ਭਾਰਤ 22 ਸਤੰਬਰ ਦੀ ਸਵੇਰ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਧਰਤੀ ਦੀ ਸਵੇਰ ਦਾ ਨਹੀਂ, ਬਲਕਿ ਚੰਨ ਦੀ ਸਵੇਰ ਦਾ।
ਇਸੇ ਦਿਨ ਹੀ ਇਸਰੋ (ਭਾਰਤੀ ਪੁਲਾੜ ਏਜੰਸੀ) ਚੰਨ ਉੱਤੇ ਸੁੱਤੇ ਪਏ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੂੰ ਜਗਾਵੇਗਾ।
ਲੈਂਡਰ ਅਤੇ ਰੋਵਰ ਦੀ ਚੰਨ ਉੱਤੇ ਜ਼ਿੰਦਗੀ ਸਿਰਫ਼ 14 ਦਿਨਾਂ ਦੀ ਹੈ। ਚੰਨ ਉੱਤੇ ਇੱਕ ਪੂਰਾ ਦਿਨ (ਦਿਨ ਅਤੇ ਰਾਤ) ਧਰਤੀ ਦੇ ਪੂਰੇ 28 ਦਿਨਾਂ ਦੇ ਬਰਾਬਰ ਹੈ।
ਹੋਰ ਸ਼ਬਦਾਂ ਵਿੱਚ ਚੰਨ ਉੱਤੇ ਇੱਕ ਦਿਨ ਧਰਤੀ ਦੇ 14 ਦਿਨਾਂ ਬਰਾਬਰ ਹੈ ਅਤੇ ਇੱਕ ਰਾਤ 14 ਰਾਤਾਂ ਬਰਾਬਰ।
ਚੰਦਰਯਾਨ-3 ਜੋ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ, 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ 23 ਅਗਸਤ ਨੂੰ ਚੰਨ ਉੱਤੇ ਲੈਂਡ ਹੋਇਆ ਸੀ।
ਚੰਨ ਉੱਤੇ ਰੋਵਰ ਦੇ ਨਿਸ਼ਾਨ
ਚੰਨ ਉੱਤੇ ਦਿਨ 23 ਅਗਸਤ ਨੂੰ ਸ਼ੁਰੂ ਹੋਇਆ ਸੀ, ਇਸੇ ਲਈ ਇਸਰੋ ਨੇ ਲੈਂਡਰ ਉਸੇ ਦਿਨ ਚੰਨ ਉੱਤੇ ਉਤਾਰਿਆ।
4 ਸਤੰਬਰ ਨੂੰ ਇਸਰੋ ਨੇ ਚੰਨ ਉੱਤੇ ਦਿਨ ਪੂਰਾ ਹੋਣ ਤੋਂ ਪਹਿਲਾਂ ਹੀ ਲੈਂਡਰ ਅਤੇ ਰੋਵਰ ਨੂੰ ਨੀਂਦ ਵਿੱਚ ਭੇਜ ਦਿੱਤਾ ਸੀ।
ਲੈਂਡਰ ਅਤੇ ਰੋਵਰ ਨੂੰ ਕੰਮ ਕਰਨ ਲਈ ਬਿਜਲੀ ਦੀ ਲੋੜ ਹੁੰਦੀ ਹੈ।
ਜੇਕਰ ਸੂਰਜ ਦੀ ਧੁੱਪ ਹੋਵੇਗੀ ਤਾਂ ਹੀ ਉਨ੍ਹਾਂ ਨੂੰ ਸੋਲਰ ਪੈਨਲਾਂ ਰਾਹੀਂ ਬਿਜਲੀ ਮਿਲੇਗੀ।
ਜਿਵੇਂ ਰਾਤ ਸ਼ੁਰੂ ਹੋ ਗਈ ਹੈ, ਉਨ੍ਹਾਂ ਨੂੰ ਬਿਜਲੀ ਨਹੀਂ ਮਿਲ ਰਹੀ।
ਰਾਤ ਵੇਲੇ ਚੰਨ ਉੱਤੇ ਤਾਪਮਾਨ ਬਹੁਤ ਥੱਲੇ ਡਿੱਗ ਜਾਂਦਾ ਹੈ।
ਅਮਰੀਕੀ ਪੁਲਾੜ ਏਜੰਸੀ, ਨਾਸਾ ਮੁਤਾਬਕ ਤਾਪਮਾਨ -130 ਡਿਗਰੀ ਥੱਲੇ ਤੱਕ ਜਾਂਦਾ ਹੈ ਅਤੇ ਕੁਝ ਇਲਾਕਿਆਂ ਵਿੱਚ -253 ਡਿਗਰੀ ਤੱਕ ਜਾਂਦਾ ਹੈ।
ਰੋਵਰ ਅਤੇ ਲੈਂਡਰ ਦੋਵੇਂ ਇੰਨੇ ਘੱਟ ਤਾਪਮਾਨ ਵਿੱਚ ਜੰਮ ਜਾਣਗੇ।
ਜਦੋਂ ਤੱਕ ਸੂਰਜ ਦੀਆਂ ਕਿਰਨਾਂ ਦੁਬਾਰਾ ਚੰਨ ਤੱਕ ਨਹੀਂ ਪਹੁੰਚਦੀਆਂ ਉਹ ਇਸ ਸਥਿਤੀ ਵਿੱਚ ਹੀ ਰਹਿਣਗੇ ।
22 ਸਤੰਬਰ ਤੱਕ ਧੁੱਪ ਉੱਥੇ ਪਹੁੰਚ ਜਾਵੇਗੀ, ਇਸੇ ਦਿਨ ਇਸਰੋ ਲੈਂਡਰ ਅਤੇ ਰੋਵਰ ਨੂੰ ਜਗਾਉਣ ਦਾ ਕੰਮ ਕਰੇਗਾ।
ਹਾਲਾਂਕਿ, ਇਹ ਕੰਮ ਸੌਖਾ ਨਹੀਂ ਹੋਵੇਗਾ।
ਇਸਰੋ ਦੇ ਮੁਖੀ ਸੋਮਨਾਥ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ, “ਰਾਤ ਵੇਲੇ ਚੰਨ ਉੱਤੇ ਤਾਪਮਾਨ - 200 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਇੰਨੇ ਸਖ਼ਤ ਵਾਤਾਵਰਣ ਵਿੱਚ ਬੈਟਰੀਆਂ, ਬਿਜਲੀ ਨਾਲ ਚੱਲਣ ਵਾਲੇ ਯੰਤਰਾਂ ਨੂੰ ਹਾਨੀ ਪਹੁੰਚ ਸਕਦੀ ਹੈ।"
"ਪਰ ਅਸੀਂ ਕੁਝ ਪ੍ਰੀਖਣ ਕੀਤੇ ਹਨ। ਇਸ ਲਈ ਸਾਨੂੰ ਇਹ ਉਮੀਦ ਹੈ ਕਿ ਵਿਕਰਮ ਅਤੇ ਪ੍ਰਗਿਆਨ ਇਸ ਸਖ਼ਤ ਤਾਪਮਾਨ ਨੂੰ ਸਹਿਣ ਕਰ ਸਕਦੇ ਹਨ ਅਤੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦੇਣਗੇ।”
ਚੰਦਰਯਾਨ-3 ਦੇ ਕੀ ਮੰਤਵ ਹਨ ?
- ਚੰਦਰਮਾ ਦੇ ਦੱਖਣੀ ਧੁਰੇ ''ਤੇ ਲੈਂਡਰ ਦੀ ਸੌਫਟ ਲੈਂਡਿੰਗ
- ਚੰਦਰਮਾ ਦੀ ਸਤ੍ਹਾ ''ਤੇ ਕੀ ਜਾਣ ਵਾਲੀ ਰੇਜੋਲਿਥ ''ਤੇ ਲੈਂਡਰ ਨੂੰ ਉਤਾਰਨਾ ਅਤੇ ਘੁੰਮਣਾ
- ਲੈਂਡਰ ਤੇ ਰੋਵਰ ਨਾਲ ਚੰਦਰਮਾ ਦੀ ਸਤ੍ਹਾ ''ਤੇ ਖੋਜ ਕਰਨਾ
ਜੇਕਰ ਪ੍ਰਗਿਆਨ ਅਤੇ ਵਿਕਰਮ ਦੁਬਾਰਾ ਨਾ ਚੱਲੇ?
ਇਸਰੋ ਵੱਲੋਂ ਨੀਂਦ ਵਿੱਚ ਭੇਜੇ ਗਏ ਰੋਵਰ ਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਰੋ ਦਾ ਕਹਿਣਾ ਹੈ ਕਿ ਇਸਦੀ ਬੈਟਰੀ ਪੂਰੀ ਭਰੀ ਹੋਈ ਹੈ। ਲੈਂਡਰ ਅਤੇ ਰੋਵਰ ਦੋਵਾਂ ਦੇ ਰਿਸੀਵਰ ਚੱਲ ਰਹੇ ਹਨ।
ਇਸਰੋ ਨੇ ਕਿਹਾ ਕਿ ਜੇਕਰ ਲੈਂਡਰ ਅਤੇ ਰੋਵਰ ਇਸਰੋ ਦੀ ਯੋਜਨਾ ਮੁਤਾਬਕ ਦੁਬਾਰਾ ਚੱਲ ਪੈਣ ਤਾਂ ਉਹ ਪਹਿਲਾਂ ਵਾਂਗ ਹੀ ਚੰਨ ਤੋਂ ਜਾਣਕਾਰੀ ਧਰਤੀ ਉੱਤੇ ਭੇਜ ਸਕਣਗੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਹਮੇਸ਼ਾ ਲਈ ‘ਭਾਰਤ ਦੇ ਰਾਜਦੂਤ’ ਵਜੋਂ ਉੱਥੇ ਰਹਿਣਗੇ।
ਕੀ ਹੋਵੇਗਾ ਜੇ ਲੈਂਡਰ ਅਤੇ ਰੋਵਰ ਦੁਬਾਰਾ ਨਾ ਚੱਲਣ? ਇਨ੍ਹਾਂ ਦੇ ਦੁਬਾਰਾ ਚੱਲਣ ਦੀ ਕੀ ਸੰਭਾਵਨਾ ਹੈ?
ਕੀ ਚੰਨ ਉੱਤੇ ਜਾਣ ਵਾਲੇ ਹੋਰਾਂ ਦੇਸ਼ਾਂ ਦੇ ਰੋਵਰ ‘ਪ੍ਰਗਿਆਨ’ ਕੋਲੋਂ ਕੋਈ ਗੁਪਤ ਜਾਣਕਾਰੀ ਲੈ ਸਕਣਗੇ ? ਅਜਿਹੇ ਬਹੁਤ ਸਵਾਲ ਹਨ।
ਇਨ੍ਹਾਂ ਦੇ ਜਵਾਬ ਜਾਣਨ ਲਈ ਬੀਬੀਸੀ ਨੇ ਪ੍ਰੋਫ਼ੈਸਰ ਪੀ ਸ੍ਰੀਨਿਵਾਸ ਨਾਲ ਗੱਲ ਕੀਤੀ। ਉਹ ਵਿਸ਼ਾਖਾਪਟਨਮ ਦੀ ਆਂਧਰਾ ਯੂਨੀਵਰਸਿਟੀ ਵਿੱਚ ਸਪੇਸ ਫ਼ਿਜ਼ਿਕਸ ਪੜ੍ਹਾਉਂਦੇ ਹਨ ।
ਪੀ ਸ੍ਰੀਨਿਵਾਸ ਆਂਧਰਾ ਯੂਨੀਵਰਸਿਟੀ ਦੇ ਵੱਲੋਂ ਪਿਛਲੇ ਛੇ ਸਾਲਾਂ ਤੋਂ ਇਸਰੋ ਦੇ “ਜੀਓਸਫੇਅਰ-ਬਾਇਓਸਫੇਅਰ’ ਨਾਂ ਦੇ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਹਨ। ਉਹ ਚੰਦਰਯਾਨ-3 ਦੇ ਨਾਲ ਸਬੰਧਤ ਵੱਖ-ਵੱਖ ਪੱਖਾਂ ਬਾਰੇ ਫ਼ਿਜ਼ਿਕਸ ਮਾਹਰਾਂ ਦੇ ਨਾਲ ਕੰਮ ਕਰ ਰਹੇ ਹਨ।
ਕੀ ਰੋਵਰ ਨੂੰ ਚੰਨ ਦੀ ਰੌਸ਼ਨੀ ਤੋਂ ਊਰਜਾ ਨਹੀਂ ਮਿਲੇਗੀ?
ਚੰਨ ਉੱਤੇ ਰਾਤ ਨੂੰ ਊਰਜਾ ਪੈਦਾ ਕਰਨੀ ਸੰਭਵ ਨਹੀਂ ਹੈ। ਰਾਤ ਨੂੰ ਚੰਨ ਉੱਤੇ ਹਨੇਰਾ ਹੁੰਦਾ ਹੈ। ਧਰਤੀ ਉੱਤੇ ਰਾਤ ਨੂੰ ਚੰਨ ਤੋਂ ਰੌਸ਼ਨੀ ਆਉਂਦੀ ਹੈ ਪਰ ਚੰਨ ਉੱਤੇ ਰੌਸ਼ਨੀ ਦਾ ਕੋਈ ਸਰੋਤ ਨਹੀ ਹੈ। ਇਸੇ ਲਈ ਰੋਵਰ ਦੀ ਬੈਟਰੀ ਨੂੰ ਰਾਤ ਨੂੰ ਚਾਰਜ ਕਰਨਾ ਸੰਭਵ ਨਹੀਂ ਹੈ।
ਕੀ ਲੈਂਡਰ ਅਤੇ ਰੋਵਰ ਨੂੰ ਧਰਤੀ ਉੱਤੇ ਵਾਪਸ ਲਿਆਂਦਾ ਜਾ ਸਕਦਾ ਹੈ?
ਪੁਲਾੜ ਦਾ ਅਧਿਐਨ ਕਰਨ ਵਾਲਾ ਕੋਈ ਵੀ ਦੇਸ਼ ਚੰਨ ਉੱਤੇ ਰੋਵਰ ਸਿਰਫ਼ ਜਾਣਕਾਰੀ ਇਕੱਠੀ ਕਰਨ ਲਈ ਭੇਜਦਾ ਹੈ।
ਇਹ ਮੁਲਕ ਕਿਸੇ ਵੀ ਰੋਵਰ ਨੂੰ ਵਾਪਸ ਨਹੀਂ ਲਿਆਉਣਾ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਨੂੰ ਦੁਬਾਰਾ ਵਰਤਣਾ ਚਾਹੁੰਦੇ ਹਨ ਕਿਉਂਕਿ ਕੋਈ ਹੋਰ ਨਵਾਂ ਮਿਸ਼ਨ ਸ਼ੁਰੂ ਕਰਨਾ ਰੋਵਰ ਨੂੰ ਚੰਨ ਤੋਂ ਵਾਪਸ ਲਿਆਉਣ ਤੋਂ ਸੌਖਾ ਹੈ।
ਕੀ ਹੋਵੇਗਾ ਜੇਕਰ ਲੈਂਡਰ ਅਤੇ ਰੋਵਰ ਦੁਬਾਰਾ ਨਾ ਚੱਲੇ?
ਜੇਕਰ 22 ਸਤੰਬਰ ਨੂੰ ਰੋਵਰ ਅਤੇ ਲੈਂਡਰ ਧੁੱਪ ਪੈਣ ਤੋਂ ਬਾਅਦ ਕੰਮ ਨਹੀਂ ਕਰਦੇ ਤਾਂ ਉਹ ਕਦੇ ਵੀ ਨਹੀਂ ਚੱਲਣਗੇ।
ਕਿਉਂਕਿ ਉਹ ਇਸ ਤਰੀਕੇ ਨਾਲ ਬਣਾਏ ਗਏ ਹਨ ਕਿ ਉਨ੍ਹਾਂ ਦੀ ਜ਼ਿੰਦਗੀ 14 ਦਿਨ ਹੀ ਹੈ।
ਜੇਕਰ ਉਹ ਚੱਲਣ ਤਾਂ ਇਹ ਇੱਕ ਤਰੀਕੇ ਦਾ ਬੋਨਸ ਹੋਵੇਗਾ। ਜੇਕਰ ਲੈਂਡਰ ਅਤੇ ਰੋਵਰ ਨਾ ਚੱਲਣ ਤਾਂ ਉਹ ਕਿਸੇ ਕੰਮ ਦੇ ਨਹੀਂ ਹੋਣਗੇ ਅਤੇ ਚੰਨ ਦੇ ਤਲ ਉੱਤੇ ਕੂੜੇ ਵਾਂਗ ਪਏ ਰਹਿਣਗੇ।
ਕੀ ਉਹ ਭਵਿੱਖ ਵਿੱਚ ਮੁੜ ਚਲਾਏ ਜਾ ਸਕਣਗੇ?
ਉਨ੍ਹਾਂ ਨੂੰ ਦੁਬਾਰਾ ਨਹੀਂ ਚਲਾਇਆ ਜਾ ਸਕਦਾ। ਅਜਿਹੀ ਤਕਨੀਕ ਹਾਲੇ ਵਿਕਸਿਤ ਨਹੀਂ ਹੋ ਸਕੀ ਹੈ।
ਹਾਲਾਂਕਿ ਭਵਿੱਖ ਵਿੱਚ ਕਿਸੇ ਹੋਰ ਰੋਵਰ ਨੂੰ ਪੁਰਾਣੇ ਰੋਵਰ ਨੂੰ ਮੁੜ ਚਲਾਉਣ ਲਈ ਭੇਜਣ ਦੀ ਤਕਨੀਕ ਵਿਕਸਿਤ ਕਰਨ ਬਾਰੇ ਗੱਲ ਚੱਲ ਰਹੀ ਹੈ। ਪਰ ਅਜਿਹਾ ਹੋਣ ਵਿੱਚ ਹਾਲੇ ਬਹੁਤ ਸਮਾਂ ਲੱਗੇਗਾ।
ਕੀ ਪ੍ਰਗਿਆਨ ਰੋਵਰ ਕੋਈ ਜਾਣਕਾਰੀ ਭੇਜੇਗਾ?
ਜਿਹੜੇ ਰੋਵਰ ਅਤੇ ਲੈਂਡਰ ਚੰਨ ਦੇ ਤਲ ਉੱਤੇ ਕੰਮ ਨਹੀਂ ਕਰਦੇ ਉਹ ਮਲਬਾ ਬਣ ਜਾਂਦੇ ਹਨ। ਅਸੀਂ ਉਨ੍ਹਾਂ ਤੋਂ ਕੋਈ ਜਾਣਕਾਰੀ ਨਹੀਂ ਲੈ ਸਕਦੇ।
ਕੀ ਚੰਨ ਉੱਤੇ ਜਾਣ ਵਾਲੇ ਵਿਦੇਸ਼ੀ ਰੋਵਰ ਪ੍ਰਗਿਆਨ ਕੋਲੋਂ ਜ਼ਰੂਰੀ ਸੂਚਨਾ ਲੈ ਸਕਣਗੇ ?
ਚੰਨ ਉੱਤੇ ਜਾਣ ਵਾਲੇ ਹੋਰ ਵਿਦੇਸ਼ੀ ਰੋਵਰਾਂ ਵੱਲੋਂ ਪ੍ਰਗਿਆਨ ਰੋਵਰ ਕੋਲੋਂ ਗੁਪਤ ਜਾਣਕਾਰੀ ਇਕੱਠੀ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਕਿਉਂਕਿ ਜਦੋਂ ਕੋਈ ਦੇਸ ਰੋਵਰ ਜਾਂ ਹੋਰ ਯਾਨ ਪੁਲਾੜ ਵਿੱਚ ਛੱਡਦਾ ਹੈ ਤਾਂ ਇਸ ਦੀ ਜਾਣਕਾਰੀ ਹੋਰ ਦੇਸ਼ਾਂ ਨਾਲ ਸਾਂਝੀ ਕੀਤੀ ਜਾਂਦੀ ਹੈ।
ਪ੍ਰਗਿਆਨ ਕੋਲੋਂ ਅਜਿਹੀ ਕੋਈ ਨਵੀਂ ਜਾਣਕਾਰੀ ਇਕੱਠੀ ਨਹੀਂ ਕੀਤੀ ਜਾ ਸਕੇਗੀ। ਰੋਵਰ ਜਿਹੜੀ ਜਾਣਕਾਰੀ ਇਕੱਠੀ ਕਰਕੇ ਸਾਨੂੰ ਭੇਜਦੇ ਹਨ ਉਹ ਬਹੁਤ ਮਹੱਤਵਪੂਰਨ ਹੁੰਦੀ ਹੈ। ਪਰ ਇਹ ਜਾਣਕਾਰੀ ਰੋਵਰ ਅਤੇ ਲੈਂਡਰ ਵਿੱਚ ਜਮ੍ਹਾ ਕਰਕ ਨਹੀਂ ਰੱਖੀ ਜਾਂਦੀ। ਇਸ ਲਈ ਰੋਵਰ ਅਤੇ ਲੈਂਡਰ ਵਿੱਚ ਕੋਈ ਗੁਪਤ ਜਾਣਕਾਰੀ ਨਹੀਂ ਹੋਵੇਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਸੁੱਖਾ ਦੁੱਨੇਕੇ ਕੌਣ ਹੈ ਤੇ ‘ਕੈਨੇਡਾ ’ਚ ਉਸ ਦੇ ਕਤਲ’ ਹੋਣ ਦੀਆਂ ਖ਼ਬਰਾਂ ਬਾਰੇ ਪੁਲਿਸ ਕੀ ਕਹਿੰਦੀ ਹੈ
NEXT STORY