''''ਔਰਤਾਂ ਨੂੰ ਪਿਤਾ ਜੀ ਨੇ ਇੰਨਾ ਕੁ ਜ਼ਿਆਦਾ ਮਜ਼ਬੂਤ ਬਣਾਇਆ ਹੈ ਕਿ ਉਹ ਆਪਣੇ ਫੈਸਲੇ ਖ਼ੁਦ ਲੈ ਸਕਦੀਆਂ ਹਨ।''''
ਇਹ ਕਹਿਣਾ ਹੈ ਗੁਰਮੀਤ ਰਾਮ ਰਹੀਮ ਦੀ ਇੱਕ ਮਹਿਲਾ ਸਮਰਥਕ ਦਾ, ਜੋ 29 ਜਨਵਰੀ ਨੂੰ ਸਲਾਬਤਪੁਰਾ ਵਿਖੇ ਹੋ ਰਹੇ ਡੇਰਾ ਸੱਚਾ ਸੌਦਾ ਦੇ ਸਮਾਗਮ ਵਿਖੇ ਪਹੁੰਚੀ ਸੀ।
ਦਰਅਸਲ, ਡੇਰੇ ਦੇ ਮੁਖੀ ਰਹੇ ਸ਼ਾਹ ਸਤਨਾਮ ਦੇ ਜਨਮ ਦਿਹਾੜੇ ਦੇ ਸਮਾਗਮ ਕੀਤੇ ਜਾ ਰਹੇ ਹਨ।
ਇਸ ਦੌਰਾਨ ਬਲਾਤਕਾਰ ਤੇ ਕਤਲ ਦੇ ਦੋਸ਼ਾਂ ਵਿੱਚ ਸਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਵੀ 40 ਦਿਨਾਂ ਦੀ ਪੈਰੋਲ ''ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ।
ਪੰਜਾਬ ਦੇ ਜ਼ਿਲਾ ਬਠਿੰਡਾ ਅਧੀਨ ਪੈਂਦੇ ਪਿੰਡ ਰਾਜਗੜ੍ਹ ਸਲਾਬਤਪੁਰਾ ਦੇ ਡੇਰੇ ''ਚ ਮਨਾਏ ਜਾ ਰਹੇ ਇਸ ਸਮਾਗਮ ਵਿੱਚ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਆਨਲਾਈਨ ਸੰਬੋਧਨ ਕੀਤਾ।
ਗੁਰਮੀਤ ਰਾਮ ਰਹੀਮ ਨੇ ਇਹ ਸਤਿਸੰਗ ਉੱਤਰ ਪ੍ਰਦੇਸ਼ ਦੇ ਆਪਣੇ ਬਰਨਾਵਾ ਆਸ਼ਰਮ ਤੋਂ ਕੀਤਾ।
ਇਸ ਮੌਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ''ਚ ਆਏ ਲੋਕਾਂ ਨੇ ਹਿੱਸਾ ਲਿਆ।
ਡੇਰਾ ਮੁਖੀ ਨੇ ਸੰਬੋਧਨ ''ਚ ਕੀ ਕਿਹਾ
ਆਪਣੇ ਸੰਬੋਧਨ ਵਿੱਚ ਡੇਰਾ ਮੁਖੀ ਰਾਮ ਰਹੀਮ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੇ ਹਨ ਤੇ ਡੇਰੇ ਦਾ ਮੁੱਖ ਮੰਤਵ ਮਾਨਵਤਾ ਦੀ ਸੇਵਾ ਕਰਨਾ ਹੈ।
ਗੁਰਮੀਤ ਰਾਮ ਰਹੀਮ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ''''ਕਦੇ ਵੀ ਕਿਸੇ ਨੂੰ ਵੀ ਇੱਕ ਵੀ ਬੁਰਾ ਕਰਮ ਕਰਨ ਲਈ ਕਿਹਾ ਹੋਵੇ ਤਾਂ ਮੈਂ ਆਪਣੀ ਗਰਦਨ ਕਟਵਾ ਲਵਾਂਗਾ।''''
''''1948 ਤੋਂ ਲੈ ਕੇ ਅੱਜ ਤੱਕ ਕੋਈ ਵੀ ਸਾਨੂੰ ਦੱਸੇ ਕਿ ਅਸੀਂ ਕਿਸ ਧਰਮ ਜਾਂ ਜਾਤੀ ਦੀ ਨਿਖੇਧੀ ਕੀਤੀ ਹੈ। ਵੈਸੇ ਗੱਲਾਂ ਬਣਾਉਣ ਨੂੰ ਜੋ ਮਰਜ਼ੀ ਬਣਾਈ ਜਾਓ, ਉਹ ਇੱਕ ਅੱਲਗ ਚੀਜ਼ ਹੈ। ਕਿਸੇ ਵੀ ਧਰਮ ਨੂੰ ਅਸੀਂ ਬੁਰਾ ਨਹੀਂ ਕਹਿੰਦੇ।''''
ਇਸ ਦੌਰਾਨ ਨਸ਼ੇ ਦੇ ਮੁੱਦੇ ''ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਕੋਹੜ ਨੂੰ ਜੜੋਂ ਖ਼ਤਮ ਕਰਨ ਲਈ ਹਰ ਵਾਹ ਲਗਾ ਦੇਣਗੇ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਡੇਰੇ ਦੀਆਂ ਦੋ ਸਾਧਵੀਆਂ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਤੋਂ ਇਲਾਵਾ ਡੇਰੇ ਦੇ ਹੀ ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਮਗਰੋਂ, ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ।
ਮੁੱਖ ਬਿੰਦੂ
- ਬਲਾਤਕਾਰ ਤੇ ਕਤਲ ਦੇ ਦੋਸ਼ਾਂ ''ਚ ਸਜਾ ਭੁਗਤ ਰਹੇ ਰਾਮ ਰਹੀਮ 40 ਦਿਨਾਂ ਦੀ ਪੈਰੋਲ ''ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ
- ਇਸ ਦੌਰਾਨ ਸੱਚਾ ਸੌਦਾ ਡੇਰਾ ਮੁਖੀ ਰਾਮ ਰਹੀਮ ਦੇ ਆਨਲਾਈਨ ਸਤਸੰਗ ਵਿੱਚ ਸਲਾਬਤਪੁਰਾ ''ਚ ਜੁੜੀ ਵੱਡੀ ਭੀੜ
- ਇਸ ਸਮਾਗਮ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਹੋਈਆਂ ਸ਼ਾਮਲ
- ਰਾਮ ਰਹੀਮ ਨੇ ਪੈਰੋਕਾਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕੀਤਾ।
- ਡੇਰੇ ਦੇ ਦੂਸਰੇ ਮੁਖੀ ਰਹੇ ਸ਼ਾਹ ਸਤਨਾਮ ਦੇ ਜਨਮ ਦਿਹਾੜੇ ''ਤੇ ਕੀਤੇ ਜਾ ਰਹੇ ਹਨ ਇਹ ਸਮਾਗਮ
- ਬਹਿਬਲ ਕਲਾਂ ਇਨਸਾਫ ਮੋਰਚੇ ਅਤੇ ਹੋਰ ਕਈ ਥਾਵਾਂ ''ਤੇ ਰਾਮ ਰਹੀਮ ਦੇ ਆਨਲਾਈਨ ਸਤਸੰਗ ਦਾ ਕੀਤਾ ਗਿਆ ਵਿਰੋਧ
ਸਮਾਗਮ ਵਿਚ ਔਰਤਾਂ ਦੀ ਵੱਡੀ ਗਿਣਤੀ
ਸਲਾਬਤਪੁਰਾ ਵਿਖੇ ਹੋਏ ਇਸ ਸਮਾਗਮ ਵਿੱਚ ਵੱਡੀ ਸੰਖਿਆ ਵਿੱਚ ਲੋਕਾਂ ਨੇ ਹਿੱਸਾ ਲਿਆ।
ਖਾਸ ਕਰਕੇ ਇਸ ਦੌਰਾਨ ਵਧੇਰੇ ਗਿਣਤੀ ਵਿੱਚ ਮਹਿਲਾਵਾਂ ਸ਼ਾਮਲ ਹੋਈਆਂ। ਕਈਆਂ ਨੇ ਤਾਂ ਨੱਚਦੇ ਗਾਉਂਦੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਸਮਾਗਮ ''ਚ ਸ਼ਾਮਲ ਹੋਏ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੇ ਉਨ੍ਹਾਂ ਨੂੰ ਬਹੁਤ ਚੰਗੀਆਂ ਸਿੱਖਿਆਵਾਂ ਦਿੱਤੀਆਂ ਹਨ ਜਿਨ੍ਹਾਂ ''ਤੇ ਚੱਲ ਕੇ ਉਹ ਆਪਣੇ ਜੀਵਨ ਨੂੰ ਹੋਰ ਜ਼ਿਆਦਾ ਵਧੀਆ ਬਣਾ ਰਹੇ ਹਨ।
ਡੇਰਾ ਮੁਖੀ ''ਤੇ ਲੱਗੇ ਇਲਜ਼ਾਮਾਂ ਬਾਰੇ ਉਹ ਕਹਿੰਦੇ ਹਨ, ''''ਉਹ ਦੁਨੀਆਦਾਰੀ ਲਈ ਹੈ ਕਿ ਉਨ੍ਹਾਂ ''ਤੇ ਇਲਜ਼ਾਮ ਲੱਗੇ ਹਨ। ਪਿਛਲੇ ਸਮਿਆਂ ''ਚ ਦੇਖੀਏ ਤਾਂ ਗੁਰੂਆਂ ਨਾਲ ਅਜਿਹਾ ਹੀ ਹੁੰਦਾ ਆਇਆ ਹੈ।''''
''''ਔਰਤ ਨੂੰ ਪਿਤਾ ਜੀ ਨੇ ਇੰਨਾ ਕੁ ਜ਼ਿਆਦਾ ਮਜ਼ਬੂਤ ਬਣਾਇਆ ਹੈ ਕਿ ਉਹ ਆਪਣੇ ਫੈਸਲੇ ਖ਼ੁਦ ਲੈ ਸਕਦੀਆਂ ਹਨ।''''
ਇੱਕ ਹੋਰ ਮਹਿਲਾ ਸਮਰਥਕ ਗੁਰਜੀਤ ਕੌਰ ਨੇ ਕਿਹਾ, ''''ਅਸਲ ਬਾਪੂ ਤਾਂ ਸਾਡਾ ਇਹ ਹੈ ਬਾਕੀ ਤਾਂ ਮਾਂ-ਪਿਓ ਜਨਮ ਦੇਣ ਵਾਲਾ ਹੁੰਦਾ ਹੈ।''''
ਉਨ੍ਹਾਂ ਕਿਹਾ ਕਿ ''ਜਿਹੜੇ ਕੇਸ ਚੱਲ ਰਹੇ ਹਨ ਉਹ ਸਭ ਝੂਠੇ ਹਨ, ਮੇਰੇ ਬੱਚੇ ਸ਼ੁਰੂ ਤੋਂ ਉੱਥੋਂ ਪੜ੍ਹ ਕੇ ਆਏ ਹਨ।''''
ਪੰਜਾਬ ਦੇ ਸਮਾਣਾ ਤੋਂ ਆਏ ਸੁਮਨ ਕਹਿੰਦੇ ਹਨ, ''''ਸਾਡੇ ਬਾਬਾ ਜੀ ਸਾਨੂੰ ਇਹ ਸਿਖਾਉਂਦੇ ਹਨ ਕਿ ਕੁੜੀਆਂ ਨੂੰ ਅਬਲਾ ਨਹੀਂ ਸਬਲਾ ਬਣਨਾ ਚਾਹੀਦਾ ਹੈ।''''
''ਡੇਰਾ ਸੱਚਾ ਸੌਦਾ ''ਚ ਕੁੜੀਆਂ ਨੂੰ ਆਤਮ ਰੱਖਿਆ ਦੀਆਂ ਤਕਨੀਕਾਂ ਵੀ ਸਿਖਾਈਆਂ ਜਾਂਦੀਆਂ ਹਨ।''''
-
ਬਹਿਬਲ ਕਲਾਂ ਤੇ ਹੋਰ ਥਾਈਂ ਵਿਰੋਧ
ਪਿੰਡ ਬਹਿਬਲ ਕਲਾਂ ਵਿੱਚ ਵੀ ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਦਾ ਵਿਰੋਧ ਕਰਦਿਆਂ ਡੇਰਾ ''ਚ ਸ਼ਾਮਲ ਹੋਣ ਜਾਣ ਵਾਲੀਆਂ ਬੱਸਾਂ ਨੂੰ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਤੇ ਰੋਕ ਲਿਆ ਗਿਆ।
ਬੀਬੀਸੀ ਸਹਿਯੋਗੀ ਭਾਰਤ ਭੂਸ਼ਨ ਆਜ਼ਾਦ ਦੀ ਰਿਪੋਰਟ ਮੁਤਾਬਕ, ਇਨਸਾਫ ਮੋਰਚੇ ਦੇ ਆਗੂ ਅਤੇ ਬਹਿਬਲ ਕਲਾ ਗੋਲੀਕਾਂਡ ''ਚ ਮਾਰੇ ਗਏ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਬੱਸਾਂ ''ਚ ਦਾਖਲ ਹੋ ਕੇ ਡੇਰਾ ਪ੍ਰੇਮੀਆਂ ਨੂੰ ਸਮਝਾਇਆ ਕਿ ਉਹ ਡੇਰਾ ਮੁਖੀ ਦੇ ਸਤਿਸੰਗ ਵਿਚ ਸ਼ਾਮਲ ਨਾ ਹੋਣ।
ਬੀਬੀਸੀ ਸਹਿਯੋਗੀ ਭਾਰਤ ਭੂਸ਼ਨ ਆਜ਼ਾਦ ਨਾਲ ਗੱਲ ਕਰਦਿਆਂ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ, ''''ਅਸੀਂ ਉੱਥੇ ਜਾਂਦੇ ਲੋਕਾਂ ਨੂੰ ਸਮਝਾਇਆ ਕਿ ਇਸ ਡੇਰੇ ''ਚ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਤੁਸੀਂ ਭਰਮ ਪਾਲ਼ੀ ਬੈਠੇ ਹੋ।''''
ਹਾਲਾਂਕਿ ਸੂਚਨਾ ਮਿਲਦਿਆਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਬਹਿਬਲ ਬੇਅਦਬੀ ਇਨਸਾਫ ਮੋਰਚੇ ਦੇ ਕਾਰਕੁਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਅਤੇ ਇਨਸਾਫ ਮੋਰਚੇ ਦੌਰਾਨ ਗੱਲਬਾਤ ਤੋਂ ਮਗਰੋਂ ਇਨ੍ਹਾਂ ਬੱਸਾਂ ਨੂੰ ਵਾਪਸ ਕੋਟਕਪੂਰੇ ਵੱਲ ਭੇਜ ਦਿੱਤਾ ਗਿਆ।
ਦੂਜੇ ਪਾਸੇ ਪਿੰਡ ਜਲਾਲ ਨੇੜੇ ਸਿੱਖ ਜਥੇਬੰਦੀਆਂ ਨਾਲ ਜੁੜੇ ਕੁੱਝ ਕਾਰਕੁਨਾਂ ਨੇ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰੀ ਪੁਲਿਸ ਬਲ ਨੇ ਉਨਾਂ ਨੂੰ ਸਮਝਾ ਬੁਝਾ ਕੇ ਸੜਕ ਤੋਂ ਪਾਸੇ ਕਰ ਦਿੱਤਾ।
ਸਿੱਖਾਂ ਵਿੱਚ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਨਾਰਾਜ਼ਗੀ
ਸਾਲ 2015 ਵਿੱਚ ਹੋਏ ਬੇਅਦਬੀ ਮਾਮਲਿਆਂ ਵਿੱਚ ਕਥਿਤ ਤੌਰ ''ਤੇ ਡੇਰੇ ਦੀ ਸ਼ਮੂਲੀਅਤ ਬਾਰੇ ਸਿੱਖਾਂ ਵਿਚਕਾਰ ਖਾਸਾ ਗੁੱਸਾ ਹੈ।
ਹੁਣ ਤੱਕ ਬੇਅਦਬੀ ਦੇ ਕੇਸਾਂ ਦਾ ਸਾਹਮਣਾ ਕਰ ਰਹੇ 7 ਡੇਰਾ ਸਮਰਥਕਾਂ ਦਾ ਕਤਲ ਹੋ ਚੁੱਕਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਸਾਲ 2007 ਵਿੱਚ ਵੀ ਸਿੱਖਾਂ ਅਤੇ ਡੇਰੇ ਵਿਚਕਾਰ ਉਸ ਵੇਲੇ ਵਿਵਾਦ ਪੈਦਾ ਹੋ ਗਿਆ ਸੀ ਜਦੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਹਿਨੀ ਸੀ।
ਉਸ ਵੇਲੇ ਸਿੱਖ ਭਾਈਚਾਰੇ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ।
ਕਈ ਥਾਈਂ ਪ੍ਰਦਰਸ਼ਨ ਵੀ ਹੋਏ ਸਨ ਅਤੇ ਸਲਾਬਤਪੁਰਾ ਵਿੱਚ ਵੀ ਮਾਹੌਲ ਕਾਫੀ ਤਣਾਅਪੂਰਨ ਸੀ।
ਪਹਿਲਾਂ ਹੋਏ ਆਨਲਾਈਨ ਸਤਸੰਗਾਂ ''ਤੇ ਵੀ ਉੱਠੇ ਸਨ ਸਵਾਲ
ਇਸ ਤੋਂ ਪਹਿਲਾਂ ਜਦੋਂ ਅਕਤੂਬਰ 2022 ਵਿੱਚ ਰਾਮ ਰਹੀਮ ਪੈਰੋਲ ''ਤੇ ਬਾਹਰ ਆਏ ਸਨ, ਉਸ ਵੇਲੇ ਵੀ ਉਨ੍ਹਾਂ ਨੇ ਆਨਲਾਈਨ ਸਤਸੰਗ ਕੀਤੇ ਸਨ।
ਉਸ ਸਮੇਂ ਹਰਿਆਣਾ ਵਿੱਚ ਜ਼ਿਮਨੀ ਚੋਣਾਂ ਦਾ ਸਮਾਂ ਸੀ।
ਉਸ ਵੇਲੇ ਵੱਖ-ਵੱਖ ਧਿਰਾਂ ਵੱਲੋਂ ਸਵਾਲ ਚੁੱਕੇ ਗਏ ਸਨ ਕਿ ਉਨ੍ਹਾਂ ਨੂੰ ਪੈਰੋਲ ਦੇਣ ਦਾ ਇਰਾਦਾ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਹੈ।
ਕਾਂਗਰਸ ਨੇ ਵੀ ਬੀਜੇਪੀ ਆਗੂਆਂ ਦੇ ਸਤਸੰਗ ਵਿੱਚ ਸ਼ਾਮਲ ਹੋਣ ਉੱਤੇ ਇਤਰਾਜ਼ ਪ੍ਰਗਟਾਇਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ ਜਿੱਤ ਕੇ ਕੁੜੀਆਂ ਨੇ ਰਚਿਆ ਇਤਿਹਾਸ
NEXT STORY