ਅਮ੍ਰਿਤਪਾਲ ਸਿੰਘ ਫਰਾਰ ਹੈ ਪਰ ਪੁਲਿਸ ਨੇ ਉਸ ਦੇ ਕਈ ਅਹਿਮ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ ਪੁਲਿਸ ਨੇ ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ਼ ਠੀਕ ਇੱਕ ਮਹੀਨਾ ਪਹਿਲਾਂ 18 ਮਾਰਚ ਨੂੰ ਕਾਰਵਾਈ ਵਿੱਢੀ ਸੀ, ਪਰ ਅਮ੍ਰਿਤਪਾਲ ਅੱਜ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹੈ।
ਭਾਵੇਂ ਕਿ ਅਮ੍ਰਿਤਪਾਲ ਸਿੰਘ ਫਰਾਰ ਹੋ ਗਿਆ ਹੈ ਪਰ ਪੁਲਿਸ ਨੇ ਉਸ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਇੱਕ ਮਹੀਨੇ ਦੌਰਾਨ ਅਮ੍ਰਿਤਪਾਲ ਸਿੰਘ ਦੇ ਕਥਿਤ ਤੌਰ ’ਤੇ ਪਹਿਰਾਵੇ ਬਦਲਣ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਘੁੰਮਣ ਦੀਆਂ ਤਸਵੀਰਾਂ ਅਤੇ ਵੀਡੀਓ ਮੀਡੀਆ ਰਾਹੀ ਸਾਹਮਣੇ ਆਉਂਦੀਆਂ ਰਹੀਆਂ। ਪੁਲਿਸ ਨੇ ਇਨ੍ਹਾਂ ਵੀਡੀਓ ਜਾਂ ਤਸਵੀਰਾਂ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ ਸੀ।
ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ, ਅਦਾਕਾਰ ਦਲਜੀਤ ਕਲਸੀ, ਸਾਥੀ ਪਪਲਪ੍ਰੀਤ ਸਿੰਘ, ਜੋਗਾ ਸਿੰਘ ਅਤੇ ਕਈ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹਨਾਂ ਵਿੱਚੋਂ 8 ਜਣਿਆਂ ਉੱਤੇ ਨੈਸ਼ਨਲ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾ ਕੇ ਅਸਾਮ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਐੱਨਐੱਸਏ ਅਮ੍ਰਿਤਪਾਲ ਸਿੰਘ ਦੇ ਖਿਲਾਫ਼ ਵੀ ਲੱਗਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਸੂਚਨਾ ਦੇਣ ਲਈ ਵੱਖ-ਵੱਖ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ’ਤੇ ਪੋਸਟਰ ਵੀ ਲਗਾਏ ਗਏ ਹਨ।
23 ਫ਼ਰਵਰੀ 2023 ਨੂੰ ਆਪਣੇ ਇੱਕ ਸਾਥੀ ਦੀ ਰਿਹਾਈ ਨੂੰ ਲੈ ਕੇ ਅਜਨਾਲਾ ਥਾਣੇ ਦੇ ਘਿਰਾਓ ਸਮੇਂ ਹੋਈ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਸਰਕਾਰ ਦੇ ਸਿੱਧੇ ਨਿਸ਼ਾਨੇ ’ਤੇ ਆਏ ਸਨ।
ਭਾਵੇਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਉੱਤੇ ਭੜਕਾਊ ਬਿਆਨਬਾਜ਼ੀ ਕਰਨ ਅਤੇ ਨੌਜਵਾਨਾਂ ਨੂੰ ਹਥਿਆਰਬੰਦ ਲੜਾਈ ਲਈ ਭੜਕਾਉਣ ਵਰਗੇ ਬਿਆਨ ਦੇਣ ਦੇ ਇਲਜ਼ਾਮ ਲੱਗਦੇ ਰਹੇ ਸਨ।
ਪਰ 23 ਫਰਵਰੀ ਦੀ ਘਟਨਾ ਤੋਂ ਬਾਅਦ ਉਸ ਉਪਰ ਕੇਸ ਦਰਜ ਹੋਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ।
ਅਮ੍ਰਿਤਪਾਲ ਸਿੰਘ ਦੀ ਸਿਆਸਤ
ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉਪਰ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਥਾਣੇ ਦਾ ਘਿਰਾਓ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਦਾ ਇਲਜ਼ਾਮ ਲੱਗਾ।
ਅਮ੍ਰਿਤਪਾਲ ਸਿੰਘ ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਗਸਤ 2022 ਵਿੱਚ ਪੰਜਾਬ ਵਾਪਸ ਆਇਆ ਸੀ। ਉਸ ਦਾ ਪਿੰਡ ਜੱਲੂਪੁਰ ਖੇੜਾ ਹੈ।
ਅਮ੍ਰਿਤਪਾਲ ਨੇ ਪੰਜਾਬ ਆ ਕੇ ਅਮ੍ਰਿਤ ਸੰਚਾਰ ਕੀਤਾ ਅਤੇ ਆਪਣੀਆਂ ਕਾਰਵਾਈਆਂ ਪੰਜਾਬ ਵਿੱਚ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਅਮ੍ਰਿਤਪਾਲ ਨੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਸੀ।
29 ਸਤੰਬਰ ਨੂੰ ਪਿੰਡ ਰੋਡੇ ''ਚ ਅਮ੍ਰਿਤਪਾਲ ਦੀ ਦਸਤਾਰਬੰਦੀ ਹੋਈ ਸੀ।
ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰੋਡੇ ਪਿੰਡ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੱਦੀ ਪਿੰਡ ਹੈ।
ਅਮ੍ਰਿਤਪਾਲ ਸਿੰਘ ਨੇ ਭਿੰਡਰਾਵਾਲੇ ਵਰਗਾ ਪਹਿਰਾਵਾ, ਭਾਸ਼ਾ ਤੇ ਚਾਲ-ਢਾਲ ਅਪਣਾਉਣ ਤੋਂ ਬਾਅਦ ''ਵਾਰਿਸ ਪੰਜਾਬ ਦੇ'' ਜਥੇਬੰਦੀ ਦਾ ਮੁਖੀ ਬਣਨ ਸਮੇਂ ਸਮਾਗਮ ਲਈ ਇਸੇ ਪਿੰਡ ਦੀ ਚੋਣ ਕੀਤੀ ਸੀ।
''ਵਾਰਿਸ ਪੰਜਾਬ ਦੇ'' ਜਥੇਬੰਦੀ ਕਿਸਾਨੀ ਅੰਦੋਲਨ ਦੌਰਾਨ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਬਣਾਈ ਸੀ।
ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ।
ਅਮ੍ਰਿਤਪਾਲ ਸਿੰਘ
ਖਾਲਸਾ ਵਹੀਰ ਰਾਹੀਂ ਸਰਗਰਮੀ
ਅਮ੍ਰਿਤਪਾਲ ਨੇ ਕਰੀਬ 10 ਦਿਨਾਂ ਤੱਕ ਚੱਲਣ ਵਾਲਾ ਕਾਫ਼ਲਾ ਪੰਜਾਬ ਵਿੱਚ ਕੱਢਿਆ ਸੀ। ਇਸ ਨੂੰ ‘ਖਾਲਸਾ ਵਹੀਰ’ ਦਾ ਨਾਮ ਦਿੱਤਾ ਗਿਆ ਹੈ।
ਉਹ ਆਪਣੇ ਭਾਸ਼ਣਾਂ ਵਿੱਚ ਸਿੱਖਾਂ ਨਾਲ ਭਾਰਤ ਅੰਦਰ ਕਥਿਤ ਵਿਤਕਰੇ ਦੀ ਦਲੀਲ ਦਿੰਦੇ ਸਨ ਅਤੇ ਸਿੱਖਾਂ ਲਈ ਵੱਖਰੇ ਰਾਜ ਦੀ ਮੰਗ ਕਰਦੇ ਸਨ।
ਅਮ੍ਰਿਤਪਾਲ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉਪਰ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਥਾਣੇ ਦਾ ਘਿਰਾਓ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਦਾ ਇਲਜ਼ਾਮ ਲੱਗਾ।
ਹਾਲਾਂਕਿ ਅਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਤਿਹਾਸਿਕ ਜੰਗਾਂ ਸਮੇਂ ਵੀ ਸਿੱਖ ਫੌਜੀ ਨਾਲ ਲਿਜਾਂਦੇ ਰਹੇ ਹਨ।
ਪੰਜਾਬ ਸਰਕਾਰ ਦਾ ਕਹਿਣਾ ਸੀ ਕਿ “ਸਰਕਾਰ ਅਤੇ ਪੁਲਿਸ ਨਹੀਂ ਚਾਹੁੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ।”
ਇਸ ਲਈ ਉਸ ਨੇ ਅਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਬਲ਼ ਪ੍ਰਯੋਗ ਨਹੀਂ ਕੀਤਾ ਸੀ ਅਤੇ ਉਨ੍ਹਾਂ ਦੇ ਹਿੰਸਕ ਸਾਥੀਆਂ ਦੇ ਵਾਰ ਆਪਣੇ ਉੱਤੇ ਝੱਲ ਲਏ।
ਅਮ੍ਰਿਤਪਾਲ ਸਿੰਘ ਕੌਣ ਹਨ
- ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
- ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛਡਾਓ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।
- ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
- ਪੁਲਿਸ18 ਮਾਰਚ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।
ਅਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਤਿਹਾਸਿਕ ਜੰਗਾਂ ਸਮੇਂ ਵੀ ਸਿੱਖ ਫੌਜੀ ਨਾਲ ਲਿਜਾਂਦੇ ਰਹੇ ਹਨ।
ਅਮ੍ਰਿਤਪਾਲ ਖਿਲਾਫ਼ ਕਿਉਂ ਤੇ ਕਿਵੇਂ ਹੋਈ ਕਾਰਵਾਈ ?
23 ਫਰਵਰੀ ਨੂੰ ਅਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਜਨਾਲਾ ਥਾਣਾ ਦਾ ਘਿਰਾਓ ਕੀਤਾ, ਜਿਸ ਦੌਰਾਨ ਹਿੰਸਾ ਹੋਈ।
ਅਮ੍ਰਿਤਪਾਲ ਤੇ ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ ਨੇ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਸੀ।
ਇਸ ਕਾਰਵਾਈ ਦੌਰਾਨ ਪੰਜਾਬ ਵਿੱਚ ਮੋਬਾਇਲ ਇੰਟਰਨੈੱਟ ਉੱਤੇ ਪਾਬੰਦੀ ਲਾ ਦਿੱਤੀ ਸੀ, ਜੋ ਬਾਅਦ ਵਿੱਚ 3 ਜ਼ਿਲ੍ਹਿਆਂ ’ਚ ਕੁਝ ਸਮਾਂ ਰਹੀ।
ਪੁਲਿਸ ਮੁਤਾਬਕ 18 ਮਾਰਚ ਨੂੰ ਨਾਕੇ ਤੋੜ ਕੇ ਅਮ੍ਰਿਤਪਾਲ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ।
ਅਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਤੇ ਉਨ੍ਹਾਂ ਵਕੀਲ ਅਮ੍ਰਿਤਪਾਲ ਦੇ ਪੁਲਿਸ ਹਿਰਾਸਤ ਵਿੱਚ ਹੋਣ ਦਾ ਉਦੋਂ ਤੱਕ ਦਾਅਵਾ ਕਰਦੇ ਰਹੇ, ਜਦੋਂ ਤੱਕ ਉਸ ਨੇ ਆਪ ਵੀਡੀਓ ਪਾ ਕੇ ਪੁਲਿਸ ਹਿਰਾਸਤ ਵਿੱਚ ਨਾ ਹੋਣ ਦਾ ਐਲਾਨ ਨਹੀਂ ਕਰ ਦਿੱਤਾ।
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੇ ਬਹੁਤ ਸਾਰੇ ਦੋਸਤ ਉਸਦੇ ਭਰਾ ਮਨਦੀਪ ਸਿੰਘ ਦੇ ਨਾਲ ਚਲੇ ਗਏ ਪਰ ਦਲਜੀਤ ਕਲਸੀ ਅਮ੍ਰਿਤਪਾਲ ਸਿੰਘ ਦੇ ਨਾਲ ਖੜੇ ਰਹੇ।
ਦਰਅਸਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਵਕੀਲ ਨੇ ਹਾਈਕੋਰਟ ਵਿੱਚ ਅਮ੍ਰਿਤਪਾਲ ਨੂੰ ਪੁਲਿਸ ਹਿਰਾਸਤ ਵਿੱਚ ਹੋਣ ਦਾ ਦਾਅਵਾ ਕਰਦਿਆ ਅਦਾਲਤ ਵਿੱਚ ਪੇਸ਼ ਕਰਵਾਉਣ ਲ਼ਈ ਪਟੀਸ਼ਨ ਪਾਈ ਸੀ।
ਪੁਲਿਸ ਮੁਤਾਬਕ ਅਮ੍ਰਿਤਪਾਲ ਦਾ ਇੱਕ ਵੀਡੀਓ ਨੰਗਲ ਅੰਬੀਆਂ ਗੁਰਦੁਆਰੇ ਵਿੱਚ ਦਿਖਿਆ ਸੀ, ਉਸ ਤੋਂ ਬਾਅਦ ਕਈ ਹੋਰ ਕਥਿਤ ਵੀਡੀਓ ਵੀ ਸਾਹਮਣੇ ਆਏ।
ਅਮ੍ਰਿਤਪਾਲ ਦੇ ਉਦੋਂ ਤੱਕ 7 ਸਾਥੀਆਂ ਨੂੰ ਦਿਬੜੂਗੜ੍ਹ ਅਸਾਮ ਭੇਜਿਆ ਗਿਆ ਸੀ, ਉਨ੍ਹਾਂ ਉੱਤੇ ਐੱਨਐੱਸਏ ਲੱਗਿਆ ਹੈ, ਹੁਣ ਉਸ ਦੇ 8 ਸਾਥੀ ਉੱਥੇ ਬੰਦ ਹਨ।
ਅਮ੍ਰਿਤਪਾਲ ਸਿੰਘ ਖਿਲਾਫ਼ ਐੱਨਐੱਸਏ ਸਮੇਤ ਹੋਰ ਕਈ ਸਖਤ ਧਾਰਾਵਾਂ ਤਹਿਤ 6 ਤੋਂ ਵੱਧ ਮਾਮਲੇ ਦਰਜ ਹਨ
ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇੰਗਲੈਂਡ, ਅਮਰੀਕਾ ਵਰਗੀਆਂ ਥਾਵਾਂ ਉੱਤੇ ਅਮ੍ਰਿਤਪਾਲ ਦੇ ਹੱਕ ਵਿੱਚ ਮੁਜ਼ਾਹਰੇ ਵੀ ਹੋਏ ਹਨ।
27 ਮਾਰਚ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਬੇਕਸੂਰ ਨੌਜਵਾਨਾਂ ਨੂੰ 24 ਘੰਟਿਆਂ ’ਚ ਛੱਡਣ ਦਾ ‘ਅਲਟੀਮੇਟਮ’ ਦਿੱਤਾ ਸੀ।
31 ਮਾਰਚ ਤੱਕ ਪੰਜਾਬ ਪੁਲਿਸ ਨੇ 438 ਲੋਕਾਂ ਨੂੰ ਹਿਰਾਸਤ ''ਚ ਲਿਆ ਸੀ, ਇਨ੍ਹਾਂ ਵਿੱਚੋਂ 348 ਰਿਹਾਅ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਵੀ ਕਈ ਜਣੇ ਹਿਰਾਸਤ ਵਿੱਚ ਲਏ ਗਏ ਅਤੇ ਰਿਹਾਅ ਕੀਤੇ ਗਏ।
ਅਮ੍ਰਿਤਪਾਲ ਸਿੰਘ ਨੇ 29 ਅਤੇ 30 ਮਾਰਚ ਨੂੰ ਦੋ ਵੀਡੀਓ ਜਾਰੀ ਕਰਕੇ ਪੁਲਿਸ ਹਿਰਾਸਤ ਤੋਂ ਬਾਹਰ ਹੋਣ ਦਾ ਐਲਾਨ ਕੀਤਾ।
ਅਮ੍ਰਿਤਪਾਲ ਦੇ ਕੇਸ ਬਾਰੇ ਖਾਸ ਗੱਲਾਂ
- ਪੁਲਿਸ ਮੁਤਾਬਕ 18 ਮਾਰਚ ਤੋਂ ਹਾਲੇ ਤੱਕ ਅਮ੍ਰਿਤਪਾਲ ਫਰਾਰ ਹੈ
- ਅਮ੍ਰਿਤਪਾਲ ਦੇ 8 ਸਾਥੀਆਂ ਨੂੰ ਦਿਬੜੂਗੜ੍ਹ ਅਸਾਮ ਭੇਜਿਆ ਗਿਆ ਸੀ, ਉਨ੍ਹਾਂ ਉੱਤੇ ਐੱਨਐੱਸਏ ਲੱਗਿਆ ਹੈ
- ਅਮ੍ਰਿਤਪਾਲ ਨੇ ਜਥੇਦਾਰ ਨੂੰ ਵਿਸਾਖੀ ’ਤੇ ਸਰਬੱਤ ਖਾਲਸਾ ਸੱਦਣਾ ਦੀ ਗੱਲ ਆਖੀ ਸੀ
- ਜਥੇਦਾਰ ਨੇ ਵਿਸਾਖੀ ਦੇ ਮੇਲੇ ਮੌਕੇ ਸਰਬੱਤ ਖਾਲਸਾ ਨਹੀਂ ਬੁਲਾਇਆ ਸੀ
- 10 ਅਪ੍ਰੈਲ ਨੂੰ ਅਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ
ਅਮ੍ਰਿਤਪਾਲ ਸਿੰਘ ਖਿਲਾਫ ਕਿਹੜੇ ਕੇਸ ਦਰਜ ਹਨ?
''ਵਾਰਿਸ ਪੰਜਾਬ ਦੇ'' ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਸਨ।
ਅਮ੍ਰਿਤਪਾਲ ਖ਼ਿਲਾਫ਼ ਪਹਿਲਾ ਕੇਸ 16 ਫਰਵਰੀ ਨੂੰ ਦਰਜ ਕੀਤਾ ਗਿਆ ਸੀ।
ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।
ਉਸ ਨੇ ਇਲਜ਼ਾਮ ਲਗਾਇਆ ਸੀ ਕਿ ਅਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਨੇ ਉਸ ਨੂੰ ਦਮਦਮੀ ਟਕਸਾਲ ਦੇ ਬਾਹਰੋਂ ਅਜਨਾਲਾ ਵਿੱਚ ਅਗਵਾ ਕਰ ਲਿਆ।
ਅਮ੍ਰਿਤਪਾਲ ਸਿੰਘ ਖਿਲਾਫ਼ ਮੋਗਾ ਦੇ ਬੁਧ ਸਿੰਘ ਵਾਲਾ ਵਿੱਚ 22 ਫਰਵਰੀ ਨੂੰ ਐਫਆਈਆਰ ਦਰਜ ਹੋਈ ਸੀ।
ਇੱਥੇ ਦੀਪ ਸਿੱਧੂ ਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਯਾਦ ਵਿੱਚ ਬਰਸੀ ਸਮਾਗਮ ਕਰਵਾਇਆ ਗਿਆ ਸੀ।
ਅਮ੍ਰਿਤਪਾਲ ਨੇ ਕਥਿਤ ਤੌਰ ''ਤੇ ਕਿਹਾ ਸੀ, “ਦੁਨੀਆ ਦੀ ਕੋਈ ਤਾਕਤ ਸਿੱਖਾਂ ਨੂੰ ਖ਼ਾਲਿਸਤਾਨ ਦੀ ਪ੍ਰਾਪਤੀ, ਆਜ਼ਾਦ ਰਾਜ ਦੀ ਪ੍ਰਾਪਤੀ ਤੋਂ ਨਹੀਂ ਰੋਕ ਸਕਦੀ...ਅਸੀਂ ਲੜਦੇ ਰਹਾਂਗੇ...”
ਇਸ ਕੇਸ ਵਿੱਚ ਆਈਪੀਸੀ ਦੀ ਧਾਰਾ 153-ਏ ਲਗਾਈ ਗਈ ਸੀ।
ਅਜਨਾਲਾ ਥਾਣੇ ਦੇ ਘਿਰਾਓ ਸਮੇਂ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੇ 24 ਫਰਵਰੀ ਨੂੰ ਮੁਕੱਦਮਾ ਦਰਜ ਕੀਤਾ ਸੀ।
ਇਨ੍ਹਾਂ ਉਪਰ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਦੇ ਇਲਜ਼ਾਮ ਸ਼ਾਮਿਲ ਹਨ।
ਫਰਾਰ ਅਮ੍ਰਿਤਪਾਲ ਦੇ ਵੀਡੀਓ ਸੰਦੇਸ਼
ਗ੍ਰਿਫ਼ਤਾਰੀ ਤੋਂ ਬਚ ਰਹੇ ਅਮ੍ਰਿਤਪਾਲ ਸਿੰਘ ਨੇ ਦੋ ਵੀਡੀਓ ਅਤੇ ਇੱਕ ਆਡੀਓ ਸੰਦੇਸ਼ ਜਾਰੀ ਕੀਤੇ ਹਨ।
ਉਸ ਦੀ ਪਹਿਲੀ ਵੀਡੀਓ 29 ਮਾਰਚ ਨੂੰ ਆਈ ਸੀ। ਇਸ ਤੋਂ ਬਾਅਦ 30 ਮਾਰਚ ਨੂੰ ਆਡੀਓ ਆਈ ਅਤੇ ਨਾਲ ਹੀ ਇੱਕ ਵੀਡੀਓ ਜਾਰੀ ਹੋਈ।
ਪਹਿਲੀ ਵੀਡੀਓ ਵਿੱਚ ਅਮ੍ਰਿਤਪਾਲ ਨੇ ਕਿਹਾ, “ਜੇ ਸਰਕਾਰ ਸਾਨੂੰ ਘਰੋਂ ਗ੍ਰਿਫ਼ਤਾਰ ਕਰਦੀ ਤਾਂ ਮੈਂ ਗ੍ਰਿਫ਼ਤਾਰੀ ਦੇ ਦਿੰਦਾ। ਫੋਰਸ ਲਾ ਕੇ, ਘੇਰਾ ਪਾ ਕੇ ਸਾਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੋਂ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਕੱਢਿਆ ਹੈ।”
ਅਮ੍ਰਿਤਪਾਲ ਨੇ ਅੱਗੇ ਕਿਹਾ, “ਜਥੇਦਾਰ ਸਾਹਿਬ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵਿਸਾਖੀ ਦੇ ਮੇਲੇ ’ਤੇ ਸਰਬੱਤ ਖਾਲਸਾ ਸੱਦਣਾ ਚਾਹੀਦਾ ਹੈ।”
ਸਿੱਖਾਂ ਦੇ ਕੌਮੀ ਮਸਲਿਆਂ ਉੱਤੇ ਵਿਚਾਰ ਵਟਾਂਦਰੇ ਲਈ ਅਕਾਲ ਤਖ਼ਤ ਸਾਹਿਬ ਉੱਤੇ ਸੱਦੇ ਜਾਣ ਵਾਲੇ ਸਮੁੱਚੇ ਪੰਥ ਦੇ ਇਕੱਠ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਹੈ।
ਗ੍ਰਿਫ਼ਤਾਰੀ ਬਾਰੇ ਅਮ੍ਰਿਤਪਾਲ ਨੇ ਕਿਹਾ, ''''ਇਹ ਵਾਹਿਗੁਰੂ ਦੇ ਹੱਥ ਹੈ, ਮੈਂ ਚੜ੍ਹਦੀ ਕਲਾਂ ਵਿੱਚ ਹਾਂ ਅਤੇ ਕੋਈ ਮੇਰਾ ਵਾਲ਼ ਵਿੰਗਾ ਵੀ ਨਹੀਂ ਕਰ ਸਕਿਆ।''''
ਦੂਜੀ ਵੀਡੀਓ ਵਿੱਚ ਉਨ੍ਹਾਂ ਨੇ ਜਥੇਦਾਰ ਨੂੰ ਮੁੜ ਤੋਂ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਸੀ।
ਪਰ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਰਬੱਤ ਖਾਲਸਾ ਨਹੀਂ ਬੁਲਾਇਆ ਗਿਆ ਸੀ।
ਮੀਡੀਆ ਨਾਲ ਗੱਲਬਾਤ ਵਿੱਚ ਉਹਨਾਂ ਕਿਹਾ ਸੀ ਕਿ ਸਰਬੱਤ ਖਾਲਸਾ ਕੋਈ ਸਿਰਾਂ ਦੀ ਗਿਣਤੀ ਨਹੀਂ ਹੈ ਕਿ ਲੱਖਾਂ ਸਿੱਖ ਇਕੱਠੇ ਹੋ ਗਏ ਅਤੇ ਸਰਬੱਤ ਖਾਲਸਾ ਹੋ ਜਾਵੇ। ਇਸ ਦੀ ਇੱਕ ਮਰਿਆਦਾ ਹੁੰਦੀ ਹੈ ਜਿਸ ਦੀ ਪਾਲਣਾ ਕਰਨੀ ਪੈਂਦੀ ਹੈ।
ਇਸ ਦੇ ਨਾਲ ਹੀ ਕੁਝ ਸਿੱਖ ਵਿਦਵਾਨਾਂ ਦਾ ਵੀ ਕਹਿਣਾ ਸੀ ਕਿ ਸਰਬੱਤ ਖਾਲਸਾ ਬੁਲਾਉਣ ਲ਼ਈ ਇੱਕ ਪਰਿਕ੍ਰਿਆ ਅਤੇ ਮਰਿਆਦਾ ਦੀ ਪਾਲਣਾ ਜ਼ਰੂਰੀ ਹੁੰਦੀ ਹੈ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਪੰਜਾਬ ਵਿੱਚ ਸਥਿਤੀ ਆਮ ਵਰਗੀ ਹੈ। ਅਮ੍ਰਿਤਪਾਲ ਅੰਡਰ ਗਰਾਂਉਡ ਹੋ ਗਿਆ ਅਤੇ ਪੁਲਿਸ ਤੋਂ ਫੜਿਆ ਨਹੀਂ ਜਾ ਰਿਹਾ। ਇਸ ਤੋਂ ਪਹਿਲਾਂ ਵੀ ਕਦੇ ਗਰਮ ਖਿਆਲੀ ਲੋਕਾਂ ਖਿਲਾਫ਼ ਪੁਲਿਸ ਕਰਾਵਾਈ ਸਮੇਂ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਨਹੀਂ ਕੀਤੇ।”
ਉਹ ਕਹਿੰਦੇ ਹਨ, “ਹੌਲੀ-ਹੌਲੀ ਲੋਕਾਂ ਨੇ ਉਸ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ ਹੈ। ਜਦੋਂ ਕੋਈ ਮੁੱਦਾ ਸਾਹਮਣੇ ਆਵੇਗਾ ਤਾਂ ਰੌਲਾ ਪਵੇਗਾ। ਇਹ ਪੰਜਾਬ ਦਾ ਆਮ ਜਿਹਾ ਵਰਤਾਰਾ ਹੈ। ਪੰਜਾਬ ਇੱਕ ਛੋਟਾ ਜਿਹਾ ਹਿੱਸਾ ਗਰਮ ਸਿਆਸਤ ਦਾ ਸਮਰਥਨ ਕਰਦਾ ਹੈ।”
ਵਿਦੇਸ਼ਾਂ ''ਚ ਰੋਸ ਪ੍ਰਦਰਸ਼ਨ
ਅਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਵਿੱਚ ਕਾਰਵਾਈ ਤੋਂ ਬਾਅਦ ਕੁਝ ਖਾਲਿਸਤਾਨ ਪੱਖੀ ਲੋਕਾਂ ਵੱਲੋਂ ਇੰਗਲੈਂਡ, ਅਮਰੀਕਾ ਅਤੇ ਅਸਟ੍ਰੇਲੀਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ।
19 ਮਾਰਚ ਨੂੰ ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕੁਝ ਸਿੱਖ ਸੰਗਠਨਾਂ ਵਲੋਂ ਮੁਜ਼ਾਹਰਾ ਕੀਤਾ ਗਿਆ ਸੀ।
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਮੁਜ਼ਾਹਰਾਕਾਰੀ ਇਮਾਰਤ ਦੇ ਅੰਦਰ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਤੋਂ ਭਾਰਤੀ ਝੰਡਾ ਉਤਾਰ ਦਿੱਤਾ। ਇਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਦੇਖੀਆਂ ਗਈਆਂ ਹਨ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਕਿਹਾ ਸੀ ਕਿ, “ਭਾਰਤ ਆਪਣੇ ਰਾਸ਼ਟਰੀ ਝੰਡੇ ਦਾ ਹੇਠਾਂ ਡੇਗਣਾ ਕਬੂਲ ਨਹੀਂ ਕਰੇਗਾ।”
ਐੱਸ ਜੈਸ਼ੰਕਰ ਨੇ ਕਿਹਾ, “ਇਹ ਸੁਨੇਹਾ ਸਿਰਫ਼ ਅਖੌਤੀ ਖਾਲਿਸਤਾਨੀਆਂ ਲਈ ਨਹੀਂ ਹੈ ਸਗੋਂ ਬ੍ਰਿਟਿਸ਼ ਲਈ ਵੀ ਹੈ ਕਿ ਮੇਰਾ ਝੰਡਾ ਹੈ, ਜੇਕਰ ਤੁਸੀਂ ਇਸ ਦੀ ਬੇਅਦਬੀ ਕਰੋਂਗੇ ਤਾਂ ਅਸੀਂ ਇਸ ਨੂੰ ਹੋਰ ਵੀ ਵੱਡਾ ਕਰਾਂਗੇ।”
ਸਿਆਸੀ ਪਾਰਟੀਆਂ ਦਾ ਰੁਖ਼
23 ਫਰਵਰੀ ਦੀ ਘਟਨਾ ਤੋਂ ਬਾਅਦ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪੂਰੀ ਤਰ੍ਹਾਂ ਪੰਜਾਬ ਸਰਕਾਰ ਤੇ ਆਮ ਆਦਮੀ ਉੱਤੇ ਹਮਲਾਵਰ ਹੋ ਗਏ ਸਨ।
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਕੀਤੇ ਕਿ ਅਮ੍ਰਿਤਪਾਲ ਖਿਲਾਫ਼ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਅਮ੍ਰਿਤਪਾਲ ਦੀਆਂ ਗਰਮ ਸੁਰ ਕਾਰਵਾਈਆਂ ਨੂੰ ਸ਼ਹਿ ਦੇਣ ਦੇ ਇਲਜ਼ਾਮ ਲਾਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਬਾਅਦ ਕਹਿੰਦੇ ਰਹੇ ਹਨ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਖਰਾਬ ਕਰਨ ਦੀ ਕਿਸੇ ਨੂੰ ਸੁਪਨੇ ਵਿੱਚ ਵੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਮੁੱਖ ਮੰਤਰੀ ਦਾ ਦਾਅਵਾ ਸੀ ਕਿ ਪਾਕਿਸਾਤਨੀ ਖੁਫੀਆ ਏਜੰਸੀ ਦੀ ਸ਼ਹਿ ਉੱਤੇ ਪੰਜਾਬ ਵਿੱਚ ਗੜਬੜ ਕਰਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਵਿੱਚੋਂ ਕਿਸੇ ਵੀ ਭਾਰਤ ਵਿਰੋਧੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
24 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਲਾਈਵ ਹੋ ਕੇ ਕਿਹਾ ਸੀ ਕਿ, “ਪੰਜਾਬ ਦੇ ਲੋਕਾਂ ਦਾ ਯਕੀਨ ਮੈਂ ਨਹੀਂ ਟੁੱਟਣ ਦੇਣਾ, ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਅਫ਼ਗਾਨਿਸਤਾਨ ਨਹੀਂ।”
ਪਰ ਅਮ੍ਰਿਤਪਾਲ ਉੱਤੇ ਕਾਰਵਾਈ ਦੌਰਾਨ ਵੱਡੇ ਪੱਧਰ ਉੱਤੇ ਫੜੋ-ਫੜੀ ਅਤੇ ਭਾਰੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਸੂਬੇ ਵਿੱਚ ਤੈਨਾਤੀ ਨੂੰ ਲੈਕੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਾ ਵੀ ਪਾਇਆ।

ਅਤੀਕ ਤੇ ਅਸ਼ਰਫ਼ ''ਤੇ ਹਮਲਾ ਕਰਨ ਵਾਲਿਆਂ ਦੀ ਅਪਰਾਧਕ ਕੁੰਡਲੀ ਕੀ ਹੈ
NEXT STORY