀ, ਉਸ ਦਾ ਨਾਮ ਐਮੀਭਾਈ ਸੀ।”
ਜਿਨਾਹ ਦੀ ਮਾਂ ਚਾਹੁੰਦੀ ਸੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਹੋ ਜਾਵੇ ਤਾਂ ਕਿ ਉਹ ਲੰਡਨ ’ਚ ਕਿਸੇ ਗੋਰੀ ਕੁੜੀ ਨਾਲ ਵਿਆਹ ਨਾ ਕਰ ਲੈਣ। ਗਾਂਧੀ ਜੀ ਦਾ ਵਿਆਹ ਵੀ ਇਸੇ ਤਰ੍ਹਾਂ ਹੋਇਆ ਸੀ। ਜਿਨਾਹ ਨੇ ਬਾਅਦ ’ਚ ਇੱਕ ਪਾਰਸੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ।”
ਜੇਨਾਭਾਈ ਤੋਂ ਜਿਨਾਹ ਬਣਨ ਦੀ ਕਹਾਣੀ
ਪਨੇਲੀ ਮੋਟੀ ਪਿੰਡ
ਜਸਵੰਤ ਸਿੰਘ ਨੇ ਆਪਣੀ ਕਿਤਾਬ ’ਚ ਲਿਖਿਆ ਹੈ ਕਿ ਜਿਨਾਹ ਦੇ ਪਿਤਾ ਜੀ ਜੇਨਾਭਾਈ ਠੱਕਰ ਵਪਾਰ ਦੇ ਸਿਲਸਿਲੇ ’ਚ 1875 ’ਚ ਅਣਵੰਡੇ ਭਾਰਤ ਦੇ ਕਰਾਚੀ ਸ਼ਹਿਰ ਚਲੇ ਗਏ ਸਨ।
ਬੰਬੇ ਦੀ ਤਰ੍ਹਾਂ ਹੀ ਕਰਾਚੀ ਵਿਖੇ ਵੀ ਅੰਗਰੇਜ਼ਾਂ ਨੇ ਵਪਾਰਕ ਚੌਕੀਆਂ ਬਣਾਈਆਂ ਹੋਈਆਂ ਸਨ।
ਜਸਵੰਤ ਸਿੰਘ ਨੇ ਲਿਖਿਆ ਹੈ, “ਕਰਾਚੀ ’ਚ ਜੇਨਾਭਾਈ ਦੀ ਮੁਲਾਕਾਤ ਸਰ ਫ੍ਰੈਡਰਿਕ ਲੀ ਕ੍ਰਾਫ਼ਟ ਨਾਲ ਹੋਈ ਸੀ। ਉਹ ਕਰਾਚੀ ’ਚ ਇੱਕ ਪ੍ਰਮੁੱਖ ਪ੍ਰਬੰਧਨ ਏਜੰਸੀ ਡਗਲਸ ਗ੍ਰਾਹਮ ਐਂਡ ਕੰਪਨੀ ਦੇ ਜਨਰਲ ਮੈਨੇਜਰ ਸਨ। ਫ੍ਰੈਡਰਿਕ ਨਾਲ ਸੰਪਰਕ ਜੇਨਾਭਾਈ ਦੇ ਜੀਵਨ ’ਚ ਅਹਿਮ ਮੋੜ ਸਾਬਤ ਹੋਇਆ।”
“ਜੇਨਾਭਾਈ ਦਾ ਵਪਾਰ ਬਹੁਤ ਵਧਿਆ-ਫੁੱਲਿਆ ਅਤੇ ਕਾਫ਼ੀ ਆਰਥਿਕ ਲਾਭ ਵੀ ਪਹੁੰਚਿਆ। ਕਰਾਚੀ ਵਿਖੇ ਹੀ ਜੇਨਾਭਾਈ ਦੀ ਪਤਨੀ ਮਿਠੀਬਾਈ ਨੇ 25 ਅਕਤੂਬਰ, 1876 ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ (ਜਨਮ ਦੀ ਤਾਰੀਖ ਨੂੰ ਲੈ ਕੇ ਅਜੇ ਵੀ ਦੋਰਾਏ ਹਨ)। ਪੁੰਜਾਭਾਈ ਦੇ ਘਰ ’ਚ ਸਾਰੇ ਮਰਦ ਮੈਂਬਰਾਂ ਦੇ ਨਾਮ ਹਿੰਦੂਆਂ ਵਰਗੇ ਸਨ। ਪਰ ਕਰਾਚੀ ਬਿਲਕੁੱਲ ਵੱਖਰਾ ਸੀ।”
ਜਸਵੰਤ ਸਿੰਘ ਨੇ ਲਿਖਿਆ ਹੈ, “ਕਰਾਚੀ ’ਚ ਮੁਸਲਾਮਨਾਂ ਦੀ ਵੱਡੀ ਆਬਾਦੀ ਸੀ ਅਤੇ ਆਲੇ-ਦੁਆਲੇ ਦੇ ਬੱਚਿਆਂ ਦੇ ਨਾਮ ਬਿਲਕੁਲ ਉਹੋ ਜਿਹੇ ਹੀ ਸਨ, ਜਿਵੇਂ ਕਿ ਮੁਸਲਮਾਨ ਰੱਖਦੇ ਹਨ। ਜੇਨਾਭਾਈ ਨੂੰ ਲੱਗਿਆ ਕਿ ਉਹ ਆਪਣੇ ਨਵਜੰਮੇ ਬੱਚੇ ਦਾ ਨਾਮ ਇਸ ਤਰ੍ਹਾਂ ਦਾ ਨਾ ਰੱਖ ਲੈਣ ਜਿਸ ਨਾਲ ਕਿ ਬਾਅਦ ’ਚ ਕੋਈ ਨੁਕਸਾਨ ਹੋਵੇ।”
“ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਮੁਹੰਮਦ ਅਲੀ ਜੇਨਾਭਾਈ ਰੱਖਿਆ। ਹਾਲਾਂਕਿ ਉਨ੍ਹਾਂ ਨੇ ਨਾਮ ਦੇ ਅਖੀਰ ’ਚ ਕਾਠੀਆਵਾੜ ਇਲਾਕੇ ’ਚ ਪਿਤਾ ਦਾ ਨਾਮ ਜੋੜਨ ਦੀ ਰੀਤ ਨਾ ਛੱਡੀ।”
ਉਨ੍ਹਾ ਨੇ ਅੱਗੇ ਲਿਖਿਆ ਹੈ, “ਜੇਨਾਭਾਈ ਅਤੇ ਮਿਠੀਬਾਈ ਆਪਣੇ ਪੁੱਤਰ ਮੁਹੰਮਦ ਅਲੀ ਨੂੰ ‘ਅਕੀਕਾ’ ਦੀ ਰਸਮ ਲਈ ਹਸਨ ਪੀਰ ਦੀ ਦਰਗਾਹ ’ਤੇ ਲੈ ਕੇ ਗਏ। ਇਹ ਦਰਗਾਹ ਗਨੌਦ ਦੇ ਪਾਨੇ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਹੈ। ਇੱਥੇ ਹੀ ਮੁਹੰਮਦ ਅਲੀ ਦਾ ਮੁੰਡਨ ਹੋਇਆ ਸੀ। ਮਿਠੀਬਾਈ ਆਪਣੇ ਪੁੱਤਰ ਦੀ ਸਲਾਮਤੀ ਲਈ ਹੀ ਇਹ ਸਭ ਕਰਵਾ ਰਹੇ ਸਨ। ਮੁਹੰਮਦ ਅਲੀ ਜਿਨਾਹ ਦੀ ਮੁੱਢਲੀ ਸਿੱਖਿਆ ਰਸਮੀ ਤੌਰ ’ਤੇ ਨਹੀਂ ਹੋਈ ਸੀ।
ਮਿਠੀਬਾਈ ਅਤੇ ਜੇਨਾਭਾਈ ਨੇ ਪਾਨੇਲੀ ਮੋਟੀ ਪਿੰਡ ਤੋਂ ਹੀ ਗੁਜਰਾਤੀ ਪੜ੍ਹਾਉਣ ਲਈ ਇੱਕ ਅਧਿਆਪਕ ਨੂੰ ਬੁਲਾਇਆ ਸੀ। 9 ਸਾਲ ਦੀ ਉਮਰ ’ਚ ਉਨ੍ਹਾਂ ਨੂੰ ਪ੍ਰਾਇਮਰੀ ਸਕੂਲ ਭੇਜਿਆ ਗਿਆ ਸੀ ਅਤੇ ਬਾਅਦ ’ਚ ਸਿੰਧ-ਮਦਰੱਸਾ-ਤੁਲ-ਇਸਲਾਮ ’ਚ ਤਬਦੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਇੱਥੇ ਸਾਢੇ ਤਿੰਨ ਸਾਲ ਤੱਕ ਪੜ੍ਹਾਈ ਕੀਤੀ। ਮਦਰੱਸੇ ਤੋਂ ਬਾਅਦ ਮੁਹੰਮਦ ਅਲੀ ਨੂੰ ਕਰਾਚੀ ਦੇ ਚਰਚ ਮਿਸ਼ਨ ਸਕੂਲ ’ਚ ਭੇਜਿਆ ਗਿਆ।”
1892 ’ਚ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ’ਚ ਜਿਨਾਹ ਫ੍ਰੈਡਰਿਕ ਦੀ ਸਲਾਹ ’ਤੇ ਕਾਰੋਬਾਰ ਸਿੱਖਣ ਲਈ ਲੰਡਨ ਚਲੇ ਗਏ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਨਾਮ ਤੋਂ ਜੇਨਾਭਾਈ ਦਾ ਭਾਈ ਹਟਾ ਕੇ ਸਿਰਫ ਜਿਨਾਹ ਕਰ ਲਿਆ ਸੀ।
ਜਿਨਾਹ ਦੇ ਪਰਿਵਾਰ ਦੀਆਂ ਜੜ੍ਹਾਂ
ਜਿਨਾਹ ਤੇ ਗਾਂਧੀ
ਅਮਰੀਕਾ ਦੇ ਮੰਨੇ-ਪ੍ਰਮੰਨੇ ਇਤਿਹਾਸਕਾਰ ਸਟੈਨਲੀ ਵਾਲਪੋਰਟ ਨੇ ਜਿਨਾਹ ’ਤੇ ਇੱਕ ਕਿਤਾਬ ਲਿਖੀ ਹੈ- ਜਿਨਾਹ ਆਫ਼ ਪਾਕਿਸਤਾਨ।
ਉਨ੍ਹਾਂ ਨੇ ਇਸ ਕਿਤਾਬ ’ਚ ਜਿਨਾਹ ਦੇ ਪਰਿਵਾਰ ਦੇ ਬਾਰੇ ਲਿਖਿਆ ਹੈ, “ਜਿਨਾਹ ਦਾ ਜਨਮ ਇੱਕ ਸ਼ੀਆ ਮੁਸਲਿਮ ਖੋਜਾ ਪਰਿਵਾਰ ’ਚ ਹੋਇਆ ਸੀ। ਇਹ ਇਸਲਾਮੀ ਆਗ਼ਾ ਖਾਨ ਦੇ ਪੈਰੋਕਾਰ ਹੁੰਦੇ ਹਨ। 10ਵੀਂ ਤੋਂ 16ਵੀਂ ਸਦੀ ਦਰਮਿਆਨ ਹਜ਼ਾਰਾਂ ਖੋਜਾ ਪਰਿਵਾਰਾਂ ਨੇ ਈਰਾਨ ’ਚ ਹੋ ਰਹੇ ਜ਼ੁਲਮਾਂ ਤੋਂ ਪ੍ਰੇਸ਼ਾਨ ਹੋ ਕੇ ਪੱਛਮੀ ਭਾਰਤ ਸਮੇਤ ਹੋਰ ਕਈ ਇਲਾਕਿਆਂ ਵੱਲ ਭੱਜਣਾ ਪਿਆ ਸੀ। ਜਿਨਾਹ ਦੇ ਪੁਰਖੇ ਕਦੋਂ ਭੱਜ ਕੇ ਆਏ ਸਨ, ਇਸ ਦੀ ਸਹੀ ਤਾਰੀਖ ਮਾਲੂਮ ਨਹੀਂ ਹੈ। ਪਰ ਖੋਜਾ ਤਾਂ ਖੁਦ ਵੀ ਇਸਲਾਮ ਅੰਦਰ ਘੱਟ ਗਿਣਤੀ ’ਚ ਹਨ ਅਤੇ ਭਾਰਤ ’ਚ ਇਸਲਾਮ ਮੰਨਣ ਵਾਲੇ ਘੱਟ ਗਿਣਤੀ ਹੀ ਹਨ।”
“ਖੋਜਾ ਵਪਾਰ ਕਰਨ ਵਾਲਾ ਇੱਕ ਭਾਈਚਾਰਾ ਹੈ ਅਤੇ ਉਹ ਦੁਨੀਆ ਭਰ ’ਚ ਕਾਰੋਬਾਰ ਲਈ ਯਾਤਰਾਵਾਂ ਕਰਦੇ ਰਹਿੰਦੇ ਹਨ। ਇਹ ਲੋਕਾਂ ਨਾਲ ਬਹੁਤ ਜਲਦੀ ਘੁਲ-ਮਿਲ ਜਾਂਦੇ ਹਨ ਅਤੇ ਦੂਜੀਆਂ ਭਾਸ਼ਾਵਾਂ ਵੀ ਸਿੱਖ ਜਾਂਦੇ ਹਨ। ਇਹ ਬਹੁਤ ਚੁਸਤ-ਚਲਾਕ ਹੁੰਦੇ ਹਨ ਅਤੇ ਖੁਸ਼ਹਾਲ ਵੀ ਹੁੰਦੇ ਹਨ।”
“ਮਹਾਤਮਾ ਗਾਂਧੀ ਹਿੰਦੂਆਂ ’ਚ ਬਨੀਆ ਜਾਤੀ ਨਾਲ ਸਬੰਧਤ ਸਨ ਅਤੇ ਉਨ੍ਹਾਂ ਦਾ ਘਰ ਜਿਨਾਹ ਦੇ ਪਰਿਵਾਰ ਤੋਂ ਮਹਿਜ 95 ਕਿਲੋਮੀਟਰ ਦੀ ਦੂਰੀ ’ਤੇ ਸੀ। ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਰਾਸ਼ਟਰ ਪਿਤਾ ਦੀ ਮਾਤ ਭਾਸ਼ਾ ਗੁਜਰਾਤੀ ਹੀ ਸੀ।”
ਪਾਕਿਸਤਾਨ ਦੇ ਮਸ਼ਹੂਰ ਇਤਿਹਾਸਕਾਰ ਮੁਬਾਰਕ ਅਲੀ ਤੋਂ ਪੁੱਛਿਆ ਗਿਆ ਕਿ ਕੀ ਜਿਨਾਹ ਦੇ ਦਾਦਾ ਜੀ ਹਿੰਦੂ ਤੋਂ ਮੁਸਲਮਾਨ ਬਣੇ ਸਨ?
ਉਨ੍ਹਾਂ ਨੇ ਜਵਾਬ ਦਿੱਤਾ ਕਿ “ਵੱਡੀ ਗਿਣਤੀ ’ਚ ਹਿੰਦੂ ਵੀ ਖੋਜਾ ਮੁਸਲਮਾਨ ਬਣੇ ਸਨ। ਜਿਨਾਹ ਦੇ ਦਾਦਾ ਜੀ ਅਤੇ ਪਿਤਾ ਜੀ ਦੇ ਜਿਸ ਤਰ੍ਹਾਂ ਦੇ ਨਾਮ ਸਨ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਪਰਿਵਾਰ ਹਿੰਦੂ ਤੋਂ ਮੁਸਲਮਾਨ ਬਣਿਆ ਸੀ।”
ਇਸਲਾਮਿਕ ਵਿਦਵਾਨ ਅਤੇ ਬਰਤਾਨੀਆਂ ’ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਕਬਰ ਐਸ ਅਹਿਮਦ ਵੀ ਜਿਨਾਹ ਦੇ ਪੁਰਖਿਆਂ ਦੀਆਂ ਜੜ੍ਹਾਂ ਈਰਾਨ ਨਾਲ ਜੋੜਦੇ ਹਨ।
ਜਿਨਾਹ ਤੇ ਗਾਂਧੀ
ਉਨ੍ਹਾਂ ਨੇ ਨਿਊਯਾਰਕ ਟਾਈਮਜ਼ ’ਚ ਲਿਖੇ ਇੱਕ ਲੇਖ ’ਚ ਕਿਹਾ ਸੀ ਕਿ “ਜਿਨਾਹ ਦੇ ਦਾਦਾ ਜੀ, ਪਿਤਾ ਜੀ, ਮਾਂ ਅਤੇ ਭੈਣ-ਭਰਾਵਾਂ ਦੇ ਨਾਮ ਹਿੰਦੂਆਂ ਵਰਗੇ ਸਨ। ਹਾਲਾਂਕਿ ਗੈਰ-ਭਾਰਤੀ ਮੂਲ ਦੀ ਪਛਾਣ ਨੂੰ ਘਟਾਉਣ ਲਈ ਮੁਸਲਿਮ ਸਮਾਜ ’ਚ ਇਸ ਤਰ੍ਹਾਂ ਦੀ ਗੱਲਾਂ ਵਾਪਰਦੀਆਂ ਰਹਿੰਦੀਆਂ ਹਨ।”
ਖਾਸ ਕਰਕੇ ਅਜਿਹੇ ਸਮਾਜ ’ਚ ਜਿੱਥੇ ਲੋਕ ਪਰਿਵਾਰ ਦੇ ਨਾਮ ਤੋਂ ਹੀ ਰੁਤਬਾ ਹਾਸਲ ਕਰਦੇ ਹਨ। ਹਾਲਾਂਕਿ ਹੋਰ ਸਰੋਤਾਂ ਦੇ ਅਨੁਸਾਰ ਜਿਨਾਹ ਦੇ ਪੁਰਖਿਆਂ ਦਾ ਸਬੰਧ ਈਰਾਨ ਨਾਲ ਨਹੀਂ ਸੀ। ਇੱਕ ਪਾਕਿਸਤਾਨੀ ਲੇਖਕ ਦੇ ਅਨੁਸਾਰ ਜਿਨਾਹ ਦੇ ਪੁਰਖੇ ਪੰਜਾਬ ’ਚ ਸਾਹੀਵਾਲ ਰਾਜਪੂਤ ਸੀ ਅਤੇ ਉਨ੍ਹਾ ਦਾ ਵਿਆਹ ਕਾਠੀਆਵਾੜ ’ਚ ਇੱਕ ਇਸਮਾਈਲੀ ਖੋਜਾ ਔਰਤ ਨਾਲ ਹੋਇਆ ਸੀ।”
ਸਟੈਨਲੀ ਵਾਲਪੋਟ ਨੇ ਵੀ ਲਿਖਿਆ ਹੈ ਕਿ ਜਿਨਾਹ ਦੇ ਲੰਡਨ ਜਾਣ ਨੂੰ ਲੈ ਕੇ ਜੇਨਾਭਾਈ ਅਤੇ ਮਿਠੀਬਾਈ ਦੋਵੇਂ ਹੀ ਡਰੇ ਹੋਏ ਸਨ। ਇਸੇ ਡਰ ਦੇ ਚੱਲਦਿਆਂ ਉਨ੍ਹਾਂ ਨੇ ਪਾਨੇਲੀ ਮੋਟੀ ਪਿੰਡ ਦੀ ਇੱਕ ਖੋਜਾ ਕੁੜੀ ਐਮੀਬਾਈ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ ਸੀ।
ਸਟੈਨਲੀ ਨੇ ਜਿਨਾਹ ਦੀ ਭੈਣ ਫ਼ਾਤਿਮਾ ਦੇ ਹਵਾਲੇ ਤੋਂ ਲਿਖਿਆ ਹੈ, “ਵਿਆਹ ਦੇ ਮੌਕੇ ਜਿਨਾਹ ਸਿਰਫ 16 ਸਾਲਾ ਦੇ ਸਨ ਅਤੇ ਜਿਸ ਕੁੜੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਉਸ ਨੂੰ ਉਹ ਕਦੇ ਵੀ ਨਹੀਂ ਵੇਖ ਸਕੇ ਸੀ। ਵਿਆਹ ਮੌਕੇ ਐਮੀਬਾਈ ਉੱਪਰ ਤੋਂ ਹੇਠਾਂ ਤੱਕ ਕੱਪੜਿਆਂ ਨਾਲ ਢਕੀ ਹੋਈ ਸੀ। ਵਿਆਹ ਤੋਂ ਬਾਅਦ ਜਿਨਾਹ ਲੰਡਨ ਚਲੇ ਗਏ ਅਤੇ ਜਦੋਂ ਉਹ ਵਾਪਸ ਆਏ ਤਾਂ ਉਸ ਸਮੇਂ ਐਮੀਬਾਈ ਦੀ ਮੌਤ ਹੋ ਚੁੱਕੀ ਸੀ।”
ਪਾਨੇਲੀ ਮੋਟੀ ਪਿੰਡ ’ਚ ਐਮੀਬਾਈ ਅਤੇ ਉਨ੍ਹਾਂ ਦੇ ਟੱਬਰ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ ਹੈ।
ਇਸ ਸਾਲ ਮਾਰਚ ’ਚ ਅਹਿਮਦਾਬਾਦ ’ਚ ਰਾਸ਼ਟਰੀ ਸਵੈਮ ਸੇਵਕ ਸੰਘ ਭਾਵ ਆਰਐਸਐਸ ਵੱਲੋਂ ਆਯੋਜਿਤ ਇੱਕ ਪ੍ਰਦਰਸ਼ਨੀ ’ਚ 200 ਅਜਿਹੀਆਂ ਸ਼ਖ਼ਸੀਅਤਾਂ ਦੀ ਫੋਟੋ ਫੀਚਰ ਪੇਸ਼ ਕੀਤੀ ਗਈ ਸੀ, ਜਿਨ੍ਹਾਂ ਦੀਆਂ ਜੜ੍ਹਾਂ ਗੁਜਰਾਤ ਤੋਂ ਹਨ।
ਇਸ ’ਚ ਮੁਹੰਮਦ ਅਲੀ ਜਿਨਾਹ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਜਿਨਾਹ ਤੋਂ ਇਲਾਵਾ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ, ਅਜ਼ੀਮ ਪ੍ਰੇਮਜੀ, ਕ੍ਰਿਕਟਰ ਵਿਨੂ ਮਾਂਕੜ, ਮਸ਼ਹੂਰ ਅਦਾਕਾਰ ਹਰੀਭਾਈ ਜਰੀਵਾਲਾ ਯਾਨੀ ਸੰਜੀਵ ਕੁਮਾਰ ਅਤੇ ਡਿੰਪਲ ਕਪਾਡੀਆ ਵੀ ਸ਼ਾਮਲ ਸਨ।
ਹਾਲਾਂਕਿ ਬਾਅਦ ਵਿੱਚ ਮੁਹੰਮਦ ਅਲੀ ਜਿਨਾਹ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ, ਪਰ ਆਰਐਸਐਸ ਨੇ ਇਸ ਪ੍ਰਦਰਸ਼ਨੀ ''ਚੋਂ ਜਿਨਾਹ ਦੀ ਤਸਵੀਰ ਹਟਾ ਦਿੱਤੀ ਸੀ।
ਆਰਐਸਐਸ ਨੇ ਭਾਵੇਂ ਜਿਨਾਹ ਦੀ ਤਸਵੀਰ ਹਟਾ ਦਿੱਤੀ ਹੋਵੇ ਪਰ ਪ੍ਰਵੀਨ ਭਾਈ ਪੋਕੀਆ ਆਪਣੇ ਘਰ ਦੀ ਪਛਾਣ ਜਿਨਾਹ ਤੋਂ ਵੱਖ ਨਹੀਂ ਕਰ ਪਾ ਰਹੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕਿਸਾਨ ਅੰਦੋਲਨ: ਲਾਡੋ ਰਾਣੀ ਤੇ ਬੇਬੇ ਮਹਿੰਦਰ ਕੌਰ ਸਣੇ 5 ਚਿਹਰੇ ਜਿਹੜੇ ਹਮੇਸ਼ਾ ਚੇਤੇ ਕੀਤੇ ਜਾਣਗੇ
NEXT STORY