ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾ ਰਹੇ ਭਾਰਤ-ਆਸਟ੍ਰੇਲੀਆ ਟੈਸਟ ਦਾ ਤੀਜਾ ਦਿਨ ਸ਼ੁਭਮਨ ਗਿੱਲ ਦੇ ਨਾਮ ਰਿਹਾ।
ਇੱਕ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੌਰਾਨ ਉਨ੍ਹਾਂ ਦਾ ਸਭ ਤੋਂ ਵਧੀਆ ਸ਼ਾਟ ਕਿਹੜਾ ਰਿਹਾ, ਇਹ ਤੈਅ ਕਰਨਾ ਸੌਖਾ ਨਹੀਂ ਹੈ।
ਜ਼ੋਰ ਲਗਾਏ ਬਿਨਾਂ ਖੇਡਿਆ ਗਿਆ ਕਵਰ ਡਰਾਈਵ ਹੋਵੇ ਜਾਂ ਫਿਰ ਲੈੱਗ ਸਾਈਡ ਖੇਡਿਆ ਗਿਆ ਫਲਿੱਕ ਸਾਟ, ਸ਼ੁਭਮਨ ਨੇ ਵਿਕਟ ਦੇ ਦੋਵੇਂ ਪਾਸੇ ਸ਼ਾਨਦਾਰ ਸ਼ਾਟ ਲਗਾਏ।
23 ਸਾਲਾ ਗਿੱਲ ਨੇ 235 ਗੇਦਾਂ ਦਾ ਸਾਹਮਣਾ ਕਰਦਿਆਂ 12 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 128 ਦੌੜਾਂ ਦੀ ਪਾਰੀ ਖੇਡੀ।
ਇਹ ਸੈਂਕੜਾ ਨਾ ਸਿਰਫ ਭਾਰਤ ਲਈ ਇਸ ਟੈਸਟ ’ਚ ਰਾਹਤ ਲੈ ਕੇ ਆਇਆ ਬਲਕਿ ਖੁਦ ਸ਼ੁਭਮਨ ਗਿੱਲ ਨੇ ਵੀ ਰਾਹਤ ਦਾ ਸਾਹ ਲਿਆ ਹੋਵੇਗਾ। ਕਿਉਂਕਿ ਪਹਿਲੇ ਦੋ ਟੈਸਟ ਮੈਚਾਂ ’ਚ ਸਿਰਫ ਰਾਹੁਲ ਨੂੰ ਮੌਕਾ ਦਿੱਤਾ ਗਿਆ ਸੀ ਅਤੇ ਗਿੱਲ ਨੂੰ ਬੈਂਚ ’ਤੇ ਬੈਠਣਾ ਪਿਆ ਸੀ।
ਸੀਰੀਜ਼ ਦੇ ਤੀਜੇ ਟੈਸਟ ’ਚ ਗਿੱਲ ਨੂੰ ਮੌਕਾ ਜ਼ਰੂਰ ਮਿਲਿਆ ਪਰ ਉਹ ਕੁਝ ਖਾਸ ਨਹੀਂ ਕਰ ਸਕੇ। ਪਹਿਲੀ ਪਾਰੀ ’ਚ ਗਿੱਲ ਨੇ 21 ਦੌੜਾਂ ਬਣਾਈਆਂ ਸਨ, ਜਦਕਿ ਦੂਜੀ ਪਾਰੀ ’ਚ ਉਹ ਸਿਰਫ ਪੰਜ ਦੌੜਾਂ ਦਾ ਯੋਗਦਾਨ ਹੀ ਦੇ ਸਕੇ ਸਨ। ਭਾਰਤ ਇੰਦੌਰ ਟੈਸਟ 9 ਵਿਕਟਾਂ ਨਾਲ ਹਾਰ ਗਿਆ ਸੀ।
ਅਜਿਹੇ ’ਚ ਅਹਿਮਦਾਬਾਦ ਟੈਸਟ ਸ਼ੁਭਮਨ ਗਿੱਲ ਲਈ ਬਹੁਤ ਅਹਿਮ ਹੋ ਗਿਆ ਸੀ। ਉਨ੍ਹਾਂ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਰਵੱਈਆ ਅਖ਼ਤਿਆਰ ਕੀਤਾ। ਮੈਚ ਦੇ ਦੂਜੇ ਦਿਨ ਦੇ ਆਖਰੀ ਓਵਰ ’ਚ ਉਨ੍ਹਾਂ ਨੇ ਨਾਥਨ ਲਿਓਨ ਨੂੰ ਲੌਂਗ-ਆਨ ਬਾਊਂਡਰੀ ’ਤੇ ਛੱਕਾ ਜੜਿਆ ਸੀ।
ਇਸ ਤਰ੍ਹਾਂ ਦੇ ਸ਼ਾਟ ਖੇਡਦਿਆਂ ਉਹ ਇੰਦੌਰ ਟੈਸਟ ਦੀ ਦੂਜੀ ਪਾਰੀ ’ਚ ਬਹੁਤ ਘੱਟ ਦੌੜਾਂ ’ਤੇ ਆਊਟ ਹੋ ਗਏ ਸਨ ਪਰ ਅਹਿਮਦਾਬਾਦ ’ਚ ਉਹ ਸੈਂਕੜਾ ਬਣਾਉਣ ’ਚ ਕਾਮਯਾਬ ਰਹੇ।
ਸੈਂਕੜਾ ਦਰ ਸੈਂਕੜਾ
ਇਹ ਟੈਸਟ ਕ੍ਰਿਕਟ ’ਚ ਸ਼ੁਭਮਨ ਦਾ ਦੂਜਾ ਸੈਂਕੜਾ ਹੈ। ਹਾਲਾਂਕਿ ਅਹਿਮਦਾਬਾਦ ਦੇ ਇਸੇ ਮੈਦਾਨ ’ਚ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖਿਲਾਫ ਟੀ-20 ਮੁਕਾਬਲੇ ’ਚ ਜ਼ਬਰਦਸਤ ਸੈਂਕੜਾ ਲਗਾਇਆ ਸੀ।
63 ਗੇਂਦਾਂ ’ਤੇ 200 ਦੀ ਸਟ੍ਰਾਈਕ ਦਰ ਨਾਲ 126 ਦੌੜਾਂ ਦੀ ਬਦੌਲਤ ਹੀ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਦੇ ਲਈ ਉਹ ਟੀਮ ’ਚ ਆਪਣੀ ਜਗ੍ਹਾ ਬਣਾਉਣ ’ਚ ਸਫਲ ਰਹੇ ਸਨ।
ਸ਼ੁਭਮਨ ਨੇ ਆਪਣੇ ਟੈਸਟ ਕ੍ਰਿਕਟ ਦੀ ਸ਼ੁਰੂਆਤ (ਡੈਬਿਊ) ਆਸਟ੍ਰੇਲੀਆ ਦੇ ਖਿਲਾਫ 2020 ’ਚ ਮੈਲਬੋਰਨ ਟੈਸਟ ’ਚ ਕੀਤੀ ਸੀ।
ਅਹਿਮਦਾਬਾਦ ਟੈਸਟ ਤੋਂ ਪਹਿਲਾਂ ਖੇਡੇ ਗਏ 14 ਟੈਸਟ ਮੈਚਾਂ ਦੀਆਂ 27 ਪਾਰੀਆਂ ’ਚ ਉਨ੍ਹਾਂ ਦੇ ਬੱਲੇ ਤੋਂ 762 ਰਨ ਨਿਕਲੇ ਹਨ।
ਅਹਿਮਦਾਬਾਦ ਟੈਸਟ ਦੇ ਦੂਜੇ ਅਤੇ ਤੀਜੇ ਦਿਨ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਹਰ ਚੁਣੌਤੀ ਲਈ ਤਿਆਰ-ਬਰ-ਤਿਆਰ ਹਨ।
ਉਨ੍ਹਾਂ ਨੇ ਮਿਸ਼ੇਲ ਸਟਾਰਕ ਦੀਆਂ ਤੇਜ਼ ਰਫ਼ਤਾਰ ਗੇਦਾਂ ਦਾ ਬਹੁਤ ਹੀ ਵਧੀਆ ਢੰਗ ਨਾਲ ਸਾਹਮਣਾ ਕੀਤਾ। ਤੇਜ਼ ਗੇਂਦਬਾਜ਼ੀ ਹੋਵੇ ਜਾਂ ਫਿਰ ਸਪਿਨ ਗੇਂਦਬਾਜ਼ੀ, ਖੇਡਦੇ ਸਮੇਂ ਉਨ੍ਹਾਂ ਦੇ ਪੈਰ ਬਾਖੂਬੀ ਚੱਲੇ ਹਨ।
ਅਹਿਮਦਾਬਾਦ ਟੈਸਟ ਦੇ ਤੀਜੇ ਦਿਨ ਜਦੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ ਤਾਂ ਸ਼ੁਭਮਨ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਉਨ੍ਹਾਂ ਨੇ ਪੁਜਾਰਾ ਨਾਲ ਮਿਲ ਕੇ ਹਮਲਾਵਰ ਬੱਲੇਬਾਜ਼ੀ ਕਰਦਿਆਂ 89 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਚਾਹ ਬਰੇਕ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਆਪਣਾ ਸੈਂਕੜਾ ਵੀ ਪੂਰਾ ਕਰ ਲਿਆ ਸੀ।
- ਸ਼ੁਭਮਨ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇਹ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਕ੍ਰਿਕਟ ਖੇਡਣ
- ਸ਼ੁਭਮਨ ਗਿੱਲ 2018 ਦੇ ਅੰਡਰ-19 ਵਿਸ਼ਵ ਕੱਪ ਤੋਂ ਸੁਰਖੀਆਂ ’ਚ ਆਏ ਸਨ
- ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ 2018 ਦੇ ਸੀਜ਼ਨ ਲਈ 1.8 ਕਰੋੜ ਰੁਪਏ ’ਚ ਖਰੀਦਿਆ ਸੀ
- ਸ਼ੁਭਮਨ ਗਿੱਲ ਨੂੰ ਸੀਨੀਅਰ ਟੀਮ ਲਈ ਪਹਿਲੀ ਵਾਰ 2019 ਦੇ ਵਿਸ਼ਵ ਕੱਪ ਲਈ ਸ਼ਾਮਲ ਕੀਤਾ ਗਿਆ ਸੀ
- ਹਾਲ ਹੀ ਚੱਲ ਰਹੀ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦੇ ਚੌਥੇ ਮੈਚ ਦੇ ਤੀਜੇ ਦਿਨ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ
- ਗਿੱਲ ਨੇ 235 ਗੇਦਾਂ ਦਾ ਸਾਹਮਣਾ ਕਰਦਿਆਂ 12 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 128 ਦੌੜਾਂ ਦੀ ਪਾਰੀ ਖੇਡੀ
- ਇਸ ਦੇ ਨਾਲ ਹੀ ਇਹ ਟੈਸਟ ਕ੍ਰਿਕਟ ਵਿੱਚ ਸ਼ੁਭਮਨ ਗਿੱਲ ਦਾ ਦੂਜਾ ਸੈਂਕੜਾ ਰਿਹਾ
- ਅਹਿਮਦਾਬਾਦ ਟੈਸਟ ਤੋਂ ਪਹਿਲਾਂ ਖੇਡੇ ਗਏ 14 ਟੈਸਟ ਮੈਚਾਂ ਦੀਆਂ 27 ਪਾਰੀਆਂ ’ਚ ਉਨ੍ਹਾਂ ਨੇ ਹੁਣ ਤੱਕ 762 ਦੌੜਾਂ ਬਣਾਈਆਂ ਹਨ
ਭਵਿੱਖ ਦਾ ਸਿਤਾਰਾ
ਸ਼ੁਭਮਨ ਨੇ ਆਪਣੀ ਪਾਰੀ ਦੌਰਾਨ ਕਈ ਸ਼ਾਨਦਾਰ ਸ਼ਾਟ ਖੇਡੇ। ਉਨ੍ਹਾਂ ਨੇ ਜਿਸ ਤਰੀਕੇ ਨਾਲ ਸ਼ਾਟ ਚੁਣੇ, ਉਸ ਦੀ ਤਾਰੀਫ਼ ਮੈਦਾਨ ’ਚ ਮੌਜੂਦ ਦਿੱਗਜਾਂ ਨੇ ਵੀ ਕੀਤੀ।
ਭਾਵੇਂ ਉਹ ਮੈਦਾਨ ’ਚ ਮੌਜੂਦ ਵਿਰਾਟ ਕੋਹਲੀ ਹੋਣ ਜਾਂ ਫਿਰ ਕੁਮੈਂਟਰੀ ਪੈਨਲ ’ਚ ਸ਼ਾਮਲ ਸੁਨੀਲ ਗਵਾਸਕਰ ਹੋਣ, ਸਾਰਿਆਂ ਨੇ ਹੀ ਗਿੱਲ ਦੀ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ।
ਗਿੱਲ ਦੀ ਬੱਲੇਬਾਜ਼ੀ ਨੇ ਦੁਨੀਆਂ ਭਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੋਵੇਗਾ।
ਸ਼ੁਭਮਨ ਗਿੱਲ ਨੇ ਆਪਣੀ ਬੱਲੇਬਾਜ਼ੀ ਨਾਲ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸਬੰਧੀ ਚੱਲ ਰਹੀ ਬਹਿਸ ਨੂੰ ਵੀ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ। ਬਹੁਤ ਹੀ ਸੰਭਵ ਹੈ ਕਿ ਇਸ ਸਾਲ ਦੇ ਅੰਤ ’ਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ’ਚ ਰੋਹਿਤ ਸ਼ਰਮਾ ਦੇ ਨਾਲ ਉਹ ਭਾਰਤੀ ਟੀਮ ਦੇ ਦੂਜੇ ਸਲਾਮੀ ਬੱਲੇਬਾਜ਼ ਹੋਣ।
2023 ਦਾ ਸਾਲ ਉਨ੍ਹਾਂ ਲਈ ਸਫਲਤਾ ਲੈ ਕੇ ਆਇਆ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ’ਚ ਸ਼ਾਮਲ ਕੀਤਾ ਗਿਆ। ਇੰਨ੍ਹਾਂ ਮੈਚਾਂ ’ਚ ਕਪਤਾਨ ਰੋਹਿਤ ਸ਼ਰਮਾ ਨੇ ਉਨ੍ਹਾਂ ਨੂੰ ਦੋਹਰਾ ਸੈਂਕੜਾ ਜੜਨ ਵਾਲੇ ਈਸ਼ਾਨ ਕਿਸ਼ਨ ਦੇ ਮੁਕਾਬਲੇ ਵਧੇਰੇ ਤਰਜੀਹ ਦਿੱਤੀ।
ਇਸ ਭਰੋਸੇ ਦਾ ਨਤੀਜਾ ਜਲਦ ਹੀ ਵੇਖਣ ਨੂੰ ਮਿਲਿਆ, ਜਦੋਂ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਦੇ ਪਹਿਲੇ ਹੀ ਦਿਨ ਹੈਦਰਾਬਾਦ ’ਚ ਸ਼ੁਭਮਨ ਨੇ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ ਸੀ।
ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ’ਚ ਦੋਹੜਾ ਸੈਂਕੜਾ ਜੜਨ ਵਾਲੇ ਉਹ ਪੰਜਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ।
ਸੀਰੀਜ਼ ਦੇ ਤੀਜੇ ਇੱਕ ਰੋਜ਼ਾ ਮੈਚ ’ਚ ਸ਼ੁਭਮਨ ਨੇ ਇੱਕ ਹੋਰ ਸੈਂਕੜਾ ਲਗਾਇਆ। ਭਾਰਤ ਨੇ ਇਹ ਤਿੰਨ ਮੈਚਾਂ ਦੀ ਸੀਰੀਜ਼ ਕਲੀਨ ਸਵੀਪ ਕੀਤੀ ਅਤੇ ਸ਼ੁਭਮਨ ਗਿੱਲ ਨੇ ਇਸ ’ਚ ਸਭ ਤੋਂ ਵਧੇਰੇ 360 ਦੌੜਾਂ ਦਾ ਯੋਗਦਾਨ ਦਿੱਤਾ।
ਨਿਊਜ਼ੀਲੈਂਡ ਖ਼ਿਲਾਫ਼ ਹਾਲ ’ਚ ਹੀ ਖੇਡੀ ਗਈ ਟੀ-20 ਸੀਰੀਜ਼ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕਪਤਾਨ ਹਾਰਦਿਕ ਪਾਂਡਿਆ ਨੂੰ ਪੁੱਛਿਆ ਗਿਆ ਕਿ ਕੀ ਪ੍ਰਿਥਵੀ ਸ਼ਾਅ ਨੂੰ ਮੌਕਾ ਮਿਲੇਗਾ। ਇਹ ਸਵਾਲ ਇਸ ਲਈ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿਉਂਕਿ 2018 ’ਚ ਟੀ-20 ਕ੍ਰਿਕਟ ’ਚ ਡੈਬਿਊ ਕਰਨ ਤੋਂ ਬਾਅਦ ਤੋਂ ਹੀ ਪ੍ਰਿਥਵੀ ਭਾਰਤ ਦੇ ਸਭ ਤੋਂ ਹਮਲਾਵਰ ਸਲਾਮੀ ਬੱਲੇਬਾਜ਼ ਰਹੇ ਹਨ। ਉਨ੍ਹਾਂ ਦੀ ਬੱਲੇਬਾਜ਼ੀ ਦੀ ਸਟ੍ਰਾਈਕ ਰੇਟ 152 ਤੋਂ ਵੀ ਵੱਧ ਦੀ ਰਹੀ ਹੈ।
ਪਰ ਹਾਰਦਿਕ ਪਾਂਡਿਆ ਨੇ ਜਵਾਬ ਦਿੱਤਾ ਕਿ ਉਹ ਇਸ ਵਾਰ ਸ਼ੁਭਮਨ ਨੂੰ ਮੌਕਾ ਦੇਣਗੇ। ਉਦੋਂ ਤੱਕ ਸ਼ੁਭਮਨ ਲਈ ਟੀ-20 ਸਭ ਤੋਂ ਕਮਜ਼ੋਰ ਕੜੀ ਸਾਬਤ ਹੋ ਰਹੀ ਸੀ। 2023 ’ਚ ਖੇਡੇ ਗਏ ਪਹਿਲੇ ਪੰਜ ਟੀ-20 ਮੈਚਾਂ ’ਚ ਗਿੱਲ ਨੇ ਸਿਰਫ 76 ਦੌੜਾਂ ਹੀ ਬਣਾਈਆਂ ਸਨ, ਪਰ ਸੀਰੀਜ਼ ਦੇ ਆਖਰੀ ਟੀ-20 ਮੈਚ ’ਚ ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਦਿਖਾ ਦਿੱਤਾ ਕਿ ਉਹ ਤੇਜ਼ੀ ਨਾਲ ਛੋਟੇ ਫਾਰਮੈਟ ’ਚ ਵੀ ਆਪਣੇ ਆਪ ਨੂੰ ਢਾਲ ਸਕਦੇ ਹਨ।
ਸ਼ੁਭਮਨ ਗਿੱਲ ਦਾ ਹੁਣ ਤੱਕ ਦਾ ਸਫ਼ਰ
ਸ਼ੁਭਮਨ ਗਿੱਲ 2018 ਦੇ ਅੰਡਰ-19 ਵਿਸ਼ਵ ਕੱਪ ਤੋਂ ਸੁਰਖੀਆਂ ’ਚ ਆਏ ਸਨ। ਜਿਸ ਨੇ ਵੀ ਗਿੱਲ ਦੀ ਖੇਡ ਵੇਖੀ, ਉਹ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ।
8 ਸਤੰਬਰ, 1999 ਨੂੰ ਪੰਜਾਬ ਦੇ ਫਾਜ਼ਿਲਕਾ ਦੇ ਇੱਕ ਕਿਸਾਨ ਲਖਵਿੰਦਰ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕ੍ਰਿਕਟਰ ਬਣਾਉਣ ਦਾ ਸੁਪਨਾ ਵੇਖਿਆ ਅਤੇ ਪਰਿਵਾਰ ਮੋਹਾਲੀ ਆ ਗਿਆ।
ਲਖਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਕ੍ਰਿਕਟਰ ਬਣਾਉਣ ਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਕੋਲ ਹੀ ਕਿਰਾਏ ’ਤੇ ਮਕਾਨ ਲੈ ਲਿਆ।
25 ਫਰਵਰੀ, 2017 ਨੂੰ ਸ਼ੁਭਮਨ ਨੇ ਵਿਦਰਭ ਦੇ ਖਿਲਾਫ ਪਹਿਲੀ ਸ਼੍ਰੇਣੀ ਕ੍ਰਿਕਟ ਜ਼ਰੀਏ ਆਪਣੇ ਕ੍ਰਿਕਟ ਕਰੀਅਰ ਦਾ ਆਗਾਜ਼ ਕੀਤਾ ਸੀ।
ਨਵੰਬਰ, 2017 ਨੂੰ ਸ਼ੁਭਮਨ ਗਿੱਲ ਨੂੰ ਪੰਜਾਬ ਵੱਲੋਂ ਰਣਜੀ ਟਰਾਫੀ ’ਚ ਆਪਣਾ ਡੈਬਿਊ ਮੈਚ ਖੇਡਣ ਦਾ ਮੌਕਾ ਮਿਲਿਆ। ਪਹਿਲੇ ਮੈਚ ’ਚ ਸ਼ੁਭਮਨ ਨੇ ਅਰਧ ਸੈਂਕੜਾ ਜੜਿਆ ਅਤੇ ਦੂਜੇ ਮੈਚ ’ਚ ਸੈਂਕੜਾ ਲਗਾਇਆ। 2018 ’ਚ ਗਿੱਲ ਨੇ ਤਾਮਿਲਨਾਡੂ ਖ਼ਿਲਾਫ਼ ਆਪਣਾ ਪਹਿਲਾ ਦੋਹਰਾ ਸੈਂਕੜਾ ਲਗਾਇਆ।
ਪਰ ਅੰਡਰ-19 ਵਿਸ਼ਵ ਕੱਪ ਦੀ ਕਾਮਯਾਬੀ ਨੇ ਗਿੱਲ ਨੂੰ ਸਟਾਰ ਬਣਾ ਦਿੱਤਾ। ਪੰਜਾਬ ਦੇ 17 ਸਾਲਾ ਨੌਜਵਾਨ ਬੱਲੇਬਾਜ਼ ਨੇ 5 ਪਾਰੀਆਂ ’ਚ 372 ਦੌੜਾਂ ਬਣਾਈਆਂ। ਇਸ ’ਚ ਲਗਾਤਾਰ ਦੋ ਪਾਰੀਆਂ ਦੌਰਾਨ ਉਨ੍ਹਾਂ ਨੇ ਸੈਂਕੜਾ ਜੜਿਆ। ਸੈਮੀਫਾਈਨਲ ਮੈਚ ਦੌਰਾਨ ਖੇਡੀ ਗਈ ਸੈਂਕੜੇ ਵਾਲੀ ਪਾਰੀ ਉਨ੍ਹਾਂ ਦੀ ਬਹਿਤਰੀਨ ਪਾਰੀਆਂ ’ਚੋਂ ਇੱਕ ਹੈ।
ਗਿੱਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹੀ ਭਾਰਤ ਲਗਾਤਾਰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਜਿੱਤਣ ’ਚ ਸਫ਼ਲ ਰਿਹਾ। ਉਨ੍ਹਾਂ ਦੀ ਬੱਲੇਬਾਜ਼ੀ ’ਤੇ ਆਈਪੀਐਲ ਟੀਮਾਂ ਦੀ ਨਜ਼ਰ ਵੀ ਗਈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ 2018 ਦੇ ਸੀਜ਼ਨ ਲਈ 1.8 ਕਰੋੜ ਰੁਪਏ ’ਚ ਖਰੀਦਿਆ।
ਸਾਲ 2013 ਅਤੇ 2014 ’ਚ ਬੀਸੀਸੀਆਈ ਨੇ ਸ਼ੁਭਮਨ ਗਿੱਲ ਨੂੰ ਜੂਨੀਅਰ ਕ੍ਰਿਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
ਕ੍ਰਿਕਟ ਦੀ ਦੁਨੀਆਂ ’ਚ ਸ਼ੁਭਮਨ ਗਿੱਲ ਦੀ ਪ੍ਰਤੀਭਾ ਨੂੰ ਸਭ ਤੋਂ ਪਹਿਲਾਂ ਉਸ ਸਮੇਂ ਦੇ ਅੰਡਰ -19 ਟੀਮ ਦੇ ਕੋਚ ਰਾਹੁਲ ਦ੍ਰਵਿੜ ਨੇ ਪਛਾਣਿਆ ਸੀ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਗਿੱਲ ਭਵਿੱਖ ’ਚ ਸੀਨੀਅਰ ਟੀਮ ਦੇ ਲਈ ਵੀ ਸ਼ਾਨਦਾਰ ਖਿਡਾਰੀ ਸਾਬਤ ਹੋਵੇਗਾ।
ਸ਼ੁਭਮਨ ਗਿੱਲ ਨੂੰ ਸੀਨੀਅਰ ਟੀਮ ਲਈ ਪਹਿਲੀ ਵਾਰ 2019 ਦੇ ਵਿਸ਼ਵ ਕੱਪ ਲਈ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਟੀਮ ਨੇ ਤਜਰਬੇਕਾਰ ਖਿਡਾਰੀਆਂ ’ਤੇ ਵਧੇਰੇ ਭਰੋਸਾ ਕੀਤਾ ਅਤੇ ਗਿੱਲ ਨੂੰ ਮੈਦਾਨ ਦੇ ਬਾਹਰ ਬੈਂਚ ’ਤੇ ਹੀ ਬੈਠਣਾ ਪਿਆ। ਪਰ ਉਨ੍ਹਾਂ ਦੀ ਪ੍ਰਤੀਭਾ ਦੀ ਝਲਕ ਅਗਲੇ ਹੀ ਸਾਲ ਮੈਲਬੋਰਨ ਟੈਸਟ ਦੌਰਾਨ ਵੇਖਣ ਨੂੰ ਮਿਲੀ। ਐਡੀਲੇਡ ਟੈਸਟ ’ਚ ਪੂਰੀ ਟੀਮ ਦੇ 36 ਦੌੜਾਂ ’ਤੇ ਸਿਮਟ ਜਾਣ ਤੋਂ ਬਾਅਦ ਗਿੱਲ ਨੂੰ ਮੈਲਬੋਰਨ ’ਚ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਡੈਬਿਊ ਪਾਰੀ ’ਚ 45 ਦੌੜਾਂ ਬਣਾਈਆਂ।
ਅਜਿੰਕਿਆ ਰਹਾਨੇ ਦੀ ਕਪਤਾਨੀ ’ਚ ਰਿਸ਼ਭ ਪੰਤ, ਆਰ ਅਸ਼ਵਿਨ ਅਤੇ ਮੁਹੰਮਦ ਸਿਰਾਜ ਨੇ ਸੁਰਖੀਆਂ ਬਟੋਰੀਆਂ, ਪਰ ਸ਼ੁਭਮਨ ਗਿੱਲ ਨੂੰ ਵੀ ਲੋਕਾਂ ਨੇ ਉਮੀਦ ਨਾਲ ਵੇਖਿਆ। ਉਨ੍ਹਾਂ ਨੇ ਮਿਸ਼ੇਲ ਸਟਾਰਕ, ਪੈਟ ਕਮਿੰਸ ਅਤੇ ਜੋਸ ਹੇਜ਼ਲਵੁੱਡ ਵਰਗੇ ਗੇਂਦਬਾਜ਼ਾਂ ਦੇ ਸਾਹਮਣੇ ਆਪਣੀ ਤਕਨੀਕ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ।
ਮੈਲਬੋਰਨ ਟੈਸਟ ਦੀਆਂ ਦੋ ਪਾਰੀਆਂ ਦੌਰਾਨ 80 ਦੌੜਾਂ ਬਣਾਈਆਂ ਅਤੇ ਸਿਡਨੀ ਟੈਸਟ ’ਚ ਸ਼ਾਨਦਾਰ 50 ਦੌਵਾਂ ਅਤੇ ਗਾਬਾ ਟੈਸਟ ਦੇ ਆਖਰੀ ਦਿਨ ਸ਼ਾਨਦਾਰ 91 ਦੌੜਾਂ ਦੀ ਪਾਰੀ ਖੇਡੀ ਸੀ। ਜਿੱਤ ਦੇ ਲਈ 328 ਦੌੜਾਂ ਦਾ ਟੀਚਾ ਹਾਸਲ ਕਰਨ ਲਈ ਮੈਦਾਨ ’ਚ ਉਤਰੀ ਭਾਰਤੀ ਟੀਮ ਸਿਰਫ਼ ਤਿੰਨ ਵਿਕਟਾਂ ਤੋਂ ਹੀ ਜਿੱਤ ਹਾਸਲ ਕਰ ਸਕੀ ਸੀ। ਅਜਿਹੇ ’ਚ ਗਿੱਲ ਦੀ ਪਾਰੀ ਦੀ ਤਾਰੀਫ਼ ਆਲੋਚਕਾਂ ਵੱਲੋਂ ਵੀ ਕੀਤੀ ਗਈ।
ਕੀ ਹਨ ਉਮੀਦਾਂ?
ਆਸਟ੍ਰੇਲੀਆ ਦੇ ਦੌਰੇ ਤੋਂ ਬਾਅਦ ਸ਼ੁਭਮਨ ਗਿੱਲ ਲਈ ਅਗਲਾ ਸਾਲ ਮਿਲਿਆ -ਜੁਲਿਆ ਰਿਹਾ ਹੈ। ਹਾਲਾਂਕਿ ਮਿਲੇ ਮੌਕਿਆਂ ਦਾ ਲਾਭ ਨਾ ਉਠਾ ਸਕਣ ਦੇ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਵੀ ਕੀਤਾ ਗਿਆ, ਪਰ ਇਸ ਦੇ ਚੱਲਦਿਆਂ ਤਜਰਬੇਕਾਰ ਕੇ ਐਲ ਰਾਹੁਲ ਨੇ ਆਪਣੀ ਦਾਅਵੇਦਾਰੀ ਮੁੜ ਪੇਸ਼ ਕੀਤੀ।
ਪਿਛਲੇ ਸਾਲ ਬੰਗਲਾਦੇਸ਼ ਦੇ ਖਿਲਾਫ ਸੀਰੀਜ਼ ਦੌਰਾਨ ਜਦੋਂ ਕਪਤਾਨ ਰੋਹਿਤ ਸ਼ਰਮਾ ਨੇ ਬਰੇਕ ਲਈ ਤਾਂ ਸ਼ੁਭਮਨ ਗਿੱਲ ਨੂੰ ਖੇਡਣ ਦਾ ਮੌਕਾ ਮਿਲਿਆ। ਬੰਗਲਾਦੇਸ਼ ਖ਼ਿਲਾਫ਼ ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਲਗਾਇਆ।
ਇਸ ਤੋਂ ਬਾਅਦ ਗਿੱਲ ਲਗਾਤਾਰ ਫਾਰਮ ’ਚ ਨਜ਼ਰ ਆ ਰਹੇ ਹਨ। ਸੀਮਤ ਓਵਰ ਦੇ ਪਿਛਲੇ ਸੱਤ ਮੈਚਾਂ ’ਚ ਗਿੱਲ ਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖ਼ਿਲਾਫ਼ ਇੱਕ ਦੋਹਰਾ ਸੈਂਕੜਾ ਅਤੇ ਤਿੰਨ ਸੈਂਕੜੇ ਲਗਾਏ ਹਨ।
ਇੰਨ੍ਹਾਂ ਪਾਰੀਆਂ ਦੌਰਾਨ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ’ਚ ਨਵਾਂ ਆਯਾਮ ਵੇਖਣ ਨੂੰ ਮਿਲਿਆ ਹੈ। ਉਹ ਨਾ ਸਿਰਫ ਜ਼ਮੀਨੀ ਸ਼ਾਟ ਖੇਡਦੇ ਹਨ ਬਲਕਿ ਜ਼ਬਰਦਸਤ ਛੱਕੇ ਵੀ ਜੜ ਸਕਦੇ ਹਨ।
ਪਿਛਲੇ ਤਿੰਨ ਸਾਲਾਂ ਦੀ ਤੁਲਨਾ ’ਚ ਸ਼ੁਭਮਨ ਗਿੱਲ 2023 ’ਚ ਕਿਤੇ ਵਧੇਰੇ ਜ਼ੋਰਦਾਰ ਬੱਲੇਬਾਜ਼ ਵੱਜੋਂ ਸਥਾਪਿਤ ਹੁੰਦੇ ਜਾ ਰਹੇ ਹਨ।
ਇੱਕ ਰੋਜ਼ਾ ਕ੍ਰਿਕਟ ਦੇ ਬਿਹਤਰੀਨ ਬੱਲੇਬਾਜ਼ ਆਉਣ ਵਾਲੇ ਦਿਨਾਂ ’ਚ ਦੂਜੇ ਫਾਰਮੈਟਾਂ ’ਚ ਵੀ ਸਾਨਦਾਰ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਗੈਰੀ ਲੀਨੇਕਰ: ਬੀਬੀਸੀ ਦੇ ਬੌਸ ਟਿਮ ਡੇਵੀ ਨੇ ਲੀਨੇਕਰ ਵਿਵਾਦ ਦੌਰਾਨ ਖੇਡ ਪ੍ਰਸਾਰਣ ''ਚ ਪਏ ਵਿਘਨ ਲਈ ਮੰਗੀ...
NEXT STORY