''''ਮੈਂ ਕਿਸਾਨ ਦਾ ਪੁੱਤ ਹਾਂ, ਪਿੰਡ ਦੇ ਸਕੂਲ ਤੋਂ ਆ ਕੇ ਬਸਤਾ ਰੱਖ ਕੇ ਖੇਤਾਂ ਅਤੇ ਮੱਝਾਂ-ਗਾਵਾਂ ਦੇ ਪੱਠਿਆਂ ਵਿੱਚ ਲੱਗ ਜਾਂਦਾ ਸੀ। ''''
''''ਅਗਲੇ ਦਿਨ ਉੱਥੋਂ ਹੀ ਬਸਤਾ ਚੁੱਕ ਕੇ ਸਵੇਰੇ ਸਕੂਲ ਤੁਰ ਜਾਂਦਾ ਸੀ। ਹੋਮ ਵਰਕ ਸਕੂਲ ਵਿੱਚ ਹੀ ਕਰਦਾ ਸੀ।''''
ਉੱਤਰਾਖੰਡ ਦੇ ਕਰਨਪੁਰ ਪਿੰਡ ਦੇ ਮਹਿੰਦਰ ਪਾਲ ਸਿੰਘ ਆਪਣੇ ਬਚਪਨ ਨੂੰ ਯਾਦ ਕਰਦਿਆਂ ਇਸਰੋ ਤੱਕ ਪਹੁੰਚਣ ਦੇ ਸਫ਼ਰ ਬਾਰੇ ਦੱਸਦੇ ਹਨ।
ਭਾਰਤ ਦੀ ਪੁਲਾੜ ਏਜੇਂਸੀ ਇਸਰੋ ਦੇ ਚੰਦਰਯਾਨ-3 ਅਤੇ ਆਦਿੱਤਿਆ ਐੱਲ-1 ਪ੍ਰੋਜੈਕਟ ਵਿੱਚ ਉਨ੍ਹਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ।
ਉਹ ਸੈਟੇਲਾਈਟ ਸੈਂਟਰ ਦੇ ਰਿਸਰਚ ਅਤੇ ਕੁਆਲਟੀ ਅਨੈਲਿਸਿਸ (ਮਕੈਨੀਕਲ ਇੰਟੈਗ੍ਰਸ਼ਨ ਅਤੇ ਟੈਸਟਿੰਗ) ਵਿਭਾਗ ਦੇ ਮੁਖੀ ਹਨ।
ਪਰ ਪਿੰਡ ਦਾ ਪੱਠੇ ਵੱਢ ਕੇ ਸਕੂਲ ਜਾਣ ਵਾਲਾ ਇਹ ਮੁੰਡਾ ਕੀ ਹਮੇਸ਼ਾ ਤੋਂ ਚੰਦ, ਤਾਰਿਆਂ ਅਤੇ ਗ੍ਰਹਿਆਂ ਦੀ ਦੁਨੀਆਂ ਵਿੱਚ ਰੁਚੀ ਰੱਖਦਾ ਸੀ?
ਰੇਲਵੇ ਵਿੱਚ ਜਾਣਾ ਚਾਹੁੰਦੇ ਸਨ ਪਰ...
ਮਹਿੰਦਰਪਾਲ ਸਿੰਘ ਕਹਿੰਦੇ ਹਨ ਉਹ ਭਾਰਤੀ ਰੇਲਵੇ ਵਿੱਚ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਰੇਲਵੇ ਦੇ 3 ਭਰਤੀ ਪੇਪਰ ਵੀ ਪਾਸ ਕਰ ਲਏ ਸਨ।
ਸਾਲ 1985 ਵਿੱਚ ਉਨ੍ਹਾਂ ਨੇ ਇਸਰੋ ਨੂੰ ਅਰਜ਼ੀ ਭੇਜੀ ਸੀ ਅਤੇ ਦੋ ਸਾਲ ਬਾਅਦ 1987 ਵਿੱਚ ਉਨ੍ਹਾਂ ਨੂੰ ਇੰਟਰਵਿਊ ਵਾਸਤੇ ਬੁਲਾਇਆ ਗਿਆ।
ਰੇਲਵੇ ਦੀ ਨੌਕਰੀ ਉਨ੍ਹਾਂ ਦੇ ਘਰ ਤੋਂ 10-12 ਘੰਟੇ ਦਾ ਸਫ਼ਰ ਸੀ, ਜਦਕਿ ਇਸਰੋ ਤੱਕ ਤਕਰੀਬਨ 55 ਘੰਟੇ ਦਾ।
ਉਹ ਆਖਦੇ ਹਨ, ''''ਮੈਂ ਆਰਜ਼ੀ ਤੌਰ ''ਤੇ ਇੱਥੇ ਆਇਆ ਸੀ ਕਿ ਜਦੋਂ ਰੇਲਵੇ ਵਾਸਤੇ ਬੁਲਾਇਆ ਜਾਵੇਗਾ ਤਾਂ ਵਾਪਸ ਚਲਾ ਜਾਵਾਂਗਾ, ਪਰ ਇੱਥੋਂ ਦਾ ਕੰਮ ਅਤੇ ਮਾਹੌਲ ਬਹੁਤ ਵਧੀਆ ਲੱਗਿਆ।''''
ਇਸੇ ਸਾਲ ਅਗਸਤ ਵਿੱਚ ਉਨ੍ਹਾਂ ਨੂੰ ਇਸਰੋ ਵਿੱਚ ਆਏ 36 ਸਾਲ ਹੋ ਗਏ ਹਨ।
ਹੁਣ ਬੰਗਲੁਰੂ ਉਨ੍ਹਾਂ ਦਾ ਘਰ ਬਣ ਗਿਆ ਹੈ ਅਤੇ ਉਹ ਹੁਣ ਵੀ ਇਸ ਨੂੰ ਬੰਗਲੌਰ ਹੀ ਆਖਦੇ ਹਨ। ਉਹਨਾਂ ਨੇ ਕਾਫ਼ੀ ਹੱਦ ਤੱਕ ਕੰਨੜ ਭਾਸ਼ਾ ਵੀ ਸਿੱਖ ਲਈ ਹੈ।
ਮਹਿੰਦਰਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਮਕੈਨੀਕਲ ਦਾ ਡਿਪਲੋਮਾ ਨੈਨੀਤਾਲ ਤੋਂ ਕੀਤਾ ਅਤੇ ਫ਼ਿਰ ਲੁਧਿਆਣਾ ਵਿੱਚ ਇੱਕ ਸਾਲ ਗੈਰ-ਸਰਕਾਰੀ ਨੌਕਰੀ ਵੀ ਕੀਤੀ।
ਇਸਰੋ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਇੰਜਨੀਰਿੰਗ, ਐੱਮਟੈਕ ਅਤੇ ਅੱਗੇ ਦੀ ਪੜ੍ਹਾਈ ਜਾਰੀ ਰੱਖੀ।
''ਹਿੰਮਤ ਵੀ ਅਤੇ ਪ੍ਰੈਸ਼ਰ ਵੀ''
ਚੰਦਰਯਾਨ ਅਤੇ ਆਦਿੱਤਿਆ ਵਰਗੇ ਪੁਲਾੜ ਪ੍ਰੋਜੈਕਟਸ ਬਾਰੇ ਮਹਿੰਦਰਪਾਲ ਸਿੰਘ ਆਖਦੇ ਹਨ, ''''ਇਸ ਵਿੱਚ ਕਈ ਵੱਖ-ਵੱਖ ਟੀਮਾਂ ਕੰਮ ਕਰਦਿਆਂ ਹਨ। ਪੂਰੀ ਦੁਨੀਆਂ ਇਨ੍ਹਾਂ ਨੂੰ ਲਾਇਵ ਦੇਖਦੀ ਹੈ ਅਤੇ ਇਸ ਦੌਰਾਨ ਬਹੁਤ ਪ੍ਰੈਸ਼ਰ ਰਹਿੰਦਾ ਹੈ।''''
''''ਸਭ ਨੇ ਮਿਲ ਕੇ ਕੰਮ ਕੀਤਾ ਹੁੰਦਾ ਹੈ, ਵਾਰ-ਵਾਰ ਉਸ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਕਾਮਯਾਬੀ ਦਾ ਭਰੋਸਾ ਵੀ ਹੁੰਦਾ ਹੈ ਪਰ ਰਿਸਕ ਵੀ ਹੁੰਦਾ ਹੈ।''''
ਚੰਦ ਦੇ ਦੱਖਣੀ ਧੁਰੇ ''ਤੇ ਪਹੁੰਚਣ ਵਾਲਾ ਭਾਰਤ ਪਹਿਲਾ ਦੇਸ਼ ਬਣਿਆ ਹੈ।
ਜਦੋਂ ਚੰਦਰਯਾਨ ਵਰਗੇ ਪ੍ਰੋਜੈਕਟ ਦੀ ਉਲਟੀ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਇਸਰੋ ਅੰਦਰ ਕੀ ਮਾਹੌਲ ਰਹਿੰਦਾ ਹੈ, ਦੇਖਣ ਵਾਲਿਆਂ ਦੇ ਹੀ ਦਿਲਾਂ ਦੀ ਧੜਕਣ ਵੱਧ ਜਾਂਦੀ ਹੈ ਤਾਂ ਵਿਗਿਆਨੀ ਸ਼ਾਂਤ ਕਿਵੇਂ ਰਹਿੰਦੇ ਹਨ?
ਇਸ ਬਾਰੇ ਮੁਸਕੁਰਾਉਂਦੇ ਹੋਏ ਮਹਿੰਦਰ ਪਾਲ ਸਿੰਘ ਆਖਦੇ ਹਨ, ''''ਉਨ੍ਹਾਂ ਆਖਰੀ ਪਲਾਂ ਵਿੱਚ ਬਹੁਤ ਕੁਝ ਹੋ ਰਿਹਾ ਹੁੰਦਾ ਹੈ ਅਤੇ ਉਸ ਸਭ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।''''
''''ਇੰਜਣ ਦਾ ਸ਼ੁਰੂ ਹੋਣਾ, ਰੌਕਿਟ ਦਾ ਜਲਣਾ, ਸੈਟੇਲਾਈਟ ਤੋਂ ਉਸ ਦਾ ਵੱਖ ਹੋਣਾ, ਹੀਟ ਸ਼ੀਲਡ ਦਾ ਅਲੱਗ ਹੋਣਾ... ਜੇ ਕੁਝ ਵੀ ਗ਼ਲਤ ਹੁੰਦਾ ਹੈ ਤਾਂ ਪੂਰਾ ਮਿਸ਼ਨ ਅਸਫ਼ਲ ਹੋ ਸਕਦਾ ਹੈ।''''
''''ਉਹ ਪਲ ਬਿਲਕੁਲ ਰੋਲਰ ਕੋਸਟਰ ਵਰਗਾ ਲੱਗਦਾ ਹੈ, ਇੱਕ ਸੈਕੰਡ ਸਾਹ ਉੱਪਰ ਅਤੇ ਫਿਰ ਥੱਲੇ। ਇਹ ਸਭ ਇੱਥੇ ਹੀ ਖ਼ਤਮ ਨਹੀਂ ਹੁੰਦਾ। ਇਸ ਤੋਂ ਬਾਅਦ ਪੁਲਾੜ ਵਿੱਚ ਸੈਟੇਲਾਈਟ ਦੇ ਪਹੁੰਚ ਜਾਣ ਤੋਂ ਬਾਅਦ ਮੇਰੀ ਟੀਮ ਦਾ ਕੰਮ ਅਹਿਮ ਹੋ ਜਾਂਦਾ ਹੈ।''''
''''ਸੈਟੇਲਾਈਟ ਸਹੀ ਦਿਸ਼ਾ ਵਿੱਚ ਨਹੀਂ ਖੁੱਲ੍ਹੀ ਤਾਂ ਸੂਰਜ ਦੀ ਊਰਜਾ ਨਾਲ ਉਹ ਚਾਰਜ ਨਹੀਂ ਹੋਵੇਗੀ। ਲੱਖਾਂ ਕਿਲੋਮੀਟਰ ਤੋਂ ਇਸ ਨੂੰ ਠੀਕ ਕਰਨਾ ਬਹੁਤ ਮੁਸ਼ਕਿਲ ਹੈ। ਇਸ ਕਰਕੇ ਲਾਂਚ ਦੇ ਕੁਝ ਪਲਾਂ ਤੋਂ ਬਾਅਦ, ਕਈ ਮਹੀਨੇ ਟੀਮਾਂ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਹਨ।''''
ਮਕੈਨੀਕਲ ਇੰਟੀਗ੍ਰੇਸ਼ਨ ਅਤੇ ਟੈਸਟਿੰਗ ਟੀਮ ਕਿਉਂ ਹੈ ਜ਼ਰੂਰੀ
ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਚੰਦਰਯਾਨ ਅਤੇ ਆਦਿੱਤਿਆ ਐੱਲ-1 ਮਿਸ਼ਨ ਦੇ ਸੈਟਲਾਈਟ ਇੰਟੀਗ੍ਰੇਸ਼ਨ ਟੀਮ ਦੇ ਮੁਖੀ ਸਨ।
ਉਨ੍ਹਾਂ ਦੀ ਟੀਮ ਨੇ ਇਨ੍ਹਾਂ ਨੂੰ ਜੋੜਣ, ਇਨ੍ਹਾਂ ਦੀ ਜਾਂਚ ਅਤੇ ਪੁਲਾੜ ਮਿਸ਼ਨ ਵਾਸਤੇ ਇਨ੍ਹਾਂ ਨੂੰ ਵੱਖ- ਵੱਖ ਤਾਪਮਾਨ ਨੂੰ ਸਹਿਣ ਦੇ ਅਨੁਕੂਲ ਬਣਾਉਣ ਵਾਸਤੇ ਕੰਮ ਕੀਤਾ ਹੈ।
ਪੁਲਾੜ ਵਿੱਚ ਸੈਟੇਲਾਈਟ ਨੂੰ ਦਿਨ ਵੇਲੇ ਬਹੁਤ ਜ਼ਿਆਦਾ ਅਤੇ ਰਾਤ ਸਮੇਂ ਬਹੁਤ ਥੋੜੇ ਤਾਪਮਾਨ ਨੂੰ ਸਹਿਣ ਲਾਇਕ ਬਣਾਇਆ ਜਾਂਦਾ ਹੈ। ਕਈ ਵਾਰ ਤਾਪਮਾਨ ਦੀ ਤਬਦੀਲੀ ਬਹੁਤ ਛੇਤੀ ਹੁੰਦੀ ਹੈ, ਅਜਿਹੇ ਵਿੱਚ ਉਨ੍ਹਾਂ ਦੀ ਟੀਮ ਦੀ ਭੂਮਿਕਾ ਹੋਰ ਮਹੱਤਵਪੂਰਨ ਹੋ ਜਾਂਦੀ ਹੈ।
ਮਹਿੰਦਰਪਾਲ ਸਿੰਘ ਆਖਦੇ ਹਨ ਕਿ ''''ਸੈਟੇਲਾਈਟ ਦਾ ਠੀਕ ਕੰਮ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜੇਕਰ ਇਹ ਠੀਕ ਨਾ ਹੋਵੇ ਤਾਂ ਮਿਸ਼ਨ ਵਿੱਚ ਖਰਾਬੀ ਆ ਸਕਦੀ ਹੈ।''''
''ਲੂਨਾ ਬਾਅਦ ''ਚ ਚੱਲ ਕੇ ਪਹਿਲਾਂ ਪਹੁੰਚ ਗਿਆ ਤਾਂ?''
ਹਾਲ ਹੀ ਵਿੱਚ ਲੈਂਡ ਹੋਏ ਚੰਦਰਯਾਨ-3 ਬਾਰੇ ਉਹ ਆਖਦੇ ਹਨ ਕਿ ਰੂਸ ਦੇ ਮੂਨ ਮਿਸ਼ਨ ਲੂਨਾ-25 ਦੀ ਅਸਫ਼ਲ ਲੈਂਡਿੰਗ ਤੋਂ ਬਾਅਦ ਪੂਰੀ ਦੁਨੀਆਂ ਦੀ ਨਜ਼ਰ ਭਾਰਤ ਵੱਲ ਸੀ। ਇਸ ਨੇ ਚੰਦਰਯਾਨ-3 ਤੋਂ ਤਿੰਨ ਦਿਨ ਪਹਿਲਾਂ ਚੰਦ ''ਤੇ ਪਹੁੰਚਣਾ ਸੀ।
''''ਮੇਰੇ ਜਾਣ-ਪਹਿਚਾਣ ਵਾਲੇ ਤੇ ਦੋਸਤ-ਮਿੱਤਰ ਪੁੱਛਦੇ ਸਨ ਕਿ ਰੂਸ ਦਾ ਲੂਨਾ ਬਾਅਦ ਵਿੱਚ ਲਾਂਚ ਹੋ ਕੇ ਪਹਿਲਾਂ ਪਹੁੰਚ ਗਿਆ ਤਾਂ? ਕੀ ਉਨ੍ਹਾਂ ਦੇ ਰਾਕੇਟ ਸਾਡੇ ਤੋਂ ਤੇਜ਼ ਹਨ? ਅਸੀਂ ਹੌਲੀ ਕਿਉਂ ਜਾ ਰਹੇ ਹਾਂ? ਜੇ ਰੂਸ ਦੱਖਣੀ ਧੁਰੇ ''ਤੇ ਲੈਂਡ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਤਾਂ...?
''''ਮੈਂ ਕਹਿੰਦਾ ਸੀ ਕਿ ਅਸੀਂ ਪੂਰੀ ਤਿਆਰੀ ਕੀਤੀ ਹੈ। ਅਸੀਂ ਪਬਲਿਕ ਪ੍ਰੈਸ਼ਰ ਵਿੱਚ ਨਹੀਂ ਆਏ। ਲੂਨਾ ਦੇ ਅਸਫ਼ਲ ਹੋਣ ਮਗਰੋਂ ਸਾਡੇ ''ਤੇ ਸਭ ਦੀਆਂ ਨਜ਼ਰਾਂ ਸਨ। ਦੇਸ਼, ਵਿਦੇਸ਼ ਦੇ ਵਿਗਿਆਨੀਆਂ ਅਤੇ ਮੀਡੀਆ ਦੀਆਂ ਵੀ। ਸਾਡੀ ਸਫ਼ਲਤਾ ਬਹੁਤ ਵੱਡੀ ਹੈ।''''
ਦੋ ਹਫਤਿਆਂ ਦੇ ਵਕਫ਼ੇ ਵਿੱਚ ਭਾਰਤ ਨੇ ਚੰਦ ਅਤੇ ਸੂਰਜ ਦੇ ਆਪਣੇ ਮਿਸ਼ਨ ਦੀ ਲੈਂਡਿੰਗ ਅਤੇ ਲਾਂਚ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਮਹਿੰਦਰਪਾਲ ਸਿੰਘ ਦੱਸਦੇ ਹਨ ਕਿ ਸੂਰਜ ਦੇ ਮਿਸ਼ਨ ਆਦਿੱਤਿਆ ਐੱਲ-1 ਦੀ ਤਿਆਰੀ ਚੰਦਰਯਾਨ-3 ਤੋਂ ਪਹਿਲਾਂ ਸ਼ੁਰੂ ਹੋਈ ਸੀ।
ਉਹ ਆਖਦੇ ਹਨ ਕਿ ਆਦਿੱਤਿਆ ਐੱਲ-1 ਵਾਸਤੇ ਸੈਟੇਲਾਈਟ ਪੇਲੋਡ ਨੂੰ ਦੇਸ਼ ਦੇ ਕਈ ਵਿਗਿਆਨੀਆਂ ਅਤੇ ਕੰਪਨੀਆਂ ਨੇ ਮਿਲ ਕੇ ਬਣਾਇਆ ਹੈ, ਜਿਸ ਕਰਕੇ ਜ਼ਿਆਦਾ ਸਮਾਂ ਲੱਗਿਆ। ਇਹ ਕੁਦਰਤੀ ਹੋਇਆ ਕਿ ਦੋਵੇਂ ਮਿਸ਼ਨ ਲਾਂਚ ਹੋਣ ਦੀਆਂ ਤਰੀਖਾਂ ਨੇੜੇ-ਨੇੜੇ ਹਨ।
ਇਸਰੋ ਵਿੱਚ ਕਿਹੋ-ਜਿਹਾ ਮਾਹੌਲ
ਇਸਰੋ ਦੇ ਅੰਦਰ ਕਿਸ ਤਰੀਕੇ ਦਾ ਮਾਹੌਲ ਹੈ ਅਤੇ ਕਿੰਨਾ ਕੰਮ ਰਹਿੰਦਾ ਹੈ, ਬਾਰੇ ਉਹ ਆਖਦੇ ਹਨ ਕਿ ਇਸਰੋ ਵਿੱਚ ਦੇਸ਼ ਦੇ ਹਰ ਕੋਨੇ ਤੋਂ ਵਿਗਿਆਨੀ ਮੌਜੂਦ ਹਨ। ਉਹ ਸਭ ਮਿਲ ਕੇ ਦਿਨ-ਰਾਤ ਮਿਹਨਤ ਕਰਦੇ ਹਨ।
''''ਇੱਥੇ ਕੋਈ ਜਾਤ, ਧਰਮ ਜਾਂ ਵੱਡਾ-ਛੋਟਾ ਨਹੀਂ ਹੈ। ਸਭ ਬਰਾਬਰ ਹਨ। ਸਾਡੇ ਇੱਥੇ ਇੱਕ ਹੀ ਕੰਟੀਨ ਹੈ, ਸਭ ਇੱਕੋ-ਜਿਹਾ ਖਾਣਾ ਖਾਂਦੇ ਹਨ। ਆਪਣਾ ਕੰਮ ਪੂਰਾ ਹੋਣ ਤੱਕ ਉਹ ਇੱਥੇ ਮੌਜੂਦ ਰਹਿੰਦੇ ਹਨ।''''
37 ਸਾਲ ਵਿੱਚ ਬਦਲ ਗਿਆ ਸ਼ਹਿਰ
ਬੰਗਲੁਰੂ ਵਿੱਚ ਸਾਢੇ ਤਿੰਨ ਦਹਾਕਿਆਂ ਵਿੱਚ ਆਈਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੇ ਹਨ ਕਿ ਭਾਸ਼ਾ ਅਤੇ ਭੋਜਨ ਸ਼ੁਰੂਆਤ ਵਿੱਚ ਚੁਣੌਤੀ ਸੀ।
''''ਪਿੰਡੋਂ ਆਏ ਮੁੰਡੇ ਵਾਸਤੇ ਸਥਾਨਕ ਭਾਸ਼ਾ ਨੂੰ ਸਮਝਣਾ ਔਖਾ ਸੀ। ਅੰਗਰੇਜ਼ੀ ਪੜ੍ਹੀ ਸੀ, ਪਰ ਬੋਲਣ ਦੀ ਆਦਤ ਨਹੀਂ ਸੀ। ਨਾ ਹੀ ਕਦੇ ਡੋਸਾ, ਇਡਲੀ ਬਾਰੇ ਸੁਣਿਆ ਸੀ। ਹੁਣ ''ਤੇ ਉੱਤਰ ਭਾਰਤ ਵਿੱਚ ਇਹ ਆਮ ਹੈ। ਹੁਣ ਇੱਥੇ ਵੀ ਪੰਜਾਬੀ ਖਾਣਾ ਆਮ ਮਿਲ ਜਾਂਦਾ ਹੈ, 37 ਸਾਲ ਪਹਿਲਾਂ ਅਸੀਂ ਕਈ ਕਿਲੋਮੀਟਰ ਜਾ ਕੇ ਰੋਟੀ ਲੱਭਦੇ ਸੀ।''''
''''ਬੰਗਲੁਰੂ ਵਿੱਚ ਕਾਫ਼ੀ ਉੱਤਰ ਭਾਰਤੀ ਹਨ ਅਤੇ ਮੈਂ ਵੀ ਕਾਫ਼ੀ ਕੰਨੜ ਭਾਸ਼ਾ ਸਿੱਖ ਲਈ ਹੈ। ਇੱਥੋਂ ਦੇ ਜੰਮਪਲ ਪੰਜਾਬੀ ਬੱਚੇ ਕਈ ਭਾਸ਼ਾਵਾਂ ਬੋਲਦੇ ਹਨ।''''
ਨੌਜਵਾਨ ਮੁੰਡੇ-ਕੁੜੀਆਂ ਵਾਸਤੇ ਮਹਿੰਦਰਪਾਲ ਸਿੰਘ ਦਾ ਸਫ਼ਰ ਪ੍ਰੇਰਨਾਦਾਇਕ ਹੈ। ਚੰਦਰਯਾਨ-3 ਦੀ ਲੈਂਡਿੰਗ ਤੋਂ ਬਾਅਦ ਆਪਣੇ ਇੱਕ ਵਿੱਚ ਉਨ੍ਹਾਂ ਕਿਹਾ ਸੀ ਕਿ ਨੌਜਵਾਨਾਂ ਖਾਸ ਕੇ ਪੰਜਾਬੀਆਂ ਨੂੰ ਸਕੂਲ ਦੀ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਣ ਦੇ ਰੁਝਾਨ ਨੂੰ ਘੱਟ ਕਰਨਾ ਚਾਹੀਦਾ ਹੈ।
ਉਨ੍ਹਾਂ ਨੂੰ ਵਿਗਿਆਨ, ਸਿਵਲ ਸਰਵਿਸ, ਮੀਡਿਆ ਅਤੇ ਕਾਨੂੰਨ ਦੀ ਪੜ੍ਹਾਈ ਕਰ ਕੇ ਦੇਸ਼ ਅਤੇ ਕੌਮ ਦੀ ਸੇਵਾ ਵੱਲ ਜਾਣਾ ਚਾਹੀਦਾ ਹੈ।

ਅਡਾਨੀ ਨੂੰ ਅਰਬਾਂ ਦਾ ਝਟਕਾ ਲਾਉਣ ਵਾਲੀ ਰਿਪੋਰਟ ਦੇ ਕੀ ਹਨ ਇਲਜ਼ਾਮ ਤੇ ਗਰੁੱਪ ਦਾ ਸਪੱਸ਼ਟੀਕਰਨ
NEXT STORY