ਰਾਜਸਥਾਨ ਦੇ ਆਦਿਵਾਸੀ ਬਹੁਗਿਣਤੀ ਵਾਲੇ ਪ੍ਰਤਾਪਗੜ ਜ਼ਿਲ੍ਹੇ ਵਿੱਚ ਇੱਕ ਔਰਤ ਨੂੰ ਨੰਗਾ ਕਰਕੇ ਪਿੰਡ ਵਿੱਚ ਘੁੰਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਦੌਰਾਨ ਲੋਕਾਂ ਨੇ ਘਟਨਾ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਜੋ ਵਾਇਰਲ ਹੋ ਗਏ।
ਇਹ ਘਟਨਾ 31 ਅਗਸਤ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਸਤੰਬਰ ਦੀ ਰਾਤ ਅੱਠ ਵਜੇ ਵੀਡੀਓ ਰਾਹੀਂ ਘਟਨਾ ਦੀ ਜਾਣਕਾਰੀ ਮਿਲੀ।
ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੇ 30 ਟੀਮਾਂ ਬਣਾਈਆਂ ਹਨ। ਸਥਾਨਕ ਪੁਲਿਸ ਹੁਣ ਤੱਕ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਚਾਰ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਕੌਮੀ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਕਿਹਾ ਕਿ ਘਟਨਾ ਦੇ ਦੋ ਦਿਨ ਲੰਘ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਕਮਿਸ਼ਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ‘‘ਰਾਜਸਥਾਨ ਦੇ ਪ੍ਰਤਾਪਗੜ ਵਿੱਚ ਹੋਈ ਘਟਨਾ ਦੀ ਕੌਮੀ ਮਹਿਲਾ ਕਮਿਸ਼ਨ ਸਖ਼ਤ ਨਿੰਦਾ ਕਰਦਾ ਹੈ। ਇੱਕ ਔਰਤ ਉੱਤੇ ਤਸ਼ਦੱਦ ਕੀਤਾ ਗਿਆ, ਉਸ ਨੂੰ ਨੰਗਾ ਕੀਤਾ ਗਿਆ ਅਤੇ ਇਸ ਦਾ ਵੀਡੀਓ ਵੀ ਬਣਾਇਆ ਗਿਆ। ਘਟਨਾ ਨੂੰ ਦੋ ਦਿਨਾਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਇਹ ਸਵੀਕਾਰ ਕਰਨ ਦੇ ਯੋਗ ਨਹੀਂ ਹੈ।’’
‘‘ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਸੂਬੇ ਦੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਉੱਤੇ ਆਈਪੀਸੀ ਦੀ ਉਚਿਤ ਧਾਰਾ ਤਹਿਤ ਮਾਮਲਾ ਚਲਾਇਆ ਜਾਵੇ। ਰਾਜਸਥਾਨ ਸਰਕਾਰ ਇਸ ਬਾਰੇ ਪੰਜ ਦਿਨਾਂ ਅੰਦਰ ਰਿਪੋਰਟ ਪੇਸ਼ ਕਰੇ।’’
ਕੀ ਹੈ ਮਾਮਲਾ?
ਪ੍ਰਤਾਪਗੜ ਪੁਲਿਸ ਦੇ ਐੱਸਪੀ ਅਮਿਤ ਬੁਡਾਨੀਆ ਨੇ ਬੀਬੀਸੀ ਨੂੰ ਫ਼ੋਨ ਉੱਤੇ ਕਿਹਾ, ‘‘ਇਹ ਘਟਨਾ ਵੀਰਵਾਰ 31 ਅਗਸਤ ਸ਼ਾਮ ਦੀ ਹੈ। ਸਾਡੇ ਕੋਲ ਘਟਨਾ ਦਾ ਵੀਡੀਓ ਸ਼ੁੱਕਰਵਾਰ ਇੱਕ ਸਤੰਬਰ ਰਾਤ ਅੱਠ ਵਜੇ ਆਇਆ।’’
ਐੱਸਪੀ ਨੇ ਦੱਸਿਆ, ‘‘ਇਹ ਘਟਨਾ ਪ੍ਰਤਾਪਗੜ ਦੇ ਧਰੀਆਵਾਦ ਵਿੱਚ ਹੋਈ। ਜਿੱਥੇ ਘਟਨਾ ਹੋਈ ਉੱਥੇ ਕਰੀਬ 10 ਕਿਲੋਮੀਟਰ ਦੇ ਇਲਾਕੇ ਵਿੱਚ ਨੈੱਟਵਰਕ ਨਹੀਂ ਆਉਂਦਾ। ਸ਼ੁੱਕਰਵਾਰ ਨੂੰ ਮੁਲਜ਼ਮਾਂ ਵਿੱਚੋਂ ਜਦੋਂ ਕੋਈ ਨੈੱਟਵਰਕ ਵਾਲੇ ਇਲਾਕੇ ਵਿੱਚ ਆਇਆ ਤਾਂ ਉਸ ਨੇ ਘਟਨਾ ਦੇ ਵੀਡੀਓ ਪੋਸਟ ਕੀਤੇ ਜੋ ਵਾਇਰਲ ਹੋ ਗਏ।’’
ਵਾਇਰਲ ਵੀਡੀਓ ਵਿੱਚ ਮੁਲਜ਼ਮ ਜਬਰਨ ਔਰਤ ਦੇ ਕੱਪੜੇ ਲਾਹੁੰਦੇ ਹੋਏ ਨਜ਼ਰ ਆ ਰਿਹਾ ਹੈ, ਜਦਕਿ ਔਰਤ ਰੋਂਦੇ ਹੋਏ ਅਜਿਹਾ ਨਾ ਕਰਨ ਦੀ ਗੁਹਾਰ ਲਗਾ ਰਹੀ ਹੈ।
ਪੁਲਿਸ ਮੁਤਾਬਕ ਔਰਤ ਨੂੰ ਨੰਗਾ ਘੁੰਮਾਇਆ ਗਿਆ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਤਮਾਸ਼ਬੀਨ ਭੀੜ ਘਟਨਾ ਦਾ ਵਿਰੋਧ ਨਹੀਂ ਕਰ ਰਹੀ ਹੈ। ਇਸ ਭੀੜ ਵਿੱਚ ਔਰਤਾਂ ਵੀ ਨਜ਼ਰ ਆ ਰਹੀਆਂ ਹਨ।
ਘਟਨਾ ਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਕਰੀਬ ਇੱਕ ਵਜੇ ਡੀਜੀਪੀ ਉਮੇਸ਼ ਮਿਸ਼ਰਾ ਨੇ ਮੀਡੀਆ ਲਈ ਬਿਆਨ ਜਾਰੀ ਕਰਕੇ ਪੁਲਿਸ ਕਾਰਵਾਈ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਏਡੀਜੀ ਕ੍ਰਾਈਮ ਨੂੰ ਘਟਨਾ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ ਹੈ।
ਡੀਜੀਪੀ ਉਮੇਸ਼ ਮਿਸ਼ਰਾ ਨੇ ਸ਼ਨੀਵਾਰ ਦੀ ਸਵੇਰ ਬਿਆਨ ਜਾਰੀ ਕਰ ਦੱਸਿਆ ਕਿ, ‘‘ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਸੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’’
ਡੀਜੀਪੀ ਮੁਤਾਬਕ, ‘‘ਔਰਤ ਨੇ ਆਪਣੇ ਪਤੀ ਕਾਨਹਾ ਗਮੇਤੀ ਅਤੇ ਉਸਦੇ ਸਾਥੀ ਸੂਰਜ, ਵੇਣਿਆ, ਨੇਤੀਆ, ਨਾਥੂ ਅਤੇ ਮਹੇਂਦਰ ਖ਼ਿਲਾਫ਼ ਮੋਟਰ ਸਾਈਕਲ ਉੱਤੇ ਲੈ ਕੇ ਜਾਣ ਅਤੇ ਕੱਪੜੇ ਲਾਹ ਕੇ ਘੁੰਮਾਉਣ ਦੀ ਸ਼ਿਕਾਇਤ ਪੁਲਿਸ ਵਿੱਚ ਦਿੱਤੀ ਹੈ।’’
ਧਰੀਆਵਾਦ ਡੀਐੱਸਪੀ ਧਨਫੂਲ ਮੀਣਾ ਨੇ ਬੀਬੀਸੀ ਨੂੰ ਦੱਸਿਆ, ‘‘ਘਟਨਾ ਦੀ ਐੱਫ਼ਆਈਆਰ ਧਰੀਆਵਾਦ ਸਰਕਿਲ ਦੇ ਕੇਸਰੀਆਵਾਦ ਥਾਣੇ ਵਿੱਚ ਦਰਜ ਕੀਤੀ ਗਈ ਹੈ।’’
ਨਾਤਾ ਪ੍ਰਥਾ ਕਾਰਨ ਹੋਈ ਘਟਨਾ
ਘਟਨਾ ਦੇ ਪਿੱਛੇ ਦੇ ਕਾਰਨਾਂ ਉੱਤੇ ਧਰੀਆਵਾਦ ਦੇ ਡੀਐੱਸਪੀ ਧਨਫੂਲ ਮੀਣਾ ਕਹਿੰਦੇ ਹਨ, ‘‘ਹਾਲੇ ਤੱਕ ਦੀ ਜਾਂਚ ਵਿੱਚ ਨਾਤਾ ਪ੍ਰਥਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਔਰਤ ਦਾ ਵਿਆਹ ਰਾਜਾ ਨਾਮ ਦੇ ਸ਼ਖ਼ਸ ਨਾਲ ਹੋਇਆ ਸੀ। ਬਾਅਦ ਵਿੱਚ ਨਾਤਾ ਪ੍ਰਥਾ ਵਿੱਚ ਔਰਤ ਕਾਨਹਾ ਦੇ ਨਾਲ ਚਲੀ ਗਈ। ਜਿਸ ਤੋਂ ਬਾਅਦ ਔਰਤ ਕਾਨਹਾ ਨੂੰ ਛੱਡ ਕੇ ਸ਼ਿਵਾ ਨਾਮ ਦੇ ਸ਼ਖ਼ਸ ਕੋਲ ਚਲੀ ਗਈ। ਖ਼ੁਦ ਨੂੰ ਛੱਡ ਕੇ ਜਾਣ ਤੋਂ ਨਾਰਾਜ਼ ਕਾਨਹਾ ਨੇ ਘਟਨਾ ਨੂੰ ਅੰਜਾਮ ਦਿੱਤਾ।’’
ਨਾਤਾ ਪ੍ਰਥਾ ਰਾਜਸਥਾਨ ਦੇ ਕੁਝ ਆਦਿਵਾਸੀਆਂ ਵਿੱਚ ਪ੍ਰਚਲਿਤ ਹੈ। ਪ੍ਰਥਾ ਵਿੱਚ ਵਿਆਹੁਤਾ ਔਰਤ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਮਰਦ ਦੇ ਨਾਲ ਰਹਿ ਸਕਦੀ ਹੈ। ਮਰਦ ਵੀ ਕਿਸੇ ਵਿਆਹੁਤਾ ਔਰਤ ਨੂੰ ਉਸ ਦੀ ਸਹਿਮਤੀ ਨਾਲ ਲਿਆ ਕੇ ਪਤਨੀ ਦੇ ਰੂਪ ਵਿੱਚ ਰੱਖ ਸਕਦਾ ਹੈ।
ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀੜਤ ਮਹਿਲਾ ਗਰਭਵਤੀ ਹੈ। ਐੱਸਪੀ ਅਮਿਤ ਬੁਡਾਨੀਆ ਨੇ ਦੱਸਿਆ, ‘‘ਮੈਡੀਕਲ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਔਰਤ ਗਰਭਵਤੀ ਹੈ ਜਾਂ ਨਹੀਂ।’’
ਘਟਨਾ ਤੋਂ ਇੱਕ ਦਿਨ ਬਾਅਦ ਵੀਡੀਓ ਵਾਇਰਲ
ਸੰਕੇਤਕ ਤਸਵੀਰ
ਐੱਸਪੀ ਅਮਿਤ ਬੁਡਾਨੀਆ ਨੇ ਘਟਨਾ ਵਿੱਚ ਹੁਣ ਤੱਕ ਹੋਈ ਪੁਲਿਸ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ‘‘ਇਸ ਮਾਮਲੇ ਵਿੱਚ ਸੱਤ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ। ਪੁਲਿਸ ਸ਼ਨੀਵਾਰ ਸਵੇਰੇ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਹ ਭੱਜਣ ਲੱਗੇ। ਇਸ ਦੌਰਾਨ ਤਿੰਨ ਜਣਿਆਂ ਨੂੰ ਸੱਟਾਂ ਲੱਗੀਆਂ। ਮੁਲਜ਼ਮਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ।’’
‘‘ਮੁੱਖ ਮੁਲਜ਼ਮ ਕਾਨਹਾ ਅਤੇ ਕਾਨਹਾ ਦੇ ਦੋਸਤ ਵੇਣਿਆ ਅਤੇ ਨਾਥੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮੁਲਜ਼ਮ ਔਰਤ ਦੇ ਸਹੁਰੇ ਪਾਸੇ ਦੇ ਹਨ। ਅਸੀਂ 10 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਹੋਰਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਹੈ।’’
ਉਨ੍ਹਾਂ ਨੇ ਦੱਸਿਆ ਕਿ, ‘‘ਆਈਪੀਸੀ ਦੀ ਧਾਰਾ 323, 341, 342, 354, 354 ਬੀ, 294, 365, 120, 504, 498 ਏ, 509, ਔਰਤਾਂ ਦੇ ਅਸ਼ਲੀਲ ਰਿਪ੍ਰੇਜ਼ੈਂਟੇਸ਼ਨ ਦੀ ਧਾਰਾ 4/6 ਅਤੇ ਆਈਟੀ ਐਕਟ ਦੀ ਧਾਰਾ 77 ਏ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਹੈ।’’
ਪੁਲਿਸ ਮੁਤਾਬਕ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਬਾਂਸਵਾੜਾ ਰੇਂਜ ਦੀ ਆਈਜੀ ਐੱਸ ਪਰਿਮਲ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, ‘‘ਪੁਲਿਸ ਦੀਆਂ 30 ਟੀਮਾਂ ਬਣਾਈਆਂ ਗਈਆਂ ਹਨ। ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਇਸ ਘਟਨਾ ਵਿੱਚ ਕੁੱਲ ਕਿੰਨੇ ਲੋਕ ਸ਼ਾਮਲ ਹਨ। ਸਾਰੇ ਮੁਲਜ਼ਮਾਂ ਨੂੰ ਫੜ ਕੇ ਸਖ਼ਤ ਸਜ਼ਾ ਦੁਆਵਾਂਗੇ।’’
ਘਟਨਾ ਤੋਂ ਬਾਅਦ ਸਿਆਸਤ ਭਖੀ
ਲੰਘੇ ਦਿਨੀਂ ਮਣੀਪੁਰ ਵਿੱਚ ਔਰਤਾਂ ਨੂੰ ਨੰਗਾ ਘੁੰਮਾਉਣ ਦੇ ਮਾਮਲੇ ਵਿੱਚ ਕਾਂਗਰਸ ਨੇ ਭਾਜਪਾ ਨੂੰ ਘੇਰਿਆ ਸੀ। ਕਾਂਗਰਸ ਸ਼ਾਸਿਤ ਸੂਬੇ ਰਾਜਸਥਾਨ ਦੇ ਪ੍ਰਤਾਪਗੜ ਵਿੱਚ ਹੋਈ ਇਸ ਘਟਨਾ ਦੇ ਵਿਰੋਧ ਵਿੱਚ ਹੁਣ ਭਾਜਪਾ ਹਲਮਾਵਰ ਹੋ ਗਈ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਇਸ ਘਟਨਾ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ, ‘‘ਰਾਜਸਥਾਨ ਦੇ ਪ੍ਰਤਾਪਗੜ ਦਾ ਵੀਡੀਓ ਹੈਰਾਨ ਕਰਦਾ ਹੈ। ਰਾਜਸਥਾਨ ਵਿੱਚ ਸ਼ਾਸਨ ਵਿਵਸਥਾ ਪੂਰੀ ਤਰ੍ਹਾਂ ਨਦਾਰਦ ਹੈ।’’
‘‘ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸੂਬੇ ਵਿੱਚ ਮਹਿਲਾ ਸੁਰੱਖਿਆ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਔਰਤਾਂ ਖ਼ਿਲਾਫ਼ ਤਸ਼ਦੱਦ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਰਾਜਸਥਾਨ ਦੇ ਲੋਕ ਸੂਬਾ ਸਰਕਾਰ ਨੂੰ ਸਬਕ ਸਿਖਾਉਣਗੇ।’’
ਸੂਬੇ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਘਟਨਾ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ, ‘‘ਧਰੀਆਵਾਦ ਵਿੱਚ ਇੱਕ ਗਰਭਵਤੀ ਔਰਤ ਨੂੰ ਸਰੇਆਮ ਨੰਗਾ ਕਰਨ ਦਾ ਅਸ਼ਲੀਲ ਵੀਡੀਓ ਵਾਇਰਲ ਹੁੰਦਾ ਰਿਹਾ ਅਤੇ ਘਟਨਾ ਦੀ ਪ੍ਰਸ਼ਾਸਨ ਨੂੰ ਖ਼ਬਰ ਤੱਕ ਨਹੀਂ ਸੀ।’’
ਉਨ੍ਹਾਂ ਨੇ ਕਿਹਾ, ‘‘ਸੂਬੇ ਵਿੱਚ ਔਰਤਾਂ ਖ਼ਿਲਾਫ਼ ਅਪਰਾਧ ਨੇ ਇਸ ਕਦਰ ਪੈਰ ਪਸਾਰੇ ਹਨ ਕਿ ਅਕਸਰ ਰਾਜਸਥਾਨ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਮਹਿਲਾ ਅੱਤਿਆਚਾਰ ਵਿੱਚ ਸੂਬੇ ਨੂੰ ਦੇਸ਼ ਵਿੱਚ ਨੰਬਰ ਇੱਕ ਬਣਾਉਣ ਦੀ ਜ਼ਿੰਮੇਵਾਰੀ ਖ਼ੁਦ ਕਾਂਗਰਸ ਸਰਕਾਰ ਦੀ ਹੈ। ਮੁੱਖ ਮੰਤਰੀ ਜੀ ਆਖ਼ਿਰ ਅਜਿਹੀ ਕੀ ਮਜਬੂਰੀ ਹੈ ਕਿ ਰਾਜਸਥਾਨ ਵਿੱਚ ਧੀਆਂ ਦੀ ਲੁੱਟਦੀ ਇਜ਼ਤ ਅਤੇ ਚੀਕਾਂ ਤੁਹਾਡੀ ਕਾਂਗਰਸ ਨੂੰ ਨਹੀਂ ਸੁਣਦੀਆਂ?’’
ਸਾਬਕਾ ਸੀਐੱਮ ਵਸੁੰਧਰਾ ਰਾਜੇ ਨੇ ਟਵੀਟ ਕਰ ਕੇ ਲੋਕਾਂ ਨੂੰ ਵੀਡੀਓ ਵਾਇਰਲ ਨਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ, ‘‘ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਬੇਟੀ ਦੇ ਨਾਲ ਜੋ ਨਿੰਦਨਯੋਗ ਘਟਨਾ ਘਟੀ ਹੈ, ਉਸ ਨਾਲ ਪੂਰਾ ਰਾਜਸਥਾਨ ਸ਼ਰਮਸਾਰ ਹੋਇਆ ਹੈ। ਪਰ ਤੁਸੀਂ ਸਾਰੇ ਕਿਰਪਾ ਵਾਇਰਲ ਹੋ ਰਹੇ ਵੀਡੀਓ ਨੂੰ ਹੋਰ ਜ਼ਿਆਦਾ ਪੋਸਟ ਨਾ ਕਰੋ।’’
ਇੱਧਰ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਟਨਾ ਉੱਤੇ ਪ੍ਰਤੀਕਿਰਿਆ ’ਚ ਟਵੀਟ ਕਰਦੇ ਲਿਖਿਆ, ‘‘ਪ੍ਰਤਾਪਗੜ ਜ਼ਿਲ੍ਹੇ ਵਿੱਚ ਪੇਕੇ ਅਤੇ ਸਹੁਰੇ ਪੱਖ ਦੇ ਆਪਸੀ ਪਰਿਵਾਰਕ ਵਿਵਾਦ ਵਿੱਚ ਸਹੁਰੇ ਪੱਖ ਦੇ ਲੋਕਾਂ ਵੱਲੋਂ ਇੱਕ ਔਰਤ ਨੂੰ ਨੰਗਾ ਕਰਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।’’
ਉਨ੍ਹਾਂ ਨੇ ਟਵੀਟ ਰਾਹੀਂ ਕਿਹਾ, ‘‘ਸੱਭਿਅਕ ਸਮਾਜ ਵਿੱਚ ਅਜਿਹੇ ਅਪਰਾਧੀਆਂ ਦੀ ਕੋਈ ਥਾਂ ਨਹੀਂ ਹੈ। ਇਨ੍ਹਾਂ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਸਲਾਖਾਂ ਪਿੱਛੇ ਪਾ ਕੇ ਫਾਸਟ ਟ੍ਰੈਕ ਕੋਰਟ ਵਿੱਚ ਮੁਕੱਦਮਾ ਚਲਾ ਕੇ ਸਜ਼ਾ ਦਵਾਈ ਜਾਵੇਗੀ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਏਸ਼ੀਆ ਕੱਪ 2023: ਪਾਕਿਸਤਾਨ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਭਾਰਤ, ਰੋਹਿਤ ਸ਼ਰਮਾ ਕੀ ਬੋਲੇ
NEXT STORY