ਕੀ ਭੋਜਨ ਤੁਹਾਡੇ ਮੂਡ ਨੂੰ ਪ੍ਰਭਾਵਿਤ ਕਰਦਾ ਹੈ? ਕੀ ਭੋਜਨ ਤੁਹਾਡੇ ਸੋਚਣ ਦੇ ਤਰੀਕੇ ਨੂੰ ਬਦਲ ਸਕਦਾ ਹੈ? ਸਾਡੀ ਖੁਰਾਕ ਅਤੇ ਸਾਡੀ ਮਾਨਸਿਕ ਸਿਹਤ ਵਿਚਕਾਰ ਸਬੰਧ ਨੂੰ ਸਮਝਣਾ ਥੋੜਾ ਮੁਸ਼ਕਲ ਹੈ।
ਇਸ ਵਿਸ਼ੇ ''ਤੇ ਹੁਣ ਤੱਕ ਕੀਤੀ ਗਈ ਖੋਜ ਦੱਸਦੀ ਹੈ ਕਿ ਅਸੀਂ ਕੀ ਖਾਂਦੇ ਹਾਂ ਅਤੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਇਸ ਦਾ ਡੂੰਘਾ ਸਬੰਧ ਹੁੰਦਾ ਹੈ।
ਭੋਜਨ ਤੁਹਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਅੱਜਕੱਲ੍ਹ ਸੈਲੀਬ੍ਰਿਟੀਜ਼ ਵੀ ਆਪਣੇ ਡਾਈਟ ਪਲਾਨ ਲੈ ਕੇ ਆਉਂਦੇ ਹਨ। ਇੱਕ ਅੰਦਾਜ਼ੇ ਅਨੁਸਾਰ, ਡਾਇਟ ਫੂਡ ਦੀ ਲਗਾਤਾਰ ਵਧ ਰਹੀ ਮਾਰਕੀਟ ਲਗਭਗ ਦਾ ਇੱਕ ਉਦਯੋਗ ਬਣ ਗਈ ਹੈ।
ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਦੋ ਹਜ਼ਾਰ ਲੋਕਾਂ ''ਤੇ ਕੀਤੇ ਗਏ ''ਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਥੋੜ੍ਹਾ ਜਿਹਾ ਵੀ ਭਾਰ ਵੀ ਘੱਟ ਕੀਤਾ, ਉਨ੍ਹਾਂ ''ਚੋਂ 80 ਫੀਸਦੀ ਲੋਕਾਂ ''ਚ ਡਿਪਰੈਸ਼ਨ ਦੇ ਲੱਛਣ ਸਨ।
ਪਰ ਅਜਿਹਾ ਕਿਉਂ ਹੋਇਆ? ਕੀ ਇਸ ਦਾ ਕਾਰਨ ਖੁਰਾਕ ਦੌਰਾਨ ਲਿਆ ਗਿਆ ਭੋਜਨ ਹੈ?
ਭੁੱਖ ਦਾ ਸਾਡੇ ਦਿਮਾਗ਼ ''ਤੇ ਅਸਰ
ਭੁੱਖਾ ਰਹਿਣਾ ਸਾਡੇ ਦਿਮਾਗ਼ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਈ ਵਾਰ ਭੁੱਖ ਗੁੱਸੇ ਦਾ ਕਾਰਨ ਵੀ ਬਣ ਜਾਂਦੀ ਹੈ।
ਯਾਨਿ ਤੁਹਾਨੂੰ ਭੁੱਖ ਵੀ ਲੱਗ ਰਹੀ ਹੁੰਦੀ ਹੈ, ਜਿਸ ਕਰਕੇ ਤੁਹਾਨੂੰ ਗੁੱਸਾ ਆਉਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਹੈਂਗਰੀ’ ਕਿਹਾ ਜਾਂਦਾ ਹੈ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਢੁਕਵੇਂ ਪੌਸ਼ਟਿਕ ਤੱਤਾਂ ਅਤੇ ਕੈਲੋਰੀਜ਼ ਤੋਂ ਬਿਨਾਂ ਸਾਡੇ ਦਿਮਾਗ਼ ਨੂੰ ਸਹੀ ਢੰਗ ਨਾਲ ਵਿਕਾਸ ਅਤੇ ਕੰਮ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ।
ਪਰ ਕੀ ਰੋਜ਼ਾਨਾ ਜ਼ਿੰਦਗੀ ਵਿਚ ਕੁਝ ਸਮੇਂ ਲਈ ਭੁੱਖਾ ਰਹਿਣਾ ,ਸਾਡੇ , ਸਾਡੇ ਮੂਡ ਨੂੰ ਪ੍ਰਭਾਵਿਤ ਕਰ ਸਕਦਾ ਹੈ?
ਕਾਰਪੋਰੇਟ ਨੌਕਰੀ ਕਰਨ ਵਾਲੇ ਅਤੇ ਮਾਰਕੀਟਿੰਗ ਪੇਸ਼ੇਵਰ ਰਵੀਕਾਂਤ ਕਹਿੰਦੇ ਹਨ, "ਜੇਕਰ ਮੈਨੂੰ ਬਹੁਤ ਭੁੱਖ ਲੱਗੀ ਹੋਵੇ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ, ਮੈਂ ਚਿੜਚਿੜਾ ਹੋ ਜਾਂਦਾ ਹਾਂ।"
"ਮੈਂ ਕਦੇ ਵੀ ਵਰਤ ਨਹੀਂ ਰੱਖ ਸਕਦਾ ਕਿਉਂਕਿ ਮੈਨੂੰ ਬਹੁਤ ਭੁੱਖ ਲੱਗਦੀ ਹੈ ਅਤੇ ਮੇਰਾ ਮੂਡ ਖ਼ਰਾਬ ਹੋ ਜਾਂਦਾ ਹੈ। ਜੇਕਰ ਮੈਂ ਆਪਣੀ ਇੱਕ ਵੀ ਮੀਲ ਭੁੱਲ ਜਾਵਾਂ ਤਾਂ ਮੈਂ ਆਪਣੇ ਆਸ-ਪਾਸ ਹਰ ਕਿਸੇ ''ਤੇ ਗੁੱਸਾ ਹੋਣ ਲੱਗਦਾ ਹਾਂ।"
"ਜਦੋਂ ਮੈਂ 10ਵੀਂ-12ਵੀਂ ਜਮਾਤ ''ਚ ਸੀ ਤਾਂ ਮੈਨੂੰ ਅਹਿਸਾਸ ਹੋਣ ਲੱਗਾ ਕਿ ਜੇਕਰ ਮੇਰਾ ਪੇਟ ਨਹੀਂ ਭਰਿਆ ਹੈ ਤਾਂ ਮੈਨੂੰ ਗੁੱਸਾ ਆਉਂਦਾ ਹੈ।"
ਖਾਣੇ ਦਾ ਭਾਵਾਨਾਂ ''ਤੇ ਅਸਰ
ਸਾਡੀਆਂ ਭਾਵਨਾਵਾਂ ਸਾਡੀ ਸੋਚ ਉੱਤੇ ਹਾਵੀ ਰਹਿੰਦੀਆਂ ਹਨ। ਖ਼ਾਸਕਰ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਦੇ ਅਤੇ ਸਵੀਕਾਰ ਨਹੀਂ ਕਰਦੇ। ਜੇ ਅਸੀਂ ਜਾਣਦੇ ਹਾਂ ਕਿ ਸਾਡੀਆਂ ਭਾਵਨਾਵਾਂ ਕਿਉਂ ਅਤੇ ਕਿਸ ਕਾਰਨ ਆ ਰਹੀਆਂ ਹਨ, ਤਾਂ ਅਸੀਂ ਉਨ੍ਹਾਂ ਨੂੰ ਕਾਬੂ ਕਰ ਸਕਦੇ ਹਾਂ।
ਮਨੋਵਿਗਿਆਨੀ ਅਤੇ ਸੀਨੀਅਰ ਸਲਾਹਕਾਰ ਨਿਸ਼ਾ ਖੰਨਾ ਦਾ ਕਹਿਣਾ ਹੈ, "ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਹਨ, ਭੁੱਖ/ਪਿਆਸ, ਨੀਂਦ ਅਤੇ ਸਰੀਰਕ ਲੋੜਾਂ। ਜੇਕਰ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਇੱਕ ਵੀ ਪੂਰੀ ਨਹੀਂ ਹੁੰਦੀ ਹੈ ਤਾਂ ਇਹ ਸਾਡੀ ਮਾਨਸਿਕ ਸਿਹਤ ''ਤੇ ਅਸਰ ਪਾ ਸਕਦਾ ਹੈ।"
"ਅਸੀਂ ਕਿੰਨੇ ਘੰਟੇ ਭੁੱਖੇ ਰਹਿੰਦੇ ਹਾਂ, ਇਸ ਦਾ ਸਿੱਧਾ ਸਾਡੇ ਦਿਮਾਗ ''ਤੇ ਅਸਰ ਪੈਂਦਾ ਹੈ। ਖੋਜ ਕਹਿੰਦੀ ਹੈ ਕਿ ਨਾਸ਼ਤਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਸਵੇਰੇ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ। ਭੋਜਨ ਸਾਡੀ ਫ਼ੈਸਲਾ ਲੈਣ ਦੀ ਸ਼ਕਤੀ, ਯਾਦਦਾਸ਼ਤ, ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।"
ਭੋਜਨ ਸਾਡੇ ਮੂਡ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਸਾਲ 2022 ਵਿੱਚ ਕੀਤੇ ਗਏ ਇੱਕ ਤੋਂ ਪਤਾ ਚੱਲਦਾ ਹੈ ਕਿ ਇੱਕ ਖ਼ਰਾਬ ਮੂਡ ਅਕਸਰ ਸਾਨੂੰ ਨਿਰਾਸ਼ਾਵਾਦੀ ਬਣਾਉਂਦਾ ਹੈ, ਜੋ ਸਾਡੀ ਸੋਚ ਨੂੰ ਹੋਰ ਨਕਾਰਾਤਮਕ ਬਣਾ ਸਕਦਾ ਹੈ।
ਜੇਕਰ ਤੁਸੀਂ ਇਸ ਗੱਲ ਤੋਂ ਜਾਣੂ ਨਹੀਂ ਹੋ ਕਿ ਤੁਹਾਡਾ ਮੂਡ ਕਿੰਨਾ ਖ਼ਰਾਬ ਹੈ, ਤਾਂ ਤੁਹਾਡੇ ਗ਼ਲਤ ਫ਼ੈਸਲੇ ਲੈਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ।
ਪਰ ਇਸ ਦਾ ਉਸ ਨਾਲ ਕੀ ਸਬੰਧ ਹੈ ਕਿ ਤੁਸੀਂ ਹਾਲ ਹੀ ਵਿੱਚ ਕੀ ਖਾਧਾ ਹੈ?
ਜੀਵ ਰਸਾਇਣ
ਮੁੰਬਈ ਦੀ ਰਹਿਣ ਵਾਲੀ 35 ਸਾਲਾ ਸ਼ਿਲਪਾ ਇੱਕ ਸੁਆਣੀ ਹੈ। ਉਹ ਪ੍ਰੀ-ਡਾਇਬੀਟਿਕ ਹੈ, ਪਰ ਉਹ ਮਾਹਵਾਰੀ ਦੇ ਦਰਦ ਨੂੰ ਘਟਾਉਣ ਅਤੇ ਆਪਣਾ ਮੂਡ ਬਣਾਈ ਰੱਖਣ ਲਈ ਆਈਸਕ੍ਰੀਮ ਅਤੇ ਡਾਰਕ ਚਾਕਲੇਟ ਖਾਂਦੀ ਹੈ।
ਸ਼ਿਲਪਾ ਕਹਿੰਦੀ ਹੈ, "ਜਿਸ ਪਲ ਮੈਂ ਆਈਸਕ੍ਰੀਮ ਜਾਂ ਡਾਰਕ ਚਾਕਲੇਟ ਖਾਂਦੀ ਹਾਂ, ਮੈਂ ਅਚਾਨਕ ਬਹੁਤ ਖੁਸ਼ ਹੋ ਜਾਂਦੀ ਹਾਂ। ਜਿਵੇਂ ਕਿ ਸਭ ਕੁਝ ਠੀਕ ਚੱਲ ਰਿਹਾ ਹੈ।"
"ਮਾਹਵਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਨੂੰ ਬਹੁਤ ਦਰਦ ਹੁੰਦਾ ਹੈ, ਪਰ ਇਹ ਦੋ ਚੀਜ਼ਾਂ ਮੈਨੂੰ ਦਰਦ ਭੁੱਲਣ ਵਿੱਚ ਮਦਦ ਕਰਦੀਆਂ ਹਨ। ਇਹ ਜਾਣਦੇ ਹੋਏ ਕਿ ਮੈਂ ਪ੍ਰੀ-ਡਾਇਬੀਟਿਕ ਹਾਂ, ਮੈਂ ਆਈਸਕ੍ਰੀਮ ਅਤੇ ਚਾਕਲੇਟ ਨਹੀਂ ਛੱਡ ਸਕਦੀ, ਹਾਂ ਮੈਂ ਇਨ੍ਹਾਂ ਨੂੰ ਖਾਣ ਤੋਂ ਬਾਅਦ ਸੈਰ ਕਰਨ ਜ਼ਰੂਰ ਜਾਂਦੀ ਹਾਂ।"
ਮਸ਼ਹੂਰ ਡਾਇਟੀਸ਼ੀਅਨ ਅਤੇ ਵਨ ਹੈਲਥ ਕੰਪਨੀ ਦੀ ਸੰਸਥਾਪਕ, ਡਾ. ਸ਼ਿਖਾ ਸ਼ਰਮਾ ਭੋਜਨ ਅਤੇ ਸਾਡੇ ਮੂਡ ਵਿਚਕਾਰ ਡੂੰਘੇ ਰਿਸ਼ਤੇ ਬਾਰੇ ਦੱਸਦੀ ਹੈ।
ਉਹ ਕਹਿੰਦੀ ਹੈ, "ਭੋਜਨ ਇੱਕ ਜੈਵਿਕ ਰਸਾਇਣ ਹੈ। ਭੋਜਨ ਸਾਡੇ ਹਾਰਮੋਨਾਂ ਨੂੰ ਟ੍ਰਿਗਰ ਕਰਦਾ ਹੈ। ਕਈ ਲੋਕਾਂ ਵਿੱਚ ਟ੍ਰਿਗਰ ਈਟਿੰਗ ਹੈਬਿਟਸ ਹੁੰਦੀਆਂ ਹਨ।"
"ਜੇਕਰ ਤੁਸੀਂ ਖੁਸ਼, ਗੁੱਸੇ, ਉਦਾਸ ਜਾਂ ਘਬਰਾਏ ਹੋਏ ਮਹਿਸੂਸ ਕਰਦੇ ਹੋ, ਤਾਂ ਇਸ ਟ੍ਰਿਗਰ ਕਾਰਨ ਤੁਸੀਂ ਵਾਰ-ਵਾਰ ਉਹ ਖਾਂਦੇ ਹੋ, ਜੋ ਤੁਹਾਨੂੰ ਪਸੰਦ ਹੈ, ਜਿਵੇਂ ਖੰਡ, ਚੀਜ਼, ਸ਼ਰਾਬ, ਮਸ਼ਰੂਮ, ਦੁੱਧ, ਇਹ ਵੱਖੋ-ਵੱਖਰੇ ਹਾਰਮੋਨ ਪੈਦਾ ਕਰਦੇ ਹਨ।"
ਸਾਲ 2022 ਵਿੱਚ, ਮਨੋਵਿਗਿਆਨੀ ਨਿਏਂਕੇ ਜੋਂਕਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਨੀਦਰਲੈਂਡ ਦੀ ਯੂਨੀਵਰਸਿਟੀ ਆਫ ਗ੍ਰੋਨਿੰਗੇਨ ਵਿੱਚ 129 ਔਰਤਾਂ ਉੱਤੇ ਇੱਕ ਕੀਤਾ।
ਇਨ੍ਹਾਂ ਵਿੱਚੋਂ ਅੱਧੀਆਂ ਔਰਤਾਂ ਨੂੰ 14 ਘੰਟੇ ਦਾ ਵਰਤ ਰੱਖਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਔਰਤਾਂ ਨੂੰ ਕਿੰਨੀ ਦੀ ਭੁੱਖ, ਮੂਡ ਅਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਸਵਾਲ ਪੁੱਛੇ ਗਏ।
ਉਨ੍ਹਾਂ ਨੇ ਪਾਇਆ ਕਿ ਜਿਨ੍ਹਾਂ ਔਰਤਾਂ ਨੇ ਖਾਣਾ ਨਹੀਂ ਖਾਧਾ, ਉਨ੍ਹਾਂ ਨੇ ਜ਼ਿਆਦਾ ਨਕਾਰਾਤਮਕ ਜਵਾਬ ਦਿੱਤੇ ਅਤੇ ਤਣਾਅ, ਗੁੱਸੇ, ਥੱਕਾਣ ਅਤੇ ਭਰਮ ਦੀ ਸਥਿਤੀ ਵੀ ਜ਼ਿਆਦਾ ਸੀ। ਉਨ੍ਹਾਂ ਵਿਚ ਵੀ ਜੋਸ਼ ਦੀ ਕਮੀ ਸੀ।
ਜੋਂਕਰ ਕਹਿੰਦੇ ਹਨ, "ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਭੁੱਖੀਆਂ ਔਰਤਾਂ ਨੇ ਔਸਤਨ, ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਆਪਣੇ ਅੰਦਰ ਦੁਗਣਾ ਗੁੱਸਾ ਮਹਿਸੂਸ ਕੀਤਾ, ਜਿਨ੍ਹਾਂ ਨੂੰ ਭੁੱਖ ਨਹੀਂ ਸੀ।"
ਜੰਕ ਫੂਡ ਅਤੇ ''ਸਟ੍ਰੈਸ ਈਟਿੰਗ''
ਡਾਇਟੀਸ਼ੀਅਨ ਡਾ. ਸ਼ਿਖਾ ਸ਼ਰਮਾ ਅਨੁਸਾਰ, "ਸਾਡੇ ਗੁੱਸੇ ਅਤੇ ਭੁੱਖ ਦਾ ਕੇਂਦਰ ਦਿਮਾਗ਼ ਵਿੱਚ ਨੇੜੇ-ਨੇੜੇ ਹੈ। ਜਦੋਂ ਇੱਕ ਪ੍ਰਭਾਵਿਤ ਹੁੰਦਾ ਹੈ, ਤਾਂ ਦੂਜਾ ਆਪਣੇ ਆਪ ਸਰਗਰਮ ਹੋ ਜਾਂਦਾ ਹੈ।"
ਬੈਂਕਿੰਗ ਪ੍ਰੋਫੈਸ਼ਨਲ ਅਤੇ ਦਿੱਲੀ ਦੀ ਰਹਿਣ ਵਾਲੀ ਪ੍ਰਿਯੰਕਾ ਕਹਿੰਦੀ ਹੈ ਕਿ ਉਹ ''ਸਟ੍ਰੈਸ ਈਟਿੰਗ'' ਕਰਦੀ ਹੈ।
ਉਹ ਆਖਦੀ ਹੈ, "ਜਦੋਂ ਮੈਂ ਤਣਾਅ ਵਿੱਚ ਹੁੰਦੀ ਹਾਂ, ਤਾਂ ਭੋਜਨ ਮੈਨੂੰ ਸਕੂਨ ਦਿੰਦਾ ਹੈ। ਦਫ਼ਤਰ ਵਿੱਚ ਕਈ ਵਾਰ, ਮੈਨੂੰ ਅਹਿਸਾਸ ਹੋਇਆ ਕਿ ਕੰਮ ਜ਼ਿਆਦਾ ਹੋਣ ''ਤੇ ਮੇਰਾ ਜੰਕ ਫੂਡ ਵੱਧ ਜਾਂਦਾ ਹੈ। ਜਿਸ ਕਾਰਨ ਹੁਣ ਮੇਰਾ ਭਾਰ ਬਹੁਤ ਵੱਧ ਰਿਹਾ ਹੈ। ਹੁਣ ਇਸ ਦੇ ਉਲਟ ਮੇਰੀ ਮਾਨਸਿਕ ਸਿਹਤ ''ਤੇ ਅਸਰ ਪੈ ਰਿਹਾ ਹੈ।"
ਮਨੋਵਿਗਿਆਨੀ ਅਰੁਣਾ ਬਰੂਟਾ ਦਾ ਮੰਨਣਾ ਹੈ ਕਿ ਮਨ ਅਤੇ ਸਰੀਰ ਦਾ ਰਿਸ਼ਤਾ ਬਹੁਤ ਜੁੜਿਆ ਹੋਇਆ ਹੈ ਅਤੇ ਜੋ ਵੀ ਇਨ੍ਹਾਂ ਦੋਵਾਂ ਨੂੰ ਜੋੜ ਕੇ ਰੱਖ ਸਕਦਾ ਹੈ ਉਹ ਤੁਹਾਡਾ ਭੋਜਨ ਹੈ।
ਉਹ ਕਹਿੰਦੀ ਹੈ, "ਜਦੋਂ ਤੁਸੀਂ ਲੰਬੇ ਸਮੇਂ ਤੱਕ ਖਾਣਾ ਨਹੀਂ ਖਾਂਦੇ, ਤਾਂ ਤੁਹਾਡਾ ਸ਼ੂਗਰ ਲੈਵਲ ਘੱਟ ਜਾਂਦਾ ਹੈ, ਤੁਹਾਡੀ ਰਚਨਾਤਮਕਤਾ (ਕ੍ਰਿਏਟੀਵਿਟੀ) ਘੱਟਣ ਲੱਗਦੀ ਹੈ, ਤੁਹਾਡੀ ਸੋਚ ਵਿੱਚ ਜ਼ਿਆਦਾ ਗੁੱਸਾ ਅਤੇ ਘਬਰਾਹਟ ਪੈਦਾ ਹੋ ਜਾਂਦੀ ਹੈ।"
"ਸਬਰ ਵੀ ਖ਼ਤਮ ਹੋਣ ਲੱਗਦਾ ਹੈ। ਸਰੀਰ ਵਿੱਚ ਸੋਡੀਅਮ ਦੀ ਮਾਤਰਾ ਦਾ ਸੰਤੁਲਨ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਵਿੱਚ ਸੋਡੀਅਮ ਜ਼ਿਆਦਾ ਹੁੰਦਾ ਹੈ, ਉਹ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੁੰਦੇ ਹਨ, ਉਹ ਜਲਦੀ ਗੁੱਸੇ ਹੋ ਜਾਂਦੇ ਹਨ ਅਤੇ ਜਿਨ੍ਹਾਂ ਲੋਕਾਂ ਦਾ ਸ਼ੂਗਰ ਪੱਧਰ ਘੱਟ ਹੁੰਦਾ ਹੈ, ਉਨ੍ਹਾਂ ਨੂੰ ਵੀ ਜਲਦੀ ਗੁੱਸਾ ਆ ਜਾਂਦਾ ਹੈ।"
ਦਿੱਲੀ ਦੇ ਰਹਿਣ ਵਾਲੇ ਰਵੀਕਾਂਤ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਭੁੱਖਾ ਲੱਗੀ ਹੁੰਦੀ ਹੈ ਤਾਂ ਉਹ ਕੋਈ ਵੀ ਫ਼ੈਸਲਾ ਲੈਣ ਤੋਂ ਬਚਦੇ ਹਨ।
ਉਹ ਕਹਿੰਦੇ ਹਨ, "ਮੈਂ ਉਸ ਸਮੇਂ ਕੋਈ ਵੱਡੇ ਫ਼ੈਸਲੇ ਨਹੀਂ ਲੈਂਦਾ, ਮੈਂ ਮੇਲ ਦਾ ਜਵਾਬ ਨਹੀਂ ਦਿੰਦਾ। ਮੀਟਿੰਗ ''ਤੇ ਜਾਣ ਤੋਂ ਪਹਿਲਾਂ ਵੀ, ਮੈਂ ਖਾਣਾ ਖਾਣ ਦੀ ਕੋਸ਼ਿਸ਼ ਕਰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਭੁੱਖਾ ਰਹਿਣ ਨਾਲ ਮੈਂ ਬਹੁਤ ਚਿੜਚਿੜਾ ਹੋ ਜਾਂਦਾ ਹਾਂ।"
ਡਾ. ਸ਼ਿਖਾ ਸ਼ਰਮਾ ਕਹਿੰਦੀ ਹੈ, "ਜੇਕਰ ਤੁਸੀਂ ਭੁੱਖੇ ਹੋ ਤਾਂ ਇਹ ਬਹੁਤ ਸੰਭਵ ਹੈ ਕਿ ਤੁਸੀਂ ਸਹੀ ਫ਼ੈਸਲੇ ਨਹੀਂ ਲੈ ਸਕੋਗੇ, ਜੋ ਕੰਮ ਕਰ ਰਹੇ ਹੋ ਉਸ ''ਤੇ ਧਿਆਨ ਨਹੀਂ ਲਗਾ ਸਕੋਗੇ, ਤੁਸੀਂ ਕੰਮ ਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਜੋ ਤੁਸੀਂ ਜਲਦੀ ਤੋਂ ਜਲਦੀ ਕੁਝ ਖਾ ਸਕੋ।"
"ਜਦੋਂ ਅਸੀਂ ਭੁੱਖ, ਗੈਸ, ਐਸੀਡਿਟੀ ਦੇ ਸ਼ਿਕਾਰ ਹੋ ਜਾਂਦੇ ਹਾਂ ਜਾਂ ਸ਼ਰਾਬ ਦੇ ਨਸ਼ੇ ਵਿੱਚ ਹੁੰਦੇ ਹਾਂ ਤਾਂ ਸਾਡੀ ਸਮਝਣ ਦੀ ਸਮਰੱਥਾ ਬਹੁਤ ਹਦ ਤੱਕ ਘੱਟ ਹੋ ਜਾਂਦੀ ਹੈ।"
ਕਿਵੇਂ ਰੱਖੀਏ ਖਾਣੇ ਅਤੇ ਸਿਹਤ ਵਿੱਚ ਲੈਅ
ਪੌਸ਼ਟਿਕ ਭੋਜਨ ਖਾਣ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ। ਇਸ ਦੇ ਲਈ ਤੁਹਾਨੂੰ ਜ਼ਿਆਦਾ ਬਦਲਾਅ ਦੀ ਲੋੜ ਨਹੀਂ ਹੈ।
ਪੋਸ਼ਣ ਅਤੇ ਖੁਰਾਕ ਮਾਹਰ ਡਾ. ਸ਼ਿਖਾ ਸ਼ਰਮਾ ਦਾ ਕਹਿਣਾ ਹੈ-
• ਸਰੀਰ ਦੀ ਸਰਕੇਡੀਅਨ ਰਿਦਮ ਨੂੰ ਪਛਾਣੋ ਅਤੇ ਉਸ ਦੇ ਹਿਸਾਬ ਨਾਲ ਖਾਣਾ ਖਾਓ।
• ਦੋ ਮੀਲਾਂ ਵਿਚਕਾਰ ਬਹੁਤ ਜ਼ਿਆਦਾ ਵਿੱਥ ਨਾ ਪਾਓ।
• ਲੋੜੀਂਦਾ ਪਾਣੀ ਪੀਓ।
• ਮੌਸਮ ਅਤੇ ਉਮਰ ਦੇ ਹਿਸਾਬ ਨਾਲ ਭੋਜਨ ਖਾਓ।
• ਕਸਰਤ ਨੂੰ ਇੱਕ ਰੁਟੀਨ ਨਿਯਮ ਬਣਾਓ।
ਇੰਟਰਮੀਡੀਏਟ ਫਾਸਟਿੰਗ ਅਤੇ ਮਾਨਸਿਕ ਸਿਹਤ
ਡਾ. ਸ਼ਿਖਾ ਸ਼ਰਮਾ ਦਾ ਕਹਿਣਾ ਹੈ, "ਸਰੀਰ ਦੀ ਇੱਕ ਸਰਕੇਡੀਅਨ ਲੈਅ ਹੁੰਦੀ ਹੈ, ਜਿਸ ਅਨੁਸਾਰ ਤੁਹਾਡਾ ਸਰੀਰ ਕੰਮ ਕਰਦਾ ਹੈ। ਮਨੁੱਖੀ ਸਰੀਰ ਦਿਨ ਵਿੱਚ ਭੋਜਨ ਨੂੰ ਹਜ਼ਮ ਕਰਦਾ ਹੈ ਅਤੇ ਬਾਕੀ ਦੇ ਸਮੇਂ ਵਿੱਚ ਆਪਣੇ ਆਪ ਨੂੰ ਠੀਕ ਕਰਦਾ ਹੈ।"
"ਸਰੀਰ ਦੀ ਸਰਕੇਡੀਅਨ ਰਿਦਮ ਸੂਰਜ ਦੇ ਅਨੁਸਾਰ ਕੰਮ ਕਰਦੀ ਹੈ। ਸੂਰਜ ਡੁੱਬਣ ਤੋਂ ਬਾਅਦ ਨਾ ਖਾਣਾ ਵੀ ਆਯੁਰਵੇਦ ਵਿੱਚ ਚੰਗਾ ਮੰਨਿਆ ਗਿਆ ਹੈ ਪਰ ਇੱਕ ਉਦਾਹਰਣ ਵਜੋਂ ਮੰਨ ਲਓ ਕਿ ਜੇਕਰ ਸੂਰਜ ਸਵੇਰੇ 5.30 ਵਜੇ ਚੜ੍ਹ ਰਿਹਾ ਹੈ, ਤਾਂ ਤੁਹਾਡੇ ਸਰੀਰ ਦੀ ਸਰਕੇਡੀਅਨ ਰਿਦਮ ਸਵੇਰੇ 8 ਤੋਂ 8.30 ਵਜੇ ਦੇ ਵਿਚਕਾਰ ਸ਼ੁਰੂ ਹੋਵੇਗੀ।"
"ਇਸਦਾ ਸਿਖ਼ਰ ਦੁਪਹਿਰ 12 ਵਜੇ ਆਵੇਗਾ ਅਤੇ ਇਹ ਸ਼ਾਮ 6 ਵਜੇ ਤੋਂ ਬਾਅਦ ਘੱਟ ਜਾਵੇਗਾ। ਅੱਜ ਕੱਲ੍ਹ ਲੋਕ ਬਿਨਾਂ ਸਰੀਰ ਅਤੇ ਭੋਜਨ ਦੇ ਪਿੱਛੇ ਵਿਗਿਆਨ ਨੂੰ ਸਮਝੇ 2 ਵਜੇ ਤੱਕ ਨਹੀਂ ਖਾਂਦੇ। ਅਜਿਹਾ ਕਰਕੇ ਤੁਸੀਂ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੇ ਹੋ।"
"ਜ਼ਿਆਦਾ ਦੇਰ ਤੱਕ ਨਾ ਖਾਣ ਨਾਲ, ਐਸਿਡ ਤੁਹਾਡੇ ਪੇਟ ਦੀ ਲਾਈਨਿੰਗ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੀ ਹੈ। ਗੈਸ ਦੀ ਸਮੱਸਿਆ ਹੋ ਸਕਦੀ ਹੈ, ਤੁਸੀਂ ਚਿੜਚਿੜੇ ਹੋ ਸਕਦੇ ਹੋ। ਤੁਹਾਨੂੰ ਧਿਆਨ ਲਗਾਉਣ ਵਿੱਚ ਮੁਸ਼ਕਲ ਹੋ ਸਕਦੀ ਹੈ। ਮੈਂ ਕਹਾਂਗੀ ਕਿ ਭਾਵੇਂ ਤੁਸੀਂ ਇੰਟਰਮੀਡੀਏਟ ਫਾਸਟਿੰਗ ਵੀ ਕਰ ਰਹੇ ਹੋ ਤਾਂ ਸਵੇਰੇ 11-11:30 ਵਜੇ ਤੱਕ ਕੁਝ ਖਾ ਲਓ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਆਈਸੀਸੀ ਵਿਸ਼ਵ ਕੱਪ 2023: ਕਿਵੇਂ ਮਿਲਣਗੀਆਂ ਟਿਕਟਾਂ, ਕਿੱਥੇ ਦੇਖੀਏ ਮੈਚ ਤੇ ਕਦੋਂ ਹੈ ਭਾਰਤ-ਪਾਕਿਸਤਾਨ...
NEXT STORY