ਦੱਖਣੀ ਏਸ਼ੀਆਈ ਸੰਗੀਤ ਦੇ ਪ੍ਰਸ਼ੰਸਕ ਇਸ ਸਾਲ ਕੋਚੇਲਾ ਨਾਮ ਦੇ ਸੰਗੀਤਕ ਈਵੈਂਟ ਲਈ ਕਾਫੀ ਉਤਸੁਕ ਨਜ਼ਰ ਆਏ।
ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਸੰਗੀਤ ਸਮਾਗਮਾਂ ਵਿੱਚੋਂ ਹੈ। ਇਹ ਈਵੈਂਟ ਹਰ ਅਪ੍ਰੈਲ ਮਹੀਨੇ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਲਗਾਤਾਰ ਦੋ ਹਫ਼ਤੇ ਦੇ ਹਰ ਵੀਕੈਂਡ ’ਤੇ ਹੁੰਦਾ ਹੈ।
ਇਸ ਸਾਲ ਦੇ ਕੋਚੇਲਾ ਈਵੈਂਟ ਵਿੱਚ ਭਾਰਤੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਦੂਜੇ ਪਾਸੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਲੀ ਸੇਠੀ ਫੈਸਟੀਵਲ ਵਿੱਚ ਡੈਬਿਊ ਕਰਨ ਵਾਲੇ ਦੱਖਣੀ ਏਸ਼ੀਆਈ ਕਲਾਕਾਰਾਂ ਵਿੱਚੋਂ ਇੱਕ ਸਨ।
ਇਹਨਾਂ ਦੋਵਾਂ ਕਲਾਕਾਰਾਂ ਨੇ ਬਲੈਕਪਿੰਕ, ਕਿਡ ਲਾਰੋਈ, ਚਾਰਲੀ ਐਕਸਸੀਐਕਸ, ਲੈਬ੍ਰਿੰਥ, ਜੈ ਵੁਲਫ, ਜੋਏ ਕਰੂਕਸ, ਜੈ ਪੌਲ ਅਤੇ ਅੰਡਰਵਰਲਡ ਵਰਗੇ ਅੰਤਰਰਾਸ਼ਟਰੀ ਨਾਵਾਂ ਵਾਂਗ ਹੀ ਪੇਸ਼ਕਾਰੀਆਂ ਦਿੱਤੀਆਂ।
ਅਲੀ ਸੇਠੀ ਦਾ ਗੀਤ ‘ਭਸੂੜੀ’ 2022 ਦਾ ਗੂਗਲ ''ਤੇ ਸਭ ਤੋਂ ਵੱਧ ਸਰਚ ਕੀਤਾ ਗਿਆ ਗੀਤ ਸੀ। ਦਿਲਜੀਤ ਦੋਸਾਂਝ ਵਿਸ਼ਵ ਭਰ ਵਿੱਚ ਭਾਰਤੀ ਪ੍ਰਵਾਸੀਆਂ ਵਿੱਚ ਬਹੁਤ ਮਸ਼ਹੂਰ ਹਨ ਅਤੇ ਕੋਚੇਲਾ ਫੈਸਟੀਵਲ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ।
ਦਿਲਜੀਤ ਦੋਸਾਂਝ ਅਤੇ ਅਲੀ ਸੇਠੀ ਦੀ ਕੋਚੇਲਾ ਵਿੱਚ ਪੇਸ਼ਕਾਰੀ ਨੂੰ ਲੈ ਕੇ ਫੈਨਜ਼ ਵਿੱਚ ਕਾਫ਼ੀ ਉਤਸੁਕਤਾ ਦਿਖੀ
ਕੋਚੇਲਾ ਫ਼ੈਸਟੀਵਲ ‘ਚ ਦਿਲਜੀਤ ਤੇ ਅਲੀ ਲਈ ਚਾਅ
- ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਸੰਗੀਤ ਸਮਾਗਮਾਂ ਵਿੱਚੋਂ ਇੱਕ ਹੈ।
- ਇਸ ਵਾਰ ਇਸ ਫ਼ੈਸਟੀਵਲ ਵਿੱਚ ਦਿਲਜੀਤ ਦੋਸਾਂਝ ਅਤੇ ਅਲੀ ਸੇਠੀ ਨੇ ਪਰਫਾਰਮ ਕੀਤਾ।
- ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋ ਰਹੇ ਇਸ ਈਵੈਂਟ ਲਈ ਲੋਕਾਂ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਸਨ।
- ਕੋਚੇਲਾ ਈਵੈਂਟ ਲਈ ਲੋਕਾਂ ਨੇ ਫ਼ੈਸ਼ਨ ਉੱਤੇ ਵੀ ਜ਼ੋਰ ਦਿੱਤਾ ਹੈ।
- ਇਹ ਈਵੈਂਟ ਕਈਆਂ ਲਈ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਹੈ।
- ਇਸ ਸਾਲ ਇਹ ਈਵੈਂਟ 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਦਰਮਿਆਨ ਹੋ ਰਿਹਾ ਹੈ।
ਇਸ ਵਾਰ ਕਲਾਕਾਰਾਂ ਲਈ ਬੇਹੱਦ ਉਤਸਾਹ, ਤਿਆਰੀ ਵੀ ਵੱਖਰੀ
ਲੰਘੇ ਵਰੇ ਦੇ ਕੋਚੇਲਾ ਈਵੈਂਟ ਦੀ ਇੱਕ ਤਸਵੀਰ
ਪਿਛਲੇ ਸਾਲ ਵੀ ਕੋਚੇਲਾ ਵਿੱਚ ਦੱਖਣੀ ਏਸ਼ੀਆਈ ਕਲਾਕਾਰ ਸ਼ਾਮਲ ਸਨ। ਇਨ੍ਹਾਂ ਵਿੱਚ ਰਵੀਨਾ ਅਰੋੜਾ ਅਤੇ ਅਰੂਜ ਆਫਤਾਬ ਵਰਗੇ ਨਾਮ ਸਨ।
ਪਰ ਇਸ ਸਾਲ ਦੇ ਈਵੈਂਟ ਵਿੱਚ ਵੱਡੇ ਕਲਾਕਾਰਾਂ ਦੇ ਨਾਮ ਸ਼ਾਮਲ ਹੋਣ ਨਾਲ ਕੋਚੇਲਾ ਨੂੰ ਪ੍ਰਸ਼ੰਸਕਾਂ ਲਈ ਇੱਕ ਵੱਡਾ ਪਲ ਬਣਾ ਦਿੱਤਾ ਹੈ।
ਬਰੂਕਲਿਨ ਸ਼ਹਿਰ ਦੇ ਵਾਸੀ ਗੌਰੀ ਪਟੇਲ ਆਖਦੇ ਹਨ, ‘‘ਜੇ ਫੈਸਟੀਵਲ ਵਿੱਚ ਜਾਣ ਦਾ ਸਮਾਂ ਹੈ ਤਾਂ ਉਹ ਹੁਣ ਹੀ ਹੈ। ਇਹੀ ਉਹ ਸਾਲ ਹੈ।’’
ਗਰਿਮਾ ਸਿੰਘ ਟੈਕਸਾਸ ਦੇ ਵਿੱਚ ਵੱਡੇ ਹੋਏ ਹਨ ਅਤੇ ਉਨ੍ਹਾਂ ਨੇ ਇਸ ਦੀ ਕਦੇ ਕਲਪਨਾ ਨਹੀਂ ਕੀਤੀ ਸੀ ਕਿ ‘‘ਦੱਖਣੀ ਏਸ਼ੀਆਈ ਕਲਾਕਾਰ ਇੱਕ ਮਸ਼ਹੂਰ ਅਮਰੀਕੀ ਮਿਊਜ਼ਿਕ ਫ਼ੈਸਟੀਵਲ ’ਤੇ ਹੋਣਗੇ।’’
ਗਰਿਮਾ ਇਸ ਵਾਰ ਕੋਚੇਲਾ ਈਵੈਂਟ ਵਿੱਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੇ ਛੇ ਦੱਖਣੀ ਏਸ਼ੀਆਈ ਦੋਸਤਾਂ ਨਾਲ ਜਾਣਗੇ। ਉਹ ਇਸ ਲਈ ਜਾਣਗੇ ਤਾਂ ਜੋ ਦਿਲਜੀਤ ਦੋਸਾਂਝ ਦਾ ‘‘ਸੰਗੀਤ ਸੁਣ ਸਕਣ ਅਤੇ ਨੱਚ ਸਕਣ’’ ਕਿਉਂਕਿ ਉਹ ਦਿਲਜੀਤ ਨੂੰ ‘‘ਆਪਣਾ ਮੰਨਦੇ ਹਨ।’’
ਗਰਿਮਾ ਕਹਿੰਦੇ ਹਨ, ‘‘ਦਿਲਜੀਤ ਦਾ ਸੰਗੀਤ ਕਿਸ ਨੇ ਨਹੀਂ ਸੁਣਿਆ! ਮੈਂ ਦੱਖਣੀ ਏਸ਼ੀਆਈ ਕਲਾਕਾਰਾਂ ਲਈ ਉਤਸੁਕ ਹਾਂ, ਬਹੁਤ ਮਜ਼ਾ ਆਏਗਾ!’’
ਕਲਾਕਾਰਾਂ ਨੂੰ ਸੁਣਨ ਲਈ ਅਮਰੀਕਾ ਦੇ ਵੱਖ-ਵੱਖ ਥਾਵਾਂ ਤੋਂ ਆਏ ਲੋਕ
ਦਿਲਜੀਤ ਦੋਸਾਂਝ ਦੇ ਫ਼ੈਨਜ਼ ਨੇ ਉਨ੍ਹਾਂ ਨੂੰ ਸੁਣਨ ਲਈ ਪਹਿਲਾਂ ਹੀ ਟਿਕਟਾਂ ਬੁੱਕ ਕਰ ਲਈਆਂ ਸਨ
ਕੋਚੇਲਾ ਵਿਖੇ ਵਿਭਿੰਨਤਾ ਅਤੇ "ਭੂਰੇ ਲੋਕਾਂ ਦੀ ਸ਼ਮੂਲੀਅਤ" ਦੱਖਣੀ ਏਸ਼ੀਆਈ ਕਲਾਕਾਰਾਂ ਦੇ ਪ੍ਰਸ਼ੰਸਕਾਂ ਨੂੰ ਖਿੱਚ ਰਹੀ ਹੈ ਜੋ ਇਸ ਨੂੰ ਦੂਜੇ ਅਮਰੀਕੀਆਂ ਵਾਂਗ "ਅਨੰਦ ਦਾ ਅਨੁਭਵ" ਕਰਨ ਦੇ ਮੌਕੇ ਵਜੋਂ ਦੇਖਦੇ ਹਨ।
ਗੌਰੀ ਪਟੇਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੱਕ ਦਰਜਨ ਦੋਸਤਾਂ ਨੇ ਕੋਚੇਲਾ ਵਿੱਚ "ਸਾਡੇ ਭਾਈਚਾਰੇ" ਬਾਰੇ ਗੱਲਬਾਤ ਕੀਤੀ ਅਤੇ ਇੱਕ ਪਿਆਰ ਦੀ ਭਾਵਨਾ ਮਹਿਸੂਸ ਕੀਤੀ।
ਗੌਰੀ ਪਟੇਲ ਕਹਿੰਦੇ ਹਨ, "ਸੰਗੀਤ ਤਿਉਹਾਰ ਗੋਰੇ ਲੋਕਾਂ ਨੂੰ ਖੁਸ਼ੀ ਦਾ ਅਨੁਭਵ ਕਰਨ, ਇੱਕ ਦੂਜੇ ਨਾਲ ਜੁੜਨ, ਉਹਨਾਂ ਦੇ ਅਨੁਭਵ ਨੂੰ ਕੇਂਦਰਿਤ ਕਰਨ ਦੀ ਇਜਾਜ਼ਤ ਦਿੰਦੇ ਹਨ। ਸਾਡੇ ਦੱਖਣੀ ਏਸ਼ੀਆਈ ਲੋਕਾਂ ਲਈ ਇਹੀ ਮਤਲਬ ਹੋਵੇਗਾ। ਸਾਨੂੰ ਵੀ ਕੋਚੇਲਾ ''ਤੇ ਕੇਂਦਰਿਤ ਹੋਣ ਦਾ ਅਨੁਭਵ ਹੋਵੇਗਾ।"
ਦੱਖਣੀ ਏਸ਼ੀਅਨ ਗਾਇਕ ਅਤੇ ਫਿਲਮੀ ਸਿਤਾਰੇ ਅਕਸਰ ਉੱਤਰੀ ਅਮਰੀਕਾ ਦੇ ਕਈ ਸਥਾਨਾਂ ਦਾ ਦੌਰਾ ਕਰਦੇ ਹਨ।
ਰਾਧਿਕਾ ਕਾਲੜਾ ਨੇ ਅਮਰੀਕਾ ਅਤੇ ਕੈਨੇਡਾ ਵਿੱਚ ਦਿਲਜੀਤ ਦੋਸਾਂਝ ਦੇ ਕਈ ਸ਼ੋਅ ਦੇਖੇ ਹਨ ਪਰ ਉਹ ਕਹਿੰਦੇ ਹਨ, ‘‘ਦਿਲਜੀਤ ਨੂੰ ਐਨੀਂ ਵੱਡੀ ਸਟੇਜ ਉੱਤੇ ਦੇਖਣਾ ਮਿਸ ਨਹੀਂ ਕਰ ਸਕਦੇ।’’
ਰਾਧਿਕਾ ਇੱਕ ਪੇਸ਼ੇਵਰ ਡਾਂਸਰ ਹਨ ਅਤੇ ਉਨ੍ਹਾਂ ਦੀ ਯੋਜਨਾ ਨਿਊਯਾਰਕ ਤੋਂ ਆਪਣੇ 9 ਸਾਊਥ ਏਸ਼ੀਅਨ ਦੋਸਤ (ਸਾਰੀਆਂ ਕੁੜੀਆਂ) ਦੇ ਨਾਲ ਕੋਚੇਲਾ ਜਾਣ ਦੀ ਤਿਆਰੀ ਹੈ। ਇਸ ਫ਼ੈਸਟੀਵਲ ਲਈ ‘‘ਦਿਲਜੀਤ ਦੇ ਗਾਣੇ ਬਲੈਕ ਐਂਡ ਵ੍ਹਾਈਟ ਲਈ ਕੁਝ ਡਾਂਸ ਸਟੈੱਪ’’ ਤਿਆਰ ਕੀਤੇ ਹਨ।
ਸੱਭਿਆਚਾਰ ਨਾਲ ਜੁੜਨ ਦਾ ਮੌਕਾ
ਅਲੀ ਸੇਠੀ ‘ਭਸੂੜੀ’ ਗੀਤ ਤੋਂ ਬਾਅਦ ਕਾਫ਼ੀ ਮਸ਼ਹੂਰ ਹੋ ਗਏ ਹਨ
ਦੱਖਣੀ ਏਸ਼ੀਆਈ ਲੋਕਾਂ ਲਈ ਜੋ ਉੱਤਰੀ ਅਮਰੀਕਾ ਵਿੱਚ ਬਾਲੀਵੁੱਡ ਅਤੇ ਹੋਰ ਦੱਖਣੀ ਏਸ਼ੀਆਈ ਫਿਲਮਾਂ ਦੇ ਗੀਤ ਸੁਣ ਕੇ ਵੱਡੇ ਹੋਏ ਹਨ, ਇਹ (ਕੋਚੇਲਾ) ਉਹਨਾਂ ਦੇ ਸੱਭਿਆਚਾਰ ਲਈ ਇੱਕ ਮੀਲ ਪੱਥਰ ਹੈ।
ਇਸ ਲਈ ਡੇਨਵਰ ਦੇ ਰਹਿਣ ਵਾਲੇ ਦੀਪ ਸਿੰਘ ਬਦੇਸ਼ਾ ਅਤੇ ਹਰਸ਼ਵਿੰਦਰ ਕੌਰ ਬਦੇਸ਼ਾ ਲਈ ਕੋਚੇਲਾ ਵਿੱਚ ਸ਼ਾਮਲ ਨਾ ਹੋਣਾ ਇੱਕ ਵਿਕਲਪ ਨਹੀਂ ਸੀ। ਜੋੜੇ ਨੇ ਆਪਣੀਆਂ ਟਿਕਟਾਂ ਉਦੋਂ ਹੀ ਬੁੱਕ ਕਰ ਲਈਆਂ ਜਦੋਂ ਬਾਰੇ ਐਲਾਨ ਹੋਇਆ।
ਉਨ੍ਹਾਂ ਦੇ ਟਿਕਟ ਬੁਕਿੰਗ ਬਾਰੇ ਕੀਤੇ ਟਵੀਟ ਉੱਤੇ ਖ਼ੁਦ ਦਿਲਜੀਤ ਦੋਸਾਂਝ ਦੀ ਪ੍ਰਤੀਕਿਰਿਆ ਵੀ ਆਈ।
ਬਦੇਸ਼ਾ ਕਹਿੰਦੇ ਹਨ, ‘ਮੈਨੂੰ ਉਮੀਦ ਹੈ ਕਿ ਦਿਲਜੀਤ ਬੋਰਨ ਟੂ ਸ਼ਾਈਨ, ਗੋਟ, ਵਾਈਬ ਅਤੇ ਪੰਜ ਤਾਰਾ ਗੀਤ ਸੁਣਾਉਣਗੇ।’’
ਦੂਜੀ ਪੀੜ੍ਹੀ ਦੇ ਦੱਖਣੀ ਏਸ਼ੀਆਈ ਪ੍ਰਵਾਸੀ ਮਾਪੇ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਆਪਣੀ ਵਿਰਾਸਤ ਨਾਲ ਜੁੜੇ ਸੰਗੀਤ ਨੂੰ ਚਾਹੁੰਦੇ ਹਨ।
ਸਰੀਨਾ ਸਿੰਘ ਆਪਣੇ ਆਪ ਨੂੰ "ਦਿਲਜੀਤ ਦਾ ਬਹੁਤ ਵੱਡੀ ਪ੍ਰਸ਼ੰਸਕ" ਦੱਸਦੇ ਹਨ। ਸਰੀਨਾ ਆਪਣੇ ਪਤੀ ਸਿਮਰਨਜੀਤ ਸਿੰਘ ਬੇਦੀ ਨਾਲ ਕੋਚੇਲਾ ''ਤੇ ਜਾਣ ਨੂੰ ਲੈ ਕੇ ਪਰੇਸ਼ਾਨ ਹੋ ਗਏ, ਕਿਉਂਕਿ ਉਹ ਸੱਤ ਮਹੀਨਿਆਂ ਦੀ ਗਰਭਵਤੀ ਹਨ।
ਉਨ੍ਹਾਂ ਦੀ ਮਾਂ ਨੇ ਜੋੜੇ ਦੀ ਦੋ ਸਾਲਾਂ ਦੀ ਧੀ ਦੀ ਦੇਖਭਾਲ ਕਰਨ ਲਈ ਪੈਨਸਿਲਵੇਨੀਆ ਤੋਂ ਕੋਲੋਰਾਡੋ ਤੱਕ ਉਡਾਣ ਭਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਬੱਚੇ ਦੇ ਆਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਯਾਤਰਾ ਦੀ ਇਜਾਜ਼ਤ ਦਿੱਤੀ।
ਸਰੀਨਾ ਕਹਿੰਦੇ ਹਨ, "ਮੇਰੀ ਮੰਮੀ ਨੇ ਕਿਹਾ ਕਿ ਸਾਨੂੰ ਜਸ਼ਨ ਮਨਾਉਣਾ ਚਾਹੀਦਾ ਹੈ। ਮੈਨੂੰ ਕੋਚੇਲਾ ਜਾਣ ਦੀ ਕੋਈ ਦਿਲਚਸਪੀ ਨਹੀਂ ਸੀ ਪਰ ਮੈਂ ਦਿਲਜੀਤ ਲਈ ਆਈ ਹਾਂ!"
ਕੋਚੇਲਾ ਵਿਖੇ ਸੰਗੀਤ ਅਤੇ ਫੈਸ਼ਨ ਨਾਲ-ਨਾਲ ਚੱਲਦੇ ਹਨ। ਜਿਨ੍ਹਾਂ ਪ੍ਰਸ਼ੰਸਕਾਂ ਦੀ ਰੋਜ਼ਾਨਾ ਪਲੇਲਿਸਟ ਵਿੱਚ ਦਿਲਜੀਤ ਦੋਸਾਂਝ ਅਤੇ ਅਲੀ ਸੇਠੀ ਸ਼ਾਮਲ ਹਨ, ਉਹ ਪੂਰੇ ਫੈਸ਼ਨ ਨਾਲ ਤਿਆਰ ਹੋ ਰਹੇ ਹਨ।
ਰਾਧਿਕਾ ਕਾਲੜਾ ਨੇ ਸਿੱਕਿਆਂ ਨਾਲ ਸਜੇ ਇੱਕ ਐਨੋਡਾਈਜ਼ਡ ਚਾਂਦੀ ਦਾ ਹਾਰ ਪਹਿਨਣ ਦੀ ਯੋਜਨਾ ਬਣਾਈ ਹੈ। ਇਸ ਨੂੰ ਉਨ੍ਹਾਂ ਨੇ ਜੀਨ ਸ਼ਾਰਟਸ ਅਤੇ ਚਿੱਟੇ ਕ੍ਰੌਪ ਟਾਪ ਨਾਲ ਭਾਰਤ ਤੋਂ ਖਰੀਦਿਆ ਸੀ।
ਪਾਕਿਸਤਾਨੀ ਤੇ ਭਾਰਤੀ ਪ੍ਰਸ਼ੰਸਕਾਂ ਦਾ ਵੀ ਲੱਗਿਆ ਮੇਲਾ
ਕੋਚੇਲਾ ਫੈਸਟੀਵਲ ਵਿੱਚ ਜਾਣ ਲਈ ਲੋਕ ਫ਼ੈਸ਼ਨ ਉੱਤੇ ਵੀ ਧਿਆਨ ਦੇ ਰਹੇ ਹਨ
ਗਰਿਮਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਇੰਡੋ-ਪੱਛਮੀ ਪਹਿਰਾਵੇ ਦੇ ਨਾਲ ਤਿਆਰੀ ਲਈ ਆਪਣੇ ਨਹੁੰਆਂ ਨੂੰ ਮਹਿੰਦੀ ਨਾਲ ਤਿਆਰ ਕਰਵਾਇਆ ਹੈ।
ਜਿਵੇਂ ਕਿ ਪ੍ਰਸ਼ੰਸਕ ਆਪਣੀ ਦਿੱਖ ਲਈ ਤਿਆਰੀ ਕਰ ਰਹੇ ਹਨ, ਉਹ ਅਮਰੀਕੀ ਤਿਉਹਾਰਾਂ ਨਾਲ ਜੁੜੇ ਸੱਭਿਆਚਾਰਕ ਵਿਹਾਰ ਨੂੰ ਧਿਆਨ ਵਿੱਚ ਰੱਖਦੇ ਹਨ, ਜਿਵੇਂ ਕਿ ਮਹਿੰਦੀ ਦੇ ਟੈਟੂ ਅਤੇ ਬਿੰਦੀਆਂ ਦੀ ਵਰਤੋਂ ਜੋ ਦੱਖਣੀ ਏਸ਼ੀਆਈ ਸੱਭਿਆਚਾਰ ਤੋਂ ਆਉਂਦੀ ਹੈ।
ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਸ (ਈਵੈਂਟ) ਨੇ ਇਸ ਬਾਰੇ ਗੱਲਬਾਤ ਕੀਤੀ ਕਿ ਕਿਵੇਂ ਕੋਈ ਵਿਅਕਤੀ ਤਿਉਹਾਰ ਵਿੱਚ ਦਿਖਾਈ ਦਿੰਦਾ ਹੈ ਕਿਉਂਕਿ ਨੌਜਵਾਨ ਦੱਖਣੀ ਏਸ਼ੀਆਈ ਆਪਣੇ ਸੱਭਿਆਚਾਰ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਗਰਿਮਾ ਸਿੰਘ ਕਹਿੰਦੇ ਹਨ, "ਇੱਥੇ ਸੰਗੀਤ ਤਿਉਹਾਰ ਦੀ ਬਹੁਤ ਸਾਰੀ ਸ਼ੈਲੀ ਭਾਰਤੀ ਸੱਭਿਆਚਾਰ ਤੋਂ ਉਲੀਕੀ ਗਈ ਹੈ।"
ਲਾਸ ਏਂਜਲਸ ਦੀ ਪ੍ਰਸਿੱਧ ਕਲਾਕਾਰ ਨੇਹਾ ਅਸਰ ਤਿਉਹਾਰਾਂ ''ਤੇ ਜਾਣ ਵਾਲਿਆਂ ਲਈ ਮਹਿੰਦੀ ਦੇ ਡਿਜ਼ਾਈਨ ਬਣਾਉਂਦੇ ਹਨ।
ਨੇਹਾ ਕਹਿੰਦੇ ਹਨ, ‘‘ਲੋਕ ਆਪਣੇ ਸਰੀਰ ਨੂੰ ਦਿਖਾਉਣਾ ਚਾਹੁੰਦੇ ਹਨ ਅਤੇ ਕੋਚੇਲਾ ਵਿਖੇ ਮਹਿੰਦੀ ਇੱਕ ਆਲਮੀ ਅਸੈਸਰੀ ਬਣ ਗਈ ਹੈ। ਮਹਿੰਦੀ ਮੇਰੇ ਲਈ ਭਾਰਤੀ ਹੈ, ਬੋਹੇਮੀਅਨ ਨਹੀਂ!"
ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਸਾਲ ਦਾ ਕੋਚੇਲਾ ਈਵੈਂਟ ਗੈਰ-ਦੱਖਣੀ ਏਸ਼ੀਆਈ ਲੋਕਾਂ ਨੂੰ ਭਾਈਚਾਰੇ ਅਤੇ ਇਸ ਦੇ ਸੱਭਿਆਚਾਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰੇਗਾ।
ਪਾਕਿਸਤਾਨ ਮੂਲ ਦੀ ਪ੍ਰਸ਼ੰਸਕ ਅਨੀਆ ਅਹਿਸਾਨਾ ਕਹਿੰਦੇ ਹਨ, "ਮੈਨੂੰ ਉਮੀਦ ਹੈ ਕਿ ਲੋਕ ਇਸ ਤੋਂ ਬਾਅਦ ਹੋਰ ਦੱਖਣੀ ਏਸ਼ੀਆਈ ਸੰਗੀਤ ਸੁਣਨਗੇ।"
ਕੋਚੇਲਾ ਫ਼ੈਸਟੀਵਲ ਕੀ ਹੈ
ਕੋਚੇਲਾ ਇੱਕ ਸੰਗੀਤਕ ਪ੍ਰੋਗਰਾਮ ਹੈ ਤੇ ਇਹ ਅਮਰੀਕਾ ਦੇ ਇੰਡੀਓ (ਕੈਲੀਫੋਰਨੀਆ) ਵਿੱਚ ਹੋ ਰਿਹਾ ਹੈ।
ਇਸ ਨੂੰ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫ਼ੈਸਟੀਵਲ ਕਿਹਾ ਜਾਂਦਾ ਹੈ।
ਇਸ ਈਵੈਂਟ ਦਾ ਮਕਸਦ ਸੰਗੀਤ ਅਤੇ ਕਲਾ ਦਾ ਜਸ਼ਨ ਮਨਾਉਣਾ ਹੈ। 1999 ਵਿੱਚ ਇਸ ਦੀ ਸ਼ੁਰੂਆਤ ਹੋਈ ਸੀ।
ਹਰ ਸਾਲ ਦੋ ਵੀਕੈਂਡਜ਼ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਇਸ ਈਵੈਂਟ ਲਈ ਤੈਅ ਕੀਤੇ ਗਏ ਹਨ, ਇਸ ਦੌਰਾਨ ਸੰਗੀਤ ਦੀਆਂ ਵੱਖ-ਵੱਖ ਵਣਗੀਆਂ ਅਤੇ ਕਲਾ ਨਾਲ ਜੁੜੇ ਪ੍ਰੋਗਰਾਮ ਹੁੰਦੇ ਹਨ।
ਇਸ ਸਾਲ ਇਹ ਈਵੈਂਟ 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਦਰਮਿਆਨ ਹੋ ਰਿਹਾ ਹੈ।
ਇਸ ਈਵੈਂਟ ਵਿੱਚ ਸ਼ਾਮਲ ਹੋਣ ਲਈ ਟਿਕਟਾਂ ਖਰੀਦਣੀਆਂ ਪੈਂਦੀਆਂ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਹਮਲਾਵਰ ਨੇ ਜਦੋਂ ਅਤੀਕ ''ਤੇ ਗੋਲੀ ਚਲਾਈ, ਉਸ ਤੋਂ ਪਹਿਲਾਂ ਤੇ ਬਾਅਦ ''ਚ ਕੀ-ਕੀ ਹੋਇਆ ਤੇ ਚਸ਼ਮਦੀਦ ਨੇ ਕੀ...
NEXT STORY