ਭਾਰਤ ਵਿੱਚ ਵੀ ਕਈ ਜੋੜੇ ਹਨ ਜੋ ਇੱਕ ਹੀ ਬੱਚਾ ਪੈਦਾ ਕਰਨ ਦੀ ਹਾਮੀ ਭਰਦੇ ਹਨ
ਅਮਰੀਕਾ ਅਤੇ ਯੁਰਪ ਦੇ ਦੇਸ਼ਾਂ ਵਿੱਚ ਇੱਕ ਬੱਚੇ ਦਾ ਰੁਝਾਨ ਵਧ ਰਿਹਾ ਹੈ ਪਰ ਕੀ ਭਾਰਤ ਵਿੱਚ ਵੀ ਅਜਿਹਾ ਹੈ?
ਕੀ ਤੁਸੀਂ ਕਦੇ ਕਿਸੇ ਤੋਂ ਇਹ ਸਵਾਲ ਪੁੱਛਿਆ ਹੈ ਕਿ ‘ਤੁਸੀਂ ਕਿੰਨੇ ਭੈਣ-ਭਰਾ ਹੋ ?’
ਜੇਕਰ ਹਾਂ ਤਾਂ ਤੁਹਾਡੇ ਕੰਨਾਂ ਨੂੰ ਇਸ ਜਵਾਬ ਦੀ ਆਦਤ ਹੋਵੇਗੀ ਕਿ ਅਸੀਂ ਦੋ, ਤਿੰਨ ਜਾਂ ਚਾਰ ਭੈਣ-ਭਰਾ ਹਾਂ।
ਤੁਹਾਡੇ ਨਾਲ ਇਹ ਬਿਲਕੁਲ ਘੱਟ ਵਾਰੀ ਹੋਇਆ ਹੋਵੇਗਾ ਕਿ ਤੁਸੀਂ ਇਹ ਸੁਣਿਆ ਹੋਵੇ ਕਿ ਮੇਰਾ ਸਿਰਫ ਇੱਕ ਹੀ ਬੱਚਾ ਹੈ ਜਾਂ ਫਿਰ ਮੈਂ ‘ਸਿੰਗਲ ਚਾਈਲਡ’ ਹਾਂ।
ਪਰ ਜੇਕਰ ਤੁਸੀਂ ਅਮਰੀਕਾ ਜਾਂ ਯੁਰਪ ਦੇ ਕਿਸੇ ਦੇਸ਼ ਵਿੱਚ ਰਹਿੰਦੇ ਹੋ ਤਾਂ ‘ਸਿੰਗਲ ਚਾਈਲਡ’ ਹੋਣ ਦੀ ਗੱਲ ਸੁਣਨਾ ਤੁਹਾਡੇ ਲਈ ਬਹੁਤ ਮਾਮੂਲੀ ਜਿਹੀ ਗੱਲ ਹੋਵੇਗੀ।
ਜੀ ਹਾਂ, ਦਰਅਸਲ ਅਮਰੀਕਾ ਅਤੇ ਯੁਰਪ ਦੇ ਕਈ ਮੁਲਕਾਂ ਵਿੱਚ ਹਾਲ ਦੇ ਕੁਝ ਸਾਲਾਂ ਵਿੱਚ ‘ਵਨ ਚਾਈਲਡ ਐਂਡ ਡਨ’ ਯਾਨੀ ਇੱਕ ਬੱਚਾ ਅਤੇ ਬਸ ਹੋ ਗਿਆ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ।
ਇਨ੍ਹਾਂ ਦੇਸ਼ਾਂ ਵਿੱਚ ਜ਼ਿਆਦਾਤਰ ਵਿਆਹੇ ਲੋਕ ਇੱਕ ਤੋਂ ਵੱਧ ਬੱਚਾ ਪੈਦਾ ਕਰਨ ਤੋਂ ਬਚਣਾ ਚਾਹੁੰਦੇ ਹਨ।
ਕੈਨੇਡਾ ਦੇ ਓਂਟਾਰੀੳ ਦੀ ਰਹਿਣ ਵਾਲੀ 31 ਸਾਲਾ ਜੇਨ ਡਾਲਟਨ ਚਾਰ ਬੱਚੇ ਚਾਹੁੰਦੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਪੂਰੀ ਤਿਆਰੀ ਵੀ ਕਰ ਲਈ ਸੀ।
ਪਰ 2018 ਵਿੱਚ ਉਨ੍ਹਾਂ ਦੀ ਧੀ ਦੇ ਜਨਮ ਤੋਂ ਦੋ ਮਹੀਨੇ ਬਾਅਦ ਜੇਨ ਅਤੇ ਉਨ੍ਹਾਂ ਦੇ ਪਤੀ ਨੇ ਇਹ ਫੈਸਲਾ ਲਿਆ ਕਿ ਉਨ੍ਹਾਂ ਲਈ ਬਸ ਇੱਕ ਬੱਚਾ ਕਾਫੀ ਹੈ ਯਾਨੀ ਉਹ ‘ਵਨ ਚਾਈਲਡ ਐਂਡ ਡਨ’ ਦੀ ਨੀਤੀ ਅਪਨਾਉਣਗੇ।
ਪਰ ਡਾਲਟਨ ਇਕੱਲੀ ਨਹੀਂ ਹੈ, ਜਿਨ੍ਹਾਂ ਨੇ ਅਜਿਹਾ ਫ਼ੈਸਲਾ ਲਿਆ ਹੈ।
ਯੁਰਪ ਦੇ ਬੱਚਿਆਂ ਵਾਲੇ ਪਰਿਵਾਰਾਂ ਵਿੱਚ 49 ਫੀਸਦੀ ਅਜਿਹੇ ਹਨ ਜਿਨ੍ਹਾਂ ਦਾ ਇੱਕ ਹੀ ਬੱਚਾ ਹੈ। ਉੱਥੇ ਹੀ ਕੈਨੇਡਾ ਵਿੱਚ ਇੱਕ ਹੀ ਬੱਚੇ ਵਾਲੇ ਪਰਿਵਾਰਾਂ ਦਾ ਸਮੂਹ ਸਭ ਤੋਂ ਵੱਡਾ ਹੈ, ਜੋ 2022 ਵਿੱਚ 37 ਫੀਸਦੀ ਤੋਂ ਵੱਧ ਕੇ 2021 ਵਿੱਚ 45 ਫੀਸਦੀ ਹੋ ਗਿਆ ਹੈ।
2015 ਵਿੱਚ 18 ਫੀਸਦੀ ਅਮਰੀਕੀ ਔਰਤਾਂ ਦੇ ਸਿੰਗਲ ਚਾਈਲਡ ਸਨ, ਜਦਕਿ 1976 ਵਿੱਚ ਕੇਵਲ 10 ਫੀਸਦ ਔਰਤਾਂ ਦਾ ਹੀ ਇੱਕ ਬੱਚਾ ਸੀ।
ਇੱਕ ਬੱਚੇ ਦੇ ਪੱਖ ਵਿੱਚ ਦਲੀਲ
‘ਵਨ ਐਂਡ ਓਨਲੀ: ਦਿ ਫ੍ਰੀਡਮ ਆਫ਼ ਹੈਵਿੰਗ ਵਨ ਐਂਡ ਓਨਲੀ ਚਾਈਲਡ’ ਅਤੇ ‘ਦ ਜੌਏ ਆਫ਼ ਬੀਂਗ ਵਨ’ ਜਿਹੀਆਂ ਕਿਤਾਬਾਂ ਦੀ ਲੇਖਿਕਾ ਅਤੇ ਖੋਜਕਰਤਾ ਪੱਤਰਕਾਰ ਲਾਰੈਨ ਸੈਂਡਲਰ ਕਹਿੰਦੇ ਹਨ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਦੀਵਾਨੀ ਸੀ, ਪਰ ਉਨ੍ਹਾਂ ਨੂੰ ਆਪਣਾ ਕਰੀਅਰ ਬਹੁਤ ਪਸੰਦ ਸੀ, ਇਸੇ ਲਈ ਉਨ੍ਹਾਂ ਨੂੰ ਲੱਗਾ ਕੇ ਸਿਰਫ ਇੱਕ ਬੱਚੇ ਦੀ ਪਰਵਰਿਸ਼ ਕਰਨਾ ਹੀ ਸਭ ਤੋਂ ਬਿਹਤਰ ਰਸਤਾ ਹੈ।
ਇਕ ਸਟੱਡੀ ਦੇ ਮੁਤਾਬਕ ਅਮਰੀਕਾ ਵਿੱਚ ਦੋ ਬੱਚਿਆਂ ਨੂੰ ਪਾਲਣ ਵਿੱਚ ਔਸਤਨ ਕਰੀਬ 3 ਲੱਖ ਡਾਲਰ ਖਰਚ ਹੁੰਦੇ ਹਨ ਜਿਸ ਵਿੱਚ ਕਾਲਜ ਦੀ ਟਿਊੂਸ਼ਨ ਫੀਸ ਸ਼ਾਮਲ ਨਹੀਂ ਹੈ।
ਯੂਕੇ ਵਿੱਚ ਇੱਕ ਬੱਚੇ ਨੂੰ ਪਾਲਣ ਵਿੱਚ ਕਰੀਬ 2 ਲੱਖ ਡਾਲਰ ਖਰਚਾ ਆਉਂਦਾ ਹੈ ਅਤੇ ਆਸਟ੍ਰੇਲੀਆ ਵਿੱਚ ਇੱਕ ਲੱਖ ਸੱਤ ਹਜ਼ਾਰ ਡਾਲਰ ਦਾ।
ਕੈਨੇਡਾ ਦੇ ਕੈਲਗਰੀ ਵਿੱਚ ਰਹਿਣ ਵਾਲੇ 25 ਸਾਲ ਦੇ ਵਿਕਟੋਰੀਆਂ ਫ਼ਾਹੇ ਨੂੰ ਜਲਵਾਯੂ ਤਬਦੀਲੀ ਦੀ ਵੀ ਚਿੰਤਾ ਹੈ, ਫ਼ਾਹੇ ਕਹਿੰਦੇ ਹਨ, “ਸਰੋਤਾਂ ਦੇ ਲਈ ਲੜਾਈ ਹੋਵੇਗੀ ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਕਦੇ ਇਸ ਗੱਲ ਦੀ ਚਿੰਤਾ ਹੋਵੇ ਕਿ ਪਾਣੀ ਕਿੱਥੋਂ ਮਿਲੇਗਾ।”
ਉੱਥੇ ਹੀ ਅਜਿਹੇ ਫ਼ੈਸਲੇ ਲੈਣ ਦਾ ਕਾਰਨ ਆਰਥਿਕ ਵੀ ਹੈ।
ਯੁਰੋਪ ਵਿੱਚ ਬੱਚਾ ਹੋਣ ਤੋਂ ਬਾਅਦ ਔਰਤਾਂ ਦੀ ਤਨਖਾਹ ਵਿੱਚ ਔਸਤਨ 3.6 ਫੀਸਦ ਦਾ ਨਿਘਾਰ ਦੇਖਿਆ ਗਿਆ ਹੈ।
ਅਮਰੀਕਾ ਜਿਹੇ ਦੇਸ਼ ਵਿੱਚ ਵੀ ਇੱਕ ਸਟਡੀ ਵਿੱਚ ਦੇਖਿਆ ਗਿਆ ਹੈ ਕਿ ਬਿਨਾ ਬੱਚੇ ਵਾਲੀ ਔਰਤ ਵਰਕਰ ਅਤੇ ਦੋ ਜਾਂ ਤਿੰਨ ਬੱਚਿਆਂ ਦੀ ਮਾਂ ਦੀ ਤਨਖਾਹ ਵਿੱਚ ਕਰੀਬ 13 ਫੀਸਦ ਦਾ ਅੰਤਰ ਹੈ।
ਇੰਗਲੈਂਡ ਦੇ ਕਾਰਨਵਾਲ ਦੀ ਰਹਿਣ ਵਾਲੀ 33 ਸਾਲਾ ਲਾਰਾ ਬੇਨੇਟ ਕਹਿੰਦੇ ਹਨ ਕਿ ਇੱਕ ਬੱਚੇ ਦੇ ਕਾਰਨ ਉਹ ਇੱਕ ਚੰਗੀ ਸਾਥੀ ਬਣਦੀ ਹੈ।
ਉਨ੍ਹਾਂ ਦਾ ਤਰਕ ਇਹ ਹੈ ਕਿ ਇੱਕ ਬੱਚੇ ਦੇ ਕਾਰਨ ਉਹ ਬੜੇ ਆਰਾਮ ਨਾਲ ਦੋਸਤਾਂ ਦੇ ਨਾਲ ਵੀਕੈਂਡ ਉੱਤੇ ਜਾਂ ਛੁੱਟੀਆਂ ਦੇ ਦੌਰਾਨ ਘੁੰਮਣ ਜਾਂਦੀ ਹੈ… ਅਤੇ ਜਦੋਂ ਉਨ੍ਹਾਂ ਦੇ ਪਾਰਟਰ ਵੀ ਆਪਣੇ ਦੋਸਤਾਂ ਦੇ ਨਾਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।
ਸਮਾਜਿਕ ਦਬਾਅ
86 ਦੇਸ਼ਾਂ ਉੱਤੇ ਅਧਾਰਤ ਇੱਕ ਖੋਜ ਵਿੱਚ ਇਹ ਵੀ ਦੇਖਿਆ ਗਿਆ ਕਿ ਪਹਿਲੇ ਬੱਚੇ ਦੇ ਇੱਕ ਸਾਲ ਤੱਕ ਮਾਪੇ ਬਹੁਤ ਖੁਸ਼ ਸਨ ਪਰ ਦੂਜੇ ਬੱਚੇ ਤੋਂ ਬਾਅਦ ਉਨ੍ਹਾਂ ਦੀਆਂ ਖੁਸ਼ੀਆਂ ਅੱਧੀਆਂ ਹੋ ਜਾਂਦੀਆਂ ਹਨ ਅਤੇ ਤੀਜੇ ਤੋਂ ਬਾਅਦ ਤਾਂ ਕੋਈ ਖੁਸ਼ੀ ਹੈ ਹੀ ਨਹੀਂ।
ਹਾਲਾਂਕਿ ਕਈ ਦੇਸ਼ਾਂ ਵਿੱਚ, ਹੁਣ ਸਿਰਫ ਇੱਕ ਹੀ ਬੱਚੇ ਦਾ ਰੁਝਾਨ ਬਣ ਰਿਹਾ ਹੈ, ਫਿਰ ਵੀ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਦਾ ਸਮਾਜਿਕ ਦਬਾਅ ਬਣਿਆ ਰਹਿੰਦਾ ਹੈ।
ਜ਼ਿਆਦਾਤਰ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਰਿਸ਼ਤੇਦਾਰਾਂ ਤੋਂ ਲੈ ਕੇ ਸੜਕ ਉੱਤੇ ਜਾਂਦੇ ਅਣਜਾਣ ਲੋਕ ਵੀ, ਇੱਕ ਤੋਂ ਵੱਧ ਬੱਚੇ ਪੈਦਾ ਕਰਨ ਲਈ ਦਬਾਅ ਪਾਉਂਦੇ ਹਨ।
ਜੋ ਮਾਪੇ ਇਸ ਬਦਲ ਦੀ ਚੋਣ ਕਰਦੇ ਹਨ, ਉਨ੍ਹਾਂ ਨੂੰ ਲੋਕਾਂ ਨੂੰ ਅਤੇ ਇੱਥੋਂ ਤੱਕ ਕੇ ਖ਼ੁਦ ਨੂੰ ਵੀ ਇਹ ਵਿਸ਼ਵਾਸ ਦਵਾਉਣਾ ਪੈਂਦਾ ਹੈ ਕਿ ਉਨ੍ਹਾਂ ਨੇ ਅਜਿਹਾ ਕਰਕੇ ਸਹੀ ਕੀਤਾ ਹੈ।
ਭਾਰਤ ਵਿੱਚ ਕੀ ਹੈ ਸਥਿਤੀ
ਰਾਜਧਾਨੀ ਦਿੱਲੀ ਨੇੜੇ ਪੈਂਦੇ ਨੋਇਡਾ ਦੀ ਰਹਿਣ ਵਾਲੀ ਅਤੇ ਇੱਕ ਮੀਡੀਆ ਕੰਪਨੀ ਵਿੱਚ ਕੰਮ ਕਰਨ ਵਾਲੀ ਸਬੀਹਾ ਖਾਨ(ਨਾਮ ਬਦਲਿਆ ਹੋਇਆ) ਇੱਕ ਬੱਚੇ ਦੀ ਮਾਂ ਹਨ ਅਤੇ ਉਨ੍ਹਾਂ ਨੇ ਇਹ ਫ਼ੈਸਲਾ ਸੋਚ-ਸਮਝ ਕੇ ਲਿਆ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਉਹ ਦੱਸਦੇ ਹਨ, “ਇੱਕ ਬੱਚੇ ਦਾ ਫ਼ੈਸਲਾ ਸਮੇਂ ਦੀ ਜ਼ਰੂਰਤ ਹੈ।”
ਉਨ੍ਹਾਂ ਮੁਤਾਬਕ, ਇਸ ਵਿੱਚ ਉਨ੍ਹਾਂ ਦੇ ਪਤੀ ਅਤੇ ਪਰਿਵਾਰ ਦੇ ਸਾਰੇ ਲੋਕਾਂ ਦੀ ਰਜ਼ਾਮੰਦੀ ਸ਼ਾਮਲ ਹੈ।
ਉਹ ਕਹਿੰਦੇ ਹਨ, “ਸਾਡਾ ਮੰਨਣਾ ਹੈ ਕਿ ਸਾਨੂੰ ਆਪਣੇ ਬੱਚੇ ਨੂੰ ਚੰਗੀ ਸਿੱਖਿਆ, ਉਸ ਉੱਤੇ ਜ਼ਿਆਦਾ ਧਿਆਨ ਅਤੇ ਉਸਦੀ ਚੰਗੇ ਤਰੀਕੇ ਪਰਵਰਿਸ਼ ਕਰਨੀ ਚਾਹੀਦੀ ਹੈ।”
ਉਨ੍ਹਾਂ ਦਾ ਆਪਣਾ ਪਰਿਵਾਰ ਤਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਤੀ ਦੇ ਇਸ ਫ਼ੈਸਲੇ ਦੇ ਨਾਲ ਹੈ ਪਰ ਰਿਸ਼ਤੇਦਾਰਾਂ ਦੀ ਰਾਏ ਵਿੱਚ ਇੱਕ ਤੋਂ ਵੱਧ ਬੱਚੇ ਹੋਣੇ ਚਾਹੀਦੇ ਹਨ। ਪਰ ਸਬੀਹਾ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਅਤੇ ਤੁਹਾਡਾ ਪਤੀ ਕਿਸੇ ਫ਼ੈਸਲੇ ਵਿੱਚ ਇੱਕ-ਦੂਜੇ ਦੇ ਨਾਲ ਹੋਣ ਤਾਂ ਦੁਨੀਆ ਦੀ ਜ਼ਿਆਦਾ ਫ਼ਿਕਰ ਨਹੀਂ ਕਰਨੀ ਚਾਹੀਦੀ।
ਹਾਲਾਂਕਿ ਸਬੀਹਾ ਦਾ ਮੰਨਣਾ ਹੈ ਕਿ ਕਦੇ-ਕਦੇ ਦੂਜੇ ਬੱਚੇ ਦਾ ਖ਼ਿਆਲ ਆਉਂਦਾ ਹੈ ਪਰ ਉਹ ਆਪਣੇ ਫ਼ੈਸਲੇ ਉੱਤੇ ਕਾਇਮ ਹਨ। ਉਹ ਨਾ ਸਿਰਫ ਆਪਣੇ ਫ਼ੈਸਲੇ ਉੱਤੇ ਕਾਇਮ ਹਨ ਬਲਕਿ ਇੱਕ ਬੱਚੇ ਦੀ ਵਕਾਲਤ ਵੀ ਕਰਦੇ ਹਨ।
ਉਹ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਕੰਮ-ਕਾਜੀ ਮਾਪਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਇਹ ਹਰ ਕਿਸੇ ਦਾ ਨਿੱਜੀ ਮਾਮਲਾ ਹੈ ਪਰ ਫਿਰ ਵੀ ਇਹ ਸਾਡੀ ਪੀੜ੍ਹੀ ਦੀ ਜ਼ਰੂਰਤ ਹੈ। ਸਾਨੂੰ ਆਪਣੇ ਜੀਵਨ-ਢੰਗ ਨੂੰ ਮੈਨੇਜ ਕਰਨ ਦੀ ਲੋੜ ਹੈ ਅਤੇ ਇਸ ਲਈ ਸਾਨੂੰ ਇੱਕ ਬੱਚੇ ਨੂੰ ਵਧਾਵਾ ਦੇਣਾ ਚਾਹੀਦਾ ਹੈ।”
ਨਵੇਂ ਜ਼ਮਾਨੇ ਦੇ ਜੋੜੇ ਤੇ ਇੱਕ ਬੱਚਾ
- ਅਮਰੀਕਾ ਅਤੇ ਯੁਰਪ ਦੇ ਕਈ ਮੁਲਕਾਂ ਵਿੱਚ ਹਾਲ ਦੇ ਕੁਝ ਸਾਲਾਂ ਵਿੱਚ ਇੱਕ ਬੱਚਾ ਪੈਦਾ ਕਰਨ ਦਾ ਰੁਝਾਨ ਵੱਧ ਰਿਹਾ ਹੈ।
- ਯੁਰਪ ਦੇ ਬੱਚਿਆਂ ਵਾਲੇ ਪਰਿਵਾਰਾਂ ਵਿੱਚ 49 ਫੀਸਦੀ ਅਜਿਹੇ ਹਨ ਜਿਨ੍ਹਾਂ ਦਾ ਇੱਕ ਹੀ ਬੱਚਾ ਹੈ।
- 86 ਦੇਸ਼ਾਂ ਉੱਤੇ ਅਧਾਰਤ ਇੱਕ ਖੋਜ ਵਿੱਚ ਇਹ ਵੀ ਦੇਖਿਆ ਗਿਆ ਵੱਧ ਬੱਚਿਆਂ ਵਾਲੇ ਮਾਪੇ ਘੱਟ ਖੁਸ਼ ਰਹਿੰਦੇ ਹਨ।
- ਭਾਰਤ ਵਿੱਚ ਵੀ ਕਈ ਕੰਮਕਾਜੀ ਔਰਤਾਂ ਸਿਰਫ ਇੱਕ ਬੱਚਾ ਪੈਦਾ ਕਰਨ ਦਾ ਫੈਸਲਾ ਲੈ ਰਹੀਆਂ ਹਨ।
- ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਸਿਰਫ ਇੱਕ ਬੱਚਾ ਪੈਦਾ ਕਰਨ ਬਾਰੇ ਸੋਚਣ ਵਾਲੇ ਲੋਕ ਬਹੁਤ ਘੱਟ ਹਨ।
- ਨੈਸ਼ਨਲ ਫੈਮਿਲੀ ਹੈਲਥ ਸਰਵੇ(ਐਨਐਫ਼ਐਚਐਸ) 2019-21 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਔਸਤਨ ਲੋਕ ਦੋ ਬੱਚੇ ਚਾਹੁੰਦੇ ਹਨ।
ਤਾਂ ਕੀ ਸਬੀਹਾ ਖਾਨ ਦਾ ਫ਼ੈਸਲਾ ਕੋਈ ਰੁਝਾਨ ਹੈ?
ਨੈਸ਼ਨਲ ਲਾਅ ਸਕੁਲ ਆਫ਼ ਇੰਡੀਆ ਯੂਨੀਵਰਸਿਟੀ, ਬੰਗਲੁਰੂ ਵਿੱਚ ਅਸਿਸਟੈਂਟ ਪ੍ਰੋਫੇਸਰ ਡਾ ਅਮ੍ਰਿਤਾ ਨੰਦੀ ਨੂੰ ਨਹੀਂ ਲੱਗਦਾ ਕਿ ਭਾਰਤ ਵਿੱਚ ਲੋਕ ਸਿਰਫ ਇੱਕ ਬੱਚਾ ਪੈਦਾ ਕਰਨ ਦੇ ਬਾਰੇ ਸੋਚ ਰਹੇ ਹਨ।
‘ਮਦਰਹੁੱਡ ਐਂਡ ਚੌਇਸ: ਅਨਕੌਮਨ ਮਦਰਮ, ਚਾਈਲਡਫ੍ਰੀ ਵੁਮੈਨ’ ਕਿਤਾਬ ਲਿਖਣ ਵਾਲੀ ਡਾ ਨੰਦੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, “ਕੁਝ ਲੋਕ ਜ਼ਰੂਰ ਹਨ ਜੋ ਅਜਿਹਾ ਕਰ ਰਹੇ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਛੋਟੀ ਜਿਹੀ ਹੈ।”
“ਉਨ੍ਹਾਂ ਵਿੱਚ ਉੱਚ ਵਰਗ, ਪੜ੍ਹੇ ਲਿਖੇ ਪੇਸ਼ੇਵਰ ਲੋਕ ਸ਼ਾਮਲ ਹਨ ਅਤੇ ਉਹ ਵਿਸ਼ਵਾਸ ਅਤੇ ਪ੍ਰੈਕਟਿਸ ਦੇ ਮਾਮਲੇ ਵਿੱਚ ਕਿਸੇ ਵੱਡੇ ਪੈਟਰਨ ਦੀ ਨੁਮਾਇੰਦਗੀ ਨਹੀਂ ਕਰਦੇ ਹਨ।”
ਉਹ ਅੱਗੇ ਕਹਿੰਦੇ ਹਨ, “ਭਾਰਤੀ, ਦੂਜੇ ਏਸ਼ੀਆਈ ਲੋਕਾਂ ਦੇ ਵਾਂਗ, ਸਿਰਫ ਬੱਚਾ ਪੈਦਾ ਕਰਨ ਦੇ ਬਾਰੇ ਨਹੀਂ ਸੋਚਦੇ, ਬਲਕਿ ਉਹ ਇੱਕ ਤੋਂ ਵੱਧ ਬੱਚਿਆਂ ਦੇ ਹੋਣ ਨੂੰ ਬਿਹਤਰੀ ਦਾ ਸੰਕੇਤ ਮੰਨਦੇ ਹਨ, ਉਹ ਇੱਕ ਤੋਂ ਵੱਧ ਬੱਚੇ ਨੂੰ ਮਾਪਿਆਂ ਅਤੇ ਭੈਣਾਂ-ਭਰਾਵਾਂ ਦੇ ਲਈ ਭਾਵਨਤਮਕ ਅਤੇ ਵਿੱਤੀ ਸੁਰੱਖਿਆ ਦੇ ਸਰੋਤ ਦੇ ਰੂਪ ਵਿੱਚ ਦੇਖਦੇ ਹਨ।”
ਉਹ ਕਹਿੰਦੇ ਹਨ ਕਿ ਭਾਰਤ ਵਿੱਚ ਦੋ ਬੱਚਿਆਂ ਦੀ ਨੀਤੀ ਨੂੰ ਹੀ ਲਾਗੂ ਕਰਨਾ ਇੱਕ ਔੌਖਾ ਕੰਮ ਰਿਹਾ ਹੈ, ਅਜਿਹੇ ਵਿੱਚ ਇਸ ਲਈ ਇੱਕ-ਬੱਚੇ ਦੀ ਨੀਤੀ ਤਾਂ ਜ਼ਿਆਦਾਤਰ ਭਾਰਤੀ ਲੋਕਾਂ ਲਈ ਇੱਕ ਸਖ਼ਤ ਨਾਰਾਜ਼ਗੀ ਦੀ ਵਜ੍ਹਾ ਹੋ ਸਕਦੀ ਹੈ।
ਗੋਸੀਆ ਕਲੀਮੋਵਿਚਿਜ਼ ਦਾ ਕਹਿਣਾ ਹੈ ਕਿ ਉਹ ਬਹੁਤ ਸਾਰੇ ਬੱਚੇ ਪੈਦਾ ਕਰਕੇ ਉਨ੍ਹਾਂ ਦਾ ਬੋਝ ਚੁੱਕਣ ਲਈ ਤਿਆਰ ਨਹੀਂ ਹੈ
ਦੋ ਬੱਚਿਆਂ ਦੀ ਚਾਹਤ
ਇਸੇ ਗੱਲ ਨੂੰ ਵਿਸਥਾਰ ਵਿੱਚ ਸਮਝਾਉਂਦੇ ਹੋਏ ਪੌਪੁਲੇਸ਼ਨ ਫਾਊਂਡੇਸ਼ਨ ਆਫ ਇੰਡੀਆ ਦੀ ਕਾਰਜਕਾਰੀ ਨਿਰਦੇਸ਼ਕ ਪੂਨਮ ਮੁਤਰੇਜਾ ਦੱਸਦੇ ਹਨ, “ਨੈਸ਼ਨਲ ਫੈਮਿਲੀ ਹੈਲਥ ਸਰਵੇ(ਐਨਐਫ਼ਐਚਐਸ) 2019-21 ਦੇ ਅੰਕੜਿਆਂ ਦੇ ਮੁਤਾਬਕ 15 ਤੋਂ 49 ਦੇ ਵਿੱਚ ਔਰਤ ਅਤੇ ਮਰਦ ਦੋਵੇਂ ਹੀ 2.1 ਬੱਚੇ ਚਾਹੁੰਦੇ ਹਨ।
ਜਿਸਦਾ ਮਤਲਬ ਸਾਫ ਹੈ ਕਿ ਭਾਰਤ ਵਿੱਚ ਔਸਤਨ ਲੋਕ ਦੋ ਬੱਚੇ ਚਾਹੁੰਦੇ ਹਨ।”
ਡਾ ਮੁਤਰੇਜਾ ਦੇ ਅਨੁਸਾਰ ਅਮੀਰ ਵਰਗ ਦੇ ਕਈ ਲੋਕ ਸਿਰਫ ਇੱਕੋ ਬੱਚਾ ਚਾਹੁੰਦੇ ਹਨ ਪਰ ਇਹ ਕੋਈ ਰੁਝਾਨ ਹੋਵੇ ਇਸ ਨੂੰ ਸਾਬਤ ਕਰਨ ਦੇ ਲਈ ਅੰਕੜੇ ਸਮਰਥਨ ਨਹੀਂ ਕਰਦੇ।
ਹਾਲਾਂਕਿ ਡਾ ਮੁਤਰੇਜਾ ਕਹਿੰਦੇ ਹਨ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਭਾਰਤ ਵਿੱਚ ਵੀ ਇੱਕ ਬੱਚੇ ਦਾ ਰੁਝਾਨ ਵੱਧ ਜਾਵੇ ਕਿਉਂਕਿ ਉਨ੍ਹਾਂ ਦੇ ਅਨੁਸਾਰ ਜੋ ਇੰਟਰਨੈਸ਼ਨਲ ਰੁਝਾਨ ਹੁੰਦੇ ਹਨ ਉਹ ਇੰਡੀਆਂ ਵਿੱਚ ਕੁਝ ਦੇਰ ਬਾਅਦ ਆਉਂਦੇ ਹਨ।
ਪਰ ਕੀ ਇੱਕ ਬੱਚੇ ਦਾ ਰੁਝਾਨ ਭਾਰਤ ਲਈ ਬਿਹਤਰ ਹੋਵੇਗਾ, ਇਸ ਬਾਰੇ ਪੂਨਮ ਮੁਤਰੇਜਾ ਕਹਿੰਦੇ ਹਨ ਕਿ ਉਹ ਕਦੇ ਵੀ ਇੱਕ ਬੱਚੇ ਦੀ ਨੀਤੀ ਦਾ ਸਮਰਥਨ ਨਹੀਂ ਕਰਦੇ।
ਉਹ ਚੀਨ ਅਤੇ ਜਾਪਾਨ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਉੱਥੇ ਅੱਜ ਕੰਮ ਕਰਨ ਵਾਲੇ ਲੋਕਾਂ ਦੀ ਕਮੀ ਹੋ ਗਈ ਹੈ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ।
ਭਾਰਤ ਵਿੱਚ ਇੱਕ ਮੁੱਦਾ ਹੋਰ ਅਹਿਮ ਹੈ, ਜੇਕਰ ਜ਼ਿਆਦਾ ਲੋਕ ਇੱਕ ਬੱਚਾ ਪੈਦਾ ਕਰਨ ਦਾ ਫ਼ੈਸਲਾ ਕਰਦੇ ਹਨ ਤਾਂ ਕੁਝ ਸਾਲਾਂ ਤੋਂ ਬਾਅਦ ਭਾਰਤੀ ਸੰਯੁਕਤ ਪਰਿਵਾਰ ਦੀ ਸੰਸਥਾ ਹੀ ਖ਼ਤਮ ਹੋ ਜਾਵੇਗੀ, ਬੱਚਿਆਂ ਨੂੰ ਚਾਚਾ-ਚਾਚੀ, ਮਾਮਾ-ਮਾਮੀ ਅਤੇ ਆਪਣੇ ਕਜ਼ਨ ਨਹੀਂ ਮਿਲਣਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੰਦਰਯਾਨ-3: ਚੰਨ ’ਤੇ 14 ਦਿਨਾਂ ਵਿੱਚ ਛਾ ਜਾਵੇਗਾ ਹਨੇਰਾ, ਫਿਰ ਪ੍ਰਗਿਆਨ ਅਤੇ ਵਿਕਰਮ ਦਾ ਕੀ ਹੋਵੇਗਾ
NEXT STORY