ਰਤਨਪਾਲ ਦੀ ਪਤਨੀ ਤਸਵੀਰ ਦਿਖਾਉਂਦੇ ਹੋਏ
ਪਾਕਿਸਤਾਨ ਰੇਂਜਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਤਸਕਰੀ ਦੇ ਇਲਜ਼ਾਮਾਂ ਹੇਠ ਭਾਰਤ ਤੋਂ ਸਰਹੱਦ ਪਾਰ ਕਰ ਕੇ ਆਏ 6 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਭਾਰਤ ਦੇ ਨਾਲ ਕੌਮਾਂਤਰੀ ਸਰਹੱਦ ''ਤੇ ਤੈਨਾਤ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਨੇ 29 ਜੁਲਾਈ ਤੋਂ 3 ਅਗਸਤ 2023 ਤੱਕ ਪਾਕਿਸਤਾਨੀ ਖੇਤਰ ਦੇ ਅੰਦਰ 6 ਭਾਰਤੀ ਨਾਗਰਿਕਾਂ ਨੂੰ ਫੜਿਆ ਹੈ।
ਪਾਕਿਸਤਾਨ ਦਾ ਦਾਅਵਾ ਹੈ ਕਿ ਇਹ ਸਮੱਗਲਰ/ਅਪਰਾਧੀ ਪਾਕਿਸਤਾਨ ਵਿੱਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਮੁਤਾਬਕ ਹੁਣ ਇਨ੍ਹਾਂ ਭਾਰਤੀ ਲੋਕਾਂ ਖਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ ਵਿੱਚ ਚਾਰ ਫਿਰੋਜ਼ਪੁਰ ਤੋਂ ਗੁਰਮੇਜ, ਛਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਵਿਸ਼ਾਲ ਹਨ, ਜਲੰਧਰ ਤੋਂ ਰਤਨਪਾਲ ਸਿੰਘ ਅਤੇ ਲੁਧਿਆਣਾ ਤੋਂ ਹਰਵਿੰਦਰ ਸਿੰਘ (ਪਾਕਿਸਤਾਨ ਰੇਂਜਰਾਂ ਮੁਤਾਬਕ ਗੁਰਵਿੰਦਰ ਸਿੰਘ) ਸ਼ਾਮਲ ਹਨ।
ਇਨ੍ਹਾਂ ਭਾਰਤੀ ਤਸਕਰਾਂ ''ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਿੱਚ ਦਾਖ਼ਲ ਹੋਣ ਅਤੇ ਨਾਪਾਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਹਨ।
ਕੌਣ ਹਨ ਗ੍ਰਿਫ਼ਤਾਰ ਵਿਅਕਤੀ
ਪਾਕਿਸਤਾਨੀ ਵਿੱਚ ਗ੍ਰਿਫ਼ਤਾਰ ਨੌਜਵਾਨਾਂ ਬਾਰੇ ਵਧੇਰੇ ਜਾਣਕਾਰੀ ਲਈ ਬੀਬੀਸੀ ਪੰਜਾਬੀ ਨੇ ਉਨ੍ਹਾਂ ਦੇ ਪਿੰਡ ਜਾ ਕੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ।
ਗ੍ਰਿਫ਼ਤਾਰ ਵਿਅਕਤੀਆਂ ਦੇ ਪਰਿਵਾਰਾਂ ਵਿੱਚ ਬੇਹੱਦ ਸਹਿਮ ਭਰਿਆ ਮਾਹੌਲ ਹੈ।
ਇਨ੍ਹਾਂ ਵਿੱਚੋਂ ਤਿੰਨ ਨੌਜਵਾਨ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਹਨ ਅਤੇ ਦੋ ਨੌਜਵਾਨ ਲੁਧਿਆਣਾ ਤੋਂ ਅਤੇ ਇੱਕ ਜਲੰਧਰ ਤੋਂ ਹੈ।
ਜਦੋਂ ਬੀਬੀਸੀ ਦੀ ਟੀਮ ਵੀਰਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਿਲਚਾ (ਨਿਹਾਲਾ ਕਿਲਚਾ ਵੀ ਕਿਹਾ ਜਾਂਦਾ ਹੈ) ਪਹੁੰਚੀ ਤਾਂ ਦੇਖਿਆ ਕਿ ਇਹ ਪਿੰਡ ਹੜ੍ਹਾਂ ਨਾਲ ਵੀ ਪ੍ਰਭਾਵਿਤ ਹੈ।
ਇਸ ਪਿੰਡ ਦੇ ਜੋਗਿੰਦਰ ਸਿੰਘ, ਛਿੰਦਰ ਸਿੰਘ ਅਤੇ ਗੁਰਮੇਜ ਸਿੰਘ ਨਾਮ ਦੇ ਤਿੰਨ ਵਿਅਕਤੀਆਂ ਨੂੰ ਪਾਕਿਸਤਾਨ ਰੇਂਜਰਾਂ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ।
ਅਸੀਂ ਜੋਗਿੰਦਰ ਸਿੰਘ ਅਤੇ ਛਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਦਕਿ ਗੁਰਮੇਜ ਸਿੰਘ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ।
ਗੁਰਮੇਜ ਸਿੰਘ ਦਾ ਘਰ ਪਿੰਡ ਦੇ ਬਾਹਰਵਾਰ ਪੈਂਦਾ ਹੈ ਅਤੇ ਵੀਰਵਾਰ ਨੂੰ ਉੱਥੇ ਤਾਲਾ ਲੱਗਿਆ ਹੋਇਆ ਸੀ।
ਪਿੰਡ ਵਾਸੀਆਂ, ਜੋਗਿੰਦਰ ਸਿੰਘ ਤੇ ਛਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਤਿੰਨੋਂ ਜਣੇ ਨਸ਼ੇ ਦੇ ਆਦੀ ਸਨ ਅਤੇ ਪਿਛਲੇ 4-5 ਸਾਲਾਂ ਤੋਂ ਇਕੱਠੇ ਨਸ਼ਾ ਕਰਦੇ ਸਨ ਤੇ ਕੰਮ ''ਤੇ ਵੀ ਇਕੱਠੇ ਜਾਂਦੇ ਸਨ।
ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੋਂ ਵੱਖ-ਵੱਖ ਸੂਬਿਆਂ ਜਿਵੇਂ ਕਿ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਵੱਖ-ਵੱਖ ਫ਼ਸਲਾਂ ਦੀ ਵਾਢੀ ਦੇ ਮੌਸਮ ਅਨੁਸਾਰ ਕੰਬਾਈਨਾਂ ਦੇ ਡਰਾਈਵਰ ਵਜੋਂ ਕੰਮ ਕਰਦੇ ਸਨ।
ਜੋਗਿੰਦਰ ਸਿੰਘ- ਫਿਰੋਜ਼ਪੁਰ
ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਮੁਤਾਬਕ ਜੋਗਿੰਦਰ ਸਿੰਘ ਦੀ ਪਤਨੀ ਸਰੋਜ ਨੇ ਦੱਸਿਆ ਕਿ ਉਹ ਇਹ ਕਹਿ ਕੇ ਗਏ ਸਨ ਕਿ ਉਹ ਘਰ ਤੋਂ ਕੰਮ ’ਤੇ ਜਾ ਰਹੇ ਹਨ।''
ਉਨ੍ਹਾਂ ਅੱਗੇ ਕਿਹਾ, "ਸਾਨੂੰ ਖਬਰਾਂ ਤੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਾ ਅਤੇ ਸਾਡਾ ਪਰਿਵਾਰ ਬਹੁਤ ਚਿੰਤਤ ਹੈ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਨੂੰ ਭਾਰਤ ਦੀ ਜੇਲ੍ਹ ਵਿੱਚ ਵਾਪਸ ਲਿਆਂਦਾ ਜਾਵੇ ਤਾਂ ਜੋ ਘੱਟੋ-ਘੱਟ ਅਸੀਂ ਤੇ ਸਾਡੇ ਬੱਚੇ ਉਨ੍ਹਾਂ ਨੂੰ ਮਿਲ ਸਕੀਏ।"
ਸਰੋਜ ਨੇ ਦੱਸਿਆ ਕਿ ਪਿੰਡ ਵਿੱਚ ਉਨ੍ਹਾਂ ਦੀ 2 ਏਕੜ ਜ਼ਮੀਨ ਹੈ।
“ਜਦੋਂ ਜੋਗਿੰਦਰ ਘਰੋਂ ਨਿਕਲਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਉਹ 2 ਹਫ਼ਤਿਆਂ ਬਾਅਦ ਫ਼ੋਨ ਕਰੇਗਾ, ਪਰ ਸਾਨੂੰ ਕੋਈ ਫ਼ੋਨ ਨਹੀਂ ਆਇਆ।”
"ਫਿਰ ਅਸੀਂ ਸਥਾਨਕ ਪੁਲਿਸ ਕੋਲ ਪਹੁੰਚ ਕੀਤੀ ਅਤੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।"
ਉਨ੍ਹਾਂ ਨੇ ਕਿਹਾ ਕਿ ਤਿੰਨੋਂ, ਜੋਗਿੰਦਰ, ਛਿੰਦਰ ਤੇ ਗੁਰਮੇਜ ਇੱਕ ਦੂਜੇ ਨੂੰ ਜਾਣਦੇ ਹਨ ਕਿਉਂਕਿ ਉਹ ਇਕੱਠੇ ਕੰਮ ਕਰਦੇ ਸਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਜੋਗਿੰਦਰ ਸਿੰਘ ਖ਼ਿਲਾਫ਼ ਭਾਰਤ ਵਿੱਚ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ।
ਉਨ੍ਹਾਂ ਮੁਤਾਬਕ, ਜੋਗਿੰਦਰ ਅਤੇ ਉਸ ਦੇ ਸਹਿਯੋਗੀ ਨਸ਼ੇ ਦੇ ਆਦੀ ਹਨ ਅਤੇ ਟੀਕੇ ਤੇ ਹੋਰ ਸਾਧਨਾਂ ਰਾਹੀਂ ਨਸ਼ੇ ਕਰਦੇ ਹਨ ਅਤੇ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ, "ਜੋਗਿੰਦਰ ਦੇ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਹੋਣ ਕਾਰਨ ਸਾਡਾ ਘਰ ਬਰਬਾਦ ਹੋ ਗਿਆ ਅਤੇ ਹੜ੍ਹਾਂ ਕਾਰਨ ਸਾਡੀਆਂ ਫ਼ਸਲਾਂ ਖ਼ਰਾਬ ਹੋ ਗਈਆਂ। ਸਾਡੇ ਬੱਚੇ ਸਕੂਲ ਜਾਣ ਤੋਂ ਅਸਮਰੱਥ ਹਨ ਕਿਉਂਕਿ ਅਸੀਂ ਅਜੇ ਤੱਕ ਫੀਸਾਂ ਦਾ ਭੁਗਤਾਨ ਨਹੀਂ ਕੀਤਾ ਹੈ।"
ਜੋਗਿੰਦਰ ਦੀ ਧੀ ਪਿੰਕੀ ਫੀਸ ਨਾ ਤਾਰਨ ਕਾਰਨ ਸਕੂਲ ਨਹੀਂ ਜਾਂਦੀ
ਜੋਗਿੰਦਰ ਸਿੰਘ ਦੇ ਦੋ ਬੱਚੇ, ਇੱਕ ਪਤਨੀ ਅਤੇ ਇੱਕ ਮਾਂ ਹੈ। ਜੋਗਿੰਦਰ ਸਿੰਘ ਦਾ ਦੋ ਕਮਰਿਆਂ ਦਾ ਮਕਾਨ ਹੈ। ਪਰਿਵਾਰ ਨਸ਼ਾ ਤਸਕਰੀ ਦੇ ਇਲਜ਼ਾਮਾਂ ਤੋਂ ਵੀ ਇਨਕਾਰ ਕਰਦਾ ਹੈ।
ਜੋਗਿੰਦਰ ਸਿੰਘ ਦੀ 13 ਸਾਲਾ ਬੇਟੀ ਪਿੰਕੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਘਰੋਂ ਗਏ ਤਾਂ ਉਹ ਨੇ ਆਪਣੇ ਸਾਰੇ ਕੱਪੜੇ ਵੀ ਨਾਲ ਲੈ ਲਏ।
ਉਸਨੇ ਕਿਹਾ, "ਮੇਰੀਆਂ ਫ਼ੀਸਾਂ ਨਾ ਭਰਨ ਕਾਰਨ ਮੈਂ ਸਕੂਲ ਨਹੀਂ ਜਾ ਰਹੀ ਕਿਉਂਕਿ ਮੇਰੇ ਪਿਤਾ ਨੇ ਕੰਮ ਤੋਂ ਵਾਪਸ ਪਰਤਣ ''ਤੇ ਫੀਸ ਜਮਾਂ ਕਰਵਾਉਣ ਲਈ ਕਿਹਾ ਸੀ।"
"ਮੇਰੇ ਪਿਤਾ ਚਾਹੁੰਦੇ ਹਨ ਕਿ ਮੈਂ ਪੜ੍ਹਾਈ ਕਰਾਂ ਅਤੇ ਮੇਰੀ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਹੈ ਪਰ ਮੇਰੇ ਪਿਤਾ ਤੋਂ ਬਿਨਾਂ ਇਹ ਸੰਭਵ ਨਹੀਂ ਹੋਵੇਗਾ।"
ਛਿੰਦਰ ਦੀ ਤਸਵੀਰ
ਛਿੰਦਰ ਸਿੰਘ – ਫਿਰੋਜ਼ਪੁਰ
ਛਿੰਦਰ ਸਿੰਘ ਦੇ ਘਰ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਸੀ ਅਤੇ ਉਸ ਦੇ ਘਰ ਵਿੱਚ ਉਸ ਦਾ ਪੁੱਤਰ ਤੇ ਪਤਨੀ ਸਨ ।
ਛਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਨੇ ਦੱਸਿਆ ਕਿ ਛਿੰਦਰ ਵਾਢੀ ਵਾਲੀ ਕੰਬਾਈਨ ''ਤੇ ਡਰਾਈਵਰ ਵਜੋਂ ਕੰਮ ਕਰਨ ਗਿਆ ਸੀ ਪਰ ਉਸ ਨੇ 2 ਹਫ਼ਤਿਆਂ ਤੋਂ ਫ਼ੋਨ ਨਹੀਂ ਕੀਤਾ ਤੇ ਜਿਸ ਕਾਰਨ ਉਨ੍ਹਾਂ ਰਿਸ਼ਤੇਦਾਰਾਂ ਤੋਂ ਉਸ ਬਾਰੇ ਪੁੱਛਗਿੱਛ ਵੀ ਕੀਤੀ।
ਉਸ ਨੇ ਕਿਹਾ, "ਅਸੀਂ ਛਿੰਦਰ ਦੀ ਪਾਕਿਸਤਾਨ ਵਿੱਚ ਗ੍ਰਿਫ਼ਤਾਰੀ ਬਾਰੇ ਖ਼ਬਰਾਂ ਵਿੱਚ ਸੁਣਿਆ ਹੈ।"
ਹਾਲਾਂਕਿ, ਸ਼ਿੰਦਰ ਦੀ ਪਤਨੀ ਨੇ ਵੀ ਉਸ ਦੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਉਸ ਮੁਤਾਬਕ ਸ਼ਿੰਦਰ ''ਤੇ ਕੋਈ ਐੱਫਆਈਆਰ ਦਰਜ ਨਹੀਂ ਹੈ।
ਪਾਕਿਸਤਾਨ ਵਲੋਂ ਫੜੇ ਗਏ ਪੰਜਾਬੀ
- ਫਿਰੋਜ਼ਪੁਰ ਦੇ ਰਹਿਣ ਵਾਲੇ ਗੁਰਮੇਜ, ਛਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਵਿਸ਼ਾਲ ਨੂੰ ਪਾਕਿਸਤਾਨ ਰੇਂਜਰਾਂ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ।
- ਪਿੰਡ ਵਾਸੀਆਂ, ਜੋਗਿੰਦਰ ਸਿੰਘ ਤੇ ਛਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਤਿੰਨੋਂ ਜਣੇ ਨਸ਼ੇ ਦੇ ਆਦੀ ਸਨ ਅਤੇ ਪਿਛਲੇ 4-5 ਸਾਲਾਂ ਤੋਂ ਇਕੱਠੇ ਨਸ਼ਾ ਕਰਦੇ ਸਨ ਤੇ ਕੰਮ ''ਤੇ ਵੀ ਇਕੱਠੇ ਜਾਂਦੇ ਸਨ।
- ਜੋਗਿੰਦਰ ਦੇ ਪਰਿਵਾਰ ਨੇ ਸਥਾਨਕ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
- ਜੋਗਿੰਦਰ ਸਿੰਘ ਦੀ 13 ਸਾਲਾ ਬੇਟੀ ਪਿੰਕੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਘਰੋਂ ਗਏ ਤਾਂ ਉਨ੍ਹਾਂ ਨੇ ਆਪਣੇ ਸਾਰੇ ਕੱਪੜੇ ਵੀ ਲੈ ਲਏ ਸੀ।
- ਛਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਨੇ ਦੱਸਿਆ ਕਿ ਛਿੰਦਰ ਵਾਢੀ ਵਾਲੀ ਕੰਬਾਈਨ ''ਤੇ ਡਰਾਈਵਰ ਵਜੋਂ ਕੰਮ ਕਰਨ ਗਿਆ ਸੀ ਪਰ ਉਸ ਨੇ 2 ਹਫ਼ਤਿਆਂ ਤੋਂ ਫ਼ੋਨ ਨਹੀਂ ਕੀਤਾ ਤੇ ਜਿਸ ਕਾਰਨ ਉਨ੍ਹਾਂ ਰਿਸ਼ਤੇਦਾਰਾਂ ਤੋਂ ਉਸ ਬਾਰੇ ਪੁੱਛਗਿੱਛ ਵੀ ਕੀਤੀ।
- ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਰਜਿਆਂ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਜੁਲਾਈ 27 ਨੂੰ ਆਪਣੇ ਇਕ ਦੋਸਤ ਰਤਨ ਪਾਲ ਦੇ ਨਾਲ ਆਪਣੀ ਭੈਣ ਦੇ ਘਰ ਗਏ ਸਨ।
- ਰਤਨ ਪਾਲ ਜਲੰਧਰ ਦੇ ਮਹਿਤਪੁਰ ਦੇ ਪਿੰਡ ਖਹਿਰਾ ਮੁਸ਼ਤਰਕਾ ਦੀ ਧੱਕਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਹਰਵਿੰਦਰ ਸਿੰਘ ਨੇ ਨਾਲ ਉਨ੍ਹਾਂ ਦੀ ਭੈਣ ਦੀ ਮਦਦ ਲਈ ਫਿਰੋਜ਼ਪੁਰ ਗਿਆ ਸੀ।
- ਪਾਕਿਸਤਾਨ ਦਾ ਦਾਅਵਾ ਹੈ ਕਿ ਇਹ ਸਮੱਗਲਰ/ਅਪਰਾਧੀ ਪਾਕਿਸਤਾਨ ਵਿੱਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਤੋਂ ਇਲਾਵਾ ਉਹ ਮੰਨਦੇ ਹਨ ਕਿ ਉਨ੍ਹਾਂ ਦਾ ਪਤੀ ਨਸ਼ੇ ਦਾ ਅਦੀ ਹੈ ਅਤੇ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਕਿ ਇਹ ਪਾਕਿਸਤਾਨ ਕਿਵੇਂ ਪਹੁੰਚ ਗਏ।
ਉਹ ਆਖਦੀ ਹੈ, "ਹੋ ਸਕਦਾ ਹੈ ਕਿ ਨਸ਼ੇ ਦੇ ਅਸਰ ਹੇਠ ਪਾਕਿਸਤਾਨ ਵਿੱਚ ਚਲੇ ਗਏ ਹੋਣ।"
ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀ ਰਾਜਵਿੰਦਰ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਸਾਡੇ ਬੰਦਿਆਂ, ਛਿੰਦਰ ਸਿੰਘ, ਗੁਰਮੇਜ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਭਾਰਤ ਵਾਪਸ ਲਿਆਂਦਾ ਜਾਵੇ।"
"ਸਾਡੇ ਕੋਲ ਹੁਣ ਕੋਈ ਜ਼ਮੀਨ ਨਹੀਂ ਹੈ ਕਿਉਂਕਿ ਛਿੰਦਰ ਨੇ ਨਸ਼ੇ ਦੀ ਪੂਰਤੀ ਲਈ ਇੱਕ ਏਕੜ ਜ਼ਮੀਨ ਵੇਚ ਦਿੱਤੀ ਸੀ।"
ਰਾਜਵਿੰਦਰ ਦੇ ਗਲੇ ਵਿੱਚ ਰਸੌਲੀ ਹੈ ਅਤੇ ਉਹ ਆਪਣੇ ਨਾਬਾਲਗ਼ ਪੁੱਤਰ ਦੇ ਭਵਿੱਖ ਲਈ ਪਿੰਡ ਵਿੱਚ ਹੀ ਰਹਿ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਹੈ।
ਹਰਵਿੰਦਰ ਸਿੰਘ- ਲੁਧਿਆਣਾ
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਰਜਿਆਂ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਜੁਲਾਈ 27 ਨੂੰ ਆਪਣੇ ਇੱਕ ਦੋਸਤ ਰਤਨ ਪਾਲ ਦੇ ਨਾਲ ਆਪਣੀ ਭੈਣ ਦੇ ਘਰ ਗਏ ਸਨ।
ਉਨ੍ਹਾਂ ਦੀ ਭੈਣ ਦਾ ਪਿੰਡ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਸਰਹੱਦ ਦੇ ਨੇੜੇ ਪੈਂਦਾ ਹੈ। ਪਾਣੀ ਆਉਣ ਕਾਰਨ ਹਰਵਿੰਦਰ ਸਿੰਘ ਭੈਣ ਦੇ ਘਰੋਂ ਸਾਮਾਨ ਬਾਹਰ ਕੱਢਣ ਲਈ ਮਦਦ ਕਰਨ ਗਿਆ ਸੀ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੜ੍ਹ ਦੇ ਪਾਣੀ ਕਾਰਨ ਦੋਵੇਂ (ਰਤਨ ਪਾਲ) ਜਣੇ ਪਾਣੀ ਵਿੱਚ ਰੁੜ ਕੇ ਪਾਕਿਸਤਾਨ ਵਾਲੇ ਪਾਸੇ ਚਲੇ ਗਏ।
ਉੱਥੇ ਉਨ੍ਹਾਂ ਨੂੰ ਪਾਕਿਸਤਾਨੀ ਸੁਰੱਖਿਆ ਮੁਲਾਜ਼ਮਾਂ ਨੇ ਗ੍ਰਿਫ਼ਤਾਰ ਕਰ ਲਿਆ।
ਹਰਵਿੰਦਰ ਦੀ ਪਤਨੀ ਸ਼ੈਲਿੰਦਰ ਕੌਰ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਤੇ ਹਰਵਿੰਦਰ ਸਿੰਘ ਕਦੇ ਵੀ ਨਸ਼ਿਆਂ ਨਾਲ ਨਹੀਂ ਜੁੜਿਆ ਸੀ ਅਤੇ ਨਾ ਹੀ ਉਸ ਨੇ ਕਦੇ ਨਸ਼ਾ ਵੇਚਿਆ ਹੈ।
ਸ਼ੈਲਿੰਦਰ ਕੌਰ ਨੇ ਮੰਗ ਕੀਤੀ, "ਹਰਵਿੰਦਰ ਸਿੰਘ ਨੂੰ ਵਾਪਸ ਲਿਆਂਦਾ ਜਾਵੇ ਕਿਉਂਕਿ ਉਸ ਦੇ ਛੋਟੇ ਬੱਚੇ ਅਤੇ ਪਰਿਵਾਰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਬੜਾ ਗਰੀਬ ਹੈ ਅਤੇ ਹਰਵਿੰਦਰ ਸਿੰਘ ਇੱਥੇ ਘਰ ਜਵਾਈ ਰਹਿੰਦਾ ਸੀ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ।
ਕੁਝ ਦਿਨ ਪਹਿਲਾਂ ਥਾਣੇ ਤੋਂ ਪੁਲਿਸ ਵਾਲੇ ਉਨ੍ਹਾਂ ਦੇ ਘਰ ਆਏ ਅਤੇ ਸਾਰਿਆਂ ਦੇ ਅਧਾਰ ਕਾਰਡ ਲੈਅ ਕੇ ਚਲੇ ਗਏ। ਪਰ ਉਸ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਖ਼ਬਰ ਸਾਰ ਲੈਣ ਨਹੀਂ ਆਇਆ।
ਇਸ ਪਰਿਵਾਰ ਕੋਲ ਡੇਢ ਏਕੜ ਜ਼ਮੀਨ ਹੈ ਅਤੇ ਉਹ ਵੀ ਦਰਿਆ ਵਿੱਚ ਆ ਗਈ ਹੈ ।
ਦੂਜੇ ਪਾਸੇ ਪੁਲਿਸ ਸੂਤਰਾਂ ਮੁਤਾਬਕ ਵੀ ਇਸ ਨੌਜਵਾਨ ਤੇ ਕੋਈ ਨਸ਼ੇ ਸੰਬੰਧੀ ਕੇਸ ਦਰਜ ਨਹੀਂ ਹੈ।
ਰਤਨ ਪਾਲ- ਜਲੰਧਰ
ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਮੁਤਾਬਕ ਰਤਨ ਪਾਲ ਜਲੰਧਰ ਦੇ ਮਹਿਤਪੁਰ ਦੇ ਪਿੰਡ ਖੈਹਰਾ ਮੁਸ਼ਤਰਕਾ ਦੀ ਧੱਕਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਹਰਵਿੰਦਰ ਸਿੰਘ ਨੇ ਨਾਲ ਉਨ੍ਹਾਂ ਦੀ ਭੈਣ ਦੀ ਮਦਦ ਲਈ ਫਿਰੋਜ਼ਪੁਰ ਗਿਆ ਸੀ।
ਰਤਨ ਪਾਲ ਦੀ ਪਤਨੀ ਅਨੁਸਾਰ ਪੁਲਿਸ ਵਾਲੇ 29 ਜੁਲਾਈ ਨੂੰ ਉਨ੍ਹਾਂ ਦੇ ਘਰ ਆਏ ਅਤੇ ਸਾਰਿਆਂ ਦੇ ਅਧਾਰ ਕਾਰਡ ਲੈਅ ਕੇ ਚਲੇ ਗਏ।
ਰਤਨ ਪਾਲ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ, "ਦੋ ਪੁੱਤਰ ਹਨ, ਇੱਕ 11 ਸਾਲ ਦਾ ਤੇ ਇੱਕ 8 ਸਾਲ ਹੈ, ਜੋ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ।"
ਉਨ੍ਹਾਂ ਮੁਤਾਬਕ, "ਰਤਨ ਦਿਹਾੜੀ ਟੱਪਾ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ।"
ਰਤਨ ਦੀ ਪਤਨੀ ਖ਼ੁਦ ਵੀ ਖੇਤਾਂ ਵਿੱਚ ਦਿਹਾੜੀ ਆਦਿ ਲਗਾਉਣ ਜਾਂਦੀ ਹੈ। ਪਤਨੀ ਦਾ ਕਹਿਣਾ ਹੈ, "ਰਤਨ ਦੇ ਜਾਣ ਮਗਰੋਂ ਕੇਵਲ ਇੱਕ ਵੇਲੇ ਦੀ ਰੋਟੀ ਨਸੀਬ ਹੁੰਦੀ ਹੈ ਪਰ ਉਹ ਵੀ ਗਲ਼ੇ ਹੇਠਾਂ ਨਹੀਂ ਉਤਰਦੀ। ਪੂਰੇ ਪਰਿਵਾਰ ਵਿੱਚ ਇੱਕ ਜਣਾ ਕਮਾਉਣ ਵਾਲਾ ਸੀ।"
ਉਧਰ ਦੂਜੇ ਪਾਸੇ ਰਤਨ ਦੀ ਭੈਣ ਕੰਵਲਜੀਤ ਭਰੀਆਂ ਅੱਖਾਂ ਨਾਲ ਆਪਣੇ ਭਰਾ ਨੂੰ ਉਡੀਕ ਰਹੀ ਹੈ।
ਪੁਲਿਸ ਦੀ ਚੁੱਪੀ
ਫਿਰੋਜ਼ਪੁਰ ਦੇ ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਨੇ ਕਿਹਾ, “ਸਾਨੂੰ ਇਸ ਮਾਮਲੇ ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ ਅਤੇ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਹੈ ਅਤੇ ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ।”
ਫਿਰੋਜ਼ਪੁਰ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ, ਪਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਖੁਲਾਸਾ ਕੀਤਾ ਕਿ ਫਿਰੋਜ਼ਪੁਰ ਦੇ ਇਹ ਇਹ ਤਿੰਨੇ ਕਥਿਤ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ੱਕੀ ਹਨ।
ਜੋਗਿੰਦਰ ਸਿੰਘ ਅਤੇ ਛਿੰਦਰ ਸਿੰਘ ਰਾਏ ਸਿੱਖ ਭਾਈਚਾਰੇ ਨਾਲ ਸਬੰਧਤ ਹਨ ਜਦਕਿ ਗੁਰਮੇਜ ਸਿੰਘ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜ਼ਹਿਰੀਲੇ ਵਿਸ਼ਾਣੂਆਂ ਤੋਂ ਬਚਣ ਲਈ ਇਨ੍ਹਾਂ 7 ਕਿਸਮਾਂ ਦੇ ਭੋਜਨ ਤੋਂ ਪਰਹੇਜ਼ ਕਰੋ
NEXT STORY