(ਸੰਕੇਤਕ ਤਸਵੀਰ)
ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਕੁੜੀ ਨੂੰ ਜਾਣ ਤੋਂ ਕਥਿਤ ਤੌਰ ''ਤੇ ਰੋਕੇ ਜਾਣ ਦਾ ਮਾਮਲਾ ਸੋਸ਼ਲ ਮੀਡੀਆ ਉਪਰ ਤਿੱਖੀ ਬਹਿਸ ਦਾ ਮੁੱਦਾ ਬਣਿਆ ਹੋਇਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੁਝ ਪੰਥਕ ਵਿਦਵਾਨ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਨਾਲ ਜੋੜ ਰਹੇ ਹਨ, ਪਰ ਕੁਝ ਲੋਕ ਇਸ ਨੂੰ ਤਿਰੰਗੇ ਦੇ ਟੈਟੂ ਅਤੇ ਰਾਸ਼ਟਰਵਾਦ ਨਾਲ ਜੋੜ ਰਹੇ ਹਨ।
ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸੇਵਾਦਾਰ ਨੇ ਕੁੜੀ ਨੂੰ ਇਸ ਲਈ ਰੋਕਿਆ ਕਿਉਂਕਿ ਉਸ ਦੇ ਸਕਰਟ ਪਾਈ ਹੋਈ ਸੀ, ਜਦਕਿ ਕੁੜੀ ਅਤੇ ਉਸ ਦੀ ਤਰਫ਼ੋਂ ਬਹਿਸ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਕੁੜੀ ਦੇ ਮੂੰਹ ਉੱਤੇ ਤਿੰਰਗਾ ਬਣਿਆ ਹੋਣ ਕਾਰਨ ਉਸ ਨੂੰ ਰੋਕਿਆ ਗਿਆ।
ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਬਿਰਤਾਂਤ ਦੀ ਨਿੰਦਾ ਕੀਤੀ ਹੈ ਅਤੇ ਧਾਰਮਿਕ ਸਥਾਨ ''ਤੇ ਆਉਣ ਵਾਲੇ ਲੋਕਾਂ ਨੂੰ ਮਰਿਆਦਾ ਦਾ ਖ਼ਿਆਲ ਰੱਖਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਦੀ ਜਾਂਚ ਕਰਨ ਦਾ ਐਲਾਨ ਕਰ ਚੁੱਕੇ ਹਨ।
ਸਾਡੀ ਇਸ ਰਿਪੋਰਟ ਦਾ ਕੇਂਦਰ ਬਿੰਦੂ ਇਹ ਨਹੀਂ ਹੈ ਕਿ ਉਸ ਦਿਨ ਕੀ ਹੋਇਆ ਜਾਂ ਕੀ ਨਹੀਂ ਹੋਇਆ। ਸਗੋਂ ਇਸ ਰਿਪੋਰਟ ਰਾਹੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰਦੁਆਰਾ ਸਾਹਿਬ ਜਾਂ ਦਰਬਾਰ ਸਾਹਿਬ ਜਾਣ ਲਈ ਕੋਈ ਲਿਖਤੀ ਜਾਂ ਤੈਅ ਨਿਯਮ ਹਨ?
ਗੁਰਦੁਆਰਿਆਂ ਵਿੱਚ ਜਾਣ ਸਮੇਂ ਸਿੱਖ ਰਹਿਤ ਮਰਿਯਾਦਾ ਦੇ ਲਿਖਤੀ ਨਿਯਮ
ਸਿੱਖ ਪੰਥ ਦੀ ਲਿਖਤ ਰਹਿਤ ਮਰਿਯਾਦਾ ਵਿੱਚ ਗੁਰਦੁਆਰਿਆਂ ਵਿੱਚ ਜਾਣ ਲ਼ਈ ਕੁਝ ਲਿਖਤ ਨਿਯਮਾਂ ਦਾ ਵੇਰਵਾ ਮਿਲਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਅਕਤੂਬਰ 1936 ਨੂੰ ਸਿੱਖਾਂ ਲਈ ਰਹਿਤ ਅਤੇ ਪੰਥ ਦੀਆਂ ਰਹੁ ਰੀਤਾਂ ਨਾਲ ਸਬੰਧਤ ਨਿਯਮਾਂ ਨੂੰ ਅਪਣਾਇਆ ਗਿਆ ਸੀ ਜਿਸ ਨੂੰ ਸਿੱਖ ਰਹਿਤ ਮਰਿਆਦਾ ਕਿਹਾ ਜਾਂਦਾ ਹੈ।
ਇਸ ਵਿੱਚ ਪੰਜਾਂ ਤਖ਼ਤਾ ਅਤੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਮਰਿਯਾਦਾ ਦੇ ਸਨਮਾਨ ਦਾ ਵਿਸਥਾਰਤ ਵੇਰਵਾ ਦਿੱਤਾ ਗਿਆ ਹੈ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਸਮੇਂ।
ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਇਟ ਉੱਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਉੁਪਲੱਬਧ ਮਰਿਯਾਦਾ ਦੇ ਪੰਨਾ ਨੰਬਰ 15 ਉੱਤੇ ਗੁਰਦੁਆਰਿਆਂ ਵਿੱਚ ਜਾਣ ਲਈ ਨਿਯਮ ਦਿੱਤੇ ਗਏ ਹਨ।
- ਗੁਰਦੁਆਰੇ ਦੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋਕੇ ਜਾਣਾ ਚਾਹੀਏ, ਜੇ ਪੈਰ ਮੈਲ਼ੇ ਜਾਂ ਗੰਦੇ ਹੋਣ ਤਾਂ ਜਲ਼ ਨਾਲ ਧੋ ਲੈਣੇ ਚਾਹੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਸੱਜੇ ਹੱਥ ਰੱਖ ਕੇ ਪਰਿਕਰਮਾ ਕਰਨੀ ਚਾਹੀਏ।
- ਗੁਰਦਆਰੇ ਅੰਦਰ ਦਰਸ਼ਨਾਂ ਲ਼ਈ ਜਾਣ ਲ਼ਈ ਕਿਸੇ ਦੇਸ਼, ਮਜ੍ਹਬ, ਜਾਤਿ ਵਾਲੇ ਨੂੰ ਮਨ੍ਹਾਹੀ ਨਹੀਂ, ਪਰ ਉਸ ਪਾਸ ਸਿੱਖ ਧਰਮ ਵਿੱਚ ਵਿਵਰਜਿਤ ਤਮਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ।
- ਗੁਰਦੁਆਰੇ ਦੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੈ, ਉਪ੍ਰੰਤ ਗੁਰੂ ਰੂਪ ਸਾਧਿ ਸੰਗਤ ਦੇ ਦਰਸ਼ਨ ਕਰਕੇ ਸਹਿਤ ਨਾਲ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’ ਬੁਲਾਈ ਜਾਵੇ।
- ਸੰਗਤ ਵਿੱਚ ਬੈਠਣ ਲਈ ਵੀ ਸਿੱਖ-ਅਸਿੱਖ, ਛੂਤ-ਛਾਤ, ਜਾਤ-ਪਾਤ, ਊਚ-ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ।
- ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੈਲਾ, ਆਸਣ, ਕੁਰਸੀ, ਚੌਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।
- ਸੰਗਤ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਿਤ ਦੇ ਵਿਰੁੱਧ ਹੈ।
ਹਰਿਮੰਦਰ ਸਾਹਿਬ ’ਚ ਮੱਥਾ ਟੇਕਣ ਦੀ ਮਰਿਆਦਾ
ਸਿੱਖ ਧਰਮ ਨਾਲ ਸਬੰਧਤ ਵਿਦਵਾਨਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਦਰਬਾਰ ਸਾਹਿਬ ਵਿੱਚ ਜਾਣ ਬਾਰੇ ਕੋਈ ਖਾਸ ਲਿਖਤ ਨਿਯਮ ਨਹੀਂ ਹਨ ਪਰ ਸਮੇਂ-ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਨਿਯਮ ਬਣਾਏ ਜਾਂਦੇ ਹਨ।
ਹਾਲਾਂਕਿ ਕਿ ਕਿਸੇ ਵੀ ਧਰਮ ਜਾਂ ਦੇਸ਼ ਨਾਲ ਸਬੰਧਤ ਲੋਕਾਂ ਦੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਉਪਰ ਕੋਈ ਪਾਬੰਧੀ ਨਹੀਂ ਪਰ ਇਸ ਲਈ ਔਰਤਾਂ ਅਤੇ ਮਰਦਾਂ ਦਾ ਸੱਭਿਅਕ ਪਹਿਰਾਵਾ ਹੋਣਾ, ਪਰਿਕਰਮਾ ਅੰਦਰ ਸ਼ਾਂਤੀ ਭੰਗ ਨਾ ਹੋਣ ਦੇਣਾ ਅਤੇ ਹੋਰ ਸ਼ਰਧਾਲੂਆਂ ਦੀ ਬਿਰਤੀ ਨਾ ਤੋੜਨਾ ਮਰਿਆਦਾ ਮੰਨਿਆ ਜਾਂਦਾ ਹੈ।
ਉਹ ਕਹਿੰਦੇ ਹਨ ਕਿ ਸਮੇਂ-ਸਮੇਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕਈ ਨਿਯਮ ਲਾਗੂ ਕੀਤੇ ਗਏ ਹਨ।
ਮਿਸਾਲ ਦੇ ਤੌਰ ’ਤੇ ਜਦੋਂ ਤੋਂ ਸਮਾਰਟ ਫੌਨ ਦੀ ਵਰਤੋਂ ਵਧੀ ਹੈ, ਉਸ ਸਮੇਂ ਤੋਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਵੀਡੀਓਗ੍ਰਾਫੀ ਕਰਨ ਉਪਰ ਪਾਬੰਧੀ ਲਗਾ ਦਿੱਤੀ ਗਈ ਹੈ।
ਅਸਲ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਅਜਿਹਾ ਮਾਹੌਲ ਕਾਇਮ ਰੱਖਣਾ ਹੈ ਜਿਸ ਵਿੱਚ ਹਰ ਵਿਅਕਤੀ ਸਹਿਜ ਵਿੱਚ ਰਹੇ ਅਤੇ ਕੋਈ ਉੱਚਾ ਨੀਵਾਂ ਜਾਂ ਵੱਖਰਾ ਨਾ ਦਿਸੇ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਧਰਮ ਪ੍ਰਚਾਰ ਤੇ ਸਿੱਖ ਇਤਿਹਾਸ ਬੋਰਡ ਦੇ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਕਹਿੰਦੇ ਹਨ, “ਸ੍ਰੀ ਹਰਿਮੰਦਰ ਸਾਹਿਬ ਵਿੱਚ ਕਿਸੇ ਵੀ ਧਰਮ, ਵਰਨ ਜਾਂ ਦੇਸ਼ ਨਾਲ ਸਬੰਧਤ ਇਨਸਾਨ ਆ ਸਕਦਾ ਹੈ। ਉਸ ਦੇ ਪਹਿਰਾਵੇ ਉਪਰ ਕੋਈ ਪਾਬੰਧੀ ਨਹੀਂ ਹੈ। ਉਸ ਦੇ ਧਾਰਮਿਕ ਚਿੰਨ ਉਪਰ ਕੋਈ ਪਾਬੰਧੀ ਨਹੀਂ ਹੈ। ਪਰ ਉਸ ਦਾ ਪਹਿਰਾਵਾ ਉਸ ਦੀ ਸੱਭਿਆਤਾ ਮੁਤਾਬਕ ਹੋਣਾ ਚਾਹੀਦਾ ਹੈ।”
ਸੁਖਦੇਵ ਸਿੰਘ ਭੂਰਾ ਕੋਹਨਾ ਮੁਤਾਬਕ, “ਅਜਿਹਾ ਨਹੀਂ ਹੋਣਾ ਚਾਹੀਦਾ ਕਿ ਉਹ ਚੰਚਲਤਾ ਵੰਡਦਾ ਹੋਵੇ ਅਤੇ ਇਸ ਨਾਲ ਜੋ ਲੋਕ ਮੱਥਾ ਟੇਕਣ ਲਈ ਆਏ ਹਨ, ਉਹਨਾਂ ਦੀ ਸ਼ਾਂਤੀ ਭੰਗ ਹੋਵੇ।”
ਉਹਨਾਂ ਕਹਿੰਦੇ ਹਨ, “ਸ਼ਰਧਾਲੂ ਨੂੰ ਜਾਣ ਤੋਂ ਪਹਿਲਾਂ ਪੈਰ ਧੋਣੇ ਹੁੰਦੇ ਹਨ ਤਾਂ ਕਿ ਕਿਸੇ ਪ੍ਰਕਾਰ ਦੀ ਮੈਲ ਜਾਂ ਗੰਦ ਤੋਂ ਬੰਦਾ ਸਾਫ ਹੋ ਕੇ ਅੰਦਰ ਜਾਵੇ। ਅੰਦਰ ਜਾ ਕੇ ਚੁੱਪ ਬਣਾਈ ਰੱਖੇ। ਆਪਸੀ ਗੱਲਾਂ ਨਾ ਕਰਕੇ ਅੰਦਰ ਕੀਰਤਨ ਸੁਣਿਆ ਜਾਵੇ।”
ਸੁਖਦੇਵ ਸਿੰਘ ਭੂਰਾ ਕੋਹਨਾ ਦੱਸਦੇ ਹਨ, “ਹਕੂਮਤ ਦੀ ਨਿਸ਼ਾਨੀ ਦਿਖਾਉਣ ਵਾਲਾ ਬੰਦਾ ਦਰਬਾਰ ਸਾਹਿਬ ਅੰਦਰ ਨਹੀਂ ਜਾ ਸਕਦਾ। ਜਿਵੇਂ ਕਿ ਪੁਲਿਸ ਦੀ ਬੈਲਟ ਹਕੂਮਤ ਦੀ ਨਿਸ਼ਾਨੀ ਦੀ ਪ੍ਰਤੀਕ ਹੈ। ਇਸ ਤੋਂ ਇਲਾਵਾ ਸ਼ਰਧਾਲੂ ਲਈ ਸਿਰ ਢੱਕ ਕੇ ਆਉਣਾ, ਕੋਈ ਟੋਪੀ ਨਾ ਪਾਉਣੀ ਅਤੇ ਫੋਟੋ ਵਗੈਰਾ ਪਰਿਕਰਮਾ ਵਿੱਚ ਨਾ ਖਿੱਚਣੀ ਲਾਜ਼ਮੀ ਹੈ।”
ਵਾਇਰਲ ਵੀਡੀਓ ''ਚ ਕੀ ਹੈ?
ਸੋਸ਼ਲ ਮੀਡੀਆ ''ਤੇ 40 ਸੈਕਿੰਡ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਕਦੋਂ ਦੀ ਹੈ ਅਤੇ ਕਿਸ ਨੇ ਰਿਕਾਰਡ ਕੀਤੀ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵੀਡੀਓ ਵਿੱਚ ਇੱਕ ਕੁੜੀ ਦੀ ਆਵਾਜ਼ ਸੁਣਾਈ ਦਿੰਦੀ ਹੈ, ਇੱਕ ਆਦਮੀ ਉਸ ਨੂੰ ਪੁੱਛਦਾ ਹੈ, "ਕਿਸ ਨੇ ਰੋਕਿਆ?"
ਕੁੜੀ ਜਵਾਬ ਦਿੰਦੀ ਹੈ, "ਇਸ ਨੇ ਪੱਗ ਵਾਲੇ ਨੇ।"
ਆਦਮੀ ਪੁੱਛਦਾ ਹੈ, "ਉਸ ਨੇ" ਕੁੜੀ ਸਹਿਮਤੀ ਦਿੰਦੀ ਹੈ।
ਉਹ ਆਦਮੀ ਪੱਗ ਵਾਲੇ ਆਦਮੀ ਵੱਲ ਮੁੜਦਾ ਹੈ ਅਤੇ ਕਹਿੰਦਾ ਹੈ, "ਹਾਂ ਸਰਦਾਰ ਜੀ, ਤੁਸੀਂ ਗੁੱਡੀ ਨੂੰ ਅੰਦਰ ਜਾਣ ਤੋਂ ਰੋਕਿਆ ਕੀ ਕਾਰਨ ਹੈ।"
ਪੱਗ ਵਾਲਾ ਬੰਦਾ ਕਹਿੰਦਾ, "ਇਹ ਝੰਡਾ ਸਾਫ਼ ਕਰੋ"।
ਆਦਮੀ ਪੁੱਛਦਾ ਹੈ, "ਕਿਉਂ, ਇਹ ਇੰਡੀਆ ਨਹੀਂ ਹੈ।"
ਪੱਗ ਵਾਲਾ ਬੰਦਾ ਗਰਦਨ ਹਿਲਾਉਂਦਿਆਂ ਕਹਿੰਦਾ ਹੈ, "ਇਹ ਪੰਜਾਬ ਹੈ।"
ਆਦਮੀ ਕਹਿੰਦਾ ਹੈ "ਰਿਕਾਰਡਿੰਗ ਕਰੋ"
ਇਸ ਤੋਂ ਬਾਅਦ ਔਰਤ-ਮਰਦ ਦੋਵਾਂ ਪੱਗ ਵਾਲੇ ਵਿਅਕਤੀ ਨਾਲ ਬਹਿਸ ਸ਼ੁਰੂ ਹੋ ਜਾਂਦੀ ਹੈ। ਅੰਤ ਵਿੱਚ, ਪੱਗ ਵਾਲੇ ਵਿਅਕਤੀ ਦਾ ਹੱਥ ਫੋਨ ਵੱਲ ਵਧਦਾ ਨਜ਼ਰ ਆਉਂਦਾ ਹੈ।
ਬਾਅਦ ਵਿੱਚ ਵਾਇਰਲ ਵੀਡੀਓ ਵਿੱਚ ਦਿਖ ਰਿਹਾ ਸੇਵਾਦਾਰ ਇੱਕ ਹੋਰ ਵੀਡੀਓ ਮੀਡੀਆ ਲਈ ਜਾਰੀ ਕਰਦਾ ਹੈ, ਜਿਸ ਵਿੱਚ ਉਹ ਕਹਿੰਦਾ ਹੈ ਕਿ ਕੁੜੀ ਨੂੰ ਇਸ ਲਈ ਰੋਕਿਆ ਸੀ ਕਿਉਂਕਿ ਉਸ ਨੇ ਸਕਰਟ ਪਾਈ ਹੋਈ ਸੀ।
ਉਸ ਨੂੰ ਸਿਰਫ਼ ਇਸ ਹਾਲਤ ਵਿੱਚ ਨਾ ਜਾਣ ਤੋਂ ਰੋਕਿਆ ਗਿਆ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)

ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦੀਆਂ ਪਟੀਸ਼ਨਾਂ ''ਤੇ ਸੁਣਵਾਈ ਸ਼ੁਰੂ, ਹੁਣ ਤੱਕ ਕੀ-ਕੀ ਹੋਇਆ
NEXT STORY