ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ
ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਸਪੋਰਟਸ ਪ੍ਰੋਗਰਾਮਾਂ ਦੇ ਪ੍ਰਸਾਰਣ ਵਿੱਚ ਪਏ ਇੱਕ ਦਿਨ ਦੇ ਵਿਘਨ ਤੋਂ ਬਾਅਦ ਲਾਇਸੈਂਸ ਫੀਸ ਦਾ ਭੁਗਤਾਨ ਕਰਨ ਵਾਲਿਆਂ ਤੋਂ ਮੁਆਫ਼ੀ ਮੰਗੀ ਹੈ।
ਦਰਅਸਲ, ਬਰਤਾਨਵੀਂ ਸਰਕਾਰ ਦੀ ਵਿਵਾਦਗ੍ਰਸਤ ਸ਼ਰਨ ਨੀਤੀ ਦੀ ਆਲੋਚਨਾ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਬੀਬੀਸੀ ਦੇ ਸ਼ੋਅ ''ਮੈਚ ਆਫ ਦਿ ਡੇ'' ਦੇ ਮੇਜ਼ਬਾਨ ਗੈਰੀ ਲੀਨੇਕਰ ਨੂੰ ਬੀਬੀਸੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਮਾਮਲੇ ਦੀ ਜਾਂਚ ਪੂਰ ਹੋਣ ਤੱਕ ਇਸ ਸ਼ੋਅ ਤੋਂ ਹਟਾ ਦਿੱਤਾ ਗਿਆ।
ਇਸ ਤੋਂ ਬਾਅਦ ਗੈਰੀ ਦੇ ਸਮਰਥਨ ਵਿੱਚ ਇਸ ਫੁੱਟਬਾਲ ਸ਼ੋਅ ਦੇ ਹੋਰ ਪੇਸ਼ਕਾਰ ਅਤੇ ਟਿੱਪਣੀਕਾਰ (ਪ੍ਰੈਜੈਂਟਰ ਅਤੇ ਕਮੈਂਟੇਟਰ) ਸ਼ੋਅ ਤੋਂ ਵਾਕਆਊਟ ਕਰ ਗਏ, ਜਿਸ ਕਾਰਨ ਸ਼ੋਅ ਦਾ ਪ੍ਰਸਾਰਨ ਪ੍ਰਭਾਵਿਤ ਹੋਇਆ।
ਗੈਰੀ ਦੀ ਇਸ ਟਿੱਪਣੀ ''ਤੇ ਹੈ ਵਿਵਾਦ
ਗੈਰੀ ਲੀਨੇਕਰ
ਲੰਘੇ ਮੰਗਲਵਾਰ ਨੂੰ, ਬਰਤਾਨਵੀਂ ਸਰਕਾਰ ਦੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਬਿੱਲ ''ਤੇ ਟਿੱਪਣੀ ਕਰਦੇ ਹੋਏ ਗੈਰੀ ਨੇ ਇਸਨੂੰ ''''30 ਦੇ ਦਹਾਕੇ ਵਿੱਚ ਜਰਮਨੀ ਦੁਆਰਾ ਵਰਤੀ ਗਈ ਨੀਤੀ ਵਾਂਗ ਸਭ ਤੋਂ ਕਮਜ਼ੋਰ ਲੋਕਾਂ ''ਤੇ ਨਿਰਦੇਸ਼ਿਤ ਇੱਕ ਬੇਰਹਿਮ ਨੀਤੀ'''' ਕਿਹਾ ਸੀ।
ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਇਸ ਕਾਰਵਾਈ ਨੇ ਬੀਬੀਸੀ ਦੀ ਨਿਰਪੱਖਤਾ, ਸਰਕਾਰ ਦੀ ਸ਼ਰਨ ਨੀਤੀ ਅਤੇ ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਦੀ ਸਥਿਤੀ ਨੂੰ ਲੈ ਕੇ ਇੱਕ ਵਿਆਪਕ ਬਹਿਸ ਛੇੜ ਦਿੱਤੀ ਸੀ।
ਖੇਡ ਪ੍ਰਸਾਰਨ ਹੋਇਆ ਪ੍ਰਭਾਵਿਤ
ਇਸ ਦੇ ਨਾਲ ਹੀ, ਬੀਬੀਸੀ ਦਾ ਖੇਡ ਪ੍ਰਸਾਰਨ ਵੀ ਪ੍ਰਭਾਵਿਤ ਹੋਇਆ, ਕਿਉਂਕਿ ਗੈਰੀ ਦੇ ਸਮਰਥਨ ਵਿੱਚ ਸ਼ੋਅ ਦੇ ਸਟਾਫ ਸਮੇਤ ਕੁਝ ਸਭ ਤੋਂ ਵੱਧ ਜਾਣੇ-ਪਛਾਣੇ ਚਿਹਰੇ ਅਤੇ ਆਵਾਜ਼ਾਂ ਨੇ ਆਪਣੇ ਆਪ ਨੂੰ ਸ਼ੋਅ ਤੋਂ ਹਟਾ ਲਿਆ।
ਉਸ ਖਾਸ ਦਿਨ ਜਦੋਂ ਬੀਬੀਸੀ ਨੇ ਟੀਵੀ ਅਤੇ ਰੇਡੀਓ ''ਤੇ ਸਵੇਰ ਤੋਂ ਸ਼ਾਮ ਤੱਕ ਫੁੱਟਬਾਲ ''ਤੇ ਵਿਸ਼ੇਸ਼ ਪ੍ਰੋਗਰਾਮ ਚਲਾਉਣੇ ਸਨ, ਪਰ ਅਚਾਨਕ ਆਏ ਇਸ ਸੰਕਟ ਨਾਲ ਨਜਿੱਠਣ ਲਈ ਬੀਬੀਸੀ ਨੂੰ ਕੁਝ ਪ੍ਰੋਗਰਾਮਾਂ ਨੂੰ ਦੁਬਾਰਾ ਪ੍ਰਸਾਰਿਤ ਕਰਨਾ ਪਿਆ ਤੇ ਰੇਡੀਓ 5 ਲਾਈਵ ''ਤੇ ਪੌਡਕਾਸਟ ਚਲਾਉਣੇ ਪਏ।
''ਫੁਟਬਾਲ ਫੋਕਸ'' ਸ਼ੋਅ ਦੁਪਹਿਰ ਨੂੰ ਪ੍ਰਸਾਰਿਤ ਕੀਤਾ ਜਾਣਾ ਸੀ, ਪਰ ਸ਼ੋਅ ਪ੍ਰਸਾਰਿਤ ਨਹੀਂ ਹੋ ਸਕਿਆ ਕਿਉਂਕਿ ਪ੍ਰਸਾਰਨ ਤੋਂ ਮਹਿਜ਼ ਡੇਢ ਘੰਟੇ ਪਹਿਲਾਂ ਸ਼ੋਅ ਦੀ ਹੋਸਟ ਐਲੇਕਸ ਸਕਾਟ ਨੇ ਟਵੀਟ ਕੀਤਾ ਕਿ "ਅੱਜ ਦਾ ਸ਼ੋਅ ਕਰਨਾ ਠੀਕ ਨਹੀਂ ਲੱਗਦਾ''''।
ਇਸੇ ਤਰ੍ਹਾਂ, ਜਦੋਂ ਮੇਜ਼ਬਾਨ ਜੇਸਨ ਮੁਹੰਮਦ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸ਼ੋਅ ਪੇਸ਼ ਨਹੀਂ ਕਰਨਾ ਚਾਹੁੰਦੇ ਤਾਂ ''ਫਾਈਨਲ ਸਕੋਰ'' ਨੂੰ ਸ਼ਾਮ 16:00 ਵਜੇ ਵਾਲੇ ਸਲਾਟ ਤੋਂ ਹਟਾ ਦਿੱਤਾ ਗਿਆ।
ਰੇਡੀਓ 5 ਲਾਈਵ ਦੇ ਨਿਯਮਤ ਸ਼ਨੀਵਾਰ ਸਵੇਰ ਵਾਲੇ ਸ਼ੋਅ ''ਫਾਈਟਿੰਗ ਟਾਕ'' ਨੂੰ ਉਦੋਂ ਰੱਦ ਕਰ ਦਿੱਤਾ ਗਿਆ ਜਦੋਂ ਸਟਾਫ ਨੇ ਬਾਈਕਾਟ ਕਰ ਦਿੱਤਾ। ਇਸ ਦੇ ਹੋਸਟ ਕੋਲਿਨ ਮਰੇ ਨੇ ਕਿਹਾ ਕਿ ਇਹ ਫੈਸਲਾ "ਪੂਰੀ ਟੀਮ ਅਤੇ ਮੇਰੇ ਦੁਆਰਾ ਲਿਆ ਗਿਆ ਸੀ।''''
ਬੀਬੀਸੀ ਦਾ ਲੰਡਨ ਸਥਿਤ ਦਫ਼ਤਰ
ਜਿਹੜੇ ਪ੍ਰਸ਼ੰਸਕ ਦੁਪਹਿਰ ਸਮੇਂ ਟੀਵੀ ''ਤੇ ਕੁਝ ਵਿਸ਼ੇਸ਼ ਪ੍ਰੋਗਰਾਮ ਦੇਖਣ ਦੀ ਤਿਆਰੀ ਕਰ ਰਹੇ ਸਨ ਉਨ੍ਹਾਂ ਨੂੰ ''ਬਾਰਗੇਨ ਹੰਟ'' ਅਤੇ ''ਦਿ ਰਿਪੇਅਰ ਸ਼ਾਪ'' ਦੇ ਮੁੜ ਚਲਾਏ ਗਏ ਪ੍ਰੋਗਰਾਮਾਂ ਨਾਲ ਸਬਰ ਕਰਨਾ ਪਿਆ। ਰੇਡੀਓ 5 ਲਾਈਵ ਨੂੰ ਤਾਂ ਇੱਕ ਪੁਰਾਣੀ, ਪਹਿਲਾਂ ਤੋਂ ਰਿਕਾਰਡ ਕੀਤੀ ਸਮੱਗਰੀ ਨੂੰ ਮੁੜ ਚਲਾਉਣਾ ਪਿਆ।
ਬੀਬੀਸੀ ਵਨ ''ਤੇ 22:20 ਵਜੇ ''ਮੈਚ ਆਫ਼ ਦਿ ਡੇਅ'' ਦੇ ਪ੍ਰਸਾਰਨ ਹੋਣ ਤੋਂ ਪਹਿਲਾਂ ਚੱਲ ਰਹੇ ਸ਼ੋਅ ਦੇ ਪੇਸ਼ਕਾਰ ਨੇ ਦਰਸ਼ਕਾਂ ਨੂੰ ਕਿਹਾ: "ਸਾਨੂੰ ਅਫ਼ਸੋਸ ਹੈ ਕਿ ਅਸੀਂ ਅੱਜ ਰਾਤ ਨੂੰ ਕੁਮੈਂਟਰੀ ਸਮੇਤ ''ਮੈਚ ਆਫ਼ ਦਿ ਡੇਅ'' ਦਿਖਾਉਣ ਵਿੱਚ ਅਸਮਰੱਥ ਹਾਂ, ਪਰ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਦੇ ਪ੍ਰੀਮੀਅਰ ਲੀਗ ਮੈਚ ਦੇ ਸਭ ਤੋਂ ਸ਼ਾਨਦਾਰ ਐਕਸ਼ਨ।''''
ਹੁਣ ਐਤਵਾਰ ਦੀ ਯੋਜਨਾਬੱਧ ਕਵਰੇਜ ਨੂੰ ਲੈ ਕੇ ਕਈ ਸਵਾਲ ਉੱਠ ਹਨ ਕਿ ਕੀ ਬੀਬੀਸੀ ਟੀਵੀ ''ਤੇ ਮਾਰਕ ਚੈਪਮੈਨ ਨਾਲ ''ਮੈਚ ਆਫ਼ ਦਿ ਡੇਅ'' ਦਾ ਪ੍ਰਸਾਰਨ ਕਰੇਗਾ, ਕਿਉਂਕਿ ਸ਼ੋਅ ਦੇ ਮੇਜ਼ਬਾਨ ਸ਼ਨੀਵਾਰ ਨੂੰ ਏਅਰਵੇਵਜ਼ ਤੋਂ ਗੈਰਹਾਜ਼ਰ ਸਨ।
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਹੋਰ ਆਗੂਆਂ ਦੀ ਪ੍ਰਤੀਕਿਰਿਆ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਲੀਨੇਕਰ ਨੂੰ ਇੱਕ "ਪ੍ਰਤਿਭਾਸ਼ਾਲੀ ਪੇਸ਼ਕਾਰ" ਕਿਹਾ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਨੂੰ ਉਹ ਕਰਨਾ ਚਾਹੀਦਾ ਹੈ ਜੋ ਮੈਂ ਸਹੀ ਸਮਝਦਾ ਹਾਂ, ਅਤੇ ਇਸ ਗੱਲ ਨੂੰ ਵੀ ਸਮਝਦਾ ਹਾਂ ਕਿ ਹਰ ਕੋਈ ਹਮੇਸ਼ਾ ਇਸ ਨਾਲ ਸਹਿਮਤ ਨਹੀਂ ਹੋਵੇਗਾ। ਇਸ ਲਈ ਮੈਂ ਕਿਸ਼ਤੀਆਂ ਨੂੰ ਰੋਕਣ ਲਈ ਆਪਣੇ ਫੈਸਲੇ ਬਾਰੇ ਸਪੱਸ਼ਟ ਹਾਂ।"
"ਗੈਰੀ ਲੀਨੇਕਰ ਇੱਕ ਮਹਾਨ ਫੁੱਟਬਾਲਰ ਅਤੇ ਇੱਕ ਪ੍ਰਤਿਭਾਸ਼ਾਲੀ ਪੇਸ਼ਕਾਰ ਸਨ। ਮੈਨੂੰ ਉਮੀਦ ਹੈ ਕਿ ਗੈਰੀ ਲੀਨੇਕਰ ਅਤੇ ਬੀਬੀਸੀ ਵਿਚਕਾਰ ਮੌਜੂਦਾ ਸਥਿਤੀ ਨੂੰ ਸਮੇਂ ਸਿਰ ਹੱਲ ਕਰ ਲਿਆ ਜਾਵੇਗਾ, ਪਰ ਇਹ ਮਾਮਲਾ ਪੂਰੀ ਤਰ੍ਹਾਂ ਉਨ੍ਹਾਂ ਦਾ ਆਪਸੀ ਮਾਮਲਾ ਹੈ ਨਾ ਕਿ ਸਰਕਾਰ ਦਾ।"
ਸੱਭਿਆਚਾਰ, ਮੀਡੀਆ ਅਤੇ ਖੇਡ ਵਿਭਾਗ ਦੇ ਬੁਲਾਰੇ ਨੇ ਕਿਹਾ, "ਵਿਅਕਤੀਗਤ ਮਾਮਲੇ ਬੀਬੀਸੀ ਦੇ ਆਪਸੀ ਮਾਮਲੇ ਹਨ"। ਹਾਲਾਂਕਿ, ਡਾਊਨਿੰਗ ਸਟ੍ਰੀਟ ਅਤੇ ਕਈ ਸੀਨੀਅਰ ਮੰਤਰੀ ਹਾਲ ਹੀ ਦੇ ਦਿਨਾਂ ਵਿੱਚ ਆਲੋਚਕ ਰਹੇ ਹਨ।
ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਅਤੇ ਸੱਭਿਆਚਾਰਕ ਸਕੱਤਰ ਲੂਸੀ ਫਰੇਜ਼ਰ, ਦੋਵਾਂ ਨੇ ਸਰਕਾਰ ਦੀ ਭਾਸ਼ਾ ਅਤੇ ਨਾਜ਼ੀ ਜਰਮਨੀ ਦੀ ਭਾਸ਼ਾ ਵਿਚਕਾਰ ਤੁਲਨਾ ਕਰਨ ਕਾਰਨ ਪੇਸ਼ਕਾਰ ਦੀ ਆਲੋਚਨਾ ਕੀਤੀ ਹੈ।
ਬੀਬੀਸੀ ''ਤੇ ਸਰਕਾਰ ਦੇ ਦਬਾਅ ਹੇਠ ਆਉਣ ਦੇ ਇਲਜ਼ਾਮ
ਦੂਜੇ ਪਾਸੇ, ਲੇਬਰ ਪਾਰਟੀ ਦੇ ਸੀਨੀਅਰ ਸਿਆਸਤਦਾਨਾਂ ਨੇ ਲੀਨੇਕਰ ਲਈ ਸਮਰਥਨ ਪ੍ਰਗਟ ਕੀਤਾ ਹੈ। ਸਰ ਕਿਰ ਸਟਾਰਮਰ ਨੇ ਕਿਹਾ ਕਿ ਸਰਕਾਰ ਨੂੰ ਲੀਨੇਕਰ ਬਾਰੇ "ਖੁਸਰ-ਫੁਸਰ" ਕਰਨ ਦੀ ਬਜਾਏ ਸ਼ਰਨ ਪ੍ਰਣਾਲੀ ਨੂੰ ਠੀਕ ਕਰਨ ''ਤੇ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਬੀਬੀਸੀ ਦੇ ਮਾਲਕਾਂ ਉੱਤੇ ਮੰਤਰੀਆਂ ਦੇ ਦਬਾਅ ਹੇਠ ਆਉਣ ਦਾ ਇਲਜ਼ਾਮ ਲਗਾਇਆ ਹੈ।
ਲਿਬਰਲ ਡੈਮੋਕਰੇਟ ਨੇਤਾ ਸਰ ਐਡ ਡੇਵੀ ਨੇ ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਨੂੰ ਕਿਹਾ ਹੈ ਕਿ ਉਹ ਆਪਣੇ ਅਸਤੀਫ਼ਾ ਦੇ ਦੇਣ। ਉਨ੍ਹਾਂ ਕਿਹਾ ਕਿ ਇਸ ਵਿਵਾਦ ਨੇ ਕਾਰਪੋਰੇਸ਼ਨ ਦੇ ''ਟਾਪ (ਲੀਡਰਸ਼ਿਪ) ''ਤੇ ਅਸਫਲਤਾਵਾਂ'' ਦਾ ਪਰਦਾਫਾਸ਼ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ, "ਸਾਨੂੰ ਬੀਬੀਸੀ ਵਿੱਚ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਸਾਡੀਆਂ ਮਾਣਮੱਤੀਆਂ ਬ੍ਰਿਟਿਸ਼ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖੇ ਅਤੇ ਅੱਜ ਦੀ ਸਿਆਸਤ ਅਤੇ ਕੰਜ਼ਰਵੇਟਿਵ ਪਾਰਟੀ ਦੀਆਂ ਚਾਲਾਂ ਦਾ ਸਾਹਮਣਾ ਕਰ ਸਕੇ।''''
ਬੀਬੀਸੀ ਦੇ ਸਾਬਕਾ ਡਾਇਰੈਕਟਰ-ਜਨਰਲ ਨੇ ਕੀ ਕਿਹਾ
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਬੀਬੀਸੀ ਦੇ ਸਾਬਕਾ ਡਾਇਰੈਕਟਰ-ਜਨਰਲ ਗ੍ਰੇਗ ਡਾਈਕ ਨੇ ਕਿਹਾ ਕਿ ਬੀਬੀਸੀ ਨੇ ਇਸ ਵਿਵਾਦ ਨਾਲ ਨਜਿੱਠਣ ਲਈ "ਆਪਣੀ ਭਰੋਸੇਯੋਗਤਾ ਨੂੰ ਕਮਜ਼ੋਰ" ਕੀਤਾ ਹੈ। ਗ੍ਰੇਗ ਡਾਈਕ 2000 ਅਤੇ 2004 ਵਿਚਕਾਰ ਬੀਬੀਸੀ ਦੇ ਡਾਇਰੈਕਟਰ-ਜਨਰਲ ਰਹੇ ਸਨ।
ਉਨ੍ਹਾਂ ਨੇ ਬੀਬੀਸੀ ਦੇ ਚੇਅਰਮੈਨ ਸ਼ਾਰਪ ਨੂੰ ਲੈ ਕੇ ਚੱਲ ਰਹੇ ਵਿਵਾਦ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਲੀਨੇਕਰ ਮਾਮਲੇ ''ਚ ਚੁੱਕੇ ਗਏ ਕਦਮ ਨਾਲ ਇਹ ਧਾਰਨਾ ਪੈਦਾ ਹੋ ਸਕਦੀ ਹੈ ਕਿ "ਬੀਬੀਸੀ ਸਰਕਾਰੀ ਦਬਾਅ ''ਚ ਆਇਆ ਹੈ"।
ਬੀਬੀਸੀ ਦੇ ਚੇਅਰਮੈਨ ਵਜੋਂ ਸ਼ਾਰਪ ਦੀ ਨਿਯੁਕਤੀ ਸਬੰਧੀ ਇੱਕ ਰੀਵਿਊ ਚੱਲ ਰਿਹਾ ਹੈ, ਜਿਸ ਵਿੱਚ ਕੇਸੀ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸ਼ਾਰਪ ਨੇ, ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ 8 ਲੱਖ ਪਾਊਂਡ ਦੇ ਕਰਜ਼ੇ ਦੀ ਗਾਰੰਟੀ (ਕਰਜ਼ਾ ਦਿਵਾਉਣ) ਵਿੱਚ ਆਪਣੀ ਸ਼ਮੂਲੀਅਤ ਬਾਰੇ ਪੂਰੀ ਸਪੱਸ਼ਟ ਜਾਣਕਾਰੀ ਦਿੱਤੀ ਹੈ ਜਾਂ ਨਹੀਂ।
ਸ਼ਾਰਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕਰਜ਼ਾ ਦਿਵਾਉਣ ਵਿੱਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਸੀ।
ਇਸ ਤੋਂ ਇਲਾਵਾ, ਬੀਬੀਸੀ ਵੀ ਸ਼ਾਰਪ ਨੂੰ ਲੈ ਕੇ ਰੀਵਿਊ ਕਰ ਰਿਹਾ ਹੈ ਕਿ ਕੀ ਬੀਬੀਸੀ ਦੇ ਚੇਅਰਮੈਨ ਵਜੋਂ ਆਪਣੀ ਮੌਜੂਦਾ ਭੂਮਿਕਾ ਵਿੱਚ ਸ਼ਾਰਪ ਦੇ ਹਿੱਤਾਂ ਦਾ ਕੋਈ ਸੰਭਾਵੀ ਟਕਰਾਅ ਹੋ ਸਕਦਾ ਹੈ।
ਬੀਬੀਸੀ ਟੀਵੀ ਨਿਊਜ਼ ਦੇ ਸਾਬਕਾ ਮੁਖੀ ਅਤੇ ਖੇਡ ਨਿਰਦੇਸ਼ਕ ਰੋਜਰ ਮੌਸੀ ਨੇ ਵੀ ਸ਼ਾਰਪ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ ਅਤੇ ਕਿਹਾ ਕਿ ਚੇਅਰਮੈਨ ਵਜੋਂ ਉਨ੍ਹਾਂ ਨੇ "ਬੀਬੀਸੀ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ"।
ਹਾਲਾਂਕਿ, ਕਈ ਹੋਰਾਂ ਨੇ ਬੀਬੀਸੀ ਦੀਆਂ ਇਨ੍ਹਾਂ ਕਾਰਵਾਈਆਂ ਦਾ ਸਮਰਥਨ ਕੀਤਾ ਹੈ। ਕਾਰਪੋਰੇਸ਼ਨ ਵਿੱਚ ਸੰਪਾਦਕੀ ਨੀਤੀ ਦੇ ਸਾਬਕਾ ਕੰਟਰੋਲਰ, ਰਿਚਰਡ ਆਇਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੀਬੀਸੀ ਕੋਲ ਲੀਨੇਕਰ ਵਿਰੁੱਧ ਕਾਰਵਾਈ ਕਰਨ ਤੋਂ ਇਲਾਵਾ ''''ਕੋਈ ਵਿਕਲਪ ਨਹੀਂ'''' ਸੀ।
ਉਨ੍ਹਾਂ ਕਿਹਾ ਕਿ ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਸਪੱਸ਼ਟ ਤੌਰ ''ਤੇ ਲੀਨੇਕਰ ਮਾਮਲੇ ਨੂੰ ਸੁਲਝਾਉਣ ਦੀ ''ਕੋਸ਼ਿਸ਼'' ਕੀਤੀ ਪਰ ਅਸਫਲ ਰਹੇ।
ਉਨ੍ਹਾਂ ਅੱਗੇ ਕਿਹਾ, "ਹੁਣ ਇਹ ਲਾਜ਼ਮੀ ਹੋ ਗਿਆ ਹੈ ਕਿ ਭਾਵੇਂ ਉਨ੍ਹਾਂ ਨੂੰ ਬਰਖਾਸਤ ਨਾ ਕੀਤਾ ਜਾਵੇ, ਪਰ ਉਨ੍ਹਾਂ ਨੂੰ ਅਸਥਾਈ ਤੌਰ ''ਤੇ ਹਟਾਇਆ ਤਾਂ ਗਿਆ ਹੈ। ਬੀਬੀਸੀ ਹੁਣ ਇਸ ਗੱਲ ਦੀ ਆਲੋਚਨਾ ''ਚ ਘਿਰ ਗਿਆ ਹੈ ਕਿ ਇਹ ਸਰਕਾਰ ਦੇ ਇਸ਼ਾਰੇ ''ਤੇ ਕੰਮ ਕਰ ਰਿਹਾ ਹੈ।"
ਕੌਣ ਹਨ ਗੈਰੀ ਲੀਨੇਕਰ
ਗੈਰੀ ਲੀਨੇਕਰ 1999 ਤੋਂ ''ਮੈਚ ਆਫ ਦਿ ਡੇਅ'' ਸ਼ੋਅ ਦੀ ਮੇਜ਼ਬਾਨੀ ਕਰਦੇ ਆਏ ਹਨ। ਇਸ ਦੇ ਨਾਲ ਹੀ ਉਹ ਬੀਬੀਸੀ ਵਿੱਚ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਕਰਮਚਾਰੀ ਰਹੇ ਹਨ, ਜਿਨ੍ਹਾਂ ਨੇ ਸਾਲ 2020-21 ਵਿੱਚ ਲਗਭਗ 1.35 ਮਿਲੀਅਨ ਪਾਊਂਡ ਦੀ ਕਮਾਈ ਕੀਤੀ ਸੀ।
ਉਹ ਬੀਬੀਸੀ ਨਾਲ ਫ੍ਰੀਲਾਂਸਰ ਵਜੋਂ ਨੌਕਰੀ ਕਰਦੇ ਹਨ।
ਬੀਬੀਸੀ ਸਟਾਫ਼ ਤੋਂ ਸਿਆਸੀ ਮਾਮਲਿਆਂ ''ਤੇ ਨਿਰਪੱਖ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ, ਪਰ ਇਸ ਬਾਰੇ ਮਹੱਤਵਪੂਰਨ ਬਹਿਸ ਇਹ ਹੈ ਕਿ ਇਨ੍ਹਾਂ ਨਿਯਮਾਂ ਨੂੰ ਉਸ ਸਟਾਫ਼ ''ਤੇ ਕਿਵੇਂ ਲਾਗੂ ਕੀਤਾ ਜਾਵੇ ਜੋ ਖ਼ਬਰਾਂ ਤੋਂ ਹਟ ਕੇ ਕੰਮ ਕਰਦੇ ਹਨ।
ਬੀਬੀਸੀ ਨਿਊਜ਼ ਨੂੰ ਦੱਸਿਆ ਗਿਆ ਹੈ ਕਿ ''ਮੈਚ ਆਫ ਦਿ ਡੇਅ'' ਦੀ ਪ੍ਰੋਡਕਸ਼ਨ ਟੀਮ ਨੂੰ ਲੀਨੇਕਰ ''ਤੇ ਆਪਣੇ ਫੈਸਲੇ ਤੋਂ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਸੀ।
ਸ਼ਨੀਵਾਰ ਨੂੰ ਲੀਨੇਕਰ ਨੂੰ ਲੈਸਟਰ ਸਿਟੀ ਹੋਮ ਗੇਮ ਵਿੱਚ ਸ਼ਾਮਲ ਹੁੰਦੇ ਦੇਖਿਆ ਗਿਆ ਸੀ ਅਤੇ ਫਿਲਹਾਲ ਉਨ੍ਹਾਂ ਨੇ ਇਸ ਪੂਰੇ ਮਾਮਲੇ ਸਬੰਧੀ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਅਮਰ ਸਿੰਘ ਚਮਕੀਲਾ: ਛੋਟੇ ਜਿਹੇ ਪਿੰਡ ਦਾ ਧਨੀ ਰਾਮ ਕਿਵੇਂ ‘ਚਮਕੀਲਾ’ ਬਣ ਕੇ ਗਾਇਕੀ ਦੇ ਅਰਸ਼ਾਂ ਤੱਕ ਪਹੁੰਚ...
NEXT STORY