ਭਾਰਤੀ ਪੁਲਾੜ ਏਜੰਸੀ ਇਸਰੋ ਨੇ ਲੰਘੇ ਬੁੱਧਵਾਰ ਚੰਨ ਦੇ ਦੱਖਣੀ ਧੁਰੇ ਉੱਤੇ ਚੰਦਰਯਾਨ-3 ਨੂੰ ਉਤਾਰਕੇ ਇਤਿਹਾਸ ਰਚਿਆ ਹੈ।
ਇਸਰੋ ਨੇ ਇਸ ਮਿਸ਼ਨ ਤਹਿਤ ਇੱਕ ਲੈਂਡਰ ਅਤੇ ਇੱਕ ਰੋਵਰ ਨੂੰ ਚੰਨ ਦੀ ਜ਼ਮੀਨ ਉੱਤੇ ਉਤਾਰਿਆ ਹੈ, ਜਿਨ੍ਹਾਂ ਨੂੰ ਵਿਕਰਮ ਤੇ ਪ੍ਰਗਿਆਨ ਦਾ ਨਾਮ ਦਿੱਤਾ ਗਿਆ ਹੈ।
ਪਰ ਇਹ ਕੰਮ ਸਿਰਫ਼ ਅਗਲੇ 14 ਦਿਨਾਂ ਤੱਕ ਜਾਰੀ ਰਹਿ ਸਕੇਗਾ। ਕਿਉਂਕਿ ਵਿਕਰਮ ਅਤੇ ਪ੍ਰਗਿਆਨ ਦੀ ਜ਼ਿੰਦਗੀ ਸਿਰਫ਼ ਐਨੀ ਹੀ ਹੈ।
ਇਸਰੋ ਨੇ ਆਪਣੀ ਵੈੱਬਸਾਈਟ ਉੱਤੇ ਦੱਸਿਆ ਹੈ ਕਿ ਵਿਕਰਮ ਤੇ ਪ੍ਰਗਿਆਨ ਦੀ ਮਿਸ਼ਨ ਲਾਈਫ ਸਿਰਫ਼ 14 ਦਿਨਾਂ ਦੀ ਹੈ।
ਪਰ ਅਜਿਹਾ ਕਿਉਂ ਹੈ?
ਵਿਕਰਮ-ਪ੍ਰਗਿਆਨ ਦੀ ਜ਼ਿੰਦਗੀ ਮਹਿਜ਼ 14 ਦਿਨਾਂ ਦੀ?
ਇਸਰੋ ਨੇ ਚੰਦਰਯਾਨ-3 ਦੇ ਨਾਲ ਚੰਨ ਉੱਤੇ ਪਹੁੰਚੇ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦੀ ਜ਼ਿੰਦਗੀ ਸਿਰਫ਼ 14 ਦਿਨਾਂ ਦੀ ਦੱਸੀ ਹੈ।
ਇਸ ਦਾ ਕਾਰਨ ਵਿਕਰਮ ਅਤੇ ਪ੍ਰਗਿਆਨ ਦਾ ਸੂਰਜੀ ਉਰਜਾ ਉੱਤੇ ਆਧਾਰਿਤ ਹੋਣਾ ਹੈ।
ਇਹ ਦੋਵੇਂ ਸੂਰਜ ਦੀ ਰੌਸ਼ਨੀ ਨੂੰ ਉਰਜਾ ਵਿੱਚ ਤਬਦੀਲ ਕਰਕੇ ਆਪਣਾ ਕੰਮ ਕਰਦੇ ਹਨ।
ਜੇ ਤੁਸੀਂ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦੀਆਂ ਤਸਵੀਰਾਂ ਦੇਖੀਆਂ ਹਨ ਤਾਂ ਤੁਹਾਡਾ ਧਿਆਨ ਉਨ੍ਹਾਂ ਉੱਤੇ ਲੱਗੇ ਸੋਲਰ ਪੈਨਲ ''ਤੇ ਗਿਆ ਹੋਵੇਗਾ।
ਵਿਕਰਮ ਲੈਂਡਰ ਨੂੰ ਤਿੰਨ ਪਾਸਿਓਂ ਸੋਲਰ ਪੈਨਲ ਨਾਲ ਢਕਿਆ ਗਿਆ ਹੈ ਤਾਂ ਜੋ ਉਸ ਨੂੰ ਹਾਰ ਹਾਲਤ ਵਿੱਚ ਲੋੜੀਂਦੀ ਰੌਸ਼ਨੀ ਮਿਲ ਸਕੇ।
ਪਰ ਅਜਿਹਾ ਸਿਰਫ਼ ਅਗਲੇ 14 ਦਿਨਾਂ ਤੱਕ ਹੀ ਸੰਭਵ ਹੈ ਕਿਉਂਕਿ 14 ਦਿਨਾਂ ਅੰਦਰ ਚੰਨ ਦਾ ਇਹ ਹਿੱਸਾ ਹਨੇਰੇ ਵਿੱਚ ਡੁੱਬ ਜਾਵੇਗਾ। ਕਿਉਂਕਿ ਚੰਨ ਦਾ ਇੱਕ ਦਿਨ ਧਰਤੀ ਦੇ 14 ਦਿਨਾਂ ਜਿੰਨਾ ਲੰਬਾ ਹੁੰਦਾ ਹੈ।
ਚੰਨ ਉੱਤੇ ਲੰਘੀ 23 ਅਗਸਤ ਨੂੰ ਸੂਰਜ ਉੱਗਿਆ ਸੀ ਜੋ ਪੰਜ-ਛੇ ਸਤੰਬਰ ਤੱਕ ਢਲ ਜਾਵੇਗਾ।
ਇਸ ਤੋਂ ਬਾਅਦ ਚੰਨ ਉੱਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਕਿਉਂਕਿ ਚੰਨ ਉੱਤੇ ਧਰਤੀ ਵਾਂਗ ਵਾਯੂਮੰਡਲ ਨਹੀਂ ਹੈ ਜੋ ਧਰਤੀ ਨੂੰ ਰਾਤ ਵੇਲੇ ਗਰਮ ਰੱਖਦਾ ਹੈ।
ਅਜਿਹੇ ਵਿੱਚ ਚੰਨ ਉੱਤੇ ਸੂਰਜ ਉੱਗਣ ਅਤੇ ਢਲਣ ਨਾਲ ਤਾਪਮਾਨ ਵਿੱਚ ਬੇਹੱਦ ਤੇਜ਼ੀ ਦੇ ਨਾਲ ਵੱਡਾ ਅੰਤਰ ਆਉਂਦਾ ਹੈ।
ਇਸਰੋ ਮੁਖੀ ਡਾ. ਐੱਸ ਸੋਮਨਾਥ ਨੇ ਦੱਸਿਆ ਹੈ, ‘‘ਸੂਰਜ ਢਲਣ ਨਾਲ ਹੀ ਸਭ ਕੁਝ ਹਨੇਰੇ ਵਿੱਚ ਡੁੱਬ ਜਾਵੇਗੀ। ਤਾਪਮਾਨ ਮਾਈਨਸ 180 ਡਿਗਰੀ ਸੈਲਸੀਅਸ ਤੱਕ ਡਿੱਗੇਗਾ। ਅਜਿਹੇ ਵਿੱਚ ਇਸ ਤਾਪਮਾਨ ਉੱਤੇ ਇਨ੍ਹਾਂ ਸਿਸਟਮਾਂ ਦਾ ਸੁਰੱਖਿਅਤ ਬਣੇ ਰਹਿਣਾ ਸੰਭਵ ਨਹੀਂ ਹੈ।’’
ਕੀ ਬਚੇ ਰਹਿਣ ਦੀ ਕੋਈ ਉਮੀਦ ਹੈ?
ਇਸ 14 ਦਿਨ ਲੰਬੀ ਹਨੇਰੀ ਰਾਤ ਤੋਂ ਬਾਅਦ ਚੰਨ ਉੱਤੇ ਇੱਕ ਵਾਰ ਫ਼ਿਰ ਸੂਰਜ ਉੱਗੇਗਾ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।
ਪਰ ਕੀ ਸੂਰਜ ਦੀ ਰੌਸ਼ਨੀ ਇੱਕ ਵਾਰ ਫ਼ਿਰ ਪ੍ਰਗਿਆਨ ਅਤੇ ਵਿਕਰਮ ਵਿੱਚ ਨਵੀਂ ਜਾਨ ਫੂਕ ਪਾਵੇਗੀ?
ਇਸਰੋ ਮੁਖੀ ਡਾ. ਸੋਮਨਾਥ ਨੇ ਇਹ ਕਿਹਾ ਹੈ ਕਿ ਇਸ ਤਾਪਮਾਨ ਵਿੱਚ ਇਨ੍ਹਾਂ ਦੇ ਸੁਰੱਖਿਅਤ ਬਚੇ ਰਹਿਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ, ‘‘ਜੇ ਇਹ ਸਿਸਟਮ ਸੁਰੱਖਿਅਤ ਬਣੇ ਰਹਿੰਦੇ ਹਨ ਤਾਂ ਅਸੀਂ ਬੇਹੱਦ ਖ਼ੁਸ਼ ਹੋਵਾਂਗੇ। ਜੇ ਇਹ ਦੁਬਾਰਾ ਸਰਗਰਮ ਹੋ ਜਾਂਦੇ ਹਨ ਤਾਂ ਅਸੀਂ ਇਨ੍ਹਾਂ ਦੇ ਨਾਲ ਇੱਕ ਵਾਰ ਫ਼ਿਰ ਕੰਮ ਸ਼ੁਰੂ ਕਰ ਸਕਾਂਗੇ ਅਤੇ ਉਮੀਦ ਕਰਦੇ ਹਾਂ ਕਿ ਅਜਿਹਾ ਹੀ ਹੋਵੇ।’’
ਪਰ ਜੇ ਚੰਨ ਉੱਤੇ ਇੱਕ ਵਾਰ ਫ਼ਿਰ ਸਵੇਰ ਹੋਣ ਤੋਂ ਬਾਅਦ ਵੀ ਪ੍ਰਗਿਆਨ ਅਤੇ ਵਿਕਰਮ ਸਰਗਰਮ ਨਹੀਂ ਹੋ ਸਕੇ ਤਾਂ ਕੀ ਹੋਵੇਗਾ।
ਇੰਟਰਨੈੱਟ ਉੱਤੇ ਚੰਦਰਯਾਨ-3 ਨਾਲ ਜੁੜੀਆਂ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੇ ਇੱਕ ਸਵਾਲ ਵਾਰ-ਵਾਰ ਪੁੱਛਿਆ ਹੈ ਕਿ ਕੀ ਪ੍ਰਗਿਆਨ ਅਤੇ ਵਿਕਰਮ ਧਰਤੀ ਉੱਤੇ ਵਾਪਸ ਆਉਣਗੇ ਅਤੇ ਕੀ ਉਹ ਆਪਣੇ ਨਾਲ ਚੰਨ ਦੇ ਨਮੂਨੇ ਲੈ ਕੇ ਆਉਣਗੇ।
ਇਸ ਦਾ ਜਵਾਬ ਹੈ – ਨਹੀਂ।
ਵਿਗਿਆਨ ਨਾਲ ਜੁੜੇ ਵਿਸ਼ਿਆਂ ਨੂੰ ਲੰਬੇ ਸਮੇਂ ਤੋਂ ਕਵਰ ਕਰ ਰਹੇ ਸੀਨੀਅਰ ਪੱਤਰਕਾਰ ਪੱਲਵ ਬਾਗਲਾ ਇਸ ਦਾ ਜਵਾਬ ਤਫ਼ਸੀਲ ਵਿੱਚ ਦਿੰਦੇ ਹਨ।
ਉਹ ਕਹਿੰਦੇ ਹਨ, ‘‘ਇਹ ਮਿਸ਼ਨ ਚੰਨ ਦੇ ਨਮੂਨੇ ਇਕੱਠੇ ਕਰਨ ਵਾਲਾ ਮਿਸ਼ਨ ਨਹੀਂ ਹੈ। ਇਹਨਾਂ ਉੱਤੇ ਮੌਜੂਦ ਉਪਕਰਣ ਲੇਜ਼ਰ ਦੀ ਮਦਦ ਨਾਲ ਜਾਣਕਾਰੀ ਜੁਟਾਉਣਗੇ ਜਿਸ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਹਾਲੇ ਭਾਰਤ ਕੋਲ ਉਹ ਤਕਨੀਕ ਉਪਲਬਧ ਨਹੀਂ ਹੈ ਜਿਸ ਨਾਲ ਉਹ ਚੰਨ ਉੱਤੇ ਆਪਣਾ ਮਿਸ਼ਨ ਭੇਜ ਕੇ ਸੈਂਪਲ ਨਾਲ ਵਾਪਸ ਲਿਆ ਸਕੇ।''''
''''ਹਾਲ ਹੀ ਵਿੱਚ ਚੀਨ ਨੇ ਇਸ ਕੰਮ ਨੂੰ ਬੇਹੱਦ ਸਫ਼ਲਤਾ ਨਾਲ ਕਰਕੇ ਦਿਖਾਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਤੇ ਰੂਸ ਵੀ ਅਜਿਹਾ ਕਰ ਚੁੱਕੇ ਹਨ।’’
ਚੰਨ ਉੱਤੇ ਪੁੱਠੀ ਗਿਣਤੀ ਸ਼ੁਰੂ
ਅਜਿਹੇ ਵਿੱਚ ਚੰਨ ਉੱਤੇ ਪਹੁੰਚਣ ਦੇ ਨਾਲ ਹੀ ਪ੍ਰਗਿਆਨ ਰੋਵਰ ਅਤੇ ਵਿਕਰਮ ਲੈਂਡਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।
ਪਰ ਐਨੇ ਘੱਟ ਸਮੇਂ ਵਿੱਚ ਇਹ ਦੋਵੇਂ ਚੰਨ ਤੋਂ ਕਿਸ ਤਰ੍ਹਾਂ ਦੀਆਂ ਜਾਣਕਾਰੀਆਂ ਭੇਜ ਸਕਣਗੇ।
ਪੱਲਵ ਬਾਗਲਾ ਕਹਿੰਦੇ ਹਨ, ‘‘ਚੰਦਰਯਾਨ-3 ਦੇ ਚੰਨ ਉੱਤੇ ਪਹੁੰਚਣ ਤੋਂ ਬਾਅਦ ਮੇਰੀ ਇਸਰੋ ਮੁਖੀ ਡਾ. ਸੋਮਨਾਥ ਨਾਲ ਗੱਲ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹਨਾਂ 14 ਦਿਨਾਂ ਵਿੱਚ ਚੰਨ ਉੱਤੇ ਜੋ ਕੰਮ ਹੋਣਾ ਸੀ, ਉਹ ਸ਼ੁਰੂ ਹੋ ਚੁੱਕਿਆ ਹੈ। ਥੋੜ੍ਹੇ ਸਮੇਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਵੀ ਆਉਣੀਆਂ ਸ਼ੁਰੂ ਹੋ ਜਾਣਗੀਆਂ।’’
ਇਸਰੋ ਵੱਲੋਂ ਲਗਾਤਾਰ ਵਿਕਰਮ ਲੈਂਡਰ ਵੱਲੋਂ ਖਿੱਚੀਆਂ ਤਸਵੀਰਾਂ ਨੂੰ ਭੇਜਣਾ ਜਾਰੀ ਹੈ। ਇਸ ਦੇ ਨਾਲ ਹੀ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲੈਂਡਰ ਚੰਨ ਦੀ ਸਤਿਹ ਵੱਲ ਵਧਦਾ ਦਿਖ ਰਿਹਾ ਹੈ।
ਇਹੀ ਨਹੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪ੍ਰਗਿਆਨ ਰੋਵਰ ਵਿਕਰਮ ਲੈਂਡਰ ਤੋਂ ਬਾਹਰ ਨਿਕਲਦਾ ਦਿਖ ਰਿਹਾ ਹੈ।
ਪਰ ਤਸਵੀਰ ਖਿੱਚਣ ਤੋਂ ਅਲਹਿਦਾ ਇਹ ਉਪਕਰਣ ਚੰਨ ਉੱਤੇ ਕੀ ਕੰਮ ਕਰਨਗੇ।
ਅਗਲੇ 14 ਦਿਨ ਕੀ ਹੋਵੇਗਾ?
ਇਹਨਾਂ 14 ਦਿਨਾਂ ਵਿੱਚੋਂ ਤਿੰਨ ਦਿਨ ਪਹਿਲਾਂ ਹੀ ਲੰਘ ਚੁੱਕੇ ਹਨ। ਹੁਣ ਬਾਕੀ 11 ਦਿਨ ਬਚੇ ਹਨ। ਪਿਛਲੇ ਤਿੰਨ ਦਿਨਾਂ ਵਿੱਚ ਇਹਨਾਂ ਉਪਕਰਣਾਂ ਦੀ ਟੈਸਟਿੰਗ ਕੀਤੀ ਗਈ ਹੈ।
ਇਸਰੋ ਵੱਲੋਂ ਲਗਾਤਾਰ ਆ ਰਹੀਆਂ ਜਾਣਕਾਰੀਆਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਰੇ ਸਿਸਟਮ ਠੀਕ ਹਨ।
ਬਾਗਲਾ ਦੱਸਦੇ ਹਨ, ‘‘ਚੰਨ ਦੀ ਸਤਿਹ ਉੱਤੇ ਪਹੁੰਚਣ ਤੋਂ ਬਾਅਦ ਪਹਿਲਾਂ ਸਾਰੇ ਉਪਕਰਣਾਂ ਦੀ ਜਾਂਚ ਕੀਤੀ ਜਾਂਦੀ ਹੈ। ਦੇਖਿਆ ਜਾਂਦਾ ਹੈ ਕਿ ਉਹ ਠੀਕ ਚੱਲ ਰਹੇ ਹਨ ਜਾਂ ਨਹੀਂ, ਇੱਕ ਦੂਜੇ ਨਾਲ ਸੰਵਾਦ ਕਰਨ ਵਿੱਚ ਸਮਰੱਥ ਹਨ ਜਾਂ ਨਹੀਂ।''''
''''ਇੱਥੇ ਇਸ ਤੋਂ ਬਾਅਦ ਵਿਗਿਆਨੀ ਪ੍ਰਯੋਗ ਸ਼ੁਰੂ ਹੋਣਗੇ। ਵਿਕਰਮ ਵੱਲੋਂ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਕਿਉਂਕਿ ਇਸਰੋ ਕੋਲ ਜ਼ਿਆਦਾ ਵਕਤ ਨਹੀਂ ਹੈ। ਸਿਰਫ਼ 14 ਦਿਨਾਂ ਦਾ ਸਮਾਂ ਹੈ ਜਿਸ ਵਿੱਚ ਸਾਰੇ ਵਿਗਿਆਨੀ ਪ੍ਰਯੋਗਾਂ ਨੂੰ ਪੂਰਾ ਕਰਨਾ ਹੈ।’’
ਉਹ ਕਹਿੰਦੇ ਹਨ, ‘‘ਕਿਉਂਕਿ ਹਾਲੇ ਚੰਨ ਉੱਤੇ ਦਿਨ ਹੈ ਅਤੇ ਸੂਰਜ ਨਿਕਲਿਆ ਹੋਇਆ ਹੈ। ਇਹ ਉਪਕਰਣ ਸੋਲਰ ਪਾਵਰ ਉੱਤੇ ਆਧਾਰਿਤ ਹਨ। ਸੂਰਜ ਢਲਣ ਤੋਂ ਬਾਅਦ ਇਹ ਕੰਮ ਕਰਨਾ ਬੰਦ ਕਰ ਦੇਣਗੇ। ਇਹਨਾਂ ਦੀਆਂ ਬੈਟਰੀਆਂ ਵਿੱਚ ਜਾਨ ਨਹੀਂ ਬਚੇਗੀ। ਅਜਿਹੇ ਵਿੱਚ ਇਸਰੋ ਨੇ ਤੁਰੰਤ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।’’
ਨਾਸਾ ਮੁਤਾਬਕ, ਚੰਨ ਦਾ ਦੱਖਣੀ ਧੁਰਾ ਇੱਕ ਰਹੱਸਾਂ ਨਾਲ ਭਰੀ ਹੋਈ ਥਾਂ ਹੈ ਜਿੱਥੇ ਕੰਮ ਕਰਨਾ ਬੇਹੱਦ ਔਖਾ ਹੈ।
ਅਜਿਹੇ ਵਿੱਚ ਕੀ ਪ੍ਰਗਿਆਨ ਨੂੰ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ?
ਬਾਗਲਾ ਦੱਸਦੇ ਹਨ, ‘‘ਇਸਰੋ ਵੱਲੋਂ ਇੱਕ ਤਸਵੀਰ ਜਾਰੀ ਹੋਈ ਹੈ, ਜਿਸ ਵਿੱਚ ਵਿਕਰਮ ਦੀ ਇੱਕ ਲੱਤ ਦਿਖ ਰਹੀ ਹੈ ਜੋ ਕਿ ਟੁੱਟੀ ਨਹੀਂ ਹੈ ਅਤੇ ਦੂਜੀਆਂ ਲੱਤਾਂ ਵੀ ਸੁਰੱਖਿਅਤ ਹਨ। ਇਸ ਦੇ ਨਾਲ ਹੀ ਜ਼ਮੀਨ ਦਿਖ ਰਹੀ ਹੈ ਜੋ ਕਿ ਕਾਫ਼ੀ ਫ਼ਲੈਟ ਲੱਗ ਰਹੀ ਹੈ। ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿਉਂਕਿ ਹੁਣ ਰੋਵਰ ਆਪਣਾ ਕੰਮ ਚੰਗੇ ਤਰੀਕੇ ਨਾਲ ਕਰ ਸਕੇਗਾ।’’
ਛੇ ਪਹੀਆਂ ਵਾਲੇ ਇਸ ਰੋਵਰ ਦਾ ਭਾਰ ਸਿਰਫ਼ 26 ਕਿੱਲੋ ਹੈ ਜੋ ਬੇਹੱਦ ਹੌਲੀ ਰਫ਼ਤਾਰ ਨਾਲ ਚੱਲਦਾ ਹੈ।
ਪਰ ਚੰਨ ਦੀ ਸਤਿਹ ਉੱਤੇ ਚਲਦਿਆਂ ਪ੍ਰਗਿਆਨ ਰੋਵਰ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਕੀ-ਕੀ ਕਰੇਗਾ।
ਇਸ ਬਾਰੇ ਬਾਗਲਾ ਦੱਸਦੇ ਹਨ, ‘‘ਪ੍ਰਗਿਆਨ ਚੰਨ ਦੇ ਦੱਖਣੀ ਧੁਰੇ ਦੀ ਜ਼ਮੀਨ ਉੱਤੇ ਚੱਲੇਗਾ ਜਿੱਥੇ ਹੁਣ ਤੱਕ ਦੁਨੀਆਂ ਦੇ ਕਿਸੇ ਦੇਸ਼ ਦਾ ਕੋਈ ਉਪਕਰਣ ਨਹੀਂ ਚੱਲਿਆ ਹੈ। ਅਜਿਹੇ ਵਿੱਚ ਉਸ ਵੱਲੋਂ ਜੋ ਵੀ ਡੇਟਾ ਭੇਜਿਆ ਜਾਵੇਗਾ ਉਹ ਆਪਣੇ ਆਪ ਵਿੱਚ ਬੇਹੱਦ ਖ਼ਾਸ ਅਤੇ ਨਵੀਂ ਜਾਣਕਾਰੀ ਹੋਵੇਗੀ।’’
‘‘ਇਹ ਚੰਨ ਦੀ ਸਤਿਹ ਦੀ ਰਸਾਇਣਕ ਬਣਤਰ ਬਾਰੇ ਦੱਸੇਗਾ ਕਿ ਚੰਨ ਦੀ ਜ਼ਮੀਨ ਵਿੱਚ ਕਿਸ ਤੱਤ ਦੀ ਕਿੰਨੀ ਮਾਤਰਾ ਮੌਜੂਦ ਹੈ। ਅਤੇ ਚੰਨ ਦਾ ਪੂਰਾ ਭੂ-ਵਿਗਿਆਨ ਇੱਕੋ ਜਿਹਾ ਨਹੀਂ ਹੋਵੇਗਾ।''''
''''ਅਜਿਹੇ ਵਿੱਚ ਅਜੇ ਤੱਕ ਚੰਨ ਦੇ ਜੋ ਵੀ ਟੁਕੜੇ ਆਏ ਹਨ, ਉਹ ਚੰਨ ਦੇ ਭੂ-ਮੱਧ ਰੇਖਾ ਵਾਲੇ ਖ਼ੇਤਰ ਤੋਂ ਆਏ ਹਨ। ਅਜਿਹੇ ਵਿੱਚ ਇਹ ਜੋ ਵੀ ਡੇਟਾ ਭੇਜਣਗੇ, ਉਹ ਆਪਣੇ ਆਪ ਵਿੱਚ ਨਵਾਂ ਹੋਵੇਗਾ।’’
ਇਹ ਕੰਮ ਰੋਵਰ ਉੱਤੇ ਮੌਜੂਦ ਐੱਲਆਈਬੀਐੱਸ ਯਾਨੀ ਲੇਜ਼ਰ ਇੰਡਯੂਸਡ ਬ੍ਰੇਕਡਾਉਨ ਸਪੇਕਟ੍ਰੋਸਕੋਪ ਕਰੇਗਾ।
ਇਹ ਇੱਕ ਆਧੁਨਿਕ ਵਿਧੀ ਹੈ ਜਿਸ ਦੀ ਵਰਤੋਂ ਕਿਸੇ ਥਾਂ ਉੱਤੇ ਤੱਤਾਂ ਅਤੇ ਉਨ੍ਹਾਂ ਦੇ ਗੁਣਾਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ।
ਇਹ ਉਪਕਰਣ ਚੰਨ ਦੀ ਸਤਿਹ ਉੱਤੇ ਬਹੁਤ ਤੇਜ਼ ਲੇਜ਼ਰ ਫਾਇਰ ਕਰੇਗਾ, ਇਸ ਦੇ ਚਲਦਿਆਂ ਸਤਿਹ ਦੀ ਮਿੱਟੀ ਤੁਰੰਤ ਪਿਘਲ ਕੇ ਰੌਸ਼ਨੀ ਪੈਦਾ ਕਰੇਗੀ।
ਇਸ ਦੇ ਵੈੱਬਲੈਂਥ ਦਾ ਵਿਸ਼ਲੇਸ਼ਣ ਕਰਕੇ ਐੱਲਆਈਬੀਐੱਸ ਸਤਿਹ ਉੱਤੇ ਮੌਜੂਦ ਰਸਾਇਣਕ ਤੱਤਾਂ ਅਤੇ ਸਮੱਗਰੀਆਂ ਦੀ ਪਛਾਣ ਕਰੇਗਾ।
ਰੋਵਰ ਉੱਤੇ ਸਥਾਪਿਤ ਇਹ ਐੱਲਆਈਬੀਐੱਸ ਉਪਕਰਣ ਚੰਨ ਦੀ ਸਤਿਹ ਉੱਤੇ ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕੌਨ, ਪੋਟਾਸ਼ੀਅਮ, ਕੈਲਸ਼ੀਅਮ, ਟਾਇਟੇਨਿਯਮ ਅਤੇ ਆਇਰਨ ਵਰਗੇ ਤੱਤਾਂ ਦੀ ਮੌਜੂਦਗੀ ਦਾ ਪਤਾ ਲਗਾਏਗਾ।
ਰੋਵਰ ਉੱਤੇ ਲੱਗਿਆ ਇੱਕ ਹੋਰ ਉਪਕਰਣ ਏਪੀਐਕਸਐੱਸ ਯਾਨੀ ਅਲਫ਼ਾ ਪਾਰਟਿਕਲ ਐਕਸ-ਰੇ ਸਪੇਕਟ੍ਰੋਮੀਟਰ ਹੈ।
ਇਹ ਚੰਨ ਦੀ ਸਤਿਹ ਉੱਤੇ ਮਿੱਟੀ ਅਤੇ ਚੱਟਾਨਾਂ ਵਿੱਚ ਭਰਪੂਰ ਮਾਤਰਾ ਵਿੱਚ ਰਸਾਇਣਕ ਮਿਸ਼ਰਣਾਂ ਦਾ ਪਤਾ ਲਗਾਏਗਾ।
ਇਹ ਚੰਨ ਦੀ ਸਤਿਹ ਅਤੇ ਉਸ ਦੀ ਮਿੱਟੀ ਬਾਰੇ ਸਾਡੀ ਸਮਝ ਨੂੰ ਵਧਾ ਕੇ ਭਵਿੱਖ ਦੇ ਪ੍ਰਯੋਗਾਂ ਨੂੰ ਹੋਰ ਜ਼ਿਆਦਾ ਤੇਜ਼ੀ ਨਾਲ ਅੱਗੇ ਵਧਾਉਣਾ ਦਾ ਰਾਹ ਤਿਆਰ ਕਰੇਗਾ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

ਹੜ੍ਹਾਂ ਨਾਲ ਤਬਾਹੀ: ‘ਮੈਂ ਆਪਣਾ ਘਰ ਢਹਿ-ਢੇਰੀ ਹੁੰਦਾ ਦੇਖਿਆ, ਜ਼ੋਰ-ਜ਼ੋਰ ਨਾਲ ਚੀਕਾਂ ਮਾਰੀਆਂ ਪਰ ਕੁਝ ਨਾ...
NEXT STORY