ਕਿਹਾ ਜਾਂਦਾ ਹੈ ਕਿ ਜਦੋਂ ਡੇਵਿਡ ਹੇਡਲੀ ਨੇ ਪਹਿਲੀ ਵਾਰ ਸਤੰਬਰ, 2006 ਵਿੱਚ ਤਾਜ ਹੋਟਲ ਵਿੱਚ ਪ੍ਰਵੇਸ਼ ਕੀਤਾ ਤਾਂ ਉੱਥੋਂ ਦੀ ਖੁਸ਼ਹਾਲੀ ਅਤੇ ਉੱਥੇ ਕੰਮ ਕਰਨ ਵਾਲੇ ਲੋਕਾਂ ਦੇ ਵਿਵਹਾਰ ਨੂੰ ਦੇਖ ਕੇ ਮਹਿਸੂਸ ਕੀਤਾ ਕਿ ਇਸ ਸ਼ਾਨਦਾਰ ਜਗ੍ਹਾ ਨੂੰ ਤਬਾਹ ਕਰਨਾ ਸੌਖਾ ਨਹੀਂ ਹੋਵੇਗਾ।
ਟਾਵਰ ਲੌਬੀ ਵਿੱਚ ‘ਫ੍ਰਾਂਜੇਪਾਣੀ’ ਦੀ ਨਸ਼ੀਲੀ ਮਹਿਕ ਅਤੇ ਸੀ ਲਾਊਂਜ ਦੀਆਂ ਖਿੜਕੀਆਂ ਤੋਂ ਗੇਟਵੇ ਆਫ਼ ਇੰਡੀਆ ਦੇ ਦ੍ਰਿਸ਼ ਨੇ ਉਸ ਨੂੰ ਕਰੀਬ-ਕਰੀਬ ਵਿਸ਼ਵਾਸ ਦਵਾ ਦਿੱਤਾ ਕਿ ਇਸ ਹੋਟਲ ਨੂੰ ਨਸ਼ਟ ਕਰਨ ਬਾਰੇ ਸੋਚਣਾ ਗ਼ਲਤ ਹੈ।
ਮੁੰਬਈ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਹੇਡਲੀ ਕੋਲ ਤਾਜ ਵਿੱਚ ਰੁਕਣ ਲਈ ਲੋੜੀਂਦੇ ਪੈਸੇ ਨਹੀਂ ਸਨ।
ਹੇਡਲੀ ਨੇ ਉੱਥੋਂ ਸਾਢੇ ਚਾਰ ਮੀਲ ਦੂਰ ਭੂਲਾਭਾਈ ਰੋਡ ’ਤੇ ਆਪਣਾ ਟਿਕਾਣਾ ਬਣਾਇਆ ਤੇ ਤਕਰੀਬਨ ਰੋਜ਼ ਤਾਜ ਹੋਟਲ ਜਾਂਦਾ ਸੀ।
ਉੱਥੋਂ ਦੇ ਵੇਟਰਾਂ, ਮੈਨੇਜਰਾਂ ਅਤੇ ਮਹਿਮਾਨਾਂ ਨੇ ਉਸ ਨੂੰ ਅਕਸਰ ਹਾਰਬਰ ਬਾਰ ਵਿੱਚ ਫਰੈਂਚ ਸ਼ੈਂਪੇਨ ਦਾ ਗਲਾਸ ਹੱਥ ਵਿੱਚ ਲਈ ਦੇਖਿਆ। ਹੇਡਲੀ ਨੂੰ ਕੋਈ ਅਣਦੇਖਿਆਂ ਨਹੀਂ ਸੀ ਕਰ ਸਕਦਾ।
ਐਂਡਰੀਅਨ ਲੇਵੀ ਅਤੇ ਕੈਥੀ ਸਕਾਟ ਕਲਾਰਕ ਮੁੰਬਈ ਹਮਲਿਆਂ ’ਤੇ ਆਪਣੀ ਕਿਤਾਬ ‘ਦਿ ਸੀਜ, ਦਿ ਅਟੈਕ ਆਨ ਦਿ ਤਾਜ’ ਵਿੱਚ ਲਿਖਦੇ ਹਨ: ‘‘ਹੈਡਲੀ 6 ਫੁੱਟ 2 ਇੰਚ ਲੰਬਾ ਸੀ। ਉਸ ਦੇ ਲੰਬੇ ਸੁਨਹਿਰੇ ਵਾਲ ਪੋਨੀ ਟੇਲ ਵਿੱਚ ਬੰਨ੍ਹੇ ਰਹਿੰਦੇ ਸਨ।”
“ਉਹ ਅਕਸਰ ਮੁੜੀ ਜਿਹੀ ਅਰਮਾਨੀ ਜੀਨਜ਼ ਅਤੇ ਕਮੀਜ਼ ਵਿੱਚ ਨਜ਼ਰ ਆਉਂਦਾ ਸੀ ਅਤੇ ਉਸ ਦੇ ਮੋਢਿਆਂ ’ਤੇ ਇੱਕ ਚਮੜੇ ਦੀ ਜੈਕੇਟ ਲਟਕਦੀ ਰਹਿੰਦੀ ਸੀ।’’
‘‘ਉਸ ਦੇ ਗੁੱਟ ’ਤੇ ਕਰੀਬ 9 ਲੱਖ ਰੁਪਏ ਦੀ ਰੋਲੈਕਸ ਘੜੀ ਬੰਨ੍ਹੀ ਰਹਿੰਦੀ ਸੀ। ਮੁੰਬਈ ਵਿੱਚ ਉਹ ਡੇਵਿਡ ਦੇ ਨਾਂ ਨਾਲ ਮਸ਼ਹੂਰ ਸੀ, ਪਰ ਆਪਣੀ ਭੈਣ ਸ਼ੈਰੀ, ਮਤਰਏ ਭਰਾਵਾਂ ਹਮਜ਼ਾ ਅਤੇ ਦਾਨਿਆਲ, ਪਤਨੀਆਂ ਪੋਰਸ਼ੀਆ, ਸ਼ਾਜ਼ੀਆ ਅਤੇ ਫ਼ੈਜ਼ਾ ਅਤੇ ਸਭ ਤੋਂ ਚੰਗੇ ਦੋਸਤ ਤਹੱਵੁਰ ਰਾਣਾ ਲਈ ਉਹ ਪਾਕਿਸਤਾਨੀ ਮੂਲ ਦਾ ਅਮਰੀਕੀ ਸੀ ਜਿਸ ਦਾ ਅਸਲੀ ਨਾਂ ਸੀ ਦਾਊਦ ਸਲੀਮ ਜਿਲਾਨੀ।’’
ਪਿਤਾ ਪਾਕਿਸਤਾਨ ਦੀ ਮਸ਼ਹੂਰ ਮੀਡੀਆ ਸ਼ਖ਼ਸੀਅਤ
ਦਾਊਦ ਜਾਂ ਕਹੀਏ ਡੇਵਿਡ ਦੇ ਪਿਤਾ ਸੱਯਦ ਸਲੀਮ ਜਿਲਾਨੀ ਪਾਕਿਸਤਾਨ ਦੇ ਨਾਮੀ ਬ੍ਰਾਡਕਾਸਟਰ ਸਨ। ਉਹ ਜਦੋਂ ਕੁਝ ਸਾਲਾਂ ਲਈ ਵੌਇਸ ਆਫ਼ ਅਮਰੀਕਾ ਵਿੱਚ ਕੰਮ ਕਰਨ ਲਈ ਵਾਸ਼ਿੰਗਟਨ ਗਏ ਸੀ ਤਾਂ ਉਨ੍ਹਾਂ ਦੀ ਮੁਲਾਕਾਤ 19 ਸਾਲ ਦੀ ਸੇਰਿਲ ਨਾਲ ਹੋਈ ਸੀ, ਜੋ ਮੈਰੀਲੈਂਡ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਸੀ।
ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਪਾਕਿਸਤਾਨ ਆ ਗਏ, ਪਰ ਇਹ ਵਿਆਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲਿਆ ਅਤੇ ਸਨ 1966 ਵਿੱਚ ਸੇਰਿਲ ਅਤੇ ਜਿਲਾਨੀ ਦਾ ਤਲਾਕ ਹੋ ਗਿਆ।
ਸੇਰਿਲ ਵਾਪਸ ਅਮਰੀਕਾ ਪਰਤ ਆਈ।
ਦੋਵਾਂ ਦੀ ਔਲਾਦ ਦਾਊਦ ਆਪਣੇ ਪਿਤਾ ਅਤੇ ਆਪਣੀ ਮਤਰੇਈ ਮਾਂ ਕੋਲ ਲਾਹੌਰ ਰਹਿਣ ਲੱਗਿਆ। ਪਰ ਜਦੋਂ ਦਾਊਦ 16 ਸਾਲ ਦਾ ਹੋਇਆ ਤਾਂ ਉਹ ਵੀ ਆਪਣੀ ਮਾਂ ਕੋਲ ਅਮਰੀਕਾ ਚਲਾ ਗਿਆ।
ਸਾਲ 1984 ਵਿੱਚ ਉਸ ਦਾ ਫਿਰ ਪਾਕਿਸਤਾਨ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਦਰਮਿਆਨ ਉਸ ਦਾ ਸੰਪਰਕ ਡਰੱਗ ਤਸਕਰਾਂ ਨਾਲ ਹੋਇਆ ਅਤੇ ਉਹ ਹੈਰੋਇਨ ਤਸਕਰੀ ਦੇ ਕੰਮ ਵਿੱਚ ਲੱਗ ਗਿਆ।
ਚਾਰ ਸਾਲ ਬਾਅਦ ਕਸਟਮ ਅਧਿਕਾਰੀਆਂ ਨੇ ਉਸ ਨੂੰ ਫਰੈਂਕਫਰਟ ਹਵਾਈ ਅੱਡੇ ’ਤੇ ਦੋ ਕਿਲੋ ਹੈਰੋਇਨ ਨਾਲ ਫੜਿਆ ਸੀ। ਉਸ ਦੇ ਪਿਤਾ ਨੇ ਉਸ ਨਾਲ ਆਪਣੇ ਸਾਰੇ ਸਬੰਧ ਤੋੜ ਲਏ।
ਜਰਮਨ ਅਧਿਕਾਰੀਆਂ ਨੇ ਉਸ ਨੂੰ ਅਮਰੀਕਾ ਨੂੰ ਸੌਂਪ ਦਿੱਤਾ। ਉੱਥੇ ਉਸ ਨੇ ਅਮਰੀਕੀਆਂ ਨਾਲ ਇੱਕ ਸੌਦਾ ਕੀਤਾ ਜਿਸ ਤਹਿਤ ਤੈਅ ਹੋਇਆ ਕਿ ਉਹ ਉਨ੍ਹਾਂ ਲਈ ਮੁਖ਼ਬਰੀ ਦਾ ਕੰਮ ਕਰਦੇ ਹੋਏ ਪਾਕਿਸਤਾਨ-ਅਮਰੀਕਾ ਹੈਰੋਇਨ ਨੈੱਟਵਰਕ ਵਿੱਚ ਘੁਸਪੈਠ ਕਰ ਕੇ ਉਨ੍ਹਾਂ ਦੀ ਗੁਪਤ ਸੂਚਨਾ ਡਰੱਗ ਇਨਫ਼ੋਰਸਮੈਂਟ ਐਡਮਨਿਸ਼ਟ੍ਰੇਸ਼ਨ (ਡੀਈਏ) ਤੱਕ ਪਹੁੰਚਾਏਗਾ।
ਡੇਵਿਡ ਕੋਲਮੈਨ ਹੇਡਲੀ ਦੀ ਪੁਰਾਣੀ ਤਸਵੀਰ
ਅਲ ਕਾਇਦਾ ਅਤੇ ਲਸ਼ਕਰ ਨਾਲ ਹਮਦਰਦੀ
ਅਗਸਤ, 1999 ਵਿੱਚ ਦਾਊਦ ਦੀ ਪਾਕਿਸਤਾਨ ਵਾਪਸੀ ਹੋਈ। ਉਸ ਲਈ ਇਸ ਯਾਤਰਾ ਦਾ ਹਵਾਈ ਟਿਕਟ ਅਮਰੀਕਾ ਸਰਕਾਰ ਨੇ ਖ਼ਰੀਦਿਆ।
ਐਂਡਰੀਅਨ ਲੇਵੀ ਅਤੇ ਕੈਥੀ ਕਲਾਰਕ ਲਿਖਦੇ ਹਨ, ‘‘ਉਸ ਨੇ ਘੁਸਪੈਠ ਦੇ ਬਿਲਕੁਲ ਕਿਤਾਬੀ ਤਰੀਕੇ ’ਤੇ ਅਮਲ ਕੀਤਾ। ਉਸ ਨੇ ਇੱਕ ਰਵਾਇਤੀ ਪਾਕਿਸਤਾਨੀ ਔਰਤ ਸ਼ਾਜ਼ੀਆ ਅਹਿਮਦ ਨਾਲ ਵਿਆਹ ਕੀਤਾ।’’
‘‘ਉਸ ਨੇ ਆਪਣੇ ਪਿਤਾ ਦੀ ਮਦਦ ਨਾਲ ਜੋ ਹੁਣ ਤੱਕ ਰੇਡਿਓ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਬਣ ਚੁੱਕੇ ਸਨ, ਲਾਹੌਰ ਨਹਿਰ ਨੇੜਲੇ ਇਲਾਕੇ ਵਿੱਚ ਇੱਕ ਘਰ ਖਰੀਦਿਆ।’’
‘‘ਸਾਲ 2000 ਦੇ ਅੰਤ ਵਿੱਚ ਜਦੋਂ ਅਲ-ਕਾਇਦਾ ਨੇ ਯਮਨ ਵਿੱਚ ਅਮਰੀਕੀ ਜਹਾਜ਼ ਯੂਐੱਸਐੱਸ ਕੋਲ ’ਤੇ ਹਮਲਾ ਕੀਤਾ ਤਾਂ ਡੇਵਿਡ ਨੇ ਲਸ਼ਕਰ ਜਿਹਾਦ ਫੰਡ ਵਿੱਚ 50 ਹਜ਼ਾਰ ਰੁਪਏ ਦਾ ਚੰਦਾ ਦਿੱਤਾ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦਾ ਭਾਸ਼ਣ ਸੁਣਨ ਗਿਆ।’’
‘‘ਲਸ਼ਕਰ ਦੇ ਲੋਕ ਗੋਰੀ ਚਮੜੀ ਹੋਣ ਦੇ ਨਾਤੇ ਕੋਲਮੈਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ।’’
ਅਗਲੇ ਢਾਈ ਸਾਲਾਂ ਤੱਕ ਦਾਊਦ ਕਦੇ ਪਾਕਿਸਤਾਨ ਵਿੱਚ ਰਹਿੰਦਾ ਤਾਂ ਕਦੇ ਅਮਰੀਕਾ ਵਿੱਚ। ਇਨ੍ਹਾਂ ਦੋਵਾਂ ਥਾਵਾਂ ’ਤੇ ਉਹ ਅਲੱਗ ਅਲੱਗ ਜ਼ਿੰਦਗੀ ਜਿਉਂ ਰਿਹਾ ਸੀ।
ਇਸ ਦੌਰਾਨ ਉਹ ਪੂਰੀ ਤਰ੍ਹਾਂ ਨਾਲ ਲਸ਼ਕਰ ਦੇ ਸੰਪਰਕ ਵਿੱਚ ਆ ਚੁੱਕਿਆ ਸੀ ਅਤੇ ਲਾਹੌਰ ਤੋਂ 15 ਕਿਲੋਮੀਟਰ ਦੂਰ ਮੁਰੀਦਕੇ ਵਿੱਚ ਲਸ਼ਕਰ ਦੇ ਕੈਂਪ ਵਿੱਚ ਟਰੇਨਿੰਗ ਲੈ ਰਿਹਾ ਸੀ।
ਉਸ ਨੇ ਸਲਵਾਰ ਕਮੀਜ਼ ਪਹਿਨਣਾ ਸ਼ੁਰੂ ਕਰ ਦਿੱਤਾ ਸੀ। ਸ਼ਰਾਬ, ਟੀਵੀ ਅਤੇ ਮੋਬਾਇਲ ਫ਼ੋਨ ਤੋਂ ਮੂੰਹ ਮੋੜ ਲਿਆ ਸੀ।
ਮਸ਼ਹੂਰ ਡੈਨਿਸ਼ ਪੱਤਰਕਾਰ ਕਾਰੇ ਸੋਰੇਨਸਨ ਆਪਣੀ ਕਿਤਾਬ ‘ਦਿ ਮਾਈਂਡ ਆਫ਼ ਏ ਟੈਰੇਰਿਸਟ ਦਿ ਸਟਰੇਂਜ ਕੇਸ ਆਫ਼ ਡੇਵਿਡ ਹੇਡਲੀ’ ਵਿੱਚ ਲਿਖਦੇ ਹਨ, ‘‘ਦਾਊਦ ਦਾ ਸੁਪਨਾ ਸੀ ਕਸ਼ਮੀਰ ਵਿੱਚ ਲੜਨ ਲਈ ਭੇਜਿਆ ਜਾਣਾ, ਪਰ ਲਸ਼ਕਰ ਦੇ ਨੇਤਾ ਜ਼ਕੀ-ਉਰ-ਰਹਿਮਾਨ ਲਖਵੀ ਦੀ ਨਜ਼ਰ ਵਿੱਚ ਇਸ ਅਭਿਆਨ ਲਈ ਦਾਊਦ ਦੀ ਉਮਰ ਕੁਝ ਜ਼ਿਆਦਾ ਹੋ ਚੁੱਕੀ ਸੀ।’’
‘‘ਉਸ ਨੇ ਲਸ਼ਕਰ ਦੇ ਕਮਾਂਡਰ ਸਾਜਿਦ ਮੀਰ ਨੂੰ ਕਿਹਾ ਕਿ ਉਹ ਭਾਰਤ ’ਤੇ ਹਮਲੇ ਦੀ ਵੱਡੀ ਯੋਜਨਾ ਵਿੱਚ ਹੇਡਲੀ ਨੂੰ ਵੀ ਸ਼ਾਮਲ ਕਰਨ।’’
‘‘ਲਸ਼ਕਰ ਨੂੰ ਇੱਕ ਅਜਿਹੇ ਸ਼ਖ਼ਸ ਦੀ ਜ਼ਰੂਰਤ ਸੀ ਜੋ ਲੰਬੇ ਅਰਸੇ ਤੱਕ ਕੈਮਰੇ ਅਤੇ ਨੋਟਬੁੱਕ ਦੇ ਨਾਲ ਮੁੰਬਈ ਆ-ਜਾ ਸਕੇ ਅਤੇ ਜਿਸ ਨੂੰ ਲੋਕਾਂ ਨਾਲ ਘੁਲਣ-ਮਿਲਣ ਤੋਂ ਕੋਈ ਪਰਹੇਜ਼ ਨਾ ਹੋਵੇ।’’
ਡੇਵਿਡ ਕੋਲਮੈਨ ਹੇਡਲੀ
- ਪਾਕਿਸਤਾਨ ਦੀ ਮਸ਼ਹੂਰ ਮੀਡੀਆ ਹਸਤੀ ਸੱਯਦ ਸਲੀਮ ਜਿਲਾਨੀ ਦੇ ਬੇਟੇ, ਅਮਰੀਕਾ ਤੇ ਪਾਕਿਸਤਾਨ ਦੋਹਾਂ ’ਚ ਰਹੇ
- ਪਾਕਿਸਤਾਨ ਫੇਰੀਆਂ ਦੌਰਾਨ ਹੈਰੋਇਨ ਤਸਕਰੀ ਦੇ ਕੰਮ ਵਿੱਚ ਲੱਗ ਗਏ। ਤੇ ਫ਼ਰੈਂਕਫਰਟ ਹਵਾਈ ਅੱਡੇ ਤੇ ਦੋ ਕਿਲੋ ਹੈਰੋਇਨ ਨਾਲ ਫੜ ਲਿਆ ਗਿਆ
- ਨਕਲੀ ਪਾਸਪੋਰਟ ਜ਼ਰੀਏ ਪਛਾਣ ਬਦਲਕੇ ਮੁੰਬਈ ਹਮਲੇਂ ਤੋਂ ਪਹਿਲਾਂ ਆ ਕੇ ਤਾਜ ਹੋਟਲ ਦੇ ਸਾਹਮਣੇ ਇੱਕ ਜਗ੍ਹਾ ਠਹਿਰੇ
- ਸਾਰੇ ਇਲਾਕਿਆਂ ਦੀ ਜਾਣਕਾਰੀ ਹਮਲਾਵਰਾਂ ਨੂੰ ਦਿੱਤੀ
- ਰਾਹੁਲ ਭੱਟ ਤੇ ਵਿਲਾਸ ਵਰਕ ਵਰਗੇ ਲੋਕਾਂ ਨਾਲ ਦੋਸਤੀ ਕੀਤੀ
- ਪਹਿਲਾਂ ਅਮਰੀਕਾ ਲਈ ਕੰਮ ਕੀਤਾ ਤੇ ਫ਼ਿਰ ਪਾਕਿਸਤਾਨੀ ਕੱਟੜਪੰਥੀਆਂ ਲਈ
ਡੇਵਿਡ ਕੋਲਮੈਨ ਹੇਡਲੀ ਦੀ ਜਿੰਦਗੀ ਬਾਰੇ ਲਿਖੀ ਗਈ ਇੱਕ ਕਿਤਾਬ, ‘ਦਿ ਮਾਈਂਡ ਆਫ਼ ਏ ਟੈਰੇਰਿਸਟ’
ਡੇਵਿਡ ਕੋਲਮੈਨ ਹੇਡਲੀ ਦੇ ਨਾਂ ਨਾਲ ਨਵਾਂ ਪਾਸਪੋਰਟ
ਜੂਨ, 2006 ਵਿੱਚ ਦਾਊਦ ਨੂੰ ਅਧਿਕਾਰਤ ਰੂਪ ਨਾਲ ਇਸ ਅਭਿਆਨ ਵਿੱਚ ਸ਼ਾਮਲ ਕਰ ਲਿਆ ਗਿਆ।
ਉਸ ਨੂੰ ਕਿਹਾ ਗਿਆ ਕਿ ਉਹ ਇੱਕ ਅਮਰੀਕੀ ਸੈਲਾਨੀ ਦਾ ਭੇਸ ਬਣਾਉਣ ਜੋ ਘੁੰਮਣ ਲਈ ਮੁੰਬਈ ਜਾ ਕੇ ਉੱਥੋਂ ਸਾਰੀ ਜਾਣਕਾਰੀ ਇਕੱਠਾ ਕਰੇ।
ਇਸ ਲਈ ਦਾਊਦ ਪਹਿਲਾਂ ਅਮਰੀਕਾ ਗਿਆ ਜਿੱਥੋਂ ਉਸ ਨੇ ਦਾਊਦ ਨਾਂ ਛੱਡ ਕੇ ਨਵਾਂ ਨਾਂ ਡੇਵਿਡ ਕੋਲਮੈਨ ਹੇਡਲੀ ਧਾਰਨ ਕੀਤਾ। ਉਸ ਨੇ ਇਸ ਨਵੇਂ ਨਾਂ ਨਾਲ ਇੱਕ ਨਵਾਂ ਪਾਸਪੋਰਟ ਬਣਵਾਇਆ।
ਹੇਡਲੀ ਨੇ ਨਾਮ ਬਦਲਕੇ ਅਮਰੀਕਾ ਤੋਂ ਇੱਕ ਹੋਰ ਪਾਸਪੋਰਟ ਬਣਵਾਇਆ
ਕਾਰੇ ਸੋਰੇਨਸਨ ਲਿਖਦੇ ਹਨ, ‘‘ਜਦੋਂ ਹੇਡਲੀ ਪਾਕਿਸਤਾਨ ਪਰਤਿਆ ਤਾਂ ਸਾਜਿਦ ਮੀਰ ਨੇ ਉਸ ਨੂੰ ਸਲਾਹ ਦਿੱਤੀ ਕਿ ਨਮਾਜ਼ ਵਿੱਚ ਸਜਦਾ ਕਰਦੇ ਹੋਏ ਆਪਣੇ ਮੱਥੇ ਨੂੰ ਹੌਲੀ ਜ਼ਮੀਨ ਨਾਲ ਛੂਹਾਏ ਤਾਂ ਕਿ ਉਸ ਦੇ ਮੱਥੇ ’ਤੇ ਉਹ ਨਿਸ਼ਾਨ ਨਾ ਬਣ ਸਕੇ ਜੋ ਪੰਜ ਵਕਤ ਨਮਾਜ਼ੀਆਂ ਦੇ ਮੱਥੇ ’ਤੇ ਬਣ ਜਾਂਦਾ ਹੈ।’’
‘‘ਇਸ ਦੇ ਬਾਅਦ ਹੇਡਲੀ ਨੂੰ ਇਸ ਰੋਲ ਲਈ ਇੱਕ ਅਡਵਾਂਸ ਟਰੇਨਿੰਗ ਦਿੱਤੀ ਗਈ। ਉਸ ਨੂੰ ਸਿਖਾਇਆ ਗਿਆ ਕਿ ਗੁਪਤ ਸੰਦੇਸ਼ ਨੂੰ ਕਿਸ ਤਰ੍ਹਾਂ ਇੱਕ ਡਰਾਫਟ ਦੇ ਤੌਰ ’ਤੇ ਸੁਰੱਖਿਅਤ ਕੀਤਾ ਜਾਵੇ ਅਤੇ ਪੜ੍ਹਨ ਵਾਲੇ ਵਿਅਕਤੀ ਨੂੰ ਸੰਦੇਸ਼ ਨਾ ਭੇਜ ਕੇ ਉਸ ਨੂੰ ਈਮੇਲ ਅਡਰੈੱਸ ਅਤੇ ਪਾਸਵਰਡ ਭੇਜ ਦਿੱਤਾ ਜਾਵੇ।’’
ਉਨ੍ਹਾਂ ਨੇ ਅੱਗੇ ਲਿਖਿਆ ਹੈ, ‘‘ਹੇਡਲੀ ਦੇ ਹੈਂਡਲਰਜ਼ ਨੇ ਉਸ ਨੂੰ ਮੁੰਬਈ ਵਿੱਚ ਖ਼ਰਚ ਲਈ 25 ਹਜ਼ਾਰ ਡਾਲਰ ਵੀ ਦਿੱਤੇ। ਜਦੋਂ ਹੇਡਲੀ ਭਾਰਤ ਜਾਣ ਲਈ ਤਿਆਰ ਹੋਇਆ ਤਾਂ ਉਸ ਨੂੰ ਦਸ ਡਿਜਿਟ ਦਾ ਇੱਕ ਨੰਬਰ ਦਿੱਤਾ ਗਿਆ ਜਿਸ ਦੇ ਪਹਿਲੇ ਤਿੰਨ ਡਿਜਿਟ ਸਨ 646 ਜੋ ਅਮਰੀਕਾ ਦੇ ਮੈਨਹਟਨ ਦਾ ਏਰੀਆ ਕੋਡ ਸੀ।’’
‘‘ਪਰ ਇਹ ਨੰਬਰ ਡਾਇਲ ਕਰਦੇ ਹੀ ਕਾਲ ਪਾਕਿਸਤਾਨ ਵਿੱਚ ਉਸ ਦੇ ਹੈਂਡਲਰਜ਼ ਨੂੰ ਫਾਰਵਰਡ ਹੋ ਜਾਂਦੀ ਸੀ। ਹੇਡਲੀ ਨੂੰ ਦੱਸਿਆ ਗਿਆ ਕਿ ਜੇਕਰ ਉਸ ਨੇ ਪਾਕਿਸਤਾਨ ਵਿੱਚ ਉਨ੍ਹਾਂ ਨਾਲ ਸੰਪਰਕ ਕਰਨਾ ਹੋਵੇ ਤਾਂ ਇਸ ਨੰਬਰ ਦੀ ਵਰਤੋਂ ਕੀਤੀ ਜਾਵੇ।’’
ਰਾਹੁਲ ਭੱਟ ਅਤੇ ਵਿਲਾਸ ਵਰਕ ਨਾਲ ਦੋਸਤੀ
ਹੇਡਲੀ ਨੇ ਪਹਿਲੀ ਵਾਰ ਸਤੰਬਰ, 2006 ਵਿੱਚ ਮੁੰਬਈ ਵਿੱਚ ਕਦਮ ਰੱਖਿਆ, ਉਸ ਨੇ ਏਸੀ ਮਾਰਕੀਟ ਨੂੰ ਆਪਣਾ ਦਫ਼ਤਰ ਬਣਾਇਆ।
ਹੇਡਲੀ ਨੇ ਆਪਣੀ ਕੰਪਨੀ ਦਾ ਨਾਂ ਰੱਖਿਆ, ‘ਫਸਟ ਵਰਲਡ’ ਜਿਸ ਦਾ ਕੰਮ ਸੀ ਅਮਰੀਕਾ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀਜ਼ਾ ਦਵਾਉਣ ਵਿੱਚ ਮਦਦ ਕਰਨਾ।
ਉਸ ਨੇ ਇੱਕ ਭਾਰਤੀ ਸੈਕਟਰੀ ਨੂੰ ਨੌਕਰੀ ’ਤੇ ਰੱਖਿਆ ਅਤੇ ਆਪਣੀ ਕੰਪਨੀ ਬਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ।
ਹੇਡਲੀ ‘ਫ਼ਾਈਵ ਫ਼ਿਟਨੈੱਸ ਹੈਲਥ ਕਲੱਬ’ ਜਾਣ ਲੱਗਿਆ ਜਿੱਥੇ ਉਸ ਦੀ ਮੁਲਾਕਾਤ ਸ਼ਿਵਸੈਨਾ ਦੇ ਮੈਂਬਰ ਵਿਲਾਸ ਵਰਕ ਨਾਲ ਹੋਈ। ਵਿਲਾਸ ਜ਼ਰੀਏ ਉਹ ਮਸ਼ਹੂਰ ਪ੍ਰੋਡਿਊਸਰ ਮਹੇਸ਼ ਭੱਟ ਦੇ ਬੇਟੇ ਰਾਹੁਲ ਭੱਟ ਨੂੰ ਮਿਲਿਆ।
ਬਾਅਦ ਵਿੱਚ ਰਾਹੁਲ ਭੱਟ ਨੇ ਇੱਕ ਕਿਤਾਬ ਲਿਖੀ ‘ਹੇਡਲੀ ਐਂਡ ਆਈ’।
ਇਸ ਕਿਤਾਬ ਵਿੱਚ ਉਨ੍ਹਾਂ ਨੇ ਲਿਖਿਆ, ‘‘ਹੇਡਲੀ ਬਾਰੇ ਸਭ ਤੋਂ ਪਹਿਲਾਂ ਜਿਸ ਚੀਜ਼ ਨੇ ਮੇਰਾ ਧਿਆਨ ਖਿੱਚਿਆ ਉਹ ਸੀ, ਉਸ ਦੀਆਂ ਅੱਖਾਂ। ਉਸ ਦੀ ਇੱਕ ਅੱਖ ਭੂਰੀ ਸੀ ਤਾਂ ਦੂਜੀ ਹਰੀ।’’
‘‘ਉਸ ਦਾ ਲਹਿਜਾ ਦੋਸਤਾਨਾ ਸੀ। ਮੈਨੂੰ ਉਸ ਦੇ ਹੱਥਾਂ ਦੀ ਮਜ਼ਬੂਤ ਅਤੇ ਆਤਮਵਿਸ਼ਵਾਸ ਨਾਲ ਭਰੀ ਪਕੜ ਨੇ ਪ੍ਰਭਾਵਿਤ ਕੀਤਾ ਸੀ। ਉਸ ਨੇ ਕਾਲਾ ਚਸ਼ਮਾ ਲਗਾਇਆ ਹੋਇਆ ਸੀ ਜਿਸ ਨੂੰ ਉਸ ਨੇ ਬਾਅਦ ਵਿੱਚ ਉਤਾਰ ਦਿੱਤਾ।’’
‘‘ਉਸ ਦੇ ਸਿਰ ’ਤੇ ਇੱਕ ਟੋਪੀ ਸੀ ਅਤੇ ਉਹ ਹੌਲੀਵੁੱਡ ਦੇ ਅਦਾਕਾਰ ਸਟੀਵ ਸੀਗਲ ਦੀ ਕਾਰਬਨ ਕਾਪੀ ਲੱਗਦਾ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਉਹ ਭੇਲਪੂਰੀ ਅਤੇ ਗੋਲ ਗੱਪਿਆਂ ਦਾ ਦੀਵਾਨਾ ਹੈ।’’
50 ਘੰਟੇ ਦਾ ਵੀਡਿਓ ਸ਼ੂਟ ਕੀਤਾ
ਸੈਲਾਨੀ ਦਾ ਬਹਾਨਾ ਬਣਾ ਕੇ ਹੇਡਲੀ ਨੇ ਰਾਜਧਾਨੀ ਦਿੱਲੀ ਦਾ ਵੀ ਦੌਰਾ ਕੀਤਾ ਸੀ। ਉਹ ਖਾਸ ਤੌਰ ’ਤੇ ਨੈਸ਼ਨਲ ਡਿਫੈਂਸ ਕਾਲਜ ਕੋਲ ਗਿਆ ਸੀ।
ਬਾਅਦ ਵਿੱਚ ਉਹ ਮੁੰਬਈ ਦੇ ਵਰਲਡ ਟਰੇਡ ਸੈਂਟਰ ਵਿੱਚ ਇੱਕ ਫੈਸ਼ਨ ਸ਼ੋਅ ਵੀ ਦੇਖਣ ਗਿਆ ਸੀ।
ਸੋਰੇਨਸਨ ਲਿਖਦੇ ਹਨ, ‘‘ਵਰਲਡ ਟਰੇਡ ਸੈਂਟਰ ਨੂੰ ਵੀ ਉਸ ਨੇ ਆਪਣੇ ਨਿਸ਼ਾਨਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ। ਉਸ ਨੇ ਗੇਟਵੇ ਆਫ਼ ਇੰਡੀਆ ਅਤੇ ਪੁਲਿਸ ਹੈੱਡਕੁਆਰਟਰ ਦੀਆਂ ਤਸਵੀਰਾਂ ਵੀ ਲਈਆਂ ਸਨ। ਉਸ ਨੇ ਮੁੰਬਈ ਤੋਂ ਹੀ ਹਮਲੇ ਵਿੱਚ ਸ਼ਾਮਲ ਹੋਣ ਵਾਲੇ ਦਸ ਲੋਕਾਂ ਲਈ ਬੈਕਪੈਕ ਖਰੀਦੇ ਸਨ।’’
‘‘ਉਹ ਤਿੰਨ ਵਾਰ ਤਾਜ ਹੋਟਲ ਵਿੱਚ ਰੁਕਿਆ ਸੀ ਅਤੇ ਮਹਿਜ਼ ਮਨ ਪਰਚਾਵੇ ਲਈ ਹੋਟਲ ਤੋਂ ਯਾਦਗਾਰ ਦੇ ਤੌਰ ’ਤੇ ਇੱਕ ਤੌਲੀਆ ਅਤੇ ਕੌਫੀ ਦਾ ਕੱਪ ਵੀ ਚੋਰੀ ਕਰ ਲਿਆ। ਉਸ ਨੇ ਭਾਰਤ ਵਿੱਚ ਹਮਲੇ ਲਈ 20 ਤੋਂ ਜ਼ਿਆਦਾ ਥਾਵਾਂ ਦੀ ਚੋਣ ਕੀਤੀ ਸੀ ਅਤੇ ਇਕੱਲੇ ਮੁੰਬਈ ਵਿੱਚ ਉਸ ਨੇ 50 ਘੰਟਿਆਂ ਦੇ ਵੀਡਿਓ ਸ਼ੂਟ ਕੀਤੇ ਸਨ।’’
ਹੇਡਲੀ ਦੀਆਂ ਖਿੱਚੀਆਂ ਤਸਵੀਰਾਂ ਅਤੇ ਵੀਡਿਓ ਦਾ ਉਸ ਦੇ ਹੈਂਡਲਰਜ਼ ਨੇ ਬਹੁਤ ਬਾਰੀਕੀ ਨਾਲ ਅਧਿਐਨ ਕੀਤਾ ਸੀ ਅਤੇ ਉਸ ਦੀ ਦੱਸੀ ਹਰ ਜਗ੍ਹਾ ਨੂੰ ਗੂਗਲ ਅਰਥ ਮੈਪ ਤੋਂ ਦੇਖਿਆ ਗਿਆ ਸੀ ਤਾਂ ਕਿ ਪੂਰੇ ਅਭਿਆਨ ਦਾ ਜਾਇਜ਼ਾ ਲਿਆ ਜਾ ਸਕੇ।
ਉਨ੍ਹਾਂ ਲੋਕਾਂ ਨੇ ਤਾਜ ਹੋਟਲ ਦਾ ਇੱਕ ਢਾਂਚਾ ਵੀ ਤਿਆਰ ਕੀਤਾ ਸੀ ਜਿੱਥੇ ਦਾਖਲ ਹੋਣ ਅਤੇ ਨਿਕਲਣ ਦੇ ਇੱਕ-ਇੱਕ ਰਸਤੇ ਬਾਰੇ ਵਿਸਥਾਰ ਨਾਲ ਚਰਚਾ ਹੋਈ ਸੀ।
ਮੁੰਬਈ ਹਵਾਈ ਅੱਡੇ ’ਤੇ ਸੀਸੀਟੀਵੀ ਜ਼ਰੀਏ ਲਈ ਗਈ ਫੁੱਟਏਜ਼ ਵਿੱਚੋਂ ਲਈ ਤਸਵੀਰ
ਮੁੰਬਈ ਵਿੱਚ ਹਮਲਾਵਰਾਂ ਦੇ ਉਤਰਨ ਦੀ ਜਗ੍ਹਾ ਚੁਣੀ।
ਇਸ ਹਮਲੇ ਵਿੱਚ ਹੇਡਲੀ ਨੇ ਹੀ ਉਸ ਜਗ੍ਹਾ ਨੂੰ ਚੁਣਿਆ ਸੀ ਜਿੱਥੇ ਕੱਟੜਪੰਥੀਆਂ ਨੇ ਹਮਲੇ ਲਈ ਮੁੰਬਈ ਵਿੱਚ ਉਤਰਨਾ ਸੀ।
ਉਸ ਨੇ ਕਈ ਅਮਰੀਕੀ ਅਤੇ ਬਰਤਾਨਵੀਂ ਸੈਲਾਨੀਆਂ ਨਾਲ ਇੱਕ ਫੇਰੀ ’ਤੇ ਤਾਜ ਹੋਟਲ ਦੇ ਨੇੜਲੇ ਦੇ ਇਲਾਕੇ ਦਾ ਦੋ ਵਾਰ ਚੱਕਰ ਲਗਾਇਆ ਸੀ, ਪਰ ਉਸ ਨੂੰ ਉਸ ਦੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਸੀ। ਫਿਰ ਉਹ ਮਛੇਰਿਆਂ ਦੇ ਇੱਕ ਪਿੰਡ ਵਿੱਚ ਚਲਾ ਗਿਆ ਸੀ।
ਸੋਰੇਨਸਨ ਲਿਖਦੇ ਹਨ, ‘‘ਇੱਕ ਮਛੇਰੇ ਨੇ ਹੀ ਉਸ ਨੂੰ ਅਗਲੇ ਦਿਨ ਬਹੁਤ ਸਵੇਰੇ ਆਉਣ ਦੀ ਸਲਾਹ ਦਿੱਤੀ ਸੀ ਤਾਂ ਕਿ ਉਹ ਮੁੰਬਈ ਦੇ ਆਸਪਾਸ ਦੇ ਸਮੁੰਦਰ ਦਾ ਅਸਲੀ ਅਨੁਭਵ ਉਠਾ ਸਕਣ।’’
‘‘ਸ਼ੁਰੂ ਵਿੱਚ ਤੈਅ ਕੀਤਾ ਗਿਆ ਸੀ ਕਿ ਸਾਰੇ ਹਮਲਾਵਰ ਗੇਟਵੇ ਆਫ ਇੰਡੀਆ ਦੇ ਕੋਲ ਉਤਰਨਗੇ, ਪਰ ਹੇਡਲੀ ਦੇ ਧਿਆਨ ਵਿੱਚ ਉਸ ਇਲਾਕੇ ਵਿੱਚਲੇ ਕਈ ਗਨ ਬੋਟਸ ਆਏ ਜਿਨ੍ਹਾਂ ’ਤੇ ਸੁਰੱਖਿਆ ਕਰਮੀ ਤਾਇਨਾਤ ਸਨ।’’
‘‘ਬੀਚ ਨਾਲ ਲੱਗਦਾ ਮਛੇਰਿਆਂ ਦਾ ਛੋਟਾ ਜਿਹਾ ਪਿੰਡ ਉਤਰਨ ਲਈ ਬਿਹਤਰ ਜਗ੍ਹਾ ਸਮਝਿਆ ਗਿਆ। ਉੱਥੇ ਆਲੇ ਦੁਆਲੇ ਦੇ ਕੁਝ ਲੋਕ ਜ਼ਰੂਰ ਸਨ, ਪਰ ਉਹ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਸਨ ਜੋ ਕੁਝ ਅਜੂਬਾ ਦੇਖ ਕੇ ਸਵਾਲ ਪੁੱਛਣ ਜਾਂ ਪੁਲਿਸ ਨੂੰ ਸੱਦ ਲੈਣ।’’
‘‘ਹੇਡਲੀ ਨੇ ਉਸ ਪਿੰਡ ਨੂੰ ਇਸ ਲਈ ਵੀ ਚੁਣਿਆ ਕਿ ਉਹ ਬਹੁਤਾ ਦੂਰ ਨਹੀਂ ਸੀ ਤੇ ਉਥੋਂ ਉਤਰ ਕੇ ਤੇਜ਼ੀ ਨਾਲ ਮੁੱਖ ਸੜਕ ’ਤੇ ਜਾਇਆ ਜਾ ਸਕਦਾ ਸੀ ਤੇ ਟੈਕਸੀ ਨਾਲ ਮਿੰਟਾਂ ਵਿੱਚ ਬਿਨਾਂ ਕਿਸੇ ਅੜਚਨ ਦੇ ਕਿਸੇ ਵੀ ਸਥਾਨ ’ਤੇ ਪਹੁੰਚਿਆ ਜਾ ਸਕਦਾ ਸੀ।’’
ਇਸੇ ਜਗ੍ਹਾ 10 ਹਮਲਾਵਰ ਉੱਤਰੇ
ਸ਼ੁਰੂ ਵਿੱਚ ਜਦੋਂ ਹਮਲੇ ਦੀ ਸਾਜਿਸ਼ ਚੱਲ ਰਹੀ ਸੀ ਤਾਂ ਇਸ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਸੀ ਕਿ ਹਮਲਾਵਰਾਂ ਨੂੰ ਹਮਲੇ ਤੋਂ ਬਾਅਦ ਫ਼ੌਰੀ ਭਾਰਤ ਤੋਂ ਬਾਹਰ ਕੱਢ ਦਿੱਤਾ ਜਾਵੇ।
ਇਹ ਸੋਚਿਆ ਗਿਆ ਸੀ ਕਿ ਹਮਲੇ ਦੇ ਬਾਅਦ ਹਮਲਾਵਰ ਕਿਸੇ ਬੱਸ ਨੂੰ ਹਾਈਜੈਕ ਕਰ ਕੇ ਭਾਰਤ ਦੀ ਉੱਤਰੀ ਸਰਹੱਦ ਜਾਂ ਕਸ਼ਮੀਰ ਵੱਲ ਵਧਣਗੇ ਜਾਂ ਫ਼ਿਰ ਉਹ ਹਨੇਰੇ ਵਿੱਚ ਹਫ਼ੜਾ-ਦਫ਼ੜੀ ਦਾ ਫ਼ਾਇਦਾ ਚੁੱਕਦਿਆਂ ਕਿਸ਼ਤੀ ਜ਼ਰੀਏ ਹੀ ਭਾਰਤੀ ਸੀਮਾ ਤੋਂ ਬਾਹਰ ਨਿਕਲ ਜਾਣਗੇ।
ਇਹ ਵੀ ਸੋਚਿਆ ਗਿਆ ਕਿ ਉਹ ਕੁਝ ਹਫ਼ਤਿਆਂ ਤੱਕ ਮੁੰਬਈ ਦੇ ਇੱਕ ਫਲੈਟ ਵਿੱਚ ਲੁਕ ਕੇ ਰਹਿਣਗੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਉੱਥੋਂ ਕੱਢ ਲਿਆ ਜਾਵੇਗਾ।
ਸੋਰੇਨਸਨ ਲਿਖਦੇ ਹਨ, ‘‘ਬਾਅਦ ਵਿੱਚ ਮਿਲੇ ਕੁਝ ਸੁਰਾਗਾਂ ਤੋਂ ਪਤਾ ਚੱਲਦਾ ਹੈ ਕਿ ਹਮਲਾਵਰ ਅੰਤ ਤੱਕ ਮੰਨ ਕੇ ਚੱਲ ਰਹੇ ਸਨ ਕਿ ਉਹ ਪਾਕਿਸਤਾਨ ਵਾਪਸ ਜਾਣਗੇ।’’
‘‘ਇਹੀ ਕਾਰਨ ਸੀ ਕਿ ਹੁਕਮ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਸ ਕਿਸ਼ਤੀ ਨੂੰ ਨਹੀਂ ਡੁਬੋਇਆ ਸੀ ਜਿਸ ’ਤੇ ਸਵਾਰ ਹੋ ਕੇ ਉਨ੍ਹਾਂ ਨੇ ਮੁੰਬਈ ਤੱਕ ਦਾ ਸਫ਼ਰ ਤੈਅ ਕੀਤਾ ਸੀ, ਪਰ ਉਨ੍ਹਾਂ ਦੇ ਹੈਂਡਲਰਜ਼ ਨੂੰ ਪਤਾ ਸੀ ਕਿ ਉਨ੍ਹਾਂ ਵਿੱਚੋਂ ਕੋਈ ਵੀ ਸ਼ਖ਼ਸ ਬਚ ਨਹੀਂ ਸਕੇਗਾ।’’
ਮੁੰਬਈ ਦਾ ਤਾਜ਼ ਹੋਟਲ
ਦੋ ਵਾਰ ਹਮਲੇ ਦੀ ਤਰੀਕ ਟਲੀ
ਸਤੰਬਰ, 2008 ਵਿੱਚ ਹੇਡਲੀ ਨੂੰ ਸਾਜਿਦ ਮੀਰ ਤੋਂ ਸੰਦੇਸ਼ ਮਿਲਿਆ ਕਿ ਹਮਲਾ 29 ਸਤੰਬਰ ਨੂੰ ਕੀਤਾ ਜਾਵੇਗਾ, ਪਰ ਜਦੋਂ ਦਸ ਹਮਲਾਵਰਾਂ ਦੇ ਦਲ ਨੇ ਮੁੰਬਈ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਤਾਂ ਕੁਝ ਹੀ ਦੇਰ ਬਾਅਦ ਵਿੱਚ ਉਨ੍ਹਾਂ ਦੀ ਕਿਸ਼ਤੀ ਸਮੁੰਦਰ ’ਚ ਡੁੱਬ ਗਈ।
ਉਹ ਸਾਰੇ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਲਾਈਫ਼ ਜੈਕੇਟਸ ਪਹਿਨੀਆਂ ਹੋਈਆਂ ਸਨ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇੱਕ ਨਵੀਂ ਕਿਸ਼ਤੀ ਅਤੇ ਨਵੇਂ ਹਥਿਆਰਾਂ ਨਾਲ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ ਤਾਂ ਉਸ ਵਿੱਚ ਵੀ ਕੁਝ ਅੜਚਣ ਆ ਗਈ।
ਸਾਜਿਦ ਮੀਰ ਇਸ ਬਾਰੇ ਹੇਡਲੀ ਨੂੰ ਲਗਾਤਾਰ ਸੂਚਨਾ ਦਿੰਦਾ ਰਿਹਾ, ਪਰ ਨਵੰਬਰ ਦੇ ਮੱਧ ਵਿੱਚ ਹੇਡਲੀ ਕੋਲ ਸਾਜਿਦ ਵੱਲੋਂ ਇੱਕ ਨਵਾਂ ਮੈਸੇਜ ਆਇਆ ਕਿ ਜਲਦੀ ਹੀ ਹਮਲੇ ਦੀ ਤੀਜੀ ਕੋਸ਼ਿਸ਼ ਕੀਤੀ ਜਾਵੇਗੀ।
26 ਨਵੰਬਰ ਦੀ ਸ਼ਾਮ ਉਸ ਨੂੰ ਇੱਕ ਹੋਰ ਸੁਨੇਹਾ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ, ਹਮਲਾ ਸ਼ੁਰੂ ਹੋ ਚੁੱਕਾ ਹੈ। ਹੇਡਲੀ ਨੇ ਅਗਲੇ ਤਿੰਨ ਦਿਨ ਆਪਣੇ ਟੀਵੀ ਦੇ ਸਾਹਮਣੇ ਬਿਤਾਏ।
ਬਾਅਦ ਵਿੱਚ ਉਸ ਨੇ ਅਮਰੀਕਾ ਦੀ ਜੇਲ੍ਹ ਵਿੱਚ ਭਾਰਤੀ ਜਾਂਚ ਏਜੰਸੀ ਦੇ ਅਧਿਕਾਰੀਆਂ ਲੋਕਨਾਥ ਬੇਹੇਰਾ, ਸਾਜਿਦ ਸ਼ਾਪੂ ਅਤੇ ਸ੍ਵਯਮਪ੍ਰਕਾਸ਼ ਪਾਣੇ ਨੂੰ ਦੱਸਿਆ,“26 ਨਵੰਬਰ ਨੂੰ ਜਦੋਂ ਮੈਂ ਟੀਵੀ ਦੇ ਸਾਹਮਣੇ ਬੈਠਾ ਹੋਇਆ ਸੀ, ਅਚਾਨਕ ਖ਼ਬਰ ਆਈ ਕਿ ਮੁੰਬਈ ’ਤੇ ਦਸ ਲੋਕਾਂ ਨੇ ਹਮਲਾ ਕਰ ਦਿੱਤਾ ਹੈ।”
“ਉਹ ਦਸ ਲੋਕ ਕੰਮ ਨੂੰ ਸਿਰਫ਼ ਇਸ ਲਈ ਅੰਜਾਮ ਦੇ ਸਕੇ ਕਿਉਂਕਿ ਮੈਂ ਉਨ੍ਹਾਂ ਨੂੰ ਉੱਥੋਂ ਦਾ ਇੱਕ-ਇੱਕ ਬਿਓਰਾ ਦਿੱਤਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਮਿਲਿਆ ਸੀ।’’
ਹਮਲੇ ਤੋਂ ਬਾਅਦ ਦਾ ਦ੍ਰਿਸ਼
ਹੇਡਲੀ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ
ਹਮਲੇ ਦੇ ਚਾਰ ਮਹੀਨੇ ਬਾਅਦ ਮਾਰਚ 2009 ਵਿੱਚ ਹੇਡਲੀ ਨੇ ਇੱਕ ਵਾਰ ਫਿਰ ਮੁੰਬਈ ਦੀ ਯਾਤਰਾ ਕੀਤੀ। ਇਸ ਵਾਰ ਉਹ ਚਰਚ ਗੇਟ ਦੇ ਹੋਟਲ ਆਊਟਰੇਮ ਵਿੱਚ ਠਹਿਰਿਆ ਜਿੱਥੇ ਉਹ ਪਹਿਲਾਂ ਇੱਕ ਵਾਰ ਠਹਿਰ ਚੁੱਕਿਆ ਸੀ।
3 ਅਕਤੂਬਰ, 2009 ਨੂੰ ਜਦੋਂ ਹੇਡਲੀ ਸ਼ਿਕਾਗੋ ਤੋਂ ਪਾਕਿਸਤਾਨ ਜਾਣ ਲਈ ਫਿਲਾਡੇਲਫੀਆ ਹਵਾਈ ਅੱਡੇ ’ਤੇ ਜਹਾਜ਼ ਵਿੱਚ ਬੈਠ ਰਿਹਾ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਾਅਦ ਵਿੱਚ ਭਾਰਤ ਦੇ ਸਾਬਕਾ ਗ੍ਰਹਿ ਸਕੱਤਰ ਜੀਕੇ ਪਿਲਈ ਨੇ ਸਾਫ਼ ਤੌਰ ’ਤੇ ਕਿਹਾ ਕਿ ਹੇਡਲੀ ਦੇ ਡਬਲ ਏਜੰਟ ਹੋਣ ਦੀ ਸੰਭਾਵਨਾ ’ਤੇ ਯਕੀਨ ਕੀਤਾ ਜਾ ਸਕਦਾ ਹੈ।
ਕੁਝ ਦਿਨਾਂ ਲਈ ਹੇਡਲੀ ਦੇ ਦੋਸਤ ਰਹੇ ਰਾਹੁਲ ਭੱਟ ਨੇ ਲਿਖਿਆ, ‘‘ਇਸ ਦਾ ਸਭ ਤੋਂ ਵੱਡਾ ਸਬੂਤ ਸੀ ਕਿ ਹੇਡਲੀ ਨਾ ਸਿਰਫ਼ ਆਪਣਾ ਨਾਂ ਬਦਲਵਾਉਣ ਵਿੱਚ ਸਫ਼ਲ ਰਿਹਾ, ਬਲਕਿ ਉਸ ਨੇ ਉਸ ਨਾਂ ਨਾਲ ਨਵਾਂ ਪਾਸਪੋਰਟ ਵੀ ਬਣਵਾ ਲਿਆ।’’
‘‘ਸਾਬਕਾ ਗ੍ਰਹਿ ਸਕੱਤਰ ਜੀਕੇ ਪਿਲਈ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਹੇਡਲੀ ਸੰਭਾਵਿਤ ਤੌਰ ’ਤੇ ਇਕੱਲਾ ਅਮਰੀਕੀ ਸੀ ਜਿਸ ਦੇ ਪਾਸਪੋਰਟ ’ਤੇ ਉਸ ਦੇ ਪਿਤਾ ਸਲੀਮ ਗਿਲਾਨੀ ਦਾ ਨਾਮ ਦਰਜ ਨਹੀਂ ਸੀ।’’
‘‘ਉਹ ਤਿੰਨ ਚਾਰ ਸਾਲਾਂ ਦੇ ਅੰਦਰ ਅੱਠ ਜਾਂ ਨੌਂ ਵਾਰ ਭਾਰਤ ਅਤੇ ਪਾਕਿਸਤਾਨ ਦੇਸਾਂ ਵਿੱਚ ਦਾਖ਼ਲ ਹੋਇਆ ਤੇ ਮੁੜ ਗਿਆ। ਸਾਰੀ ਦੁਨੀਆ ਜਾਣਦੀ ਹੈ ਕਿ 9/11 ਦੇ ਬਾਅਦ ਅਮਰੀਕਾ ਆਪਣੀ ਸੁਰੱਖਿਆ ਪ੍ਰਤੀ ਇੰਨਾ ਸੁਚੇਤ ਸੀ ਕਿ ਅਮਰੀਕਾ ਤੋਂ ਪਾਕਿਸਤਾਨ ਜਾਣ ਵਾਲੇ ਹਰ ਯਾਤਰੀ ’ਤੇ ਨਜ਼ਰ ਰੱਖੀ ਜਾ ਰਹੀ ਸੀ।’’
‘‘ਇਹ ਸਮਝ ਵਿੱਚ ਨਾ ਆਉਣ ਵਾਲੀ ਗੱਲ ਹੈ ਕਿ ਇਸ ਦਰਮਿਆਨ ਅਮਰੀਕੀ ਪ੍ਰਸ਼ਾਸਨ ਨੇ ਇੱਕ ਵਾਰ ਵੀ ਹੇਡਲੀ ਤੋਂ ਸਵਾਲ-ਜਵਾਬ ਕਰਨ ਦੀ ਲੋੜ ਨਹੀਂ ਸਮਝੀ।’’
ਸਾਬਕਾ ਗ੍ਰਹਿ ਸਕੱਤਰ ਜੀਕੇ ਪਿਲਈ (ਖੱਬੇ ਪਾਸੇ)
ਭਾਰਤ ਅਤੇ ਅਮਰੀਕਾ ਵਿਚਕਾਰ ਹਵਾਲਗੀ ਸੰਧੀ ਵਿੱਚ ਪ੍ਰਾਵਧਾਨ ਹੈ ਕਿ ਜੇਕਰ ਕੋਈ ਵਿਅਕਤੀ ਭਾਰਤ ਵਿੱਚ ਕੋਈ ਅਪਰਾਧ ਕਰਦਾ ਹੈ ਅਤੇ ਜੇਕਰ ਉਸ ਨੂੰ ਅਮਰੀਕਾ ਦੀ ਧਰਤੀ ’ਤੇ ਫੜਿਆ ਜਾਂਦਾ ਹੈ ਤਾਂ ਭਾਰਤ ਉਸ ਦੀ ਹਵਾਲਗੀ ਦੀ ਮੰਗ ਕਰ ਸਕਦਾ ਹੈ।
ਪਰ ਹੇਡਲੀ ਨੇ ਸੰਭਾਵਿਤ ਤੌਰ ’ਤੇ ਅਮਰੀਕਾ ਨਾਲ ਇੱਕ ਸੌਦਾ ਕੀਤਾ ਕਿ ਉਹ ਉਨ੍ਹਾਂ ਨਾਲ ਪੂਰਾ ਸਹਿਯੋਗ ਕਰੇਗਾ, ਬਸ਼ਰਤੇ ਉਸ ਨੂੰ ਭਾਰਤ ਜਾਂ ਪਾਕਿਸਤਾਨ ਦੇ ਹਵਾਲੇ ਨਾ ਕੀਤਾ ਜਾਵੇ ਅਤੇ ਅਮਰੀਕਾ ਇਸ ਲਈ ਰਾਜ਼ੀ ਵੀ ਹੋ ਗਿਆ।
ਸਾਬਕਾ ਗ੍ਰਹਿ ਸਕੱਤਰ ਜੀਕੇ ਪਿਲਈ ਕਹਿੰਦੇ ਹਨ, ‘‘ਇਹ ਜੱਗ ਜ਼ਾਹਿਰ ਹੈ ਕਿ ਉਸ ਦੀ ਗ੍ਰਿਫ਼ਤਾਰੀ ਦੇ ਬਾਅਦ ਭਾਰਤੀ ਅਧਿਕਾਰੀਆਂ ਨੂੰ ਹੇਡਲੀ ਤੋਂ ਸਵਾਲ-ਜਵਾਬ ਕਰਨ ਦੀ ਆਗਿਆ ਮਿਲਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਾ ਅਤੇ ਉਦੋਂ ਵੀ ਉਨ੍ਹਾਂ ਨੂੰ ਸੀਮਤ ਸਵਾਲ ਪੁੱਛਣ ਦੀ ਹੀ ਛੋਟ ਮਿਲੀ।’’
‘‘ਅਮਰੀਕੀਆਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਜੇਕਰ ਹੇਡਲੀ ਤੋਂ ਹੋਰ ਸਵਾਲ ਪੁੱਛੇ ਗਏ ਤਾਂ ਅਮਰੀਕੀਆਂ ਦੀ ਭੂਮਿਕਾ ’ਤੇ ਪਰਦਾ ਪਾਉਣਾ ਔਖਾ ਹੋ ਜਾਵੇਗਾ।’’
ਡੇਵਿਡ ਕੋਲਮੈਨ ਹੇਡਲੀ ਨੂੰ ਇਸ ਸਮੇਂ ਅਮਰੀਕਾ ਦੀ ਇੱਕ ਜੇਲ੍ਹ ਵਿੱਚ 35 ਸਾਲਾਂ ਲਈ ਬੰਦ ਰੱਖਿਆ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨਾਲ ਪੰਜਾਬ ਨੂੰ ਕੀ ਫ਼ਾਇਦੇ ਤੇ ਕੀ ਨੁਕਸਾਨ?
NEXT STORY