ਰੋਹਿਤ ਸ਼ਰਮਾ
ਏਸ਼ੀਆ ਕੱਪ ਦਾ ਫ਼ਾਈਨਲ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਅੱਜ ਖੇਡਿਆ ਜਾਣਾ ਹੈ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਭਾਰਤੀ ਕ੍ਰਿਕਟ ਟੀਮ ਲਈ ਏਸ਼ੀਆ ਕੱਪ 2023 ਦਾ ਖਿਤਾਬ ਜਿੱਤਣਾ ਮਹੱਤਵਪੂਰਨ ਹੈ ਕਿਉਂਕਿ ਸਿਰਫ਼ ਤਿੰਨ ਹਫ਼ਤੇ ਬਾਅਦ ਆਈਸੀਸੀ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ, ਜਿਸ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ।
ਰੋਹਿਤ ਸ਼ਰਮਾ ਅਤੇ ਕੰਪਨੀ ''ਤੇ 2011 ਨੂੰ ਦੁਹਰਾਉਣ ਦਾ ਦਬਾਅ ਹੈ, ਜਦੋਂ ਭਾਰਤ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਸੀ।
ਏਸ਼ੀਆ ਕੱਪ ''ਚ ਭਾਰਤ ਦਾ ਹੁਣ ਤੱਕ ਦਾ ਪ੍ਰਦਰਸ਼ਨ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ।
ਰੋਹਿਤ ਸ਼ਰਮਾ ਦੀ ਟੀਮ ਆਪਣੇ ਪ੍ਰਸ਼ੰਸਕਾਂ ਨੂੰ ਇਹ ਯਕੀਨ ਨਹੀਂ ਦਿਵਾ ਸਕੀ ਹੈ ਕਿ ਟੀਮ ਇੰਡੀਆ ਇਸ ਵਿਸ਼ਵ ਕੱਪ ਵਿੱਚ ਇੱਕ ਵਾਰ ਫਿਰ ਇਤਿਹਾਸ ਲਿਖਣ ਵਿੱਚ ਕਾਮਯਾਬ ਹੋਵੇਗੀ।
ਵਿਰਾਟ ਕੋਹਲੀ
ਕੋਲੰਬੋ ਵਿੱਚ ਏਸ਼ੀਆ ਕੱਪ ਕਵਰ ਕਰ ਰਹੇ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਮੁਤਾਬਕ, ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਅਤੇ ਵਿਰਾਟ ਕੋਹਲੀ ਵਿਚਾਲੇ ਇੱਕ ਖਾਸ ਸਬੰਧ ਹੈ- ਸੈਂਕੜੇ ਵਾਲੀ ਪਾਰੀ ਖੇਡਣ ਦਾ।
ਪਿਛਲੇ ਹਫਤੇ ਪਾਕਿਸਤਾਨ ਦੇ ਖਿਲਾਫ ਵਿਰਾਟ ਨੇ ਇਸੇ ਮੈਦਾਨ ''ਤੇ ਲਗਾਤਾਰ ਆਪਣਾ ਚੌਥਾ ਸੈਂਕੜਾ ਲਗਾਇਆ ਸੀ ਅਤੇ ਉਹ ਵੀ ਖਰਾਬ ਮੌਸਮ ਅਤੇ ਗਿੱਲੀ ਪਿੱਚ ''ਤੇ।
ਪਰ ਸ਼੍ਰੀਲੰਕਾ ਖਿਲਾਫ ਅਗਲੇ ਹੀ ਮੈਚ ਨੇ ਵਿਰਾਟ ਕੋਹਲੀ ਲਈ ਇੱਕ ਪੁਰਾਣੀ ਪਰ ਜਾਣੀ-ਪਛਾਣੀ ਚੁਣੌਤੀ ਖੜ੍ਹੀ ਕਰ ਦਿੱਤੀ।
ਵਿਰਾਟ ਨੇ 12 ਗੇਂਦਾਂ ਵਿੱਚ ਸਿਰਫ਼ ਤਿੰਨ ਦੌੜਾਂ ਹੀ ਬਣਾਈਆਂ ਸਨ ਕਿ ਸ੍ਰੀਲੰਕਾ ਦੇ ਨੌਜਵਾਨ ਸਪਿਨਰ ਦੁਨਿਥ ਵੇਲਾਲਾਘੇ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ।
ਫਾਈਨਲ ਮੈਚ ਤੋਂ ਪਹਿਲਾਂ ਕੋਹਲੀ ਅਤੇ ਟੀਮ ਦੀਆਂ ਕੀ ਚਿੰਤਾਵਾਂ ਹਨ, ਪਹਿਲਾਂ ਇਸ ਬਾਰੇ ਗੱਲ ਕਰ ਲੈਂਦੇ ਹਾਂ...
ਖੱਬੇ ਹੱਥ ਦੇ ਸਪਿਨਰ ਤੇ ਕੋਹਲੀ
ਵਿਰਾਟ ਕੋਹਲੀ
ਕੋਹਲੀ ਸਾਲ 2023 ''ਚ ਖੇਡੇ ਗਏ ਵਨਡੇ ਮੈਚਾਂ ''ਚ ਚੌਥੀ ਵਾਰ ਖੱਬੇ ਹੱਥ ਦੇ ਸਪਿਨਰ ਦਾ ਸ਼ਿਕਾਰ ਬਣੇ ਸਨ।
ਪਰ ਕੋਹਲੀ ਦੀਆਂ ਚਿੰਤਾਵਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਮਿਸ਼ੇਲ ਸੈਂਟਨਰ, ਸ਼ਾਕਿਬ ਅਲ ਹਸਨ, ਐਸ਼ਟਨ ਏਗਰ, ਕੇਸ਼ਵ ਮਹਾਰਾਜ ਅਤੇ ਸ਼੍ਰੀਲੰਕਾ ਦੇ ਵੇਲਾਲਾਗੇ, ਇਹ ਸਾਰੇ ਹੌਲੀ ਗਤੀ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਹਨ, ਜਿਨ੍ਹਾਂ ਨੇ 2021 ਤੋਂ ਬਾਅਦ ਵਿਰਾਟ ਕੋਹਲੀ ਨੂੰ ਸਸਤੇ ਵਿੱਚ ਆਊਟ ਕੀਤਾ ਹੈ।
ਕੁੱਲ ਮਿਲਾ ਕੇ, 2021 ਤੋਂ ਬਾਅਦ ਖੇਡੇ ਗਏ 28 ਵਨਡੇ ਮੈਚਾਂ ਵਿੱਚੋਂ, ਵਿਰਾਟ ਕੋਹਲੀ ਅੱਠ ਵਾਰ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਦਾ ਸ਼ਿਕਾਰ ਬਣ ਚੁੱਕੇ ਹਨ।
ਸ਼੍ਰੀਲੰਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਖੱਬੇ ਹੱਥ ਦੇ ਗੇਂਦਬਾਜ਼ ਸਨਥ ਜੈਸੂਰੀਆ ਦਾ ਮੰਨਣਾ ਹੈ ਕਿ “ਕੋਹਲੀ ਨੂੰ ਇਨ੍ਹਾਂ ਅੰਕੜਿਆਂ ਨੂੰ ਭੁੱਲ ਕੇ ਸਪਿਨਰਾਂ ਨੂੰ ਖੇਡਣਾ ਚਾਹੀਦਾ ਹੈ”।
ਉਨ੍ਹਾਂ ਕਿਹਾ, ''''ਕੋਹਲੀ ਵਰਗੇ ਵੱਡੇ ਖਿਡਾਰੀ ਘੱਟ ਹੁੰਦੇ ਹਨ, ਤਾਂ ਜ਼ਾਹਰ ਹੈ ਕਿ ਗੇਂਦਬਾਜ਼ ਹੀ ਨਹੀਂ ਬਲਕਿ ਵਿਰੋਧੀ ਟੀਮ ਦਾ ਥਿੰਕ ਟੈਂਕ ਵੀ ਉਨ੍ਹਾਂ ਦੀ ਹਰ ਵਿਕਟ ''ਤੇ ਨਜ਼ਰ ਰੱਖਦਾ ਹੈ। ਕਿਉਂਕਿ ਕੋਹਲੀ ਇੱਕ ਮੈਚ ਵਿਨਰ ਵੀ ਹਨ, ਇਸ ਲਈ ਉਨ੍ਹਾਂ ਨੂੰ ਆਊਟ ਕਰਨਾ ਸਭ ਤੋਂ ਜ਼ਰੂਰੀ ਰਹਿੰਦਾ ਹੈ। ਹੁਣ ਪਿਛਲੇ ਕੁਝ ਸਾਲਾਂ ''ਚ ਜਦੋਂ ਉਨ੍ਹਾਂ ਨੂੰ ਸਪਿਨਰਾਂ ਨੇ ਆਊਟ ਕੀਤਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਵਿਰੋਧੀ ਗੇਂਦਬਾਜ਼ ਉਨ੍ਹਾਂ ਦੇ ਖਿਲਾਫ ਸਪਿਨਰਾਂ ਨੂੰ ਜਲਦੀ ਉਤਾਰ ਰਹੇ ਹਨ। ਇਹ ਸ਼ਾਇਦ ਪਹਿਲਾਂ ਨਹੀਂ ਹੋਇਆ ਕਰਦਾ ਸੀ।"
ਸਪਿਨਿੰਗ ਗੇਂਦਾਂ ਦੇ ਸਾਹਮਣੇ ਕੋਹਲੀ ਦੀ ਗਲਤੀ
ਵਿਰਾਟ ਕੋਹਲੀ
ਸਪਿਨ ਗੇਂਦਬਾਜ਼ੀ ਦੇ ਖਿਲਾਫ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਸਿਰਫ ਇੱਕ ਦਿਨਾ ਕ੍ਰਿਕਟ ਤੱਕ ਸੀਮਤ ਨਹੀਂ ਰਿਹਾ। ਪਿਛਲੇ ਕੁਝ ਸਾਲਾਂ ''ਚ ਖੇਡੇ ਗਏ ਆਈਪੀਐੱਲ ਮੈਚਾਂ ''ਤੇ ਨਜ਼ਰ ਮਾਰੀਏ ਤਾਂ ਤਸਵੀਰ ਥੋੜ੍ਹੀ ਹੋਰ ਸਾਫ ਨਜ਼ਰ ਆਉਣ ਲੱਗਦੀ ਹੈ।
2020 ਤੋਂ, ਤੇਜ਼ ਗੇਂਦਬਾਜ਼ੀ ਖਿਲਾਫ ਉਨ੍ਹਾਂ ਦਾ ਸਟ੍ਰਾਈਕ ਰੇਟ 133.28 ਦੌੜਾਂ ਰਿਹਾ ਪਰ ਸਪਿਨਰਾਂ ਦੇ ਖਿਲਾਫ ਇਹ ਡਿੱਗ ਕੇ 106.68 ਹੀ ਰਹਿ ਗਿਆ ਹੈ।
ਕੋਹਲੀ ਆਈਪੀਐਲ 2023 ਸੀਜ਼ਨ ਦੇ ਪਹਿਲੇ ਅੱਧ ਵਿੱਚ ਪੰਜ ਵਾਰ ਆਊਟ ਹੋਏ ਸਨ, ਜਿਨ੍ਹਾਂ ਵਿੱਚੋਂ ਚਾਰ ਵਾਰ ਸਪਿਨਰਾਂ ਨੇ ਉਸ ਨੂੰ ਆਊਟ ਕੀਤਾ ਸੀ।
- ਏਸ਼ੀਆ ਕੱਪ ਦਾ ਫ਼ਾਈਨਲ ਮੈਚ ਭਾਰਤ-ਸ਼੍ਰੀਲੰਕਾ ਵਿਚਕਾਰ ਅੱਜ, ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ
- ਏਸ਼ੀਆ ਕੱਪ ਵਿੱਚ ਭਾਰਤ ਅਤੇ ਸ਼੍ਰੀਲੰਕਾ ਹੀ ਹੁਣ ਤੱਕ ਦੀਆਂ ਦੋ ਸਭ ਤੋਂ ਬਿਹਤਰੀਨ ਟੀਮਾਂ ਰਹੀਆਂ ਹਨ
- ਹੁਣ ਤੱਕ ਦੇ ਸਾਰੇ ਏਸ਼ੀਆ ਕੱਪ ਮੁਕਾਬਲਿਆਂ ਵਿੱਚੋਂ ਭਾਰਤ ਤੇ ਸ਼੍ਰੀਲੰਕਾ ਨੇ ਕ੍ਰਮਵਾਰ 7 ਅਤੇ 6 ਵਾਰ ਟਰਾਫ਼ੀ ਜਿੱਤੀ ਹੈ
- ਇਹ ਮੁਕਾਬਲਾ ਭਾਰਤੀ ਟੀਮ ਲਈ ਅਹਿਮ ਹੈ ਕਿਉਂਕਿ ਇਸ ਤੋਂ ਬਾਅਦ ਭਾਰਤ ''ਚ ਵਿਸ਼ਵ ਕੱਪ ਟੂਰਮਾਨਮੈਂਟ ਖੇਡਿਆ ਜਾਣਾ ਹੈ
- ਭਾਰਤੀ ਟੀਮ ''ਤੇ 2011 ਵਾਂਗ ਵਿਸ਼ਵ ਕੱਪ ਜਿੱਤਣ ਦਾ ਦਬਾਅ ਹੈ, ਜਦੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ''ਚ ਭਾਰਤ ਦੂਤੀ ਵਾਰ ਇਹ ਖਿਤਾਬ ਜਿੱਤਿਆ ਸੀ
ਸ਼੍ਰੀਲੰਕਾ ਦੇ ਸਪਿਨਰਾਂ ਦੀ ਪ੍ਰੀਖਿਆ
ਫਾਈਨਲ ਕਿਉਂਕਿ ਸ਼੍ਰੀਲੰਕਾ ਦੇ ਖਿਲਾਫ ਹੈ, ਇਸ ਲਈ ਭਾਰਤੀ ਖੇਮੇ ਵਿੱਚ ਇਹ ਯਾਦ ਵੀ ਤਾਜ਼ਾ ਹੋਵੇਗੀ ਕਿ ਪਿਛਲੇ ਮੈਚ ਵਿੱਚ ਭਾਵੇਂ ਭਾਰਤ ਨੇ ਸ਼੍ਰੀਲੰਕਾ ਦੇ ਖਿਲਾਫ ਜਿੱਤ ਦਰਜ ਕੀਤੀ ਸੀ ਪਰ ਸ਼੍ਰੀਲੰਕਾ ਦੇ ਸਪਿਨਰਾਂ ਨੇ ਭਾਰਤ ਦੀਆਂ ਸਾਰੀਆਂ 10 ਵਿਕਟਾਂ ਲਈਆਂ ਸਨ।
ਇਸ ''ਚ ਕੋਹਲੀ ਦੇ ਨਾਲ-ਨਾਲ ਕਪਤਾਨ ਰੋਹਿਤ ਸ਼ਰਮਾ ਵੀ ਬੋਲਡ ਹੋਣ ਵਾਲਿਆਂ ''ਚ ਸ਼ਾਮਲ ਸਨ।
ਸ਼੍ਰੀਲੰਕਾ ਦੇ ਸਭ ਤੋਂ ਸਫਲ ਖੱਬੇ ਹੱਥ ਦੇ ਸਪਿਨਰਾਂ ਵਿੱਚੋਂ ਇੱਕ ਰੰਗਨਾ ਹੇਰਾਥ ਦੇ ਅਨੁਸਾਰ, “ਸ਼੍ਰੀਲੰਕਾ ਵਿੱਚ ਨੌਜਵਾਨ ਸਪਿਨਰ ਦੁਨੀਆਂ ਦੇ ਕਿਸੇ ਵੀ ਚੋਟੀ ਦੇ ਬੱਲੇਬਾਜ਼ ਨੂੰ ਪ੍ਰੇਸ਼ਾਨ ਕਰ ਸਕਦੇ ਹਨ, ਭਾਵੇਂ ਉਹ ਕੋਈ ਵੀ ਹੋਣ। ਵੇਲਾਲਾਗੇ ਤੋਂ ਇਲਾਵਾ, ਮਹੀਸ਼ ਤੀਕਸ਼ਣਾ, ਚਰਿਥ ਅਸਾਲਾਂਕਾ, ਦੁਸ਼ਨ ਹੇਮੰਤ ਅਤੇ ਧਨੰਜੈ ਡੀ ਸਿਲਵਾ ਵੀ ਬਰਾਬਰ ਘਾਤਕ ਹਨ।''''
ਇਹ ਏਸ਼ੀਆ ਕੱਪ ਫਾਈਨਲ ਅਤੇ ਭਾਰਤੀ ਬੱਲੇਬਾਜ਼ਾਂ ਦਾ ਸ਼੍ਰੀਲੰਕਾ ਦੇ ਤਿੰਨ ਸਪਿਨਰਾਂ ਨੂੰ ਖੇਡਣ ਦਾ ਤਰੀਕਾ ਭਵਿੱਖ ਲਈ ਵੀ ਬਹੁਤ ਮਹੱਤਵਪੂਰਨ ਹੈ।
ਕਿਉਂਕਿ ਭਾਰਤ ''ਚ ਹੋਣ ਵਾਲੇ ਵਿਸ਼ਵ ਕੱਪ ਦੇ ਮੈਚਾਂ ''ਚ ਟੀਮ ਇੰਡੀਆ ਵੀ ਆਪਣੇ ਗਰੁੱਪ ਮੈਚ ਚੇਨਈ, ਅਹਿਮਦਾਬਾਦ, ਕੋਲਕਾਤਾ, ਲਖਨਊ ਅਤੇ ਮੁੰਬਈ ਦੇ ਹੌਲੀ ਪਿਚ ਵਾਲੇ ਮੈਦਾਨਾਂ ''ਤੇ ਖੇਡੇਗੀ।
ਇਨ੍ਹਾਂ ਮੈਦਾਨਾਂ ''ਤੇ ਨਾ ਸਿਰਫ ਟੀਮ ਦੇ ਸਪਿਨਰਾਂ ਦੀ ਪਰਖ ਹੋਵੇਗੀ, ਸਗੋਂ ਬੱਲੇਬਾਜ਼ਾਂ ਦੀ ਵੀ ਪ੍ਰੀਖਿਆ ਹੋਵੇਗੀ।
ਜ਼ਾਹਿਰ ਹੈ ਕਿ ਸਾਰਿਆਂ ਦੀਆਂ ਨਜ਼ਰਾਂ ਵਨਡੇ ਕ੍ਰਿਕਟ ''ਚ 13,000 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ''ਤੇ ਵੀ ਹੋਣਗੀਆਂ।
ਉਹ ਪੰਜ ਕਾਰਕ ਜੋ ਭਾਰਤ ਦੀ ਜਿੱਤ ਦਾ ਫੈਸਲਾ ਕਰ ਸਕਦੇ ਹਨ
ਬੀਬੀਸੀ ਦੇ ਸੀਨੀਅਰ ਖੇਡ ਪੱਤਰਕਾਰ ਸੰਜੇ ਕਿਸ਼ੋਰ ਮੁਤਾਬਕ, ਅਜਿਹੇ 5 ਕਾਰਕ ਹਨ ਜਿਨ੍ਹਾਂ ''ਤੇ ਭਾਰਤੀ ਟੀਮ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਜੋ ਭਾਰਤੀ ਟੀਮ ਦੀ ਜਿੱਤ ਦਾ ਫੈਸਲਾ ਕਰ ਸਕਦੇ ਹਨ:
ਸ਼੍ਰੀਲੰਕਾ ਟੀਮ
1. ਆਪਣੀ ਪਿੱਚ ''ਤੇ ਚੀਤੇ ਹਨ ਲੰਕਾ ਦੇ ਖਿਡਾਰੀ
ਪਿਛਲੇ ਹਫਤੇ ਮੇਜ਼ਬਾਨ ਸ਼੍ਰੀਲੰਕਾ ਨੇ ਭਾਰਤ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਮੇਜ਼ਬਾਨ ਟੀਮ ਨੂੰ ਉਸ ਦੀ ਪਿੱਚ ''ਤੇ ਹਲਕੇ ''ਚ ਨਾ ਲਿਆ ਜਾਵੇ।
ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੇ ਭਾਰਤ ਨੂੰ 213 ਦੌੜਾਂ ''ਤੇ ਆਲ ਆਊਟ ਕਰ ਦਿੱਤਾ ਸੀ। ਮੈਚ ''ਚ ਸਾਰੀਆਂ ਦਸ ਵਿਕਟਾਂ ਸਪਿਨਰਾਂ ਨੇ ਲਈਆਂ ਸਨ, ਜਿਨ੍ਹਾਂ ਵਿੱਚੋਂ ਚਾਰ ਵਿਕਟਾਂ ਪਾਰਟ ਟਾਈਮ ਆਫ ਸਪਿਨਰ ਸੀ ਅਸਾਲੰਕਾ ਨੇ ਲਈਆਂ ਸਨ।
ਪ੍ਰੇਮਦਾਸਾ ਮੈਦਾਨ ਦੀ ਪਿੱਚ ਹੌਲੀ ਅਤੇ ਟਰਨਿੰਗ ਰਹਿਣ ਦੀ ਉਮੀਦ ਹੈ। ਮੱਧ ਓਵਰਾਂ ਵਿੱਚ ਸਪਿਨਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਹਾਲਾਂਕਿ ਫਾਈਨਲ ਤੋਂ ਪਹਿਲਾਂ ਸ਼੍ਰੀਲੰਕਾ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਮਿਸਟ੍ਰੀ ਸਪਿਨਰ ਮਹੇਸ਼ ਤੀਕਸ਼ਣਾ ਫਾਈਨਲ ਤੋਂ ਬਾਹਰ ਹੋ ਗਏ ਹਨ।
ਉਨ੍ਹਾਂ ਦੀ ਜਗ੍ਹਾ ਸਪਿਨ ਗੇਂਦਬਾਜ਼ ਆਲਰਾਊਂਡਰ ਸਹਾਨ ਅਰਾਚੀਗੇ ਨੂੰ ਟੀਮ ''ਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਮੇਜ਼ਬਾਨ ਟੀਮ ਕੋਲ ਦੁਨਿਥ ਵੇਲਾਲਾਗੇ ਅਤੇ ਧਨੰਜੈ ਡੀ ਸਿਲਵਾ ਹਨ, ਜੋ ਟਾਪ ਦੇ ਭਾਰਤੀ ਖਿਡਾਰੀਆਂ ਨੂੰ ਆਊਟ ਕਰ ਚੁੱਕੇ ਹਨ।
ਦੁਨਿਥ ਵੇਲਾਲਾਗੇ
2. ਕੁਸਲ-ਸਦਿਰਾ ਨੂੰ ਛੇਤੀ ਆਊਟ ਕਰੋ
ਮੇਜ਼ਬਾਨ ਟੀਮ ਦੀਆਂ ਉਮੀਦਾਂ ਸ਼੍ਰੀਲੰਕਾ ਦੇ ਤੀਜੇ ਨੰਬਰ ਦੇ ਬੱਲੇਬਾਜ਼ ਕੁਸਲ ਮੈਂਡਿਸ ''ਤੇ ਟਿਕੀਆਂ ਹੋਈਆਂ ਹਨ। ਮੈਂਡਿਸ ਸ਼ਾਨਦਾਰ ਫਾਰਮ ''ਚ ਹਨ।
ਪੰਜ ਮੈਚਾਂ ਵਿੱਚ 253 ਦੌੜਾਂ ਬਣਾ ਕੇ ਮੈਂਡਿਸ ਸ਼ੁਭਮਨ ਗਿੱਲ ਤੋਂ ਬਾਅਦ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ।
ਭਾਰਤੀ ਤੇਜ਼ ਗੇਂਦਬਾਜ਼ ਉਸ ਨੂੰ ਸ਼ਾਰਟ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਮੈਂਡਿਸ ਸ਼ਾਰਟ ਜਾਂ ਬੈਕ-ਆਫ-ਏ-ਲੇੰਥ ਗੇਂਦ ਦੇ ਵਿਰੁੱਧ ਬੇਚੈਨ ਦਿਖਾਈ ਦਿੰਦੇ ਹਨ। ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਰਹੇ ਹਨ।
''ਸੁਪਰ ਫੋਰ'' ''ਚ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਇੱਕ ਹੋਰ ਬੱਲੇਬਾਜ਼ ਹਨ 28 ਸਾਲਾ ਸਦੀਰਾ ਸਮਰਵਿਕਰਮਾ। ਉਨ੍ਹਾਂ ਨੇ ਪਿਛਲੇ ਤਿੰਨ ਮੈਚਾਂ ਵਿੱਚ 158 ਅਤੇ ਟੂਰਨਾਮੈਂਟ ਵਿੱਚ 216 ਦੌੜਾਂ ਬਣਾਈਆਂ। ਉਨ੍ਹਾਂ ਨੇ ਟੂਰਨਾਮੈਂਟ ''ਚ ਆਪਣੀ ਟੀਮ ਲਈ ਹੁਣ ਤੱਕ ਸਭ ਤੋਂ ਵੱਧ ਛੱਕੇ ਲਗਾਏ ਹਨ।
ਰੋਹਿਤ ਸ਼ਰਮਾ ਅਤੇ ਵਾਸ਼ਿੰਗਟਨ ਸੁੰਦਰ
3. ਪਲੇਇੰਗ ਇਲੈਵਨ ਪਿੱਚ ਅਤੇ ਮੌਸਮ ਦੇ ਮੁਤਾਬਕ ਹੋਣਾ ਚਾਹੀਦਾ ਹੈ
ਟਾਪ ਆਰਡਰ ਨਾਲ ਛੇੜਛਾੜ ਕਰਨ ਦੀ ਕੋਈ ਲੋੜ ਨਹੀਂ ਹੈ। ਹਾਂ, ਗੇਂਦਬਾਜ਼ੀ ਵਿੱਚ ਬਦਲਾਅ ਦੀ ਲੋੜ ਹੋਵੇਗੀ ਕਿਉਂਕਿ ਅਕਸਰ ਪਟੇਲ ਬੰਗਲਾਦੇਸ਼ ਖ਼ਿਲਾਫ਼ ਪਿਛਲੇ ਮੈਚ ਵਿੱਚ ਇੱਕ ਸਾਹਸੀ ਪਾਰੀ ਦੌਰਾਨ ਜ਼ਖ਼ਮੀ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਹੁਣ ਸਵਾਲ ਇਹ ਹੈ ਕਿ ਭਾਰਤ ਦਾ ਨੰਬਰ ਅੱਠ ਖਿਡਾਰੀ ਕੌਣ ਹੋਵੇਗਾ, ਸ਼ਾਰਦੁਲ ਠਾਕੁਰ ਜਾਂ ਵਾਸ਼ਿੰਗਟਨ ਸੁੰਦਰ? ਭਾਰਤ ਨੇ ਫਾਈਨਲ ਮੈਚ ਦੇ ਦਿਨ ਇੱਕ ਅਹਿਮ ਫੈਸਲਾ ਲੈਣਾ ਹੈ।
4. ਲੋਅਰ ਆਰਡਰ ਦਾ ਯੋਗਦਾਨ ਅਹਿਮ
ਆਲਰਾਊਂਡਰ ਰਵਿੰਦਰ ਜਡੇਜਾ ਦਾ ਬੱਲਾ ਕੁਝ ਖਾਸ ਨਹੀਂ ਚੱਲ ਰਿਹਾ। ਉਨ੍ਹਾਂ ਨੂੰ ਸਪਿਨ ਗੇਂਦਬਾਜ਼ਾਂ ਦੇ ਸਾਹਮਣੇ ਸੰਘਰਸ਼ ਕਰਦੇ ਦੇਖਿਆ ਗਿਆ ਹੈ। ਉਨ੍ਹਾਂ ਨੇ ਵਿਕਟਾਂ ਵੀ ਸਿਰਫ਼ ਛੇ ਹੀ ਲਈਆਂ ਹਨ।
ਇਸ ਤੋਂ ਇਲਾਵਾ, 2021 ਤੋਂ ਲੈ ਕੇ, ਇਸ ਆਲਰਾਊਂਡਰ ਨੇ ਇਸ ਏਸ਼ੀਆ ਕੱਪ ਤੱਕ ਮਹਿਜ਼ ਨੌਂ ਵਨਡੇ ਮੈਚ ਖੇਡੇ ਹਨ।
5. ਕੁਲਦੀਪ ਯਾਦਵ ਹੋਣਗੇ ਐਕਸ ਫੈਕਟਰ
ਕੁਲਦੀਪ ਯਾਦਵ
ਰਿਸਟ (ਗੁੱਟ) ਸਪਿਨਰ ਕੁਲਦੀਪ ਯਾਦਵ ਆਪਣੇ ਕਰੀਅਰ ਦੇ ਸਰਵੋਤਮ ਦੌਰ ''ਚ ਹਨ। ਉਨ੍ਹਾਂ ਨੇ ਏਸ਼ੀਆ ਕੱਪ ''ਚ 4 ਮੈਚਾਂ ''ਚ 9 ਵਿਕਟਾਂ ਲਈਆਂ ਹਨ। ਉਨ੍ਹਾਂ, ਪਾਕਿਸਤਾਨ ਖਿਲਾਫ 25 ਦੌੜਾਂ ''ਤੇ 5 ਵਿਕਟਾਂ ਅਤੇ ਸ਼੍ਰੀਲੰਕਾ ਖਿਲਾਫ 43 ਦੌੜਾਂ ''ਤੇ 4 ਵਿਕਟਾਂ ਲਈਆਂ।
ਸ਼੍ਰੀਲੰਕਾ ਖਿਲਾਫ 10 ਮੈਚਾਂ ''ਚ 18 ਵਿਕਟਾਂ ਲੈਣ ਤੋਂ ਬਾਅਦ ਉਨ੍ਹਾਂ ਦੀ ਔਸਤ ਸਿਰਫ 21.3 ਹੈ। ਜ਼ਾਹਿਰ ਹੈ ਕਿ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਉਨ੍ਹਾਂ ''ਤੇ ਕਾਬੂ ਪਾਉਣ ਦਾ ਰਸਤਾ ਲੱਭਣਾ ਪਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਸਰਹਿੰਦ ਰੋਜ਼ਾ ਸਰੀਫ਼ ਦਾ ਉਰਸ: ਜਿੱਥੇ ਪਾਕਿਸਤਾਨ ਸਣੇ ਵਿਦੇਸ਼ੀ ਮੁਸਲਮਾਨਾਂ ਦੀ ਮੇਜ਼ਬਾਨੀ ਲਈ ਸਿੱਖ ਵੀ...
NEXT STORY