1943 ਦੀ ਪਹਿਲੀ ਨਵੰਬਰ ਨੂੰ ਇੰਬ੍ਹ ਪਿੰਡ ਵਾਸੀਆਂ ਨੂੰ ਸੱਦਿਆ ਗਿਆ ਅਤੇ ਪਿੰਡ ਛੱਡ ਕੇ ਜਾਣ ਲਈ 47 ਦਿਨਾਂ ਦੀ ਮੁਹਲਤ ਦੇ ਦਿੱਤੀ ਗਈ।
ਮੈਂ ਆਪਣੀ ਕਾਰ ਸੜਕ ਦੇ ਇੱਕ ਪਾਸੇ ''ਤੇ ਰੋਕ ਕੇ ਸੇਲਸਬਰੀ ਪਲੇਨ ਟਰੇਨਿੰਗ ਏਰੀਆ ਮਿਲਟਰੀ ਹਾਟ ਲਾਈਨ ''ਤੇ ਫ਼ੋਨ ਕੀਤਾ। ਇੱਕ ਰਿਕਾਰਡ ਸ਼ੁਦਾ ਸੁਨੇਹੇ ਤੋਂ ਪਤਾ ਚੱਲਿਆ ਕਿ ਭੂਤੀਆ ਪਿੰਡ ਇੰਬ੍ਹ ਨੂੰ ਜਾਣ ਵਾਲੀਆਂ ਸੜਕਾਂ ਖੁੱਲੀਆਂ ਸਨ।
ਮੈਂ ਗੱਡੀ ਅੱਗੇ ਤੋਰੀ ਅਤੇ ਪਿੰਡ ਨੂੰ ਜਾਂਦਾ ਰਸਤਾ ਰੋਕਣ ਲਈ ਅਕਸਰ ਲਗਾਈਆਂ ਜਾਣ ਵਾਲੀਆਂ ਰੋਕਾਂ ਨੂੰ ਪਾਰ ਕੀਤਾ।
ਰਸਤੇ ਦੇ ਵਿੱਚ ਤਬਾਹ ਪਏ ਟੈਂਟ ਖੜ੍ਹੇ ਸਨ। ਫੱਟਿਆਂ ਉੱਤੇ ਲਿਖਿਆ ਹੋਇਆ ਸੀ ਕਿ ਰਸਤੇ ਵਿੱਚ ਅਣਫਟਿਆ ਫੌਜੀ ਮਲਬਾ ਪਿਆ ਹੋ ਸਕਦਾ ਹੈ।
"ਇੰਗਲੈਂਡ ਦਾ ਸਭ ਤੋਂ ਸੁੰਨਸਾਨ ਇਹ ਪਿੰਡ" ਮੇਰੇ ਰਾਹ ਵਿਚ ਆਏ ਪਿੰਡਾਂ ਤੋਂ ਬਿਲਕੁਲ ਵੱਖਰਾ ਸੀ।
ਇੰਬ੍ਹ ਬਾਰੇ ਕਥਨ ਮਸ਼ਹੂਰ ਸੀ ਕਿ, ਨਿੱਕਾ ਜਿਹਾ ਇਹ ਪਿੰਡ ਕਿਸੇ ਵੀ ਨਜ਼ਦੀਕੀ ਪਿੰਡ ਤੋਂ ਸੱਤ ਮੀਲ ਦੂਰ ਸੀ। ਇਸ ਤੋਂ ਪਤਾ ਲਗਦਾ ਹੈ ਕਿ ਕਿਵੇਂ ਸੇਲਸਬਰੀ ਦੇ ਘਾਹ ਦੇ ਮੈਦਾਨਾਂ ਵਿੱਚ ਵਸੇ ਇਸ ਪਿੰਡ ਦਾ ਅਲੱਗ- ਥਲੱਗ ਹੋਣਾ ਹੀ ਇਸ ਦੀ ਪਛਾਣ ਸੀ।
ਹਾਲਾਂਕਿ, ਇਸ ਦਾ ਅਲੱਗ- ਥਲੱਗ ਵਸਿਆ ਹੋਣਾ ਹੀ ਆਖ਼ਰ ਇਸ ਦੀ ਮੌਤ ਦਾ ਕਾਰਨ ਬਣਿਆ। ਇਸ ਅਲਗਾਵ ਨੇ ਹੀ ਸ਼ਾਇਦ ਇੱਥੋਂ ਦੇ ਲੋਕਾਂ ਵਿੱਚ ਭਾਈਚਾਰੇ ਉਹ ਭਾਵਨਾ ਭਰੀ ਹੋਵੇਗੀ ਜਿਸ ਸਦਕਾ ਉਹ ਇਸ ਮੈਦਾਨੀ ਇਲਾਕੇ ਦੀ ਸਰਦੀ ਵਿੱਚ ਵੀ ਨਿੱਘ ਨਾਲ ਵਸਦੇ ਰਹੇ।
ਦੱਖਣੀ ਇੰਗਲੈਂਡ ਦੇ ਪੇਂਡੂ ਇਲਾਕੇ ਵਿੱਚ ਵਾਕਿਆ ਸੇਲਸਬਰੀ ਪਲੇਨ ਹੁਣ ਇੰਗਲੈਂਡ ਦਾ ਸਭ ਤੋਂ ਵੱਡਾ ਫ਼ੌਜੀ ਸਿਖਲਾਈ ਕੇਂਦਰ ਹੈ।
ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਇੱਥੇ ਸਿਰਫ਼ ਇੱਕ ਹਜ਼ਾਰ ਗਜ਼ ਜਗ੍ਹਾ ਵਿੱਚ ਫ਼ੌਜੀ ਸਿਖਲਾਈ ਦਿੱਤੀ ਜਾਂਦੀ ਸੀ। ਫਿਰ ਨਫ਼ਰੀ ਵਧੀ ਤਾਂ ਮਹਿਸੂਸ ਕੀਤਾ ਗਿਆ ਕਿ ਹੁਣ ਪਿੰਡ ਵਾਸੀਆਂ ਦੀ ਸੁਰੱਖਿਆ ਦਾ ਭਰੋਸਾ ਨਹੀਂ ਦਿੱਤਾ ਜਾ ਸਕਦਾ।
ਆਖਰ 1943 ਦੀ ਪਹਿਲੀ ਨਵੰਬਰ ਨੂੰ ਪਿੰਡ ਵਾਸੀਆਂ ਨੂੰ ਸੱਦਿਆ ਗਿਆ ਅਤੇ ਪਿੰਡ ਛੱਡ ਕੇ ਜਾਣ ਲਈ 47 ਦਿਨਾਂ ਦੀ ਮੁਹਲਤ ਦੇ ਦਿੱਤੀ ਗਈ।
ਭਾਵੇਂ ਕਿ ਕੁਝ ਪਿੰਡ ਵਾਸੀਆਂ ਨੇ ਤਾਂ ਇਸ ਨੂੰ ਲਾਮ ਦੀ ਤਿਆਰੀ ਲਈ ਇੱਕ ਲਾਜ਼ਮੀ ਕੁਰਬਾਨੀ ਸਮਝ ਕੇ ਭਾਣਾ ਮੰਨ ਲਿਆ ਜਦਕਿ ਦੂਸਰਿਆਂ ਦੇ ਦਿਲ ਖੇਰੂੰ-ਖੇਰੂੰ ਹੋ ਗਏ ਸਨ।
ਇਕੱਠ ਤੋਂ ਅਗਲੇ ਹੀ ਦਿਨ ਪਿੰਡ ਦਾ ਲੁਹਾਰ, ਐਲਬੀ ਨਾਸ਼ ਅਪਣੀ ਅਹਿਰਣ ਨੂੰ ਜੱਫ਼ੀ ਪਾਈ ਨਿਢਾਲ ਪਿਆ, ਰੋ ਰਿਹਾ ਸੀ। ਨਾਸ਼ ਕੁਝ ਹਫ਼ਤੇ ਬੀਮਾਰ ਰਹਿਣ ਮਗਰੋਂ ਚੱਲ ਵਸਿਆ।
ਜੰਗ ਤੋਂ ਬਾਅਦ, ਐਲਾਨ ਕਰ ਦਿੱਤਾ ਗਿਆ ਕਿ ਇੰਬ੍ਹ ਨੂੰ ਫ਼ੌਜੀ ਸਿਖਲਾਈ ਲਈ ਹੀ ਰੱਖਿਆ ਜਾਵੇਗਾ। ਪਿੰਡ ਵਾਸੀਆਂ ਲਈ ਜਿਨ੍ਹਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਜੰਗ ਤੋਂ ਬਾਅਦ ਉਹ ਘਰਾਂ ਨੂੰ ਮੁੜ ਸਕਣਗੇ, ਇਹ ਫ਼ੈਸਲਾ ਕਿਸੇ ਵਿਸ਼ਵਾਸਘਾਤ ਤੋਂ ਘੱਟ ਨਹੀਂ ਸੀ।
ਪਿੰਡਾਂ ਬਾਰੇ ਮੁੱਖ ਤੱਥ
- ਸਾਲ 1943 ਵਿੱਚ ਇੰਬ੍ਹ ਅਤੇ ਤਾਇਨ੍ਹਮ ਪਿੰਡਾਂ ਦੇ ਲੋਕਾਂ ਨੂੰ ਪਿੰਡ ਖਾਲੀ ਕਰ ਜਾਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ।
- ਉਸ ਘਟਨਾ ਨੂੰ 88 ਸਾਲ ਹੋ ਗਏ ਹਨ ਪਰ ਉਹ ਪਿੰਡ ਅਜੇ ਵੀ ਬੇਆਬਾਦ ਹਨ।
- ਪਿੰਡਾਂ ਵਿੱਚ ਹੁਣ ਸਿਰਫ਼ ਸੁੰਨੇ ਘਰ ਤੇ ਹੋਰ ਇਮਾਰਤਾਂ ਹਨ, ਜੋ ਗਵਾਹ ਹਨ ਕਿ ਉੱਥੇ ਦਾ ਭਾਈਚਾਰਾ ਕਿਹੋ- ਜਿਹਾ ਹੋਵੇਗਾ।
- ਇੰਬ੍ਹ ਬਾਰੇ ਕਥਨ ਮਸ਼ਹੂਰ ਸੀ ਕਿ, ਨਿੱਕਾ ਜਿਹਾ ਇਹ ਪਿੰਡ ਕਿਸੇ ਵੀ ਨਜ਼ਦੀਕੀ ਪਿੰਡ ਤੋਂ ਸੱਤ ਮੀਲ ਦੂਰ ਸੀ।
- ਦੱਖਣੀ ਇੰਗਲੈਂਡ ਦੇ ਪੇਂਡੂ ਇਲਾਕੇ ਵਿੱਚ ਵਾਕਿਆ ਸੇਲਸਬਰੀ ਪਲੇਨ ਹੁਣ ਇੰਗਲੈਂਡ ਦਾ ਸਭ ਤੋਂ ਵੱਡਾ ਫ਼ੌਜੀ ਸਿਖਲਾਈ ਕੇਂਦਰ ਹੈ।
ਸਾਲ ''ਚ 50 ਦਿਨਾਂ ਲਈ ਜਾਣ ਦੀ ਆਗਿਆ ਹੈ
ਪਿੰਡ ਵਾਲ਼ਿਆਂ ਨੇ ਮੁੱਦਾ ਚੁੱਕਿਆ ਅਤੇ ਉਨ੍ਹਾਂ ਦੀ ਲਹਿਰ ਲੋਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਵੀ ਰਹੀ। ਹੋ-ਹੱਲਾ ਮੱਚਿਆ, ਗੱਲ ਸਰਕਾਰੇ ਦਰਬਾਰੇ ਪਹੁੰਚੀ ਪਰ ਇਲਾਕੇ ਨੂੰ ਮਿਲਟਰੀ ਰੇਂਜ ਰੱਖਣ ਦਾ ਫ਼ੈਸਲਾ ਨਹੀਂ ਬਦਲਿਆ ਗਿਆ।
ਅੱਜ ਬੇਸ਼ੱਕ ਇੱਥੇ ਇੱਕ ਸਰਗਰਮ ਮਿਲਟਰੀ ਰੇਂਜ ਕਾਇਮ ਹੈ ਪਰ ਪਿੰਡ ਸੁੰਨਾ ਹੈ। ਇੱਥੇ ਕੋਈ ਨਹੀਂ ਵਸਦਾ। ਇਥੋਂ ਦਾ ਕੋਈ ਪਿੰਨ ਕੋਡ ਨਹੀਂ ਹੈ। ਇੱਥੇ ਸਾਲ ਵਿੱਚੋਂ ਸਿਰਫ਼ ਪੰਜਾਹ ਦਿਨ ਹੀ ਜਾਣ ਦੀ ਆਗਿਆ ਹੈ।
ਹਾਲਾਂਕਿ ਇੰਬ੍ਹ ਦੇ 13ਵੀਂ ਸਦੀ ਦੇ ਸੇਂਟ ਗਿਲੀਸ ਚਰਚ ਦੇ ਸੇਵਾਦਾਰ ਨੀਲ ਸਕੇਲਟਨ ਦੇ ਦੱਸਣ ਮੁਤਾਬਕ, "ਮੈਨੂੰ ਨਹੀਂ ਪਤਾ ਕਿ ਪੂਰੇ ਪੰਜਾਹ ਦਿਨਾਂ ਦੀ ਛੁੱਟੀ ਕਦੇ ਦਿੱਤੀ ਗਈ ਹੋਵੇ।"
ਚਰਚ, ਜਿਸ ਦੀ ਮੁਰੰਮਤ ਕਰ ਦਿੱਤੀ ਗਈ ਸੀ ਤੋਂ ਇਲਾਵਾ ਅਸਲੀ ਇਮਾਰਤਾਂ ਦੇ ਤਾਂ ਅਣਦੇਖੀ ਅਤੇ ਸਮੇਂ ਦੇ ਝੱਖੜਾਂ ਦੇ ਝੰਬੇ ਦੇ ਕੁਝ ਢਾਂਚੇ ਹੀ ਬਚੇ ਹਨ।
ਫ਼ਿਰ ਵੀ ਇੰਬ੍ਹ ਨੂੰ ਮਹਿਮਾਨਾਂ ਦੀ ਕਦੇ ਕਮੀ ਨਹੀਂ ਹੋਈ। ਕੋਵਿਡ ਤੋਂ ਪਹਿਲਾਂ, ਪਿੰਡ ਦਾ ਅਤੀਤ ਜਾਨਣ ਅਤੇ ਇੰਗਲੈਂਡ ਦੇ ਸਭ ਤੋਂ ਦੁਰਗਮ ਪਿੰਡ ਦੇ ਨਿਸ਼ਾਨ ਦੇਖਣ ਲਈ ਹਰ ਸਾਲ 16,000 ਸੈਲਾਨੀ ਪਹੁੰਚਦੇ ਸਨ।
ਮੈਂ ਜਨਵਰੀ 2023 ਦੇ ਸ਼ੁਰੂਆਤੀ ਦਿਨਾਂ ਵਿੱਚ ਇੱਥੇ ਆਇਆ ਸੀ। ਪਹੁੰਚ ਖੁੱਲ੍ਹੀ ਨੂੰ ਅਜੇ ਚਾਰ ਦਿਨ ਹੀ ਹੋਏ ਸਨ ਕਿ ਗਾਰੇ ਨਾਲ ਗੱਚ ਕਾਰਾਂ ਦੀਆਂ ਲੰਬੀਆਂ ਕਤਾਰਾਂ ਪਿੰਡ ਨੂੰ ਜਾਂਦੀ ਸੜਕ ਤੇ ਲੱਗੀਆਂ ਹੋਈਆਂ ਸਨ।
ਇੰਬ੍ਹ ਵਿੱਚ ਕੋਈ ਵਸਨੀਕ ਹੈ ਅਤੋ ਕਈ ਪੋਸਟ ਕੋਡ ਨਹੀਂ
''ਇੰਬ੍ਹਸ ਦਿਨ''
ਸੇਂਟ ਗਿਲੀਸ ਚਰਚ ਵਿੱਚ ਘੰਟੀਆਂ ਵਜਾਈਆਂ ਜਾ ਰਹੀਆਂ ਸਨ। ਲੋਕ ਕਬਰਿਸਤਾਨ ਵਿੱਚ ਸ਼ਰਧਾਂਜਲੀਆਂ ਦੇ ਰਹੇ ਸਨ। ਹੋਰ ਲੋਕ ਚਰਚ ਦੀ ਮੱਧਕਾਲੀ ਇਮਾਰਤਸਾਜ਼ੀ ਨੂੰ ਨਿਹਾਰ ਰਹੇ ਸਨ।
ਚਰਚ ਵਿੱਚ ਹਰ ਸਾਲ ਯਾਦਗਾਰੀ ਦਿਨ ਲਈ ਸਰਵਿਸ ਹੁੰਦੀ ਹੈ। ਜਿਹੜੇ ਲੋਕ ਇੱਥੇ ਰਹੇ ਹਨ ਉਹ ਅਜੇ ਵੀ ਇਸ ਕਬਰਿਸਤਾਨ ਵਿੱਚ ਦਫ਼ਨਾਏ ਜਾ ਸਕਦੇ ਹਨ।
ਇੰਬ੍ਹ ਦੀ ਕਹਾਣੀ ਅਜੇ ਵੀ ਰੂਪ ਲੈ ਰਹੀ ਹੈ। ਖੁੱਲ੍ਹ ਦੇ ਦਿਨਾਂ ਵਿੱਚੋਂ ਸਭ ਤੋਂ ਮਸ਼ਹੂਰ ਹੈ "ਇੰਬ੍ਹਸ ਦਿਨ"। ਇਸ ਦਾ ਵਿਚਾਰ ਇੱਕ ਰੋਜ਼ ਅਚਾਨਕ ਹੀ ਨਹਾਉਣ ਵਾਲੇ ਪੱਬ ਵਿੱਚ ਪਨਪਿਆ।
ਗਰਮੀਆਂ ਦੇ ਦਿਨਾਂ ਵਿੱਚ, ਕਲਾਸਿਕ ਰੂਟਮਾਸਟਰ ਬੱਸਾਂ ਰਾਹੀਂ ਹਜ਼ਾਰਾਂ ਲੋਕ ਇੱਥੇ ਪਹੁੰਚਦੇ ਹਨ ਜੋ ਕਿ ਬੱਸਾਂ ਵਾਰਮਿੰਸਟਰ ਤੋਂ ਇੰਬ੍ਹ ਦਰਮਿਆਨ ਚੱਲਦੀਆਂ ਹਨ।
"ਇੰਬ੍ਹਸ ਦਿਨ" ਦੇ ਪ੍ਰਬੰਧਕ ਲਾਰਡ ਹੇਂਡੀ ਆਫ਼ ਰਿਚਮੰਡ ਹਿੱਲ ਨੇ ਦੱਸਿਆ,"ਅਸੀਂ ਇੰਬ੍ਹ ਨੂੰ ਇਸ ਲਈ ਚੁਣਿਆ ਕਿਉਂਕਿ ਇੱਥੇ ਤੱਕ ਬੱਸ ਚੱਲਣ ਦੀ ਬਹੁਤੀ ਸੰਭਾਵਨਾ ਨਹੀਂ ਸੀ। ਇਸ ਵਿੱਚ ਇੱਕ ਖ਼ਾਸ ਚੁਣੌਤੀ ਇਹ ਵੀ ਸੀ ਕਿ ਸਾਲ ਵਿੱਚ ਕੁਝ ਦਿਨਾਂ ਤੋਂ ਸਿਵਾਏ ਇੱਥੇ ਪਹੁੰਚਿਆ ਨਹੀਂ ਜਾ ਸਕਦਾ। ਅਸੀਂ ਪਿੰਡ ਨੂੰ ਵੀ ਹੋਰ ਜ਼ਿਆਦਾ ਮਸ਼ਹੂਰ ਕਰ ਦਿੱਤਾ ਹੈ।"
ਲਗਾਤਰ ਮੰਗ ਦੇ ਬਾਵਜੂਦ ਇੰਬ੍ਹ ਨੂੰ ਲੋਕਾਂ ਲਈ ਹਮੇਸ਼ਾ ਵਾਸਤੇ ਖੋਲ੍ਹਿਆ ਨਹੀਂ ਗਿਆ ਹੈ।
ਸਕੇਲਟਨ ਦੱਸਦੇ ਹਨ ਕਿ ਭਾਵੇਂ ਰੱਖਿਆ ਮੰਤਰਾਲਾ ਸਾਲ ਵਿੱਚ ਪੰਜਾਹ ਦਿਨ ਦੀ ਪਹੁੰਚ ਦੀ ਪ੍ਰਵਾਨਗੀ ਦੇ ਸਕਦਾ ਹੈ ਪਰ ਉਹ ਇੱਕ ਦਿਨ ਲਈ ਹੀ ਰਾਜ਼ੀ ਹੋਏ ਹਨ। ਫਿਰ ਕੋਈ "ਪੰਜ ਸਾਲ ਪਹਿਲਾਂ, ਘੁਸਪੈਠ ਦੇ ਨਤੀਜੇ ਵਜੋਂ ਜਨਤਕ ਪਹੁੰਚ ਦੇ ਦਿਨ ਘਟਾਅ ਕੇ ਤਿੰਨ ਕਰ ਦਿੱਤੇ ਗਏ।"
ਫਿਰ ਸਕੇਲਟਨ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਸੇਲਸਬਰੀ ਪਲੇਨ ਦੇ ਏਰੀਆ ਕਮਾਂਡੈਂਟ ਨੂੰ ਇਹ ਦਿਨ ਵਧਾ ਕੇ ਮੌਜੂਦਾ 12 ਦਿਨਾਂ ਤੱਕ ਕਰਨ ਲਈ ਮਨਾਇਆ ਗਿਆ। ਹੁਣ ਇਨ੍ਹਾਂ ਦਿਨਾਂ ਦੌਰਾਨ ਹਜ਼ਾਰਾਂ ਲੋਕ ਇੰਬ੍ਹ ਆਉਂਦੇ ਹਨ ਅਤੇ ਆਪਣੇ ਅਤੀਤ ਨਾਲ ਜੁੜਦੇ ਹਨ।
ਪਿੰਡ 13ਵੀਂ ਸਦੀ ਨੂੰ ਪੁਨਰ ਸਥਾਪਿਤ ਕੀਤਾ ਗਿਆ ਅਤੇ ਸੇਂਟ ਗਾਈਲਸ ਚਰਚ ਸਾਲਾਨਾ ਯਾਦਗਾਰੀ ਦਿਵਸ ਦਾ ਸਮਾਗਮ ਕਰਵਾਉਂਦਾ ਹੈ
ਸਾਲ 1943 ਦੀ ਪਤਝੜ ਵਿੱਚ ਉਜੜਨ ਵਾਲਾ ਇੰਬ੍ਹ ਇੱਕਲਾ ਪਿੰਡ ਨਹੀਂ ਸੀ। ਪੰਜਾਹ ਮੀਲ ਦੂਰ ਦੱਖਣੀ ਇੰਗਲੈਂਡ ਦੀ ਤੱਟ ਰੇਖਾ ਉੱਪਰ ਇੱਕ ਹੋਰ ਪਿੰਡ ਸੀ, ਤਾਇਨ੍ਹਮ। ਇਹ ਤੱਟ ਰੇਖਾ ਇੰਗਲੈਂਡ ਦੀ ਇੱਕਲੌਤੀ ਕੁਦਰਤੀ ਵਿਸ਼ਵ ਵਿਰਾਸਤ ਹੈ।
ਜਦੋਂ ਮੈਂ ਪਹੁੰਚਿਆ ਤਾਂ ਤਾਇਨ੍ਹਮ ਪਿੰਡ ਦੀ ਕਾਰ ਪਾਰਕਿੰਗ ਕਾਰਾਂ ਨਾਲ ਭਰੀ ਹੋਈ ਸੀ।
ਡਰਾਈਵਰ ਕਾਰਾਂ ਦੇ ਨਿਕਲਣ ਦੀ ਉਮੀਦ ਵਿੱਚ ਉੱਥੇ ਕੁੱਤੇ ਘੁੰਮਾਉਣ ਆਏ ਲੋਕਾਂ ਨੂੰ ਕਾਰਾਂ ਵੱਲ ਜਾਂਦੇ ਦੇਖ ਰਹੇ ਸਨ।
ਮੈਂ ਆਪਣੀ ਕਾਰ ਦੇ ਸ਼ੀਸ਼ੇ ਵਿੱਚੋਂ ਲੋਕਾਂ ਦੇ ਇੱਕਠ ਨਾਲ ਡਲਕਾਂ ਮਾਰਦੇ ਪਿੰਡ ਵੱਲ ਨਿਗ੍ਹਾ ਮਾਰੀ ਪਰ ਇਸ ਪਿੰਡ ਦਾ ਆਪਣਾ ਕੋਈ ਬਾਸ਼ਿੰਦਾ ਇਸ ਭੀੜ ਵਿੱਚ ਸ਼ਾਮਲ ਨਹੀਂ ਸੀ।
ਨਵੰਬਰ 16, 1943 ਨੂੰ ਸਮੂਹ ਪਿੰਡ ਵਾਸੀਆਂ ਨੂੰ ਪਿੰਡ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ। ਜਿਸ ਵਿੱਚ ਲਿਖਿਆ ਸੀ, "ਫ਼ੌਜ ਨੂੰ ਆਪਣੀਆਂ ਵਿਸ਼ੇਸ਼ ਲੋੜਾਂ ਮੁਤਾਬਕ ਇੱਕ ਅਜਿਹੇ ਖੇਤਰ ਦੀ ਲੋੜ ਹੈ ਜਿੱਥੇ ਉਹ ਜ਼ਿੰਦਾ ਅਸਲੇ ਦੀ ਵਰਤੋਂ ਕਰ ਸਕਣ।"
ਇੰਬ੍ਹਬਸ ਪਿੰਡ ਦਾ ਸਭ ਤੋਂ ਪ੍ਰਸਿੱਧ ਖੁੱਲਾ ਦਿਨ ਹੈ ਅਤੇ ਇਸ ਦਿਨ ਹਜ਼ਾਰਾਂ ਸੈਲਾਨੀਆਂ ਇੱਥੇ ਆਉਂਦੇ ਹਨ
''ਅਸੀਂ ਇੱਕ ਦਿਨ ਜ਼ਰੂਰ ਵਾਪਸ ਆਵਾਂਗੇ…''
ਪਿੰਡ ਦੇ ਛੋਟੇ ਆਕਾਰ ਅਤੇ ਥੋੜ੍ਹੀ ਵਸੋਂ ਦੇ ਮੱਦੇਨਜ਼ਰ ਪਿੰਡ ਵਾਸੀਆਂ ਨੂੰ ਪਿੰਡ ਖਾਲੀ ਕਰਨ ਲਈ ਸਿਰਫ਼ 28 ਦਿਨਾਂ ਦੀ ਮਹੌਲਤ ਦਿੱਤੀ ਗਈ।
ਨੋਟਿਸ ਵਿੱਚ ਹਾਲਾਂਕਿ ਇਹ ਸਪਸ਼ਟ ਨਹੀਂ ਸੀ ਕਿ ਉਨ੍ਹਾਂ ਨੂੰ ਪਿੰਡ ਹਮੇਸ਼ਾ ਲਈ ਛੱਡਣਾ ਪਵੇਗਾ ਜਾਂ ਨਹੀ। ਹਾਲਾਂਕਿ, ਪਿੰਡ ਵਾਸੀਆਂ ਨੂੰ ਜ਼ਰੂਰ ਇਹ ਉਮੀਦ ਸੀ ਕਿ ਉਹ ਜਲਦੀ ਹੀ ਵਾਪਸ ਆ ਜਾਣਗੇ।
ਪਿੰਡ ਛੱਡ ਕੇ ਜਾਣ ਵਾਲਿਆਂ ਵਿੱਚੋਂ ਇੱਕ ਜਣੇ ਨੇ ਪਿੰਡ ਦੇ ਗਿਰਜੇ ਦੇ ਬੂਹੇ ਤੇ ਇੱਕ ਨੋਟ ਚਿਪਕਾਇਆ।
ਇਬਰਤ ਸੀ, "ਸਾਡੇ ਘਰਾਂ ਅਤੇ ਗਿਰਜੇ ਦਾ ਖ਼ਿਆਲ ਰੱਖਿਓ। ਅਸੀਂ ਆਪਣੇ ਘਰ ਜੰਗ ਜਿੱਤਣ ਲਈ ਤੇ ਲੋਕਾਂ ਨੂੰ ਅਜ਼ਾਦ ਰੱਖਣ ਲਈ ਛੱਡੇ ਹਨ ਜਿਨ੍ਹਾਂ ਵਿੱਚ ਸਾਡੇ ਵਿੱਚੋਂ ਕਈ ਪੀੜ੍ਹੀਆਂ ਤੋਂ ਰਹਿੰਦੇ ਆ ਰਹੇ ਹਨ। ਅਸੀਂ ਇੱਕ ਦਿਨ ਜ਼ਰੂਰ ਵਾਪਸ ਆਵਾਂਗੇ ਅਤੇ ਪਿੰਡ ਪ੍ਰਤੀ ਦਯਾ ਦਿਖਾਉਣ ਲਈ ਤੁਹਾਡਾ ਧੰਨਵਾਦ ਕਰਾਂਗੇ।"
ਹਾਲਾਂਕਿ ਦੂਜੀ ਵੱਡੀ ਜੰਗ ਮੁੱਕਣ ਤੋਂ ਬਾਅਦ ਸਰਕਾਰ ਨੇ ਤਾਇਨ੍ਹਮ ਨੂੰ ਪੱਕੇ ਤੌਰ ''ਤੇ ਲੁਲਵਰਥ ਰੇਂਜ ਦੇ ਹਿੱਸੇ ਵਜੋਂ ਆਪਣੇ ਕੋਲ ਰੱਖਣ ਦੇ ਫ਼ੈਸਲੇ ਦਾ ਐਲਾਨ ਕਰ ਦਿੱਤਾ।
ਲੁਲਵਰਥ ਵਿੱਚ ਫ਼ੌਜੀ ਟੈਂਕ ਅਤੇ ਬਖ਼ਤਰ ਬੰਦ ਗੱਡੀਆਂ ਵਿੱਚ ਗੋਲੀਬਾਰੀ ਦਾ ਅਭਿਆਸ ਹੁੰਦਾ ਹੈ।
ਪਿੰਡ ਵਾਸੀਆਂ ਨੂੰ ਵਾਪਸ ਆਉਣ ਦਿੱਤਾ ਜਾਵੇ ਇਸ ਲਈ 1960 ਦੇ ਦਹਾਕੇ ਵਿੱਚ ਇੱਕ ਮੁਹਿੰਮ ਚਲਾਈ ਗਈ। ਸੰਸਦ ਵਿੱਚ ਵੀ ਬਹਿਸ ਹੋਈ ਪਰ ਸਰਕਾਰ ਦਾ ਫ਼ੈਸਲਾ ਟੱਸ ਤੋਂ ਮੱਸ ਨਾ ਹੋਇਆ।
ਭਾਵੇਂ ਕਿ ਪਿੰਡ ਵਾਲੇ ਤਾਂ ਵਾਪਸ ਨਹੀਂ ਆਏ ਪਰ ਤਾਇਨ੍ਹਮ ਨੂੰ ਜਾਣ ਵਾਲ਼ਾ ਰਸਤਾ ਅਤੇ ਫਾਇਰਿੰਗ ਰੇਂਜ ਦੇ ਨਾਲ ਲਗਦੇ ਪੈਦਲ ਰਸਤੇ ਸੀਮਤ ਰੂਪ ਵਿੱਚ ਹੀ ਖੋਲ੍ਹ ਦਿੱਤੇ ਗਏ।
ਇਹ ਰਸਤੇ ਹੁਣ ਜ਼ਿਆਦਾਤਰ ਹਫਤੇ ਦੇ ਅਖ਼ੀਰ ਅਤੇ ਕੁਝ ਛੁੱਟੀ ਵਾਲੇ ਦਿਨਾਂ ਦੌਰਾਨ ਖੁੱਲ੍ਹੇ ਰਹਿੰਦੇ ਹਨ।
ਪਿੰਡ ਦਾ ਚਰਚ ਦਰਸਾਉਂਦਾ ਹੈ ਕਿ ਕਿਵੇਂ ਪਿੰਡ ਕਿਵੇਂ ਵਸਦਾ ਸੀ
''ਹਾਦਸੇ ਵੱਸ ਵਿਕਸਤ ਹੋਇਆ ਸੈਲਾਨੀ ਪੁਆਇੰਟ''
ਜਿਵੇਂ ਕਿ ਮੈਂ ਦੇਖਿਆ ਕਿ ਇੱਥੇ ਆਉਣ ਦੇ ਤਾਂਘਵਾਨਾਂ ਦੀ ਕੋਈ ਕਮੀ ਨਹੀਂ ਹੈ।
ਡਿਫੈਂਸ ਇੰਫਰਾਸਟਰਕਚਰ ਆਰਗਨਾਈਜ਼ੇਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ, ਤਾਇਨ੍ਹਮ ਪਿੰਡ ਦੇਖਣ ਹਰ ਸਾਲ ਲਗਭਗ 1,75,000 ਤੋਂ 1,85,000 ਸੈਲਾਨੀ ਆਉਂਦੇ ਹਨ। ਇਹ ਆਰਗਨਾਈਜੇਸ਼ਨ ਹੀ ਇਸ ਥਾਂ ਦਾ ਬੰਦੋਬਸਤ ਦੇਖਦੀ ਹੈ।
ਬੁਲਾਰੇ ਤੋਂ ਇਲਾਵਾ ਲਿੰਡਾ ਪ੍ਰਾਈਸ ਕੋਲ ਤਾਇਨ੍ਹਮ ਦੀ ਸੰਭਾਲ ਅਤੇ ਵਿਕਾਸ ਦਾ 1994 ਤੋਂ ਲੈ ਕੇ 2019 ਵਿੱਚ ਅਪਣੀ ਸੇਵਾ ਮੁਕਤੀ ਤੱਕ ਜ਼ਿੰਮਾ ਸੀ।
ਉਹ ਦੱਸਦੇ ਹਨ ਇਸ ਨੂੰ ਬਿਆਨਣ ਦਾ ਸਭ ਤੋਂ ਸਹੀ ਢੰਗ "ਇਸ ਨੂੰ ਹਾਦਸੇ ਵੱਸ ਵਿਕਸਤ ਹੋਇਆ ਸੈਲਾਨੀ ਪੁਆਇੰਟ ਹੈ।"
ਜਿਵੇਂ ਹੁਣੇ ਬੱਚਿਆਂ ਦੀ ਕਲਾਸ ਵਿੱਚ ਖਲਲ ਪਿਆ ਹੋਵੇ…
ਕਾਰ ਪਾਰਕਿੰਗ ਤੋਂ ਪਿੰਡ ਵੱਲ ਤੁਰਿਆ ਜਾਂਦਾ ਮੈਂ ਪੋਸਟ ਆਫ਼ਿਸ ਕੁਆਰਟਰਾਂ ਕੋਲ ਪਹੁੰਚਿਆ ਅਤੇ ਕਦੇ ਇੱਥੇ ਰਹਿਣ ਵਾਲਿਆਂ ਦੀਆਂ ਕਹਾਣੀਆਂ ਦੇ ਬੋਰਡ ਪੜ੍ਹਣ ਲੱਗਿਆ।
ਇਨ੍ਹਾਂ ਵਿੱਚੋਂ ਇੱਕ ਕਹਾਣੀ ਸੀ, ਗੋਵਿੰਡੋਲਿਨ ਡ੍ਰਿਸਕੋਲ ਦੀ, ਜੋ ਕਿ ਪਿੰਡ ਖਾਲੀ ਕਰਵਾਏ ਜਾਣ ਸਮੇਂ ਇੱਥੇ ਮਹਿਲਾ ਡਾਕੀਆ ਸਨ।
ਹਾਲਾਂਕਿ ਜ਼ਿਆਦਾਤਰ ਖੰਡਰ ਬਣ ਚੁੱਕੀਆਂ ਇਮਾਰਤਾਂ ਨੂੰ ਧਾਤ ਦੀਆਂ ਚਾਦਰਾਂ ਨਾਲ ਢੱਕਿਆ ਹੋਇਆ ਸੀ। ਫਿਰ ਵੀ ਸਕੂਲ ਵਿੱਚ ਬੈਠੇ ਨੂੰ ਇੰਝ ਲੱਗਿਆ ਜਿਵੇਂ ਇੱਥੇ ਚਲਦੀ ਕਲਾਸ ਵਿੱਚ ਹੁਣੇ-ਹੁਣੇ ਖਲਲ ਪਿਆ ਹੋਵੇ।
ਗਿਰਜੇ ਦੇ ਬੈਂਚਾਂ ਨੂੰ ਦੇਖ ਕੇ ਲੱਗਿਆ ਇਨ੍ਹਾਂ ''ਤੇ ਬੈਠੇ ਲੋਕ ਹੁਣੇ ਬਾਹਰ ਬੁਲਾ ਲਏ ਗਏ ਹੋਣ।
ਤਾਇਨ੍ਹਮ ਤੋਂ ਕਰੀਬ ਇੱਕ ਮੀਲ ਦੂਰ ਵਾਰਬੈਰੋ ਖਾੜੀ ਵੀ ਲੁਲਵਰਥ ਰੇਂਜ ਦਾ ਹਿੱਸਾ ਹੈ। ਜਨਵਰੀ ਦੀ ਜਮਾ ਦੇਣ ਵਾਲੀ ਠੰਡ ਦੇ ਬਾਵਜੂਦ ਕੁਝ ਲੋਕ ਪਾਣੀ ਨੂੰ ਟੱਕਰ ਦੇ ਰਹੇ ਸਨ।
ਤਾਇਨ੍ਹਮ ਦੇ ਆਸਪਾਸ ਬਹੁਤ ਸਾਰੀਆਂ ਫੁੱਲਾਂ, ਫੰਗੀ ਅਤੇ ਕੀਟਾਂ ਤਿਤਲੀਆਂ ਦੀਆਂ ਪ੍ਰਜਾਤੀਆਂ ਹਨ
ਵਿਸਮਾਦੀ ਕੁਦਰਤੀ ਸੁਹੱਪਣ
ਖਾੜੀ ਤੋਂ ਤਿੱਖੀ ਚੜ੍ਹਾਈ ਚੜ੍ਹ ਕੇ ਮੈਂ ਪਿੱਛੇ ਮੁੜ ਕੇ ਤਾਇਨ੍ਹਮ ਦੀ ਘਾਟੀ ਦੇਖੀ। ਮੈਂ ਕੁਦਰਤੀ ਸੁਹੱਪਣ ਦੇਖ ਕੇ ਦੰਗ ਰਹਿ ਗਿਆ। ਇੱਥੇ ਰਹਿਣਾ ਕਿੰਨਾ ਖੂਬਸੂਰਤ ਅਹਿਸਾਸ ਹੁੰਦਾ ਹੋਵੇਗਾ।
ਇਹ ਇੱਕ ਦੁਖਾਂਤ ਹੀ ਸੀ ਕਿ ਜੋ ਭਾਈਚਾਰੇ ਸਦੀਆਂ ਤੱਕ ਇੱਥੇ ਟਿਕੇ ਰਹੇ ਓਹ ਕਿਵੇਂ ਇੱਕ ਮਹੀਨੇ ਵਿੱਚ ਹੀ ਅਲੋਪ ਹੋ ਗਏ।
ਹੁਣ ਭਾਵੇਂ ਇਨ੍ਹਾਂ ਪਿੰਡਾਂ ਦੇ ਲੋਕ ਤਾਂ ਸ਼ਾਇਦ ਕਦੇ ਇਨ੍ਹਾਂ ਪਿੰਡਾਂ ਨੂੰ ਮੁੜ ਕਦੇ ਘਰ ਨਹੀਂ ਕਹਿ ਸਕਣਗੇ।
ਹਾਲਾਂਕਿ, ਜਿਵੇਂ ਕਿ ਇਹ ਥਾਂਵਾਂ ਫ਼ੌਜੀ ਕਬਜ਼ੇ ਵਿੱਚ ਬਰਕਰਾਰ ਹਨ ਅਤੇ ਤਰੱਕੀ ਤੋਂ ਅਛੂਤੀਆਂ ਹਨ ਤਾਂ ਲੋਕ ਭਾਵੇਂ ਨਾ ਸਹੀ ਪਰ ਕੁਦਰਤ ਤਾਂ ਇੱਥੇ ਜ਼ਰੂਰ ਵਿਗਸੇਗੀ।
ਤਾਇਨ੍ਹਮ ਦੇ ਆਸਪਾਸ ਬਹੁਤ ਸਾਰੀਆਂ ਫੁੱਲਾਂ, ਫੰਗੀ ਅਤੇ ਕੀਟਾਂ ਤਿਤਲੀਆਂ ਦੀਆਂ ਪ੍ਰਜਾਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਅਜਿਹੀਆਂ ਹਨ ਜੋ ਬਸ ਇਸ ਤੱਟ ਰੇਖਾ ''ਤੇ ਹੀ ਮਿਲਦੀਆਂ ਹਨ।
ਡਿਫੈਂਸ ਇੰਫਰਾਸਟਰਕਚਰ ਆਰਗਨਾਈਜੇਸ਼ਨ ਦੇ ਬੁਲਾਰੇ ਨੇ ਮੈਨੂੰ ਇਹ ਵੀ ਦੱਸਿਆ, "ਤਾਇਨ੍ਹਮ ਸਮੇਤ ਰੇਂਜ ਦੇ ਹੋਰ ਹਿੱਸਿਆਂ ਦਾ ਜਾਦੂ ਤਾਂ ਇੱਥੋਂ ਦੇ ਘਾਹ ਦੇ ਮੈਦਾਨਾਂ ਵਿੱਚ ਖਿੜਨ ਵਾਲੇ ਜੰਗਲੀ ਫੁੱਲ, ਪ੍ਰਚੀਨ ਝਿੜੀਆਂ, ਜੜੀਆਂ ਬੂਟੀਆਂ ਹਨ ਜੋ ਕਿ ਰੱਖਿਆ ਮੰਤਰਾਲਾ ਦੀ ਮਾਲਕੀ ਦੇ ਸਿੱਧੇ ਨਤੀਜੇ ਵਜੋਂ ਖੇਤਬਾੜੀ ਤੋਂ ਬੱਚ ਗਈਆਂ ਹਨ।"
ਮੈਦਾਨ ਕਈ ਅਜਿਹੇ ਦੁਰਲੱਭ ਜੀਵ ਜੰਤਾਂ ਨੂੰ ਵੀ ਪਨਾਹ ਦਿੰਦਾ ਹੈ ਜਿਹੜੇ ਇੰਗਲੈਂਡ ਦੇ ਕੁਝ ਖ਼ਾਸ ਹਿੱਸਿਆਂ ਵਿੱਚ ਹੀ ਪਾਏ ਜਾਂਦੇ ਹਨ। ਮਿਸਾਲ ਵਜੋਂ ਸੇਨਫੋਇਨ ਮੱਖੀ।
ਸੇਲਸਬਰੀ ਪਲੇਨ ਕੰਜ਼ਰਵੇਸ਼ਨ ਪ੍ਰੋਜੈਕਟ ਦੇ ਪ੍ਰਬੰਧਕ ਡਾ. ਜੇਮਾ ਬੈਟਨ ਮੁਤਾਬਕ, "ਇੱਥੇ ਸੈਂਕੜੇ ਕਿਸਮ ਦੀਆਂ ਦੁਰਲੱਭ, ਅਸਧਾਰਨ ਅਤੇ ਰੱਖਿਆ ਹਾਸਲ ਪ੍ਰਜਾਤੀਆਂ ਵੱਧ- ਫੁੱਲ ਰਹੀਆਂ ਹਨ।"
ਇਸੇ ਵਜ੍ਹਾ ਕਰਕੇ "ਇਹ ਇੱਕ ਖਾਸ ਰਾਖਵੀ ਥਾਂ ਵਜੋਂ ਵਿਗਿਆਨਕ ਦਿਲਚਸਪੀ ਵਾਲੀ ਥਾਂ ਵੀ ਹੈ।"
ਇਸ ਲਈ ਭਲੇ ਹੀ ਤਾਇਨ੍ਹਮ ਜਾਂ ਇੰਬ੍ਹ ਵਿੱਚ ਲੋਕ ਹੁਣ ਨਾ ਰਹਿੰਦੇ ਹੋਣ ਪਰ ਕੁਰਦਰਤੀ ਜ਼ਿੰਦਗੀ ਜ਼ਰੂਰ ਧੜਕ ਰਹੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਬਾਂਝਪਣ ਵਧਣ ਦੇ 7 ਕਾਰਨ ਅਤੇ ਇਸ ਨਾਲ ਜੁੜੀ ਸਮੱਸਿਆ ਦਾ ਇਹ ਹੋ ਸਕਦਾ ਹੈ ਇਲਾਜ
NEXT STORY