ਸਾਇੰਸ ਕਾਲਪਨਿਕ ਲੇਖਕ ਕਿਮ ਸਟੈਨਲੀ ਰੌਬਿਨਸਨ ਨੇ ਸਾਲ 2020 ਦੇ ਸਭ ਤੋਂ ਵੱਧ ਵਿਕਣ ਵਾਲੇ ਨਾਵਲਾਂ ਵਿੱਚੋਂ ਇੱਕ ਆਪਣੇ ਨਾਵਲ ''ਦਿ ਮਿਨਿਸਟਰੀ ਫ਼ਾਰ ਦਿ ਫ਼ਿਊਚਰ'' ਦੀ ਸ਼ੁਰੂਆਤ ਭਾਰਤ ''ਚ ਹੀਟਵੇਵ ( ਗਰਮ ਲਹਿਰ) ਨਾਲ ਕੀਤੀ ਹੈ, ਜਿਸ ਕਾਰਨ ਇੱਥੇ ਲੱਖਾਂ ਲੋਕ ਮਾਰ ਗਏ।
ਅਸਮਾਨ ਇੱਕ "ਪਰਮਾਣੂ ਬੰਬ" ਦੀ ਭਿਆਨਕ ਅੱਗ ਵਾਂਗ ਚਮਕਦਾ ਹੈ, ਇਸ ਤੋਂ ਆਉਂਦੀ ਗਰਮੀ "ਮੂੰਹ ''ਤੇ ਚਪੇੜਾਂ ਮਾਰਦੀ ਹੈ", ਅੱਖਾਂ ਮੱਚਦੀਆਂ ਹਨ ਅਤੇ "ਸਭ ਕੁਝ ਟੈਨ ਅਤੇ ਬੇਜ (ਹਲਕਾ ਭੂਰਾ) ਅਤੇ ਨਾ ਸਿਹਾ ਜਾ ਸਕਣ ਵਾਲਾ ਚਿੱਟਾ ਸੀ"। ਪਾਣੀ ਨਾਲ ਕੋਈ ਰਾਹਤ ਨਹੀਂ ਮਿਲਦੀ ਕਿਉਂਕਿ ਇਹ "ਉਬਲੇ ਪਾਣੀ ਵਾਂਗ ਗਰਮ ਅਤੇ (ਲੂ) ਹਵਾ ਨਾਲੋਂ ਵੀ ਭੈੜਾ ਹੈ''''। ਲੋਕ "ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ" ਮਰਦੇ ਹਨ।
ਗਲੋਬਲ ਹੀਟਿੰਗ ਬਾਰੇ ਰੌਬਿਨਸਨ ਦੀ ਇਹ ਕਹਾਣੀ ਇੱਕ ਡਰਾਉਣੀ ਕਲਪਨਾ ਹੋ ਸਕਦੀ ਹੈ, ਪਰ ਇਹ ਇੱਕ ਵੱਡੀ ਚੇਤਾਵਨੀ ਵੀ ਹੈ।
ਇਸ ਹਫਤੇ ਦੇ ਸ਼ੁਰੂ ਵਿੱਚ, ਭਾਰਤ ਦੇ ਮਹਾਰਾਸ਼ਟਰ ਸੂਬੇ ਵਿੱਚ ਨਵੀਂ ਮੁੰਬਈ ਦੇ ਇੱਕ ਖੁੱਲ੍ਹੇ ਮੈਦਾਨ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੂ ਲੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜੋ ਗਰਮੀ ਦੀ ਸਭ ਤੋਂ ਵੱਧ ਮਾਰ ਝੱਲਦੇ ਹਨ ਅਤੇ ਜਿੱਥੇ ਗਰਮੀ ''ਚ ਹਾਲਾਤ ਮਾੜੇ ਹੋ ਜਾਂਦੇ ਹਨ।
ਵਧਦਾ ਤਾਪਮਾਨ
ਨਵੀਂ ਮੁੰਬਈ ਦੇ ਸਮਾਗਮ ਦੀ ਤਸਵੀਰ
ਦਿਨ ਅਤੇ ਰਾਤ ਦੀ ਗਰਮੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ 2050 ਤੱਕ ਇਸ ਦੇ ਦੋ ਤੋਂ ਚਾਰ ਗੁਣਾ ਤੱਕ ਹੋਰ ਵਧਣ ਦਾ ਅਨੁਮਾਨ ਹੈ।
ਇਸ ਦੇ ਨਾਲ ਹੀ ਇਹ ਵੀ ਅਨੁਮਾਨ ਹੈ ਕਿ ਗਰਮੀ ਦਾ ਮੌਸਮ ਜਲਦੀ ਸ਼ੁਰੂ ਹੋਵੇਗਾ, ਲੰਬੇ ਸਮੇਂ ਤੱਕ ਰਹੇਗਾ ਅਤੇ ਵਾਰ-ਵਾਰ ਗਰਮੀ ਪਵੇਗੀ।
ਮੌਸਮ ਵਿਭਾਗ ਨੇ ਮਈ ਦੇ ਅੰਤ ਤੱਕ ਔਸਤ ਤੋਂ ਵੱਧ ਤਾਪਮਾਨ ਅਤੇ ਲੂ ਚੱਲਣ ਦੀ ਭਵਿੱਖਵਾਣੀ ਕੀਤੀ ਹੈ।
ਭਾਰਤ ਵਿੱਚ 1901 ਅਤੇ 2018 ਦੇ ਵਿਚਕਾਰ ਔਸਤ ਤਾਪਮਾਨ ਲਗਭਗ 0.7 ਫੀਸਦੀ ਵਧਿਆ ਹੈ। ਅੰਸ਼ਕ ਤੌਰ ''ਤੇ ਇਸ ਦਾ ਕਾਰਨ ਜਲਵਾਯੂ ਤਬਦੀਲੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ, 1992 ਤੋਂ 2015 ਦਰਮਿਆਨ ਹੀਟਵੇਵ ਨੇ 22,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਜਦਕਿ, ਮਾਹਰ ਮੰਨਦੇ ਹਨ ਕਿ ਅਸਲ ਅੰਕੜਾ ਬਹੁਤ ਵੱਡਾ ਹੋਵੇਗਾ।
ਗੁਜਰਾਤ ਸਥਿਤ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ ਦੇ ਨਿਰਦੇਸ਼ਕ ਦਲੀਪ ਮਾਵਲੰਕਰ ਕਹਿੰਦੇ ਹਨ, ''''ਫਿਰ ਵੀ, ਦੇਸ਼ ਅਸਲ ਵਿੱਚ ''ਗਰਮੀ ਨੂੰ ਅਤੇ ਗਰਮੀ ਕਿਸੇ ਨੂੰ ਕਿਵੇਂ ਮਾਰ ਸਕਦੀ ਹੈ, ਇਸ ਗੱਲ ਨੂੰ ਨਹੀਂ ਸਮਝ ਸਕਿਆ ਹੈ"।
"ਕਿਉਂਕਿ ਅਸੀਂ ਆਪਣੇ ਮੌਤ ਦਰ ਦੇ ਅੰਕੜਿਆਂ ਨੂੰ ਸਹੀ ਤਰ੍ਹਾਂ ਨਾਲ ਕੰਪਾਇਲ ਹੀ ਨਹੀਂ ਕਰਦੇ।''''
''ਗਰਮੀ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਰਹੀ ਸੀ''
ਪ੍ਰੋਫੈਸਰ ਮਾਵਲੰਕਰ ਨੇ ਪਾਇਆ ਕਿ ਮਈ 2010 ਵਿੱਚ ਅਹਿਮਦਾਬਾਦ ਸ਼ਹਿਰ ਵਿੱਚ 800 ਵਾਧੂ ਮੌਤਾਂ ਹੋਈਆਂ, ਜਿਨ੍ਹਾਂ ਨੂ ''ਆਲ-ਕਾਜ਼'' ਭਾਵ ਵੱਖ-ਵੱਖ ਕਾਰਨਾਂ ਤਹਿਤ ਦਰਜ ਕੀਤਾ ਗਿਆ।
ਇਹ ਇੱਕ ਤਰ੍ਹਾਂ ਦਾ ਪੈਮਾਨਾ ਹੈ ਜਿਸ ਰਾਹੀਂ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਵਧ ਰਹੀਆਂ ਮੌਤਾਂ ਦਾ ਪਤਾ ਲਗਾਇਆ ਜਾਂਦਾ ਹੈ।
ਪ੍ਰੋਫੈਸਰ ਨੇ ਕਿਹਾ, ਕਿ ਇਹ ਸਪੱਸ਼ਟ ਸੀ ਕਿ ਗਰਮੀ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਰਹੀ ਸੀ।
ਉਨ੍ਹਾਂ ਕਿਹਾ ਕਿ ਖੋਜਕਰਤਾਵਾਂ ਨੇ ਸ਼ਹਿਰ ਵਿੱਚ ਮੌਤਾਂ ਦੀ ਕੁੱਲ ਸੰਖਿਆ ਦੀ ਤੁਲਨਾ, ਉਸ ਵੇਸ਼ੇਸ਼ ਦਿਨ ਦੇ ਰਿਕਾਰਡ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਤਾਪਮਾਨ ਨੂੰ ਲੈ ਕੇ ਤਿੰਨ ਰੰਗਾਂ ਵਾਲੀਆਂ ਚੇਤਾਵਨੀਆਂ ਤਿਆਰ ਕੀਤੀਆਂ, ਜਿਸ ਵਿੱਚ ਲਾਲ ਦਾ ਮਤਲਬ ਸੀ 45 ਡਿਗਰੀ ਸੈਲਸੀਅਸ ਤੋਂ ਉੱਪਰ ਦਾ ਤਾਪਮਾਨ।
ਇਨ੍ਹਾਂ ਖੋਜਾਂ ਤੋਂ ਪ੍ਰਭਾਵਿਤ ਹੋ ਕੇ ਪ੍ਰੋਫੈਸਰ ਮਾਵਲੰਕਰ ਨੇ ਅਹਿਮਦਾਬਾਦ ਸ਼ਹਿਰ ਲਈ ਹੀਟ ਐਕਸ਼ਨ ਪਲਾਨ ਬਣਾਇਆ, ਜੋ ਕਿ ਭਾਰਤ ਦਾ ਪਹਿਲਾ ਅਜਿਹਾ ਪਲਾਨ ਸੀ।
ਇਹ ਯੋਜਨਾ 2013 ਵਿੱਚ ਸ਼ੁਰੂ ਹੋਈ ਅਤੇ ਇਸ ਵਿੱਚ ਸਧਾਰਨ ਤਰੀਕੇ ਦੇ ਹੱਲ ਦੱਸੇ ਗਏ ਜਿਵੇਂ ਕਿ ਘਰ ਦੇ ਅੰਦਰ ਰਹਿਣਾ, ਬਾਹਰ ਨਿਕਲਣ ਤੋਂ ਪਹਿਲਾਂ ਬਹੁਤ ਸਾਰਾ ਪਾਣੀ ਪੀਣਾ, ਅਤੇ ਜੇਕਰ ਕੋਈ ਬੀਮਾਰ ਮਹਿਸੂਸ ਕਰਦਾ ਹੈ ਤਾਂ ਹਸਪਤਾਲ ਦੀ ਐਮਰਜੈਂਸੀ ਵਿੱਚ ਜਾਣਾ ਆਦਿ।
ਉਹ ਕਹਿੰਦੇ ਹਨ ਕਿ 2018 ਤੱਕ ਇਸ ਗਰਮ ਤੇ ਖੁਸ਼ਕ ਸ਼ਹਿਰ ਵਿੱਚ ਸਾਰੇ ਕਾਰਨਾਂ (ਆਲ-ਕਾਜ਼) ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਇੱਕ ਤਿਹਾਈ ਦੀ ਕਮੀ ਆਈ।
ਯੋਜਨਾਵਾਂ ਕਿੰਨੀਆਂ ਕਾਰਗਰ
ਪਰ ਬੁਰੀ ਖ਼ਬਰ ਇਹ ਹੈ ਕਿ ਗਰਮੀ ਨੂੰ ਖਤਮ ਕਰਨ ਦੀਆਂ ਭਾਰਤ ਦੀਆਂ ਇਹ ਯੋਜਨਾਵਾਂ ਬਹੁਤ ਵਧੀਆ ਕੰਮ ਨਹੀਂ ਕਰਦੀਆਂ ਜਾਪਦੀਆਂ।
(ਮਹਾਰਾਸ਼ਟਰ ਮਾਮਲੇ ਦੀ ਗੱਲ ਕਰੀਏ ਤਾਂ ਇਹ ਸ਼ਪੱਸ਼ਟ ਨਹੀਂ ਹੈ ਕਿ ਕੀ ਨਵੀਂ ਮੁੰਬਈ ਵਿੱਚ ਅਧਿਕਾਰੀਆਂ ਨੇ ਇੱਕ ਹੀਟ ਪਲਾਨ ਬਣਾਇਆ ਸੀ ਜਾ ਨਹੀਂ। ਜਦਕਿ ਇਸ ਦੌਰਾਨ, ਲੱਖਾਂ ਲੋਕਾਂ ਨੂੰ ਕਥਿਤ ਤੌਰ ''ਤੇ ਖੁੱਲ੍ਹੇ ਅਸਮਾਨ ਹੇਠ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।)
ਸੈਂਟਰ ਫਾਰ ਪਾਲਿਸੀ ਰਿਸਰਚ ਦੇ ਆਦਿੱਤਿਆ ਵਾਲਿਆਥਨ ਪਿੱਲਈ ਅਤੇ ਤਮੰਨਾ ਦਲਾਲ ਨੇ ਸ਼ਹਿਰ, ਜ਼ਿਲ੍ਹੇ ਅਤੇ ਸੂਬੇ ਵਿੱਚ 37 ਹੀਟ ਐਕਸ਼ਨ ਪਲਾਨਜ਼ ਬਾਰੇ ਅਧਿਐਨ ਕੀਤਾ।
ਇਸ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਯੋਜਨਾਵਾਂ ਵਿੱਚ ਬਹੁਤ ਕਮੀਆਂ ਹਨ।
ਪਹਿਲੀ ਗੱਲ ਇਹ - ਕਿ ਜ਼ਿਆਦਾਤਰ ਯੋਜਨਾਵਾਂ "ਸਥਾਨਕ ਸੰਦਰਭ ''ਚ ਨਹੀਂ ਬਣਾਈਆਂ ਗਈਆਂ ਸਨ ਅਤੇ ਖ਼ਤਰਿਆਂ ਬਾਰੇ ਬਹੁਤ ਜ਼ਿਆਦਾ ਸਰਲ ਦ੍ਰਿਸ਼ਟੀਕੋਣ" ਸੀ।
ਅਧਿਐਨ ਕੀਤੀਆਂ ਗਈਆਂ 37 ਯੋਜਨਾਵਾਂ ਵਿੱਚੋਂ ਸਿਰਫ਼ 10 ਹੀ ਸਥਾਨਕ ਤੌਰ ''ਤੇ ਕਿਸੇ ਇਲਾਕੇ ਨਾਲ ਸਬੰਧਿਤ ਜਾਪਦੀਆਂ ਹਨ, ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਕੀ ਉਨ੍ਹਾਂ ਨੇ ਗਰਮੀ (ਹੀਟਵੇਵ) ਦੀ ਸਥਿਤੀ ਵਿੱਚ ਨਮੀ ਵਰਗੇ (ਹੁਮਸ) ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਹੈ ਜਾਂ ਨਹੀਂ।
ਪ੍ਰੋਫੈਸਰ ਮਾਵਲੰਕਰ ਮੁਤਾਬਕ, "ਅਸੀਂ ਜਲਵਾਯੂ ਅਨੁਮਾਨਾਂ ਨੂੰ ਸ਼ਾਮਲ ਕਰਕੇ ਗਰਮੀ ਦੇ ਖਤਰੇ ਦੀ ਪਰਿਭਾਸ਼ਾ ਨੂੰ ਹੋਰ ਸੂਖਮ ਤੇ ਸਥਾਨ ਸਬੰਧੀ ਬਣਾਉਣ ''ਤੇ ਜ਼ੋਰ ਦਿੰਦੇ ਹਾਂ।"
ਪ੍ਰੋਫੈਸਰ ਅਨੁਸਾਰ, ਅਜਿਹਾ ਕਰਨ ਦਾ ਇੱਕ ਤਰੀਕਾ ਇਹ ਹੈ ਪਿੰਡਾਂ ਦੇ ਪੱਧਰ ''ਤੇ ਵਧੇਰੇ ਸਵੈਚਲਿਤ ਮੌਸਮ ਸਟੇਸ਼ਨ ਸਥਾਪਿਤ ਕੀਤੇ ਜਾਣ।
ਦੂਜੀ ਗੱਲ ਇਹ - ਕਿ ਖੋਜਕਰਤਾਵਾਂ ਨੇ ਪਾਇਆ ਕਿ "ਕਮਜ਼ੋਰ ਸਮੂਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਮੁਤਾਬਕ ਟੀਚੇ ਨਿਰਧਾਰਿਤ ਕਰਨ" ਵਿੱਚ ਲਗਭਗ ਸਾਰੀਆਂ ਯੋਜਨਾਵਾਂ ਮਾੜੀਆਂ ਸਨ।
ਗਰਮੀ ਨਾਲ ਸਭ ਤੋਂ ਵੱਧ ਖ਼ਤਰਾ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਖੇਤ ਤੇ ਉਸਾਰੀ ਆਦਿ ਦੇ ਕੰਮ ਵਿੱਚ ਲੱਗੇ ਕਾਮਿਆਂ ਨੂੰ ਹੁੰਦਾ ਹੈ।
ਭਾਰਤ ਦੇ ਲਗਭਗ ਤਿੰਨ-ਚੌਥਾਈ ਕਾਮੇ ਉਸਾਰੀ ਅਤੇ ਮਾਈਨਿੰਗ ਵਰਗੀਆਂ ਥਾਵਾਂ ''ਤੇ ਕੰਮ ਕਰਦੇ ਹਨ ਜਿੱਥੇ ਗਰਮੀ ਆਮ ਨਾਲੋਂ ਜ਼ਿਆਦਾ ਹੁੰਦੀ ਹੈ।
ਉੱਤਰੀ ਕੈਰੋਲੀਨਾ ਵਿੱਚ ਡਿਊਕ ਯੂਨੀਵਰਸਿਟੀ ਦੇ ਜਲਵਾਯੂ ਖੋਜਕਰਤਾ ਲਿਊਕ ਪਾਰਸਨਜ਼ ਦਾ ਕਹਿਣਾ ਹੈ, "ਗ੍ਰਹਿ (ਧਰਤੀ) ਦੇ ਗਰਮ ਹੋਣ ਦੇ ਕਾਰਨ, ਮਜ਼ਦੂਰਾਂ ਵਿੱਚ ਸੁਰੱਖਿਅਤ ਅਤੇ ਕੁਸ਼ਲਤਾ ਨਾਲ ਬਾਹਰ ਕੰਮ ਕਰਨ ਦੀ ਸਮਰੱਥਾ ਘਟ ਰਹੀ ਹੈ।''''
''''ਜਿਸ ਵੇਲੇ ਉਹ ਸਖ਼ਤ ਮਜ਼ਦੂਰੀ ਵਾਲਾ ਕੰਮ ਕਰਦੇ ਹਨ, ਉਨ੍ਹਾਂ ਦਾ ਸਰੀਰ ਵਧੇਰੇ ਗਰਮੀ ਪੈਦਾ ਕਰਦਾ ਹੈ। ਅਜਿਹੀ ਸਥਿਤੀ ਵਿੱਚ ਗਰਮੀ ਅਤੇ ਹੁਮਸ ਕਾਰਨ ਉਨ੍ਹਾਂ ਨੂੰ ਆਪਣੇ ਆਪ (ਸਰੀਰ ਨੂੰ) ਠੰਡਾ ਬਣਾਈ ਰੱਖਣ ਵਿੱਚ ਮੁਸ਼ਕਿਲ ਆਉਂਦੀ ਹੈ।''''
ਲਿਊਕ ਕਹਿੰਦੇ ਹਨ ਕਿ ਗਰਮੀ ਦੇ ਮੌਸਮ ਵਿੱਚ ਅਜਿਹਾ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਉਸ ਦੌਰਾਨ ਦਿਨ ਭਰ ''ਚ ਅਜਿਹਾ ਸਮਾਂ ਬਹੁਤ ਘੱਟ ਹੁੰਦਾ ਹੈ ਜਦੋਂ ਗਰਮੀ ਘੱਟ ਹੋਵੇ ਅਤੇ ਆਸਾਨੀ ਨਾਲ ਕੰਮ ਕੀਤਾ ਜਾ ਸਕੇ।
ਪਿੱਲਈ ਦਾ ਕਹਿਣਾ ਹੈ ਕਿ ਭਾਰਤ ਨੂੰ "ਇਸ ਗੱਲ ਨੂੰ ਗਹਿਰਾਈ ਨਾਲ ਸਮਝਣ ਦੀ ਲੋੜ ਹੈ ਕਿ ਕਿਹੜੇ ਖੇਤਰਾਂ ਵਿੱਚ ਜ਼ਿਆਦਾਤਰ ਲੋਕ ਅਜਿਹੇ ਕੰਮ ਕਰਦੇ ਹਨ,ਜਿੱਥੇ ਉਨ੍ਹਾਂ ਨੂੰ ਗਰਮੀ ਸਹਿਣੀ ਪੈਂਦੀ ਹੈ ਅਤੇ ਕੀ ਉਹ ਕੂਲਰ ਆਦਿ ਖਰੀਦਣ ਜਾਂ ਕੰਮ ਛੱਡ ਕੇ ਗੁਜ਼ਾਰਾ ਕਰਨ ਵਿੱਚ ਸਮਰੱਥ ਹਨ।''''
ਉਹ ਕਹਿੰਦੇ ਹਨ, "ਹੋ ਸਕਦਾ ਹੈ ਕਿ ਤੁਸੀਂ ਵੀ ਅਜਿਹੀ ਸਥਿਤੀ ਦੇਖੀ ਹੋਵੇ ਜਿੱਥੇ ਸ਼ਹਿਰ ਦੇ 3 ਫੀਸਦੀ ਖੇਤਰ ਵਿੱਚ 80 ਫੀਸਦੀ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਹਾਲਤ ਮਾੜੀ ਹੁੰਦੀ ਹੈ।''''
ਬਚਾਅ ਦੇ ਸਧਾਰਨ ਉਪਾਅ
ਆਪਣੇ ਅਧਿਐਨ ਦੌਰਾਨ ਪਿੱਲਈ ਅਤੇ ਦਲਾਲ ਨੇ ਇਹ ਵੀ ਪਾਇਆ ਕਿ ਜ਼ਿਆਦਾਤਰ ਹੀਟ ਐਕਸ਼ਨ ਪਲਾਨਜ਼ ਕੋਲ ਫ਼ੰਡ ਦੀ ਘਾਟ ਸੀ। ਉਨ੍ਹਾਂ ਦੇ ਕਾਨੂੰਨੀ ਪੱਖ ਕਮਜ਼ੋਰ ਸਨ ਅਤੇ ਪਲਾਨ ਜ਼ਿਆਦਾ ਪਾਰਦਰਸ਼ੀ ਵੀ ਨਹੀਂ ਸਨ।
ਹੀਟਵੇਵ ਬਾਰੇ ਹੋਰ ਵੀ ਸਾਧਾਰਨ ਹੱਲ ਹੋ ਸਕਦੇ ਹਨ, ਜਿਵੇਂ - ਬਹੁਤ ਜ਼ਿਆਦਾ ਖੁੱਲ੍ਹੇ ਅਤੇ ਗਰਮ ਖੇਤਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣਾ ਜਾਂ ਗਰਮੀ ਦੇ ਅਸਰ ਘਟਾਉਣ ਲਈ ਇਮਾਰਤਾਂ ਆਦਿ ਨੂੰ ਖਾਸ ਡਿਜ਼ਾਈਨ ਵਿੱਚ ਬਣਾਉਣਾ।
ਕਈ ਵਾਰ ਸਧਾਰਨ ਨਿਗਰਾਨੀ ਵਾਲੇ ਹੱਲ ਵੀ ਲਾਭਦਾਇਕ ਹੋ ਸਕਦੇ ਹਨ, ਜਿਵੇਂ ਕਿ ਅਹਿਮਦਾਬਾਦ ਵਿੱਚ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ।
ਮਿਸਾਲ ਵਜੋਂ ਜੇ ਕਿਸੇ ਹਸਪਤਾਲ ਵਿਚ ਏਅਰਕੰਡੀਸ਼ਨਰ ਨਹੀਂ ਹੈ ਤਾਂ ਉਸ ਹਸਪਤਾਲ ਦੀ ਸਭ ਤੋਂ ਉੱਪਰਲੀ ਮੰਜ਼ਿਲ ਦੇ ਮਰੀਜ਼ਾਂ ਨੂੰ ਕਿਸੇ ਹੇਠਲੀ ਮੰਜ਼ਿਲ ''ਤੇ ਸ਼ਿਫ਼ਟ ਕੀਤਾ ਜਾ ਸਕਦਾ ਹੈ ਕਿਉਂਕਿ ਅਕਸਰ ਸਭ ਤੋਂ ਉੱਪਰਲੀ ਮੰਜ਼ਿਲ ਦੀ ਛੱਤ ''ਤੇ ਧੁੱਪ ਪੈਣ ਕਾਰਨ ਉਹ ਵਧੇਰੇ ਗਰਮ ਰਹਿੰਦੀ ਹੈ।
ਜੇ ਬਹੁਤ ਜ਼ਿਆਦਾ ਗਰਮੀ ਹੈ ਤਾਂ ਕਾਮਿਆਂ ਦੀ ਸੁਰੱਖਿਆ ਲਈ ਕੰਮ ਨੂੰ ਰੋਕਣ ਜਾਂ ਹੌਲੀ ਕਰਨ ਲਈ ਕਿਹਾ ਜਾ ਸਕਦਾ ਹੈ, ਤਾਂ ਜੋ ਉਨ੍ਹਾਂ ਨੂੰ ਤੇਜ਼ ਗਰਮੀ ਵਿੱਚ ਕੰਮ ਕਰਨ ਦਾ ਬੋਝ ਨਾ ਲੱਗੇ ਅਤੇ ਉਹ ਸੁਰੱਖਿਅਤ ਰਹਿਣ।
''ਭਾਰਤੀ ਅਜੇ ਵੀ ਗਰਮੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ''
ਮੈਡੀਕਲ ਜਰਨਲ, ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਇੱਕ ਇੱਕ ਤਾਜ਼ਾ ਅਧਿਐਨ ਮੁਤਾਬਕ, ਭਾਰਤ ਵਿੱਚ 2000-2004 ਅਤੇ 2017-2021 ਦਰਮਿਆਨ ਅੱਤ ਦੀ ਗਰਮੀ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 55 ਫੀਸਦੀ ਦਾ ਵਾਧਾ ਹੋਇਆ ਹੈ।
ਗਰਮੀ ਦੇ ਕਾਰਨ ਹੀ ਸਾਲ 2021 ਵਿੱਚ ਭਾਰਤੀਆਂ ਵਿੱਚ 167.2 ਅਰਬ ਕੰਮ ਦੇ ਘੰਟਿਆਂ ਦਾ ਨੁਕਸਾਨ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਦੀ ਜੀਡੀਪੀ ਦੇ ਲਗਭਗ 5.4 ਫੀਸਦੀ ਦੇ ਬਰਾਬਰ ਆਮਦਨੀ ਦਾ ਨੁਕਸਾਨ ਹੋਇਆ।
ਪਰ ਇਸ ਸਭ ਦੇ ਬਾਵਜੂਦ ਇਹ ਸਪਸ਼ਟ ਹੈ ਕਿ ਭਾਰਤੀ ਅਜੇ ਵੀ ਗਰਮੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।
ਰਿਪੋਰਟਾਂ ਦੇ ਅਨੁਸਾਰ, ਨਵੀਂ ਮੁੰਬਈ ਦੀ ਉਹ ਜਗ੍ਹਾ ਜਿੱਥੇ ਸਰਕਾਰੀ ਸਮਾਰੋਹ ਹੋਇਆ ਸੀ, ਉੱਥੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ (100F) ਦਰਜ ਕੀਤਾ ਗਿਆ ਸੀ।
ਫਿਰ ਵੀ, ਘਟਨਾ ਦੀਆਂ ਫੋਟੋਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਬਿਨਾਂ ਕਿਸੇ ਛੱਤ ਜਾਂ ਟੈਂਟ ਆਦਿ ਦੇ ਸਿੱਧੇ ਧੁੱਪ ''ਚ ਹੇਠਾਂ ਬੈਠੇ ਹੋਏ ਦੇਖਿਆ ਆ ਸਕਦਾ ਹੈ।
ਇਨ੍ਹਾਂ ਲੋਕਾਂ ਵਿਚੋਂ ਸਿਰਫ਼ ਕੁਝ ਕੁ ਨੇ ਹੀ ਛਤਰੀਆਂ ਜਾਂ ਸਿਰਾਂ ''ਤੇ ਪਰਨੇ ਪਲੇਟ ਹੋਏ ਸਨ।
ਪਿੱਲਈ ਕਹਿੰਦੇ ਹਨ, "ਮੈਂ ਦਿੱਲੀ ਵਿੱਚ ਰਹਿੰਦਾ ਹਾਂ ਜਿੱਥੇ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਛੂਹ ਸਕਦਾ ਹੈ, ਪਰ ਮੈਂ ਅਜਿਹੇ ਬਹੁਤ ਘੱਟ ਲੋਕ ਦੇਖਦਾਂ ਹਾਂ ਜੀ ਧੁੱਪ ''ਚ ਛਤਰੀਆਂ ਚੁੱਕਦੇ ਹੋਣ।''''
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)

ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ’ਚ ਦਰਸ਼ਨਾਂ ਲਈ ਜਾਣ ਦੀ ਕੀ ਹੈ ਮਰਿਆਦਾ
NEXT STORY