ਸੂਰਤ ਸਿੰਘ ਖਾਲਸਾ ਨੂੰ ਲੈ ਕੇ ਜਾਣ ਲਈ ਹਸਪਤਾਲ ''ਚ ਵੜੇ ਸਿੱਖ ਜਥੇਬੰਦੀਆਂ ਦੇ ਮੈਂਬਰ
ਸਿੱਖ ਜਥੇਬੰਦੀਆਂ ਦੇ ਕੁਝ ਮੈਂਬਰਾਂ ਨੇ 26 ਫਰਵਰੀ, ਐਤਵਾਰ ਰਾਤ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ''ਚ ਵੜ ਕੇ ਉੱਥੇ ਦਾਖ਼ਲ ਸੂਰਤ ਸਿੰਘ ਖਾਲਸਾ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਹਸਪਤਾਲ ''ਚ ਵੜ ਕੇ ਸੂਰਤ ਸਿੰਘ ਖਾਲਸਾ ਨੂੰ ਵੀਲ੍ਹ ਚੇਅਰ ''ਤੇ ਬਿਠਾਇਆ ਅਤੇ ਹਸਪਤਾਲ ਤੋਂ ਬਾਹਰ ਲੈ ਕੇ ਜਾਣ ਲੱਗੇ, ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ।
ਇਸ ਤੋਂ ਪਹਿਲਾਂ ਕੌਮੀ ਇਨਸਾਫ਼ ਮੋਰਚੇ ਵੱਲੋਂ ਹਸਪਤਾਲ ਦੇ ਬਾਹਰ ਐਲਾਨ ਕੀਤਾ ਗਿਆ ਸੀ ਕਿ ਸੂਰਤ ਸਿੰਘ ਖ਼ਾਲਸਾ ਨੂੰ 27 ਫਰਵਰੀ ਨੂੰ ਇੱਥੋਂ ਲੈ ਕੇ ਜਾਇਆ ਜਾਵੇਗਾ, ਜਿਸ ਮਗਰੋਂ ਸ਼ਾਮ ਨੂੰ ਪੂਰਾ ਘਟਨਾਕ੍ਰਮ ਵਾਪਰਿਆ।
ਇਸ ਘਟਨਾ ਦੀ ਜਾਣਕਾਰੀ ਮਿਲਦੀਆਂ ਹੀ ਪ੍ਰਸ਼ਾਸਨ ਚੌਕਸ ਹੋ ਗਿਆ ਅਤੇ ਹਸਪਤਾਲ ''ਚ ਸੁਰੱਖਿਆ ਵਧਾ ਦਿੱਤੀ ਗਈ।
4-5 ਘੰਟੇ ਮਾਹੌਲ ਤਣਾਅਪੂਰਨ ਰਿਹਾ
ਇਸ ਦੌਰਾਨ ਹਸਪਤਾਲ ''ਚ ਕਾਫ਼ੀ ਤਣਾਅਪੂਰਨ ਮਾਹੌਲ ਬਣ ਗਿਆ ਸੀ
ਇਸ ਪੂਰੇ ਘਟਨਾਕ੍ਰਮ ਨਾਲ ਕੁਝ ਘੰਟਿਆਂ ਤੱਕ ਹਸਪਤਾਲ ਦਾ ਮਾਹੌਲ ਤਣਾਅਪੂਰਨ ਬਣਿਆ ਰਿਹਾ।
ਇਸ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਸੁਰੱਖਿਆ ਦੇ ਲਿਹਾਜ਼ ਨਾਲ ਹਸਪਤਾਲ ਦੇ ਗੇਟ ਵੀ ਬੰਦ ਕਰ ਦਿੱਤੇ ਗਏ।
ਇਸ ਨਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ ਅਤੇ ਉਨ੍ਹਾਂ ਨੂੰ ਹਸਪਤਾਲ ਅੰਦਰ ਨਹੀਂ ਜਾਣ ਦਿੱਤਾ ਗਿਆ। ਕੁਝ ਲੋਕ ਗੇਟ ਟੱਪ ਕੇ ਅੰਦਰ ਦਾਖ਼ਲ ਹੋਏ।
ਪੁਲਿਸ ਨੇ ਕੀ ਦੱਸਿਆ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਵਾਰ ਫਿੱਟਨੈਸ ਸਰਟੀਫ਼ਿਕੇਟ ਮਿਲਣ ਜਾਣ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੇ ਦਿੱਤਾ ਜਾਵੇਗਾ
ਇਸ ਪੂਰੀ ਘਟਨਾ ਮਗਰੋਂ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਸੂਰਤ ਸਿੰਘ ਖ਼ਾਲਸਾ ਦੀ ਸਿਹਤ ਠੀਕ ਨਹੀਂ ਹੈ ਅਤੇ ਪ੍ਰਸ਼ਾਸਨ ਵੱਲੋਂ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਦੀ ਸਿਹਤ ਦੀ ਜਾਂਚ ਕਰੇਗੀ।
ਉਨ੍ਹਾਂ ਕਿਹਾ ਕਿ ਇੱਕ ਵਾਰ ਫਿੱਟਨੈਸ ਸਰਟੀਫ਼ਿਕੇਟ ਮਿਲਣ ਜਾਣ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੇ ਦਿੱਤਾ ਜਾਵੇਗਾ।
ਕਮਿਸ਼ਨਰ ਮੁਤਾਬਕ, ਪੁਲਿਸ ਦੀ ਇਸ ਗੱਲ ''ਤੇ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ।
ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇ। ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੋਵੇਗੀ ਕਿ ਮੋਰਚੇ ''ਤੇ ਜਾਣਾ ਹੈ ਜਾਂ ਘਰ ਜਾਣਾ ਹੈ। ਹਾਲਾਂਕਿ, ਉਨ੍ਹਾਂ ਦੇ ਕੁਝ ਨੁਮਾਇੰਦੇ ਅਜੇ ਵੀ ਹਸਪਤਾਲ ਵਿੱਚ ਹਨ।
ਸੂਰਤ ਸਿੰਘ ਖਾਲਸਾ ਬਾਰੇ
- ਸੂਰਤ ਸਿੰਘ ਖਾਲਸਾ ਇੱਕ ਸਮਾਜਿਕ ਤੇ ਸਿੱਖ ਕਾਰਕੁਨ ਹਨ ਅਤੇ ਉਹ ਲੰਮੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਸਨ
- ਇਸ ਵੇਲੇ ਉਹ ਲੁਧਿਆਣਾ ਦੇ ਡੀਐੱਮਸੀ ਵਿੱਚ ਦਾਖ਼ਲ ਹਨ ਅਤੇ ਪ੍ਰਸ਼ਾਸਨ ਮੁਤਾਬਕ ਜ਼ੇਰੇ ਇਲਾਜ ਹਨ
- ਉਨ੍ਹਾਂ ਨੂੰ ਹਸਪਤਾਲ ਤੋਂ ਲੈ ਕੇ ਜਾਣ ਲਈ ਕੌਮੀ ਇਨਸਾਫ਼ ਮੋਰਚੇ ਦੇ ਕੁਝ ਮੈਂਬਰ ਹਸਪਤਾਲ ਵਿੱਚ ਵੜ ਗਏ ਸਨ
- ਪੁਲਿਸ ਨੇ ਉਨ੍ਹਾਂ ਨੂੰ ਲੈ ਕੇ ਜਾਣ ਤੋਂ ਰੋਕ ਦਿੱਤਾ ਅਤੇ ਭਰੋਸਾ ਦਿੱਤਾ ਕਿ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ
- ਸਿੱਖ ਜਥੇਬੰਦੀਆਂ ਮੁਤਾਬਕ, ਸਰਕਾਰ ਨੇ ਉਨ੍ਹਾਂ ਨੂੰ ਬਿਨਾਂ ਕੇ ਕੇਸ ਦੇ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ
ਕੀ ਕਹਿਣਾ ਹੈ ਜਥੇਬੰਦੀਆਂ ਦੇ ਮੈਂਬਰਾਂ ਦਾ
ਜਥੇਬੰਦੀ ਦੇ ਮੈਂਬਰ ਚਮਕੌਰ ਸਿੰਘ ਭਾਈਰੂਪਾ ਨੇ ਕਿਹਾ ਕਿ ਉਨ੍ਹਾਂ ''ਤੇ ਕੋਈ ਪਰਚਾ, ਮੁਕੱਦਮਾ ਨਹੀਂ ਹੈ ਪਰ ਉਨ੍ਹਾਂ ਨੂੰ ਉਮਰ ਕੈਦ ਵਾਂਗੂ ਰੱਖਿਆ ਜਾ ਰਿਹਾ ਹੈ
ਮੀਡੀਆ ਨਾਲ ਗੱਲ ਕਰਦਿਆਂ ਚਮਕੌਰ ਸਿੰਘ ਭਾਈਰੂਪਾ ਨੇ ਕਿਹਾ, ''''ਬਾਪੂ ਸੂਰਤ ਸਿੰਘ ਲਗਭਗ ਪਿਛਲੇ 8 ਸਾਲ ਤੋਂ ਇੱਥੇ ਕੈਦ ''ਚ ਹਨ ਅਤੇ ਉਨ੍ਹਾਂ ਨੂੰ ਧੱਕੇ ਨਾਲ ਸਰਕਾਰਾਂ ਨੇ ਨਜ਼ਰਬੰਦ ਕੀਤਾ ਹੋਇਆ ਹੈ। ਉਨ੍ਹਾਂ ''ਤੇ ਕੋਈ ਪਰਚਾ, ਮੁਕੱਦਮਾ ਨਹੀਂ ਹੈ ਪਰ ਉਨ੍ਹਾਂ ਨੂੰ ਉਮਰ ਕੈਦ ਵਾਂਗੂ ਰੱਖਿਆ ਜਾ ਰਿਹਾ ਹੈ।''''
ਉਨ੍ਹਾਂ ਕਿਹਾ, ''''ਪਿਛਲੇ ਕੁਝ ਸਮੇਂ ਤੋਂ ਅਸੀਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਰਕਾਰ ਨੂੰ ਗੁਜ਼ਾਰਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਅਸੀਂ ਉਨ੍ਹਾਂ ਨੂੰ ਘਰ ਲੈ ਕੇ ਜਾਣਾ ਚਾਹੁੰਦੇ ਹਾਂ, ਪਰ ਸਰਕਾਰ ਨੇ ਇਸ ''ਤੇ ਕੋਈ ਗੌਰ ਨਹੀਂ ਕੀਤੀ।''''
27 ਫਰਵਰੀ ਨੂੰ ਧਰਨੇ ਦੀ ਕਾਲ ਬਾਰੇ ਉਨ੍ਹਾਂ ਕਿਹਾ ਕਿ ਅੰਦਰ 10 ਬੰਦੇ ਪੱਕੇ ਬੈਠੇ ਰਹਿਣਗੇ।
ਉਨ੍ਹਾਂ ਮੁਤਾਬਕ, ਸੂਰਤ ਸਿੰਘ ਆਪ ਵੀ ਹਸਪਤਾਲ ਤੋਂ ਜਾਣਾ ਚਾਹੁੰਦੇ ਹਨ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਮੈਡੀਕਲ ਜਾਂਚ ਮਗਰੋਂ ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਨੂੰ ਲੈਣ ਆਏ ਮੈਂਬਰਾਂ ਵਿੱਚੋਂ ਇੱਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''''ਸਾਨੂੰ ਭਾਵੇਂ ਧੱਕਾ ਕਰਨਾ ਪਵੇ, ਕੁਝ ਕਰਨਾ ਪਵੇ, ਅਸੀਂ ਉਨ੍ਹਾਂ ਚੱਕ ਕੇ ਲੈ ਜਾਣਾ ਇੱਥੋਂ।''''
ਸੂਰਤ ਸਿੰਘ ਖਾਲਸਾ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ
ਕੌਣ ਹਨ ਸੂਰਤ ਸਿੰਘ ਖਾਲਸਾ
ਸੂਰਤ ਸਿੰਘ ਖਾਲਸਾ ਇੱਕ ਸਿੱਖ ਕਾਰਕੁਨ ਹਨ ਅਤੇ 2015 ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ''ਤੇ ਸਨ, ਜੋ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਹੀ ਖ਼ਤਮ ਕੀਤੀ ਹੈ।
ਇਸ ਵੇਲੇ ਉਨ੍ਹਾਂ ਦੀ ਸਿਹਤ ਖ਼ਰਾਬ ਦੱਸੀ ਜਾ ਰਹੇ ਹੈ ਅਤੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।
ਬੰਦੀ ਸਿਖਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਚੱਲ ਰਹੇ ''ਕੌਮੀ ਇਨਸਾਫ਼ ਮੋਰਚੇ'' ਦੇ ਮੈਂਬਰ ਉਨ੍ਹਾਂ ਨੂੰ ਇੱਥੋਂ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਮੋਰਚੇ ਦੇ ਆਗੂਆਂ ਮੁਤਾਬਕ, ਸਰਕਾਰ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਕੇਸ ਅਤੇ ਪਰਚੇ ਦੇ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ।
ਉਹ ਲੁਧਿਆਣਾ ਦੇ ਹਸਨਪੁਰ ਪਿੰਡ ਦੇ ਰਹਿਣ ਵਾਲੇ ਹਨ।
ਸੂਰਤ ਸਿੰਘ ਇੱਕ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾ ਚੁੱਕੇ ਹਨ ਪਰ ਸਾਲ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਹ ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੇ ਰਹੇ ਹਨ।

‘ਖਾਲਿਸਤਾਨ ਕਦੋਂ ਬਣੇਗਾ’, ਅਮ੍ਰਿਤਪਾਲ ਦੇ ਪੰਜਾਬ ਤੇ ਸਿੱਖ ਮੁੱਦਿਆਂ ਉੱਤੇ 11 ਬਿਆਨ
NEXT STORY