ਤੁਹਾਡਾ ਵੀ ਕਦੇ ਨਾ ਕਦੇ ਹੀਰਿਆਂ ਦੇ ਗਹਿਣੇ ਪਹਿਨਣ ਨੂੰ ਦਿਲ ਕੀਤਾ ਹੋਵੇਗਾ, ਪਰ ਕਈ ਵਾਰ ਉਸ ਦੀ ਕੀਮਤ ਦੇਖ ਕੇ ਮਨ ਨੂੰ ਸਮਝਾਇਆ ਹੋਵੇਗਾ।
ਪਹਿਲਾਂ ਭਾਰਤ ਦੇ ਰਾਜੇ-ਮਹਾਰਾਜਿਆਂ ਤੇ ਫ਼ਿਰ ਕੁਲੀਨ ਵਰਗ ਨੇ ਹਮੇਸ਼ਾਂ ਹੀਰਿਆਂ ਦੇ ਗਹਿਣੇ ਪਹਿਨ ਕੇ ਆਪਣੇ ਰੁਤਬੇ ਤੇ ਅਮੀਰੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਭਾਰਤ ਹੀ ਹੈ, ਜਿਥੇ ਹੁਣ ਹੀਰੇ ਲੈਬ ਵਿੱਚ ਬਣਾਏ ਜਾਂਦੇ ਹਨ ਤੇ ਇਨ੍ਹਾਂ ਹੀਰਿਆਂ ਦੀ ਚਮਕ ਅਸਲੀ ਦਾ ਭੁਲੇਖਾ ਹੀ ਨਹੀਂ ਪਾਉਂਦੀ ਬਲਕਿ ਅਸਲੀ ਹੀ ਨਜ਼ਰ ਆਉਂਦੀ ਹੈ।
ਬਸ ਫ਼ਰਕ ਇੰਨਾ ਹੈ ਕਿ ਇਹ ਹੀਰੇ ਖ਼ਰੀਦਣ ਲੱਗਿਆ ਜੇਬ ’ਤੇ ਬਹੁਤਾ ਬੋਝ ਵੀ ਨਹੀਂ ਪਵੇਗਾ।
ਆਖ਼ਰ ਇਨ੍ਹਾਂ ਹੀਰਿਆਂ ਦੀ ਖ਼ਾਸੀਅਤ ਕੀ ਹੈ ਤੇ ਭਾਰਤ ਵਿੱਚ ਇਨ੍ਹਾਂ ਦਾ ਨਿਰਮਾਣ ਕਿਵੇਂ ਸ਼ੁਰੂ ਹੋਇਆ? ਤੇ ਹੁਣ ਹੀਰਾ ਉਦਯੋਗ ਕਿੰਨਾ ਵੱਡਾ ਹੈ?
ਕੁਦਰਤੀ ਹੀਰਿਆਂ ਤੋਂ ਮਨੁੱਖ ਦੇ ਬਣਾਏ ਹੀਰਿਆਂ ਦਾ ਸਫ਼ਰ
ਕਰੀਬ 10 ਸਾਲ ਪਹਿਲਾਂ ਅਜਿਹੀ ਕੋਈ ਹੀ ਫ਼ਰਮ ਸੀ, ਜੋ ਹੀਰੇ ਬਣਾਉਂਦੀ ਸੀ। ਪਰ ਤਕਨੀਕ ਵਿੱਚ ਸੁਧਾਰ ਨਾਲ ਇਹ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ।
ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਏ ਹੀਰੇ ਜਿਨ੍ਹਾਂ ਨੂੰ ਲੈਬ ਗਰੋਨ ਡਾਇਮੰਡ ਕਿਹਾ ਜਾਂਦਾ ਹੈ, ਕੁਦਰਤੀ ਹੀਰਿਆਂ ਨਾਲ ਇੰਨੇ ਨੇੜਿਓਂ ਮਿਲਦੇ-ਜੁਲਦੇ ਹਨ ਕਿ ਮਾਹਰਾਂ ਨੂੰ ਵੀ ਧਿਆਨ ਨਾਲ ਦੇਖਣਾ ਪੈਂਦਾ ਹੈ।
ਸੁਹਾਗੀਆ ਕਹਿੰਦੇ ਹਨ,"ਕੋਈ ਵੀ ਨੰਗੀ ਅੱਖ ਕੁਦਰਤੀ ਅਤੇ ਪ੍ਰਯੋਗਸ਼ਾਲਾ ਦੇ ਬਣੇ ਹੀਰਿਆਂ ਵਿਚਲਾ ਫ਼ਰਕ ਨਹੀਂ ਦੱਸ ਸਕਦਾ।"
ਉਹ ਇੱਕ ਕਿੱਸਾ ਸੁਣਾਉਂਦੇ ਹਨ,"ਇੱਕ ਵਾਰ ਅਸਲ ਹੀਰੇ ਦੀ ਨਕਲ ਵਰਗਾ ਪ੍ਰਯੋਗਸ਼ਾਲਾ ਵਿੱਚ ਹੀਰਾ ਬਣਾਇਆ ਗਿਆ। ਜਦੋਂ ਮਿਲਾਉਣ ਲੱਗੇ ਤਾਂ ਉਹ ਆਪਸ ਵਿੱਚ ਰਲ਼ ਗਏ।”
“ਮਾਹਰਾਂ ਨੂੰ ਵੀ ਪਤਾ ਨਾ ਲੱਗੇ ਕਿ ਲੈਬ ਵਿੱਚ ਬਣਿਆ ਹੀਰਾ ਕਿਹੜਾ ਹੈ। ਉਸ ਦੀ ਦੋ ਵਾਰ ਜਾਂਚ ਕਰਨੀ ਪਈ।"
ਹੀਰੇ ਬਣਦੇ ਕਿਵੇਂ ਹਨ?
ਕੁਦਰਤੀ ਹੀਰੇ ਬਹੁਤ ਜ਼ਿਆਦਾ ਗਰਮੀ ਅਤੇ ਡੂੰਘੇ ਭੂਮੀਗਤ ਦਬਾਅ ਵਿੱਚ ਬਣਦੇ ਹਨ।
1950 ਦੇ ਦਹਾਕੇ ਤੋਂ, ਵਿਗਿਆਨੀ ਜ਼ਮੀਨ ਦੇ ਉੱਪਰ ਉਸ ਪ੍ਰਕਿਰਿਆ ਜ਼ਰੀਏ ਅਜਿਹੇ ਹੀ ਹੀਰੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ-ਨਤੀਜੇ ਵਜੋਂ ਦੋ ਤਕਨੀਕਾਂ ਸਾਹਮਣੇ ਆਈਆਂ ਹਨ।
ਹਾਈ ਪ੍ਰੈਸ਼ਰ ਹਾਈ ਟੈਂਪਰੇਚਰ (ਐੱਚਪੀਐੱਚਟੀ) ਸਿਸਟਮ ਤੇ ਕੈਮੀਕਲ ਵੈਪਰ ਡੈਪੋਜ਼ੀਸ਼ਨ (ਸੀਵੀਡੀ)।
ਐੱਚਪੀਐੱਚਟੀ ਵਿੱਚ ਇੱਕ ਹੀਰੇ ਦਾ ਬੀਜ ਸ਼ੁੱਧ ਗ੍ਰੇਫ਼ਾਈਟ (ਇੱਕ ਕਿਸਮ ਦੀ ਕਾਰਬਨ) ਨਾਲ ਘਿਰਿਆ ਹੁੰਦਾ ਹੈ ਅਤੇ ਲਗਭਗ 1500 ਡਿਗਰੀ ਸੈਲਸੀਅਸ ਤਾਪਮਾਨ ਦੇ ਸੰਪਰਕ ਵਿੱਚ ਹੁੰਦਾ ਹੈ ਅਤੇ ਇੱਕ ਚੈਂਬਰ ਵਿੱਚ ਕਰੀਬ 150 ਕਰੋੜ ਪੌਂਡ ਪ੍ਰਤੀ ਵਰਗ ਇੰਚ ਤੱਕ ਦਬਾਅ ਹੁੰਦਾ ਹੈ।
ਦੂਜੀ ਪ੍ਰਕਿਰਿਆ ਜਿਸ ਨੂੰ ਕੈਮੀਕਲ ਵੈਪਰ ਡਿਪੋਜ਼ਿਸ਼ਨ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਬੀਜ ਨੂੰ ਕਾਰਬਨ ਗੈਸ ਨਾਲ ਭਰੇ ਇੱਕ ਸੀਲਬੰਦ ਚੈਂਬਰ ਵਿੱਚ ਰੱਖਿਆ ਜਾਂਦਾ ਹੈ।
ਜਿਥੇ ਇਸ ਨੂੰ ਕਰੀਬ 800 ਡਿਗਰੀ ਸੈਲਸੀਅਸ ਤੱਕ ਗ਼ਰਮ ਕਰਨਾ ਸ਼ਾਮਲ ਹੈ। ਗੈਸ ਬੀਜ ਨਾਲ ਚਿਪਕ ਜਾਂਦੀ ਹੈ, ਪਰਮਾਣੂ ਤੋਂ ਇੱਕ ਪਰਮਾਣੂ ਹੀਰਾ ਬਣਦਾ ਹੈ।
ਇਹ ਤਕਨੀਕਾਂ 20ਵੀਂ ਸਦੀ ਦੇ ਅਖ਼ੀਰ ਵਿੱਚ ਸਾਹਮਣੇ ਆਈਆਂ ਸਨ ਤੇ ਪਿਛਲੇ ਕਰੀਬ 10 ਸਾਲਾਂ ਵਿੱਚ ਇਨ੍ਹਾਂ ਨੂੰ ਹੋਰ ਸੁਧਾਰਿਆ ਗਿਆ ਸੀ।
ਤਾਂ ਜੋ ਪ੍ਰਯੋਗਸ਼ਾਲਾ ਵਿੱਚ ਬਣੇ ਹੀਰਿਆਂ ਨੂੰ ਗਹਿਣਿਆ ਲਈ ਵਰਤਿਆ ਜਾ ਸਕੇ।
ਹੀਰੇ ਦੇ ਗਹਿਣਿਆ ਦਾ ਬਾਜ਼ਾਰ
ਬੈਨ ਐਂਡ ਕੰਪਨੀ ਦੇ ਨੈਚੁਰਲ ਰਿਸੋਰਸ ਪ੍ਰੈਕਟਿਸ ਯੁਨਿਟ ਵਿੱਚ ਜ਼ਿਊਰਿਕ-ਅਧਾਰਤ ਭਾਈਵਾਲ ਓਲਿਆ ਲਿੰਡੇ ਕਹਿੰਦੇ ਹਨ,"ਸ਼ੁਰੂਆਤ ਵਿੱਚ, ਇਹ ਔਖਾ ਸੀ, ਕਿਉਂਕਿ ਇੱਥੇ ਬਹੁਤ ਘੱਟ ਮਸ਼ੀਨਾਂ ਸਨ ਅਤੇ ਬਹੁਤ ਘੱਟ ਵਿਗਿਆਨੀ ਅਜਿਹਾ ਕਰਨ ਦੇ ਯੋਗ ਸਨ... ਪਿਛਲੇ ਸੱਤ ਸਾਲਾਂ ਵਿੱਚ, ਜਿਵੇਂ ਹੀ ਬਾਜ਼ਾਰ ਵਿੱਚ ਵਧੀਆ ਸਾਧਨ ਉਪਲਬਧ ਹੋਏ ਹਨ ਲੋਕਾਂ ਨੇ ਮੁਹਾਰਤ ਹਾਸਲ ਕੀਤੀ ਹੈ। ਅਸੀਂ ਇਸ ਖੇਤਰ ਵਿੱਚ ਵੱਡਾ ਵਾਧਾ ਦੇਖਿਆ ਹੈ।"
ਲਿੰਡੇ ਕਹਿੰਦੇ ਹਨ ਕਿ 2000 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਲੈਬ ਦੁਆਰਾ ਵਿਕਸਿਤ ਹੀਰਿਆਂ ਦੇ ਉਤਪਾਦਨ ਦੀ ਲਾਗਤ ਹਰ ਚਾਰ ਸਾਲਾਂ ਵਿੱਚ ਅੱਧੀ ਹੋਈ ਸੀ।
ਅੱਜਕੱਲ੍ਹ, ਇੱਕ ਇੱਕ ਕੈਰੇਟ ਇੱਕ ਖ਼ਾਸ ਆਕਾਰ ਦਾ ਹੀਰਾ ਜੋ ਵਿਆਹ ਵਗੈਰਾਂ ਲਈ ਬਣਾਈਆਂ ਜਾਣ ਵਾਲੀਆਂ ਮੁੰਦਰੀਆਂ ਦਾ ਵਿੱਚ ਵਰਤਿਆ ਜਾਂਦਾ ਹੈ ਕਰੀਬ 20 ਫ਼ੀਸਦ ਸਸਤਾ ਹੋਇਆ ਹੈ।
ਇਨ੍ਹਾਂ ਘਟਦੀਆਂ ਲਾਗਤਾਂ ਨੇ ਉੱਦਮੀਆਂ ਨੂੰ ਆਕਰਸ਼ਿਤ ਕੀਤਾ ਹੈ।
ਸਨੇਹਲ ਡੂੰਗਰਨੀ ਭੰਡਾਰੀ ਲੈਬ ਗਰੋਨ ਡਾਇਮੰਡਸ ਦੀ ਮੁੱਖ ਕਾਰਜਕਾਰੀ ਹੈ। ਇਸ ਕੰਪਨੀ ਦੀ ਸ਼ੁਰੂਆਤ ਉਨ੍ਹਾਂ ਨੇ 2013 ਵਿੱਚ ਕੀਤੀ ਸੀ। ਇਹ ਹੀਰੇ ਬਣਾਉਣ ਲਈ ਸੀਵੀਡੀ ਪ੍ਰਕਿਰਿਆ ਦੀ ਵਰਤੋਂ ਕਰਦੀ ਹੈ।
ਉਹ ਕਹਿੰਦੇ ਹਨ,"ਅਸੀਂ ਹੀਰੇ ਦੇ ਵਾਧੇ ਦੀ ਨਿਗਰਾਨੀ ਕਰਨ ਦੇ ਯੋਗ ਹਾਂ, ਪਰਮਾਣੂ ਦਰ ਪਰਮਾਣੂ, ਸ਼ੁੱਧਤਾ ਦੇ ਉੱਚੇ ਪੱਧਰ ਤੱਕ ਅਸੀਂ ਧਿਆਨ ਰੱਖਦੇ ਹਾਂ।”
ਉਹ ਕਹਿੰਦੇ ਹਨ,"ਤੁਲਨਾਤਮਕ ਤੌਰ ''ਤੇ ਇਹ ਹੀਰੇ ਲਾਗਤ ਅਤੇ ਸਮਾਂ ਬਚਾਉਣ ਵਾਲੇ ਹਨ ਅਤੇ ਖਣਨ ਅਤੇ ਕੱਢਣ ਦੇ ਖਰਚਿਆਂ ਨੂੰ ਬਚਾਉਂਦੇ ਹਨ। ਉਨ੍ਹਾਂ ਨੂੰ ਮਨੁੱਖੀ ਜੀਵਨ ਅਤੇ ਵਾਤਾਵਰਣ ਲਈ ਅਨੁਕੂਲ ਬਣਾਉਂਦੇ ਹਨ।"
ਹੀਰਿਆਂ ਦਾ ਭਾਰਤੀ ਬਾਜ਼ਾਰ
ਭਾਰਤ ਨੇ ਲੰਬੇ ਸਮੇਂ ਤੋਂ ਹੀਰਾ ਉਦਯੋਗ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਦੇ 10 ਵਿੱਚੋਂ 9 ਹੀਰੇ ਸੂਰਤ ਵਿੱਚ ਪਾਲਿਸ਼ ਕੀਤੇ ਜਾਂਦੇ ਹਨ।
ਹੁਣ ਸਰਕਾਰ ਚਾਹੁੰਦੀ ਹੈ ਕਿ ਭਾਰਤ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਹੀਰਿਆਂ ਦੇ ਕਾਰੋਬਾਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ।
ਵਣਜ ਅਤੇ ਉਦਯੋਗ ਮੰਤਰਾਲੇ ਮੁਤਾਬਕ, ਦੇਸ਼ ਪਹਿਲਾਂ ਹੀ ਇੱਕ ਸਾਲ ਵਿੱਚ ਪ੍ਰਯੋਗਸ਼ਾਲਾ ਵਿੱਚ ਕਰੀਬ 30 ਲੱਖ ਹੀਰਿਆਂ ਦਾ ਉਤਪਾਦਨ ਕਰਦਾ ਹੈ, ਜੋ ਕਿ ਵਿਸ਼ਵ ਉਤਪਾਦਨ ਦਾ 15 ਫ਼ੀਸਦ ਬਣਦਾ ਹੈ।
ਭਾਰਤ ਤੋਂ ਬਾਅਦ ਚੀਨ ਦੂਸਰਾ ਵੱਡਾ ਉਤਪਾਦਕ ਹੈ। ਉਸ ਦੀ ਬਾਜ਼ਾਰ ਵਿੱਚ ਬਰਾਬਰ ਦੀ ਹੀ ਹਿੱਸੇਦਾਰੀ ਹੈ।
ਭਾਰਤ ਸਰਕਾਰ ਦੇ ਚੁੱਕੇ ਕਦਮ
ਜਨਵਰੀ ਵਿੱਚ, ਸੈਕਟਰ ਨੂੰ ਹੋਰ ਹੁਲਾਰਾ ਦੇਣ ਦੀ ਕੋਸ਼ਿਸ਼ ਵਿੱਚ, ਭਾਰਤ ਸਰਕਾਰ ਨੇ ਆਯਾਤ ਕੀਤੇ ਹੀਰੇ ਦੇ ਬੀਜਾਂ ''ਤੇ 5 ਫ਼ੀਸਦ ਟੈਕਸ ਖ਼ਤਮ ਕਰ ਦਿੱਤਾ ਸੀ।
ਇਸ ਨਾਲ ਭਾਰਤ ਨੂੰ ਆਪਣਾ ਹੀਰਾ ਉਦਯੋਗ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਫੰਡ ਦੇਣ ਦਾ ਐਲਾਨ ਕੀਤਾ ਗਿਆ।
ਵਣਜ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਪੁਲ ਬਾਂਸਲ ਨੇ ਕਿਹਾ, "ਜਿਵੇਂ-ਜਿਵੇਂ ਸੰਸਾਰਕ ਖੁਸ਼ਹਾਲੀ ਵਧੇਗੀ, ਹੀਰਿਆਂ ਦੀ ਮੰਗ ਵਧੇਗੀ।"
ਰਵਾਇਤੀ ਹੀਰਾ ਉਦਯੋਗ ਵਿੱਚ 30 ਸਾਲਾਂ ਤੋਂ ਹਰੀ ਕ੍ਰਿਸ਼ਨਾ ਐਕਸਪੋਰਟਸ ਕੱਟੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦਾ ਭਾਰਤ ਦਾ ਪ੍ਰਮੁੱਖ ਉਤਪਾਦਕ ਹੈ।
ਪਰ ਇਸ ਸਾਲ ਨਿਰਦੇਸ਼ਕ ਘਨਸ਼ਿਆਮਭਾਈ ਢੋਲਕੀਆ ਨੇ ਇੱਕ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਹੀਰੇ ਦੇ ਕਾਰੋਬਾਰ ਦੀ ਸਥਾਪਨਾ ਕੀਤੀ।
ਉਨ੍ਹਾਂ ਨੇ ਇੱਕ ਭਵਿੱਕ ਬਾਣੀ ਵੀ ਕੀਤੀ ਕਿ, "ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ, ਅਸੀਂ ਪ੍ਰਯੋਗਸ਼ਾਲਾ ਵਿੱਚ ਬਣਦੇ ਹੀਰਿਆਂ ਦੇ ਉਤਪਾਦਨ ਤੇ ਮੰਗ ਵਿੱਚ ਵੱਡਾ ਵਾਧਾ ਦੇਖਾਂਗੇ।"
ਕੁਦਰਤੀ ਹੀਰਿਆਂ ਦੇ ਬਾਜ਼ਾਰ ’ਤੇ ਕੀ ਅਸਰ ਪਵੇਗਾ?
ਪਰ ਕੀ ਨਵਾਂ ਕਾਰੋਬਾਰ ਹੀਰਿਆਂ ਦੇ ਰਵਾਇਤੀ ਹੀਰਾ ਕਾਰੋਬਾਰ ਨੂੰ ਪ੍ਰਭਾਵਿਤ ਕਰੇਗਾ ਤੇ ਉਸ ਦੇ ਖ਼ਰੀਦਦਾਰ ਲੈਬ ਵਿੱਚ ਬਣਨ ਵਾਲੇ ਹੀਰੇ ਖ਼ਰੀਦਣ ਲੱਗਣਗੇ?
ਢੋਲਕੀਆ ਕਹਿੰਦੇ ਹਨ, "ਕੁਦਰਤੀ ਅਤੇ ਪ੍ਰਯੋਗਸ਼ਾਲਾ ਦੇ ਬਣਾਏ ਹੀਰਿਆਂ ਦੇ ਖਪਤਕਾਰ ਦੇ ਹਿੱਸਿਆਂ ਵਿੱਚ ਵੰਡੇ ਹੋਏ ਹਨ।"
ਉਹ ਕਹਿੰਦੇ ਹਨ,"ਐੱਲਜੀਡੀ ਨੇ ਇੱਕ ਨਵਾਂ ਉਪਭੋਗਤਾ ਬਾਜ਼ਾਰ ਖੋਲ੍ਹਿਆ ਹੈ। ਭਾਰਤ ਵਿੱਚ ਮੱਧ ਵਰਗ, ਜਿਸ ਕੋਲ ਪੈਸਾ ਹੈ ਉਹ ਪ੍ਰਯੋਗਸ਼ਾਲਾ ਦੇ ਬਣਾਏ ਹੀਰੇ ਖਰੀਦਣ ਯੋਗ ਹੋਣਗੇ।"
ਹਾਲਾਂਕਿ, ਭਾਰਤ ਵਿੱਚ ਇਸ ਬਾਜ਼ਾਰ ਨੂੰ ਸ਼ੁਰੂ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਭਾਰਤ ਵਿੱਚ ਬਣੇ ਜ਼ਿਆਦਾਤਰ ਐੱਲਜੀਡੀ ਅਮਰੀਕਾ ਨੂੰ ਨਿਰਯਾਤ ਕੀਤੇ ਜਾਂਦੇ ਹਨ।
"ਲੈਬ ਗ੍ਰੋਨ ਡਾਇਮੰਡ ਐਂਡ ਜਵੈਲਰੀ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਸ਼ਸ਼ੀਕਾਂਤ ਦਲੀਚੰਦ ਸ਼ਾਹ ਕਹਿੰਦੇ ਹਨ,“ਭਾਰਤੀ ਬਾਜ਼ਾਰ ਅਜੇ ਵੀ ਤਿਆਰ ਨਹੀਂ ਹੈ, ਇਸ ਲਈ ਅਸੀਂ ਕੌਂਸਲ ਦੇ ਤੌਰ ''ਤੇ ਐੱਲਜੀਡੀ ਲਈ ਜਗ੍ਹਾ ਬਣਾਉਣ ਲਈ ਪ੍ਰਦਰਸ਼ਨੀਆਂ ਅਤੇ ਸਮਾਗਮਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ। ਤਿੰਨ ਤੋਂ ਚਾਰ ਸਾਲਾਂ ਵਿੱਚ ਭਾਰਤ ਤਿਆਰ ਹੋ ਜਾਵੇਗਾ।"
ਨਕਲੀ ਹੀਰਿਆਂ ਦਾ ਵਿਕਣ ਤੋਂ ਬਾਅਦ ਮੁੱਲ
ਸ਼ਾਹ ਆਪਣੇ ਪੜਦਾਦਾ ਵਲੋਂ ਸਥਾਪਿਤ ਹੀਰਾ ਵਪਾਰਕ ਕੰਪਨੀ ਨਾਇਨ ਡਾਇਮ ਦੇ ਚੇਅਰਮੈਨ ਹਨ।
ਉਹ ਇਸ ਗੱਲ ਨਾਲ ਸਹਿਮਤ ਹਨ ਕਿ ਲੈਬ ’ਚ ਬਣੇ ਹੀਰਿਆਂ ਦੇ ਬਾਜ਼ਾਰ ਦੀ ਖ਼ੁਦਾਈ ਕੀਤੇ ਗਏ ਹੀਰਿਆਂ ਨਾਲੋਂ ਬਹੁਤ ਵੱਖਰੀ ਥਾਂ ਹੋਵੇਗੀ।
"ਪ੍ਰਯੋਗਸ਼ਾਲਾ ਜਾਂ ਫ਼ੈਕਟਰੀ ਵਿੱਚ ਬਣਿਆ ਹੀਰਾ ਇੱਕ ਨਕਲੀ ਹੀਰਾ ਹੁੰਦਾ ਹੈ। ਇਸ ਲਈ ਇੱਕ ਖਰੀਦਦਾਰ ਜੋ ਹੀਰੇ ਨੂੰ ਜਾਣਦਾ ਅਤੇ ਪਿਆਰ ਕਰਦਾ ਹੈ, ਉਹ ਹਮੇਸ਼ਾ ਅਸਲੀ ਹੀਰੇ ਵੱਲ ਆਕਰਸ਼ਿਤ ਹੁੰਦਾ ਹੈ।"
ਉਹ ਕਹਿੰਦੇ ਹਨ ਕਿ ਕੁਦਰਤੀ ਹੀਰਿਆਂ ਦੀ ਸਾਪੇਖਿਕ ਕਮੀ ਦਾ ਮਤਲਬ ਹੈ ਕਿ ਉਹ ਆਪਣੀ ਉੱਚੀ ਕੀਮਤ ਨੂੰ ਬਣਾਈ ਰੱਖਣ ਯੋਗ ਰਹਿਣਗੇ।
ਉਹ ਕਹਿੰਦੇ ਹੈ, "ਪ੍ਰਯੋਗਸ਼ਾਲਾ ਦੁਆਰਾ ਵਿਕਸਿਤ ਹੀਰੇ ਖਰੀਦਣ ਤੋਂ ਬਾਅਦ ਆਪਣੀ ਕੀਮਤ ਗੁਆ ਦਿੰਦੇ ਹਨ, ਜਦੋਂ ਕਿ ਕੁਦਰਤੀ ਹੀਰੇ ਦੇ ਮਾਮਲਿ ਵਿੱਚ ਇਸਦਾ 50 ਫ਼ੀਸਦ ਮੁੱਲ ਖਰੀਦਣ ਤੋਂ ਬਾਅਦ ਬਰਕਰਾਰ ਰਹਿ ਜਾਂਦਾ ਹੈ।"
ਹਾਲਾਂਕਿ ਇਹ ਮਾਮਲਾ ਹੋ ਸਕਦਾ ਹੈ, ਪ੍ਰਯੋਗਸ਼ਾਲਾ ਵਿੱਚ ਤਿਆਰ ਹੀਰੇ ਗਹਿਣਿਆਂ ਦੇ ਡਿਜ਼ਾਈਨਰਾਂ ਨੂੰ ਆਪਣੀ ਕਲਾਕਾਰੀ ਦਿਖਾਉਣ ਦਾ ਵੱਧ ਮੌਕਾ ਮਿਲ ਸਕਦਾ ਹੈ।
ਲਿੰਡੇ ਮੁਤਾਬਕ,"ਕੁਦਰਤੀ ਹੀਰੇ ਇੰਨੇ ਮਹਿੰਗੇ ਹੁੰਦੇ ਹਨ ਕਿ ਤੁਸੀਂ ਹਮੇਸ਼ਾਂ ਕੁਦਰਤੀ ਪੱਥਰ ਤੋਂ ਹੀਰੇ ਨੂੰ ਵੱਧ ਤੋਂ ਵੱਧ ਬਣਾਉਣਾ ਚਾਹੁੰਦੇ ਹੋ।”
“ਪ੍ਰਯੋਗਸ਼ਾਲਾ ਦੁਆਰਾ ਤਿਆਰ ਕੀਤੇ ਗਏ ਹੀਰਿਆਂ ਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ ਡਿਜ਼ਾਈਨ ਕਰ ਸਕਦੇ ਹੋ।"
"ਅਸੀਂ ਗਹਿਣੇ ਦੇਖੇ ਹਨ ਜਿੱਥੇ ਉਨ੍ਹਾਂ ਨੇ ਹੀਰਿਆਂ ਵਿੱਚ ਛੇਕ ਕੀਤੇ ਤੇ ਜਦੋਂ ਉਹ ਲਟਕਦੇ ਤਾਂ ਬੇਹੱਦ ਚਮਕਦੇ ਹਨ।"
ਉਨ੍ਹਾਂ ਮੁਤਾਬਕ ਇਸ ਤਰ੍ਹਾਂ ਹੀਰਿਆਂ ਦੀ ਚਮਕ ਤੇ ਮਨਚਾਹੇ ਡਿਜ਼ਾਇਨਾਂ ਦੇ ਗਹਿਣੇ ਤੁਹਾਡੀ ਖ਼ੁਬਸੂਰਤੀ ਨੂੰ ਹੋਰ ਨਿਖ਼ਾਸ ਸਕਦੇ ਹਨ।

ਇੱਕ ਮਹੀਨੇ ਬਾਅਦ ਵੀ ਅਮ੍ਰਿਤਪਾਲ ਪੁਲਿਸ ਦੀ ਗ੍ਰਿਫ਼ਤ ''ਚੋਂ ਬਾਹਰ, ਹੁਣ ਤੱਕ ਕੀ-ਕੀ ਹੋਇਆ
NEXT STORY