ਅੱਜ ਬੀਬੀਸੀ 2022 ਦੇ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਦਾ ਐਲਾਨ ਕਰੇਗਾ। ਇਸ ਵਾਰ ਇਹ ਐਵਾਰਡ ਸੈਰੇਮਨੀ ਚੌਥੀ ਵਾਰ ਹੋ ਰਹੀ ਹੈ।
ਮਾਹਰਾਂ ਦੀ ਜਿਊਰੀ ਵੱਲੋਂ 5 ਖਿਡਾਰਨਾਂ ਨੂੰ ਇਸ ਐਵਾਰਡ ਲਈ ਫ਼ਰਵਰੀ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਇਨ੍ਹਾਂ 5 ਖਿਡਾਰਨਾਂ ਵਿੱਚ ਵੇਟਲਿਫ਼ਟਰ ਮੀਰਾਬਾਈ ਚਾਨੂ, ਪਹਿਲਵਾਨ ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਮੁੱਕੇਬਾਜ਼ ਨਿਖ਼ਤ ਜ਼ਰੀਨ ਸ਼ਾਮਲ ਹਨ।
ਹਰ ਇੱਕ ਖਿਡਾਰਨ ਨੇ ਆਪੋ-ਆਪਣੀਆਂ ਖੇਡਾਂ ਵਿੱਚ ਆਪਣੀ ਬਿਹਤਰੀਨ ਪੇਸ਼ਕਾਰੀ ਦਿਖਾਈ ਹੈ।
ਇਨ੍ਹਾਂ ਖਿਡਾਰਨਾਂ ਵਿੱਚੋਂ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਕਿਹਾ ਗਿਆ ਸੀ ਅਤੇ ਇਸ ਤਹਿਤ ਵੋਟਿੰਗ ਲਾਈਨਾਂ 6 ਤੋਂ 21 ਫ਼ਰਵਰੀ ਤੱਕ ਖੁੱਲ੍ਹੀਆਂ ਸਨ।
ਜਿਸ ਖਿਡਾਰਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹੋਣਗੀਆਂ, ਉਸ ਦਾ ਐਲਾਨ ਬਤੌਰ ਜੇਤੂ ਹੋਵੇਗਾ।
ਇਸ ਤੋਂ ਪਹਿਲਾਂ ਦੇ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਦੇ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਵੇਟਲਿਫ਼ਟਰ ਮੀਰਾਬਾਈ ਚਾਨੂ ਅਤੇ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਰਹਿ ਚੁੱਕੇ ਹਨ।
ਇਸ ਐਵਾਰਡ ਸੈਰੇਮਨੀ ਦਾ ਮਕਸਦ ਭਾਰਤੀ ਖਿਡਾਰਨਾਂ ਦੀ ਵੱਖ-ਵੱਖ ਖੇਡਾਂ ਵਿੱਚ ਆਲਮੀ ਉਪਲਬਧੀਆਂ ਨੂੰ ਦਿਖਾਉਣਾ ਅਤੇ ਉਨ੍ਹਾਂ ਦੇ ਸਮਲੇ ਤੇ ਚੁਣੌਤੀਆਂ ਨੂੰ ਸਾਹਮਣੇ ਲਿਆਉਣਾ ਹੈ।
ਇਹ ਪ੍ਰੋਗਰਾਮ ਬੀਬੀਸੀ ਦੀ ਉਸ ਵਚਨਬੱਧਤਾ ਦਾ ਹਿੱਸਾ ਹੈ ਜੋ ਉਨ੍ਹਾਂ ਔਰਤਾਂ ਉੱਤੇ ਕੇਂਦਰਿਤ ਹੈ ਜਿਨ੍ਹਾਂ ਨੇ ਵੱਖ-ਵੱਖ ਖੇਡਾਂ ਵਿੱਚ ਆਲਮੀ ਸਫ਼ਲਤਾ ਹਾਸਿਲ ਕੀਤੀ ਹੈ।
ਬੀਬੀਸੀ ਖੇਡਾਂ ਵਿੱਚ ਮੱਲਾਂ ਮਾਰਨ ਵਾਲੀ ਇੱਕ ਵੈਟਰਨ ਮਹਿਲਾ ਖਿਡਾਰਨ ਦਾ ਬੀਬੀਸੀ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਵੀ ਸਨਮਾਨ ਕਰਦਾ ਹੈ। ਇਹ ਐਵਾਰਡ ਖਿਡਾਰਨ ਦੀਆਂ ਖੇਡਾਂ ਵਿੱਚ ਉਪਲਬਧੀਆਂ ਅਤੇ ਯੋਗਦਾਨ ਨੂੰ ਧਿਆਵ ਵਿੱਚ ਰੱਖ ਕੇ ਦਿੱਤਾ ਜਾਂਦਾ ਹੈ।
ਲੰਘੇ ਸਮੇਂ ਵਿੱਚ ਅਥਲੀਟ ਪੀਟੀ ਊਸ਼ਾ ਅਤੇ ਅੰਜੂ ਬੌਬੀ ਜੌਰਜ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ ਹੈ।
ਅਸੀਂ ਸਾਰੇ ਖ਼ੇਤਰਾਂ ਵਿੱਚ ਵਿਭਿੰਨਤਾ ਅਤੇ ਸ਼ਮੂਲੀਅਤ ਲਈ ਵੀ ਵਚਨਬੱਧ ਹਾਂ। ਇਸ ਲਈ ਇਨ੍ਹਾਂ ਐਵਾਰਡਜ਼ ਨੂੰ ਹੋਰ ਵੱਖਰਾ ਬਣਾਉਣ ਲਈ ਅਸੀਂ ਇਸ ਵਾਰ ਦੇ ਚੌਥੇ ਸੀਜ਼ਨ ਵਿੱਚ ਬੀਬੀਸੀ ਇੰਡੀਅਨ ਪੈਰਾ-ਸਪੋਰਸਟ ਵੂਮੈਨ ਐਵਾਰਡ ਦੀ ਵੀ ਸ਼ੁਰੂਆਤ ਕਰ ਰਹੇ ਹਾਂ।
ਇਸ ਵਾਰ ਦੀਆਂ ਨਾਮਜ਼ਦ ਖਿਡਾਰਨਾਂ ਬਾਰੇ ਜਾਣੋ
ਮੀਰਾਬਾਈ ਚਾਨੂ
ਵੇਟਲਿਫਟਿੰਗ ਚੈਂਪੀਅਨ ਸਾਈਖੋਮ ਮੀਰਾਬਾਈ ਚਾਨੂ ਨੇ 2021 ਵਿੱਚ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਜਦੋਂ ਉਹ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਏ।
ਉਨ੍ਹਾਂ ਨੇ 2022 ਵਿੱਚ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ।
ਮੀਰਾਬਾਈ ਨੇ 2016 ਤੋਂ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਜਦੋਂ ਉਹ ਰੀਓ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਅਸਫਲ ਰਹੇ ਸੀ ਅਤੇ ਲਗਭਗ ਖੇਡ ਨੂੰ ਅਲਵਿਦਾ ਕਹਿ ਗਏ ਸੀ। ਪਰ ਉਨ੍ਹਾਂ ਨੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2017 ਵਿੱਚ ਸੋਨ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ।
ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ ਪੈਦਾ ਹੋਏ ਅਤੇ ਇੱਕ ਚਾਹ ਦਾ ਸਟਾਲ ਚਲਾਉਣ ਵਾਲੇ ਦੀ ਬੇਟੀ ਮੀਰਾਬਾਈ ਨੂੰ ਆਪਣੇ ਖੇਡ ਕਰੀਅਰ ਦੇ ਸ਼ੁਰੂਆਤੀ ਪੜਾਵਾਂ ਵਿੱਚ ਬਹੁਤ ਸਾਰੇ ਵਿੱਤੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਓਲੰਪਿਕ ਚੈਂਪੀਅਨ ਬਣਨ ਲਈ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਲਿਆ।
ਮੀਰਾਬਾਈ ਚਾਨੂ ਨੇ 2021 ਲਈ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਜਿੱਤਿਆ ਸੀ।
ਸਾਕਸ਼ੀ ਮਲਿਕ
ਸਾਕਸ਼ੀ ਨੇ 2016 ਰੀਓ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ, ਜਿੱਥੇ ਉਨ੍ਹਾਂ ਨੇ 58 ਕਿੱਲੋ ਭਾਰ ਵਰਗ ਵਿੱਚ ਬਰੌਂਜ ਮੈਡਲ ਤਗਮਾ ਜਿੱਤਿਆ।
ਉਹ ਓਲੰਪਿਕ ਮੈਡਲ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ ਸਨ। ਸਾਕਸ਼ੀ ਹਮੇਸ਼ਾ ਖੇਡਾਂ ਵਿੱਚ ਦਿਲਚਸਪੀ ਰੱਖਦੇ ਸੀ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਦਾਦਾ ਵੀ ਇੱਕ ਪਹਿਲਵਾਨ ਸਨ ਤਾਂ ਉਹ ਹੋਰ ਪ੍ਰੇਰਿਤ ਹੋਏ।
ਰੀਓ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ, ਸਾਕਸ਼ੀ ਦਾ ਕਰੀਅਰ ਹੇਠਾਂ ਵੱਲ ਗਿਆ ਪਰ ਉਨ੍ਹਾਂ ਨੇ 2022 ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ।
ਇਸ ਤੋਂ ਪਹਿਲਾਂ ਸਾਕਸ਼ੀ ਮਲਿਕ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਅਤੇ ਬਰੌਂਜ਼ ਮੈਡਲ ਜਿੱਤ ਚੁੱਕੇ ਹਨ।
ਵਿਨੇਸ਼ ਫੋਗਾਟ
ਵਿਨੇਸ਼ ਫੋਗਾਟ ਕੁਸ਼ਤੀ ਵਿੱਚ ਦੋ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ। ਉਹ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੋਵਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਹਨ।
ਵਿਨੇਸ਼ ਦੇ ਨਾਮ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਤਿੰਨ ਗੋਲਡ ਮੈਡਲ ਹਨ, ਹਾਲਾਂਕਿ ਇਹ ਮੈਡਲ ਵੱਖ-ਵੱਖ ਭਾਰ ਵਰਗਾਂ ਵਿੱਚੋਂ ਆਏ ਹਨ।
ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਦਾ ਤਾਜ਼ਾ ਗੋਲਡ ਮੈਡਲ ਅਗਸਤ 2022 ਵਿੱਚ 53 ਕਿੱਲੋ ਭਾਰ ਵਰਗ ਵਿੱਚ ਆਇਆ ਸੀ।
ਵਿਨੇਸ਼ ਮਹਿਲਾ ਪਹਿਲਵਾਨਾਂ ਦੇ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਚਚੇਰੀਆਂ ਭੈਣਾਂ ਗੀਤਾ ਅਤੇ ਬਬੀਤਾ ਫੋਗਾਟ ਨੇ ਵੀ ਕਈ ਅੰਤਰਰਾਸ਼ਟਰੀ ਮੈਡਲ ਜਿੱਤੇ ਹਨ।
ਪੀਵੀ ਸਿੰਧੂ
ਬੈਡਮਿੰਟਨ ਖਿਡਾਰਨ ਪੁਸਾਰਲਾ ਵੈਂਕਟ ਸਿੰਧੂ (ਪੀਵੀ ਸਿੰਧੂ) ਓਲੰਪਿਕ ਵਿੱਚ ਦੋ ਵਿਅਕਤੀਗਤ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹਨ।
ਟੋਕੀਓ ਖੇਡਾਂ ਦਾ ਬਰੌਂਜ਼ ਮੈਡਲ ਉਨ੍ਹਾਂ ਦੀ ਦੂਜੀ ਓਲੰਪਿਕ ਜਿੱਤ ਹੈ - ਉਨ੍ਹਾਂ ਨੇ 2016 ਵਿੱਚ ਰੀਓ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਸਿੰਧੂ ਨੇ 2022 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਇਸ ਤੋਂ ਪਹਿਲਾਂ ਸਿੰਧੂ ਨੇ 2021 ਵਿੱਚ ਬੈਡਮਿੰਟਨ ਵਿਸ਼ਵ ਫੈਡਰੇਸ਼ਨ (BWF) ਵਿਸ਼ਵ ਟੂਰ ਫਾਈਨਲਜ਼ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਸਿੰਧੂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਏ। ਉਨ੍ਹਾਂ ਨੇ ਸਤੰਬਰ 2012 ਵਿੱਚ 17 ਸਾਲ ਦੀ ਉਮਰ ਵਿੱਚ BWF ਵਿਸ਼ਵ ਦਰਜਾਬੰਦੀ ਦੇ ਸਿਖਰਲੇ 20 ਵਿੱਚ ਦਾਖਲਾ ਲਿਆ।
ਉਨ੍ਹਾਂ ਨੂੰ ਲੋਕਾਂ ਵੱਲੋਂ ਕੀਤੀ ਗਈ ਵੋਟਿੰਗ ਤੋਂ ਬਾਅਦ 2019 ਦੇ ਸਭ ਤੋਂ ਪਹਿਲੇ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਮਿਲਿਆ ਸੀ।
ਨਿਖ਼ਤ ਜ਼ਰੀਨ
2011 ਵਿੱਚ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਨਿਖਤ ਜ਼ਰੀਨ 2022 ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਬਣਨ ਵੱਲ ਵਧੇ।
ਨਿਖਤ ਨੇ ਫਲਾਈਵੇਟ ਵਰਗ ਵਿੱਚ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਮੁੱਕੇਬਾਜ਼ੀ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।
ਇਹ ਜ਼ਰੀਨ ਦੇ ਪਿਤਾ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਖੇਡਾਂ ਨਾਲ ਜਾਣੂ ਕਰਵਾਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਊਰਜਾਵਾਨ ਧੀ ਆਫਣੀ ਊਰਜਾ ਸਹੀ ਇਸਤੇਮਾਲ ਕਰੇ।
12 ਸਾਲ ਦੀ ਉਮਰ ਵਿੱਚ ਇੱਕ ਮੁਕਾਬਲੇ ਦੌਰਾਨ ਉਨ੍ਹਾਂ ਦੀ ਅੱਖ ਕਾਲੀ ਹੋਣ ਅਤੇ ਉਨ੍ਹਾਂ ਦੇ ਵਿਆਹ ਦੀਆਂ ਸੰਭਾਵਨਾਵਾਂ ਬਾਰੇ ਰਿਸ਼ਤੇਦਾਰਾਂ ਦੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਦੀ ਮਾਂ ਦੀਆਂ ਸ਼ੁਰੂਆਤੀ ਚਿੰਤਾਵਾਂ ਨੂੰ ਪਾਸੇ ਰੱਖਦਿਆਂ, ਨਿਖਤ ਦੇ ਪਿਤਾ ਨੇ ਧੀ ਨੂੰ ਸੁਪਨਿਆਂ ਪੂਰੇ ਕਰਨ ਲਈ ਉਤਸ਼ਾਹਿਤ ਕੀਤਾ।
ਉਦੋਂ ਤੋਂ ਲੈ ਕੇ ਹੁਣ ਤੱਕ ਨਿਖਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਰਮਿਆਨ ਪੰਜਾਬ ਵਿੱਚ ਸਿੱਖਾਂ ਬਾਰੇ ਭਾਜਪਾ ਦੀ ਕੀ ਹੈ ਰਣਨੀਤੀ
NEXT STORY