ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਡੇਕਵਾਲਾ ਦੇ ਵਾਸੀ ਚਰਨ ਸਿੰਘ ਦੂਜੀ ਵਿਸ਼ਵ ਜੰਗ ਦੀਆਂ ਕਈ ਯਾਦਾਂ ਨੂੰ ਫ਼ੋਟੋਆਂ ਦੇ ਰੂਪ ਵਿੱਚ ਅੱਜ ਸਾਂਭੀ ਬੈਠੇ ਹੈ।
ਦੂਜੀ ਵਿਸ਼ਵ ਜੰਗ 1939 ਤੋਂ 1945 ਦਰਮਿਆਨ ਲੜੀ ਗਈ ਸੀ ਅਤੇ ਰੌਇਲ ਬ੍ਰਿਟਿਸ਼ ਇੰਡੀਅਨ ਆਰਮੀ ਦੇ ਸੈਨਿਕ ਵਜੋਂ ਚਰਨ ਸਿੰਘ ਆਪਣੀ ਸਿੰਗਾਪੁਰ ਵਿੱਚ ਤੈਨਾਤੀ ਮੌਕੇ ਇਸ ਦਾ ਹਿੱਸਾ ਬਣ ਗਏ ਸਨ।
1924 ਵਿੱਚ ਜਨਮੇਂ ਚਰਨ ਸਿੰਘ ਸਿਹਤ ਪੱਖੋਂ ਭਾਵੇਂ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ ਪਰ ਸਿੰਗਾਪੁਰ ਵਿੱਚ ਬਿਤਾਏ ਦਿਨ ਉਨ੍ਹਾਂ ਨੂੰ ਹਾਲੇ ਵੀ ਯਾਦ ਹਨ।
ਚਰਨ ਸਿੰਘ ਦੱਸਦੇ ਹਨ ਕਿ 18 ਸਾਲ ਦੀ ਉਮਰ ਵਿੱਚ ਉਹ ਰੌਇਲ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋਏ ਸਨ।
ਟਰੇਨਿੰਗ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਮਲਾਇਆ (ਹੁਣ ਮਲੇਸ਼ੀਆ) ਅਤੇ ਫ਼ਿਰ ਸਿੰਗਾਪੁਰ ਦੇ ਕ੍ਰਾਂਜੀ ਸ਼ਹਿਰ ਵਿੱਚ ਤੈਨਾਤ ਕਰ ਦਿੱਤਾ ਗਿਆ।
ਚਰਨ ਸਿੰਘ ਦਾ ਕੰਮ ਫ਼ੌਜ ਤੱਕ ਰਾਸ਼ਨ ਸਪਲਾਈ ਕਰਨ ਦਾ ਸੀ ਅਤੇ ਉਹ ਉਥੇ 1945 ਤੋਂ 1947 ਤੱਕ ਰਹੇ।
ਫ਼ੋਟੋਗਰਾਫੀ ਦਾ ਸ਼ੌਕ
ਉਮਰ ਦੇ 99 ਸਾਲ ਪੂਰੇ ਕਰ ਚੁੱਕੇ ਚਰਨ ਸਿੰਘ ਦੱਸਦੇ ਹਨ ਕਿ ਸਿੰਗਾਪੁਰ ਵਿੱਚ ਉਹ ਸਮੁੰਦਰੀ ਜਹਾਜ਼ ਰਾਹੀਂ ਪਹੁੰਚੇ ਸਨ।
ਇਹ ਉਹ ਸਮਾਂ ਸੀ ਜਦੋਂ ਭਾਰਤ, ਬਰਤਾਨੀਆ ਦੇ ਅਧੀਨ ਸੀ ਅਤੇ ਚਰਨ ਸਿੰਘ ਬਰਤਾਨਵੀ ਦੀ ਫ਼ੌਜ ਵੱਲੋਂ ਜਾਪਾਨ ਨਾਲ ਲੜਾਈ ਲਈ ਸਿੰਗਾਪੁਰ ਗਏ ਸਨ।
ਚਰਨ ਸਿੰਘ ਦੱਸਦੇ ਹਨ ਕਿ ਸਿੰਗਾਪੁਰ ਵਿੱਚ ਤੈਨਾਤੀ ਦੌਰਾਨ ਹੀ ਉਨ੍ਹਾਂ ਨੇ ਇੱਕ ਕੈਮਰਾ ਖ਼ਰੀਦਿਆਂ ਸੀ। ਅਤੇ ਇਸ ਕੈਮਰੇ ਦੀ ਮਦਦ ਨਾਲ ਉਨ੍ਹਾਂ ਦੂਜੀ ਵਿਸ਼ਵ ਜੰਗ ਦੀਆਂ ਕੁਝ ਯਾਦਾਂ ਨੂੰ ਕੈਦ ਕਰ ਲਿਆ ਸੀ।
ਇਹ ਤਸਵੀਰਾਂ ਹੁਣ ਵੀ ਚਰਨ ਸਿੰਘ ਦੇ ਕੋਲ ਸਾਂਭੀਆਂ ਹੋਈਆ ਹਨ।
ਚਰਨ ਸਿੰਘ ਦੀਆਂ ਕੁਝ ਤਸਵੀਰਾਂ ਵਿੱਚ ਜਾਪਾਨ ਦੇ ਜੰਗੀ ਕੈਦੀਆਂ ਨੂੰ ਕੰਮ ਕਰਦਿਆਂ ਦੇਖਿਆ ਜਾ ਸਕਦਾ ਹੈ।
ਇਹ ਉਹ ਫ਼ੌਜੀ ਹਨ ਜਿਨ੍ਹਾਂ ਨੇ ਉਸ ਸਮੇਂ ਅੰਗਰੇਜ਼ ਫ਼ੌਜ ’ਚ ਜਪਾਨੀ ਫ਼ੌਜੀਆਂ ਨੂੰ ਕੈਦ ਵੀ ਕੀਤਾ ਸੀ।
ਇਸ ਤੋਂ ਇਲਾਵਾ ਚਰਨ ਸਿੰਘ ਨੇ ਉਨ੍ਹਾਂ ਦੇ ਸਮੇਂ ਦੇ ਫੌਜੀ ਸਾਥੀਆਂ ਅਤੇ ਸਿੰਗਾਪੁਰ ਦੇ ਕਲੱਬਾਂ ਦੀਆਂ ਕੁਝ ਤਸਵੀਰਾਂ ਨੂੰ ਸੰਭਾਲੀਆਂ ਹੋਈਆਂ ਹਨ।
ਚਰਨ ਸਿੰਘ ਮੁਤਾਬਕ ਉਨ੍ਹਾਂ ਦੀ ਯੂਨਿਟ ਵਿੱਚ ਉਹ ਇਕੱਲੇ ਹੀ ਸਨ, ਜਿਨ੍ਹਾਂ ਕੋਲ ਉਸ ਸਮੇਂ ਕੈਮਰਾ ਸੀ ਅਤੇ ਫ਼ੌਜੀ ਅਕਸਰ ਉਨ੍ਹਾਂ ਤੋਂ ਫ਼ੋਟੋਆਂ ਖਿਚਵਾਉਣ ਲਈ ਆਉਂਦੇ ਸਨ।
ਜੋ ਤਸਵੀਰਾਂ ਚਰਨ ਸਿੰਘ ਦੇ ਕੋਲ ਇਸ ਵਕਤ ਹਨ, ਉਨ੍ਹਾਂ ਦੇ ਪਿੱਛੇ ਤਾਰੀਖ਼, ਸਥਾਨ ਅਤੇ ਤਸਵੀਰ ਨਾਲ ਜੁੜੇ ਕਿੱਸੇ ਲਿਖੇ ਹੋਏ ਹਨ।
ਇਹ ਤਸਵੀਰਾਂ ਪਿਛਲੀਆਂ ਲਿਖਤਾਂ ਉਨ੍ਹਾਂ ਨੂੰ ਉਸ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੰਦੀਆਂ ਹਨ।
ਚਰਨ ਸਿੰਘ ਕੋਲ ਇੱਕ ਤਸਵੀਰ ਅਜਿਹੀ ਹੈ ਜਿਸ ਵਿੱਚ ਭਾਰਤੀ ਫ਼ੌਜੀ ਵਰਦੀ ਪਹਿਨੀ ਬੰਦੂਕਾਂ ਨਾਲ ਖੜੇ ਹਨ।
ਜਿਨ੍ਹਾਂ ਦੀ ਡਿਊਟੀ ਆਰਮੀ ਛਾਉਣੀ ਦੇ ਗੇਟ ਉੱਤੇ ਹੁੰਦੀ ਸੀ।
ਚਰਨ ਸਿੰਘ ਨੇ ਦੂਜੀ ਵਿਸ਼ਵ ਜੰਗ ਦੌਰਾਨ ਸਿੰਘਾਪੁਰ ਦੇ ਥੀਏਟਰਾਂ ਅਤੇ ਪਾਰਕਾਂ ਦੀਆਂ ਤਸਵੀਰਾਂ ਨੂੰ ਵੀ ਆਪਣੇ ਕੈਮਰੇ ਵਿੱਚ ਕੈਦ ਕੀਤਾਾ।
ਚਰਨ ਸਿੰਘ ਦੱਸਦੇ ਹਨ ਕਿ ਸਿੰਘਾਪੁਰ ਵਿੱਚ ਉਨ੍ਹਾਂ ਨੂੰ ਜੰਗ ਦੇ ਮੋਰਚੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਦੀ ਡਿਊਟੀ ਫ਼ੌਜ ਨੂੰ ਰਾਸ਼ਨ ਸਪਲਾਈ ਕਰਨ ਵਾਲੀ ਯੂਨਿਟ ਵਿੱਚ ਸੀ।
ਇਸ ਕਰਕੇ ਉਹ ਆਪਣੇ ਖ਼ਾਲੀ ਸਮੇਂ ਵਿੱਚ ਤਸਵੀਰਾਂ ਖਿੱਚ ਕੇ ਇਤਿਹਾਸ ਨੂੰ ਇਕੱਤਰ ਕਰਨ ਦਾ ਕੰਮ ਕਰਦੇ ਸਨ।
ਕੈਮਰੇ ਦਾ ਸਾਥ ਛੁੱਟਣ ਦਾ ਗ਼ਮ
ਚਰਨ ਸਿੰਘ ਦੱਸਦੇ ਹਨ ਕਿ ਸਿੰਗਾਪੁਰ ਵਿੱਚ ਖ਼ਰੀਦੇ ਕੈਮਰੇ ਨਾਲ ਉਨ੍ਹਾਂ ਦਾ ਬਹੁਤ ਮੋਹ ਸੀ ਇਸ ਨਾਲ ਉਨ੍ਹਾਂ ਨੇ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ।
ਪਰ ਉਨ੍ਹਾਂ ਦਾ ਇਸ ਕੈਮਰੇ ਤੋਂ ਸਾਥ ਛੁੱਟ ਗਿਆ। ਉਹ ਇਸ ਨਾਲ ਜੁੜਿਆ ਇੱਕ ਕਿੱਸਾ ਸੁਣਾਉਂਦੇ ਹਨ।
ਚਰਨ ਸਿੰਘ ਦੱਸਦੇ ਹਨ ਕਿ, “ਫ਼ੌਜ ਵਿੱਚ ਨੌਕਰੀ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਪਰਿਵਾਰਕ ਤਸਵੀਰਾਂ ਲਈ ਕੈਮਰਾ ਮੰਗ ਕੇ ਲੈ ਗਿਆ ਪਰ ਉਸ ਤੋਂ ਬਾਅਦ ਉਸ ਨੇ ਕਦੀ ਕੈਮਰਾ ਵਾਪਸ ਕਰਨ ਦਾ ਨਾਂ ਹੀ ਨਹੀਂ ਲਿਆ।”
ਉਹ ਦੱਸਦੇ ਹਨ ਕਿ ਕਈ ਵਾਰ ਉਨ੍ਹਾਂ ਨੇ ਕੈਮਰਾ ਵਾਪਸ ਮੰਗਿਆ ਵੀ ਪਰ ਸਾਥੀ ਨੇ ਉਹ ਵਾਪਸ ਨਹੀਂ ਕੀਤਾ।
ਚਰਨ ਸਿੰਘ ਨੂੰ ਦਾਰਾ ਸਿੰਘ ਦੀਆਂ ਕੁਸ਼ਤੀਆਂ ਦੇਖਣ ਦਾ ਸ਼ੌਕ ਸੀ ਜਿਸ ਲਈ ਉਹ ਸਿੰਗਾਪੁਰ ਜਾਂਦੇ ਸਨ।
ਉਨ੍ਹਾਂ ਦੱਸਿਆ, “ਸਿੰਗਾਪੁਰ ਵਿੱਚ ‘ਹੈਪੀ ਵਰਲਡ’ ਨਾ ਦਾ ਇੱਕ ਕਲੱਬ ਹੁੰਦਾ ਸੀ, ਜਿੱਥੇ ਦਾਰਾ ਸਿੰਘ ਅਕਸਰ ਵਿਦੇਸ਼ੀ ਪਹਿਲਵਾਨਾਂ ਨਾਲ ਕੁਸ਼ਤੀ ਲੜਦੇ ਸਨ।”
“ਇਨ੍ਹਾਂ ਕਲੱਬਾਂ ਵਿੱਚ ਜਾਣ ਲਈ ਬਕਾਇਦਾ ਟਿਕਟ ਹੁੰਦੀ ਸੀ ਪਰ ਦਾਰਾ ਸਿੰਘ ਭਾਰਤੀ ਫੌਜੀਆਂ ਨੂੰ ਕੁਸ਼ਤੀ ਦੇਖਣ ਲਈ ਹਰ ਵਾਰ ਪੰਜ ਟਿਕਟਾਂ ਮੁਫ਼ਤ ਦਿੰਦੇ ਸਨ।
ਚਰਨ ਸਿੰਘ ਨੇ ਦੱਸਿਆ ਕਿ, “ਟਿਕਟਾਂ ਬਦਲੇ ਅਸੀਂ ਵੀ ਦਾਰਾ ਸਿੰਘ ਨੂੰ ਰਾਸ਼ਨ ਦਿੰਦੇ ਸੀ।”
ਭਾਰਤ-ਪਾਕਿਸਤਾਨ ਵੰਡ ਦੀਆਂ ਯਾਦਾਂ
ਚਰਨ ਸਿੰਘ ਦੱਸਦੇ ਹਨ ਕਿ 1947 ਵਿੱਚ ਉਹ ਸਿੰਗਾਪੁਰ ਤੋਂ ਵਾਪਸ ਆ ਗਏ ਅਤੇ ਉਨ੍ਹਾਂ ਦੀ ਪੋਸਟਿੰਗ ਲਾਹੌਰ ਹੋ ਗਈ।
ਇੱਥੇ ਹੀ ਚਰਨ ਸਿੰਘ ਦਾ ਵਿਆਹ ਹੋਇਆ ਸੀ। ਉਹ ਦੱਸਦੇ ਹਨ ਸਿੰਗਾਪੁਰ ਤੋਂ ਵਾਪਸੀ ਤੋਂ ਬਾਅਦ ਕੁਝ ਹੀ ਸਮਾਂ ਹੋਇਆ ਸੀ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ ਅਤੇ ਉਨ੍ਹਾਂ ਨੂੰ ਫਿਰੋਜ਼ਪੁਰ ਆਉਣਾ ਪਿਆ।
ਪਾਕਿਸਤਾਨ ਤੋਂ ਰਵਾਨਾ ਹੋਣ ਸਮੇਂ ਉਨ੍ਹਾਂ ਕੋਲ ਫ਼ੌਜ ਦੀ ਰਾਈਫ਼ਲ ਸੀ ਅਤੇ ਫ਼ੌਜੀ ਗੱਡੀਆਂ ਵਿੱਚ ਸਵਾਰ ਹੋ ਕੇ ਉਹ ਫ਼ਿਰੋਜ਼ਪੁਰ ਆਏ ਸਨ।
ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਤੋਂ ਰਾਈਫ਼ਲ ਦੀ ਮੰਗ ਕੀਤੀ ਤਾਂ ਜੋ ਹਿੰਸਾ ਵਿੱਚ ਫ਼ਸੇ ਲੋਕਾਂ ਨੂੰ ਬਚਾਇਆ ਜਾ ਸਕੇ ਪਰ ਸਰਕਾਰੀ ਅਸਲਾ ਹੋਣ ਕਾਰਨ ਉਹ ਨਹੀਂ ਦੇ ਸਕੇ।
ਫ਼ਿਰ ਵੀ ਉਹ ਮਦਦ ਤੋਂ ਪਿੱਛੇ ਨਹੀਂ ਹਟੇ ਅਤੇ ਉਨ੍ਹਾਂ ਨੇ ਕਈ ਪਰਿਵਾਰਾਂ ਨੂੰ ਫ਼ੌਜੀ ਗੱਡੀਆਂ ਰਾਹੀਂ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚੋਂ ਕੱਢਣ ਵਿੱਚ ਮਦਦ ਕੀਤੀ।
ਚਰਨ ਸਿੰਘ ਦੇ ਬੇਟੇ ਹਰਿੰਦਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਉਮਰ ਜ਼ਿਆਦਾ ਹੋਣ ਕਰਕੇ ਉਹ ਹੁਣ ਘਰ ਤੋਂ ਬਾਹਰ ਨਹੀਂ ਜਾਂਦੇ।
ਪਰ ਹਾਲੇ ਵੀ ਉਹ ਪੂਰੀ ਤਰਾਂ ਚੁਸਤ-ਫ਼ਿਰਤ ਹਨ ਅਤੇ ਆਪਣੇ ਰੋਜ਼ ਦੇ ਕੰਮ ਖ਼ੁਦ ਕਰਨ ਨੂੰ ਤਰਜ਼ੀਹ ਹਦਿੰਦੇ ਹਨ।
ਅਗਲੇ ਸਾਲ ਸਤੰਬਰ ਮਹੀਨੇ ਵਿੱਚ ਚਰਨ ਸਿੰਘ 100 ਸਾਲ ਦੇ ਹੋ ਜਾਣਗੇ ਅਤੇ ਪਰਿਵਾਰ ਇਸ ਨੂੰ ਵੱਡੇ ਸਮਾਗਮ ਵਜੋਂ ਮਨਾਉਣ ਦੀ ਤਿਆਰੀ ਵੀ ਕਰ ਰਿਹਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪੰਜਾਬ ਪੁਲਿਸ: ਥਾਣੇਦਾਰ ਬਣੇ ਪਿਓ-ਧੀ ਦੋਵੇਂ ਜਦੋਂ ਇੱਕ-ਦੂਜੇ ਨੂੰ ਸੈਲਿਊਟ ਮਾਰਦੇ ਹਨ
NEXT STORY