ਗੁਲਨਾਰਾ ਕਰੀਮੋਵਾ ਦੀ 2012 ਵਿੱਚ ਮੋਨਾਕੋ ਵਿੱਚ ਖਿੱਚੀ ਗਈ ਇੱਕ ਤਸਵੀਰ
ਇੱਕ ਤਾਨਾਸ਼ਾਹ ਦੀ ਧੀ ਨੇ ਇੰਨੀ ਜਾਇਦਾਦ ਬਣਾਈ ਕਿ ਦੁਨੀਆਂ ਹੈਰਾਨ ਹੋ ਗਈ। ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਪੌਪ ਸਟਾਰ ਅਤੇ ਕੂਟਨੀਤਿਕ ਵਜੋਂ ਉੱਭਰੀ ਇਸ ਕੁੜੀ ਨੇ ਲੰਡਨ ਤੋਂ ਲੈ ਕੇ ਹਾਂਗਕਾਂਗ ਤੱਕ ਜਾਇਦਾਦ ਦੀ ਖਰੀਦੋ- ਵਿਰੋਖ਼ਤ ''ਤੇ 24 ਕਰੋੜ ਪੌਂਡ (ਕਰੀਬ 2400 ਕਰੋੜ ਰੁਪਏ) ਖ਼ਰਚ ਕੀਤੇ ਸਨ।
ਆਖ਼ਿਰ ਇੱਕ ਕੁੜੀ ਨੇ ਇੰਨੇ ਪੈਸੇ ਕਿਵੇਂ ਕਮਾਏ? ਕੀ ਕੋਈ ਧੋਖਾਧੜੀ ਹੋਈ ਜਾਂ ਕੋਈ ਰਿਸ਼ਵਤ ਦਾ ਮਾਮਲਾ ਸੀ। ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ।
ਫਰੀਡਮ ਫ਼ਾਰ ਯੂਰੇਸ਼ੀਆ ਦੀ ਜਾਂਚ ਮੁਤਾਬਕ ਗੁਲਨਾਰਾ ਕਰੀਮੋਵਾ ਨੇ ਇਹ ਪੈਸੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਜ਼ਰੀਏ ਹਾਸਲ ਕੀਤੇ ਸਨ ਤੇ ਇਨ੍ਹਾਂ ਪੈਸਿਆਂ ਨੂੰ ਵਰਤਣ ਦਾ ਉਸ ਨੂੰ ਸਭ ਤੋਂ ਸੌਖਾ ਤਰੀਕਾ ਜਾਇਦਾਦ ਖ਼ਰੀਦਣਾ ਲੱਗਿਆ ਸੀ।
ਪਰ ਗੁਲਨਾਰਾ ਲਈ ਇਹ ਸਭ ਕਰਨਾ ਇੰਨਾ ਸੌਖਾ ਨਹੀਂ ਸੀ। ਉਸਨੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਨਾਲ ਕਮਾਏ ਪੈਸਿਆਂ ਨਾਲ ਘਰ ਤੇ ਜੈੱਟ ਖਰੀਦਣ ਲਈ ਯੂਕੇ ਦੀਆਂ ਕੰਪਨੀਆਂ ਦੀ ਵਰਤੋਂ ਕੀਤੀ।
ਇਹ ਸਾਹਮਣੇ ਆਇਆ ਕਿ ਲੰਡਨ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਰਗੀਆਂ ਲੇਖਾਕਾਰੀ ਫਰਮਾਂ ਨੇ ਸੌਦਿਆਂ ਵਿੱਚ ਸ਼ਾਮਲ ਯੂਕੇ ਕੰਪਨੀਆਂ ਲਈ ਕੰਮ ਕੀਤਾ ਸੀ।
ਤਾਨਾਸ਼ਾਹ ਪਿਤਾ ਦੀ ਧੀ ਨੇ ਯੂਕੇ ਸਮੇਤ 12 ਮੁਲਕਾਂ ਵਿੱਚ ਜਾਇਦਾਦਾਂ ਖਰੀਦੀਆਂ
ਯੂਕੇ ਵਿੱਚ ਗ਼ੈਰ-ਕਾਨੂੰਨੀ ਧਨ
ਗੁਲਨਾਰਾ ਦੀ ਜਾਇਦਾਦ ਤੇ ਉਸ ਵਲੋਂ ਇਕੱਠੀ ਕੀਤੀ ਗਈ ਧਨ-ਦੌਲਤ ਨੇ ਯੂਕੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਹੁੰਦੀਆਂ ਵਿੱਤੀ ਗਤੀਵਿਧੀਆਂ ਤੇ ਜਾਇਦਾਦ ਦੇ ਲੈਣ-ਦੇਣ ’ਤੇ ਵੀ ਸਵਾਲ ਖੜੇ ਕੀਤੇ।
ਇਸ ਨਾਲ ਯੂਕੇ ਦੇ ਗੈਰ-ਕਾਨੂੰਨੀ ਦੌਲਤ ਨਾਲ ਨਜਿੱਠਣ ਲਈ ਕੀਤੇ ਯਤਨਾਂ ’ਤੇ ਵੀ ਸ਼ੰਕੇ ਖੜੇ ਕੀਤੇ ਹਨ।
ਰਿਪੋਰਟ ਮੁਤਾਬਕ ਵਿਦੇਸ਼ਾਂ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਕਮਾਏ ਪੈਸੇ ਨਾਲ ਯੂਕੇ ਵਿੱਚ ਜਾਇਦਾਦ ਖ਼ਰੀਦਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਬ੍ਰਿਟਿਸ਼ ਅਧਿਕਾਰੀਆ ''ਤੇ ਲੰਬੇ ਸਮੇਂ ਤੋਂ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਦੌਲਤ ਦੀ ਅਜਿਹੀ ਨਜ਼ਾਇਜ ਵਰਤੋਂ ਨੂੰ ਠੱਲ ਪਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਰੀਮੋਵਾ ਨੇ ਜਿੰਨੇ ਸੌਖੇ ਤਰੀਕੇ ਨਾਲ ਯੂਕੇ ਵਿੱਚ ਜਾਇਦਾਦ ਖ਼ਰੀਦੀ ਉਹ ਪ੍ਰਸ਼ਾਸਨਿਕ ਤੌਰ ’ਤੇ ਸਵਾਲ ਖੜੇ ਕਰਦਾ ਹੈ ਤੇ ਚਿੰਤਾਜਨਕ ਹੈ।
ਅਮੀਰ ਬਾਪ ਦੀ ਧੀ
ਗੁਲਨਾਰਾ ਦੇ ਮਾਮਲੇ ਵਿੱਚ ਹਰ ਕੰਮ ਬਹੁਤ ਸਫ਼ਾਈ ਨਾਲ ਕੀਤਾ ਗਿਆ ਸੀ।
ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕੇ ਗੁਲਨਾਰਾ ਵਲੋਂ ਖ਼ਰੀਦੀਆਂ ਗਈਆਂ ਜਾਇਦਾਦਾਂ ਦੇ ਸੌਦਿਆਂ ਨਾਲ ਜੁੜੀਆਂ ਕੰਪਨੀਆਂ ਨੂੰ ਪਤਾ ਕਿ ਉਸ ਕੋਲ ਪੈਸਾ ਕਿਵੇਂ ਆਇਆ, ਨਾ ਹੀ ਉਨ੍ਹਾਂ ਨੂੰ ਪੈਸੇ ਦੇ ਗ਼ੈਰ-ਕਾਨੂੰਨੀ ਹੋਣ ਸਬੰਧੀ ਕੋਈ ਸ਼ੱਕ ਸੀ।
ਯੂਕੇ ਵਿੱਚ ਗੁਲਨਾਰਾ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂਚ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਤੇ ਨਾ ਹੀ ਕੋਈ ਜੁਰਮਾਨਾ ਕੀਤਾ ਗਿਆ ਹੈ।
ਗੁਲਨਾਰਾ ਕਰੀਮੋਵਾ ਇੱਕ ਅਮੀਰ ਬਾਪ ਦੀ ਧੀ ਹੈ। ਉਸ ਦੇ ਪਿਤਾ ਇਸਲਾਮ ਕਰੀਮੋਵ ਨੇ 1989 ਤੋਂ 2016 ਤੱਕ ਮੱਧ ਏਸ਼ੀਆਈ ਰਾਜ, ਉਜ਼ਬੇਕਿਸਤਾਨ ''ਤੇ ਸ਼ਾਸਨ ਕੀਤਾ ਸੀ।
ਗੁਲਨਾਰਾ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਦੱਸਿਆ ਗਿਆ ਸੀ। ਉਹ ਗਹਿਣਿਆਂ ਦੀ ਇੱਕ ਕੰਪਨੀ ਚਲਾਉਂਦੀ ਸੀ। ਸਪੇਨ ਵਿੱਚ ਰਾਜਦੂਤ ਵਜੋਂ ਸੇਵਾਵਾਂ ਨਿਭਾ ਚੁੱਕੀ ਗੁਲਨਾਰਾ "ਗੂਗੂਸ਼ਾ" ਨਾਮ ਹੇਠ ਪੌਪ ਵੀਡੀਓਜ਼ ਵਿੱਚ ਵੀ ਦੇਖੀ ਗਈ ਸੀ।
ਗੁਲਨਾਰਾ ਇੱਕ ਪੌਪ ਸਟਾਰ ਵਜੋਂ ਵੀ ਜਾਣੀ ਗਈ
ਗੁਲਨਾਰਾ ਨੂੰ ਸਜ਼ਾ
ਕਦੇ ਪੌਪ ਵੀਡੀਓਜ਼ ਜ਼ਰੀਏ ਲੋਕਾਂ ਸਾਹਮਣੇ ਆਈ ਗੁਲਨਾਰਾ ਸਾਲ 2014 ਵਿੱਚ ਉਹ ਲੋਕਾਂ ਦੀ ਨਜ਼ਰਾਂ ਤੋਂ ਗਾਇਬ ਹੋ ਗਈ ਸੀ।
ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਹ ਵੀ ਉਸ ਦੇ ਪਿਤਾ ਦੇ ਜ਼ਿਉਂਦਿਆਂ ਹੀ।
ਗੁਲਨਾਰਾ ਨੂੰ ਦਸੰਬਰ 2017 ਵਿੱਚ ਸਜ਼ਾ ਸੁਣਾਈ ਗਈ ਸੀ ਅਤੇ ਨਜ਼ਰਬੰਦ ਕੀਤਾ ਗਿਆ ਸੀ।
ਸਾਲ 2019 ਵਿੱਚ ਉਸ ਨੇ ਨਜ਼ਰਬੰਦੀ ਲਈ ਰੱਖੀਆਂ ਗਈਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਗ਼ੈਰ-ਕਾਨੂੰਨੀ ਵਿੱਤੀ ਗਤੀਵਿਧੀਆਂ
ਸਰਕਾਰੀ ਵਕੀਲਾਂ ਨੇ ਗੁਲਨਾਰਾ ਉੱਤੇ ਇੱਕ ਅਪਰਾਧਿਕ ਸਮੂਹ ਦਾ ਹਿੱਸਾ ਹੋਣ ਦੇ ਇਲਜ਼ਾਮ ਲਗਾਏ ਸਨ।
ਪੁਲਿਸ ਮੁਤਾਬਕ ਇਹ ਸਮੂਹ ਯੂਕੇ, ਰੂਸ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ 12 ਦੇਸ਼ਾਂ ਵਿੱਚ 100 ਕਰੋੜ ਪੌਂਡ (10000 ਕਰੋੜ ਰੁਪਏ) ਦੀ ਜਾਇਦਾਦ ਖ਼ਰੀਦੀ ਸੀ।
ਫਰੀਡਮ ਫ਼ਾਰ ਯੂਰੇਸ਼ੀਆ ਦੀ ਰਿਪੋਰਟ ਦੇ ਖੋਜਕਰਤਾਵਾਂ ਵਿੱਚੋਂ ਇੱਕ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜ ਫ਼ੈਲੋ ਟੌਮ ਮੇਨ ਨੇ ਕਿਹਾ, "ਕਰੀਮੋਵਾ ਮਾਮਲਾ, ਹੁਣ ਤੱਕ ਦੇ ਸਭ ਤੋਂ ਵੱਡੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚੋਂ ਇੱਕ ਹੈ।"
ਜ਼ਿਕਰਯੋਗ ਹੈ ਕਿ ਕਰੀਮੋਵਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਥਿਤ ਤੌਰ ''ਤੇ ਭ੍ਰਿਸ਼ਟਾਚਾਰ ਨਾਲ ਇਕੱਤਰ ਕੀਤੇ ਫੰਡਾਂ ਨਾਲ ਖ਼ਰੀਦੀ ਦਾ ਵੱਡੀ ਹਿੱਸਾ ਪਹਿਲਾਂ ਹੀ ਵੇਚ ਦਿੱਤਾ ਸੀ।
ਫਰੀਡਮ ਫ਼ਾਰ ਯੂਰੇਸ਼ੀਆ ਨੇ ਗੁਲਨਾਰਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਜਾਇਦਾਦ ਤੇ ਜ਼ਮੀਨ ਦੀਆਂ ਰਜਿਸਟਰੀਆਂ ਦੇ ਰਿਕਾਰਡ ਤੋਂ ਯੂਕੇ, ਸਵਿਟਜ਼ਰਲੈਂਡ, ਫਰਾਂਸ, ਦੁਬਈ ਅਤੇ ਹਾਂਗਕਾਂਗ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਉਨ੍ਹਾਂ ਵਲੋਂ ਖ਼ਰੀਦੀਆਂ 14 ਸੰਪਤੀਆਂ ਦੀ ਪਛਾਣ ਕਰ ਲਈ ਸੀ। ਇਨ੍ਹਾਂ ਸੰਪਤੀਆਂ ਨੂੰ ਖ਼ਰੀਦਣ ਲਈ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਨਾਲ ਕਮਾਏ ਪੈਸੇ ਵਰਤੇ ਗਏ ਸਨ।
ਗੁਲਨਾਰਾ ਨੇ ਭ੍ਰਿਸ਼ਟਾਚਾਰ ਤੇ ਰਿਸਵਤ ਜ਼ਰੀਏ ਪੈਸੇ ਕਮਾਏ ਸਨ
ਤਾਨਾਸ਼ਾਹ ਦੀ ਧੀ ਤੇ ਭ੍ਰਿਸ਼ਟਾਚਾਰ ਦੇ ਮਾਮਲੇ
- ਉਜ਼ਬੇਕਿਸਤਾਨ ਦੇ ਸ਼ਾਸ਼ਕ ਰਹੇ ਇਸਲਾਮ ਕਰੀਮੋਵ ਦੀ ਧੀ ਗੁਲਨਾਰਾ ਕਰੀਮੋਵਾ ਨੇ ਅਰਬਾਂ ਦੀ ਜਾਇਦਾਦ ਖ਼ਰੀਦੀ
- ਉਨ੍ਹਾਂ ਖ਼ਿਲਾਫ਼ ਰਿਸ਼ਵਤ ਤੇ ਭ੍ਰਿਸ਼ਟਾਚਾਰ ਜ਼ਰੀਏ ਪੈਸੇ ਇਕੱਤਰ ਕਰਨ ਦੇ ਇਲਜ਼ਾਮ ਹਨ
- ਗੁਲਨਾਰਾ ਇੱਕ ਪੌਪ ਸਟਾਰ ਵਜੋਂ ਜਾਣੇ ਜਾਂਦੇ ਸਨ ਤੇ 2014 ਵਿੱਚ ਅਚਾਨਕ ਗਾਇਬ ਹੋ ਗਏ
- 2017 ਵਿੱਚ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਕਮਾਉਣ ਤੇ ਉਨ੍ਹਾਂ ਪੈਸਿਆਂ ਨਾਲ 12 ਦੇਸ਼ਾਂ ਵਿੱਚ ਜਾਇਦਾਦ ਖ਼ਰੀਦਣ ਦੇ ਮਾਮਲੇ ਵਿੱਚ ਨਜ਼ਰਬੰਦ ਕੀਤਾ ਗਿਆ
- ਉਨ੍ਹਾਂ ਵਲੋਂ ਨਜ਼ਰਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੇ ਜਾਣ ਤੇ 2019 ਵਿੱਚ ਜ਼ੇਲ੍ਹ ਵਿੱਚ ਬੰਦ ਕੀਤਾ ਗਿਆ
‘ਉਜ਼ਬੇਕ ਦੀ ਰਾਜਕੁਮਾਰੀ ਕੌਣ ਹੈ?’
ਫਰੀਡਮ ਫ਼ਾਰ ਯੂਰੇਸ਼ੀਆ ਨੇ 14 ਮਾਰਚ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ਦਾ ਸਿਰਲੇਖ ਹੈ ਰੱਖਿਆ ਗਿਆ ਹੈ, ਉਜ਼ਬੇਕ ਦੀ ਰਾਜਕੁਮਾਰੀ ਕੌਣ ਹੈ?
ਇਹ ਰਿਪੋਰਟ ਲੰਡਨ ਅਤੇ ਇਸ ਦੇ ਨੇੜੇ-ਤੇੜੇ ਖ਼ਰੀਦੀਆਂ ਗਈਆਂ ਪੰਜ ਸੰਪਤੀਆਂ ''ਤੇ ਕੇਂਦਰਿਤ ਸੀ। ਇਨ੍ਹਾਂ ਪੰਜ ਸੰਪਤੀਆਂ ਦੀ ਕੀਮਤ ਹੀ ਅੰਦਾਜ਼ਨ 5 ਕਰੋੜ ਪੋਂਡ (500 ਕਰੋੜ ਰੁਪਏ) ਸੀ।
ਇਹ ਜਾਇਦਾਦਾਂ ਲੰਡਨ ਦੀਆਂ ਅਹਿਮ ਤੇ ਮਹਿੰਗੀਆਂ ਥਾਵਾਂ ਨੇੜੇ ਸਨ। ਤਿੰਨ ਫ਼ਲੈਟ ਬਕਿੰਘਮ ਪੈਲੇਸ ਦੇ ਬਿਲਕੁਲ ਪੱਛਮ ਵਿੱਚ ਪੈਂਦੇ ਇਲਾਕੇ ਬੇਲਗਰਾਵੀਆ ਵਿੱਚ ਹਨ।
ਇੱਕ ਘਰ ਮੇਫ਼ੇਅਰ ਵਿੱਚ ਹੈ ਤੇ ਇੱਕ ਹੋਰ ਜਾਇਦਾਦ ਜਿਸ ਦਾ ਨਾਮ ‘ਦਿ ਸਰੀ ਮੈਨਸ਼ਨ’ ਹੈ ਦੀ ਕੀਮਤ ਕਰੀਬ 1.8 ਕਰੋੜ ਹੈ। ਇਸ ਵਿੱਚ ਇੱਕ ਪ੍ਰਾਈਵੇਟ ਬੋਟਿੰਗ ਝੀਲ ਵੀ ਹੈ।
ਕਰੀਮੋਵਾ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ 2013 ਵਿੱਚ ਬੇਲਗਰਾਵੀਆ ਦੇ ਦੋ ਫ਼ਲੈਟ ਵੇਚੇ ਗਏ ਸਨ।
2017 ਵਿੱਚ, ਮੇਫ਼ੇਅਰ ਵਿਚਲਾ ਘਰ, ਸਰੀ ਮੈਨਸ਼ਨ ਅਤੇ ਬੇਲਗਰਾਵੀਆ ਦਾ ਤੀਜਾ ਫਲੈਟ ਸੀਰੀਅਸ ਫ਼ਰਾਡ ਆਫ਼ਿਸ ਨੇ ਜ਼ਬਤ ਕਰ ਲਿਆ ਸੀ।
ਫ੍ਰੀਡਮ ਫਾਰ ਯੂਰੇਸ਼ੀਆ ਦੀ ਰਿਪੋਰਟ ਵਿੱਚ ਲੰਡਨ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੀਆਂ ਫਰਮਾਂ ਦਾ ਵੀ ਨਾਮ ਵੀ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਰੀਮੋਵਾ ਜਾਂ ਉਸ ਦੇ ਸਹਿਯੋਗੀਆਂ ਨੇ ਜਾਇਦਾਦਾਂ ਦੇ ਨਾਲ-ਨਾਲ ਇੱਕ ਨਿੱਜੀ ਜੈੱਟਲਾਈਨਰ ''ਤੇ ਵੀ ਖ਼ਰੀਦਿਆ ਸੀ।
ਗੁਲਨਾਰਾ ਕਈ ਫ਼ੈਸ਼ਨ ਸ਼ੋਅਜ਼ ਦਾ ਵੀ ਹਿੱਸਾ ਰਹੇ ਸਨ
ਰਿਸ਼ਤੇਦਾਰਾਂ ਦੀ ਸਾਂਝੇਦਾਰੀ
ਕਰੀਮੋਵਾ ਦੇ ਦੋਸਤ, ਰੁਸਤਮ ਮਦੁਮਾਰੋਵ ਅਤੇ ਹੋਰਾਂ ਸਹਿਯੋਗੀਆਂ ਦੀ ਇਸ ਮਾਮਲੇ ਵਿੱਚ ਸਾਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਕਰੀਮੋਵਾ ਨਾਲ ਜੁੜੀਆਂ ਯੂਕੇ ਦੀਆਂ ਦੋ ਕੰਪਨੀਆਂ ਪੈਨਾਲੀ ਲਿਮਿਟਡ ਅਤੇ ਓਡੈਂਟਨ ਮੈਨੇਜਮੈਂਟ ਲਿਮਟਿਡ ਲਈ ਲੇਖਾਕਾਰੀ ਸੇਵਾਵਾਂ ਦੇਣ ਵਾਲੀਆਂ ਐੱਸਐੱਚ ਲੈਂਡਰਜ਼, ਐੱਲਐੱਲਪੀ ਨੇ ਪ੍ਰਦਾਨ ਕੀਤੀਆਂ ਸਨ।
ਇਹ ਦੋਵੇਂ ਕੰਪਨੀਆਂ ਲੰਡਨ ਵਿੱਚ ਨਿਊ ਆਕਸਫ਼ੋਰਡ ਸਟ੍ਰੀਟ ''ਤੇ ਸਥਿਤ ਸਨ।
ਜੁਲਾਈ 2010 ਦੇ ਅਖ਼ੀਰ ਵਿੱਚ ਐੱਸਐੱਚ ਲੈਂਡਰਜ਼ ਨੇ ਕਿਸੇ ਹੋਰ ਕੰਪਨੀ ਨੂੰ ਰਜਿਸਟਰ ਕਰਨ ਦੀ ਮੰਗ ਕੀਤੀ ਸੀ। ਇਸ ਦਾ ਮਕਸਦ ਸੀ 4 ਕਰੋੜ ਪੋਂਡ ਦੀ ਇੱਕ ਇੱਕ ਨਿੱਜੀ ਜੈੱਟ ਖਰੀਦ ਦੀ ਡੀਲ ਨੂੰ ਪੂਰਿਆਂ ਕਰਨਾ।
ਇਸ ਮਾਮਲੇ ਵਿੱਚ ਮਦੁਮਾਰੋਵ ਦਾ ਨਾਮ ਲਾਭਕਾਰੀ ਮਾਲਕ ਵਜੋਂ ਦਿੱਤਾ ਗਿਆ ਸੀ।
ਜਦੋਂ ਕੰਪਨੀ ਨੂੰ ਉਸ ਦੇ ਫੰਡਾਂ ਦੇ ਸਰੋਤ ਬਾਰੇ ਉਸ ਸਮੇਂ ਪੁੱਛਿਆ ਗਿਆ, ਤਾਂ ਐੱਸਐੱਚ ਲੈਂਡਸ ਨੇ ਜਵਾਬ ਦਿੱਤਾ, "ਸਾਡਾ ਮੰਨਣਾ ਹੈ ਕਿ ਉਸਦੀ ਨਿੱਜੀ ਦੌਲਤ ਬਾਰੇ ਸਵਾਲ ਇਸ ਸਥਿਤੀ ਵਿੱਚ ਢੁਕਵਾਂ ਨਹੀਂ ਹੈ।"
ਅਜਿਹਾ ਇਸ ਲਈ ਹੋਇਆ ਕਿਉਂਕਿ ਜੈੱਟ ਖਰੀਦਣ ਲਈ ਪੈਸੇ ਮਾਦੁਮਾਰੋਵ ਆਪਣੇ ਨਿੱਜੀ ਫੰਡਾਂ ਵਿੱਚੋਂ ਮੁਹੱਈਆ ਨਹੀਂ ਕਰਵਾ ਰਹੇ ਸਨ।
ਲੰਡਨ ਸਥਿਤ ਫਰਮ ਨੇ ਬਾਅਦ ਵਿੱਚ ਕਿਹਾ ਕਿ ਮਦੁਮਾਰੋਵ ਦੀ ਦੌਲਤ ਕੁਝ ਹੱਦ ਤੱਕ ਉਜ਼ਬੇਕਿਸਤਾਨ ਸਥਿਤ ਇੱਕ ਮੋਬਾਈਲ ਫ਼ੋਨ ਕੰਪਨੀ, ਉਜ਼ਦੁਨਰੋਬਿਤਾ ਤੋਂ ਆਈ ਹੈ।
ਕਰੀਮੋਵਾ ਨਾਲ ਕੰਪਨੀ ਦੇ ਸੰਭਾਵੀ ਸਬੰਧਾਂ ਬਾਰੇ ਪਹਿਲਾਂ ਹੀ ਸਵਾਲ ਉਠਾਏ ਗਏ ਸਨ।
2004 ਵਿੱਚ, ਮਾਸਕੋ ਟਾਈਮਜ਼ ਲਈ ਇੱਕ ਲੇਖ ਵਿੱਚ ਇਲਜ਼ਾਮ ਲਾਏ ਗਏ ਸਨ ਕਿ ਕਰੀਮੋਵਾ ਨੇ ਧੋਖਾਧੜੀ ਕੀਤੀ ਹੈ ਤੇ ਉਜ਼ਦੁਨਰੋਬਿਤਾ ਕੰਪਨੀ ਨੂੰ 2 ਕਰੋੜ ਪੋਂਡ ਦਾ ਚੂਨਾ ਲਗਾਇਆ ਸੀ।
ਕਰੀਮੋਵਾ ਦੇ ਇੱਕ ਸਾਬਕਾ ਸਲਾਹਕਾਰ ਨੇ ਵੀ ਉਨ੍ਹਾਂ ਉੱਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਸਨ।
ਕੰਪਨੀਆਂ ਦਾ ਪੜਤਾਲ ਨਾ ਕਰਨਾ
ਲੇਖਾਕਰ ਕੰਪਨੀਆਂ ਮੁਤਾਬਕ ਕਿਉਂਕਿ ਮਾਮਲੇ ਉਜ਼ਬੇਕਿਸਤਾਨ ਦੇ ਸ਼ਾਸਕ ਪਰਿਵਾਰਾਂ ਨਾਲ ਜੁੜੇ ਹੋਏ ਸਨ, ਇਸ ਲਈ ਉਨ੍ਹਾਂ ਨੇ ਫੰਡਾਂ ਬਾਰੇ ਬਹੁਤੀ ਪੜਤਾਲ ਨਹੀਂ ਸੀ ਕੀਤੀ।
ਬੀਬੀਸੀ ਨਾਲ ਕੰਪਨੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਐੱਸਐੱਚ ਲੈਂਡਜ਼ ਤੇ ਐੱਲਐੱਲਪੀ ਨੇ ਕਦੀ ਵੀ ਗੁਲਨਾਰਾ ਕਰੀਮੋਵਾ ਨਾਲ ਕੋਈ ਡੀਲ ਨਹੀਂ ਕੀਤੀ, ਤੇ ਉਹ ਰੁਸਤਮ ਮਾਦੁਮਾਰੋਵ ਵਲੋਂ ਹੀ ਜਾਇਦਾਦਾਂ ਦੀ ਖ਼ਰੀਦ-ਵੇਚ ਕਰਦੇ ਸਨ।
ਫਰੀਡਮ ਫਾਰ ਯੂਰੇਸ਼ੀਆ ਦੇ ਟੌਮ ਮੇਨ ਨੇ ਕਿਹਾ ਕਿ ਜ਼ਾਹਰ ਤੌਰ ''ਤੇ ਕਰੀਮੋਵਾ ਵਲੋਂ ਸੌਖਿਆਂ ਹੀ ਯੂਕੇ ਵਿੱਚ ਇੰਨੀ ਜ਼ਿਆਦਾ ਜਾਇਦਾਦ ਖਰੀਦਣ ਵਿੱਚ ਕਾਮਯਾਬ ਰਹਿਣਾ,ਇੱਕ ਚਿੰਤਾਜਨਕ ਵਿਸ਼ਾ ਸੀ।
2017 ਤੱਕ ਚੱਲੀ ਜਾਂਚ ਵਿੱਚ ਉਜ਼ਬੇਕਿਸਤਾਨ ਦੇ ਸ਼ਾਸਕ ਦੀ ਧੀ ਦੀ ਜਾਇਦਾਦ ਦੇ ਸਾਧਨਾਂ ਦਾ ਪਤਾ ਲੱਗਿਆ ਤੇ ਕਈ ਦੇਸ਼ਾਂ ਨੇ ਪਹਿਲਾਂ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
![](https://static.jagbani.com/jb2017/images/bbc-footer.png)
ਭਾਜਪਾ ਮੰਤਰੀ ਨੂੰ ''ਪੱਤਰਕਾਰ'' ਨੇ ਸਵੇਰੇ ਪੁੱਛਿਆ ''ਵਿਕਾਸ'' ਦਾ ਸਵਾਲ, ਸ਼ਾਮੀਂ ਭਾਜਪਾ ਵਰਕਰ ਦੀ ਸ਼ਿਕਾਇਤ...
NEXT STORY