ਸਰ੍ਹੋਂ ਦੇ ਤੇਲ ਵਿੱਚ ਥੋੜ੍ਹੀ ਜਿਹੀ ਕਲੌਂਜੀ ਦਾ ਤੜਕਾ ਤੇ ਉਸ ਉੱਤੇ ਨਿੰਬੂ ਦਾ ਰਸ ਸਧਾਰਨ ਜਿਹੀ ਮਸੂਰ ਦਾਲ ਦਾ ਸੁਆਦ ਵਧਾ ਦਿੰਦਾ ਹੈ।
ਭਾਰਤ ਅਤੇ ਪਾਕਿਸਤਾਨ ਦੇ ਬਹੁਤ ਸਾਰੇ ਘਰਾਂ ਵਿੱਚ, ਹਰ ਰੋਜ਼ ਦੇ ਖਾਣੇ ਵਿੱਚ ਦਾਲ ਹੀ ਸ਼ਾਮਲ ਕੀਤਾ ਜਾਂਦੀ ਹੈ। ਇਹ ਪੌਸ਼ਟਿਕ ਤੱਤਾਂ ਨਾਲ ਤਾਂ ਭਰਪੂਰ ਹੁੰਦੀ ਹੀ ਹੈ ਅਤੇ ਖਾਣ ਵਿੱਚ ਵੀ ਸਵਾਦ ਹੁੰਦੀ ਹੈ।
ਪਕਵਾਨਾਂ ''ਤੇ ਕਿਤਾਬ ਲਿਖਣ ਵਾਲੇ ਅਰਚਨਾ ਪਿਦਾਥਲਾ ਕਹਿੰਦੇ ਹਨ ਕਿ ਦਾਲ ਉਨ੍ਹਾਂ ਦੀ ਮਨਪਸੰਦ ਚੀਜ਼ ਹੈ।
ਉਹ ਕਹਿੰਦੇ ਹਨ, "ਮੈਂ ਹਰ ਰੋਜ਼ ਦਾਲ ਖਾਂਦੀ ਹਾਂ। ਜਦੋਂ ਮੈਂ ਥੱਕੀ ਹੁੰਦੀ ਹਾਂ ਜਾਂ ਜਦੋਂ ਮੇਰਾ ਦਿਨ ਖਰਾਬ ਚੱਲ ਰਿਹਾ ਹੋਵੇ, ਤਾਂ ਚੌਲਾਂ ਨਾਲ ਦਾਲ ਮੇਰੇ ਮੂਡ ਨੂੰ ਜਿਨਾਂ ਵਧੀਆ ਕਰ ਸਕਦੀ ਹੈ, ਓਨਾ ਕੁਝ ਹੋਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਕੌਫੀ ਜਾਂ ਚਾਕਲੇਟ ਵੀ ਨਹੀਂ।"
ਇਹ ਦਿਲ ਦੀ ਗੱਲ ਹੈ ਜਿਸ ਦਾ ਇਜ਼ਹਾਰ ਭਾਰਤ ਅਤੇ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਕਰਦੇ ਹਨ ਅਤੇ ਇੱਕ ਤਰ੍ਹਾਂ ਨਾਲ ਇਹ ਦੋਵਾਂ ਥਾਵਾਂ ''ਤੇ ਪਾਈ ਜਾਣ ਵਾਲੀ ਗੱਲ ਹੈ।
ਅਜਿਹੇ ਲੋਕਾਂ ਲਈ ਦਾਲਾਂ ਸਿਰਫ਼ ਰੋਜ਼ਾਨਾ ਦੀ ਖਾਣ ਵਾਲੀ ਚੀਜ਼ ਨਹੀਂ ਹੈ, ਸਗੋਂ ਮਨ ਨੂੰ ਸ਼ਾਂਤੀ ਦੇਣ ਵਾਲਾ ਅਨਾਜ ਹੋਣ ਦੇ ਨਾਲ-ਨਾਲ ਪ੍ਰੋਟੀਨ ਦਾ ਵੀ ਅਹਿਮ ਸਰੋਤ ਹੈ।
ਦਾਲ ਪੂਰੇ ਭਾਰਤ ਵਿੱਚ ਪਕਾਈ ਜਾਂਦੀ ਹੈ ਪਰ ਦਾਲ ਨੂੰ ਪਕਾਉਣ ਦਾ ਸਭ ਤੋਂ ਆਮ ਤਰੀਕਾ ਇਹ ਹੈ ਕਿ ਦਾਲ ਨੂੰ ਉਦੋਂ ਤੱਕ ਪਕਾਇਆ ਜਾਵੇ ਜਦੋਂ ਤੱਕ ਉਹ ਲਗਭਗ ਗਲ਼ ਨਾ ਜਾਵੇ।
ਇਸ ਤੋਂ ਬਾਅਦ ਇਸ ਵਿੱਚ ਸਰ੍ਹੋਂ (ਰਾਈ), ਜ਼ੀਰਾ ਅਤੇ ਕੱਟੀਆਂ ਹਰੀਆਂ ਮਿਰਚਾਂ ਪਾਓ ਅਤੇ ਫਿਰ ਧਨੀਆ ਪੱਤੇ ਕੱਟ ਕੇ ਗਾੜ੍ਹੀ ਦਾਲ ਪੇਸ਼ ਕਰੋ।
ਜਿਵੇਂ ਕਿ ਪਿਦਾਥਲਾ ਕਹਿੰਦੇ ਹਨ, "ਤੁਸੀਂ ਵੱਖ-ਵੱਖ ਤਰ੍ਹਾਂ ਦੇ ਦਾਲ ਦੇ ਪਕਵਾਨ ਬਣਾਉਣ ਲਈ ਇੱਕ ਬੁਨਿਆਦੀ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ। ਖੱਟੇ ਸਵਾਦ ਲਈ ਗੋਂਗੂਰਾ ਦੇ ਪੱਤੇ (ਲਾਲ-ਡੰਡੀ ਵਾਲੀ ਹਰੇ ਸੋਰਲ) ਜਾਂ ਘੀਆ ਨੂੰ ਪਾ ਕੇ ਇਸ ਨੂੰ ਹੋਰ ਸੁਆਦੀ ਬਣਾਓ।''''
ਦਰਅਸਲ, ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਦਾਲ ਪਕਾਉਣ ਦੇ ਓਨੇ ਹੀ ਤਰੀਕੇ ਹਨ ਜਿੰਨੇ ਇਸ ਨੂੰ ਪਕਾਉਣ ਵਾਲੇ ਲੋਕ ਹਨ।
ਦਾਲ ਪਕਾਉਣ ਦੇ ਨੱਬੇ ਤਰੀਕੇ
ਅਰਚਨਾ ਪਿਦਾਥਲਾ
2022 ਵਿੱਚ ਪ੍ਰਕਾਸ਼ਿਤ ਅਰਚਨਾ ਪਿਦਾਥਲਾ ਦੀ ''ਕੁੱਕ ਬੁੱਕ'' ਵਿੱਚ ਮਸਰੀ ਦੀ ਦਾਲ ਬਣਾਉਣ ਦਾ ਤਰੀਕਾ ਸ਼ਾਮਲ ਕੀਤਾ ਗਿਆ ਹੈ।
ਇਸ ਕਿਤਾਬ ਵਿੱਚ, ਦੇਸ਼ ਭਰ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਦਾਲ ਪਕਾਉਣ ਦੇ ਨੱਬੇ ਤਰੀਕੇ ਸ਼ਾਮਲ ਹਨ, ਜੋ ਵੱਖ-ਵੱਖ ਔਰਤਾਂ ਨੇ ਉਨ੍ਹਾਂ ਨਾਲ ਸਾਂਝੇ ਕੀਤੇ ਹਨ।
ਇਨ੍ਹਾਂ ਤਰੀਕਿਆਂ ਨੂੰ ਸਾਂਝਾ ਕਰਨ ਵਾਲੀਆਂ ਔਰਤਾਂ ਪੇਸ਼ੇਵਰ ਰਸੋਈਏ ਨਹੀਂ ਹਨ, ਪਰ ਉਨ੍ਹਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਉਹ ਖਾਣਾ ਬਣਾਉਣ ਨੂੰ ਇੱਕ ਸਿਹਤਮੰਦ ਕੰਮ ਵਜੋਂ ਦੇਖਦੇ ਹਨ, ਆਪਣੇ ਲਈ ਵੀ ਅਤੇ ਆਪਣੇ ਨਾਲ ਜੁੜੇ ਉਨ੍ਹਾਂ ਲੋਕਾਂ ਲਈ ਵੀ ਜਿਨ੍ਹਾਂ ਨੂੰ ਉਹ ਖਾਣਾ ਬਣਾ ਕੇ ਖੁਆਉਂਦੀਆਂ ਹਨ।
ਮਿਸਾਲ ਵਜੋਂ, ਅਦਾਕਾਰਾ ਅਰੁੰਧਤੀ ਨਾਗ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਦੇ ਵੀ ਆਪਣੇ ਪਤੀ ਦੇ ਪਰਿਵਾਰ ਲਈ ਖਾਣਾ ਨਹੀਂ ਪਕਾਉਂਦੇ ਸਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਸ ਦਾ ਮਤਲਬ ਉਨ੍ਹਾਂ ਦੀ ਆਪਣੀ ਪਛਾਣ ਦਾ ਨੁਕਸਾਨ ਹੋਵੇਗਾ।
ਪਰ ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਹ ਉਨ੍ਹਾਂ ਨੂੰ ਯਾਦ ਕਰਨ ਲਈ ਪੂਰੀ ਤਿਆਰੀ ਨਾਲ ਆਪਣੇ ਪਤੀ ਦੇ ਪਰਿਵਾਰ ਲਈ ਖਾਣਾ ਬਣਾਉਂਦੇ ਹਨ।
ਮੀਰ ਜੀ ਲਈ, ਜਿਨ੍ਹਾਂ ਨੂੰ ਪਦਾਥਲਾ ਇੱਕ ਸੁਤੰਤਰ ਅਤੇ ਸਵੈ-ਨਿਰਭਰ ਵਿਅਕਤੀ ਵਜੋਂ ਦੇਖਦੇ ਹਨ, ਖਾਣਾ ਪਕਾਉਣਾ ਆਪਣੇ ਆਪ ਦੀ ਦੇਖਭਾਲ ਕਰਨ ਵਰਗਾ ਹੈ।
ਇਸੇ ਤਰ੍ਹਾਂ ਵਿਸ਼ਾਲਾਕਸ਼ੀ ਪਦਮਨਾਭਨ ਹਨ, ਜਿਨ੍ਹਾਂ ਨੇ ਨਾ ਸਿਰਫ ਜੈਵਿਕ ਖੇਤੀ ਸ਼ੁਰੂ ਕੀਤੀ ਹੈ, ਸਗੋਂ ''ਬਫੇਲੋ ਬਲੈਕ ਕਲੈਕਟਿਵ'' ਦੇ ਨਾਂ ਨਾਲ ਕਿਸਾਨਾਂ ਦੀ ਇੱਕ ਸਹਿਕਾਰੀ ਸੰਸਥਾ ਵੀ ਬਣਾਈ ਹੈ, ਜੋ ਫਸਲਾਂ ਨੂੰ ਉਗਾਉਣ ਅਤੇ ਵੇਚਣ ਦਾ ਕੰਮ ਕਰਦੀ ਹੈ।
ਉਨ੍ਹਾਂ ਨੇ ਬੇਂਗਲੁਰੂ ਨੇੜੇ ਰਾਗੀਹੱਲੀ ਵਿੱਚ ਪਿੰਡ ਦੀਆਂ ਔਰਤਾਂ ਨੂੰ ਰੋਜ਼ੀ-ਰੋਟੀ ਲਈ ਆਪਣੀਆਂ ਕੂਕੀਜ਼ ਪਕਾਉਣ ਅਤੇ ਵੇਚਣ ਦੀ ਸਿਖਲਾਈ ਵੀ ਦਿੱਤੀ ਹੈ।
ਨਿੰਬੂ ਦਾ ਰਸ ਵਧਾਉਂਦਾ ਹੈ ਸਵਾਦ
ਅਰਚਨਾ ਪਿਦਾਥਲਾ ਨੇ ਇਨ੍ਹਾਂ ਔਰਤਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਖਾਣਾ ਬਣਾਉਂਦੇ ਦੇਖਣ ਅਤੇ ਉਨ੍ਹਾਂ ਦੇ ਤਰੀਕਿਆਂ ਨੂੰ ਸਿੱਖਣ ਲਈ ਦੇਸ਼ ਭਰ ਵਿੱਚ 11,265 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਕਿਤਾਬ ਦਾ ਸਿਰਲੇਖ ''ਵਹਾਈ ਕੁੱਕ'' ਘਰੇਲੂ ਬਾਵਰਚੀਆਂ ਦੇ ਸਨਮਾਨ ਵਿੱਚ ਹੈ ਜੋ ਪਰਿਵਾਰਕ ਸਵਾਦ ਨੂੰ ਬਰਕਰਾਰ ਰੱਖ ਰਹੇ ਹਨ ਅਤੇ ਜਿਨ੍ਹਾਂ ਦੇ ਤਰੀਕੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਸਤਕ ਵਿਚਲੇ ਪਕਵਾਨ ਕਿਸੇ ਵਿਸ਼ੇਸ਼ ਸ਼੍ਰੇਣੀ ਜਾਂ ਵਰਗ ਵਿਚ ਨਹੀਂ ਆਉਂਦੇ। ਪਿਦਾਥਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਔਰਤਾਂ ਨੂੰ ਸਿਰਫ ਖਾਣਾ ਬਣਾਉਣ ਦੀਆਂ ਵਿਧੀਆਂ ਸਾਂਝੀਆਂ ਕਰਨ ਲਈ ਕਿਹਾ।
ਮੈਂ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਆਪਣੇ ਆਪ ਨੂੰ ਪਲੇਟ ਦੇ ਜ਼ਰੀਏ ਕਿਵੇਂ ਪੇਸ਼ ਕਰੋਗੇ? ਤੁਸੀਂ ਮੇਜ਼ ''ਤੇ ਆਪਣੀ ਪਛਾਣ ਕਿਵੇਂ ਪੇਸ਼ ਕਰੋਗੇ?"
ਬੰਗਾਲੀ ਭਾਈਚਾਰੇ ਵਿੱਚ ਮਸੂਰ ਦੀ ਦਾਲ ਖਾਸ ਤੌਰ ''ਤੇ ਪਸੰਦ ਕੀਤੀ ਜਾਂਦੀ ਹੈ।
ਮਨੀਸ਼ਾ ਕੈਰਾਲੀ ਉਰਫ਼ ਮੌਲੀ ਨੇ ਦਾਲ ਬਣਾਉਣ ਦਾ ਤਰੀਕਾ ਪੇਸ਼ ਕੀਤਾ ਹੈ। ਉਨ੍ਹਾਂ ਦੇ ਪਿਤਾ ਬੰਗਾਲੀ ਹਨ।
ਪਿਦਾਥਲਾ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਮੌਲੀ ਨੇ ਆਪਣੀ ਬੰਗਾਲੀ ਦਾਦੀ ਤੋਂ ਸੂਪ ਵਰਗੀ ਦਾਲ ਬਣਾਉਣਾ ਸਿੱਖਿਆ, ਜਿਨ੍ਹਾਂ ਨੇ ਮੌਲੀ ਨੂੰ ਇਹ ਸਿਖਾਇਆ ਕਿ ਇੱਕ ਖਾਣੇ ਨੂੰ ਵਧੀਆ ਜਾਂ ਖਾਸ ਬਣਾਉਣ ਲਈ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਨਹੀਂ ਹੈ।''''
''''ਸਰੋਂ ਦੇ ਤੇਲ ''ਚ ਕਲੌਂਜੀ ਅਤੇ ਨਿੰਬੂ ਦੇ ਰਸ ਨਾਲ ਇਸ ਸਧਾਰਨ ਜਿਹੀ ਡਿਸ਼ ਦਾ ਸਵਾਦ ਵਧ ਜਾਂਦਾ ਹੈ। ਇਸ ''ਚ ਇੱਕੋ ਸਮੇਂ ਮਸਾਲੇ ਅਤੇ ਖੱਟੇਪਣ ਦਾ ਸਵਾਦ ਵਧ ਜਾਂਦਾ ਹੈ।''''
ਮਸੂਰ ਦੀ ਦਾਲ ਨੂੰ ਇਸ ਤਰੀਕੇ ਨਾਲ ਕੁਝ ਹੀ ਮਿੰਟਾਂ ਵਿਚ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਆਨੰਦ ਚੌਲਾਂ ਜਾਂ ਰੋਟੀ ਨਾਲ ਲਿਆ ਜਾ ਸਕਦਾ ਹੈ ਜਾਂ ਫਿਰ ਇਹ ਸੂਪ ਦੇ ਰੂਪ ਵਿੱਚ ਪੀਤੀ ਜਾ ਸਕਦੀ ਹੈ।
ਮਸੂਰ ਦੀ ਦਾਲ ਬਣਾਉਣ ਦਾ ਤਰੀਕਾ (4 ਜਣਿਆਂ ਲਈ)
ਮਨੀਸ਼ਾ ਕੈਰਾਲੀ
ਪਹਿਲਾ ਪੜਾਅ
ਇਕ ਕੱਪ ਲਾਲ ਦਾਲ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਵਾਧੂ ਪਾਣੀ ਨੂੰ ਕੱਢ ਦਿਓ।
ਇਸ ਨੂੰ ਪ੍ਰੈਸ਼ਰ ਕੁੱਕਰ ਵਿੱਚ ਪਾਓ, ਢਾਈ ਕੱਪ ਪਾਣੀ ਪਾਓ ਅਤੇ ਪ੍ਰੈਸ਼ਰ ਕੁੱਕਰ ਵਿੱਚ ਤਿੰਨ ਸੀਟੀਆਂ (ਲਗਭਗ 10-12 ਮਿੰਟ) ਤੱਕ ਪਕਾਓ।
ਜਦੋਂ ਪ੍ਰੈਸ਼ਰ ਨਿੱਕਲ ਜਾਵੇ ਤਾਂ ਦਾਲ ਨੂੰ ਚੰਗੀ ਤਰ੍ਹਾਂ ਫੈਂਟ ਲਓ ਅਤੇ ਇਸ ਵਿਚ ਹਲਦੀ ਪਾਊਡਰ ਪਾ ਕੇ ਮਿਲਾਓ।
ਜਾਂ ਫਿਰ ਦੂਜੇ ਤਰੀਕੇ ਨਾਲ ਦਾਲ ਨੂੰ 15 ਮਿੰਟਾਂ ਲਈ ਉਦੋਂ ਤੱਕ ਉਬਾਲੋ ਜਦੋਂ ਤੱਕ ਉਹ ਲਗਭਗ ਪੱਕ/ਗਲ਼ ਨਾ ਜਾਵੇ।
ਦੂਜਾ ਪੜਾਅ
ਦਾਲ ''ਚ ਤੜਕਾ ਲਾਉਣ ਲਈ, ਇੱਕ ਡੂੰਘੇ ਅਤੇ ਮੋਟੇ ਤਲੇ ਵਾਲੇ ਭਾਂਡੇ ਵਿੱਚ ਸਰ੍ਹੋਂ ਦਾ ਤੇਲ ਗਰਮ ਕਰੋ।
ਇਸ ਵਿੱਚ ਕਲੌਂਜੀ, ਸੁੱਕੀ ਲਾਲ ਮਿਰਚ ਅਤੇ ਹਰੀ ਮਿਰਚ ਪਾਓ ਅਤੇ ਮੱਧਮ ਸੇਕ ''ਤੇ 20 ਸਕਿੰਟ ਲਈ ਭੁੰਨ ਲਓ।
ਤਿਆਰ ਮਸਾਲੇ ''ਚ ਪਕਾਈ ਹੋਈ ਦਾਲ ਪਾਓ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਦੋ ਮਿੰਟ ਤੱਕ ਪਕਣ ਦਿਓ।
ਉੱਪਰ ਹਰਾ ਧਨੀਆ ਪਾਓ ਅਤੇ ਇਸ ਨੂੰ ਗਰਮ ਚੌਲਾਂ ਨਾਲ ਸਰਵ ਕਰੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੋਰੱਕੋ ਭੂਚਾਲ: ਤਬਾਹੀ ਤੋਂ ਕੁਝ ਮਿੰਟ ਪਹਿਲਾਂ ਜੰਮੀ ਬੱਚੀ, ਜਿਸ ਨੂੰ ਘਰ ਵੀ ਨਸੀਬ ਨਾ ਹੋਇਆ, ''ਮੇਰੀ ਧੀ...
NEXT STORY