ਕਸਤੂਰਬਾ ਗਾਂਧੀ ਸਕੂਲ ਦੀਆਂ ਵਿਦਿਆਰਥਣਾ
ਝਾਰਖੰਡ ਦੇ ਪੱਛਮੀ ਸਿੰਹਭੂਮ ਜ਼ਿਲ੍ਹੇ ਦੇ ਖੂੰਟਪਾਨੀ ਬਲਾਕ ਦੇ ਕਸਤੂਰਬਾ ਗਾਂਧੀ ਸਕੂਲ ਦੀਆਂ 61 ਵਿਦਿਆਰਥਣਾ ਨੇ ਆਪਣੀ ਗੱਲ ਰੱਖਣ ਲਈ ਉਹ ਰਾਹ ਚੁਣਿਆ ਜਿਸ ਉੱਤੇ ਯਕੀਨ ਕਰਨਾ ਮੁਸ਼ਕਲ ਹੈ।
ਪਰ ਸੱਚਾਈ ਇਹੀ ਹੈ ਕਿ ਲੰਘੇ ਐਤਵਾਰ ਨੂੰ ਰਾਤ ਡੇਢ ਵਜੇ ਤੋਂ ਬਾਅਦ ਇਹ ਵਿਦਿਆਰਥਣਾ ਆਪਣੇ ਹੌਸਟਲ ਤੋਂ ਨਿਕਲੀਆਂ ਅਤੇ 18 ਕਿਲੋਮੀਟਰ ਪੈਦਲ ਚੱਲ ਕੇ ਡੀਸੀ ਦਫ਼ਤਰ ਪਹੁੰਚ ਗਈਆਂ।
ਇਨ੍ਹਾਂ ਵਿਦਿਆਰਥਣਾ ਵਿੱਚ ਸਾਮਲ ਕਵਿਤਾ ਮਹਤੋ ਕਹਿੰਦੇ ਹਨ, ‘‘ਮਕਰ ਸੰਕਰਾਂਤੀ ਦੌਰਾਨ ਅਸੀਂ ਸਾਰਿਆਂ ਨੇ ਇਹ ਤੈਅ ਕਰ ਲਿਆ ਸੀ ਕਿ ਡੀਸੀ ਸਰ ਨੂੰ ਪ੍ਰਿੰਸੀਪਲ ਮੈਡਮ (ਜੋ ਵਾਰਡਨ ਵੀ ਹਨ) ਦੀ ਸ਼ਿਕਾਇਤ ਕਰਾਂਗੇ। ਇਸ ਲਈ ਰਾਤ ਡੇਢ ਵਜੇ ਸਕੂਲ ਦੇ ਦਫ਼ਤਰ ਤੋਂ ਚੁੱਪਚਾਪ ਗੇਟ ਦੀ ਚਾਬੀ ਲਈ ਅਤੇ ਆਪਣੇ ਜੁੱਤਿਆਂ ਨੂੰ ਹੱਥਾਂ ਵਿੱਚ ਲੈ ਕੇ ਗੇਟ ਖੋਲ੍ਹਿਆ। ਉਸ ਤੋਂ ਬਾਅਦ ਜੁੱਤੇ ਪਹਿਨ ਕੇ ਡੀਸੀ ਦਫ਼ਤਰ ਦੇ ਲਈ ਪੈਦਲ ਨਿਕਲ ਗਏ।’’
ਕੀ ਇਨ੍ਹਾਂ ਵਿਦਿਆਰਥਣਾ ਨੂੰ ਬਾਹਰ ਨਿਕਲਦੇ ਸਮੇਂ ਕਿਸੇ ਨੇ ਦੇਖਿਆ ਨਹੀਂ? - ਇਸ ਸਵਾਲ ਬਾਰੇ ਕਵਿਤਾ ਕਹਿੰਦੇ ਹਨ, ‘‘ਸਕੂਲ ਵਿੱਚ ਕਿਸੇ ਨੇ ਨਹੀਂ ਦੇਖਿਆ। ਅਸੀਂ ਸੜਕ ਦੇ ਰਾਹ ਨਾ ਜਾ ਕੇ ਖੇਤਾਂ ਰਾਹੀਂ ਨਿਕਲੇ। ਇਹੀ ਕਾਰਨ ਹੈ ਕਿ ਰਾਹ ਵਿੱਚ ਕਿਸੇ ਨੇ ਨਹੀਂ ਦੇਖਿਆ।’’
ਇਹ ਨਕਸਲ ਪ੍ਰਭਾਵਿਤ ਇਲਾਕਾ ਹੈ, ਤੁਹਾਨੂੰ ਡਰ ਨਹੀਂ ਲੱਗਿਆ? - ਇਸ ਸਵਾਲ ਦੇ ਜਵਾਬ ਵਿੱਚ ਮੋਨਿਕਾ ਪੂਰਤੀ ਨਾਮ ਦੀ ਵਿਦਿਆਰਥਣ ਕਹਿੰਦੇ ਹਨ, ‘‘ਇਹ ਗੱਲ ਪਤਾ ਹੈ, ਪਰ ਅਸੀਂ ਡਰੇ ਨਹੀਂ।’’
ਦੂਜੇ ਪਾਸੇ ਕਵਿਤਾ ਅਤੇ ਸੰਧਿਆ ਮਹਤੋ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਇਲਾਕਾ ਅਸੁਰੱਖਿਅਤ ਹੈ।
ਕੀ ਅੱਧੀ ਰਾਤ ਨੂੰ ਬਾਹਰ ਜਾਂਦੇ ਸਮੇਂ ਉਨ੍ਹਾਂ ਨੂੰ ਠੰਢ ਨਹੀਂ ਲੱਗੀ? - ਇਸ ਬਾਰੇ ਕਵਿਤਾ ਕਹਿੰਦੇ ਹਨ ਕਿ ਥੋੜ੍ਹੀ ਠੰਢ ਲੱਗੀ ਪਰ ਪੈਦਲ ਚੱਲ ਕੇ ਜਾਣ ਕਾਰਨ ਦਿੱਕਤ ਘੱਟ ਹੋਈ।
ਇਹ ਵਿਦਿਆਰਥਣਾ ਸਵੇਰੇ ਸੱਤ ਵਜੇ ਚਾਈਬਾਸਾ ਪਹੁੰਚੀਆਂ।
ਕਸਤੂਰਬਾ ਗਾਂਧੀ ਸਕੂਲ
ਮੁੱਖ ਗੱਲਾਂ
- ਝਾਰਖੰਡ ਦੇ ਕਸਤੂਰਬਾ ਗਾਂਧੀ ਸਕੂਲ ਦੀਆਂ 61 ਵਿਦਿਆਰਥਣਾ ਆਪਣੀ ਗੱਲ ਰੱਖਣ ਲਈ ਰਾਤ ਡੇਢ ਵਜੇ ਹੌਸਟਲ ਤੋਂ ਨਿਕਲੀਆਂ ਅਤੇ 18 ਕਿਲੋਮੀਟਰ ਪੈਦਲ ਚੱਲ ਕੇ ਡੀਸੀ ਦਫ਼ਤਰ ਪਹੁੰਚ ਗਈਆਂ
- ਵਿਦਿਆਰਥਣਾ ਮੁਤਾਬਕ ਸਕੂਲ ਵਿੱਚ ਜਦੋਂ ਟਾਇਲਟ ਦੀਆਂ ਨਾਲੀਆਂ ਜਾਮ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਤੋਂ ਪੰਜ ਰੁਪਏ ਲਏ ਜਾਂਦੇ ਹਨ ਅਤੇ ਸਫ਼ਾਈ ਕਰਨ ਨੂੰ ਕਿਹਾ ਜਾਂਦਾ ਹੈ
- ਡੀਸੀ ਅਨੰਤ ਮਿੱਤਲ ਨੇ ਮਾਮਲੇ ਉੱਤੇ ਕਾਰਵਾਈ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ, ਅਕਾਊਂਟੈਂਟ ਅਤੇ ਸਾਰੇ ਅਧਿਆਪਕਾਂ ਦਾ ਕਿਸੇ ਦੂਰ ਦੇ ਖ਼ੇਤਰ ਵਿੱਚ ਤਬਾਦਲਾ ਕਰ ਦਿੱਤਾ ਗਿਆ
- ਸਕੂਲ ਦੀ ਪ੍ਰਿੰਸੀਪਲ ਤੇ ਵਾਰਡਨ ਸੁਸ਼ੀਲਾ ਟੋਪਨੋ ਨੇ ਵਿਦਿਆਰਥਣਾ ਤੋਂ ਟਾਇਲਟ ਦੀ ਸਫ਼ਾਈ ਕਰਵਾਉਣ ਦੀ ਗੱਲ ਨੂੰ ਮੰਨਿਆ
- ਸਿੱਖਿਆ ਅਧਿਕਾਰੀ ਨੇ ਸਕੂਲ ਵਿੱਚ ਵਿਦਿਆਰਥਣਾ ਤੋਂ ਟਾਇਲਟ ਸਾਫ਼ ਕਰਵਾਏ ਜਾਣ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ
- ਟਾਇਲਟ ਦੀ ਸਫ਼ਾਈ ਤੋਂ ਇਲਾਵਾ ਵਿਦਿਆਰਥਣਾ ਦੀਆਂ ਹੋਰ ਸ਼ਿਕਾਇਤਾਂ ਵੀ ਹਨ
- ਜ਼ਿਆਦਾਤਰ ਵਿਦਿਆਰਥਣਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਮੈਨਿਊ ਦੇ ਹਿਸਾਬ ਨਾਲ ਨਾਸ਼ਤਾ ਅਤੇ ਖਾਣਾ ਨਹੀਂ ਮਿਲਦਾ
ਕਵਿਤਾ ਕਹਿੰਦੇ ਹਨ, ‘‘ਉੱਥੇ ਕੁਝ ਲੋਕਾਂ ਨੇ ਦੇਖਿਆ ਪਰ ਸਾਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ। ਉਸ ਤੋਂ ਬਾਅਦ ਅਸੀਂ ਡੀਸੀ ਦਫ਼ਤਰ ਪਹੁੰਚੇ।’’
ਵਿਦਿਆਰਥਣ ਮੁਸਕਾਨ ਤਾਂਤੀ ਕਹਿੰਦੇ ਹਨ, ‘‘ਜਦੋਂ ਅਸੀਂ ਸਾਰੇ ਡੀਸੀ ਦਫ਼ਤਰ ਪਹੁੰਚੇ ਤਾਂ ਉੱਥੇਂ ਇੱਕ ਅਧਿਕਾਰੀ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਸਾਡੀ ਸਮੱਸਿਆ ਦਾ ਹੱਲ ਕਰਨਗੇ। ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਵਾਹਨ ਰਾਹੀਂ ਵਾਪਸ ਸਕੂਲ ਪਹੁੰਚਾਇਆ ਗਿਆ।’’
ਮੁਸਕਾਨ ਦਾ ਕਹਿਣਾ ਹੈ ਕਿ ਜਿਸ ਅਧਿਕਾਰੀ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ ਉਹ ਉਨ੍ਹਾਂ ਨੂੰ ਨਹੀਂ ਜਾਣਦੇ। ਆਪਣੀ ਅਗਲੀ ਗੱਲ ਉੱਤੇ ਜ਼ੋਰ ਦਿੰਦੇ ਹੋਏ ਮੁਸਕਾਨ ਕਹਿੰਦੇ ਹਨ, ‘‘ਅਧਿਕਾਰੀ ਦੇ ਭਰੋਸੇ ਤੋਂ ਅਸੀਂ ਸੰਤੁਸ਼ਟ ਤਾਂ ਹਾਂ, ਪਰ ਸਾਡੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ।’’
ਪ੍ਰਸ਼ਾਸਨ ਨੇ ਕੀਤੀ ਕਾਰਵਾਈ
ਕਸਤੂਰਬਾ ਗਾਂਧੀ ਸਕੂਲ ਨੂੰ ਜਾਂਦਾ ਰਾਹ
ਪੱਛਮੀ ਸਿੰਹਭੂਮ ਜ਼ਿਲ੍ਹੇ ਦੇ ਡੀਸੀ ਅਨੰਤ ਮਿੱਤਲ ਸੋਮਵਾਰ ਦੀ ਸਵੇਰ ਆਪਣੇ ਦਫ਼ਤਰ ਵਿੱਚ ਨਹੀਂ ਸਨ। ਪਰ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਸ ਪੂਰੇ ਮਾਮਲੇ ਉੱਤੇ ਕਾਰਵਾਈ ਸ਼ੁਰੂ ਕੀਤੀ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, ‘‘ਜ਼ਿਲ੍ਹੇ ਵਿੱਚ 15 ‘ਕਸਤੂਰਬਾ ਗਾਂਧੀ ਆਵਾਸੀਯ ਬਾਲਿਕਾ ਵਿਦਿਆਲਿਯ’ ਹਨ। ਪਰ ਖੂੰਟਪਾਨੀ ਸਥਿਤ ਇਸ ਸਕੂਲ ਵਿੱਚ ਇਹ ਘਟਨਾ ਘਟੀ ਹੈ। ਇਸ ਲਈ ਸਭ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ, ਅਕਾਊਂਟੈਂਟ ਅਤੇ ਸਾਰੇ ਅਧਿਆਪਕਾਂ ਦਾ ਕਿਸੇ ਦੂਰ ਦੇ ਖ਼ੇਤਰ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ ਤਾਂ ਜੋ ਇੱਥੋਂ ਦੀ ਪੂਰੀ ਵਿਵਸਥਾ ਬਦਲ ਸਕੇ।’’
‘‘ਨਾਲ ਹੀ ਪ੍ਰਿੰਸੀਪਲ ਅਤੇ ਅਕਾਊਂਟੇਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕਿਉਂ ਉਨ੍ਹਾਂ ਦਾ ਕਰਾਰਨਾਮਾ ਖ਼ਤਮ ਨਾ ਕੀਤਾ ਜਾਵੇ। ਨਾਲ ਹੀ ਅਸੀਂ ਰਾਤ ਲਈ ਰੱਖੇ ਗਏ ਚੌਕੀਦਾਰ ਨੂੰ ਤੁਰੰਤ ਸੇਵਾਮੁਕਤ ਕਰਦੇ ਹੋਏ ਦੋ ਹੋਮਗਾਰਡ ਨੂੰ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ।’’
ਬੀਬੀਸੀ ਨੇ ਜਦੋਂ 11ਵੀਂ ਦੀਆਂ ਇਨ੍ਹਾਂ 61 ਵਿਦਿਆਰਥਣਾ ਤੋਂ ਸਮੱਸਿਆ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾਤਰ ਵਿਦਿਆਰਥਣਾ ਖੁੱਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰ ਰਹੀਆਂ ਸਨ।
ਡਰੀ ਅਤੇ ਸਹਿਮੀ ਸੋਨਾਲੀ ਜੋਜੋ ਨੇ ਸਭ ਤੋਂ ਪਹਿਲਾਂ ਬੋਲਣ ਦੀ ਹਿਮਤ ਦਿਖਾਈ। ਉਨ੍ਹਾਂ ਨੇ ਕਿਹਾ, ‘‘ਅਸੀਂ ਡੀਸੀ ਦਫ਼ਤਰ ਇਸ ਲਈ ਗਏ ਕਿਉਂਕਿ ਸਕੂਲ ਵਿੱਚ ਜਦੋਂ ਟਾਇਲਟ ਦੀਆਂ ਨਾਲੀਆਂ ਜਾਮ ਹੋ ਜਾਂਦੀਆਂ ਹਨ ਤਾਂ ਸਾਡੇ ਤੋਂ ਪੰਜ ਰੁਪਏ ਲਏ ਜਾਂਦੇ ਹਨ।’’
ਉਨ੍ਹਾਂ ਦੇ ਕਹਿਣ ਤੋਂ ਬਾਅਦ ਹੀ ਕਈ ਵਿਦਿਆਰਥਣਾ ਦੀ ਆਵਾਜ਼ ਗੂੰਜ ਉੱਠੀ ਕਿ ‘‘ਟਾਇਲਟ ਦੀ ਸਫ਼ਾਈ ਦਾ ਕੰਮ ਵਿਦਿਆਰਥਣਾ ਤੋਂ ਕਰਵਾਇਆ ਜਾਂਦਾ ਹੈ।’’
ਇੱਕ ਹੋਰ ਵਿਦਿਆਰਥਣ ਨੇ ਕਿਹਾ, ‘‘ਟਾਇਲਟ ਤਾਂ ਜ਼ਿਆਦਾਤਰ ਅਸੀਂ ਹੀ ਸਾਫ਼ ਕਰਦੇ ਹਾਂ।’’
-
ਵਿਦਿਆਰਥਣਾ ਦਾ ਇਲਜ਼ਾਮ
ਬਦੇਯਾ ਪਿੰਡ ਦੇ ਇਸ ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ 498 ਵਿਦਿਆਰਥਣਾ ਹਨ। ਇਨ੍ਹਾਂ ਲਈ 51 ਟਾਇਲਟ ਹਨ ਪਰ ਇਨ੍ਹਾਂ ਦੀ ਸਫ਼ਾਈ ਲਈ ਸਕੂਲ ਵਿੱਚ ਸਫ਼ਾਈ ਕਰਮਚਾਰੀ ਨਹੀਂ ਹੈ।
ਹਾਲਾਂਕਿ ਇੱਕ ਦਿਲਚਸਪ ਗੱਲ ਇਹ ਹੈ ਕਿ ਐਤਵਾਰ ਦੀ ਦੇਰ ਰਾਤ ਇਨ੍ਹਾਂ ਵਿੱਚੋਂ ਸਿਰਫ਼ 11ਵੀਂ ਜਮਾਤ ਦੀਆਂ ਵਿਦਿਆਰਥਣਾ ਹੀ ਡੀਸੀ ਦਫ਼ਤਰ ਪਹੁੰਚੀਆਂ ਸਨ।
ਇਨ੍ਹਾਂ ਵਿਦਿਆਰਥਣਾਂ ਨਾਲ ਗੱਲ ਕਰਨ ’ਤੇ ਪਤਾ ਲੱਗਿਆ ਕਿ ਇੱਕ ਦਿਨ ਪਹਿਲਾਂ ਵਾਰਡਨ ਨੇ 11ਵੀਂ ਕਲਾਸ ਦੀਆਂ ਵਿਦਿਆਰਥਣਾ ਤੋਂ ਹੀ ਟਾਇਲਟ ਸਾਫ਼ ਕਰਵਾਇਆ ਸੀ ਅਤੇ ਬਾਅਦ ਵਿੱਚ ਕੁਝ ਵਿਦਿਆਰਥਣਾ ਨੂੰ ਮੈਦਾਨ ਵਿੱਚ ਚੱਕਰ ਲਗਾਉਣ ਦੀ ਸਜ਼ਾ ਵੀ ਸੁਣਾਈ ਸੀ।
ਸਕੂਲ ਦੀ ਪ੍ਰਿੰਸੀਪਲ ਤੇ ਵਾਰਡਨ ਸੁਸ਼ੀਲਾ ਟੋਪਨੋ
ਸਕੂਲ ਦੀ ਪ੍ਰਿੰਸੀਪਲ ਤੇ ਵਾਰਡਨ ਸੁਸ਼ੀਲਾ ਟੋਪਨੋ ਵਿਦਿਆਰਥਣਾ ਤੋਂ ਟਾਇਲਟ ਦੀ ਸਫ਼ਾਈ ਕਰਵਾਉਣ ਦੀ ਗੱਲ ਨੂੰ ਮੰਨਦੇ ਹੋਏ ਦੱਸਦੇ ਹਨ, ‘‘ਇੱਥੇ ਸਫ਼ਾਈ ਕਰਮਚਾਰੀ ਦੀ ਪੋਸਟ ਨਹੀਂ ਹੈ, ਇਸ ਲਈ ਸਫ਼ਾਈ ਕਰਮਚਾਰੀ ਨਹੀਂ ਹੈ। ਅਜਿਹੇ ਵਿੱਚ ਵਿਦਿਆਰਥਣਾ ਨੂੰ ਖ਼ੁਦ ਸਫ਼ਾਈ ਕਰਨੀ ਪੈਂਦੀ ਹੈ, ਕਿਉਂਕਿ ਹਰ ਦਿਨ ਸਫ਼ਾਈ ਕਰਮਚਾਰੀ ਨੂੰ ਅਸੀਂ ਬੁਲਾ ਨਹੀਂ ਸਕਦੇ।’’
ਹਰ ਵਿਦਿਆਰਥਣ ਤੋਂ ਪੰਜ ਰੁਪਏ ਲਏ ਜਾਣ ਦੇ ਇਲਜ਼ਾਮ ਉੱਤੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਵਿਦਿਆਰਥਣਾ ਪੈਸੇ ਇਕੱਠੇ ਕਰਕੇ ਬਾਲ ਸੰਸਦ (ਵਿਦਿਆਰਥਣਾ ਦਾ ਮੰਚ) ਵਿੱਚ ਜਮਾਂ ਕਰਦੀਆਂ ਹਨ ਅਤੇ ਇਸ ਨਾਲ ਸਫ਼ਾਈ ਕਰਮਚਾਰੀ ਬੁਲਾਏ ਜਾਂਦੇ ਹਨ।
ਪ੍ਰਿੰਸੀਪਲ ਨੇ ਕਿਹਾ, ‘‘ਸਾਡੇ ਕੋਲ ਬਜਟ ਨਹੀਂ ਹੈ, ਮੈਂ ਤਿੰਨ ਮਹੀਨੇ ਤੋਂ ਤਨਖ਼ਾਨ ਨਹੀਂ ਲੈ ਸਕੀ। ਇਸ ਲਈ ਮੈਂ ਇਸ ਵਾਰ ਵਿਦਿਆਰਥਣਾ ਨੂੰ ਸਮਝਾਇਆ ਕਿ ਤੁਹਾਨੂੰ ਸਹਿਯੋਗ ਕਰਨਾ ਪਵੇਗਾ। ਪੈਸਿਆਂ ਲਈ ਮੈਂ ਕਿਸੇ ਉੱਤੇ ਦਬਾਅ ਨਹੀਂ ਪਾਇਆ। ਜਿਨ੍ਹਾਂ ਵਿਦਿਆਰਥਣਾ ਨੇ ਮਦਦ ਕੀਤੀ, ਉਨ੍ਹਾਂ ਦੇ ਬਾਲ ਸੰਸਦ ਤੋਂ ਪੈਸੇ ਲੈ ਕੇ ਸਫ਼ਾਈ ਕਰਮੀ ਨੂੰ ਦਿੱਤੇ।’’
ਪਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਲਲਨ ਕੁਮਾਰ ਨੇ ਸਕੂਲ ਵਿੱਚ ਵਿਦਿਆਰਥਣਾ ਤੋਂ ਟਾਇਲਟ ਸਾਫ਼ ਕਰਵਾਏ ਜਾਣ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਨ ਕੁਮਾਰ
ਲਲਨ ਕਹਿੰਦੇ ਹਨ, ‘‘ਇਹ ਇੱਕ ਹੌਸਟਲ ਸਕੂਲ ਹੈ, ਇਸ ਦਾ ਮਕਸਦ ਇਹ ਨਹੀਂ ਹੁੰਦਾ ਕਿ ਇੱਥੇ ਸਿਰਫ਼ ਪੜ੍ਹਾਈ ਹੋਵੇ, ਉਹ ਰੋਜ਼ਮਰਾ ਦੀ ਜ਼ਿੰਦਗੀ ਕਿਵੇਂ ਜਿਉਣਗੀਆਂ, ਸਮਾਜ ਵਿੱਚ ਕਿਵੇਂ ਰਹਿਣਗੀਆਂ।''''
''''ਇਸ ਲਈ ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਕੰਮਾਂ ਵਿੱਚ ਲਗਾਇਆ ਜਾਂਦਾ ਹੈ ਜਿਵੇਂ ਬਾਗ਼ਬਾਨੀ, ਤਾਂ ਜੋ ਉਨ੍ਹਾਂ ਦੀ ਸੰਪੂਰਨ ਸ਼ਖਸੀਅਤ ਵਿਕਸਿਤ ਹੋਵੇ।’’
ਪ੍ਰਿੰਸੀਪਲ ਟੋਪਨੋ ਕਹਿੰਦੇ ਹਨ, ‘‘ਮੈਂ ਹਰ ਮੀਟਿੰਗ ਵਿੱਚ ਅਧਿਕਾਰੀਆਂ ਤੋਂ ਸਫ਼ਾਈ ਕਮਰਚਾਰੀਆਂ ਦੀ ਮੰਗ ਕਰਦੀ ਰਹੀ ਹਾਂ ਕਿਉਂਕਿ ਇੱਥੇ ਬੱਚੀਆਂ ਪੇਂਡੂ ਇਲਾਕਿਆਂ ਤੋਂ ਆਉਂਦੀਆਂ ਹਨ ਜਿੱਥੇ ਉਹ ਟਾਇਲਟ ਦਾ ਇਸਤੇਮਾਲ ਨਹੀਂ ਕਰਦੀਆਂ। ਅਜਿਹੇ ਵਿੱਚ ਸਮਝਾਉਣ ਦੇ ਬਾਵਜੂਦ ਉਹ ਟਾਇਲਟ ਵਿੱਚ ਕੁਝ ਨਾ ਕੁਝ ਸੁੱਟ ਦਿੰਦੀਆਂ ਹਨ ਜਿਸ ਨਾਲ ਟਾਇਲਟ ਹਰ ਦੋ-ਤਿੰਨ ਦਿਨ ਵਿੱਚ ਜਾਮ ਹੁੰਦੇ ਹਨ। ਅਜਿਹੇ ਵਿੱਚ ਸਫ਼ਾਈ ਕਰਮੀ ਨੂੰ ਬਾਹਰੋਂ ਬੁਲਾਉਣਾ ਪੈਂਦਾ ਹੈ।’’
ਵਿਦਿਆਰਥਣਾ ਨੂੰ ਸਮੇਂ ਉੱਤੇ ਨਹੀਂ ਮਿਲੀ ਵਰਦੀ
ਟਾਇਲਟ ਦੀ ਸਫ਼ਾਈ ਤੋਂ ਇਲਾਵਾ ਵਿਦਿਆਰਥਣਾ ਦੀਆਂ ਹੋਰ ਸ਼ਿਕਾਇਤਾਂ ਵੀ ਹਨ।
ਇੱਕ ਵਿਦਿਆਰਥਣ ਮੁਸਕਾਨ ਦਾ ਦਾਅਵਾ ਹੈ ਕਿ ਵਿਦਿਆਰਥਣਾ ਨੂੰ ਸਕੂਲ ਦੀ ਯੂਨੀਫਾਰਮ ਨਹੀਂ ਮਿਲੀ ਹੈ। ਹਾਲਾਂਕਿ ਉਨ੍ਹਾਂ ਨੂੰ ਖ਼ੁਦ ਤਾਂ ਯੂਨੀਫਾਰਮ ਮਿਲ ਚੁੱਕੀ ਹੈ, ਪਰ ਉਹ ਕਹਿੰਦੇ ਹਨ, ‘‘ਸਵਾਲ ਮੇਰਾ ਨਹੀਂ ਹੈ, ਇੱਥੇ ਪੜ੍ਹਨ ਵਾਲੀਆਂ ਸਾਰੀਆਂ ਕੁੜੀਆਂ ਨੂੰ ਕੱਪੜੇ (ਵਰਦੀ) ਮਿਲਣੇ ਚਾਹੀਦੇ ਹਨ।’’
ਸਕੂਲ ਦੀ ਪ੍ਰਿੰਸੀਪਲ ਨੇ ਇਸ ਇਲਜ਼ਾਮ ਤੋਂ ਇਨਕਾਰ ਕਰਦੇ ਹੋਏ ਕਿਹਾ, ‘‘ਜਦੋਂ ਯੂਨੀਫਾਰਮ ਆਈਆਂ ਤਾਂ ਤਿੰਨ ਤੋਂ ਚਾਰ ਕੁੜੀਆਂ ਹਾਜ਼ਰ ਨਹੀਂ ਸਨ, ਉਹ ਆ ਗਈਆਂ ਹਨ ਤਾਂ ਉਨ੍ਹਾਂ ਨੂੰ ਡ੍ਰੈੱਸ ਮਿਲ ਜਾਵੇਗੀ।’’
ਮੁਸਕਾਨ ਇੱਕ ਹੋਰ ਇਲਜ਼ਾਮ ਲਗਾਉਂਦੇ ਹਨ ਕਿ ਇੱਕ-ਦੋ ਵਿਦਿਆਰਥਣਾ ਨੂੰ ਛੱਡ ਕੇ ਸਾਰਿਆਂ ਕੋਲ ਕਿਤਾਬਾਂ ਨਹੀਂ ਹਨ।
ਕਿਹੜੇ ਵਿਸ਼ਿਆਂ ਦੀਆਂ ਕਿਤਾਬਾਂ ਨਹੀਂ ਹਨ? – ਇਸ ਸਵਾਲ ਉੱਤੇ ਮੁਸਕਾਨ ਕਹਿੰਦੇ ਹਨ ਕਿਸੇ ਵੀ ਵਿਸ਼ੇ ਦੀ ਕਿਤਾਬ ਨਹੀਂ ਹੈ। ਪਰ ਸਕੂਲ ਵੱਲੋਂ ਕਿਤਾਬਾਂ ਬਾਬਤ ਲਗਾਏ ਗਏ ਇਲਜ਼ਾਮ ਨੂੰ ਰੱਦ ਕਰ ਦਿੱਤਾ ਗਿਆ।
ਦਰਅਸਲ ਕਸਤੂਰਬਾ ਗਾਂਧੀ ਬਾਲਿਕਾ ਆਵਾਸੀਯ ਵਿਦਿਆਲਯ ਵਿੱਚ ਆਰਥਿਕ ਤੌਰ ਉੱਤੇ ਕਮਜ਼ੋਰ ਵਿਦਿਆਰਥਣਾ ਨੂੰ ਪੜ੍ਹਨ ਦਾ ਮੌਕਾ ਮਿਲਦਾ ਹੈ।
ਵਿਦਿਆਰਥਣਾ ਦਾ ਕਹਿਣਾ ਹੈ ਕਿ ਅਸੀਂ ਇੱਥੇ ਆਪਣਾ ਭਵਿੱਖ ਬਣਾਉਣ ਲਈ ਆਉਂਦੇ ਹਾਂ। ਪਰ ਉਨ੍ਹਾਂ ਨੂੰ ਉਹ ਸੁਵਿਧਾ ਨਹੀਂ ਮਿਲਦੀ ਜਿਸ ਦੀਆਂ ਉਹ ਹੱਕਦਾਰ ਹਨ।
ਸਕੂਲ ਵਿੱਚ ਖਾਣੇ ਦਾ ਮੈਨਿਊ
ਜ਼ਿਆਦਾਤਰ ਵਿਦਿਆਰਥਣਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਮੈਨਿਊ ਦੇ ਹਿਸਾਬ ਨਾਲ ਨਾਸ਼ਤਾ ਅਤੇ ਖਾਣਾ ਨਹੀਂ ਮਿਲਦਾ।
ਮੋਨਿਕਾ ਪੂਰਤੀ ਕਹਿੰਦੇ ਹਨ, ‘‘ਨਾਸ਼ਤੇ ਵਿੱਚ ਆਂਡਾ, ਖਾਣੇ ਵਿੱਕ ਆਂਡਾ ਕਰੀ, ਮੀਟ, ਮੱਛੀ ਅਤੇ ਮਿੱਠਾ ਪਹਿਲਾਂ ਵਾਂਗ ਨਹੀਂ ਮਿਲ ਰਿਹਾ।’’
ਇਸ ਬਾਰੇ ਪ੍ਰਿੰਸੀਪਲ ਟੋਪਨੋ ਵੀ ਮੰਨਦੇ ਹਨ ਕਿ ਪੈਸੇ ਦੀ ਕਮੀ ਕਾਰਨ ਪਹਿਲਾਂ ਵਾਂਗ ਵਿਦਿਆਰਥਣਾ ਨੂੰ ਮੀਟ, ਮੱਛੀ ਨਹੀਂ ਦਿੱਤੀ ਜਾ ਰਹੀ।
ਬਜਟ ਘੱਟ ਹੋਣ ਦੀ ਗੱਲ
ਇਸ ਬਾਰੇ ਡੀਸੀ ਅਨੰਤ ਮਿੱਤਲ ਨੇ ਇੱਕ ਜਾਂਚ ਕਮੇਟੀ ਬਣਾਈ ਹੈ ਜੋ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਦੂਜੇ ਸਕੂਲਾਂ ਦੇ ਮੁਕਾਬਲੇ ਬਰਾਬਰ ਬਜਟ ਦੀ ਵੰਡ ਤੋਂ ਬਾਅਦ ਇਸ ਸਕੂਲ ਵਿੱਚ ਬਜਟ ਘੱਟ ਕਿਵੇਂ ਪੈ ਰਿਹਾ ਹੈ।
ਵੈਸੇ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਵੀ ਇੱਕ ਮਸਲਾ ਹੈ।
ਸੰਧਿਆ ਮਹਤੋ ਕਹਿੰਦੇ ਹਨ, ‘‘ਸਕੂਲ ਵਿੱਚ ਅਧਿਆਪਕਾਂ ਦੀ ਕਮੀ ਹੈ। ਸੰਸਕ੍ਰਿਤ, ਕੁਰਮਾਲੀ, ਹੋ ਭਾਸ਼ਾ, ਡਾਂਸ ਅਤੇ ਕਲਾ ਦੇ ਅਧਿਆਪਕ ਨਹੀਂ ਹਨ।’’
ਪਰ ਉਨ੍ਹਾਂ ਦੇ ਇਲਜ਼ਾਮਾਂ ਨੂੰ ਰੱਦ ਕਰਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਲਨ ਕੁਮਾਰ ਨੇ ਕਿਹਾ ਕਿ ਅਜਿਹੀ ਗੱਲ ਨਹੀਂ ਹੈ। ਸਿਰਫ਼ ਸਥਾਨਕ ਭਾਸ਼ਾ ‘ਹੋ’ ਵਿੱਚ ਅਧਿਆਪਕ ਨਹੀਂ ਹਨ।
ਸਕੂਲ ਦਾ ਮੈਦਾਨ
ਜਦਕਿ ਪ੍ਰਿੰਸੀਪਲ ਟੋਪਨੋ ਨੇ ਕਿਹਾ ਕਿ ਸਕੂਲ ਵਿੱਚ ਸਿਰਫ਼ ਮੈਥ, ਸਾਇੰਸ, ਫ਼ਿਜ਼ੀਕਲ ਐਜੂਕੇਸ਼ਨ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਨਾਲ ਸਬੰਧਤ ਕੁੱਲ ਚਾਰ ਪੱਕੇ ਅਧਿਆਪਕ ਹਨ।
ਉਹ ਕਹਿੰਦੇ ਹਨ, ‘‘ਕੁਝ ਪਾਰਟ ਟਾਈਮ ਅਧਿਆਪਕ ਆਉਂਦੇ ਹਨ, ਪਰ ਉੱਤੋਂ ਹੁਕਮ ਹਨ ਕਿ ਉਨ੍ਹਾਂ ਵਿੱਚ ਵੀ ਕਮੀ ਕੀਤੀ ਜਾਵੇ। ਜਦੋਂ ਪਾਰਟ ਟਾਈਮ ਅਧਿਆਪਕਾਂ ਵਿੱਚ ਕਮੀ ਕੀਤੀ ਜਾਵੇਗੀ ਤਾਂ ਵਿਦਿਆਰਥਣਾ ਦੀ ਪੜ੍ਹਾਈ ਹੋਰ ਪ੍ਰਭਾਵਿਤ ਹੋਵੇਗੀ।’’
ਪੰਜ ਏਕੜ ਵਿੱਚ ਫ਼ੈਲੇ ਇਸ ਸਕੂਲ ਵਿੱਚ 498 ਵਿਦਿਆਰਥਣਾ ਦੀ ਸੁਰੱਖਿਆ ਲਈ ਦਿਨ ਵਿੱਚ ਦੋ ਮਹਿਲਾ ਅਤੇ ਰਾਤ ਸਮੇਂ ਇੱਕ ਮਰਦ ਚੌਕੀਦਾਰ ਹਨ।
61 ਵਿਦਿਆਰਥਣਾ ਦੇ ਰਾਤ ਵੇਲੇ ਕੈਂਪਸ ਤੋਂ ਬਾਹਰ ਜਾਣ ਬਾਰੇ ਪ੍ਰਿੰਸੀਪਲ ਟੋਪਨੋ ਕਹਿੰਦੇ ਹਨ, ‘‘ਉਸ ਰਾਤ ਉਨ੍ਹਾਂ ਨੂੰ ਜਾਂ ਸਕੂਲ ਦੇ ਹੋਰ ਕਰਮਚਾਰੀਆਂ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਲੱਗੀ ਕਿ ਵਿਦਿਆਰਥਣਾ ਚੁੱਪਚਾਪ ਕਿਵੇਂ ਨਿਕਲ ਗਈਆਂ ਅਤੇ ਅਸੀਂ ਕਿਸੇ ਵੱਡੀ ਅਣਹੋਣੀ ਤੋਂ ਬੱਚ ਗਏ।’’
ਸਕੂਲ ਦੇ ਸਾਰੇ ਚਾਰ ਅਧਿਆਪਕਾਂ ਦੇ ਤਬਾਦਲੇ ਨੂੰ ਲੈ ਕੇ 11ਵੀਂ ਜਮਾਤ ਦੀ ਵਿਦਿਆਰਥਣ ਕਵਿਤਾ ਕਹਿੰਦੇ ਹਨ ਕਿ ‘‘ਅਸੀਂ ਡੀਸੀ ਦਫ਼ਤਰ ਪ੍ਰਿੰਸੀਪਲ ਮੈਮ ਨੂੰ ਹਟਵਾਉਣ ਲਈ ਗਏ ਸੀ। ਪਰ ਸਾਰੇ ਅਧਿਆਪਕਾਂ ਦੇ ਤਬਾਦਲੇ ਤੋਂ ਅਸੀਂ ਦੁਖੀ ਹਾਂ।’’
ਸਕੂਲ ਕਮੇਟੀ ਦੇ ਪ੍ਰਬੰਧਕ ਡੋਨੋ ਬਾਨਸਿੰਘ ਕਹਿੰਦੇ ਹਨ ਕਿ ‘‘ਮੈਂ ਅਕਸਰ ਇੱਥੇ ਵਿਦਿਆਰਥਣਾ ਨੂੰ ਮਿਲਣ ਆਉਂਦਾ ਹਾਂ। ਪਰ ਕਿਸੇ ਨੇ ਮੈਨੂੰ ਕੋਈ ਸ਼ਿਕਾਇਤ ਨਹੀਂ ਕੀਤੀ।’’
ਜਦਕਿ ਖੂੰਟਪਾਨੀ ਬਲਾਕ ਦੇ ਬੀਡੀਓ ਜਾਗੋ ਮਹਤੋ ਕਹਿੰਦੇ ਹਨ ਕਿ ਜੋ ਵੀ ਉਸ ਰਾਤ ਹੋਇਆ ਉਹ ਹੈਰਾਨ ਕਰਨ ਵਾਲੀ ਗੱਲ ਹੈ।
ਉਹ ਕਹਿੰਦੇ ਹਨ, ‘‘ਸਵਾਲ ਇਹ ਹੈ ਕਿ ਕਿਵੇਂ ਐਨੀਂ ਵੱਡੀ ਗਿਣਤੀ ਵਿੱਚ ਵਿਦਿਆਰਥਣਾ ਬਾਹਰ ਨਿਕਲੀਆਂ? ਸੁਰੱਖਿਆ ਦੀ ਨਜ਼ਰ ਤੋਂ ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ। ਇਸ ਲਈ ਸਾਰੀਆਂ ਚੀਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਸੀ ਨੇ ਵੀ ਇਸ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਸੋਸ਼ਲ ਮੀਡੀਆ ਪੋਸਟਾਂ ਰਾਹੀਂ ਗ਼ਲਤ ਮਸ਼ਹੂਰੀ ਕਰਨਾ ਕਿਵੇਂ ਹੁਣ ਮੁਸ਼ਕਲ ’ਚ ਪਾ ਸਕਦਾ ਹੈ
NEXT STORY