ਦੁਨੀਆਂ ਭਰ ਵਿੱਚ ਸ਼ੁਕਰਾਣੂਆਂ ਦੀ ਗੁਣਵੱਤਾ ਘਟਦੀ ਜਾਪਦੀ ਹੈ ਪਰ ਇਹ ਬਾਂਝਪਨ ਦਾ ਬਹੁਤ ਥੋੜ੍ਹਾ ਵਿਚਾਰਿਆ ਜਾਣ ਵਾਲਾ ਕਾਰਨ ਹੈ। ਹੁਣ ਵਿਗਿਆਨੀ ਇਸ ਸਮੱਸਿਆ ਪਿਛਲੇ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਡਾਕਟਰ ਨੇ ਜੈਨੀਫਰ ਹੈਨਿੰਗਟਨ ਨੂੰ ਕਿਹਾ, “ਅਸੀਂ ਤੁਹਾਨੂੰ ਠੀਕ ਕਰ ਦੇਵਾਂਗੇ। ਕੋਈ ਦਿੱਕਤ ਨਹੀਂ। ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।”
ਫਿਰ ਉਹ ਜੈਨੀਫਰ ਦੇ ਪਤੀ ਕੈਰਾਨ ਵੱਲ ਮੁੜੇ ਅਤੇ ਕਿਹਾ, “ਪਰ ਤੁਹਾਡੇ ਲਈ ਅਸੀਂ ਜ਼ਿਆਦਾ ਕੁਝ ਨਹੀਂ ਕਰ ਸਕਾਂਗੇ।”
ਇੰਗਲੈਂਡ ਦੇ ਯੌਰਕਸ਼ਾਇਰ ਵਿੱਚ ਰਹਿਣ ਵਾਲੇ ਇਹ ਪਤੀ-ਪਤਨੀ ਦੋ ਸਾਲ ਤੋਂ ਬੱਚੇ ਲਈ ਕੋਸ਼ਿਸ਼ ਕਰ ਰਹੇ ਸੀ। ਉਹ ਜਾਣਦੇ ਸੀ ਕਿ ਗਰਭ ਠਹਿਰਾਉਣਾ ਉਨ੍ਹਾਂ ਲਈ ਮੁਸ਼ਕਿਲ ਰਹਿਣ ਵਾਲਾ ਹੈ ਕਿਉਂਕਿ ਜੈਨੀਫਰ ‘ਪੌਲੀਸਿਸਟਿਕ ਓਵੇਰੀਅਨ ਸਿੰਡਰੋਮ’ ਤੋਂ ਪੀੜਤ ਹਨ।
ਇਹ ਸਿੰਡਰੋਮ ਜਨਣ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਰ ਉਨ੍ਹਾਂ ਨੂੰ ਕੈਰਾਨ ਨੂੰ ਬਾਂਝਪਨ ਸਬੰਧੀ ਕੋਈ ਸਮੱਸਿਆ ਹੋਣ ਦੀ ਉਮੀਦ ਨਹੀਂ ਸੀ।
ਟੈਸਟਾਂ ਵਿੱਚ ਘੱਟ ਸ਼ੁਕਰਾਣੂ ਗਿਣਤੀ ਅਤੇ ਸ਼ੁਕਰਾਣੂਆਂ ਦੀ ਘੱਟ ਗਤੀਸ਼ੀਲਤਾ ਬਾਰੇ ਪਤਾ ਲੱਗਿਆ। ਹੋਰ ਵੀ ਬੁਰੀ ਗੱਲ ਇਹ ਸੀ ਕਿ ਕੈਰਾਨ ਦੀ ਸਮੱਸਿਆ ਠੀਕ ਕਰਨੀ ਜੈਨੀਫਰ ਦੀ ਸਮੱਸਿਆ ਤੋਂ ਕਿਤੇ ਵੱਧ ਮੁਸ਼ਕਿਲ ਸੀ, ਸ਼ਾਇਦ ਨਾਮੁਮਕਿਨ ਹੀ।
ਹੈਨਿੰਗਟਨ ਨੂੰ ਹਾਲੇ ਵੀ ਉਨ੍ਹਾਂ ਦੀ ਪ੍ਰਤੀਕਿਰਿਆ ਯਾਦ ਹੈ।
"ਹੈਰਾਨਗੀ, ਦੁੱਖ, ਮੈਂ ਮੰਨਣ ਨੂੰ ਤਿਆਰ ਨਹੀਂ ਸੀ। ਮੈਨੂੰ ਲੱਗਿਆ ਡਾਕਟਰਾਂ ਤੋਂ ਕੁਝ ਗਲਤੀ ਹੋਈ ਹੈ। ਮੈਨੂੰ ਲਗਿਆ ਜਿਵੇਂ ਮੈਂ ਆਪਣੀ ਪਤਨੀ ਨੂੰ ਧੋਖਾ ਦਿੱਤਾ ਹੋਵੇ।”
ਸਾਲ ਦਰ ਸਾਲ ਉਨ੍ਹਾਂ ਦੀ ਮਾਨਸਿਕ ਸਿਹਤ ਵਿਗੜਦੀ ਗਈ। ਉਨ੍ਹਾਂ ਨੇ ਇਕੱਲੇ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ, ਬਿਸਤਰ ਵਿੱਚ ਪਏ ਰਹਿਣਾ ਅਤੇ ਸ਼ਰਾਬ ਦਾ ਸਹਾਰਾ ਲੈਣਾ। ਫਿਰ ਪੈਨਿਕ ਅਟੈਕ ਆਉਣੇ ਸ਼ੁਰੂ ਹੋ ਗਏ।
ਉਹ ਕਹਿੰਦੇ ਹਨ, “ਮੈਂ ਮੁਸ਼ਕਿਲ ਥਾਂ ‘ਤੇ ਆ ਪਹੁੰਚਿਆ। ਇਹ ਗਹਿਰੀ ਕਾਲੀ ਜਗ੍ਹਾ ਸੀ।”
ਬਾਂਝਪਨ ਦੇ ਕੁੱਲ ਵਿੱਚੋਂ ਤਕਰੀਬਨ ਅੱਧੇ ਕੇਸਾਂ ਦਾ ਕਾਰਨ ਆਦਮੀਆਂ ਦਾ ਬਾਂਝਪਨ ਬਣਦਾ ਹੈ ਅਤੇ ਇਹ 7 ਫੀਸਦੀ ਮਰਦ ਅਬਾਦੀ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਔਰਤਾਂ ਦੇ ਬਾਂਝਪਨ ਦੇ ਮੁਕਾਬਲੇ ਇਸ ਬਾਰੇ ਬਹੁਤ ਘੱਟ ਚਰਚਾ ਹੁੰਦੀ ਹੈ।
ਕੁਝ ਹੱਦ ਤੱਕ ਇਸ ਦਾ ਕਾਰਨ ਇਸ ਸਬੰਧੀ ਸਮਾਜਿਕ ਤੇ ਕਲਚਰਲ ਟੈਬੂ ਹਨ। ਬਾਂਝਪਨ ਦੇ ਸ਼ਿਕਾਰ ਵਧੇਰੇ ਆਦਮੀਆਂ ਵਿੱਚ ਇਸ ਦਾ ਕਾਰਨ ਪਤਾ ਨਹੀਂ ਹੁੰਦਾ।
ਖੋਜ ਦੱਸਦੀ ਹੈ ਕਿ ਸਮੱਸਿਆ ਹੋਰ ਵੱਧ ਰਹੀ ਹੋ ਸਕਦੀ ਹੈ। ਪ੍ਰਦੂਸ਼ਣ ਵੀ ਉਨ੍ਹਾਂ ਕਾਰਨਾਂ ਵਿੱਚੋਂ ਸਾਹਮਣੇ ਆਇਆ ਜੋ ਆਦਮੀਆਂ ਵਿੱਚ ਪ੍ਰਜਨਣ ਪ੍ਰਭਾਵਿਤ ਕਰਦੇ ਹਨ, ਖਾਸ ਕਰਕੇ ਸ਼ੁਕਰਾਣੂ ਦੀ ਕੁਆਲਟੀ ਪ੍ਰਭਾਵਿਤ ਕਰਦਾ ਹੈ।
ਲੁਕਿਆ ਪ੍ਰਜਨਣ ਸੰਕਟ
ਪਿਛਲੀ ਸਦੀ ਵਿੱਚ ਦੁਨੀਆ ਦੀ ਅਬਾਦੀ ਬਹੁਤ ਵਧੀ ਹੈ। ਸਿਰਫ਼ 70 ਸਾਲ ਪਹਿਲਾਂ, ਧਰਤੀ ਦੀ ਅਬਾਦੀ ਸਿਰਫ਼ 2.5 ਬਿਲੀਅਨ ਸੀ। 2022 ਵਿੱਚ ਇਹ ਗਿਣਤੀ ਅੱਠ ਬਿਲੀਅਨ ਪਹੁੰਚ ਗਈ ਹੈ। ਹਾਲਾਂਕਿ ਅਬਾਦੀ ਵਾਧੇ ਦੀ ਦਰ ਹੌਲੀ ਹੈ, ਖਾਸ ਕਰਕੇ ਸਮਾਜਿਕ ਤੇ ਆਰਥਿਕ ਕਾਰਨਾਂ ਕਰਕੇ।
ਦੁਨੀਆ ਭਰ ਵਿੱਚ ਜਨਮ ਦਰ ਰਿਕਾਰਡ ਨੀਵੇਂ ਪੱਧਰ ‘ਤੇ ਪਹੁੰਚ ਰਹੀ ਹੈ। ਦੁਨੀਆ ਦੀ ਅਬਾਦੀ ਦਾ ਪੰਜਾਹ ਫੀਸਦੀ ਉਨ੍ਹਾਂ ਦੇਸ਼ਾਂ ਵਿੱਚ ਰਹਿੰਦਾ ਹੈ ਜਿੱਥੋਂ ਦੀ ਪ੍ਰਤੀ ਔਰਤ ਜਨਣ ਦਰ ਦੋ ਬੱਚਿਆਂ ਤੋਂ ਘੱਟ ਹੈ। ਜਨਮ ਦਰਾਂ ਵਿੱਚ ਇਹ ਕਮੀ ਸਕਾਰਾਤਮਕ ਵਿਕਾਸ ਕਰਕੇ ਵੀ ਹੈ ਜਿਵੇਂ ਕਿ ਔਰਤਾਂ ਦੀ ਵਿੱਤੀ ਅਜ਼ਾਦੀ ਅਤੇ ਉਨ੍ਹਾਂ ਦਾ ਆਪਣੀ ਪ੍ਰਜਨਣ ਸਿਹਤ ‘ਤੇ ਕੰਟਰੋਲ ਵਧਣਾ।
ਦੂਜੇ ਪਾਸੇ, ਘੱਟ ਜਨਣ ਦਰ ਵਾਲੇ ਦੇਸ਼ਾਂ ਵਿੱਚ, ਕਈ ਜੋੜੇ ਆਪਣੇ ਬੱਚਿਆਂ ਤੋਂ ਵਧੇਰੇ ਬੱਚੇ ਚਾਹੁੰਦੇ ਹਨ। ਪਰ ਸਮਾਜਕ ਤੇ ਆਰਥਿਕ ਕਾਰਨਾਂ, ਜਿਵੇਂ ਕਿ ਪਰਿਵਾਰਾਂ ਵੱਲੋਂ ਸਹਿਯੋਗ ਦੀ ਘਾਟ ਕਰਕੇ ਉਹ ਜ਼ਿਆਦਾ ਬੱਚੇ ਪੈਦਾ ਨਹੀਂ ਕਰਦੇ।
ਨਾਲ ਹੀ, ਫਿਸੰਡਿਟੀ ਨਾਮ ਨਾਲ ਜਾਣੇ ਜਾਂਦੇ ਵੱਖਰੀ ਤਰ੍ਹਾਂ ਦੇ ਪ੍ਰਜਨਣ ਵਿੱਚ ਵੀ ਕਮੀ ਹੋ ਸਕਦੀ ਹੈ। ਖੋਜ ਦੱਸਦੀ ਹੈ ਕਿ ਆਦਮੀਆਂ ਵਿੱਚ ਪ੍ਰਜਨਣ ਸਬੰਧੀ ਸਮੱਸਿਆਵਾਂ ਵੱਧ ਰਹੀਆਂ ਹਨ ਜਿਵੇਂ ਕਿ ਸ਼ੁਕਰਾਣੂ ਗਿਣਤੀ ਘਟਣਾ, ਟੈਸਟੋਰੋਨ ਲੈਵਲ ਘਟਣਾ, ਅਤੇ ਟੈਸਟਿਕਿਉਲਰ ਕੈਂਸਰ ਅਤੇ ਇਰੈਕਟਾਈਲ ਡਿਸਫੰਕਸ਼ਨ ਵਧਣਾ।
ਸਵੀਮਿੰਗ ਸੈੱਲ
ਯੂਨੀਵਰਸਿਟੀ ਆਫ ਡੂਨਡੀ ਵਿੱਚ ਪ੍ਰਜਨਣ ਮੈਡੀਸਿਨ ਵਿੱਚ ਕਲੀਨਿਕਲ ਰੀਡਰ ਅਤੇ ਗਾਇਨਾਕੋਲਜਿਸਟ ਸਾਰਾਹ ਮਾਰਟਿਨ ਡਾ. ਸਿਲਵਾ ਨੇ ਕਿਹਾ, “ਸ਼ੁਕਰਾਣੂ ਸ਼ਾਨਦਾਰ ਸੈੱਲ ਹਨ। ਉਹ ਬਹੁਤ ਛੋਟੇ ਹੁੰਦੇ ਹਨ, ਉਹ ਤੈਰਦੇ ਹਨ ਅਤੇ ਸਰੀਰ ਤੋਂ ਬਾਹਰ ਬਚੇ ਰਹਿ ਸਕਦੇ ਹਨ। ਹੋਰ ਕੋਈ ਵੀ ਸੈੱਲ ਅਜਿਹਾ ਨਹੀਂ ਕਰ ਸਕਦਾ। ਇਹ ਅਦਭੁਤ ਤਰੀਕੇ ਨਾਲ ਖਾਸ ਹਨ।”
ਇਨ੍ਹਾਂ ਬੇਹੱਦ ਖਾਸ ਸੈੱਲਾਂ ‘ਤੇ ਬਹੁਤ ਛੋਟੇ ਬਦਲਾਵਾਂ ਦਾ ਅਸਰਦਾਰ ਪ੍ਰਭਾਵ ਪੈ ਸਕਦਾ ਹੈ, ਖਾਸ ਕਰਕੇ ਇਨ੍ਹਾਂ ਦੀ ਅੰਡਿਆਂ ਨੂੰ ਫਰਟੀਲਾਈਜ਼ ਕਰਨ ਦੀ ਸਮਰੱਥਾ ‘ਤੇ।
ਫਰਟਿਲਿਟੀ ਲਈ ਅਹਿਮ ਗੁਣ ਹੈ ਇਨ੍ਹਾਂ ਦਾ ਤੈਰ ਸਕਣਾ ਅਤੇ ਇਨ੍ਹਾਂ ਦਾ ਸਾਈਜ਼ ਅਤੇ ਸਪਰਮ ਕਾਊਂਟ। ਜਦੋਂ ਕੋਈ ਆਦਮੀ ਫਰਟਿਲਿਟੀ ਚੈੱਕ ਲਈ ਜਾਂਦਾ ਹੈ ਤਾਂ ਇਨ੍ਹਾਂ ਸਭ ਪਹਿਲੂਆਂ ਤੋਂ ਜਾਂਚ ਕੀਤੀ ਜਾਂਦੀ ਹੈ।
ਹੀਬ੍ਰਿਊ ਯੁਨੀਵਰਸਿਟੀ ਵਿੱਚ ਮਹਾਂਮਾਰੀ ਵਿਗਿਆਨ ਦੀ ਪ੍ਰੋਫੈਸਰ ਹਾਗਾਈ ਲੇਵਾਈਨ ਨੇ ਕਿਹਾ, “ਆਮ ਤੌਰ ‘ਤੇ ਜਦੋਂ ਇੱਕ ਮਿਲੀਲੀਟਰ ਸੀਮਨ ਵਿੱਚੋਂ ਚਾਲੀ ਮਿਲੀਅਨ ਤੋਂ ਘੱਟ ਸ਼ੁਕਰਾਣੂ ਹੁੰਦੇ ਹਨ, ਤਾਂ ਪ੍ਰਜਨਣ ਸਬੰਧੀ ਮੁਸ਼ਕਿਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ।”
ਉਹ ਦੱਸਦੇ ਹਨ ਕਿ ਸ਼ੁਕਰਾਣੂਆਂ ਦੀ ਗਿਣਤੀ ਦਾ ਪ੍ਰਜਨਣ ਦੇ ਮੌਕਿਆਂ ਨਾਲ ਸਬੰਧ ਹੁੰਦਾ ਹੈ। ਵਧੇਰੇ ਸਪਰਮ ਕਾਊਂਟ ਦਾ ਮਤਲਬ ਗਰਭ ਠਹਿਰਨ ਦੀ ਵਧੇਰੇ ਸੰਭਾਵਨਾ ਨਹੀਂ ਹੁੰਦਾ, ਪਰ ਜਦੋਂ ਇੱਕ ਮਿਲੀਲੀਟਰ ਸੀਮਨ ਵਿੱਚੋਂ ਚਾਲੀ ਮਿਲੀਅਨ ਤੋਂ ਘੱਟ ਸ਼ੁਕਰਾਣੂ ਹੁੰਦੇ ਹਨ ਤਾਂ ਗਰਭ ਠਹਿਰਨ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।
2022 ਵਿੱਚ ਲੇਵਾਈਨ ਤੇ ਉਨ੍ਹਾਂ ਦੇ ਸਾਥੀਆਂ ਨੇ ਗਲੋਬਲ ਟਰੈਂਡਜ਼ ਇਨ ਸਪਰਮ ਕਾਊਂਟ ਬਾਰੇ ਰੀਵੀਊ ਪ੍ਰਕਾਸ਼ਿਤ ਕੀਤਾ। ਉਸ ਨੇ ਦਰਸਾਇਆ ਕਿ 1973 ਤੋਂ 2018 ਤੱਕ 104 ਮਿਲੀਅਨ ਪ੍ਰਤੀ ਮਿਲੀਲੀਟਰ ਸੀਮਨ ਤੋਂ ਘੱਟ ਕੇ 49 ਮਿਲੀਅਨ ਪ੍ਰਤੀ ਮਿਲਿਲੀਟਰ ਸੀਮਨ ਹੋਣ ਨਾਲ ਸਪਰਮ ਕਾਊਂਟ ਵਿੱਚ 1.2 ਫੀਸਦੀ ਗਿਰਾਵਟ ਆਈ। ਸਾਲ 2000 ਤੋਂ ਬਾਅਦ ਤੇਜ਼ੀ ਨਾਲ ਵਧਦਿਆਂ ਇਸ ਕਮੀ ਦੀ ਦਰ 2.6 ਫੀਸਦੀ ਹੋ ਗਈ।
ਲੇਵਾਈਨ ਦਲੀਲ ਦਿੰਦੇ ਹਨ ਕਿ ਇਹ ਵਾਧਾ ਐਪੀਜੈਨੇਟਿਕਸ ਬਦਲਾਵਾਂ ਕਾਰਨ ਹੋਇਆ ਹੋ ਸਕਦਾ ਹੈ। ਜਿਸ ਦਾ ਮਤਲਬ ਹੈ ਕਿ ਵਾਤਾਵਰਨ ਅਤੇ ਜੀਵਨ ਸ਼ੈਲੀ ਕਰਕੇ ਬਦਲੇ ਜੀਨਜ਼ ਦੇ ਕੰਮ ਕਰਨ ਦੇ ਤਰੀਕੇ ਕਰਕੇ।
ਇੱਕ ਹੋਰ ਰੀਵੀਓ ਵਿਚ ਸੁਝਾਇਆ ਗਿਆ ਹੈ ਕਿ ਐਪੀਜੈਨੇਟਿਕਸ ਸ਼ੁਕਰਾਣੂਆਂ ਵਿੱਚ ਬਦਲਾਅ ਅਤੇ ਆਦਮੀਆਂ ਦੇ ਬਾਂਝਪਨ ਵਿੱਚ ਭੂਮਿਕਾ ਨਿਭਾ ਸਕਦਾ ਹੈ।
ਉਹ ਕਹਿੰਦੇ ਹਨ, “ਇਹ ਵੀ ਸੰਕੇਤ ਮਿਲਦੇ ਹਨ ਕਿ ਇਹ ਕਈ ਪੀੜ੍ਹੀਆਂ ਵਿੱਚ ਸੰਚਿਤ ਹੋ ਸਕਦਾ ਹੈ”, ਉਹ ਕਹਿੰਦੇ ਹਨ।’’
ਲੇਵਾਈਨ ਨੇ ਕਿਹਾ, “ਸ਼ੁਕਰਾਣੂਆਂ ਦੀ ਗਿਣਤੀ ਵਿੱਚ ਕਮੀ ਆਉਣਾ, ਆਦਮੀਆਂ ਦੀ ਖ਼ਰਾਬ ਸਿਹਤ ਦਾ ਸੰਕੇਤ ਹੈ, ਇੱਥੋਂ ਤੱਕ ਕਿ ਸ਼ਾਇਦ ਮਨੁੱਖਤਾ ਦੀ ਖ਼ਰਾਬ ਸਿਹਤ ਦਾ ਵੀ। ਅਸੀਂ ਜਨਤਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਇਸ ਤੋਂ ਵਾਪਸ ਮੁੜਿਆ ਜਾ ਸਕਦਾ ਹੈ ਜਾਂ ਨਹੀਂ।”
ਖੋਜ ਦੱਸਦੀ ਹੈ ਕਿ ਆਦਮੀਆਂ ਵਿੱਚ ਬਾਂਝਪਨ, ਭਵਿੱਖ ਦੀਆਂ ਸਿਹਤ ਸਮੱਸਿਆਵਾਂ ਬਾਰੇ ਦੱਸਦਾ ਹੈ, ਹਾਲਾਂਕਿ ਸਹੀ ਕੜੀ ਬਾਰੇ ਫ਼ਿਲਹਾਲ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਇੱਕ ਸੰਭਾਵਨਾ ਹੈ ਕਿ ਖਾਸ ਜੀਵਨ ਸ਼ੈਲੀ ਬਾਂਝਪਨ ਅਤੇ ਹੋਰ ਸਿਹਤ ਸਮੱਸਿਆਵਾਂ ਲਈ ਜ਼ਿੰਮੇਵਾਰ ਹੋ ਸਕਦੀ ਹੈ।
ਡਾ. ਸਿਲਵਾ ਨੇ ਕਿਹਾ, “ਬੱਚਾ ਚਾਹੁਣਾ ਪਰ ਗਰਭਵਤੀ ਨਾ ਹੋ ਸਕਣਾ ਬਹੁਤ ਹੀ ਬੁਰਾ ਹੈ, ਇਹ ਬਹੁਤ ਵੱਡੀ ਸਮੱਸਿਆ ਹੈ।”
ਜੀਵਨਸ਼ੈਲੀ ਵਿੱਚ ਵਿਅਕਤੀਗਤ ਬਦਲਾਅ ਸ਼ੁਕਰਾਣੂ ਦੀ ਗੁਣਵੱਤਾ ਵਿੱਚ ਗਿਰਾਵਟ ਰੋਕਣ ਲਈ ਕਾਫ਼ੀ ਨਹੀਂ ਹੋਣਗੇ। ਸਬੂਤ ਇਹ ਇਸ਼ਾਰਾ ਕਰਦੇ ਹਨ ਕਿ ਇਹ ਇੱਕ ਵਿਸ਼ਾਲ, ਵਾਤਾਵਰਨ ਸਬੰਧੀ ਖਤਰਾ ਹੈ-ਜ਼ਹਿਰੀਲਾ ਪ੍ਰਦੂਸ਼ਣ।
ਇੱਕ ਜ਼ਹਿਰੀਲਾ ਸੰਸਾਰ
ਯੂਕੇ ਦੀ ਯੂਨੀਵਰਸਿਟੀ ਆਫ ਨੋਟਿੰਗਮ ਵਿੱਚ ਰਿਸਰਚਰ ਰੀਬੇਕਾ ਬਲਾਂਚਾਰਡ ਘਰੇਲੂ ਵਾਤਾਵਰਨ ਦੇ ਰਸਾਇਣਾਂ ਦਾ ਆਦਮੀਆਂ ਦੀ ਪ੍ਰਜਨਣ ਸਿਹਤ ‘ਤੇ ਅਸਰ ਬਾਰੇ ਜਾਂਚ ਕਰ ਰਹੇ ਹਨ। ਉਹ ਕੁੱਤਿਆਂ ਨੂੰ ਸੇਨਟੀਨਲ ਮਾਡਲ ਵਜੋਂ ਵਰਤ ਰਹੀ ਹੈ।
ਉਹ ਕਹਿੰਦੀ ਹੈ, “ਕੁੱਤਿਆਂ ਨਾਲ ਸਾਡਾ ਵਾਤਾਵਰਨ ਸਾਂਝਾ ਹੈ। ਉਹ ਸਾਡੇ ਘਰਾਂ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਹੀ ਰਸਾਇਣਾਂ ਦਾ ਸਾਹਮਣਾ ਕਰਦੇ ਹਨ ਜੋ ਅਸੀਂ ਕਰਦੇ ਹਾਂ। ਅਸੀਂ ਕੁੱਤੇ ਜ਼ਰੀਏ ਦੇਖ ਸਕਦੇ ਹਾਂ ਕਿ ਮਨੁੱਖਾਂ ਵਿੱਚ ਕੀ ਕੁਝ ਵਾਪਰ ਰਿਹਾ ਹੈ।”
ਰੀਬੇਕਾ ਦੀ ਖੋਜ ਪਲਾਸਟਿਕ, ਅੱਗ ਰੋਕੂ ਯੰਤਰਾਂ ਅਤੇ ਘਰਾਂ ਵਿੱਚ ਵਰਤੀਆਂ ਜਾਂਦੀਆਂ ਆਮ ਚੀਜ਼ਾਂ ਵਿਚ ਪਾਏ ਜਾਂਦੇ ਰਸਾਇਣਾਂ ‘ਤੇ ਕੇਂਦਰਿਤ ਹੈ। ਅਜਿਹੇ ਕੁਝ ਰਸਾਇਣ ਬੈਨ ਕੀਤੇ ਜਾ ਚੁੱਕੇ ਹਨ, ਪਰ ਹਾਲੇ ਵੀ ਵਾਤਾਵਰਨ ਅਤੇ ਪੁਰਾਣੀਆਂ ਚੀਜ਼ਾਂ ਵਿੱਚ ਮੌਜੂਦ ਹਨ। ਉਨ੍ਹਾਂ ਦੇ ਅਧਿਐਨ ਨੇ ਦੱਸਿਆ ਕਿ ਇਹ ਰਸਾਇਣ ਸਾਡੇ ਹਾਰਮੋਨਲ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਕੁੱਤਿਆਂ ਤੇ ਆਦਮੀਆਂ ਵਿੱਚ ਪ੍ਰਜਨਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਬਲਾਂਚਾਰਡ ਕਹਿੰਦੇ ਹਨ, “ਅਸੀਂ ਮਨੁੱਖਾਂ ਅਤੇ ਕੁੱਤਿਆਂ ਦੋਹਾਂ ਵਿੱਚ ਸ਼ੁਕਰਾਣੂ ਦੀ ਗਤੀਸ਼ੀਲਤਾ ਵਿੱਚ ਕਮੀ ਦੇਖੀ ਹੈ। ਡੀਐਨਏ ਵਿਖੰਡਨ ਦੀ ਮਾਤਰਾ ਵਿੱਚ ਵਾਧਾ ਵੀ ਦੇਖਿਆ ਗਿਆ ਹੈ।”
ਸ਼ੁਕਰਾਣੂ ਡੀਐਨਏ ਵਿਖੰਡਨ ਦਾ ਮਤਲਬ ਹੈ ਸ਼ੁਕਰਾਣੂ ਦੇ ਜੈਨੇਟਿਕ ਮਟੀਰੀਅਲ ਦਾ ਟੁੱਟਣਾ। ਇਸ ਦਾ ਅਸਰ ਗਰਭ ਧਾਰਨ ਤੋਂ ਕਿਤੇ ਵੱਧ ਤੱਕ ਪੈਂਦਾ ਹੈ। ਜਿਵੇਂ ਜਿਵੇਂ ਡੀਐਨਏ ਵਿਖੰਡਨ ਵਧਦਾ ਹੈ, ਛੇਤੀ ਗਰਭਪਾਤ ਦੇ ਮਾਮਲੇ ਵਧਦੇ ਹਨ।
ਹੋਰ ਖੋਜਾਂ ਵੀ ਦੱਸਦੀਆਂ ਹਨ ਕਿ ਪ੍ਰਜਨਣ ਨੂੰ ਪਲਾਸਟਿਕ, ਘਰੇਲੂ ਦਵਾਈਆਂ, ਭੋਜਨ ਲੜੀ ਅਤੇ ਹਵਾ ਵਿੱਚ ਮੌਜੂਦ ਰਸਾਇਣ ਪ੍ਰਭਾਵਿਤ ਕਰਦੇ ਹਨ। ਇਹ ਆਦਮੀਆਂ ਤੋਂ ਇਲਾਵਾ, ਔਰਤਾਂ ਅਤੇ ਬੱਚਿਆਂ ‘ਤੇ ਵੀ ਪ੍ਰਭਾਵ ਪਾਉਂਦਾ ਹੈ। ਬਲੈਕ ਕਾਰਬਨ, ਹਮੇਸ਼ਾ ਰਹਿਣ ਵਾਲੇ ਰਸਾਇਣ ਅਤੇ ਪਥੈਲੇਟ ਗਰਭ ਵਿੱਚ ਬੱਚਿਆਂ ਤੱਕ ਪਹੁੰਚਣ ਬਾਰੇ ਵੀ ਪਤਾ ਲੱਗਿਆ ਹੈ।
ਜਲਵਾਯੂ ਪਰਿਵਰਤਨ ਦਾ ਵੀ ਆਦਮੀਆਂ ਦੀ ਪ੍ਰਜਨਣ ਸਿਹਤ ’ਤੇ ਬੁਰਾ ਅਸਰ ਹੋ ਸਕਦਾ ਹੈ। ਕਈ ਜਾਨਵਰਾਂ ਨਾਲ ਕੀਤੇ ਅਧਿਐਨ ਦੱਸਦੇ ਹਨ ਕਿ ਵਧਦੇ ਤਾਪਮਾਨ ਦੇ ਸਾਹਮਣੇ ਸ਼ੁਕਰਾਣੂ ਬਹੁਤ ਕਮਜ਼ੋਰ ਪੈ ਜਾਂਦੇ ਹਨ। ਤੇਜ਼ ਗਰਮ ਹਵਾਵਾਂ ਨਾਲ ਕੀੜਿਆਂ ਵਿੱਚ ਸ਼ੁਕਰਾਣੂ ਨੁਕਸਾਨੇ ਜਾਣਾ ਦੇਖਿਆ ਗਿਆ ਹੈ ਅਤੇ ਇਸੇ ਤਰ੍ਹਾਂ ਦਾ ਹੀ ਅਸਰ ਮਨੁੱਖਾਂ ਵਿੱਚ ਵੀ ਦੇਖਿਆ ਗਿਆ ਹੈ।
2022 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਆਲਮੀ ਤਪਸ਼ ਜਾਂ ਗਰਮ ਵਾਤਾਵਰਨ ਵਿੱਚ ਕੰਮ ਕਰਨ ਕਰਕੇ ਉੱਚ ਤਾਪਮਾਨ ਸ਼ੁਕਰਾਣੂ ਦੀ ਕੁਆਲਟੀ ’ਤੇ ਬੁਰਾ ਅਸਰ ਪਾਉਂਦਾ ਹੈ।
ਮਾੜੀ ਖੁਰਾਕ, ਤਣਾਅ ਅਤੇ ਅਲਕੋਹਲ
ਇਨ੍ਹਾਂ ਵਾਤਾਵਰਨ ਸਬੰਧੀ ਕਾਰਕਾਂ ਦੇ ਨਾਲ, ਵਿਅਕਤੀਗਤ ਸਮੱਸਿਆਵਾਂ ਜਿਵੇਂ ਕਿ ਮਾੜੀ ਖੁਰਾਕ, ਸੁਸਤ ਜੀਵਨ ਸ਼ੈਲੀ, ਤਣਾਅ ਅਤੇ ਅਲਕੋਹਲ ਤੇ ਡਰੱਗ ਦਾ ਇਸਤੇਮਾਲ ਵੀ ਆਦਮੀਆਂ ਵਿੱਚ ਪ੍ਰਜਨਣ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਪਿਛਲੇ ਦਹਾਕਿਆਂ ਵਿੱਚ ਇਹ ਬਦਲਾਅ ਆਇਆ ਹੈ ਕਿ ਲੋਕ ਵੱਡੀ ਉਮਰ ਵਿੱਚ ਮਾਪੇ ਬਣਦੇ ਹਨ। ਜਦੋਂ ਔਰਤਾਂ ਨੂੰ ਲਗਾਤਾਰ ਉਨ੍ਹਾਂ ਦੇ ਬਾਇਓਲੋਜਿਕਲ ਕਲੌਕ ਬਾਰੇ ਯਾਦ ਕਰਵਾਇਆ ਜਾਂਦਾ ਹੈ, ਮਰਦਾਂ ਵਿੱਚ ਉਮਰ ਦੇ ਪ੍ਰਭਾਵ ਨੂੰ ਮਸਲੇ ਵਜੋਂ ਨਹੀਂ ਦੇਖਿਆ ਗਿਆ। ਹੁਣ, ਉਹ ਵਿਚਾਰ ਬਦਲ ਰਿਹਾ ਹੈ। ਪਿਤਾ ਦੀ ਵੱਧ ਉਮਰ, ਸ਼ੁਕਰਾਣੂ ਦੀ ਮਾੜੀ ਕੁਆਲਟੀ ਅਤੇ ਘਟਦੇ ਪ੍ਰਜਨਣ ਨਾਲ ਜੋੜੀ ਜਾ ਰਹੀ ਹੈ।
ਆਦਮੀਆਂ ਵਿੱਚ ਬਾਂਝਪਨ ਬਾਰੇ ਸਮਝਣ ਅਤੇ ਇਸ ਦੇ ਰੋਕਥਾਮ, ਨਿਦਾਨ ਅਤੇ ਇਲਾਜ ਲਈ ਨਵੇਂ ਤਰੀਕੇ ਲੱਭਣ ਦਾ ਵਿਚਾਰ ਹੁਣ ਵੱਧ ਰਿਹਾ ਹੈ। ਪ੍ਰਦੂਸ਼ਣ ਦੇ ਹੱਲ ਦੀ ਲੋੜ ਬਾਰੇ ਵੀ ਜਾਗਰੂਕਤਾ ਵੱਧ ਰਹੀ ਹੈ। ਇਸੇ ਦਰਮਿਆਨ, ਕੀ ਵਿਅਕਤੀਗਤ ਤੌਰ ‘ਤੇ ਲੋਕ ਉਨ੍ਹਾਂ ਦੇ ਸ਼ੁਕਰਾਣੂ ਦੀ ਕੁਆਲਟੀ ਨੂੰ ਵਧਾਉਣ ਜਾਂ ਰੱਖਿਆ ਕਰਨ ਲਈ ਕੁਝ ਕਰ ਸਕਦੇ ਹਨ?
ਕਸਰਤ ਅਤੇ ਸਿਹਤਮੰਦ ਖੁਰਾਕ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ, ਕਿਉਂਕਿ ਇਨ੍ਹਾਂ ਨੂੰ ਸ਼ੁਕਰਾਣੂਆਂ ਦੀ ਚੰਗੀ ਕੁਆਲਟੀ ਨਾਲ ਜੋੜਿਆ ਜਾਂਦਾ ਹੈ। ਬਲਾਂਚਾਰਡ ਔਰਗੈਨਿਕ ਭੋਜਨ ਅਤੇ ਬੀਪੀਏ ਮੁਕਤ ਪਲਾਸਟਿਕ ਦੀ ਚੋਣ ਦਾ ਸੁਝਾਅ ਦਿੰਦੇ ਹਨ।
ਦੂਜੇ ਪਾਸੇ ਹੈਨਿੰਗਟਨ ਕਹਿੰਦੇ ਹਨ ਕਿ ਚੁੱਪ-ਚਪੀਤੇ ਇਹ ਦੁੱਖ ਨਾ ਝੱਲੋ।
ਪੰਜ ਸਾਲਾਂ ਦੇ ਇਲਾਜ ਅਤੇ ਆਈਸੀਐਸਆਈ (Intracytoplasmic Sperm Injection) ਦੇ ਤਿੰਨ ਗੇੜਾਂ ਬਾਅਦ ਉਹ ਅਤੇ ਉਸ ਦੀ ਪਤਨੀ ਦੋ ਬੱਚਿਆਂ ਦੇ ਮਾਪੇ ਬਣ ਸਕੇ।
ਇਹ ਇੱਕ ਆਈਵੀਐਫ ਤਕਨੀਕ ਹੈ ਜਿਸ ਵਿੱਚ ਅੰਡੇ ਦੇ ਕੇਂਦਰ ਵਿੱਚ ਇਕਹਿਰਾ ਸਪਰਮ ਇੰਜੈਕਟ ਕੀਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਦਾ ਖ਼ਰਚਾ ਖੁਦ ਚੁੱਕਣਾ ਹੁੰਦਾ ਹੈ, ਉਨ੍ਹਾਂ ਲਈ ਇਹ ਇਲਾਜ ਕਫਾਇਤੀ ਨਹੀਂ ਹੋ ਸਕਦਾ।
ਯੂਐਸ ਵਿੱਚ ਆਈਵੀਐਫ ਦਾ ਇੱਕ ਗੇੜ 30,000 ਡਾਲਰ ਤੱਕ ਦੇ ਖ਼ਰਚੇ ਵਿੱਚ ਪੈ ਜਾਂਦਾ ਹੈ ਅਤੇ ਇਸ ਲਈ ਬੀਮਾ ਕਵਰੇਜ ਤੁਹਾਡੇ ਸੂਬੇ ਅਤੇ ਤੁਹਾਡੀ ਨੌਕਰੀ ਦੀ ਜਗ੍ਹਾ ‘ਤੇ ਨਿਰਭਰ ਕਰ ਸਕਦਾ ਹੈ।
ਹੈਨਿੰਗਟਨ ਇਸ ਅਜ਼ਮਾਇਸ਼ ਦਾ ਅੱਜ ਵੀ ਆਪਣੇ ਮਨ ‘ਤੇ ਅਸਰ ਦੱਸਦੇ ਹਨ।
“ਮੈਂ ਹਰ ਰੋਜ਼ ਆਪਣੇ ਬੱਚਿਆਂ ਲਈ ਸ਼ੁਕਰਗੁਜ਼ਾਰ ਹਾਂ। ਪਰ ਤੁਸੀਂ ਕਦੇ ਭੁੱਲਦੇ ਨਹੀਂ ਹੋ। ਇਹ ਹਮੇਸ਼ਾ ਮੇਰਾ ਹਿੱਸਾ ਰਹੇਗਾ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੋਚੇਲਾ ਈਵੈਂਟ ਕੀ ਹੈ ਜਿੱਥੇ ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਨੇ ਬਟੋਰੀਆ ਸੁਰਖ਼ੀਆਂ
NEXT STORY