ਉੱਤਰ ਪ੍ਰਦੇਸ਼ ਦੇ ਸੰਭਲ ''ਚ ਇੱਕ ''ਸਥਾਨਕ ਪੱਤਰਕਾਰ'' ਵੱਲੋਂ ਪਿੰਡ ਦੇ ਵਿਕਾਸ ਨੂੰ ਲੈ ਕੇ ਭਾਜਪਾ ਦੇ ਮੰਤਰੀ ਨੂੰ ਸਵਾਲ ਪੁੱਛੇ ਜਾਣ ਮਗਰੋਂ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਵਿੱਚ ਪੱਤਰਕਾਰ ''ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਭਾਜਪਾ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ।
ਉਸ ਪੱਤਰਕਾਰ ਦੇ ਸਵਾਲ ਪੁੱਛਣ ਵਾਲਾ ਵੀਡੀਓ ਵਾਇਰਲ ਹੋ ਗਿਆ ਹੈ।
ਆਓ ਪਹਿਲਾਂ ਜਾਣ ਲੈਂਦੇ ਹਾਂ ਕਿ ਵਾਇਰਲ ਵੀਡੀਓ ''ਚ ਕੀ ਹੋ ਰਿਹਾ ਹੈ।
ਇਸ ਵੀਡੀਓ ''ਚ ਪੱਤਰਕਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ''''ਬੁੱਧ ਨਗਰ ''ਚ ਇੱਕ ਵੀ ਜੰਝ ਘਰ ਨਹੀਂ ਹੈ ਅਤੇ ਨਾ ਹੀ ਇੱਥੇ ਕੋਈ ਸਰਕਾਰੀ ਪਖਾਨਾ ਹੈ, ਤੁਸੀਂ ਕਿਹਾ ਸੀ ਕਿ ਮੰਦਰ ਤੋਂ ਲੈ ਕੇ ਮੈਂ ਇਸ ਸੜਕ ਨੂੰ ਪੱਕੀ ਕਰਵਾ ਦੇਵਾਂਗੇ, ਹੁਣ ਤੱਕ ਇਹ ਰਸਤਾ ਕੱਚਾ ਹੈ। ਬਾਈਕ ਤਾਂ ਕੀ, ਪੈਦਲ ਚੱਲਣ ਵਾਲੇ ਲੋਕ ਵੀ ਪਰੇਸ਼ਾਨ ਹੋ ਜਾਂਦੇ ਹਨ।''''
''''ਤੁਸੀਂ ਦੇਵੀ ਮਾਤਾ ਦੇ ਮੰਦਰ ਦੀ ਚਾਰਦੀਵਾਰੀ ਦਾ ਵੀ ਵਾਅਦਾ ਕੀਤਾ ਸੀ, ਤੁਸੀਂ ਅਜੇ ਤੱਕ ਇਸ ''ਤੇ ਵੀ ਕਾਰਵਾਈ ਨਹੀਂ ਕੀਤੀ, ਪਿੰਡ ਦੇ ਲੋਕ ਤੁਹਾਡੇ ਦਫ਼ਤਰ ਗਏ, ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ।''''
ਪੱਤਰਕਾਰ ਆਪਣੀ ਗੱਲ ਰੱਖ ਹੀ ਰਿਹਾ ਸੀ ਕਿ ਮੰਤਰੀ ਨਾਲ ਮੌਜੂਦ ਇੱਕ ਔਰਤ ਦੀ ਪਿੱਛਿਓਂ ਆਵਾਜ਼ ਆਉਂਦੀ ਹੈ, "ਤੁਸੀਂ ਸਮੱਸਿਆ ਰੱਖ ਰਹੇ ਹੋ ਜਾਂ ਆਪਣਾ ਪ੍ਰਚਾਰ ਕਰ ਰਹੇ ਹੋ?"
ਇਸ ''ਤੇ ਪੱਤਰਕਾਰ ਕਹਿੰਦੇ ਹਨ, "ਜਦੋਂ ਤੱਕ ਜਨਤਾ ਦੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਦੀ, ਤੁਸੀਂ ਦਾਅਵਾ ਕਰਦੇ ਹੋ ਕਿ ਕੰਮ ਹੋ ਗਿਆ ਹੈ, ਪਰ ਜੇਕਰ ਕਿਸੇ ਪਿੰਡ ਵਿੱਚ ਕੋਈ ਕੰਮ ਨਹੀਂ ਹੋਇਆ ਤਾਂ ਅਸੀਂ ਕੀ ਕਹਾਂਗੇ?"
ਫਿਰ ਪੱਤਰਕਾਰ ਬੁੱਧਨਗਰ ਨਾਮ ਦੇ ਇਸ ਪਿੰਡ ਦੇ ਲੋਕਾਂ ਨੂੰ ਪੁੱਛਦੇ ਹਨ, ''ਤੁਹਾਡੇ ਪਿੰਡ ''ਚ ਵਿਕਾਸ ਹੋਇਆ ਹੈ?''
ਲੋਕਾਂ ਤੋਂ ਜਵਾਬ ਮਿਲਦਾ ਹੈ, ''ਕੋਈ ਕੰਮ ਨਹੀਂ ਹੋਇਆ ਹੈ।''
ਸਟੇਜ ''ਤੇ ਬੈਠੀ ਮੰਤਰੀ ਗੁਲਾਬ ਦੇਬੀ, ਉੱਤਰ ਪ੍ਰਦੇਸ਼ ਸਰਕਾਰ ਦੇ ਸੈਕੰਡਰੀ ਸਿੱਖਿਆ ਵਿਭਾਗ ਦੇ ਸੁਤੰਤਰ ਪ੍ਰਭਾਰੀ ਮੰਤਰੀ ਹਨ।
ਉਹ ਕਹਿੰਦੇ ਹਨ, "ਮੈਂ ਬਹੁਤ ਦੇਰ ਤੋਂ ਤੇਰੀਆਂ ਅੱਖਾਂ ਨੂੰ ਪਛਾਣ ਰਹੀ ਸੀ, ਜਦੋਂ ਤੂੰ ਉੱਥੇ ਖੜ੍ਹਾ ਸੀ ਉਦੋਂ ਵੀ ਮੈਂ ਤੇਰੀਆਂ ਅੱਖਾਂ ਨੂੰ ਪਛਾਣ ਰਹੀ ਸੀ, ਜਿਹੜੀਆਂ ਗੱਲਾਂ ਤੂੰ ਕਹੀਆਂ ਹਨ, ਇਹ ਸਭ ਕੁਝ ਠੀਕ ਹੈ, ਅਜੇ ਸਮਾਂ ਨਹੀਂ ਨਿਕਲਿਆ ਹੈ, ਤੂੰ ਪਿੰਡ ਕੁੰਦਨਪੁਰ ਨੂੰ ਭੁੱਲ ਗਿਆ, ਕੁੰਦਨਪੁਰ ਵੀ ਮੇਰਾ ਹੈ, ਬੁੱਧਨਗਰ ਵੀ ਮੇਰਾ ਹੈ, ਇਹ ਦੋਵੇਂ ਪਿੰਡ ਮੇਰੇ ਹਨ, ਮੈਂ ਜੋ ਵੀ ਵਾਅਦੇ ਕੀਤੇ ਹਨ, ਮੈਂ ਉਨ੍ਹਾਂ ਨੂੰ ਪੂਰਾ ਕਰਾਂਗੀ, ਜਿਹੜੇ ਕੰਮ ਤੂੰ ਕਹੇ ਹਨ ਉਹ ਸਾਰੇ ਪੂਰੇ ਹੋਣਗੇ।''''
ਦੋ ਮਿੰਟ ਵੀਹ ਸੈਕਿੰਡ ਦਾ ਇਹ ਵੀਡੀਓ ਇਸ ਗੱਲਬਾਤ ਨਾਲ ਹੀ ਖ਼ਤਮ ਹੋ ਜਾਂਦਾ ਹੈ।
ਸ਼ਾਮ ਨੂੰ ਗ੍ਰਿਫ਼ਤਾਰ ਹੋਇਆ ਪੱਤਰਕਾਰ
ਪਰ ਇਸ ਪ੍ਰੋਗਰਾਮ ਤੋਂ ਬਾਅਦ ਸੰਭਲ ਦੇ ਚੰਦੌਸੀ ਥਾਣੇ ਦੀ ਪੁਲਿਸ ਨੇ ਸੰਜੇ ਰਾਣਾ ਨਾਮਕ ਇਸ ਸਥਾਨਕ ਪੱਤਰਕਾਰ ਨੂੰ ਇੱਕ ਭਾਜਪਾ ਵਰਕਰ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ।
ਬੀਬੀਸੀ ਨੂੰ ਸੰਜੇ ਰਾਣਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਚੰਦੌਸੀ ਸਰਕਲ ਅਧਿਕਾਰੀ ਦੀਪਕ ਕੁਮਾਰ ਨੇ ਕਿਹਾ, "ਇੱਕ ਨੌਜਵਾਨ ਖ਼ਿਲਾਫ਼ ਕੁੱਟਮਾਰ ਦੀ ਸ਼ਿਕਾਇਤ ਮਿਲੀ ਸੀ, ਜਿਸ ''ਤੇ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"
ਹਾਲਾਂਕਿ ਪੁਲਿਸ ਸੰਜੇ ਰਾਣਾ ਨੂੰ ਪੱਤਰਕਾਰ ਨਹੀਂ ਮੰਨ ਰਹੀ ਹੈ। ਪੁਲਿਸ ਅਨੁਸਾਰ, ਸੰਜੇ ਰਾਣਾ ਜ਼ਿਲ੍ਹੇ ਦੇ ਸੂਚਨਾ ਵਿਭਾਗ ਕੋਲ ਰਜਿਸਟਰਡ ਨਹੀਂ ਹੈ।
ਸ਼ੁਭਮ ਰਾਘਵ ਨਾਂ ਦੇ ਇੱਕ ਭਾਜਪਾ ਵਰਕਰ ਦੀ ਸ਼ਿਕਾਇਤ ''ਤੇ ਸੰਜੇ ਰਾਣਾ ਖਿਲਾਫ ਆਈਪੀਸੀ ਦੀ ਧਾਰਾ 323, 504 ਅਤੇ 506 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
- ਉੱਤਰ ਪ੍ਰਦੇਸ਼ ਵਿੱਚ ਭਾਜਪਾ ਮੰਤਰੀ ਨੂੰ ਸਵਾਲ ਪੁੱਛਣ ਤੋਂ ਬਾਅਦ ਪੱਤਰਕਾਰ ਗ੍ਰਿਫ਼ਤਾਰ
- ਸੰਜੇ ਰਾਣਾ ਨਾਮ ਦੇ ਪੱਤਰਕਾਰ ਨੇ ਮੰਤਰੀ ਗੁਲਾਬ ਦੇਵੀ ਨੂੰ ਪਿੰਡ ਦੇ ਵਿਕਾਸ ਬਾਰੇ ਕੀਤੇ ਸਨ ਸਵਾਲ
- ਸ਼ਿਕਾਇਤ ਕਰਤਾ ਭਾਜਪਾ ਵਰਕਰ, ਉਸ ਨੇ ਪੱਤਰਕਾਰ ਵੱਲੋਂ ਕੁੱਟਮਾਰ ਦੇ ਲਗਾਏ ਇਲਜ਼ਾਮ
- ਮੰਤਰੀ ਪੱਖ ਨੇ ਕਿਹਾ, ਉਨ੍ਹਾਂ ਦਾ ਪੱਤਰਕਾਰ ਦੀ ਗ੍ਰਿਫ਼ਤਾਰੀ ਨਾਲ ਕੋਈ ਸਬੰਧ ਨਹੀਂ
- ਪੱਤਰਕਾਰ ਸੰਜੇ ਰਾਣਾ ਦੀ ਮਾਂ ਦਾ ਇਲਜ਼ਾਮ, ਮੰਤਰੀ ਨੂੰ ਸਵਾਲ ਪੁੱਛਣ ਕਾਰਨ ਕੀਤਾ ਪੁੱਤ ਗ੍ਰਿਫ਼ਤਾਰ
ਸ਼ਿਕਾਇਤ ਕਰਤਾ ਨੇ ਕੀ ਇਲਜ਼ਾਮ ਲਗਾਇਆ
ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਸ਼ੁਭਮ ਰਾਘਵ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਸੰਜੇ ਰਾਣਾ ਨੇ ਮੰਤਰੀ ਗੁਲਾਬ ਦੇਵੀ ਦੇ ਪ੍ਰੋਗਰਾਮ ਵਿੱਚ ਹੰਗਾਮਾ ਕੀਤਾ ਸੀ। ਜਦੋਂ ਮੈਂ ਉਸ ਨੂੰ ਸਮਝਾਇਆ ਤਾਂ ਉਸ ਨੇ ਮੇਰੇ ਨਾਲ ਮਾੜਾ ਵਤੀਰਾ ਕੀਤਾ। ਉਸ ਦੇ ਨਾਲ ਤਿੰਨ-ਚਾਰ ਹੋਰ ਸ਼ਰਾਬੀ ਵੀ ਸਨ, ਜਿਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ। ਮੈਨੂੰ ਥੱਪੜ ਮਾਰਿਆ। ਮੇਰੀ ਹੀ ਸ਼ਿਕਾਇਤ ''ਤੇ ਉਸ ਵਿਰੁੱਧ ਐਫਆਈਆਰ ਦਰਜ ਹੋਈ ਹੈ।''''
ਸ਼ੁਭਮ ਰਾਘਵ ਦਾ ਕਹਿਣਾ ਹੈ, "ਸੰਜੇ ਰਾਣਾ ਪੱਤਰਕਾਰ ਨਹੀਂ ਹੈ, ਸਿਰਫ਼ ਹੱਥ ਵਿੱਚ ਮਾਈਕ ਲੈ ਕੇ ਘੁੰਮਦਾ ਰਹਿੰਦਾ ਹੈ ਅਤੇ ਵਿਕਾਸ ਨਾ ਕਰਨ ਦੇ ਨਾਂ ''ਤੇ ਸਥਾਨਕ ਪਿੰਡਾਂ ਦੇ ਮੁਖੀਆਂ ਅਤੇ ਗ੍ਰਾਮ ਵਿਕਾਸ ਸਕੱਤਰਾਂ ਨੂੰ ਬਲੈਕਮੇਲ ਕਰਦਾ ਹੈ। ਤੁਸੀਂ ਉਸ ਨੂੰ ਪੱਤਰਕਾਰ ਨਹੀਂ ਕਹਿ ਸਕਦੇ।"
ਇੱਕ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਸੰਜੇ ਰਾਣਾ ਇੱਕ ਸਥਾਨਕ ਯੂ-ਟਿਊਬ ਚੈਨਲ ਲਈ ਕੰਮ ਕਰਦੇ ਹਨ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਰਿਪੋਰਟਿੰਗ ਕਰ ਰਹੇ ਹਨ।
ਸ਼ੁਭਮ ਰਾਘਵ ਮੁਤਾਬਕ, ਇਹ ਵੀਡੀਓ 11 ਮਾਰਚ ਦਾ ਹੈ, ਜਦੋਂ ਮੰਤਰੀ ਪਿੰਡ ''ਚ ਇਕ ਚੈੱਕਡੇਮ ਦਾ ਉਦਘਾਟਨ ਕਰਨ ਗਈ ਸੀ।
ਸ਼ੁਭਮ ਰਾਘਵ ਦਾ ਦਾਅਵਾ ਹੈ ਕਿ "ਵਾਇਰਲ ਵੀਡੀਓ ਦੇ ਰਿਕਾਰਡ ਹੋਣ ਤੋਂ ਕਰੀਬ ਪੰਦਰਾਂ-ਵੀਹ ਮਿੰਟ ਬਾਅਦ ਸੰਜੇ ਰਾਣਾ ਨੇ ਮੇਰੇ ਨਾਲ ਮਾੜਾ ਵਤੀਰਾ ਕੀਤਾ ਅਤੇ ਕੁੱਟਮਾਰ ਕੀਤੀ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਫਿਰ ਮੈਂ ਥਾਣੇ ਵਿੱਚ ਮੁਕੱਦਮਾ ਦਰਜ ਕਰਾਇਆ।"
ਮੰਤਰੀ ਵੱਲੋਂ ਕੀ ਆਈ ਪ੍ਰਤੀਕਿਰਿਆ
ਦੂਜੇ ਪਾਸੇ, ਮੰਤਰੀ ਗੁਲਾਬ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਐਫਆਈਆਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਗੁਲਾਬ ਦੇਵੀ ਦੀ ਧੀ ਅਤੇ ਭਾਜਪਾ ਦੀ ਤਰਜ਼ਮਾਨ ਸਾਕਸ਼ੀ ਦੇਵੀ ਨੇ ਕਿਹਾ, "ਮੰਤਰੀ ਜੀ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਸ਼ਿਕਾਇਤ ਦਿੱਤੀ ਹੈ। ਸਬੰਧਤ ਵਿਅਕਤੀ ਦਾ ਕਿਸੇ ਹੋਰ ਨਾਲ ਝਗੜਾ ਹੋਇਆ ਸੀ, ਉਨ੍ਹਾਂ ਨੇ ਹੀ ਸ਼ਿਕਾਇਤ ਕੀਤੀ ਅਤੇ ਐਫਆਈਆਰ ਦਰਜ ਕਰਵਾਈ।"
ਬੀਬੀਸੀ ਨੇ ਇਸ ਸਬੰਧ ਵਿੱਚ ਮੰਤਰੀ ਗੁਲਾਬ ਦੇਵੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਪਿੰਡ ਦੇ ਲੋਕਾਂ ਨੇ ਕੀ ਦੱਸਿਆ
ਬੀਬੀਸੀ ਨਾਲ ਗੱਲਬਾਤ ਕਰਦਿਆਂ ਪਿੰਡ ਬੁੱਧਪੁਰ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੰਤਰੀ ਦੇ ਪ੍ਰੋਗਰਾਮ ਦੌਰਾਨ ਕੋਈ ਝਗੜਾ ਨਹੀਂ ਹੋਇਆ ਸੀ, ਪਿੰਡ ਦੇ ਨੌਜਵਾਨ ਸੰਜੇ ਰਾਣਾ ਨੇ ਉਨ੍ਹਾਂ ਨੂੰ ਵਿਕਾਸ ਬਾਰੇ ਸਵਾਲ ਕੀਤੇ ਸਨ।
ਸੰਜੇ ਰਾਣਾ ਦੀ ਮਾਂ ਕਸ਼ਮੀਰੀ ਦੇਵੀ ਦਾ ਕਹਿਣਾ ਹੈ, "ਮੇਰਾ ਬੇਟਾ ਪੜ੍ਹਾਈ ਕਰ ਰਿਹਾ ਹੈ, ਅੱਜ ਕੱਲ੍ਹ ਉਹ ਵੀ ਪ੍ਰੈੱਸ ''ਚ ਲੱਗ ਗਿਆ ਹੈ। ਮੰਤਰੀ ਜੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਪਿੰਡ ਦੇ ਵਿਕਾਸ ''ਤੇ 75 ਲੱਖ ਰੁਪਏ ਖਰਚ ਕੀਤੇ ਹਨ। ਮੇਰੇ ਬੇਟੇ ਨੇ ਸਿਰਫ਼ ਇਹੀ ਪੁੱਛ ਲਿਆ ਕਿ ਕਿੱਥੇ ਖਰਚ ਕੀਤੇ ਹਨ?
ਕਸ਼ਮੀਰੀ ਦੇਵੀ ਦਾ ਕਹਿਣਾ ਹੈ ਕਿ ਸ਼ਾਮ ਨੂੰ ਪੁਲਿਸ ਆਈ ਅਤੇ ਉਨ੍ਹਾਂ ਦੇ ਬੇਟੇ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ ਹੈ।
ਉਨ੍ਹਾਂ ਮੁਤਾਬਕ, "ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੋਈ ਸੀ। ਪੁਲਿਸ ਨੇ ਸਿਰਫ਼ ਉਸ ਦਾ ਨਾਮ ਪੁੱਛਿਆ ਅਤੇ ਉਸ ਨੂੰ ਫੜ੍ਹ ਕੇ ਲੈ ਗਈ।"
ਬੁੱਧਨਗਰ ਖੜਵਾ ਪਿੰਡ, ਰਾਜਧਾਨੀ ਦਿੱਲੀ ਤੋਂ ਲਗਭਗ 240 ਕਿਲੋਮੀਟਰ ਅਤੇ ਚੰਦੌਸੀ ਸ਼ਹਿਰ ਤੋਂ ਲਗਭਗ 12 ਕਿਲੋਮੀਟਰ ਦੂਰ ਹੈ।
ਪਿੰਡ ਨੂੰ ਮੁੱਖ ਮਾਰਗ ਨਾਲ ਜੋੜਨ ਵਾਲੀ ਸੜਕ ਟੁੱਟੀ ਹੋਈ ਹੈ, ਥਾਂ-ਥਾਂ ਟੋਏ ਪਏ ਹੋਏ ਹਨ।
ਪਿੰਡ ਦੀ ਇੱਕ ਔਰਤ ਬਿਰਜਾ ਦੇਵੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਜੇ ਤੁਸੀਂ ਪਿੰਡ ਤੋਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੱਥਾਂ ਨਾਲ ਕੱਪੜੇ ਉੱਪਰ ਚੁੱਕਣੇ ਪੈਂਦੇ ਹਨ ਕਿਉਂਕਿ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਤੇ ਗੰਦਾ ਪਾਣੀ ਵਗਦਾ ਰਹਿੰਦਾ ਹੈ।"
ਬਿਰਜਾ ਦੇਵੀ ਦੱਸਦੇ ਹਨ, "ਉਸ ਦਿਨ ਕੋਈ ਲੜਾਈ ਨਹੀਂ ਹੋਈ ਸੀ। ਸਾਡੇ ਪਿੰਡ ਦੇ ਮੁੰਡੇ ਨੇ ਮੰਤਰੀ ਨੂੰ ਸਿਰਫ਼ ਇਹੀ ਪੁੱਛਿਆ ਸੀ ਕਿ ਟੁੱਟੀਆਂ ਸੜਕਾਂ ਕਦੋਂ ਬਣਨਗੀਆਂ। ਇਸੇ ਗੱਲ ''ਤੇ ਉਸ ਨੂੰ ਫੜ੍ਹ ਕੇ ਲੈ ਗਏ।"
ਸੰਭਲ ਜ਼ਿਲੇ ਦੇ ਸਥਾਨਕ ਪੱਤਰਕਾਰਾਂ ਮੁਤਾਬਕ, ਇੱਥੇ ਸੰਜੇ ਰਾਣਾ ਨੂੰ ਬਹੁਤ ਘੱਟ ਲੋਕ ਜਾਣਦੇ ਹਨ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਈ ਚਰਚਾ ਨਹੀਂ ਹੋਈ।
ਵਿਰੋਧੀਆਂ ਨੇ ਸਾਧਿਆ ਨਿਸ਼ਾਨਾ
ਦੂਜੇ ਪਾਸੇ, ਪੱਤਰਕਾਰ ਅਤੇ ਮੰਤਰੀ ਵਿਚਕਾਰ ਹੋਈ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਸ਼ੇਅਰ ਕਰਦੇ ਹੋਏ ਸਮਾਜਵਾਦੀ ਪਾਰਟੀ ਨੇ ਸਵਾਲ ਚੁੱਕਿਆ ਹੈ ਕਿ- ''''ਇਹ ਭਾਜਪਾ ਸਰਕਾਰ ''ਚ ਅਣ-ਐਲਾਨੀ ਐਮਰਜੈਂਸੀ ਅਤੇ ਤਾਨਾਸ਼ਾਹੀ ਨਹੀਂ ਹੈ ਤਾਂ ਹੋਰ ਕੀ ਹੈ?''''
ਸਮਾਜਵਾਦੀ ਪਾਰਟੀ ਨੇ ਆਪਣੇ ਟਵੀਟ ''ਚ ਕਿਹਾ ਹੈ, ''''ਸੰਭਲ ''ਚ ਇਕ ਗਰਾਊਂਡ ਰਿਪੋਰਟਰ ਸੰਜੇ ਰਾਣਾ ਨੇ ਭਾਜਪਾ ਸਰਕਾਰ ''ਚ ਮੰਤਰੀ ਗੁਲਾਬ ਦੇਵੀ ਨੂੰ ਵਿਕਾਸ ਦੇ ਮੁੱਦੇ ''ਤੇ ਸਵਾਲ ਪੁੱਛੇ ਤਾਂ ਮੰਤਰੀ ਨੇ ਪੱਤਰਕਾਰ ਨੂੰ ਜੇਲ ''ਚ ਬੰਦ ਕਰਵਾ ਦਿੱਤਾ। ਇਹ ਭਾਜਪਾ ਸਰਕਾਰ ਵਿੱਚ ਅਣ-ਐਲਾਨੀ ਐਮਰਜੈਂਸੀ ਅਤੇ ਤਾਨਾਸ਼ਾਹੀ ਨਹੀਂ ਹੈ ਤਾਂ ਹੋਰ ਕੀ ਹੈ? ਭਾਜਪਾ ਸਿਰਫ ਚਾਪਲੂਸੀ ਵਾਲੀ ਪੱਤਰਕਾਰੀ ਚਾਹੁੰਦੀ ਹੈ, ਸਵਾਲ ਪੁੱਛਣ ਦੀ ਮਨਾਹੀ ਹੈ?"
ਉੱਤਰ ਪ੍ਰਦੇਸ਼ ''ਚ ਪੱਤਰਕਾਰਾਂ ''ਤੇ ਪਹਿਲਾਂ ਵੀ ਦਰਜ ਹੁੰਦੇ ਰਹੇ ਹਨ ਮਾਮਲੇ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉੱਤਰ ਪ੍ਰਦੇਸ਼ ਵਿੱਚ ਕਿਸੇ ਪੱਤਰਕਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੋਵੇ।
ਸਤੰਬਰ 2019 ਵਿੱਚ, ਮਿਰਜ਼ਾਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਪੱਤਰਕਾਰ ਵਿਰੁੱਧ ਮਿਡ-ਡੇ-ਮੀਲ ਵਿੱਚ ਪਰੋਸੇ ਜਾ ਰਹੇ ਨਮਕ-ਰੋਟੀ ਦੀ ਰਿਪੋਰਟ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ।
ਪ੍ਰਸ਼ਾਸਨ ਨੇ ਪੱਤਰਕਾਰ ਪਵਨ ਜੈਸਵਾਲ ''ਤੇ ਇਕ ਸਾਜ਼ਿਸ਼ ਤਹਿਤ ਉੱਤਰ ਪ੍ਰਦੇਸ਼ ਸਰਕਾਰ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਸੀ।
ਫਰਵਰੀ 2021 ਵਿੱਚ, ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਪੱਤਰਕਾਰ ਇਸਮਤ ਆਰਾ ਵਿਰੁੱਧ ਇੱਕ ਕੇਸ ਦਰਜ ਕੀਤਾ ਗਿਆ ਸੀ। ਇਸਮਤ ਆਰਾ ਨੇ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਰਾਮਪੁਰ ਦੇ ਇੱਕ ਸਿੱਖ ਕਿਸਾਨ ਦੇ ਪਰਿਵਾਰ ਦੇ ਦਾਅਵਿਆਂ ਬਾਰੇ ਰਿਪੋਰਟ ਕੀਤੀ ਸੀ।
ਇਸਮਤ ਆਰਾ ''ਤੇ ਫਰਜ਼ੀ ਖਬਰਾਂ ਫੈਲਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ। ਰਾਮਪੁਰ ਪੁਲਿਸ ਨੇ ਇਸ ਰਿਪੋਰਟ ਨੂੰ ਸਾਂਝਾ ਕਰਨ ਵਾਲੇ ''ਦਿ ਵਾਇਰ'' ਦੇ ਸੰਪਾਦਕ ਸਿਧਾਰਥ ਵਰਦਰਾਜਨ ਦੇ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਸੀ।
ਸਤੰਬਰ 2021 ਵਿੱਚ, ਪੱਤਰਕਾਰ ਰਾਣਾ ਅਯੂਬ ਵਿਰੁੱਧ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣੇ ਵਿੱਚ ਕੋਵਿਡ ਰਾਹਤ ਲਈ ਆਨਲਾਈਨ ਪ੍ਰਾਪਤ ਕੀਤੀ ਦਾਨ ਦੀ ਦੁਰਵਰਤੋਂ ਕਰਨ ਲਈ ਇੱਕ ਕੇਸ ਦਰਜ ਕੀਤਾ ਗਿਆ ਸੀ।
ਜੂਨ 2021 ਵਿੱਚ, ਗਾਜ਼ੀਆਬਾਦ ਵਿੱਚ ਹੀ, ਇੱਕ ਮੁਸਲਿਮ ਬਜ਼ੁਰਗ ''ਤੇ ਹਮਲੇ ਦੀ ਫਰਜ਼ੀ ਰਿਪੋਰਟ ਬਣਾਉਣ ਲਈ ਪੱਤਰਕਾਰ ਰਾਣਾ ਅਯੂਬ, ਮੁਹੰਮਦ ਜ਼ੁਬੈਰ, ਲੇਖਕ ਸਬਾ ਨਕਬੀ ਅਤੇ ਕਈ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਜੂਨ 2020 ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ, ਪੱਤਰਕਾਰ ਸੁਪ੍ਰਿਆ ਸ਼ਰਮਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ।
ਸੁਪ੍ਰਿਆ ਸ਼ਰਮਾ ਨੇ ਪ੍ਰਧਾਨ ਮੰਤਰੀ ਦੇ ਸੰਸਦੀ ਖੇਤਰ ਵਿੱਚ ਕੋਵਿਡ ਮਹਾਮਾਰੀ ਦੀ ਸਥਿਤੀ ਬਾਰੇ ਰਿਪੋਰਟ ਕੀਤੀ ਸੀ। ਉਨ੍ਹਾਂ ਨੇ ਆਪਣੀ ਰਿਪੋਰਟ ''ਚ ਜਿਸ ਔਰਤ ਦਾ ਬਿਆਨ ਸ਼ਾਮਲ ਕੀਤਾ ਸੀ, ਉਸ ਨੇ ਸੁਪ੍ਰਿਆ ਸ਼ਰਮਾ ''ਤੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਸੀ।
ਇਸੇ ਤਰ੍ਹਾਂ, ਕੇਰਲ ਦੇ ਪੱਤਰਕਾਰ ਸਿੱਦੀਕ ਕੱਪਨ ਨੂੰ ਹਾਥਰਸ ''ਚ ਕਥਿਤ ਗੈਂਗਰੇਪ ਦੀ ਰਿਪੋਰਟਿੰਗ ਕਰਨ ਜਾਂਦੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ। ਕੱਪਨ ''ਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਗਿਆ ਸੀ ਅਤੇ ਬਾਅਦ ''ਚ ਉਨ੍ਹਾਂ ''ਤੇ ਯੂਏਪੀਏ ਵੀ ਲਗਾ ਦਿੱਤਾ ਗਿਆ।
ਫ੍ਰੀ ਸਪੀਚ ਕਲੈਕਟਿਵ ਦੀ ਰਿਪੋਰਟ ਅਨੁਸਾਰ, ਸਾਲ 2010 ਤੋਂ 2020 ਦਰਮਿਆਨ ਉੱਤਰ ਪ੍ਰਦੇਸ਼ ਵਿੱਚ ਪੱਤਰਕਾਰਾਂ ਵਿਰੁੱਧ 29 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 27 ਮਾਮਲੇ 2017 ਤੋਂ 2020 ਦਰਮਿਆਨ ਦਰਜ ਹੋਏ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਖ਼ੁਦ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਘੱਟ ਤੋਂ ਘੱਟ ਕਿੰਨੀ ਕਸਰਤ ਕਰਨ ਦੀ ਲੋੜ ਹੈ?
NEXT STORY