ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋ ਮੁਲਜ਼ਮਾਂ ਦੇ ਕਤਲ ਤੋਂ ਬਾਅਦ ਜੇਲ੍ਹ ਦੇ ਅੰਦਰ ਦੇ ਦ੍ਰਿਸ਼ਾਂ ਦੀਆਂ ਕੁਝ ਕਥਿਤ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ।
ਇਨ੍ਹਾਂ ਕਥਿਤ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਮਾਮਲੇ ਵਿੱਚ ਜੇਲ੍ਹ ਸੁਪਰੀਡੈਂਟ ਸਮੇਤ 5 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈਜੀ (ਹੈਡਕੁਆਰਟਰ) ਸੁਖਚੈਨ ਸਿੰਘ ਨੇ ਐਤਵਾਰ ਸ਼ਾਮ ਨੂੰ ਮੀਡੀਆ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਕਥਿਤ ਗੈਂਗਸਟਰਾਂ ਅਤੇ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਆਈਜੀ (ਹੈਡਕੁਆਰਟਰ) ਸੁਖਚੈਨ ਸਿੰਘ ਨੇ ਦੱਸਿਆ ਕਿ 26 ਫ਼ਰਵਰੀ ਨੂੰ ਜੇਲ੍ਹ ਵਿੱਚ ਦੋ ਗਰੁੱਪਾਂ ਵਿੱਚ ਲੜਾਈ ਤੋਂ ਬਾਅਦ ਦੋ ਗੈਂਗਸਟਰ ਮਾਰੇ ਗਏ ਸਨ ਅਤੇ ਇੱਕ ਜ਼ਖਮੀ ਹੋਇਆ ਸੀ।
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ 7 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ।
ਸੁਖਚੈਨ ਸਿੰਘ ਨੇ ਕਿਹਾ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੇਂਸ ਵਿਸ਼ਨੋਈ ਗਰੁੱਪਾਂ ਨਾਲ ਸਬੰਧਤ ਸਨ, ਇਹਨਾਂ ਨੂੰ ਹੁਣ ਅਲੱਗ-ਅਲੱਗ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ, "ਇਹ ਸਾਰੇ ਗੈਂਗਸਟਰ ਇੱਕੋਂ ਹੀ ਕੇਸ ਵਿੱਚ ਜੇਲ੍ਹ ਅੰਦਰ ਬੰਦ ਸਨ। ਇਸ ਲੜਾਈ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਆਪਸ ਵਿੱਚ ਵੀ ਮਤਭੇਦ ਸਨ।"
ਵਾਇਰਲ ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ?
ਐਤਵਾਰ ਨੂੰ ਸੋਸ਼ਲ ਮੀਡੀਆ ਉਪਰ ਆਈਆਂ ਵੀਡੀਓ ਵਿੱਚ ਇਕ ਵਿਅਕਤੀ ਆਪਣੇ ਆਪ ਨੂੰ ਸਚਿਨ ਭਿਵਾਨੀ ਦੱਸ ਰਿਹਾ ਹੈ। ਇਸੇ ਵੀਡੀਓ ਵਿੱਚ ਇੱਕ ਦੂਜਾ ਵਿਅਕਤੀ ਕਹਿੰਦਾ ਹੈ ਦਿਖਦਾ ਹੈ ਕਿ ਮਰਨ ਵਾਲੇ ਲੋਕ ਜੱਗੂ ਭਗਵਾਨਪੁਰੀਆਂ ਗਰੁੱਪ ਦੇ ਸਨ।
ਇਸ ਸਮੇਂ ਦੋ ਵਿਅਕਤੀ ਜ਼ਖਮੀ ਹਾਲਤ ਵਿੱਚ ਧਰਤੀ ਉਪਰ ਪਏ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਦੋ ਜੇਲ੍ਹ ਅਧਿਕਾਰੀ ਦੀ ਖਾਕੀ ਵਰਦੀ ਵਿੱਚ ਵੇਖੇ ਜਾ ਸਕਦੇ ਹਨ।
ਜੇਲ੍ਹ ਅੰਦਰ ਹੱਲਾ-ਗੁੱਲਾਂ ਵੀ ਦਿਖਾਈ ਦੇ ਰਿਹਾ ਹੈ। 26 ਫ਼ਰਵਰੀ ਨੂੰ ਗੋਇੰਦਵਾਲ ਸਾਹਿਬ ਜੇਲ੍ਹ ''ਚ ਹੋਈ ਇਕ ਹਿੰਸਕ ਝੜਪ ਹੋਈ ਸੀ।
ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਸ਼ਨਾਖ਼ਤ ਮਨਦੀਪ ਸਿੰਘ (ਤੁਫਾਨ) ਅਤੇ ਮਨਮੋਹਨ ਸਿੰਘ ( ਮੋਹਣਾ) ਵਜੋਂ ਹੋਈ ਸੀ।
ਆਈਜੀ (ਹੈਡਕੁਆਰਟਰ) ਸੁਖਚੈਨ ਸਿੰਘ ਨੇ ਕਿਹਾ, "ਇਸ ਕੇਸ ਦੇ ਸਬੰਧ ਵਿੱਚ ਇੱਕ ਵੀਡੀਓ ਵਾਇਰਲ ਹੋਈ ਜੋ ਕਿ ਉਸੇ ਦਿਨ ਦੀ ਬਣੀ ਹੋਈ ਸੀ।''''
ਉਹਨਾਂ ਕਿਹਾ, ''''ਮਾਮਲੇ ਵਿੱਚ ਇੱਕ ਨਵੀਂ ਐਫਆਈਆਰ 66 ਆਈਟੀ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ।''''
ਮੁਅੱਤਲ ਕੀਤੇ ਗਏ ਅਧਿਕਾਰੀ ਕੌਣ ਹਨ?
ਆਈਜੀ (ਹੈਡਕੁਆਰਟਰ) ਸੁਖਚੈਨ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰੀਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ੍ਹ ਸੁਪਰੀਡੈਂਟ ਵਿਜੇ ਕੁਮਾਰ ਅਤੇ ਜਸਪਾਸ ਸਿੰਘ ਖਹਿਰਾ, ਏਐੱਸਆਈ ਹਰਚੰਦ ਸਿੰਘ, ਜੋਗਿੰਦਰ ਸਿੰਘ, ਹੈਡ ਕਾਂਸਟੇਬਲ ਸੁਰਿੰਦਰ ਸਿੰਘ ਅਤੇ ਸਹਾਇਕ ਸੁਪਰੀਡੈਂਟ ਅਤੇ ਅਹਾਤੇ ਦੇ ਇੰਚਾਰਜ ਹਰੀਸ਼ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਇਹਨਾਂ ਖਿਲਾਫ਼ ਸਖਤ ਕਰਵਾਈ ਕਰਦਿਆਂ ਗੈਂਗਸਟਰਾਂ ਖਿਲਾਫ਼ ਹੋਈ ਐਫਆਈਆਰ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।"
ਸੁਖਚੈਨ ਸਿੰਘ ਨੇ ਦੱਸਿਆ ਕਿ, "ਗ੍ਰਿਫ਼ਤਾਰ ਕੀਤੇ ਗਏ ਮੁਲਜਮਾਂ ਵਿੱਚ ਜੇਲ੍ਹ ਸੁਪਰੀਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ੍ਹ ਸੁਪਰੀਡੈਂਟ ਵਿਜੇ ਕੁਮਾਰ, ਸਹਾਇਕ ਸੁਪਰੀਡੈਂਟ ਅਤੇ ਅਹਾਤੇ ਦੇ ਇੰਚਾਰਜ ਹਰੀਸ਼ ਕਮਾਰ, ਜੋਗਿੰਦਰ ਸਿੰਘ ਅਤੇ ਹਰਚੰਦ ਸਿੰਘ ਦੇ ਨਾਮ ਸ਼ਾਮਿਲ ਹਨ।"
ਉਨ੍ਹਾਂ ਕਿਹਾ, "ਜੋ ਦੋ ਏਐੱਸਆਈ ਗ੍ਰਿਫ਼ਤਾਰ ਹੋਏ ਹਨ, ਉਹ ਵਾਇਰਲ ਵੀਡੀਓ ਵਿੱਚ ਦਿਖਾਈ ਦਿੰਦੇ ਹਨ। ਇਹਨਾਂ ਨੇ ਮੌਕੇ ਉਪਰ ਕੋਈ ਕਾਰਵਾਈ ਨਹੀਂ ਕੀਤੀ ਸੀ।''''
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਇਮਰਾਨ ਖਾਨ : ਤੋਸ਼ਾਖਾਨਾ ਮਾਮਲਾ ਕੀ ਹੈ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ
NEXT STORY