ਜਲੰਧਰ ਦੀ ਜ਼ਿਮਨੀ ਚੋਣ ਅਤੇ ਕਰਨਾਟਕ ਵਿੱਚ ਵਿਧਾਨ ਸਭਾ ਲਈ ਅੱਜ ਵੋਟਾਂ ਪੈ ਰਹੀਆਂ ਹਨ।
ਸੰਤੋਖ ਸਿੰਘ ਚੌਧਰੀ ਦਾ ਇਸੇ ਸਾਲ 14 ਜਨਵਰੀ 2023 ਨੂੰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਅਚਾਨਕ ਸਿਹਤ ਵਿਗੜਨ ਮਗਰੋਂ ਦੇਹਾਂਤ ਹੋ ਗਿਆ ਸੀ ਜਿਸ ਕਾਰਨ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।
ਜਲੰਧਰ ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਉਤਰੇ ਹਨ ਜਿਨ੍ਹਾਂ ਵਿੱਚੋਂ 15 ਮਰਦ ਅਤੇ 4 ਔਰਤਾਂ ਹਨ।
ਕਾਂਗਰਸ ਪਾਰਟੀ ਨੇ ਇਸ ਵਾਰ ਵੀ ਚੌਧਰੀ ਪਰਿਵਾਰ ਉੱਤੇ ਹੀ ਭਰੋਸਾ ਪ੍ਰਗਟਾਇਆ ਹੈ ਅਤੇ ਪਾਰਟੀ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਤੋਂ ਇਲਾਵਾ ਭਾਜਪਾ ਨੇ ਇੰਦਰ ਇਕਬਾਲ ਅਟਵਾਲ ਨੂੰ, ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਨੇ ਡਾ. ਸੁਖਵਿੰਦਰ ਸੁੱਖੀ ਨੂੰ ਅਤੇ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਵਜੋਂ ਖੜ੍ਹਾ ਕੀਤਾ ਹੈ।
ਇਸ ਤੋਂ ਪਹਿਲਾਂ ਜਲੰਧਰ ਲੋਕ ਸਭਾ ਤੋਂ ਸਾਲ 2019 ਅਤੇ 2014 ਵਿੱਚ ਕਾਂਗਰਸ ਦੇ ਮਰਹੂਮ ਆਗੂ ਸੰਤੋਖ ਚੌਧਰੀ ਜਿੱਤੇ ਸਨ।
ਕੁੱਲ ਵਿਧਾਨ ਸਭਾ ਹਲਕੇ: 9; ਰਾਖਵੇਂ: 4
- ਫਿਲੌਰ (ਐੱਸਸੀ)
- ਨਕੋਦਰ
- ਸ਼ਾਹਕੋਟ
- ਕਰਤਾਰਪੁਰ (ਐੱਸਸੀ)
- ਜਲੰਧਰ ਪੱਛਮੀ (ਐੱਸਸੀ)
- ਜਲੰਧਰ ਕੇਂਦਰੀ
- ਜਲੰਧਰ ਉੱਤਰੀ
- ਜਲੰਧਰ ਛਾਉਣੀ
- ਆਦਮਪੁਰ (ਐੱਸਸੀ)
ਜਲੰਧਰ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ
ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਆਬਾਦੀ ਲਗਭਗ 32 ਫੀਸਦ ਹੈ, ਜੋ ਸਾਰੇ ਸੂਬਿਆਂ ਵਿੱਚੋਂ ਫੀਸਦ ਦੇ ਹਿਸਾਬ ਨਾਲ ਸਭ ਤੋਂ ਵੱਧ ਹੈ। ਜ਼ਿਆਦਾਤਰ ਅਨੁਸੂਚਿਤ ਜਾਤੀਆਂ ਦੀ ਅਬਾਦੀ ਦੁਆਬੇ ਵਿੱਚ ਕੇਂਦਰਿਤ ਹੈ, ਜੋ ਕਿ ਆਬਾਦੀ ਦਾ 45 ਫ਼ੀਸਦ ਹੈ।
ਐੱਸਸੀ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਆਸੀ ਜਥੇਬੰਦੀਆਂ ਜ਼ਿਮਨੀ ਚੋਣ ਲਈ ਆਪਣੀਆਂ ਮੁਹਿੰਮਾਂ ਦੌਰਾਨ ਦਲਿਤਾਂ ਦੇ ਮੁੱਦਿਆਂ ਦਾ ਪ੍ਰਮੁੱਖਤਾ ਨਾਲ ਜ਼ਿਕਰ ਕਰਨਾ ਨਹੀਂ ਭੁੱਲੀਆਂ ਹਨ।
ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਇਹ ਮੰਨਦੇ ਹਨ ਕਿ ਕਿਉਂਕਿ ਜਲੰਧਰ ਇੱਕ ਰਾਖਵੀਂ ਸੀਟ ਹੈ ਇਸ ਲਈ ਇੱਥੇ ਜਾਤ ਇੱਕ ਵੱਡਾ ਮੁੱਦਾ ਹੈ।
ਉਹ ਕਹਿੰਦੇ ਹਨ, “ਇਸ ਸੀਟ ਵਿੱਚ ਰਵਿਦਾਸੀ ਭਾਈਚਾਰਾ ਦਾ ਜ਼ੋਰ ਹੈ। ਦੂਜੇ ਨੰਬਰ ਉੱਤੇ ਗਿਣਤੀ ਵਿੱਚ ਮਜ਼ਹਬੀ ਸਿੱਖ ਹਨ।”
ਡੇਰਿਆਂ ਦਾ ਪ੍ਰਭਾਵ
ਸੰਸਦੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਭਗ 100 ਦੇ ਕਰੀਬ ਵੱਡੇ ਅਤੇ ਛੋਟੇ ‘ਡੇਰੇ’ ਸਥਿਤ ਹਨ। ਪ੍ਰਮੁੱਖ ਡੇਰਿਆਂ ਵਿੱਚ ਡੇਰਾ ਸੱਚਖੰਡ ਬੱਲਾਂ ਸ਼ਾਮਲ ਹੈ।
ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਭਾਵੇਂ ਕਿਸੇ ਦੀ ਸਰਕਾਰ ਬਣਨੀ ਜਾਂ ਡਿਗਣੀ ਨਾ ਹੋਵੇ ਪਰ ਇਸ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਵਾਰਮ-ਅਪ’ ਜਾਂ ਤਿਆਰੀ ਵਜੋਂ ਜ਼ਰੂਰ ਵੇਖਿਆ ਜਾ ਰਿਹਾ ਹੈ।
ਕਰਨਾਟਕ ’ਚ ਵੀ ਪੈ ਰਹੀਆਂ ਹਨ ਵੋਟਾਂ
ਦੱਖਣੀ ਭਾਰਤ ਦੇ ਅਹਿਮ ਸੂਬੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਅੱਜ ਵੋਟਾਂ ਪੈ ਰਹੀਆਂ ਹਨ।
ਕਰਨਾਟਕ ਦੇ ਚੋਣ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਕਈ ਹੋਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਅਹਿਮ ਹੋਣਗੇ।
ਸੂਬੇ ਦੀ ਕੁੱਲ ਆਬਾਦੀ ਦੀ ਜੇਕਰ ਗੱਲ ਕਰੀਏ ਤਾਂ ਇਹ 5.3 ਕਰੋੜ ਹੈ, ਜੋ ਸਿਆਸੀ ਪਾਰਟੀਆਂ ਦੀ ਕਿਸਮਤ ਤੈਅ ਕਰੇਗੀ।
ਕਰਨਾਟਕ ਵਿੱਚ 1985 ਤੋਂ ਬਾਅਦ ਕੋਈ ਵੀ ਸੱਤਾਧਾਰੀ ਪਾਰਟੀ ਸੱਤਾ ''ਚ ਵਾਪਸੀ ਨਹੀਂ ਕਰ ਸਕੀ ਹੈ।
224 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ 113 ਦਾ ਅੰਕੜਾ ਸਰਕਾਰ ਬਣਾਉਣ ਲਈ ਚਾਹੀਦਾ ਹੈ।
ਕਰਨਾਟਾਕ ਦੱਖਣੀ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਹੈ।
ਚੋਣ ਕਮਿਸ਼ਨ ਨੇ ਇਸ ਵਾਰ ਪਾਰਟੀਆਂ ਨੂੰ ਹਦਾਇਤ ਦਿੱਤੀ ਸੀ ਕਿ ਚੋਣ ਵਾਲੇ ਦਿਨ ਕਿਸੇ ਵੀ ਤਰੀਕੇ ਦਾ ਕੋਈ ਵੀ ਇਸ਼ਤਿਹਾਰ ਅਖ਼ਬਾਰਾਂ ਵਿੱਚ ਨਹੀਂ ਦੇਣਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)
ਸਰਕਾਰ ਅੱਗੇ ਭਲਵਾਨਾਂ ਦੇ ਡਟਨ ਦੇ ਮਾਅਨੇ: ''ਅੱਖਾਂ ''ਚ ਹੰਝੂ ਤੇ ਥਕਾਨ ਹੈ, ਪਰ ਡਰ ਨਹੀਂ''
NEXT STORY